*ਵਿਲੱਖਣ ਮੜਕ ਨਾਲ ਚੱਲ ਰਹੇ ‘ਪੰਜਾਬੀ ਪਰਵਾਜ਼’ ਦੀ ਭਰਪੂਰ ਸ਼ਲਾਘਾ
*ਮਾਂ ਬੋਲੀ ਅਤੇ ਨਵੀਂ ਪੀੜੀ ਦਰਮਿਆਨ ਸੁਹਿਰਦ ਸਾਂਝ ਬਣਾਉਣ ਉਤੇ ਜ਼ੋਰ
ਸ਼ਿਕਾਗੋ: ‘ਪੰਜਾਬੀ ਪਰਵਾਜ਼’ ਨੇ ਪੱਤਰਕਾਰੀ ਦੇ ਖੇਤਰ ਵਿੱਚ ਵਿਚਰਦਿਆਂ ਤਿੰਨ ਸਾਲਾਂ ਦੇ ਮਾਣਮੱਤੇ ਸਫਰ ਅਤੇ ‘ਜਸ਼ਨ-ਏ-ਪਰਵਾਜ਼’ ਰਾਹੀਂ ਇੱਕ ਹੋਰ ਪੁਲਾਂਘ ਪੁੱਟੀ ਹੈ; ਜਿਸ ਦਾ ਇਹ ਸਪਸ਼ਟ ਪ੍ਰਭਾਵ ਸੀ ਕਿ ਲੋਕ ਪੱਖੀ ਤੇ ਮਿਆਰੀ ਵਿਚਾਰਾਂ ਦੀ ਸਾਂਝ ਦੇ ਮੁੱਦਈ ਇਸ ਅਖਬਾਰ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਭਾਈਚਾਰੇ ਦੇ ਦਿਲ ਵਿੱਚ ਅਪਣੱਤ ਭਰੀ ਥਾਂ ਬਣਾ ਲਈ ਹੈ। ਮਾਂ ਬੋਲੀ ਤੇ ਨਵੀਂ ਪੀੜੀ ਦਰਮਿਆਨ ਸੁਹਿਰਦ ਸਾਂਝ ਬਣਾਉਣ ਉਤੇ ਜ਼ੋਰ ਦੇਣ ਦੇ ਸੁਝਾਅਵਾਂ, ਵਿਲੱਖਣ ਮੜਕ ਨਾਲ ਚੱਲ ਰਹੇ ‘ਪੰਜਾਬੀ ਪਰਵਾਜ਼’ ਦੀ ਤਕਰੀਰਾਂ ਵਿੱਚ ਹੋਈ ਭਰਪੂਰ ਸ਼ਲਾਘਾ ਅਤੇ ਮਹਿਮਾਨਾਂ ਦੀ ਹਾਜ਼ਰੀ ਤੋਂ ਸਪਸ਼ਟ ਸੀ ਕਿ ਇਸ ਦੇ ਬੋਰਡ ਮੈਂਬਰਾਂ ਤੇ ਸਮਰਥਕਾਂ ਦੇ ਭਰਵੇਂ ਪਿਆਰ ਨੇ ਇਸ ਦੀ ਹੋਂਦ ਨੂੰ ਸਥਾਪਤ ਕਰ ਦਿੱਤਾ ਹੈ।
ਮਾਣ ਵਾਲੀ ਗੱਲ ਇਹ ਵੀ ਹੈ ਕਿ ਤਕਰੀਰਾਂ ਦੌਰਾਨ ਹਾਜ਼ਰੀਨ ਵੱਲੋਂ ਸੁਜੱਗ ਵਿਚਾਰਾਂ ਨੂੰ ਧਿਆਨ ਨਾਲ ਸੁਣਨ ਦੇ ਦ੍ਰਿਸ਼ ਨੇ ਸਾਬਤ ਕਰ ਦਿੱਤਾ ਕਿ ਆਏ ਮਹਿਮਾਨ ਬੇਸ਼ੱਕ ਵਿਦੇਸ਼ ਦੀ ਧਰਤੀ `ਤੇ ਵੱਖ-ਵੱਖ ਖੇਤਰਾਂ ਵਿੱਚ ਵੱਡੇ-ਵੱਡੇ ਮੁਕਾਮ ਹਾਸਲ ਕਰ ਚੁਕੇ ਹਨ, ਪਰ ਪੰਜਾਬ ਪ੍ਰਤੀ ਉਨ੍ਹਾਂ ਦਾ ਤੇਹ ਜਾਂ ਉਨ੍ਹਾਂ ਅੰਦਰ ਜਗਦੀ ਪੰਜਾਬੀਅਤ ਦੀ ਜੋਤ ਨੇ ਉਨ੍ਹਾਂ ਨੂੰ ਆਪਣੀ ਵਿਰਾਸਤ ਨਾਲ ਜੋੜਿਆ ਹੋਇਆ ਹੈ। ਸਮਾਗਮ ਦੀ ਇੱਕ ਖਾਸੀਅਤ ਇਹ ਵੀ ਸੀ ਕਿ ਜ਼ਿਆਦਾਤਰ ਮਹਿਮਾਨ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਆਏ। ਬੋਰਡ ਮੈਂਬਰਾਂ ਦੀ ਯੋਗ ਅਗਵਾਈ ਤੇ ਦਿੱਤੇ ਸਹਿਯੋਗ ਨਾਲ ਕੀਤੇ ਗਏ ਸੁਚੱਜੇ ਪ੍ਰਬੰਧਾਂ ਨੂੰ ਸਭ ਨੇ ਖੂਬ ਸਲਾਹਿਆ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਅਸੀਸ ਕੌਰ ਨੇ ਅਖਬਾਰ ਦੇ ਸੰਦਰਭ ਵਿੱਚ ‘ਦੂਰ ਪਰਦੇਸ `ਚ ਆ ਕੇ ਵੀ, ਅਸੀਂ ਆਪਣੀ ਜੜ ਨਾਲ ਜੁੜੇ ਰਹੇ…’ ਸਤਰਾਂ ਪੜ੍ਹਨ ਉਪਰੰਤ ਆਏ ਮਹਿਮਾਨਾਂ ਨੂੰ ਜੀ ਆਇਆਂ ਆਖੀ। ਅਜੂਨੀ ਕੌਰ ਨੇ ਇੱਕ ਕਵਿਤਾ ਪੇਸ਼ ਕੀਤੀ। ਅਖਬਾਰ ਦੇ ਪ੍ਰਬੰਧਕ ਕੁਲਜੀਤ ਸਿੰਘ ਨੇ ਮੁਅੱਜਜ਼ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਾਡਾ ਮਾਣ ਵਧਾਉਣ ਲਈ ਦੂਰੋਂ-ਨੇੜਿਓਂ ਪਹੁੰਚੇ ਹੋ। ਸਾਡੀ ਕੋਸ਼ਿਸ਼ ਹੈ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅਖਬਾਰ ਦੀ ਪਰਵਾਜ਼ ਨੂੰ ਹੋਰ ਅੱਗੇ ਲੈ ਕੇ ਜਾਈਏ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਿੱਥੇ ਕਿਤੇ ਕੋਈ ਗਲਤੀ ਵੀ ਲੱਗਦੀ ਹੈ, ਤਾਂ ਤੁਸੀਂ ਸੁਝਾਅ ਵੀ ਦਿਓਗੇ। ਹਾਲ ਅੰਦਰ ਮਹਿਮਾਨਾਂ ਦੀਆਂ ਰੌਣਕਾਂ ਦੇਖ ਕੇ ਅਨੁਰੀਤ ਕੌਰ ਨੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਇਹੋ ਜਿਹੀ ਸੁਪੋਰਟ ਭਵਿੱਖ ਵਿੱਚ ਵੀ ਰੱਖਿਓ; ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਆਪਣੇ ਨਾਲ ਆਉਣ ਵਾਲੀ ਪੀੜੀ ਨੂੰ ਵੀ ਜੋੜ ਕੇ ਰੱਖੀਏ। ਜਿਵੇਂ ਅਸੀਂ ਸਿੱਖ ਰਹੇ ਹਾਂ, ਉਵੇਂ ਉਹ ਵੀ ਸਿੱਖਣ ਤੇ ਅੱਗੇ ਵਧਦੇ ਜਾਣ।
ਉਪਰੰਤ ਰੇਡੀਓ ਰੌਣਕ ਮੇਲਾ ਚਲਾਉਂਦੇ ਰਹੇ ਪੰਮੀ ਗਿੱਲ ਨੇ ‘ਪੰਜਾਬੀ ਪਰਵਾਜ਼’ ਦੀ ਸ਼ਾਨ ਵਿੱਚ ਆਪਣੇ ਵਿਚਾਰ ਪ੍ਰਗਟਾਉਂਦਿਆਂ ਅਖਬਾਰ ਬਾਰੇ ਇੱਕ ਖੂਬਸੂਰਤ ਕਵਿਤਾ ਪੜ੍ਹੀ, “ਪਰਵਾਜ਼ ਹੈ ਪੰਜਾਬੀ ਬੋਲੀ ਦੀ, ਪਰਵਾਜ਼ ਹੈ ਸੱਚ ਦੀ…। ਅਮਰੀਕਾ ਦੀ ਧਰਤੀ ਤੋਂ ਪੰਜਾਬ ਨਾਲ ਜੋੜੇ ਤਾਰ…। ਸਮਾਜ ਦੇ ਮੁੱਦੇ, ਲੋਕਾਂ ਦੀ ਗੱਲ; ਸੱਚ ਲਿਖਣ ਦੀ ਹਿੰਮਤ ਨਾਲ ਹਰ ਪੰਨਾ ਬਣੇ ਮਿਸਾਲ…।”
ਡੀ.ਜੇ. ਉਤੇ ਇਹ ਗੀਤ ਵੀ ਚੱਲਦਾ ਰਿਹਾ:
ਤੁਸੀਂ ਖੰਭ ਦਿੱਤੇ ਪੰਜਾਬੀ ਪਰਵਾਜ਼ ਨੂੰ
ਹੌਸਲੇ ਬਖ਼ਸ਼ੇ ਸ਼ਬਦਾਂ ਦੀ ਪਰਵਾਜ਼ ਨੂੰ
ਮੀਡੀਆ ਦੇ ਖੇਤਰ ਵਿੱਚ ਪ੍ਰਣਾਇਆਂ ਨੂੰ
ਜਸ਼ਨ-ਏ-ਪਰਵਾਜ਼ ਉਤੇ ਜੀ ਆਇਆਂ ਨੂੰ।
ਅਸੀਸ ਕੌਰ ਨੇ ਸ. ਮਨਜੀਤ ਸਿੰਘ ਗਿੱਲ ਨੂੰ ਮੰਚ ਸੰਭਾਲਣ ਦਾ ਸੱਦਾ ਦਿੱਤਾ, ਜਿਨ੍ਹਾਂ ਆਪਣੇ ਸੁਚੱਜੇ ਅੰਦਾਜ਼ ਵਿੱਚ ਸਟੇਜ ਦੀ ਕਾਰਵਾਈ ਆਰੰਭ ਕੀਤੀ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਿਆ। ਉਨ੍ਹਾਂ ਸਾਰੇ ਮੁਅੱਜਜ਼ ਮਹਿਮਾਨਾਂ, ਮੁੱਖ ਮਹਿਮਾਨ ਲਖਬੀਰ ਸਿੰਘ ਢੀਂਡਸਾ, ‘ਪੰਜਾਬੀ ਪਰਵਾਜ਼’ ਦੇ ਬੋਰਡ ਮੈਂਬਰਾਂ, ਸਪਾਂਸਰਾਂ ਅਤੇ ਬੁਲਾਰਿਆਂ ਨੂੰ ਜੀ ਆਇਆਂ ਆਖੀ ਤੇ ਕਿਹਾ ਕਿ ਤੁਹਾਡੇ ਸਹਾਇਕ ਹੋਣ ਦੇ ਨਾਲ ਇਹ ਸਾਰਾ ਕੁਝ ਬਣਿਆ ਹੈ।
