‘ਨਿਊ ਸ਼ੈਫ਼ਰਡ’ ਨੇ ਪੁਲਾੜੀ ਸੈਰ-ਸਪਾਟੇ ਦੇ ਸੁਪਨੇ ਨੂੰ ਬਦਲਿਆ ਹਕੀਕਤ ’ਚ

ਆਮ-ਖਾਸ

ਅਸ਼ਵਨੀ ਚਤਰਥ, ਬਟਾਲਾ
ਫੋਨ:+91-6284220595
ਲੰਮੇ ਸਮੇਂ ਤੋਂ ਸੈਲਾਨੀ ਸੈਰ ਸਪਾਟੇ ਲਈ ਦੁਨੀਆ ਦੇ ਵੱਖ–ਵੱਖ ਸ਼ਹਿਰਾਂ ਜਿਵੇਂ ਪੈਰਿਸ, ਲੰਡਨ, ਸਿਡਨੀ, ਹਾਂਗ–ਕਾਂਗ, ਸਿੰਗਾਪੁਰ, ਦੁਬਈ ਅਤੇ ਬੈਂਕਾਕ ਆਦਿ ਥਾਵਾਂ ’ਤੇ ਜਾਂਦੇ ਰਹੇ ਹਨ। ਇਸੇ ਤਰ੍ਹਾਂ ਭਾਰਤ ਅੰਦਰ ਵੀ ਲੋਕਾਂ ਲਈ ਸ੍ਰੀ ਨਗਰ, ਜੈਪੁਰ, ਗੋਆ ਅਤੇ ਬੈਂਗਲੌਰ ਆਦਿ ਸ਼ਹਿਰ ਖਿੱਚ ਦਾ ਕੇਂਦਰ ਬਣਦੇ ਰਹੇ ਹਨ; ਪਰ ਸਮਾਂ ਬਦਲਣ ਦੇ ਨਾਲ ਲੋਕਾਂ ਲਈ ਸੈਰ ਸਪਾਟੇ ਦੇ ਕੇਂਦਰ ਵੀ ਬਦਲਣੇ ਸ਼ੁਰੂ ਹੋ ਗਏ ਹਨ।

ਅਜੋਕੇ ਸਮੇਂ ਵਿੱਚ ਲੋਕ ਆਪਣੀ ਵਿੱਤੀ ਸਮਰੱਥਾ ਅਨੁਸਾਰ ਪੁਲਾੜ ਨੂੰ ਵੀ ਆਪਣੇ ਸੈਰ ਸਪਾਟੇ ਲਈ ਪਸੰਦ ਕਰਨ ਲੱਗ ਪਏ ਹਨ। ਲੋਕਾਂ ਦੀਆਂ ਇਨ੍ਹਾਂ ਬਦਲੀਆਂ ਪਸੰਦਾਂ ਨੂੰ ਵੇਖ ਕਿ ਹੀ ਪੁਲਾੜ ਖੇਤਰ ਦੀਆਂ ਕੰਪਨੀਆਂ ਨੇ ਛੋਟੇ–ਛੋਟੇ ਪੁਲਾੜਯਾਨ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਕੰਪਨੀਆਂ ਦਾ ਮਕਸਦ ਲੋਕਾਂ ਨੂੰ ਸੈਰ ਸਪਾਟੇ ਲਈ ਪੁਲਾੜ ਤੱਕ ਲੈ ਕੇ ਜਾਣਾ ਬਣ ਗਿਆ ਹੈ।
ਇਸੇ ਦੀ ਹੀ ਇੱਕ ਕੜੀ ਬਣੀ ਹੈ ਦੁਨੀਆ ਦੇ ਚੋਟੀ ਦੇ ਵਪਾਰੀ ਜੈੱਫ਼ ਬਿਜ਼ੌਸ ਦੀ ‘ਬਲਿਊ ਓਰਿਜਨ’ ਨਾਂ ਦੀ ਕੰਪਨੀ। ਕੰਪਨੀ ਨੇ ਆਪਣੇ ‘ਨਿਊ ਸ਼ੈਫਰਡ’ ਨਾਂ ਦੇ ਰਾਕੇਟ ਪ੍ਰਣਾਲੀ ਦੁਆਰਾ ਪਹਿਲੀ ਵਾਰ ਛੇ ਮਹਿਲਾ ਸੈਲਾਨੀਆਂ ਨੂੰ ਪੱਛਮੀ ਟੈਕਸਸ ਤੋਂ ਪੁਲਾੜ ਦੀ ਯਾਤਰਾ ’ਤੇ ਭੇਜਿਆ ਸੀ। ਇਸ ਉਡਾਣ ਦੀ ਖ਼ਾਸੀਅਤ ਹੀ ਇਹ ਰਹੀ ਸੀ ਕਿ ਇਸ ਵਿੱਚ ਸਾਰੀ ਦੀਆਂ ਸਾਰੀਆਂ ਛੇ ਯਾਤਰੀ ਮਹਿਲਾਵਾਂ ਹੀ ਸਨ। ਇਸ ਪੁਲਾੜ ਯਾਤਰਾ ਨੂੰ ਸੈਰ ਸਪਾਟਾ ਖੇਤਰ ਲਈ ਇੱਕ ਮੀਲ ਪੱਥਰ ਅਤੇ ਮਹਿਲਾ ਵਰਗ ਦੇ ਵਿਕਾਸ ਦੀ ਕਹਾਣੀ ਲਿਖਣ ਵਿੱਚ ਇੱਕ ਵੱਡੀ ਪੁਲਾਂਘ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰੂਸ ਦੀ ਵੈਲਨਟੀਨਾ ਟੈਰਸ਼ਕੋਵਾ ਨਾਂ ਦੀ ਮਹਿਲਾ ਵਿਗਿਆਨੀ ਨੂੰ ਪਹਿਲੀ ਮਹਿਲਾ ਪੁਲਾੜ ਯਾਤਰੀ ਬਣਨ ਦਾ ਮਾਣ ਹਾਸਲ ਹੋਇਆ ਸੀ। ਉਸ ਨੇ 16 ਜੂਨ 1963 ਨੂੰ ਪਹਿਲੀ ਵਾਰ ਇੱਕਲਿਆਂ ਹੀ ‘ਵਾਸਟਾਕ–6’ ਨਾਂ ਦੇ ਮਿਸ਼ਨ ਤਹਿਤ ਪੁਲਾੜ ਯਾਤਰਾ ਕਰਕੇ ਸਭ ਤੋਂ ਛੋਟੀ ਉਮਰ ਦੀ ਮਹਿਲਾ ਪੁਲਾੜ ਯਾਤਰੀ ਹੋਣ ਦਾ ਰਿਕਾਰਡ ਕਾਇਮ ਕੀਤਾ ਸੀ। ਉਸ ਦਾ ਕਿਸੇ ਇਕੱਲੀ ਮਹਿਲਾ ਦੇ ਤੌਰ `ਤੇ ਪੁਲਾੜ ਯਾਤਰਾ ਕਰਨ ਦਾ ਰਿਕਾਰਡ ਹਾਲੇ ਵੀ ਕਾਇਮ ਹੈ। ਅੱਜ 62 ਸਾਲ ਬਾਅਦ ਵੀ ਸਭ ਤੋਂ ਘੱਟ ਉਮਰ ਦੀ ਮਹਿਲਾ ਪੁਲਾੜ ਯਾਤਰੀ ਹੋਣ ਦਾ ਸਿਹਰਾ ਵੀ ਉਸ ਦੇ ਸਿਰ ਉੱਤੇ ਹੀ ਬੱਝਾ ਹੋਇਆ ਹੈ। ਉਸ ਦਾ ਇਹ ਮਿਸ਼ਨ 71 ਘੰਟੇ ਅਤੇ 12 ਮਿੰਟਾਂ ਲਈ ਪੁਲਾੜ ਵਿੱਚ ਰਿਹਾ ਸੀ।
ਜ਼ਿਕਰਯੋਗ ਹੈ ਕਿ ਬਲੂ ਓਰਿਜਨ ਦੀ ਨਿਊ ਸ਼ੈਫਰਡ ਰਾਕੇਟ ਪ੍ਰਣਾਲੀ ਨੇ 14 ਅਪ੍ਰੈਲ 2025 ਨੂੰ ਟੈਕਸਸ ਨੇੜੇ ‘ਕਾਰਨ ਰਾਂਚ’ ਨਾਂ ਦੇ ਲਾਂਚ ਸਾਈਟ ਤੋਂ ਉਡਾਣ ਭਰੀ ਸੀ। ਇਸ ਉਡਾਣ ਵਿੱਚ ਸੈਰ ਸਪਾਟੇ ਲਈ ਗਈਆਂ ਅਮਰੀਕਾ ਦੀਆਂ ਉੱਘੀਆਂ ਛੇ ਔਰਤਾਂ ਸਨ- ਅਮਰੀਕਾ ਦੀ ਮਸ਼ਹੂਰ ਗਾਇਕਾ ਕੈਟੀ ਪੈਰੀ, ਅਮਰੀਕੀ ਟੈਲੀਵਿਜ਼ਨ ਦੀ ਮਸ਼ਹੂਰ ਹਸਤੀ ਗੇਲ ਕਿੰਗ; ਅਮਰੀਕਾ ਦੀ ਨਾਗਰਿਕ ਹੱਕਾਂ ਦੀ ਕਾਰਜ ਕਰਤਾ, ਸਮਾਜਿਕ ਉੱਦਮੀ ਤੇ ਸਾਲ 2009 ਦੀ ਸ਼ਾਂਤੀ ਨੌਬਲ ਪੁਰਸਕਾਰ ਜਿੱਤਣ ਵਾਲੀ ਅਮਾਂਡਾ ਨੁਏਨ; ਆਈਸ਼ਾ ਬੋਵੇ, ਫਿਲਮ ਨਿਰਮਾਤਾ ਕੇਰੀਆਨ ਫ਼ਲਿਨ ਤੇ ਉੱਘੇ ਉਦਯੋਗਪਤੀ ਜੈੱਫ਼ ਬਿਜੌਸ ਦੀ ਮੰਗੇਤਰ ਲਾਰੇਨ ਸਾਂਚੇਜ਼। ਦੱਸਣਾ ਬਣਦਾ ਹੈ ਕਿ ਇਨ੍ਹਾਂ ਛੇ ਪੁਲਾੜ ਯਾਤਰੀਆਂ ਦੀ ਇਹ ਪਹਿਲੀ ਪੁਲਾੜ ਯਾਤਰਾ ਸੀ ਅਤੇ ਇਨ੍ਹਾਂ ਵਿੱਚੋਂ ਆਈਸ਼ਾ ਬੋਵੇ ਹੀ ਇੱਕ ਪੁਲਾੜ ਵਿਗਿਆਨ ਦੀ ਇੰਜੀਨੀਅਰ ਹੈ ਅਤੇ ਬਾਕੀ ਸਾਰੀਆਂ ਦਾ ਇਸ ਖੇਤਰ ਨਾਲ ਕੋਈ ਵੀ ਬਾਵਾਸਤਾ ਨਹੀਂ ਹੈ। ਇਨ੍ਹਾਂ ਨੇ ਗਾੜ੍ਹੇ ਨੀਲੇ ਗੰਗ ਦੇ ਗ਼ੈਰ–ਜਲਨਸ਼ੀਲ ਕੱਪੜੇ ਦੇ ਬਣੇ ਹੋਏ ਸੂਟ ਪਾਏ ਹੋਏ ਸਨ।
ਨਿਊ ਸ਼ੈਫਰਡ ਦਾ ਐੱਨ.ਐੱਸ.–31 ਨਾਂ ਦਾ ਇਹ ਮਿਸ਼ਨ ਕਰੀਬ 11 ਮਿੰਟਾਂ ਲਈ ਜ਼ਮੀਨ ਤੋਂ 100 ਕਿਲੋਮੀਟਰ ਦੀ ਉੱਚਾਈ ਤੇ ਰਿਹਾ ਸੀ। ਉਡਾਣ ਭਰਨ ਤੋਂ ਤਿੰਨ ਮਿੰਟ ਬਾਅਦ ਰਾਕੇਟ ਕੈਪਸਿਊਲ ਤੋਂ ਵੱਖਰਾ ਹੋ ਗਿਆ ਸੀ, ਜਿਸ ਤੋਂ ਬਾਅਦ ਸੈਲਾਨੀਆਂ ਨੂੰ ਭਾਰਹੀਣਤਾ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ। ਭਾਰਹੀਣਤਾ ਅਜਿਹੀ ਸਥਿਤੀ ਹੁੰਦੀ ਹੈ, ਜਿਸ ਵਿੱਚ ਕੋਈ ਵੀ ਜ਼ਮੀਨੀ ਤਾਕਤ ਸਾਡੇ ਸਰੀਰ ਨੂੰ ਆਪਣੇ ਵੱਲ ਨਹੀਂ ਖਿੱਚ ਰਹੀ ਹੁੰਦੀ ਅਤੇ ਵਿਅਕਤੀ ਹਵਾ ਵਿੱਚ ਕੱਟੀ ਹੋਈ ਪਤੰਗ ਦੀ ਤਰ੍ਹਾਂ ਉੱਡ ਰਿਹਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਸ ਮਿਸ਼ਨ ਵਿੱਚ ਕੋਈ ਪਾਇਲਟ ਨਹੀਂ ਸੀ ਅਤੇ ਇਹ ਪੂਰੀ ਤਰ੍ਹਾਂ ਸਵੈ–ਚਾਲਿਤ ਭਾਵ ਆਪਣੇ ਆਪ ਚੱਲਣ ਵਾਲਾ ਪੁਲਾੜਯਾਨ ਸੀ।
ਇਸ ਮਿਸ਼ਨ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਪੂਰੇ ਮਿਸ਼ਨ ਦੌਰਾਨ ਰਾਕੇਟ ਦੀ ਯਾਤਰਾ ਨੂੰ ਵੱਖ–ਵੱਖ ਚੈਨਲਾਂ ਉੱਤੇ ਪ੍ਰਸਾਰਤ ਕੀਤਾ ਗਿਆ ਸੀ ਅਤੇ ਦੁਨੀਆ ਭਰ ਦੇ ਲੋਕਾਂ ਨੇ ਇਸ ਨੂੰ ਬੜੇ ਹੀ ਚਾਅ ਨਾਲ ਵੇਖਿਆ ਸੀ। ਇਸ ਨੂੰ ਉਡਾਣ ਭਰਦਿਆਂ ਅਤੇ ਉਤਰਦਿਆਂ ਹੋਇਆਂ ਲੋਕਾਂ ਦੀ ਵੱਡੀ ਭੀੜ ਨੇ ਆਪਣੀ ਅੱਖਾਂ ਨਾਲ ਪ੍ਰਤੱਖ ਤੌਰ `ਤੇ ਵੇਖਿਆ ਸੀ। ਰਾਕੇਟ ਨੂੰ ਪੈਰਾਸ਼ੂਟਾਂ ਦੀ ਮਦਦ ਨਾਲ ਜ਼ਮੀਨ ਉੱਤੇ ਉਤਾਰਿਆ ਗਿਆ ਸੀ। ਮਹਿਲਾ ਸੈਲਾਨੀਆਂ ਵਲੋਂ ਪੁਲਾੜ ਯਾਤਰਾ ਦੌਰਾਨ ਭਾਰਹੀਣਤਾ ਨੂੰ ਮਹਿਸੂਸ ਕਰਨਾ ਆਪਣੇ ਆਪ ਵਿੱਚ ਇੱਕ ਵਿਲਖੱਣ ਤਜਰਬਾ ਸੀ। ਇਸ ਪੁਲਾੜਯਾਨ ਨੇ ਧਰਤੀ ਤੋਂ ਕਰੀਬ 100 ਕਿਲੋਮੀਟਰ ਉੱਚੇ ‘ਕਰਮਨ ਲਾਈਨ’ ਨਾਂ ਦੇ ਦਾਇਰੇ ਵਿੱਚ ਚੱਕਰ ਲਾਏ ਸਨ। ਇਸ ਉਚਾਈ `ਤੇ ਪਹੁੰਚ ਕੇ ਯਾਤਰੀਆਂ ਨੂੰ ਆਪਣੀਆਂ ਸੀਟਾਂ ਦੀਆਂ ਬੈਲਟਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਕੁਝ ਮਿੰਟਾਂ ਲਈ ਕੈਪਸਿਊਲ ਦੀਆਂ ਖਿੜਕੀਆਂ ਵਿੱਚੋਂ ਬਾਹਰਲੇ ਖਲਾਅ ਦਾ ਅਨੰਦ ਲੈਣ ਲਈ ਸਮਾਂ ਦਿੱਤਾ ਗਿਆ ਸੀ। ਮਹਿਲਾ ਯਾਤਰੀਆਂ ਨੇ ਖਲਾਅ ਤੋਂ ਧਰਤੀ ਨੂੰ ਨੀਲੇ ਗੋਲੇ ਦੀ ਤਰ੍ਹਾਂ ਵੇਖਿਆ ਸੀ। ਇਨ੍ਹਾਂ ਸੈਲਾਨੀਆਂ ਨੇ ਪੁਲਾੜ ਫੇਰੀ ਦੌਰਾਨ ਆਪਣੇ ਅਨੁਭਵ ਨੂੰ ਵੱਖ–ਵੱਖ ਤਰੀਕਿਆਂ ਨਾਲ ਪ੍ਰਗਟ ਕੀਤਾ ਸੀ। ਕੈਟੀ ਪੈਰੀ ‘ਡੇਜ਼ੀ’ ਨਾਂ ਦਾ ਫੁੱਲ ਆਪਣੀ ਉਡਾਣ ਵਿੱਚ ਲੈ ਕੇ ਗਈ ਸੀ। ਪੈਰੀ ਨੇ ਧਰਤੀ ਮਾਤ–ਲੋਕ ਦੀ ਤੁਲਨਾ ਡੇਜ਼ੀ ਜਿਹੇ ਸੁੰਦਰ ਫੁੱਲ ਨਾਲ ਕਰਦਿਆਂ ਇਸ ਦੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਹੈ।
ਕਿਉਂਕਿ ਯਾਤਰੀਆਂ ਦਾ ਧਰਤੀ ਦੇ ਕੰਟਰੋਲ ਕੇਂਦਰ ਨਾਲ ਸਿੱਧਾ ਰਾਬਤਾ ਬਣਿਆ ਹੋਇਆ ਸੀ, ਇਸ ਲਈ ਉਨ੍ਹਾਂ ਦੀਆਂ ਖਲਾਅ ਦੇ ਨਜ਼ਾਰੇ ਲੈਂਦਿਆਂ ਦੀਆਂ ਅਵਾਜ਼ਾਂ ਧਰਤੀ ਉੱਤੇ ਬਣੇ ਕੰਟਰੋਲ ਕੇਂਦਰ ਵਿੱਚ ਰਿਕਾਰਡ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਕੈਪਸਿਊਲ ਨੇ ਧਰਤੀ ’ਤੇ ਵਾਪਸ ਪਰਤਣ ਦੀ ਤਿਆਰੀ ਕੀਤੀ ਸੀ। ਵਾਪਸੀ ਦੌਰਾਨ ਸਾਰੀਆਂ ਮਹਿਲਾ ਸੈਲਾਨੀਆਂ ਦੀਆਂ ਖੁਸ਼ੀ ਨਾਲ ਚੀਕਾਂ ਮਾਰਨ ਦੀਆਂ ਅਵਾਜ਼ਾਂ ਵੀ ਸੁਣੀਆਂ ਗਈਆਂ ਸਨ। ਇਸ ਦੇ ਦੋ ਹੀ ਮਿੰਟਾਂ ਬਾਅਦ ਤਿੰਨ ਪੈਰਾਸ਼ੂਟਾਂ ਦੀ ਮਦਦ ਨਾਲ ਕੈਪਸਿਊਲ ਦੀ ਸਾਫ਼ਟ ਲੈਂਡਿਗ ਕਰਵਾਈ ਗਈ ਸੀ।
