ਤ੍ਰਿਭਵਨ (ਸੀਨੀਅਰ ਪੱਤਰਕਾਰ)
ਭਾਰਤੀ ਚੋਣਾਂ ਵਿੱਚ ਜ਼ਿਮਨੀ ਚੋਣਾਂ ਆਮ ਤੌਰ ’ਤੇ ਸਰਕਾਰਾਂ ਨਹੀਂ ਬਦਲਦੀਆਂ। ਨਾ ਸਰਕਾਰ ਡਿੱਗਦੀ ਹੈ, ਨਾ ਸੰਸਦ ਦਾ ਗਣਿਤ ਬਦਲਦਾ ਹੈ। ਕਈ ਵਾਰ ਤਾਂ ਅਗਲੇ ਹੀ ਦਿਨ ਉਹ ਖ਼ਬਰਾਂ ਦੇ ਸ਼ੋਰ ਵਿੱਚ ਗੁੰਮ ਹੋ ਜਾਂਦੀਆਂ ਹਨ; ਪਰ ਕੁਝ ਛੋਟੀਆਂ ਚੋਣਾਂ ਸਿਆਸਤ ਦੀ ਧਰਤੀ ਹੇਠਾਂ ਹੋ ਰਹੀ ਹਲਚਲ ਦਾ ਪਹਿਲਾਂ ਹੀ ਸੰਕੇਤ ਦੇ ਦਿੰਦੀਆਂ ਹਨ। ਬਿਹਾਰ ਦੀ ਬਾਂਕੀਪੁਰ, ਮੱਧ ਪ੍ਰਦੇਸ਼ ਦੀ ਦਤੀਆ ਅਤੇ ਗੁਜਰਾਤ ਦੀ ਮਾਂਜਲਪੁਰ ਜ਼ਿਮਨੀ ਚੋਣਾਂ ਦੇ ਨਤੀਜੇ ਅਜਿਹਾ ਹੀ ਸੰਕੇਤ ਦਿੰਦੇ ਹਨ।
ਭਾਜਪਾ ਨੇ ਗੁਜਰਾਤ ਦੀ ਮਾਂਜਲਪੁਰ ਸੀਟ ਬਚਾ ਲਈ, ਪਰ ਬਾਂਕੀਪੁਰ ਅਤੇ ਦਤੀਆ ਵਿੱਚ ਉਸ ਨੂੰ ਝਟਕਾ ਲੱਗਾ। ਬਾਂਕੀਪੁਰ ਦਾ ਨਤੀਜਾ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ। ਇਹ ਸਿਰਫ਼ ਇੱਕ ਸੀਟ ਦੀ ਹਾਰ ਨਹੀਂ, ਸਗੋਂ ਉਸ ‘ਡਬਲ ਇੰਜਣ’ ਦੇ ਆਪਣੇ ਹੀ ਸਿਆਸੀ ਸਟੇਸ਼ਨ ’ਤੇ ਪਟੜੀ ਤੋਂ ਉਤਰਨ ਵਰਗਾ ਹੈ, ਜਿਸ ਦੇ ਇੱਕ ਇੰਜਣ ’ਤੇ ਕੇਂਦਰ ਦੀ ਸੱਤਾ ਅਤੇ ਦੂਜੇ ’ਤੇ ਬਿਹਾਰ ਦੀ ਸੱਤਾ ਲਿਖੀ ਹੋਈ ਹੈ।
ਬਾਂਕੀਪੁਰ ਵਿੱਚ ਜਨ ਸੁਰਾਜ ਦੇ ਆਗੂ ਪ੍ਰਸ਼ਾਂਤ ਕਿਸ਼ੋਰ ਨੂੰ 64,151 ਵੋਟ ਮਿਲੇ। ਉਨ੍ਹਾਂ ਨੇ ਭਾਜਪਾ ਦੇ ਨੀਰਜ ਕੁਮਾਰ ਸਿਨ੍ਹਾ ਨੂੰ 19,324 ਵੋਟਾਂ ਨਾਲ ਹਰਾਇਆ। ਭਾਜਪਾ ਉਮੀਦਵਾਰ ਨੂੰ 44,827 ਵੋਟ ਮਿਲੇ, ਜਦਕਿ ਰਾਸ਼ਟਰੀ ਜਨਤਾ ਦਲ (ਰਾਜਦ) ਦੀ ਰੇਖਾ ਕੁਮਾਰੀ 14,273 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ।