ਮੰਚ ਸੰਚਾਲਕ ਸ. ਗਿੱਲ ਨੇ ‘ਪੰਜਾਬੀ ਪਰਵਾਜ਼’ ਬਾਰੇ ਕਿਹਾ ਕਿ ਪਹਿਲੇ ਅੰਕ ਤੋਂ ਹੀ ਉੱਤਮ ਪੱਤਰਕਾਰੀ ਨਾਲ ਪਛਾਣ ਸਥਾਪਿਤ ਕਰਨ ਵਾਲਾ ਇਹ ਤੁਹਾਡਾ ਆਪਣਾ ਪੰਜਾਬੀ ਅਖਬਾਰ ਹੈ। ਇਹ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੀ ਵਿਆਪਕ ਤੇ ਭਾਵਨਾਤਮਕ ਕਵਰੇਜ ਲਈ ਸਰਗਰਮ ਹੈ। ਇਹ ਅਖਬਾਰ ਪੰਜਾਬੀ ਭਾਈਚਾਰੇ ਦੀਆਂ ਤਰਜੀਹਾਂ ਨੂੰ ਪਹਿਲ ਦਿੰਦਾ ਹੈ ਅਤੇ ਸੰਸਾਰ ਭਾਈਚਾਰੇ ਨਾਲ ਸਬੰਧਤ ਸੰਜੀਦਾ ਟਿੱਪਣੀਆਂ ਪੇਸ਼ ਕਰਦਾ ਹੈ। ‘ਪੰਜਾਬੀ ਪਰਵਾਜ਼’ ਦਾ ਹਰ ਅੰਕ ਨਰੋਈ ਜਾਣਕਾਰੀ ਵਾਲਾ ਹੁੰਦਾ ਹੈ। ਉਪਰੰਤ ਉਨ੍ਹਾਂ ‘ਪੰਜਾਬੀ ਪਰਵਾਜ਼’ ਦੇ ਕੁਲਜੀਤ ਸਿੰਘ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਉਹ ਪਿਛਲੇ 24 ਸਾਲਾਂ ਤੋਂ ਮੀਡੀਆ ਖੇਤਰ ਨਾਲ ਜੁੜੇ ਹੋਏ ਹਨ। ਕੁਲਜੀਤ ਦੀ ਪਤਨੀ ਅਨੁਰੀਤ ਕੌਰ ਅਤੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਸ਼ੀਰੀ ਤੇ ਮੀਡੀਆ ਸ਼ਖਸੀਅਤ ਸੁਸ਼ੀਲ ਦੋਸਾਂਝ ਅਖਬਾਰ ਦੇ ਕੰਮ ਵਿੱਚ ਹੱਥ ਵਟਾ ਰਹੇ ਹਨ। ਮੰਚ ਸੰਚਾਲਕ ਦੇ ਸੱਦੇ ਉਤੇ ਸਾਰੇ ਮਹਿਮਾਨਾਂ ਵੱਲੋਂ ਖੜ੍ਹੇ ਹੋ ਕੇ ਦਿੱਤੀ ਗਈ ਦਾਦ (ਸਟੈਂਡਿੰਗ ਓਵੇਸ਼ਨ) ਨੇ ਕੁਲਜੀਤ ਨੂੰ ਭਾਵੁਕ ਕਰ ਦਿੱਤਾ।
ਇਸ ਮੌਕੇ ਗੁਰਦੁਆਰਾ ਪੈਲਾਟਾਈਨ ਦੀ ਕਾਰਜਕਾਰੀ ਸਕੱਤਰ ਬੀਬਾ ਸੀਰਤ ਕੌਰ ਕਲੇਰ ਨੇ ਆਪਣੇ ਨਿੱਜੀ ਅਨੁਭਵਾਂ ਦੇ ਪ੍ਰਗਟਾਵੇ ਦੌਰਾਨ ਪੰਜਾਬੀ ਬੋਲੀ ਨੂੰ ਈਕੋ-ਸਿਸਟਮ ਰਾਹੀਂ ਅੱਗੇ ਵਧਾਉਣ ਦੀ ਗੱਲ ਕਹੀ। ਉਨ੍ਹਾਂ ਨੇ ਆਪਣੇ ਕੰਮ ਦੌਰਾਨ ਵੱਖ-ਵੱਖ ਮੁਲਕਾਂ ਨਾਰਥ ਅਮੈਰਿਕਾ, ਮਿਡਲ ਈਸਟ, ਯੂਰਪ ਆਦਿ ਦੇ ਦੌਰਿਆਂ ਸਮੇਂ ਦੇ ਕੁਝ ਅਨੁਭਵ ਸਾਂਝੇ ਕੀਤੇ ਕਿ ਉਥੇ ਕੰਪਨੀਆਂ ਦੇ ਸੀ.ਈ.ਓ. ਵਗੈਰਾ ਬੋਰਡ ਰੂਮ ਵਿੱਚ ਪੂਰੀਆਂ ਮੀਟਿੰਗਾਂ ਆਪਣੀ ਮਾਂ ਬੋਲੀ ਵਿੱਚ ਕਰਦੇ ਸੀ। ਦੂਜੇ ਪਾਸੇ, ਮੈਨੂੰ ਗੁੜਗਾਓਂ ਵਾਲੇ ਇੱਕ ਕੇਸ `ਤੇ ਕੰਮ ਕਰਨ ਦਾ ਮੌਕਾ ਮਿਲਿਆ। ਉਥੇ ਸਾਰੇ ਸਰਦਾਰ ਸਨ ਤੇ ਕਿਸੇ ਇੱਕ ਨੇ ਮੇਰੇ ਨਾਲ ਪੰਜਾਬੀ ਜਾਂ ਹਿੰਦੀ `ਚ ਗੱਲ ਨਹੀਂ ਕੀਤੀ। ਯੂਰਪ ਵਿੱਚ ਗੁਰਦੁਆਰਾ ਸਾਹਿਬ ਜਾਣ ਲਈ ਊਬਰ ਵਾਲੇ ਸਰਦਾਰ ਜੀ ਨੂੰ ਫਤਿਹ ਬੁਲਾਈ ਤਾਂ ਉਹ ਮੇਰੇ ਨਾਲ ਜਰਮਨ ਵਿੱਚ ਗੱਲ ਕਰਨ ਲੱਗ ਗਏ; ਹਾਲਾਂਕਿ ਮੈਂ ਪੰਜਾਬੀ ਸੂਟ ਤੇ ਹੱਥ `ਚ ਕੜਾ ਪਾਇਆ ਹੋਇਆ ਸੀ। ਮੈਨੂੰ ਇਹ ਗੱਲ ਸਿੱਖਣ ਨੂੰ ਮਿਲੀ ਕਿ ਜਦੋਂ ਆਪਾਂ ਬਾਹਰਲੇ ਮੁਲਕਾਂ ਵਿੱਚ ਜਾਂਦੇ ਹਾਂ, ਜਿੰਨੀ ਜਿੰਨੀ ਉਨ੍ਹਾਂ ਕੋਲ ਪਾਵਰ ਆਈ ਜਾਂਦੀ ਹੈ, ਉਹ ਆਪਣੀ ਮਾਂ ਬੋਲੀ ਨਾਲ ਲੈ ਕੇ ਤੁਰਦੇ ਹਨ; ਪਰ ਜਿੱਥੇ ਆਪਣੇ ਲੋਕਾਂ ਵਾਸਤੇ ਸੁਵਿਧਾਜਨਕ ਹੈ, ਉਥੇ ਵੀ ਆਪਾਂ ਪੰਜਾਬੀ ਬੋਲਣਾ ਭੁੱਲੀ ਜਾਂਦੇ ਹਾਂ।
ਸੀਰਤ ਕੌਰ ਕਲੇਰ ਨੇ ਕਿਹਾ ਕਿ ਜਦੋਂ ਆਪਾਂ ਸੋਚਦੇ ਹਾਂ, ਅਗਲੇ ਤੀਹ-ਚਾਲੀ ਸਾਲਾਂ ਵਿੱਚ ਦੁਨੀਆਂ ਕਿਵੇਂ ਦੀ ਹੋਊ, ਉਹੋ ਜਿਹੀ ਦੁਨੀਆਂ ਕਿੱਦਾਂ ਬਣੇ ਕਿ ਭਵਿੱਖ ਵਿੱਚ ਬੋਰਡ ਮੀਟਿੰਗਾਂ ਪੰਜਾਬੀ ਵਿੱਚ ਹੋਣ? ਉਸ ਨੇ ਕਿਹਾ ਕਿ ਉਹ ਦਿਨ ਤਾਂ ਗਏ ਜਦੋਂ ਆਪਾਂ ਹੱਥੀਂ ਪੰਜਾਬੀ ਲਿਖਦੇ ਸੀ, ਪਰ ਜਦੋਂ ਆਪਾਂ ਫੋਨ ਜਾਂ ਸੋਸ਼ਲ ਮੀਡੀਆ `ਤੇ ਕੋਈ ਮੈਸੇਜ ਲਿਖਦੇ ਹਾਂ, ਤਾਂ ਪੰਜਾਬੀ ਵਿੱਚ ਟਾਈਪ ਕੀਤੇ ਹੋਣ। ਪੰਜਾਬੀ ਪੜ੍ਹਨੀ ਜਾਂ ਲਿਖਣੀ ਹੀ ਕਾਫੀ ਨਹੀਂ, ਇਸ ਨੂੰ ਈਕੋ-ਸਿਸਟਮ ਵਿੱਚ ਸ਼ਾਮਲ ਵੀ ਕਰਨਾ ਹੈ; ਇੰਜ ਕੀਤਿਆਂ ਪੰਜਾਬੀ ਬੋਲੀ ਅੱਗੇ ਜਾਵੇਗੀ।
ਉਨ੍ਹਾਂ ਨੇ ਪੰਜਾਬੀ ਪੱਤਰਕਾਰੀ ਵਿੱਚ ‘ਪੰਜਾਬੀ ਪਰਵਾਜ਼’ ਦੀ ਮਿਹਨਤ ਦੀ ਸ਼ਲਾਘਾ ਕੀਤੀ, ਪਰ ਨਾਲ ਹੀ ਕੁਝ ਗੰਭੀਰ ਸਵਾਲ ਵੀ ਖੜੇ ਕੀਤੇ ਕਿ ਜੇ ਨਵੀਂ ਪੀੜੀ ਨੇ ਪੰਜਾਬੀ ਸਿੱਖ ਕੇ ਨਿਜੀ ਵਾਰਤਾਲਾਪ ਵਿੱਚ ਬੋਲੀ ਵਰਤੀ ਹੀ ਨਾ, ਜੇ ਕੋਈ ਪੰਜਾਬੀ ਪੜ੍ਹਨ ਵਾਲਾ ਹੀ ਨਾ ਹੋਵੇ ਤਾਂ ਆਪਾਂ ਕੀ ਕਰਾਂਗੇ? ਜੇ ਆਉਣ ਵਾਲੀ ਪੀੜੀ ਪੰਜਾਬੀ ਪੜ੍ਹ ਨਹੀਂ ਸਕਦੀ ਤਾਂ ਭਵਿੱਖ ਵਿੱਚ ਪੰਜਾਬੀ ਅਖਬਾਰ ਪੜ੍ਹੇਗਾ ਕੌਣ? ਉਨ੍ਹਾਂ ਕਿਹਾ ਕਿ ਬੱਚੇ ਘਰਾਂ ਵਿੱਚ ਪੰਜਾਬੀ ਨਾਲ ਜੁੜਨ; ਕਿਉਂਕਿ ਪੰਜਾਬ ਦੀਆਂ ਜੋ ਕਹਾਣੀਆਂ ਹਨ, ਪੰਜਾਬ ਦਾ ਜੋ ਦੁੱਖ-ਦਰਦ ਹੈ ਜਾਂ ਸੁੱਖ ਹੈ, ਉਹ ਆਪਾਂ ਪੰਜਾਬੀ ਵਿੱਚ ਹੀ ਦੱਸ ਸਕਦੇ ਹਾਂ।
‘ਪੰਜਾਬੀ ਪਰਵਾਜ਼’ ਦੇ ਬੋਰਡ ਮੈਂਬਰ ਅੰਮ੍ਰਿਤਪਾਲ ਸਿੰਘ ਗਿੱਲ ਨੇ ਅਖਬਾਰ ਦੀ ਮਹੱਤਤਾ ਉਤੇ ਨੁਕਤਾ ਕੇਂਦਰਿਤ ਕਰਦਿਆਂ ਕਿਹਾ ਕਿ ਅਖਬਾਰ ਦਾ ਲਾਹਾ ਕਿਵੇਂ ਲਈਏ! ਕਿਉਂਕਿ ਖਬਰਾਂ ਅੱਜ ਕੁਝ ਹੋਰ ਹਨ, ਕੱਲ੍ਹ ਕੁਝ ਹੋਰ; ਪਰ ਅਖਬਾਰ ਵਿੱਚ ਜੋ ਵਿਸ਼ਲੇਸ਼ਣਾਤਕ ਲੇਖ ਛਪੇ ਹੁੰਦੇ ਹਨ, ਉਹ ਪੜ੍ਹ ਕੇ ਵਿਚਾਰੀਏ। ਪੰਜਾਬ ਦਾ ਜੋ ਯੂਥ ਹੈ, ਉਨ੍ਹਾਂ ਦੀਆਂ ਗੱਡੀਆਂ ਜਾਂ ਟਰੈਕਟਰਾਂ ਉਤੇ ਭਗਤ ਸਿੰਘ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਾਂ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਹਨ। ਇਸ ਵਿੱਚ ਮਾੜੀ ਗੱਲ ਕੁਝ ਨਹੀਂ, ਪਰ ਇਨ੍ਹਾਂ ਤਿੰਨਾਂ ਦੀ ਵੱਖੋ-ਵੱਖਰੀ ਵਿਚਾਰਧਾਰਾ ਹੈ। ਅਸੀਂ ਕਿਸੇ ਵਿਚਾਰਧਾਰਾ ਦਾ ਸਮਰਥਨ ਤਾਂ ਹੀ ਕਰਦੇ ਹਾਂ, ਜਦੋਂ ਅਸੀਂ ਉਸ ਨੂੰ ਸਮਝਦੇ ਹਾਂ। ਵਿਚਾਰ ਅੱਜ ਕਿਸੇ ਦੇ ਹੋਰ ਹਨ, ਕੱਲ ਨੂੰ ਹੋਰ ਹੋਣਗੇ।
ਉਨ੍ਹਾਂ ਕਿਹਾ ਕਿ ਇੰਡੀਆ `ਚ ਹਾਲ ਹੀ ਵਿੱਚ ਜੋ ਨੌਜਵਾਨਾਂ ਨੇ ਐਜੀਟੇਸ਼ਨ ਕੀਤਾ, ਅਸਲ ਵਿੱਚ ਉਹ ਸਿਸਟਮ ਦੇ ਵਿਰੁੱਧ ਆਵਾਜ਼ ਉਠਾਈ ਗਈ ਹੈ। ਅਸੀਂ ਵੀ ਉਸ ਸਿਸਟਮ ਵਿੱਚੋਂ ਨਿਕਲ ਕੇ ਬਾਹਰ ਆਏ ਹਾਂ; ਪਰ ਸਿਸਟਮ ਕਿੰਨੇ ਹਨ ਕਿ ਇੱਕ ਨੂੰ ਦੂਜੇ ਨਾਲ ਬਦਲ ਲਈਏ? ਕੀ ਸਾਨੂੰ ਆਪਣੀਆਂ ਸਮੱਸਿਆਵਾਂ ਦੀ ਜਾਣਕਾਰੀ ਹੈ? ਜਦ ਅੱਜ ਅਸੀਂ ‘ਪੰਜਾਬੀ ਪਰਵਾਜ਼’ ਪੜ੍ਹਦੇ ਹਾਂ ਤਾਂ ਉਸ ਵਿਚਲੇ ਲੇਖ ਪੜ੍ਹ ਕੇ ਉਸ ਵਿੱਚੋਂ ਬੇਸਿਕ ਆਧਾਰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਪੰਜਾਬੀ ਪਰਵਾਜ਼’ ਵਧੀਆ ਉਪਰਾਲੇ ਕਰ ਰਿਹਾ ਹੈ ਤੇ ਪੜ੍ਹਨ ਲਈ ਫਰੀ ਮਿਲਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਆਪਾਂ ‘ਪੰਜਾਬੀ ਪਰਵਾਜ਼’ ਨੂੰ ਸਹਿਯੋਗ ਵੀ ਦੇਈਏ ਤੇ ਇਸ਼ਤਿਹਾਰਾਂ ਦੇ ਰੂਪ ਵਿੱਚ ਇਸ ਨੂੰ ਵਿੱਤੀ ਤੌਰ `ਤੇ ਮਜਬੂਤ ਵੀ ਕਰੀਏ।
ਵਿਸ਼ਵ ਪੰਜਾਬੀ ਸਭਾ-ਕੈਨੇਡਾ ਦੇ ਮੀਤ ਪ੍ਰਧਾਨ ਡਾ. ਦਰਸ਼ਨ ਦੀਪ ਅਰੋੜਾ ਨੇ ਅਮੈਰਿਕਾ-ਕੈਨੇਡਾ ਵਿੱਚ ਪੰਜਾਬੀਆਂ ਦੇ ਹਵਾਲੇ ਨਾਲ ਪੰਜਾਬੀ ਤੇ ਪੰਜਾਬੀਅਤ ਨਾਲ ਭਰਪੂਰ ਵਿਚਾਰਾਂ ਦਾ ਛੱਟਾ ਕੇਰਦਿਆਂ ਹਾਜ਼ਰੀਨ ਨੂੰ ਪੰਜਾਬੀ ਹੋਣ ਦੇ ਮਾਣ ਨਾਲ ਲਬਾਲਬ ਕਰ ਦਿੱਤਾ। ਉਨ੍ਹਾਂ ਮੰਚ `ਤੇ ਆਉਂਦਿਆਂ ਹੀ ਸ਼ੇਅਰ ਸੁਣਾਇਆ:
ਮਾਂ ਬੋਲੀ ਹੈ ਮਾਵਾਂ ਵਰਗੀ,
ਠੰਡੀਆਂ-ਮਿੱਠੀਆਂ ਛਾਵਾਂ ਵਰਗੀ
ਬਾਲਪੁਣੇ ਦੇ ਚਾਅਵਾਂ ਵਰਗੀ
ਸੱਜਣ ਦੀਆਂ ਖੁੱਲ੍ਹੀਆਂ ਬਾਹਵਾਂ ਵਰਗੀ
ਖੁੱਲ੍ਹੀਆਂ ਡੁੱਲ੍ਹੀਆਂ ਥਾਵਾਂ ਵਰਗੀ
ਮੇਰੇ ਪਿੰਡ ਨੂੰ ਜਾਂਦੇ ਰਾਹਵਾਂ ਵਰਗੀ
