ਵਰਿੰਦਰ ਜੋਸ਼ੀ
ਮੌਸਮ ਦਾ ਬਦਲਣਾ ਕੁਦਰਤ ਦੀ ਆਮ ਪ੍ਰਕਿਰਿਆ ਹੈ, ਪਰ ਜਦੋਂ ਮੌਸਮ ਆਪਣਾ ਰੁਖ਼ ਅਚਾਨਕ ਅਤੇ ਬਹੁਤ ਤੇਜ਼ੀ ਨਾਲ ਬਦਲਦਾ ਹੈ ਤਾਂ ਇਸ ਦਾ ਅਸਰ ਸਿਰਫ਼ ਤਾਪਮਾਨ, ਮੀਂਹ ਜਾਂ ਹੜ੍ਹਾਂ ਤੱਕ ਸੀਮਤ ਨਹੀਂ ਰਹਿੰਦਾ। ਇਸ ਦੀ ਸਭ ਤੋਂ ਵੱਡੀ ਕੀਮਤ ਉਹ ਲੋਕ ਚੁਕਾਉਂਦੇ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਹਰ ਰੋਜ਼ ਦੀ ਮਿਹਨਤ ਨਾਲ ਜੁੜੀ ਹੁੰਦੀ ਹੈ।
2026-27 ਦੌਰਾਨ ਅਲ ਨੀਨੋ ਦਾ ਸੰਭਾਵਿਤ ਪ੍ਰਭਾਵ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਖੇਤਰ ਲਈ ਅਜਿਹਾ ਹੀ ਖ਼ਤਰਾ ਬਣ ਸਕਦਾ ਹੈ।
ਕੌਮਾਂਤਰੀ ਮਜ਼ਦੂਰ ਸੰਗਠਨ (ਆਈ.ਐਲ.ਓ.) ਨੇ ਚੇਤਾਵਨੀ ਦਿੱਤੀ ਹੈ ਕਿ ਮੀਂਹ ਦੇ ਬਦਲਦੇ ਚੱਕਰ, ਸੋਕਾ, ਹੜ੍ਹ ਅਤੇ ਭਿਆਨਕ ਗਰਮੀ ਖੇਤੀਬਾੜੀ ਤੋਂ ਲੈ ਕੇ ਮੱਛੀ ਪਾਲਣ, ਨਿਰਮਾਣ, ਆਵਾਜਾਈ, ਸੈਰ-ਸਪਾਟਾ ਅਤੇ ਊਰਜਾ ਤੱਕ ਕਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਦਾ ਸਿੱਧਾ ਅਸਰ ਲੱਖਾਂ ਲੋਕਾਂ ਦੇ ਰੋਜ਼ਗਾਰ ਅਤੇ ਆਮਦਨ ’ਤੇ ਪੈ ਸਕਦਾ ਹੈ।
ਇੱਥੇ ਸਭ ਤੋਂ ਵੱਡੀ ਚਿੰਤਾ ਇਹ ਨਹੀਂ ਕਿ ਮੌਸਮ ਕਿੰਨਾ ਬਦਲੇਗਾ। ਵੱਡੀ ਚਿੰਤਾ ਇਹ ਹੈ ਕਿ ਇਸ ਬਦਲਾਅ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਕੋਲ ਆਪਣੇ ਆਪ ਨੂੰ ਸੰਭਾਲਣ ਲਈ ਕਿੰਨੇ ਸਾਧਨ ਹਨ?
ਮੌਸਮ ਦੀ ਮਾਰ ਸਭ ਤੋਂ ਪਹਿਲਾਂ ਮਜ਼ਦੂਰ ’ਤੇ
ਅਲ ਨੀਨੋ ਕੋਈ ਨਵੀਂ ਕੁਦਰਤੀ ਘਟਨਾ ਨਹੀਂ। ਇਹ ਪ੍ਰਸ਼ਾਂਤ ਮਹਾਸਾਗਰ ਦੇ ਪਾਣੀਆਂ ਦੇ ਤਾਪਮਾਨ ਵਿੱਚ ਵੱਡੇ ਬਦਲਾਅ ਨਾਲ ਜੁੜਿਆ ਮੌਸਮੀ ਵਰਤਾਰਾ ਹੈ, ਜਿਸ ਦਾ ਪ੍ਰਭਾਵ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਮੀਂਹ ਅਤੇ ਤਾਪਮਾਨ ਦੇ ਰੁਝਾਨਾਂ ’ਤੇ ਪੈਂਦਾ ਹੈ।
ਇਸ ਵਾਰ ਖ਼ਤਰਾ ਇਸ ਲਈ ਵੱਡਾ ਹੈ, ਕਿਉਂਕਿ ਜਲਵਾਯੂ ਤਬਦੀਲੀ ਪਹਿਲਾਂ ਹੀ ਦੁਨੀਆ ਦੇ ਕਈ ਹਿੱਸਿਆਂ ਵਿੱਚ ਮੌਸਮ ਨੂੰ ਹੋਰ ਅਸਥਿਰ ਬਣਾ ਰਹੀ ਹੈ। ਜਦੋਂ ਇਸ ਦੇ ਨਾਲ ਅਲ ਨੀਨੋ ਵਰਗੀ ਘਟਨਾ ਜੁੜਦੀ ਹੈ ਤਾਂ ਕਈ ਥਾਵਾਂ ’ਤੇ ਪਹਿਲਾਂ ਤੋਂ ਮੌਜੂਦ ਸਮੱਸਿਆਵਾਂ ਹੋਰ ਗੰਭੀਰ ਹੋ ਸਕਦੀਆਂ ਹਨ।
ਕਿਸੇ ਕਿਸਾਨ ਲਈ ਸੋਕਾ ਸਿਰਫ਼ ਘੱਟ ਮੀਂਹ ਨਹੀਂ। ਇਸ ਦਾ ਮਤਲਬ ਹੈ- ਘੱਟ ਫ਼ਸਲ, ਘੱਟ ਆਮਦਨ ਅਤੇ ਅਗਲੇ ਸੀਜ਼ਨ ਲਈ ਕਰਜ਼ੇ ਦਾ ਵਧਦਾ ਬੋਝ। ਕਿਸੇ ਮਛੇਰੇ ਲਈ ਸਮੁੰਦਰੀ ਹਾਲਾਤ ਵਿੱਚ ਬਦਲਾਅ ਦਾ ਮਤਲਬ ਹੈ- ਸਮੁੰਦਰ ਵਿੱਚ ਘੱਟ ਦਿਨ ਅਤੇ ਘੱਟ ਕਮਾਈ। ਨਿਰਮਾਣ ਮਜ਼ਦੂਰ ਲਈ ਭਿਆਨਕ ਗਰਮੀ ਦਾ ਮਤਲਬ ਹੈ- ਕੰਮ ਦੇ ਘੰਟਿਆਂ ਵਿੱਚ ਕਮੀ ਅਤੇ ਸਿਹਤ ਲਈ ਵਧਦਾ ਖ਼ਤਰਾ। ਇਸੇ ਕਰਕੇ ਮੌਸਮੀ ਸੰਕਟ ਨੂੰ ਸਿਰਫ਼ ਵਾਤਾਵਰਣ ਦੀ ਸਮੱਸਿਆ ਸਮਝਣਾ ਅਧੂਰੀ ਸੋਚ ਹੈ। ਇਹ ਰੋਜ਼ਗਾਰ ਦਾ ਵੀ ਸੰਕਟ ਹੈ।
ਕਿਤੇ ਸੋਕਾ, ਕਿਤੇ ਹੜ੍ਹ
ਅਲ ਨੀਨੋ ਦਾ ਪ੍ਰਭਾਵ ਹਰ ਥਾਂ ਇੱਕੋ ਜਿਹਾ ਨਹੀਂ ਹੋਵੇਗਾ। ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਦੇ ਵੱਖਰੇ ਰੂਪ ਸਾਹਮਣੇ ਆ ਸਕਦੇ ਹਨ।