ਇਨ੍ਹਾਂ ਅੰਕੜਿਆਂ ਦੀ ਅਸਲ ਤਸਵੀਰ ਪਿਛਲੀ ਚੋਣ ਨਾਲ ਤੁਲਨਾ ਕਰਨ ’ਤੇ ਸਾਹਮਣੇ ਆਉਂਦੀ ਹੈ। ਨਵੰਬਰ 2025 ਦੀ ਵਿਧਾਨ ਸਭਾ ਚੋਣ ਵਿੱਚ ਭਾਜਪਾ ਦੇ ਮੌਜੂਦਾ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਇਸੇ ਸੀਟ ਤੋਂ 98,299 ਵੋਟ ਲੈ ਕੇ ਲਗਭਗ 63 ਫ਼ੀਸਦੀ ਵੋਟ ਹਾਸਲ ਕੀਤੇ ਸਨ ਅਤੇ 51,936 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਸਨ। ਨੌਂ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਜਿੱਤ 19,324 ਵੋਟਾਂ ਦੀ ਹਾਰ ਵਿੱਚ ਬਦਲ ਗਈ ਅਤੇ ਭਾਜਪਾ ਦਾ ਵੋਟ ਹਿੱਸਾ ਲਗਭਗ 63 ਫ਼ੀਸਦੀ ਤੋਂ ਘਟ ਕੇ 34 ਫ਼ੀਸਦੀ ਰਹਿ ਗਿਆ।
ਸਿਆਸਤ ਵਿੱਚ ਕਈ ਵਾਰ ਹਾਰ ਸਿਰਫ਼ ਸੀਟ ਦੀ ਹੁੰਦੀ ਹੈ, ਕਈ ਵਾਰ ਸਾਖ ਦੀ। ਬਾਂਕੀਪੁਰ ਵਿੱਚ ਭਾਜਪਾ ਨੇ ਦੋਵੇਂ ਗੁਆਏ ਹਨ।
ਤਿੰਨ ਦਹਾਕਿਆਂ ਦਾ ਕਿਲ੍ਹਾ
ਬਾਂਕੀਪੁਰ ਭਾਜਪਾ ਦਾ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦਾ ਮਜਬੂਤ ਗੜ੍ਹ ਰਿਹਾ ਹੈ। ਪੁਰਾਣੇ ਪਟਨਾ ਪੱਛਮੀ ਹਲਕੇ ਤੋਂ ਲੈ ਕੇ ਬਾਂਕੀਪੁਰ ਤੱਕ ਇਸ ਪਰਿਵਾਰ ਦਾ ਸਿਆਸੀ ਦਬਦਬਾ ਰਿਹਾ। ਨਿਤਿਨ ਨਬੀਨ ਦੇ ਪਿਤਾ ਨਵੀਨ ਕਿਸ਼ੋਰ ਪ੍ਰਸਾਦ ਸਿਨ੍ਹਾ ਨੇ ਲਗਾਤਾਰ ਚਾਰ ਚੋਣਾਂ ਜਿੱਤੀਆਂ। ਉਨ੍ਹਾਂ ਦੀ ਮੌਤ ਤੋਂ ਬਾਅਦ 2006 ਦੀ ਜ਼ਿਮਨੀ ਚੋਣ ਵਿੱਚ ਨਿਤਿਨ ਨਬੀਨ ਪਹਿਲੀ ਵਾਰ ਵਿਧਾਇਕ ਬਣੇ ਅਤੇ ਬਾਅਦ ਵਿੱਚ 2010, 2015, 2020 ਤੇ 2025 ਵਿੱਚ ਵੀ ਜਿੱਤਦੇ ਰਹੇ। ਪਿਤਾ ਅਤੇ ਪੁੱਤਰ ਨੇ ਮਿਲ ਕੇ ਨੌਂ ਚੋਣਾਂ ਵਿੱਚ ਇਸ ਖੇਤਰ ’ਤੇ ਆਪਣਾ ਦਬਦਬਾ ਬਣਾਈ ਰੱਖਿਆ।