ਪੁਲਾੜਯਾਨ ਨਿਊ ਸ਼ੈਫਰਡ: ਪੁਲਾੜਯਾਨ ਨਿਊ ਸ਼ੈਫ਼ਰਡ ਰਾਕੇਟ ਅਤੇ ਕੈਪਸਿਊਲ ਦੋ ਹਿੱਸਿਆਂ ਦਾ ਬਣਿਆ ਹੋਇਆ ਹੈ। ਰਾਕੇਟ ਦਾ ਕੰਮ ਕੈਪਸਿਊਲ ਨੂੰ ਖ਼ਲਾਅ ਵਿੱਚ ਪਹੁੰਚਾਉਣਾ ਹੈ। ਨਿਊ ਸ਼ੈਫਰਡ ਪੁਲਾੜਯਾਨ ਇੱਕ ਵਾਰ–ਵਾਰ ਵਰਤਿਆ ਜਾਣ ਵਾਲਾ ਪੁਲਾੜਯਾਨ ਹੈ, ਜਿਸ ਨੂੰ ਜ਼ਮੀਨ ਉੱਤੇ ਖੜ੍ਹੇ ਦਾਅ ਸਿੱਧੇ ਹੀ ਲਾਂਚ ਕੀਤਾ ਜਾ ਸਕਦਾ ਹੈ ਅਤੇ ਸਿੱਧੇ ਹੀ ਉਤਾਰਿਆ ਵੀ ਜਾ ਸਕਦਾ ਹੈ। ਬਲਿਊ ਓਰਿਜਨ ਨੇ 2021 ਵਿੱਚ ਸੈਲਾਨੀਆਂ ਲਈ ਪੁਲਾੜ ਯਾਤਰਾ ਦੀ ਸੇਵਾ ਆਰੰਭੀ ਸੀ ਅਤੇ ਹੁਣ ਤੱਕ ਇਹ 58 ਯਾਤਰੀਆਂ ਨੂੰ ਪੁਲਾੜ ਦੀ ਸੈਰ ਕਰਵਾ ਚੁੱਕਾ ਹੈ। ਇਸ ਕੰਪਨੀ ਦਾ ਮਾਲਕ ਜੈੱਫ਼ ਬਿਜੌਸ ਵੀ ਇਸ ਪੁਲਾੜ ਯਾਨ ਵਿੱਚ ਜੁਲਾਈ 2021 ਵਿੱਚ ਸਫ਼ਰ ਕਰ ਚੁੱਕਾ ਹੈ।
ਨਿਊ ਸ਼ੈਫਰਡ ਪੁਲਾੜਯਾਨ ਵਿੱਚ ਸੈਰ ਸਪਾਟੇ ਲਈ ਗਈਆਂ ਨਾਮਵਰ ਹਸਤੀਆਂ ਦੀਆਂ ਵੀਡੀਓਜ਼ ਵੀ ਵੱਖ–ਵੱਖ ਚੈਨਲਾਂ ਉੱਤੇ ਵਾਇਰਲ ਹੋਈਆਂ ਸਨ, ਜਿਸ ਵਿੱਚ ਉਹ ਪੁਲਾੜੀ ਸੈਰ ਦਾ ਅਨੰਦ ਲੈਂਦੀਆਂ ਵੇਖੀਆਂ ਗਈਆਂ ਸਨ। ਪੁਲਾੜਯਾਨ ਵਿੱਚ ਗੁਰਤਾ ਖਿੱਚ ਦੀ ਕਮੀ ਕਰਕੇ ਉਕਤ ਮਹਿਲਾਵਾਂ ਭਾਰਹੀਣਤਾ ਦਾ ਅਨੁਭਵ ਕਰ ਰਹੀਆਂ ਸਨ ਅਤੇ ਉਨ੍ਹਾਂ ਦੇ ਸਿਰ ਦੇ ਵਾਲ ਹਵਾ ਵਿੱਚ ਲਹਿਰਾਉਂਦੇ ਹੋਏ ਵੇਖੇ ਗਏ ਸਨ।

Leave a Reply

Your email address will not be published. Required fields are marked *