ਆਓ ਇਸ ਦੀ ਸ਼ਾਨ ਵਧਾਈਏ
ਇਹਦੇ ਸੋਹਲੇ ਰਲ-ਮਿਲ ਗਾਈਏ
ਕਿਉਂਕਿ ਬੋਲੀ ਨਾ ਰਹੀ, ਕਵਿਤਾਵਾਂ ਰੁਲ਼ ਜਾਣੀਆਂ
ਮਾਵਾਂ ਦੀਆਂ ਲੋਰੀਆਂ, ਦੁਆਵਾਂ ਰੁਲ਼ ਜਾਣੀਆਂ
ਐਡੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ
ਵੇਖਿਓ ਪੰਜਾਬੀਓ, ਪੰਜਾਬੀ ਨਾਲ ਭੁਲਾ ਦਿਓ।
ਡਾ. ਅਰੋੜਾ ਨੇ ਕਿਹਾ ਕਿ ‘ਪੰਜਾਬੀ ਪਰਵਾਜ਼’ ਕਿੱਡਾ ਖੂਬਸੂਰਤ ਨਾਮ ਹੈ। ਉਨ੍ਹਾਂ ਸਾਰੇ ਪੰਜਾਬੀ ਭੈਣ-ਭਰਾਵਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਦੂਰ ਤੋਂ ਪਰਵਾਜ਼ ਭਰੀ ਅਤੇ ਇੱਥੇ ਅਮੈਰਿਕਾ-ਕੈਨੇਡਾ ਵਿੱਚ ਆ ਕੇ ਆਪਣੇ ਆਪ ਨੂੰ ਅਡਜਸਟ ਕੀਤਾ। ਉਨ੍ਹਾਂ ਭਰਿਆ ਹਾਲ ਵੇਖ ਕੇ ਟਿੱਪਣੀ ਕੀਤੀ ਕਿ ਇੰਜ ਨਹੀਂ ਲੱਗ ਰਿਹਾ ਜਿਵੇਂ ਪੰਜਾਬ ਦੇ ਕਿਸੇ ਪੈਲੇਸ ਵਿੱਚ ਕੋਈ ਪ੍ਰੋਗਰਾਮ ਹੋ ਰਿਹਾ ਹੋਵੇ! ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਦਮ ਪੰਜਾਬੀ ਹੀ ਕਰ ਸਕਦੇ ਹਨ। ਉਨ੍ਹਾਂ ਇੱਕ ਹੋਰ ਸ਼ੇਅਰ ਸੁਣਾਇਆ:
ਹੱਸਣ ਦੀ ਕੋਈ ਰੀਸ ਨਹੀਂ ਹੈ
ਤੰਦਰੁਸਤੀ ਦੀ ਕੋਈ ਫੀਸ ਨਹੀਂ ਹੈ,
ਹੱਸਦੇ ਹਾਂ ਤਾਂ ਇਹਦਾ ਇਹ ਮਤਲਬ ਨਹੀਂ
ਸਾਨੂੰ ਕੋਈ ਤਕਲੀਫ ਨਹੀਂ ਹੈ।
ਜੰਗ ਦੇ ਬੱਦਲ ਜੱਗ `ਤੇ ਛਾਏ
ਲੱਗਦਾ ਮੌਸਮ ਠੀਕ ਨਹੀਂ ਹੈ,
ਸਾਡਾ ਕੰਮ ਉਡੀਕਦੇ ਰਹਿਣਾ
ਆਉਣ ਦੀ ਕੋਈ ਤਰੀਕ ਨਹੀਂ ਹੈ।
ਉਂਜ ਤੇ ਵੱਸਦੀ ਸਾਰੀ ਦੁਨੀਆਂ,
ਪਰ ਪੰਜਾਬੀਆਂ ਦੀ ਰੀਸ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੁਲਜੀਤ ਤੇ ਉਨ੍ਹਾਂ ਦਾ ਪਰਿਵਾਰ ਮਿਲ ਕੇ ‘ਪੰਜਾਬੀ ਪਰਵਾਜ਼’ ਜ਼ਰੀਏ ਜਿਸ ਤਰ੍ਹਾਂ ਅਮੈਰਿਕਾ ਵਿੱਚ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਲਈ ਕੰਮ ਕਰ ਰਿਹਾ ਹੈ, ਇਹ ਮਾਂ ਬੋਲੀ ਦੀ ਸੇਵਾ ਵਿੱਚ ਵੱਡਾ ਉਦਮ ਹੈ; ਕਿਉਂਕਿ:
ਆਪਣੇ ਵਿਰਸੇ ਦਾ ਜਿਨ੍ਹਾਂ ਨੂੰ ਅਹਿਸਾਸ ਨਹੀਂ ਹੁੰਦਾ
ਐਸੇ ਲੋਕਾਂ ਦਾ ਕਦੇ ਕੋਈ ਇਤਿਹਾਸ ਨਹੀਂ ਹੁੰਦਾ।