ਪਰ ਇਸ ਵਾਰ ਕਿਲ੍ਹੇ ਦੀਆਂ ਕੰਧਾਂ ਨਾਲੋਂ ਅੰਦਰਲਾ ਪ੍ਰਬੰਧ ਜ਼ਿਆਦਾ ਕਮਜ਼ੋਰ ਦਿਖਾਈ ਦਿੱਤਾ। ਭਾਜਪਾ ਨੇ ਪਹਿਲਾਂ ਅਭਿਸ਼ੇਕ ਕੁਮਾਰ ਸਿਨ੍ਹਾ ਨੂੰ ਉਮੀਦਵਾਰ ਬਣਾਇਆ। ਉਨ੍ਹਾਂ ਨੇ ਨਾਮਜ਼ਦਗੀ ਵੀ ਭਰੀ ਅਤੇ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ। ਫਿਰ ਅਚਾਨਕ ਉਮੀਦਵਾਰ ਬਦਲ ਦਿੱਤਾ ਗਿਆ। ਇਸ ਤੋਂ ਬਾਅਦ ਮੰਡਲ ਪੱਧਰ ਦੇ ਵਰਕਰ ਨੀਰਜ ਕੁਮਾਰ ਸਿਨ੍ਹਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ।
ਜਿਸ ਸਟੇਸ਼ਨ ਤੋਂ ਭਾਜਪਾ ਦੀ ਗੱਡੀ ਦਹਾਕਿਆਂ ਤੋਂ ਬਿਨਾਂ ਰੁਕੇ ਲੰਘਦੀ ਆ ਰਹੀ ਸੀ, ਉੱਥੇ ਚੋਣ ਤੋਂ ਪਹਿਲਾਂ ਹੀ ਸਿਗਨਲ ਗੜਬੜਾ ਗਿਆ। ਇੰਜਣ ਲਾਇਆ ਗਿਆ, ਫਿਰ ਹਟਾਇਆ ਗਿਆ, ਡਰਾਈਵਰ ਬਦਲਿਆ ਗਿਆ ਅਤੇ ਆਖ਼ਰੀ ਵੇਲੇ ਪਟੜੀ ਬਦਲੀ ਗਈ; ਪਰ ਵੋਟਰ ਇਹ ਸਾਰਾ ਕੁਝ ਦੇਖ ਰਿਹਾ ਸੀ।
ਇਸ ਲਈ ‘ਡਬਲ ਇੰਜਣ’ ਦਾ ਰੂਪਕ ਇੱਥੇ ਹੋਰ ਤਿੱਖਾ ਹੋ ਜਾਂਦਾ ਹੈ। ਕੇਂਦਰ ਵਿੱਚ ਭਾਜਪਾ, ਬਿਹਾਰ ਵਿੱਚ ਭਾਜਪਾ ਦੀ ਸਰਕਾਰ, ਪਾਰਟੀ ਦੇ ਕੌਮੀ ਪ੍ਰਧਾਨ ਦੀ ਪੁਰਾਣੀ ਸੀਟ ਅਤੇ ਸੱਤਾ-ਸੰਗਠਨ ਦਾ ਪੂਰਾ ਤੰਤਰ ਹੋਣ ਦੇ ਬਾਵਜੂਦ ਡਬਲ ਇੰਜਣ ਮੰਜ਼ਿਲ ਤੱਕ ਨਹੀਂ ਪਹੁੰਚ ਸਕਿਆ। ਝਟਕਾ ਕਿਸੇ ਦੂਰਲੇ ਸਟੇਸ਼ਨ ’ਤੇ ਨਹੀਂ, ਆਪਣੇ ਹੀ ਸਿਆਸੀ ਯਾਰਡ ਵਿੱਚ ਲੱਗਾ ਹੈ।
ਪ੍ਰਸ਼ਾਂਤ ਕਿਸ਼ੋਰ ਲਈ ਨਵਾਂ ਮੋੜ
