ਪਾਲਿਤ ਅਜੀਤ ਸਿੰਘ ਸੰਬੰਧੀ ਕੁਝ ਵਿਚਾਰਯੋਗ ਨੁਕਤੇ

ਆਮ-ਖਾਸ

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਿੱਖ ਇਤਿਹਾਸ ਵਿੱਚ ਪਾਲਿਤ ਅਜੀਤ ਸਿੰਘ ਉਹ ਸ਼ਖ਼ਸ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਨੇ ਪਾਲਿਆ ਸੀ। ਇਹ ਸਾਹਿਬਜ਼ਾਦਾ ਅਜੀਤ ਸਿੰਘ ਤੋਂ ਵੱਖਰਾ ਹੈ, ਜਿਹੜੇ ਕਿ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ। 1707 ਈ. ਵਿੱਚ, ਜਦੋਂ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਦੀ ਖਬਰ ਸੁਣਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਬਘੌਰ ਤੋਂ ਦਿੱਲੀ ਵਿਖੇ ਆ ਕੇ ਨਿਵਾਸ ਕਰ ਰਹੇ ਸਨ ਤਾਂ ਬਹੁਤ ਸਾਰੀ ਸੰਗਤ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਉਣ ਲੱਗੀ ਸੀ।

ਸੰਗਤ ਵਿੱਚ ਇੱਕ ਬੱਚਾ ਮਾਤਾ ਸੁੰਦਰੀ ਜੀ ਦੀਆਂ ਅੱਖਾਂ ਅੱਗੇ ਆਇਆ, ਜਿਸ ਨਾਲ ਉਨ੍ਹਾਂ ਦੇ ਮਨ ਵਿੱਚ ਮਮਤਾ ਜਾਗ ਪਈ ਸੀ। ਗੁਰੂ ਜੀ ਦੀ ਆਗਿਆ ਅਤੇ ਬੱਚੇ ਦੇ ਮਾਤਾ-ਪਿਤਾ ਦੀ ਸਹਿਮਤੀ ਨਾਲ ਮਾਤਾ ਜੀ ਨੇ ਬੱਚੇ ਨੂੰ ਆਪਣੇ ਕੋਲ ਰੱਖ ਲਿਆ ਸੀ। ਭਾਈ ਸੰਤੋਖ ਸਿੰਘ ਉਸ ਸਮੇਂ ਬੱਚੇ ਦੀ ਉਮਰ ਪੰਜ ਸਾਲ ਦੱਸਦੇ ਹਨ, ਪਰ ਪਾਲਿਤ ਅਜੀਤ ਸਿੰਘ ਦੇ ਜੀਵਨ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਉਸ ਸਮੇਂ ਇਸ ਦੀ ਉਮਰ ਜ਼ਿਆਦਾ ਹੋਵੇਗੀ। ਮਾਤਾ ਸੁੰਦਰੀ ਜੀ ਕੋਲ ਰਹਿਣ ਕਰਕੇ ਸੰਗਤ ਬੱਚੇ ਨੂੰ ਉਨ੍ਹਾਂ ਦਾ ਪੁੱਤਰ ਹੀ ਸਮਝਣ ਲੱਗੀ ਸੀ। ਸਿੱਖ ਸਰੋਤਾਂ ਵਿੱਚ ਉਸ ਨੂੰ ‘ਸਾਹਿਬ ਤਨੁਜ’ ਵੀ ਲਿਖਿਆ ਹੈ, ਜਿਸ ਕਰਕੇ ਉਸ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੀ ਮੰਨਿਆ ਜਾਣ ਲੱਗਾ ਸੀ। ਜਦੋਂ ਇਹ ਬੱਚਾ ਵੱਡਾ ਹੋਇਆ ਤਾਂ ਇਸ ਦਾ ਮਾਤਾ ਜੀ ਨਾਲ ਦੋ ਪ੍ਰਮੁੱਖ ਘਟਨਾਵਾਂ ਕਰਕੇ ਇਤਰਾਜ਼ ਹੋ ਗਿਆ ਸੀ:
1. ਪਾਲਿਤ ਅਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਧਾਰਨ ਕਰਨ ਦੀ ਇੱਛਾ ਕੀਤੀ ਸੀ, ਜਿਸ ਨੂੰ ਮਾਤਾ ਜੀ ਨੇ ਠੁਕਰਾ ਦਿੱਤਾ ਸੀ।
2. ਪਾਲਿਤ ਅਜੀਤ ਸਿੰਘ ਨੇ ਵਾਲ ਕਟਵਾ ਲਏ ਸਨ, ਜਿਸ ਤੋਂ ਮਾਤਾ ਜੀ ਨਾਰਾਜ਼ ਹੋ ਗਏ ਸਨ।
ਪਹਿਲੀ ਘਟਨਾ ਸਮੇਂ ਪਾਲਿਤ ਦੀ ਉਮਰ 13-14 ਸਾਲ ਦੀ ਜਾਪਦੀ ਹੈ। ਇਸ ਚੜ੍ਹਦੀ ਜਵਾਨੀ ਵਾਲੀ ਉਮਰ ਵਿੱਚ ਜਦੋਂ ਸ਼ਸਤਰਧਾਰੀ ਸੰਗਤ ਮਾਤਾ ਜੀ ਦੇ ਦਰਸ਼ਨ ਕਰਨ ਲਈ ਆਉਂਦੀ ਹੋਵੇਗੀ ਤਾਂ ਉਸ ਦੇ ਮਨ ਵਿੱਚ ਵੀ ਸ਼ਸਤਰ ਧਾਰਨ ਕਰਨ ਦੀ ਇੱਛਾ ਪੈਦਾ ਹੋਈ ਹੋਵੇਗੀ। ਸੰਭਵ ਹੈ ਕਿ ਉਸ ਨੇ ਗੁਰੂ ਜੀ ਦੇ ਸ਼ਸਤਰ ਧਾਰਨ ਦੀ ਮੰਗ ਕੀਤੀ ਹੋਵੇਗੀ, ਜਿਸ ਨੂੰ ਮਾਤਾ ਜੀ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਇਹ ਸ਼ਸਤਰ ਪੂਜਣਯੋਗ ਹਨ, ਪਹਿਨਣਯੋਗ ਨਹੀਂ।
ਦੂਜੀ ਘਟਨਾ ਸਮੇਂ ਪਾਲਿਤ ਦੀ ਉਮਰ 18-19 ਸਾਲ ਜਾਪਦੀ ਹੈ। ਇਸ ਸਮੇਂ ਉਹ ਪੂਰਨ ਤੌਰ ’ਤੇ ਜਵਾਨ ਹੋ ਗਿਆ ਸੀ ਅਤੇ ਉਸ ਦੇ ਪਿੱਛੇ ਆਮ ਲੋਕ ਜੁੜਨ ਲੱਗੇ ਸਨ। ਉਸ ਕੋਲ ਆਉਣ ਵਾਲੀ ਸੰਗਤ ਨੂੰ ‘ਅਜੀਤੀ ਸੰਗਤ’ ਕਿਹਾ ਜਾਣ ਲੱਗਿਆ ਸੀ, ਜਿਸ ਵਿੱਚੋਂ 50-60 ਸ਼ਸਤਰਧਾਰੀ ਸੂਰਬੀਰ ਉਸ ਦੇ ਨਾਲ ਰਹਿਣ ਲੱਗੇ ਸਨ। ਇੱਕ ਦਿਨ ਉਸ ਦਾ ਨਮਾਜ਼ ਅਦਾ ਕਰ ਰਹੇ ਮੁਸਲਮਾਨਾਂ ਨਾਲ ਝਗੜਾ ਹੋ ਗਿਆ, ਜਿਸ ਦੀ ਸ਼ਿਕਾਇਤ ਬਾਦਸ਼ਾਹ ਤੱਕ ਪੁੱਜ ਗਈ ਸੀ। ਬਾਦਸ਼ਾਹ ਨੇ ਉਸ ਨੂੰ ਵਾਲ ਕਟਵਾ ਕੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ। ਮਾਤਾ ਜੀ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਪਾਲਿਤ ਵਾਲ ਕਟਵਾ ਦੇਵੇ ਅਤੇ ਉਨ੍ਹਾਂ ਨੇ ਇਸ ਘਟਨਾ ਕਾਰਨ ਉਸ ਨਾਲ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਸੀ। ਭਾਈ ਵੀਰ ਸਿੰਘ ਕਹਿੰਦੇ ਹਨ ਕਿ ਇਹ ਘਟਨਾ ਖੋਜ ਦੀ ਮੰਗ ਕਰਦੀ ਹੈ ਕਿ ਪਾਲਿਤ ਅਜੀਤ ਸਿੰਘ ਨੇ ਕੇਸ ਆਪ ਕਟਵਾਏ ਸਨ ਜਾਂ ਉਸ ਨੂੰ ਬਾਦਸ਼ਾਹ ਕੋਲ ਪੇਸ਼ ਕਰਨ ਤੋਂ ਪਹਿਲਾਂ ਤੁਰਕਾਂ ਨੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਸੀ।
ਉਕਤ ਦੋਵੇਂ ਘਟਨਾਵਾਂ ਤੋਂ ਇਲਾਵਾ ਕੁਝ ਅਜਿਹੇ ਪ੍ਰਮਾਣ ਵੀ ਮੌਜੂਦ ਹਨ, ਜਿਹੜੇ ਕਿ ਸਰਕਾਰੀ ਰਿਕਾਰਡ ਵਿੱਚ ਮੌਜੂਦ ਹਨ:
1. 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਉਪਰੰਤ ਬਾਦਸ਼ਾਹ ਬਹਾਦਰ ਸ਼ਾਹ ਨੇ ਪਾਲਿਤ ਅਜੀਤ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ’ਤੇ ਹਮਲਾ ਕਰਨ ਵਾਲੇ ਜਮਸ਼ੇਦ ਖ਼ਾਨ ਦੇ ਪੁੱਤਰ ਨੂੰ ਮਾਤਮੀ ਖਿੱਲਤ ਭੇਜੀ ਸੀ।
2. ਸਤੰਬਰ 1710 ਵਿੱਚ ਪਾਲਿਤ ਅਜੀਤ ਸਿੰਘ ਨੂੰ ਬਾਦਸ਼ਾਹ ਨੇ ਫਿਰ ਖਿੱਲਤ ਦਿੱਤੀ ਸੀ ਜਿਸ ਵਿੱਚ ਮੋਹਰਾਂ, ਤਲਵਾਰ ਅਤੇ ਢਾਲ ਸ਼ਾਮਲ ਸੀ।
ਉਕਤ ਦੋ ਹਵਾਲਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰਮਾਣ ਸਰਕਾਰੀ ਰਿਕਾਰਡ ਵਿੱਚ ਮਿਲ ਜਾਂਦੇ ਹਨ, ਜਿਹੜੇ ਕਿ ਦੱਸਦੇ ਹਨ ਕਿ ਪਾਲਿਤ ਅਜੀਤ ਸਿੰਘ ਨੂੰ ਬਾਦਸ਼ਾਹ ਦੇ ਦਰਬਾਰ ਵਿੱਚੋਂ 1716 ਤੱਕ ਸਨਮਾਨ ਮਿਲਦੇ ਰਹੇ ਹਨ। ਯਾਦ ਰਹੇ, ਇਹ ਉਹ ਸਾਲ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ, ਜਿਸ ਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸਨ। ਇੱਕ ਪਾਸੇ ਸ਼ਾਹੀ ਫ਼ੌਜਾਂ ਪੰਜਾਬ ਵਿੱਚ ਬੰਦੇ ਨਾਲ ਜੂਝ ਰਹੀਆਂ ਸਨ ਅਤੇ ਦੂਜੇ ਪਾਸੇ ਦਿੱਲੀ ਵਿਖੇ ਪਾਲਿਤ ਅਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਦੱਸ ਕੇ ਸਨਮਾਨ ਦਿੱਤਾ ਜਾ ਰਿਹਾ ਸੀ।
ਇਨ੍ਹਾਂ ਘਟਨਾਵਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਮੁਗ਼ਲ ਹਕੂਮਤ ਪਾਲਿਤ ਅਜੀਤ ਸਿੰਘ ਨੂੰ ਸਿੱਖਾਂ ਦੀ ਇੱਕ ਧਿਰ ਵਜੋਂ ਖੜਾ ਕਰਨਾ ਚਾਹੁੰਦੀ ਸੀ ਅਤੇ ਇਹ ਦੱਸਣਾ ਚਾਹੁੰਦੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਉਨ੍ਹਾਂ ਦੇ ਨਾਲ ਹੈ। ਦਿੱਲੀ ਤੋਂ ਪਰੇ ਬਿਹਾਰ, ਬੰਗਾਲ ਵਾਲੇ ਪਾਸੇ ਵੀ ਸਿੱਖਾਂ ਵਿਰੁੱਧ ਕਿਸੇ ਫ਼ੌਜੀ ਕਾਰਵਾਈ ਦੀ ਕੋਈ ਖਬਰ ਨਹੀਂ ਮਿਲਦੀ। ਮਾਤਾ ਸੁੰਦਰੀ ਜੀ ਦੇ ਪਟਨਾ ਦੀ ਸੰਗਤ ਦੇ ਨਾਂ ’ਤੇ ਹੁਕਮਨਾਮੇ ਮੌਜੂਦ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਬਹੁਤ ਸਾਰੀ ਸਿੱਖ ਸੰਗਤ ਮਾਤਾ ਜੀ ਤੋਂ ਅਗਵਾਈ ਲੈ ਰਹੀ ਸੀ। ਆਪਣਾ ਰਾਜ ਪ੍ਰਬੰਧ ਮਜਬੂਤ ਕਰਨ ਲਈ ਸਰਕਾਰ ਲੋਕਾਂ ਵਿੱਚ ਅਕਸਰ ਫੁੱਟ ਪਾਉਣ ਦਾ ਯਤਨ ਕਰਦੀ ਹੈ ਤਾਂ ਕਿ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ।