ਮੱਧ ਅਮਰੀਕਾ ਦੇ ਡਰਾਈ ਕੌਰੀਡੋਰ, ਕੈਰੇਬੀਅਨ ਖੇਤਰ ਅਤੇ ਉੱਤਰੀ ਦੱਖਣੀ ਅਮਰੀਕਾ ਵਿੱਚ ਸੋਕਾ, ਪਾਣੀ ਦੀ ਕਮੀ ਅਤੇ ਬਹੁਤ ਜ਼ਿਆਦਾ ਗਰਮੀ ਦਾ ਖ਼ਤਰਾ ਹੈ। ਇਸ ਦੇ ਉਲਟ ਇਕਵਾਡੋਰ ਅਤੇ ਪੇਰੂ ਦੇ ਪ੍ਰਸ਼ਾਂਤ ਤੱਟੀ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਹੜ੍ਹਾਂ ਦੀ ਸੰਭਾਵਨਾ ਹੈ। ਦੱਖਣੀ ਅਮਰੀਕਾ ਦੇ ਦੱਖਣ-ਪੂਰਬੀ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਅਤੇ ਤੇਜ਼ ਤੂਫ਼ਾਨ ਆ ਸਕਦੇ ਹਨ।
ਇਹ ਵੱਖ-ਵੱਖ ਹਾਲਾਤ ਇੱਕੋ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮੌਸਮ ਦਾ ਸੰਕਟ ਇੱਕੋ ਢੰਗ ਨਾਲ ਨਹੀਂ ਆਉਂਦਾ, ਇਸ ਲਈ ਇਸ ਨਾਲ ਸਿੱਝਣ ਦੀ ਤਿਆਰੀ ਵੀ ਇੱਕੋ ਢੰਗ ਨਾਲ ਨਹੀਂ ਹੋ ਸਕਦੀ।
ਜਿੱਥੇ ਸੋਕਾ ਹੋਵੇਗਾ, ਉੱਥੇ ਖੇਤੀ ਅਤੇ ਪਾਣੀ ਨਾਲ ਜੁੜੀਆਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ। ਜਿੱਥੇ ਹੜ੍ਹ ਆਉਣਗੇ ਉੱਥੇ ਸੜਕਾਂ, ਪੁਲਾਂ, ਬਾਜ਼ਾਰਾਂ ਅਤੇ ਕੰਮ ਵਾਲੀਆਂ ਥਾਵਾਂ ਨੂੰ ਨੁਕਸਾਨ ਹੋ ਸਕਦਾ ਹੈ। ਜਿੱਥੇ ਗਰਮੀ ਵਧੇਗੀ, ਉੱਥੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸਿਹਤ ਅਤੇ ਉਤਪਾਦਕਤਾ ਦੋਵੇਂ ਪ੍ਰਭਾਵਿਤ ਹੋਣਗੀਆਂ।
ਗ਼ੈਰ-ਜਥੇਬੰਦ ਮਜ਼ਦੂਰ ਸਭ ਤੋਂ ਕਮਜ਼ੋਰ
ਆਈ.ਐਲ.ਓ. ਦੀ ਚਿੰਤਾ ਦਾ ਸਭ ਤੋਂ ਮਹੱਤਵਪੂਰਨ ਪੱਖ ਖੇਤਰ ਦੇ ਗ਼ੈਰ-ਜਥੇਬੰਦ ਮਜ਼ਦੂਰ ਹਨ। ਦੱਖਣੀ ਅਮਰੀਕਾ ਅਤੇ ਕੈਰੇਬੀਅਨ ਖੇਤਰ ਵਿੱਚ ਲਗਭਗ ਅੱਧੇ ਮਜ਼ਦੂਰ ਗ਼ੈਰ-ਜਥੇਬੰਦ ਅਰਥਚਾਰੇ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚ ਛੋਟੇ ਕਿਸਾਨ, ਦਿਹਾੜੀਦਾਰ, ਸੜਕਾਂ ’ਤੇ ਕੰਮ ਕਰਨ ਵਾਲੇ ਲੋਕ, ਛੋਟੇ ਵਪਾਰੀ, ਮਛੇਰੇ ਅਤੇ ਅਜਿਹੇ ਹੋਰ ਮਜ਼ਦੂਰ ਸ਼ਾਮਲ ਹਨ ਜਿਨ੍ਹਾਂ ਦੀ ਆਮਦਨ ਰੈਗੂਲਰ ਨਹੀਂ ਹੁੰਦੀ ਤੇ ਜਿਨ੍ਹਾਂ ਕੋਲ ਸਮਾਜਿਕ ਸੁਰੱਖਿਆ ਦਾ ਮਜਬੂਤ ਪ੍ਰਬੰਧ ਨਹੀਂ ਹੁੰਦਾ।
