ਵਧਦੀ ਗਰਮੀ ਨਾਲ਼ ਵੱਧ ਸਕਦੈ ਖ਼ੁਦਕੁਸ਼ੀਆਂ ਦਾ ਖ਼ਤਰਾ

ਆਮ-ਖਾਸ

ਨਵੀਂ ਖੋਜ ਦਾ ਦਾਅਵਾ

ਦਯਾਨਿਧੀ
ਜਲਵਾਯੂ ਤਬਦੀਲੀ ਨੂੰ ਹੁਣ ਤੱਕ ਮੁੱਖ ਤੌਰ `ਤੇ ਵਾਤਾਵਰਨ ਦੀ ਸਮੱਸਿਆ ਮੰਨਿਆ ਜਾਂਦਾ ਰਿਹਾ ਹੈ; ਪਰ ਹੁਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਸਿਰਫ਼ ਮੌਸਮ ਜਾਂ ਸਰੀਰਕ ਸਿਹਤ ਤੱਕ ਸੀਮਤ ਨਹੀਂ, ਸਗੋਂ ਮਨੁੱਖ ਦੀ ਮਾਨਸਿਕ ਸਿਹਤ `ਤੇ ਵੀ ਪੈ ਰਿਹਾ ਹੈ। ਇੱਕ ਨਵੀਂ ਅੰਤਰਰਾਸ਼ਟਰੀ ਖੋਜ ਵਿੱਚ ਚਿੰਤਾ ਜਤਾਈ ਗਈ ਹੈ ਕਿ ਵਧਦਾ ਤਾਪਮਾਨ ਆਉਣ ਵਾਲੇ ਸਾਲਾਂ ਵਿੱਚ ਮਾਨਸਿਕ ਤਣਾਅ ਵਧਾ ਸਕਦਾ ਹੈ ਅਤੇ ਇਸ ਕਾਰਨ ਖੁਦਕੁਸ਼ੀ ਦੇ ਖ਼ਤਰੇ ਵਿੱਚ ਵੀ ਵਾਧਾ ਹੋ ਸਕਦਾ ਹੈ।

ਇਹ ਖੋਜ ਜਾਪਾਨ ਦੀ ਟੋਕੀਓ ਯੂਨੀਵਰਸਿਟੀ ਸਮੇਤ ਕਈ ਦੇਸ਼ਾਂ ਦੇ ਵਿਗਿਆਨੀਆਂ ਨੇ ਕੀਤੀ ਹੈ। ਇਸ ਦੇ ਨਤੀਜੇ ਪ੍ਰਸਿੱਧ ਵਿਗਿਆਨਕ ਰਸਾਲੇ ‘ਨੇਚਰ ਮੈਂਟਲ ਹੈਲਥ` ਵਿੱਚ ਪ੍ਰਕਾਸ਼ਿਤ ਹੋਏ ਹਨ। ਖੋਜ ਲਈ 26 ਦੇਸ਼ਾਂ ਦੇ 751 ਇਲਾਕਿਆਂ ਦੇ ਅੰਕੜਿਆਂ ਦਾ ਅਧਿਐਨ ਕੀਤਾ ਗਿਆ। ਵਿਗਿਆਨੀਆਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜੇ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਰਿਹਾ ਤਾਂ 2050 ਤੱਕ ਇਸ ਦਾ ਲੋਕਾਂ ਦੀ ਮਾਨਸਿਕ ਸਿਹਤ `ਤੇ ਕੀ ਅਸਰ ਪੈ ਸਕਦਾ ਹੈ।
ਪਿਛਲੀਆਂ ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਬਹੁਤ ਜ਼ਿਆਦਾ ਗਰਮੀ ਮਨੁੱਖ ਦੇ ਸੁਭਾਅ ਅਤੇ ਮਾਨਸਿਕ ਹਾਲਤ ਨੂੰ ਪ੍ਰਭਾਵਿਤ ਕਰਦੀ ਹੈ। ਗਰਮੀ ਕਾਰਨ ਚਿੜਚਿੜਾਪਣ, ਬੇਚੈਨੀ, ਨੀਂਦ ਦੀ ਕਮੀ ਅਤੇ ਮਾਨਸਿਕ ਤਣਾਅ ਵਧ ਸਕਦਾ ਹੈ। ਨਵੀਂ ਖੋਜ ਵੀ ਇਸੇ ਪਾਸੇ ਇਸ਼ਾਰਾ ਕਰਦੀ ਹੈ ਕਿ ਜਿਵੇਂ-ਜਿਵੇਂ ਤਾਪਮਾਨ ਵਧੇਗਾ, ਕੁਝ ਖੇਤਰਾਂ ਵਿੱਚ ਖੁਦਕੁਸ਼ੀਆਂ ਨਾਲ ਜੁੜੇ ਖ਼ਤਰੇ ਵੀ ਵਧ ਸਕਦੇ ਹਨ।