ਇਹ ਨਤੀਜਾ ਪ੍ਰਸ਼ਾਂਤ ਕਿਸ਼ੋਰ ਲਈ ਸਿਰਫ਼ ਵਿਧਾਨ ਸਭਾ ਵਿੱਚ ਦਾਖ਼ਲਾ ਨਹੀਂ। ਇਹ ਉਨ੍ਹਾਂ ਦੀ ਸਿਆਸੀ ਵਾਪਸੀ ਵੀ ਹੈ। ਨਵੰਬਰ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਜਨ ਸੁਰਾਜ ਨੇ 238 ਸੀਟਾਂ ’ਤੇ ਚੋਣ ਲੜੀ ਸੀ, ਪਰ ਇੱਕ ਵੀ ਸੀਟ ਨਹੀਂ ਜਿੱਤ ਸਕਿਆ। ਉਸ ਨੂੰ ਸਿਰਫ਼ 3.44 ਫ਼ੀਸਦੀ ਵੋਟ ਮਿਲੇ ਸਨ। ਉਸ ਤੋਂ ਬਾਅਦ ਇਹ ਧਾਰਨਾ ਬਣੀ ਕਿ ਪ੍ਰਸ਼ਾਂਤ ਕਿਸ਼ੋਰ ਚੋਣ ਰਣਨੀਤੀ ਬਣਾਉਣ ਵਿੱਚ ਮਾਹਿਰ ਹੋ ਸਕਦੇ ਹਨ, ਪਰ ਖ਼ੁਦ ਚੋਣ ਜਿੱਤਣ ਵਾਲੇ ਆਗੂ ਨਹੀਂ। ਬਾਂਕੀਪੁਰ ਨੇ ਇਸ ਧਾਰਨਾ ਨੂੰ ਝਟਕਾ ਦਿੱਤਾ ਹੈ। ਉਨ੍ਹਾਂ ਨੇ ਚੋਣ ਨੂੰ ਜਾਤੀ ਦੇ ਗਣਿਤ ਤੋਂ ਅੱਗੇ ਸਿੱਖਿਆ, ਰੁਜ਼ਗਾਰ, ਪਰਵਾਸ, ਸ਼ਹਿਰੀ ਪ੍ਰਬੰਧ ਅਤੇ ਬਿਹਾਰ ਦੀ ਅਗਵਾਈ ਦੇ ਸਵਾਲਾਂ ਨਾਲ ਜੋੜਿਆ। ਬਾਂਕੀਪੁਰ ਵਿੱਚ ਮੱਧਵਰਗ, ਸਰਕਾਰੀ ਮੁਲਾਜ਼ਮਾਂ, ਪੁਰਾਣੇ ਪਟਨਾ ਦੇ ਇਲਾਕਿਆਂ ਅਤੇ ਰਵਾਇਤੀ ਭਾਜਪਾ ਸਮਰਥਕ ਵਰਗਾਂ ਦੀ ਵੱਡੀ ਮੌਜੂਦਗੀ ਹੈ। ਇੱਥੇ ਜਿੱਤ ਦਾ ਮਤਲਬ ਸਿਰਫ਼ ਵਿਰੋਧੀ ਵੋਟਾਂ ਨੂੰ ਇਕੱਠਾ ਕਰਨਾ ਨਹੀਂ, ਭਾਜਪਾ ਦੇ ਆਪਣੇ ਸੁਰੱਖਿਅਤ ਵੋਟ-ਖੇਤਰ ਵਿੱਚ ਦਾਖ਼ਲ ਹੋਣਾ ਵੀ ਹੈ।
ਰਾਜਦ ਦੇ ਵੋਟਾਂ ਵਿੱਚ ਵੱਡੀ ਕਮੀ ਅਤੇ ਜਨ ਸੁਰਾਜ ਦੇ ਵੋਟਾਂ ਵਿੱਚ ਹੋਇਆ ਵਾਧਾ ਇਹ ਵੀ ਦੱਸਦਾ ਹੈ ਕਿ ਜੇ ਬਿਹਾਰ ਦੀ ਵਿਰੋਧੀ ਧਿਰ ਸਾਂਝੇ ਮੁੱਦਿਆਂ ’ਤੇ ਕੁਝ ਹੱਦ ਤੱਕ ਇਕੱਠੀ ਹੋਵੇ, ਤਾਂ ਭਾਜਪਾ ਲਈ ਚੁਣੌਤੀ ਵਧ ਸਕਦੀ ਹੈ। ਪਰ ਵਿਰੋਧੀ ਧਿਰ ਦੀ ਆਪਣੀ ਵੰਡ ਇਸ ਸੰਭਾਵਨਾ ਨੂੰ ਕਮਜ਼ੋਰ ਕਰਦੀ ਹੈ।