ਕਿਸੇ ਪੱਕੀ ਨੌਕਰੀ ਵਾਲੇ ਵਿਅਕਤੀ ਦੀ ਆਮਦਨ ਕੁਝ ਸਮੇਂ ਲਈ ਰੁਕ ਜਾਵੇ ਤਾਂ ਵੀ ਉਸ ਕੋਲ ਕੁਝ ਬੱਚਤ, ਬੀਮਾ ਜਾਂ ਹੋਰ ਸੁਰੱਖਿਆ ਹੋ ਸਕਦੀ ਹੈ; ਪਰ ਦਿਹਾੜੀਦਾਰ ਲਈ ਇੱਕ ਦਿਨ ਕੰਮ ਨਾ ਮਿਲਣ ਦਾ ਮਤਲਬ ਇੱਕ ਦਿਨ ਦੀ ਰੋਟੀ ਦਾ ਖ਼ਤਰਾ ਵੀ ਹੋ ਸਕਦਾ ਹੈ। ਇਸੇ ਲਈ ਮੌਸਮੀ ਆਫ਼ਤਾਂ ਦਾ ਸਭ ਤੋਂ ਵੱਡਾ ਸਮਾਜਿਕ ਬੋਝ ਅਕਸਰ ਗ਼ਰੀਬ ਅਤੇ ਗ਼ੈਰ-ਜਥੇਬੰਦ ਮਜ਼ਦੂਰਾਂ ’ਤੇ ਪੈਂਦਾ ਹੈ।
ਖ਼ਤਰਾ ਸਿਰਫ਼ ਨੌਕਰੀ ਦਾ ਨਹੀਂ
ਮੌਸਮ ਦੀ ਮਾਰ ਨਾਲ ਜਦੋਂ ਉਤਪਾਦਨ ਘਟਦਾ ਹੈ ਤਾਂ ਬਾਜ਼ਾਰ ਵਿੱਚ ਵਸਤਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਖੇਤੀਬਾੜੀ ਪ੍ਰਭਾਵਿਤ ਹੋਵੇ ਤਾਂ ਖਾਣ-ਪੀਣ ਦੀਆਂ ਕੀਮਤਾਂ ਵਧਦੀਆਂ ਹਨ। ਊਰਜਾ ਉਤਪਾਦਨ ਪ੍ਰਭਾਵਿਤ ਹੋਵੇ ਤਾਂ ਬਿਜਲੀ ਅਤੇ ਹੋਰ ਲਾਗਤਾਂ ਵਧ ਸਕਦੀਆਂ ਹਨ। ਇਸ ਤਰ੍ਹਾਂ ਇੱਕ ਮੌਸਮੀ ਘਟਨਾ ਹੌਲੀ-ਹੌਲੀ ਮਹਿੰਗਾਈ ਦਾ ਰੂਪ ਵੀ ਧਾਰ ਸਕਦੀ ਹੈ। ਜਿਸ ਪਰਿਵਾਰ ਦੀ ਆਮਦਨ ਪਹਿਲਾਂ ਹੀ ਘੱਟ ਹੈ, ਉਸ ਲਈ ਮਹਿੰਗਾਈ ਦਾ ਹਰ ਵਾਧਾ ਵੱਡਾ ਹੁੰਦਾ ਹੈ। ਜਦੋਂ ਆਮਦਨ ਘਟੇ ਅਤੇ ਖ਼ਰਚੇ ਵਧਣ ਤਾਂ ਪਰਿਵਾਰਾਂ ਨੂੰ ਆਪਣੀਆਂ ਮੁੱਢਲੀਆਂ ਲੋੜਾਂ ਵਿੱਚ ਵੀ ਕਟੌਤੀ ਕਰਨੀ ਪੈਂਦੀ ਹੈ।
ਇਸ ਦਾ ਇੱਕ ਹੋਰ ਖ਼ਤਰਨਾਕ ਨਤੀਜਾ ਬੱਚਿਆਂ ਦੀ ਪੜ੍ਹਾਈ ’ਤੇ ਪੈ ਸਕਦਾ ਹੈ। ਜੇ ਪਰਿਵਾਰ ਦੀ ਆਮਦਨ ਟੁੱਟਦੀ ਹੈ ਤਾਂ ਕੁਝ ਬੱਚਿਆਂ ਨੂੰ ਸਕੂਲ ਛੱਡ ਕੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਸ ਤਰ੍ਹਾਂ ਇੱਕ ਮੌਸਮੀ ਸੰਕਟ ਇੱਕ ਪੀੜ੍ਹੀ ਦੇ ਭਵਿੱਖ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਕੀ ਇਹ ਸੰਕਟ ਰੋਕਿਆ ਜਾ ਸਕਦਾ ਹੈ?