1716 ਈ. ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਲਈ ਦਿੱਲੀ ਲਿਆਂਦਾ ਗਿਆ ਤਾਂ ਮਾਤਾ ਸੁੰਦਰੀ ਜੀ ਦਿੱਲੀ ਛੱਡ ਕੇ ਮਥੁਰਾ ਅਤੇ ਬੁਰਹਾਨਪੁਰ ਵੱਲ ਚਲੇ ਗਏ ਸਨ। ਬਾਬਾ ਜੀ ਦੀ ਸ਼ਹੀਦੀ ਪਿੱਛੋਂ ਪਾਲਿਤ ਅਜੀਤ ਸਿੰਘ ਨੇ ਦਿੱਲੀ ਵਿਖੇ ਸੰਗਤ ਵਿੱਚ ਆਪਣਾ ਪ੍ਰਭਾਵ ਵਧਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਹਕੂਮਤ ਵਿੱਚ ਚਿੰਤਾ ਪੈਦਾ ਹੋਣ ਲੱਗੀ ਸੀ ਅਤੇ ਇਸ ਨੇ ਹੌਲੀ-ਹੌਲੀ ਉਸ ਦੀ ਸਰਪ੍ਰਸਤੀ ਕਰਨੀ ਬੰਦ ਕਰ ਦਿੱਤੀ ਸੀ। ਮੁਸਲਮਾਨਾਂ ਨਾਲ ਨਮਾਜ਼ ਕਰਕੇ ਪੈਦਾ ਹੋਇਆ ਵਿਵਾਦ ਵੀ ਪਿੱਛੋਂ ਦੀ ਘਟਨਾ ਜਾਪਦਾ ਹੈ, ਕਿਉਂਕਿ ਬਾਬਾ ਜੀ ਦੀ ਸ਼ਹਾਦਤ ਤੋਂ ਬਾਅਦ ਹਕੂਮਤ ਦੇ ਮਨ ਵਿੱਚ ਸਿੱਖਾਂ ਦਾ ਡਰ ਖ਼ਤਮ ਹੋ ਗਿਆ ਸੀ।
ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਝਗੜਾ ਪੈ ਗਿਆ ਸੀ, ਜਿਸ ਨੂੰ ਸੁਲਝਾਉਣ ਲਈ ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਭੇਜਿਆ ਸੀ। ਭਾਈ ਸਾਹਿਬ ਨੇ ਦੋਵੇਂ ਧਿਰਾਂ ਵਿੱਚ ਸੁਲਾਹ-ਸਫ਼ਾਈ ਕਰਵਾ ਕੇ ਪੰਥ ਵਿੱਚ ਏਕਤਾ ਕਰ ਦਿੱਤੀ ਸੀ। ਹਕੂਮਤ ਕੋਲ ਅਜਿਹੀਆਂ ਖ਼ਬਰਾਂ ਅਕਸਰ ਬਿਜਲੀ ਤੋਂ ਵੀ ਤੇਜ ਰਫ਼ਤਾਰ ਨਾਲ ਪੁੱਜ ਜਾਂਦੀਆਂ ਹਨ। ਸਿੱਖ ਪੰਥ ਵਿੱਚ ਏਕਤਾ ਹਕੂਮਤ ਲਈ ਖ਼ਤਰੇ ਦੀ ਘੰਟੀ ਸੀ। ਇਹ ਘਟਨਾ 1723 ਈ. ਦੀ ਹੈ। ਇਹੀ ਸਾਲ ਪਾਲਿਤ ਅਜੀਤ ਸਿੰਘ ਦਾ ਸ਼ਾਹੀ ਫ਼ੌਜਾਂ ਨਾਲ ਟਕਰਾ ਕੇ ਮਾਰੇ ਜਾਣ ਦਾ ਹੈ। ਪਾਲਿਤ ਨੂੰ ਮਾਰਨ ਦੀ ਘਟਨਾ ਪੰਥਕ ਏਕਤਾ ਤੋਂ ਤਿੰਨ ਮਹੀਨੇ ਪਿੱਛੋਂ ਦੀ ਦੱਸੀ ਜਾਂਦੀ ਹੈ।
ਪਾਲਿਤ ਅਜੀਤ ਸਿੰਘ ’ਤੇ ਦੋਸ਼ ਲਗਾਇਆ ਗਿਆ ਕਿ ਇਸ ਨੇ ਬੇਨਵਾ ਫ਼ਿਰਕੇ ਦੇ ਇੱਕ ਫ਼ਕੀਰ ਨੂੰ ਮਾਰਿਆ ਹੈ ਅਤੇ ਬਾਦਸ਼ਾਹ ਨੇ ਇਸ ਨੂੰ ਸਜ਼ਾ ਦੇਣ ਲਈ ਫ਼ੌਜ ਭੇਜੀ ਸੀ। ਇਸ ਲੜਾਈ ਵਿੱਚ ਲਗਪਗ 60 ਸਿੱਖਾਂ ਦੇ ਮਾਰੇ ਜਾਣ ਦਾ ਜ਼ਿਕਰ ਹੈ, ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖਿਡਾਵਾ ਭਾਈ ਚੌਪਾ ਸਿੰਘ ਅਤੇ ਮਾਤਾ ਸਾਹਿਬ ਕੌਰ ਜੀ ਦਾ ਭਰਾ ਭਾਈ ਸਾਹਿਬ ਸਿੰਘ ਵੀ ਸ਼ਾਮਲ ਸੀ। ਭੱਟ ਵਹੀਆਂ ਦੱਸਦੀਆਂ ਹਨ ਕਿ ਬੇਨਵਾ ਫ਼ਕੀਰ ਆਪਣੀ ਮੌਤ ਆਪ ਹੀ ਮਰ ਗਿਆ ਸੀ ਅਤੇ ਇਹ ਦੋਸ਼ ਪਾਲਿਤ ਅਜੀਤ ਸਿੰਘ ’ਤੇ ਲਗਾਇਆ ਗਿਆ ਸੀ। ਇਸ ਸਮੇਂ ਤੱਕ ਪਾਲਿਤ ਅਜੀਤ ਸਿੰਘ ਦਾ ਵਿਆਹ ਹੋ ਚੁੱਕਾ ਸੀ ਅਤੇ ਉਸ ਦਾ ਇੱਕ ਪੁੱਤਰ ਹਠੀ ਸਿੰਘ ਵੀ ਸੀ। ਮਾਤਾ ਸੁੰਦਰੀ ਜੀ ਨੇ ਜਦੋਂ ਇਸ ਘਟਨਾ ਬਾਰੇ ਸੁਣਿਆ ਤਾਂ ਉਹ ਪਾਲਿਤ ਅਜੀਤ ਸਿੰਘ ਦੀ ਪਤਨੀ ਤਾਰਾ ਬਾਈ ਅਤੇ ਪੁੱਤਰ ਹਠੀ ਸਿੰਘ ਨੂੰ ਲੈ ਕੇ ਦਿੱਲੀ ਤੋਂ ਮਥੁਰਾ ਚਲੀ ਗਈ ਸੀ। ਜਾਂਦੇ ਹੋਏ ਮਾਤਾ ਜੀ ਇਹ ਬਚਨ ਕਰ ਗਏ ਸਨ:
ਨਾਸ ਤੁਰਕ ਰਾਜ ਕਾ ਹੋਵੈ।
ਸ਼ਕਤਿ ਅਕਾਲ ਇਨ ਕੀ ਖੋਵੈ।
ਸੇਵਾ ਹਰੀ ਥੀ ਮਾਤ ਅਲਾਇਆ।
ਇਨ ਕਾ ਨਾਸ ਹੋਣ ਤੇ ਆਇਆ।
ਪਾਲਿਤ ਅਜੀਤ ਸਿੰਘ ਦੇ ਜੀਵਨ ਦੀਆਂ ਘਟਨਾਵਾਂ ਨੂੰ ਬਹੁਤ ਹੀ ਨਕਾਰਾਤਮਿਕ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ਜਿਹੜਾ ਪ੍ਰਸੰਗ ਭਾਈ ਸੰਤੋਖ ਸਿੰਘ ਦੇ ਗ੍ਰੰਥ ਦੀ ਕਥਾ ਦੌਰਾਨ ਸੰਗਤ ਨੂੰ ਸੁਣਾਇਆ ਜਾਂਦਾ ਹੈ, ਉਹ ਹੀ ਸਿੱਖ ਮਨਾਂ ’ਤੇ ਭਾਰੂ ਹੋ ਗਿਆ ਹੈ। ਇਸ ਸਾਰੇ ਪ੍ਰਸੰਗ ’ਤੇ ਪੁਨਰ ਵਿਚਾਰ ਦੀ ਲੋੜ ਹੈ ਅਤੇ ਹਰ ਇੱਕ ਘਟਨਾ ਨੂੰ ਤੱਥਾਂ ਤੇ ਪ੍ਰਸਥਿਤੀਆਂ ਅਨੁਸਾਰ ਸਮਝਣਾ ਚਾਹੀਦਾ ਹੈ।

Leave a Reply

Your email address will not be published. Required fields are marked *