ਨੌਜਵਾਨਾਂ ਦੀ ਨਾਰਾਜ਼ਗੀ ਦਾ ਪਰਛਾਵਾਂ
ਬਾਂਕੀਪੁਰ ਦਾ ਨਤੀਜਾ ਉਸ ਸਮੇਂ ਆਇਆ ਹੈ ਜਦੋਂ ਪੇਪਰ ਲੀਕ, ਭਰਤੀ ਸੰਕਟ, ਬੇਰੁਜ਼ਗਾਰੀ ਅਤੇ ਸਿੱਖਿਆ ਪ੍ਰਬੰਧ ਨੂੰ ਲੈ ਕੇ ਨੌਜਵਾਨਾਂ ਵਿੱਚ ਰੋਸ ਵਧਿਆ ਹੈ। ਜੁਲਾਈ ਮਹੀਨੇ ਦੇ ਨੌਜਵਾਨ ਅੰਦੋਲਨਾਂ ਅਤੇ ਪ੍ਰਦਰਸ਼ਨਾਂ ਨੇ ਸਿੱਖਿਆ ਤੇ ਰੁਜ਼ਗਾਰ ਦੇ ਮੁੱਦਿਆਂ ਨੂੰ ਜਾਤ, ਧਰਮ ਅਤੇ ਖੇਤਰ ਤੋਂ ਉੱਪਰ ਸਾਂਝੇ ਸਵਾਲ ਬਣਾਇਆ।
ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਸ ਅੰਦੋਲਨ ਦੇ ਵੋਟ ਸਿੱਧੇ ਪ੍ਰਸ਼ਾਂਤ ਕਿਸ਼ੋਰ ਨੂੰ ਮਿਲੇ; ਪਰ ਅੰਦੋਲਨ ਕਈ ਵਾਰ ਸਿੱਧੇ ਵੋਟ ਨਹੀਂ ਦਿੰਦੇ, ਉਹ ਸਿਆਸੀ ਭਾਸ਼ਾ ਬਦਲ ਦਿੰਦੇ ਹਨ। ਉਹ ਉਨ੍ਹਾਂ ਸਵਾਲਾਂ ਨੂੰ ਕੇਂਦਰ ਵਿੱਚ ਲਿਆਉਂਦੇ ਹਨ, ਜਿਨ੍ਹਾਂ ਨੂੰ ਸੱਤਾ ਲੰਮੇ ਸਮੇਂ ਤੋਂ ਹੋਰ ਮੁੱਦਿਆਂ ਦੇ ਸ਼ੋਰ ਹੇਠ ਦਬਾਉਂਦੀ ਰਹੀ ਹੋਵੇ।
ਦਤੀਆ ਅਤੇ ਮਾਂਜਲਪੁਰ ਵੀ ਸੰਕੇਤ ਦੇ ਰਹੇ ਹਨ
ਮੱਧ ਪ੍ਰਦੇਸ਼ ਦੀ ਦਤੀਆ ਸੀਟ ’ਤੇ ਕਾਂਗਰਸ ਦੇ ਘਨਸ਼ਿਆਮ ਸਿੰਘ ਨੇ ਭਾਜਪਾ ਦੇ ਆਸ਼ੂਤੋਸ਼ ਤਿਵਾਰੀ ਨੂੰ 6,016 ਵੋਟਾਂ ਨਾਲ ਹਰਾਇਆ। ਦਤੀਆ ਕਾਂਗਰਸ ਦੀ ਸੀਟ ਰਹੀ ਹੈ, ਇਸ ਲਈ ਇਸ ਨੂੰ ਬਾਂਕੀਪੁਰ ਵਰਗਾ ਕਿਲ੍ਹਾ ਡਿੱਗਣਾ ਨਹੀਂ ਕਿਹਾ ਜਾ ਸਕਦਾ; ਪਰ ਭਾਰੀ ਬਹੁਮਤ ਵਾਲੀ ਭਾਜਪਾ ਸਰਕਾਰ ਲਈ ਇਹ ਨਤੀਜਾ ਵੀ ਸਧਾਰਨ ਨਹੀਂ।
ਇੱਥੇ ਛੇ ਵਾਰ ਦੇ ਵਿਧਾਇਕ ਅਤੇ ਸਾਬਕਾ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਟਿਕਟ ਨਾ ਦੇਣ ਨਾਲ ਪਾਰਟੀ ਦੇ ਅੰਦਰ ਨਾਰਾਜ਼ਗੀ ਸਾਹਮਣੇ ਆਈ। ਸਥਾਨਕ ਸੰਗਠਨ ਅਤੇ ਵਰਕਰਾਂ ਦੀ ਨਾਰਾਜ਼ਗੀ ਨੇ ਵੀ ਭਾਜਪਾ ਨੂੰ ਨੁਕਸਾਨ ਪਹੁੰਚਾਇਆ।