ਆਈ.ਐਲ.ਓ. ਦੀ ਰਿਪੋਰਟ ਦਾ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਇਹ ਨੁਕਸਾਨ ਪਹਿਲਾਂ ਤੋਂ ਤੈਅ ਨਹੀਂ ਹਨ। ਸਰਕਾਰਾਂ ਸਮੇਂ ਸਿਰ ਕਦਮ ਚੁੱਕਣ ਤਾਂ ਅਸਰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾਂ ਅਜਿਹੀ ਸਮਾਜਿਕ ਸੁਰੱਖਿਆ ਦੀ ਲੋੜ ਹੈ, ਜੋ ਮੌਸਮੀ ਆਫ਼ਤਾਂ ਦੇ ਸਮੇਂ ਸਭ ਤੋਂ ਕਮਜ਼ੋਰ ਲੋਕਾਂ ਤੱਕ ਪਹੁੰਚੇ।
ਇਸ ਦੇ ਨਾਲ ਮੌਸਮ ਦੀ ਪਹਿਲਾਂ ਚੇਤਾਵਨੀ ਦੇਣ ਵਾਲੇ ਸਿਸਟਮ ਮਜਬੂਤ ਕਰਨੇ ਪੈਣਗੇ। ਜੇ ਕਿਸੇ ਇਲਾਕੇ ਵਿੱਚ ਹੜ੍ਹ, ਸੋਕਾ ਜਾਂ ਭਿਆਨਕ ਗਰਮੀ ਆਉਣ ਦੀ ਪਹਿਲਾਂ ਜਾਣਕਾਰੀ ਮਿਲੇ ਤਾਂ ਲੋਕ ਆਪਣੇ ਕੰਮ, ਪਸ਼ੂਆਂ, ਫ਼ਸਲਾਂ ਅਤੇ ਹੋਰ ਸਾਧਨਾਂ ਦੀ ਕੁਝ ਹੱਦ ਤੱਕ ਰਾਖੀ ਕਰ ਸਕਦੇ ਹਨ। ਸੜਕਾਂ, ਪੁਲਾਂ, ਪਾਣੀ ਦੀਆਂ ਯੋਜਨਾਵਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਵੀ ਬਦਲਦੇ ਮੌਸਮ ਦੇ ਅਨੁਕੂਲ ਬਣਾਉਣਾ ਪਵੇਗਾ। ਕੰਮ ਵਾਲੀਆਂ ਥਾਵਾਂ ’ਤੇ ਮਜ਼ਦੂਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੀ ਪਹਿਲ ਦੇਣੀ ਹੋਵੇਗੀ।
ਇਸ ਤੋਂ ਇਲਾਵਾ ਸਰਕਾਰਾਂ, ਉਦਯੋਗਪਤੀਆਂ ਅਤੇ ਮਜ਼ਦੂਰ ਸੰਗਠਨਾਂ ਵਿਚਕਾਰ ਗੱਲਬਾਤ ਜ਼ਰੂਰੀ ਹੈ। ਮੌਸਮੀ ਸੰਕਟ ਦਾ ਹੱਲ ਸਿਰਫ਼ ਸਰਕਾਰੀ ਹੁਕਮਾਂ ਨਾਲ ਨਹੀਂ ਨਿਕਲੇਗਾ। ਇਸ ਲਈ ਉਨ੍ਹਾਂ ਲੋਕਾਂ ਦੀ ਆਵਾਜ਼ ਵੀ ਸੁਣਨੀ ਪਵੇਗੀ, ਜੋ ਸਿੱਧੇ ਤੌਰ ’ਤੇ ਇਸ ਦਾ ਸਾਹਮਣਾ ਕਰਨਗੇ।