ਹਾਲਾਂਕਿ ਵਿਗਿਆਨੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਿਰਫ਼ ਗਰਮੀ ਹੀ ਖੁਦਕੁਸ਼ੀ ਦਾ ਸਿੱਧਾ ਕਾਰਨ ਨਹੀਂ ਬਣਦੀ। ਖੁਦਕੁਸ਼ੀ ਇੱਕ ਬਹੁਤ ਗੁੰਝਲਦਾਰ ਸਮਾਜਿਕ ਅਤੇ ਮਾਨਸਿਕ ਸਮੱਸਿਆ ਹੈ। ਇਸ ਵਿੱਚ ਵਿਅਕਤੀ ਦੀ ਮਾਨਸਿਕ ਹਾਲਤ, ਪਰਿਵਾਰਕ ਸਥਿਤੀ, ਆਰਥਿਕ ਦਬਾਅ ਅਤੇ ਸਮਾਜਿਕ ਹਾਲਾਤ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਫਿਰ ਵੀ ਵਧਦੀ ਗਰਮੀ ਕਈ ਲੋਕਾਂ ਵਿੱਚ ਤਣਾਅ ਅਤੇ ਮਾਨਸਿਕ ਦਬਾਅ ਨੂੰ ਹੋਰ ਵਧਾ ਸਕਦੀ ਹੈ।
ਖੋਜਕਰਤਾਵਾਂ ਲਈ ਸਭ ਤੋਂ ਵੱਡੀ ਮੁਸ਼ਕਲ ਖੁਦਕੁਸ਼ੀਆਂ ਨਾਲ ਸਬੰਧਤ ਭਰੋਸੇਯੋਗ ਅੰਕੜੇ ਇਕੱਠੇ ਕਰਨਾ ਸੀ। ਦੁਨੀਆ ਦੇ ਕਈ ਦੇਸ਼ਾਂ ਵਿੱਚ ਅਜਿਹੀਆਂ ਘਟਨਾਵਾਂ ਦਾ ਪੂਰਾ ਰਿਕਾਰਡ ਹੀ ਮੌਜੂਦ ਨਹੀਂ ਹੈ। ਖ਼ਾਸ ਕਰਕੇ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਕਈ ਮਾਮਲੇ ਦਰਜ ਹੀ ਨਹੀਂ ਹੁੰਦੇ।
ਅਫ਼ਰੀਕਾ ਅਤੇ ਮੱਧ-ਪੂਰਬ ਦੇ ਕਈ ਖੇਤਰ ਇਸ ਅਧਿਐਨ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕੇ, ਕਿਉਂਕਿ ਉੱਥੇ ਲੋੜੀਂਦੇ ਅੰਕੜੇ ਉਪਲਬਧ ਨਹੀਂ ਸਨ। ਕਈ ਪਰਿਵਾਰ ਸਮਾਜਿਕ ਬਦਨਾਮੀ ਦੇ ਡਰ ਕਰਕੇ ਵੀ ਖੁਦਕੁਸ਼ੀ ਦੇ ਅਸਲ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੰਦੇ। ਇਸ ਦੇ ਬਾਵਜੂਦ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਉਪਲਬਧ ਅੰਕੜੇ ਭਵਿੱਖ ਦੇ ਖ਼ਤਰੇ ਨੂੰ ਸਮਝਣ ਲਈ ਮਹੱਤਵਪੂਰਨ ਹਨ।
ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਵਧਦੀ ਗਰਮੀ ਦਾ ਪ੍ਰਭਾਵ ਹਰ ਦੇਸ਼ ਜਾਂ ਖੇਤਰ ਵਿੱਚ ਇੱਕੋ ਜਿਹਾ ਨਹੀਂ ਹੁੰਦਾ। ਕੁਝ ਥਾਵਾਂ `ਤੇ ਤਾਪਮਾਨ ਵਧਣ ਨਾਲ ਖ਼ਤਰਾ ਵੱਧ ਦੇਖਿਆ ਗਿਆ, ਜਦਕਿ ਕੁਝ ਇਲਾਕਿਆਂ ਵਿੱਚ ਇਸ ਦਾ ਅਸਰ ਘੱਟ ਸੀ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਲੋਕਾਂ ਦੀ ਜੀਵਨ-ਸ਼ੈਲੀ, ਗਰਮੀ ਨਾਲ ਤਾਲਮੇਲ ਬਿਠਾਉਣ ਦੀ ਸਮਰੱਥਾ ਅਤੇ ਸਿਹਤ ਸਹੂਲਤਾਂ ਹੋ ਸਕਦੀਆਂ ਹਨ। ਜਿਵੇਂ ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਲੋਕ ਲੰਬੇ ਸਮੇਂ ਤੋਂ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਰਹਿੰਦੇ ਆਏ ਹਨ, ਇਸ ਲਈ ਉਨ੍ਹਾਂ ਵਿੱਚ ਗਰਮੀ ਸਹਿਣ ਦੀ ਸਮਰੱਥਾ ਕੁਝ ਵੱਧ ਹੋ ਸਕਦੀ ਹੈ। ਫਿਰ ਵੀ ਇਸ ਵਿਸ਼ੇ `ਤੇ ਹੋਰ ਖੋਜ ਦੀ ਲੋੜ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਨੂੰ ਹੁਣ ਸਿਰਫ ਵਾਤਾਵਰਨ ਦੀ ਸਮੱਸਿਆ ਸਮਝਣਾ ਕਾਫ਼ੀ ਨਹੀਂ। ਇਸ ਦਾ ਸਿੱਧਾ ਅਸਰ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ `ਤੇ ਪੈ ਸਕਦਾ ਹੈ। ਜਿਵੇਂ ਅਸੀਂ ਗਰਮੀ ਤੋਂ ਬਚਾਅ ਲਈ ਪਾਣੀ, ਛਾਂ ਅਤੇ ਠੰਢੇ ਮਾਹੌਲ ਦੀ ਗੱਲ ਕਰਦੇ ਹਾਂ, ਉਸੇ ਤਰ੍ਹਾਂ ਮਾਨਸਿਕ ਸਿਹਤ ਦੀ ਸੰਭਾਲ ਵੀ ਜ਼ਰੂਰੀ ਬਣਦੀ ਜਾ ਰਹੀ ਹੈ।
ਜਿਹੜੇ ਲੋਕ ਪਹਿਲਾਂ ਹੀ ਉਦਾਸੀ, ਚਿੰਤਾ ਜਾਂ ਹੋਰ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਨ੍ਹਾਂ ਲਈ ਬਹੁਤ ਜ਼ਿਆਦਾ ਗਰਮੀ ਹਾਲਾਤ ਹੋਰ ਮੁਸ਼ਕਲ ਬਣਾ ਸਕਦੀ ਹੈ। ਇਸ ਲਈ ਸਰੀਰ ਦੇ ਨਾਲ ਮਨ ਦੀ ਸਿਹਤ ਦੀ ਸੰਭਾਲ ਵੀ ਓਨੀ ਹੀ ਲਾਜ਼ਮੀ ਹੈ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਜਲਵਾਯੂ ਤਬਦੀਲੀ ਦੇ ਦੌਰ ਵਿੱਚ ਮਾਨਸਿਕ ਸਿਹਤ ਸੇਵਾਵਾਂ ਨੂੰ ਹੋਰ ਮਜਬੂਤ ਬਣਾਉਣ ਦੀ ਲੋੜ ਹੈ। ਗਰਮੀ ਤੋਂ ਵੱਧ ਪ੍ਰਭਾਵਿਤ ਲੋਕਾਂ ਦੀ ਸਮੇਂ ਸਿਰ ਪਛਾਣ, ਭਾਈਚਾਰਕ ਪੱਧਰ `ਤੇ ਸਹਾਇਤਾ, ਮਨੋਵਿਗਿਆਨਕ ਸਲਾਹ ਅਤੇ ਵਧੀਆ ਸਿਹਤ ਸਹੂਲਤਾਂ ਭਵਿੱਖ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ।
ਮਾਹਿਰਾਂ ਨੂੰ ਉਮੀਦ ਹੈ ਕਿ ਅਜਿਹੀਆਂ ਖੋਜਾਂ ਸਰਕਾਰਾਂ ਨੂੰ ਬਿਹਤਰ ਨੀਤੀਆਂ ਬਣਾਉਣ ਵਿੱਚ ਮਦਦ ਕਰਨਗੀਆਂ ਤਾਂ ਜੋ ਜਲਵਾਯੂ ਪਰਿਵਰਤਨ ਕਾਰਨ ਪੈਦਾ ਹੋਣ ਵਾਲੇ ਮਾਨਸਿਕ ਸਿਹਤ ਦੇ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕੇ।
ਇਹ ਅਧਿਐਨ ਸਾਨੂੰ ਇੱਕ ਮਹੱਤਵਪੂਰਨ ਸੰਦੇਸ਼ ਦਿੰਦਾ ਹੈ। ਜਲਵਾਯੂ ਤਬਦੀਲੀ ਦਾ ਅਰਥ ਸਿਰਫ਼ ਵਧਦੀ ਗਰਮੀ, ਹੜ੍ਹ, ਸੋਕਾ ਜਾਂ ਜੰਗਲਾਂ ਦੀਆਂ ਅੱਗਾਂ ਨਹੀਂ ਹੈ। ਇਸ ਦਾ ਅਸਰ ਮਨੁੱਖ ਦੇ ਮਨ ਅਤੇ ਜੀਵਨ ਦੀ ਗੁਣਵੱਤਾ `ਤੇ ਵੀ ਪੈ ਸਕਦਾ ਹੈ। ਇਸ ਲਈ ਵਾਤਾਵਰਨ ਦੀ ਰੱਖਿਆ ਅਤੇ ਮਾਨਸਿਕ ਸਿਹਤ- ਦੋਵਾਂ ਨੂੰ ਇੱਕ-ਦੂਜੇ ਨਾਲ ਜੁੜੇ ਮਸਲੇ ਵਜੋਂ ਦੇਖਣ ਦੀ ਲੋੜ ਹੈ।
ਜੇ ਅਸੀਂ ਸਮੇਂ ਸਿਰ ਜਲਵਾਯੂ ਤਬਦੀਲੀ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਕਦਮ ਚੁੱਕੀਏ ਅਤੇ ਨਾਲ ਹੀ ਮਾਨਸਿਕ ਸਿਹਤ ਸੇਵਾਵਾਂ ਨੂੰ ਮਜਬੂਤ ਕਰੀਏ, ਤਾਂ ਭਵਿੱਖ ਵਿੱਚ ਬਹੁਤ ਸਾਰੇ ਲੋਕਾਂ ਨੂੰ ਗੰਭੀਰ ਮਾਨਸਿਕ ਸੰਕਟਾਂ ਤੋਂ ਬਚਾਇਆ ਜਾ ਸਕਦਾ ਹੈ। ਲੰਮੀ ਅਤੇ ਸਿਹਤਮੰਦ ਜ਼ਿੰਦਗੀ ਲਈ ਸਾਫ਼ ਵਾਤਾਵਰਨ ਅਤੇ ਤੰਦਰੁਸਤ ਮਨ- ਦੋਵੇਂ ਹੀ ਇੱਕੋ ਜਿੰਨੇ ਜ਼ਰੂਰੀ ਹਨ।

Leave a Reply

Your email address will not be published. Required fields are marked *