ਗੁਜਰਾਤ ਦੀ ਮਾਂਜਲਪੁਰ ਸੀਟ ਭਾਜਪਾ ਨੇ ਜਿੱਤ ਲਈ, ਪਰ ਜਿੱਤ ਦੀ ਚਮਕ ਪਹਿਲਾਂ ਵਰਗੀ ਨਹੀਂ ਰਹੀ। 2022 ਵਿੱਚ ਜਿੱਤ ਦਾ ਫ਼ਰਕ ਇੱਕ ਲੱਖ ਤੋਂ ਵੱਧ ਸੀ, ਜਦਕਿ ਇਸ ਵਾਰ ਇਹ 30,630 ਵੋਟ ਰਹਿ ਗਿਆ। ਵੋਟਿੰਗ ਵੀ ਕਾਫ਼ੀ ਘਟੀ। ਭਾਵ ਇੰਜਣ ਪਟੜੀ ’ਤੇ ਰਿਹਾ, ਪਰ ਉਸ ਦੀ ਰਫ਼ਤਾਰ ਘਟੀ ਹੈ।
ਮਸ਼ੀਨ ਵਿੱਚੋਂ ਆ ਰਹੀ ਆਵਾਜ਼
ਇਨ੍ਹਾਂ ਤਿੰਨ ਜ਼ਿਮਨੀ ਚੋਣਾਂ ਤੋਂ ਭਾਜਪਾ ਦੇ ਕੌਮੀ ਭਵਿੱਖ ਬਾਰੇ ਕੋਈ ਵੱਡੀ ਭਵਿੱਖਬਾਣੀ ਕਰਨਾ ਜਲਦਬਾਜ਼ੀ ਹੋਵੇਗੀ। ਭਾਜਪਾ ਅਜੇ ਵੀ ਦੇਸ਼ ਦੀ ਸਭ ਤੋਂ ਤਾਕਤਵਰ ਅਤੇ ਸਰੋਤਾਂ ਨਾਲ ਭਰਪੂਰ ਚੋਣ ਮਸ਼ੀਨ ਹੈ। ਇੱਕ ਬਾਂਕੀਪੁਰ ਜਾਂ ਇੱਕ ਦਤੀਆ ਉਸ ਦੇ ਕੌਮੀ ਆਧਾਰ ਦੇ ਖ਼ਤਮ ਹੋਣ ਦਾ ਸਬੂਤ ਨਹੀਂ।
ਪਰ ਵੱਡੀਆਂ ਮਸ਼ੀਨਾਂ ਅਚਾਨਕ ਬੰਦ ਨਹੀਂ ਹੁੰਦੀਆਂ। ਪਹਿਲਾਂ ਉਨ੍ਹਾਂ ਵਿੱਚ ਕੰਪਨ ਪੈਦਾ ਹੁੰਦੀ ਹੈ। ਫਿਰ ਸਿਗਨਲ ਦੇਰ ਨਾਲ ਸਮਝ ਆਉਂਦੇ ਹਨ। ਬਾਂਕੀਪੁਰ ਦਾ ਸੰਦੇਸ਼ ਇਹ ਨਹੀਂ ਕਿ ਭਾਜਪਾ ਖ਼ਤਮ ਹੋ ਰਹੀ ਹੈ। ਸੰਦੇਸ਼ ਇਹ ਹੈ ਕਿ ਉਸ ਦੀ ਜਿੱਤ ਹੁਣ ਆਪਣੇ ਆਪ ਹੋ ਜਾਣ ਵਾਲੀ ਗੱਲ ਨਹੀਂ ਰਹੀ।
ਬਾਂਕੀਪੁਰ ਨੇ ਇੱਕ ਵੱਡਾ ਸਵਾਲ ਖੜ੍ਹਾ ਕੀਤਾ ਹੈ- ਜਿਸ ‘ਡਬਲ ਇੰਜਣ’ ਨੂੰ ਅਜੇਤੂ ਦੱਸਿਆ ਜਾਂਦਾ ਸੀ, ਕੀ ਉਸ ਨੇ ਲਾਲ ਸਿਗਨਲ ਨੂੰ ਵੀ ਹਰੀ ਬੱਤੀ ਸਮਝਣਾ ਸ਼ੁਰੂ ਕਰ ਦਿੱਤਾ ਹੈ?
—
(‘ਦ ਵਾਇਰ’ ਤੋਂ ਧੰਨਵਾਦ ਸਹਿਤ)