ਅਲ ਨੀਨੋ ਤੋਂ ਵੱਡਾ ਸਬਕ
ਅਲ ਨੀਨੋ ਇੱਕ ਕੁਦਰਤੀ ਘਟਨਾ ਹੈ, ਪਰ ਇਸ ਤੋਂ ਪੈਦਾ ਹੋਣ ਵਾਲਾ ਮਨੁੱਖੀ ਸੰਕਟ ਕੁਦਰਤ ਵੱਲੋਂ ਲਿਖਿਆ ਹੋਇਆ ਭਵਿੱਖ ਨਹੀਂ। ਜੇ ਕਿਸੇ ਕਿਸਾਨ ਕੋਲ ਪਾਣੀ ਦੀ ਸਹੂਲਤ ਹੈ, ਕਿਸੇ ਮਜ਼ਦੂਰ ਕੋਲ ਸਮਾਜਿਕ ਸੁਰੱਖਿਆ ਹੈ, ਕਿਸੇ ਸ਼ਹਿਰ ਕੋਲ ਹੜ੍ਹ ਤੋਂ ਬਚਾਅ ਦਾ ਪ੍ਰਬੰਧ ਹੈ ਅਤੇ ਕਿਸੇ ਸਰਕਾਰ ਕੋਲ ਪਹਿਲਾਂ ਚੇਤਾਵਨੀ ਦੇਣ ਵਾਲੀ ਪ੍ਰਣਾਲੀ ਹੈ ਤਾਂ ਕਿਸੇ ਵੀ ਮੌਸਮੀ ਘਟਨਾ ਦਾ ਨੁਕਸਾਨ ਕਾਫ਼ੀ ਘੱਟ ਹੋ ਸਕਦਾ ਹੈ।
ਅਸਲ ਸਵਾਲ ਇਸ ਲਈ ਇਹ ਨਹੀਂ ਕਿ ਅਲ ਨੀਨੋ ਆਵੇਗਾ ਜਾਂ ਨਹੀਂ। ਅਸਲ ਸਵਾਲ ਇਹ ਹੈ ਕਿ ਅਸੀਂ ਉਸ ਦੇ ਆਉਣ ਤੋਂ ਪਹਿਲਾਂ ਕਿੰਨੇ ਤਿਆਰ ਹਾਂ? ਜਲਵਾਯੂ ਤਬਦੀਲੀ ਦੇ ਦੌਰ ਵਿੱਚ ਮੌਸਮ ਹੁਣ ਸਿਰਫ਼ ਕਿਸਾਨ ਦੀ ਚਿੰਤਾ ਨਹੀਂ ਰਿਹਾ। ਇਹ ਮਜ਼ਦੂਰ ਦੀ ਨੌਕਰੀ, ਪਰਿਵਾਰ ਦੀ ਆਮਦਨ, ਬੱਚੇ ਦੀ ਪੜ੍ਹਾਈ, ਖਾਣੇ ਦੀ ਕੀਮਤ ਅਤੇ ਸਮਾਜ ਦੀ ਸੁਰੱਖਿਆ ਨਾਲ ਜੁੜਿਆ ਸਵਾਲ ਬਣ ਚੁੱਕਾ ਹੈ।
ਇਸ ਲਈ ਅਲ ਨੀਨੋ ਦੀ ਚੇਤਾਵਨੀ ਨੂੰ ਸਿਰਫ਼ ਮੌਸਮ ਦੀ ਖ਼ਬਰ ਸਮਝ ਕੇ ਅੱਗੇ ਲੰਘ ਜਾਣਾ ਖ਼ਤਰਨਾਕ ਹੋਵੇਗਾ। ਇਹ ਦਰਅਸਲ ਇੱਕ ਵੱਡਾ ਸਵਾਲ ਪੁੱਛ ਰਹੀ ਹੈ ਕਿ ਜਦੋਂ ਮੌਸਮ ਬਦਲੇਗਾ, ਤਾਂ ਕੀ ਸਾਡੀਆਂ ਨੀਤੀਆਂ ਵੀ ਬਦਲਣ ਲਈ ਤਿਆਰ ਹਨ?