ਇਸ ਮੌਕੇ ਡਾ. ਅਰੋੜਾ ਨੇ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਕੈਨੇਡਾ ਤੋਂ ਚਲਾਏ ਜਾ ਰਹੇ ਦੇ ਆਨਲਾਈਨ ਪਰਚੇ ‘ਵਿਸ਼ਵ ਪੰਜਾਬੀ ਸਾਂਝ’ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਕਥੂਰੀਆ ਨੇ ਬਰੈਂਪਟਨ ਵਿੱਚ ਵਿਸ਼ਵ ਪੰਜਾਬੀ ਭਵਨ ਆਡੀਟੋਰੀਅਮ ਬਣਾਇਆ ਹੈ, ਪਰ ਖੂਬਸੂਰਤੀ ਇਹ ਹੈ ਕਿ ਮਾਂ ਬੋਲੀ ਜਾਂ ਪੰਜਾਬੀਅਤ ਬਾਰੇ ਕਿਸੇ ਵੀ ਪੰਜਾਬੀ ਪ੍ਰੋਗਰਾਮ ਲਈ ਉਹ ਆਡੀਟੋਰੀਅਮ ਫਰੀ ਸਮਰਪਿਤ ਕੀਤਾ ਹੋਇਆ ਹੈ। ਡਾ. ਅਰੋੜਾ ਨੇ ਹਾਜ਼ਰੀਨ ਨੂੰ 2, 3 ਅਤੇ 4 ਅਕਤੂਬਰ ਨੂੰ ਕੈਨੇਡਾ ਵਿੱਚ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਅਜਿਹੀਆਂ ਸੰਸਥਾਵਾਂ ਵੀ ਹਨ, ਜੋ ਪ੍ਰੋਗਰਾਮਾਂ ਵਿੱਚ ਪੰਜਾਬ ਤੋਂ ਬੰਦੇ ਬੁਲਾਉਣ ਲਈ ਪੈਸੇ ਲੈਂਦੀਆਂ ਹਨ, ਅਜਿਹੇ ਲੋਕ ਸੇਵਾ ਦੇ ਨਾਂ `ਤੇ ਪੰਜਾਬੀ ਮਾਂ ਬੋਲੀ ਨਾਲ ਧ੍ਰੋਹ ਕਰਦੇ ਹਨ। ਅਜਿਹੇ ਲੋਕਾਂ ਲਈ ਉਨ੍ਹਾਂ ਵਿਅੰਗਾਤਮਕ ਸਤਰਾਂ ਸੁਣਾਈਆਂ:
ਚਾਦਰ ਤੋਂ ਕਿਉਂ ਬਾਹਰ ਪੈਰ ਪਸਾਰੀ ਜਾਂਦੇ ਹੋ
ਮਾਂ ਬੋਲੀ ਪੰਜਾਬੀ ਕਿਉਂ ਮਨੋਂ ਵਿਸਾਰੀ ਜਾਂਦੇ ਹੋ।
ਲੱਗੀ ਨਜ਼ਰ ਪੰਜਾਬ ਨੂੰ ਕੁਰਬਾਨੀਆਂ ਮੰਗਦੀ ਹੈ
ਕਿਉਂ ਮਿਰਚਾਂ ਦੇ ਨਾਲ ਇਸ ਦੀ ਨਜ਼ਰ ਉਤਾਰੀ ਜਾਂਦੇ ਹੋ।
ਵਾਰਸ ਹੋ ਤਾਂ ਵਾਰਸ ਬਣ ਕੇ ਰਹੋ ਪੰਜਾਬੀ ਦੇ
ਕਿਉਂ ਮਾਲੀ ਬਣ ਕੇ ਖੁਦ ਹੀ ਬਾਗ ਉਜਾੜੀ ਜਾਂਦੇ ਹੋ।
ਵਿਸ਼ਵ ਪੰਜਾਬੀ ਸਭਾ-ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ‘ਪੰਜਾਬੀ ਪਰਵਾਜ਼ ਨਾਈਟ’ ਦੀ ਤਾਰੀਫ ਕਰਦਿਆਂ ਕਿਹਾ ਕਿ ਬਹੁਤ ਚੰਗਾ ਉਦਮ ਹੈ ਅਤੇ ਬੜੀ ਖੁਸ਼ੀ ਹੈ ਕਿ ਅਸੀਂ ਪੰਜਾਬ ਤੋਂ ਪਰਵਾਸ ਕਰ ਕੇ ਆਏ ਹੋਏ ਪੰਜਾਬੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਬੱਚਿਆਂ ਨੂੰ ਸਟੇਜ ਤੋਂ ਪੰਜਾਬੀ ਬੋਲਦਿਆਂ ਸੁਣ ਕੇ ਮਾਣ ਮਹਿਸੂਸ ਹੋ ਰਿਹਾ ਸੀ। ਇਸ ਮੌਕੇ ਉਨ੍ਹਾਂ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਦੱਸਿਆ ਕਿ ਉਥੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਗੱਲਾਂ ਹੋਣਗੀਆਂ, ਪਰਚੇ ਪੜ੍ਹੇ ਜਾਣਗੇ ਅਤੇ ਆਉਣ ਵਾਲੀ ਪੀੜੀ ਨੂੰ ਪੰਜਾਬੀ ਨਾਲ ਕਿਵੇਂ ਜੋੜਨਾ ਹੈ- ਬਾਰੇ ਵਿਚਾਰਾਂ ਹੋਣਗੀਆਂ। ਉਨ੍ਹਾਂ ਇਹ ਸਤਰਾਂ ਸੁਣਾ ਕੇ ਆਪਣੀ ਤਕਰੀਰ ਸਮਾਪਤ ਕੀਤੀ:
ਆਪਣੀ ਬੋਲੀ ਉਤੇ ਸਾਨੂੰ ਮਾਣ ਹੋਣਾ ਚਾਹੀਦਾ
ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ।
ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ
ਵੇਖਿਓ ਪੰਜਾਬੀਓ, ਪੰਜਾਬੀ ਨਾਲ ਭੁਲਾ ਦਿਓ।
ਵਿਸ਼ਵ ਪੰਜਾਬੀ ਫਾਊਂਡੇਸ਼ਨ-ਕੈਨੇਡਾ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਡਾ. ਦਰਸ਼ਨ ਸਿੰਘ ਹਰਵਿੰਦਰ ਨੇ ਪੱਤਰਕਾਰੀ ਨਾਲ ਜੁੜੇ ਆਪਣੇ ਸੰਖੇਪ ਕਿੱਸੇ ਸਾਂਝੇ ਕੀਤੇ ਅਤੇ ਕਿਹਾ ਕਿ ਕੁਲਜੀਤ ਨਾਲ ਮੇਰੀ ਪੁਰਾਣੀ ਸਾਂਝ ਹੈ ਤੇ ਸੋਲ੍ਹਾਂ ਸਾਲ ਬਾਅਦ ਅਸੀਂ ਮੁੜ ਸ਼ਿਕਾਗੋ ਵਿੱਚ ਮਿਲੇ ਹਾਂ (ਜ਼ਿਕਰਯੋਗ ਹੈ ਕਿ ਡਾ. ਦਰਸ਼ਨ ਸਿੰਘ ਹਰਵਿੰਦਰ ਤੇ ਕੁਲਜੀਤ ਦਿਆਲਪੁਰੀ ‘ਪੰਜਾਬੀ ਟ੍ਰਿਬਿਊਨ’ ਵਿੱਚ ਬਤੌਰ ਪੱਤਰਕਾਰ ਕੰਮ ਕਰਦੇ ਰਹੇ ਹਨ)।
ਉਨ੍ਹਾਂ ਨੇ ਅਜੋਕੇ ਹਾਲਾਤ ਦਾ ਤਨਜ਼ੀਆ ਬਿਆਨ ਕੀਤਾ ਕਿ ਜੇ ਕਿਸੇ ਨਾਲ ਦੁਸ਼ਮਣੀ ਕੱਢਣੀ ਹੋਵੇ ਤਾਂ ਉਸ ਨੂੰ ਪੰਜਾਬੀ ਪੱਤਰਕਾਰੀ ਦੀ ਲਤ ਲਾ ਦਿਓ। ਪੰਜਾਬੀ ਪੱਤਰਕਾਰੀ ਬਹੁਤ ਮੁਸ਼ਕਿਲ ਸਮੇਂ ਵਿੱਚੋਂ ਲੰਘੀ ਹੈ ਅਤੇ ਖੇਤਰੀ ਭਾਸ਼ਾਵਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ। ਚੰਗੀ ਪੱਤਰਕਾਰੀ ਅਜਿਹਾ ਪੈਂਡਾ ਹੈ ਜੋ ਅਲੱਗ ਪਹਿਚਾਣ ਤੇ ਸ਼ੋਹਰਤ ਦਿੰਦੀ ਹੈ; ਪਰ ਦੁੱਖ ਇਸ ਗੱਲ ਦਾ ਹੈ, ਪੱਤਰਕਾਰੀ ਇਸ ਮੁਕਾਮ `ਤੇ ਪਹੁੰਚ ਚੁਕੀ ਹੈ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਅਸੀਂ ਆਪਣੇ-ਆਪ ਨੂੰ ਅਪਮਾਨਤ ਮਹਿਸੂਸ ਕਰਦੇ ਹਾਂ। ਮੈਂ ਇਸ (ਕੁਲਜੀਤ) ਨੂੰ ਸਲੂਟ ਕਰਦਾ ਹਾਂ ਕਿ ਇਸ ਜੱਦੋ-ਜਹਿਦ ਵਿੱਚ ਇਸ ਨੇ ਹੌਸਲਾ ਨਹੀਂ ਹਾਰਿਆ।
ਸਮਾਗਮ ਦੇ ਮੁੱਖ ਬੁਲਾਰੇ ਪ੍ਰਸਿੱਧ ਨਾਟਕਕਾਰ ਤੇ ਸਾਹਿਤ ਅਕਾਦਮੀ ਅਵਾਰਡ ਜੇਤੂ ਡਾ. ਆਤਮਜੀਤ ਸਿੰਘ ਨੇ ਤਾਰੀਫ ਕਰਦਿਆਂ ਕਿਹਾ ਕਿ ਇਹ ਬਹੁਤ ਆਰਗੇਨਾਈਜ਼ਡ ਫੰਕਸ਼ਨ ਹੈ ਤੇ ਕੰਮ ਦੀਆਂ ਗੱਲਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵੱਡੇ ਦੇਸ਼ਾਂ ਵਿੱਚ ਜਿਹੜੇ ਛੋਟੀਆਂ ਭਾਸ਼ਾਵਾਂ ਵਾਲੇ ਅਖਬਾਰ ਹੁੰਦੇ ਹਨ, ਮੇਨ ਸਟਰੀਮ (ਮੁੱਖ ਧਾਰਾ) ਦੇ ਅਖਬਾਰਾਂ ਨਾਲੋਂ ਉਨ੍ਹਾਂ ਦਾ ਕਾਰਜ ਵੱਖਰਾ ਹੁੰਦਾ ਹੈ। ਇਹ ਸਾਨੂੰ ਸਾਡੇ ਪੁਰਾਣੇ ਸਮਾਜ, ਜੋ ਅਸੀਂ ਛੱਡ ਕੇ ਆਏ ਹਾਂ, ਨਾਲ ਜੋੜਦੇ ਹਨ; ਇਹ ਸਾਨੂੰ ਜੋ ਸਾਡੇ ਇੱਥੋਂ ਦੇ ਸਮਾਜ ਵਿੱਚ, ਜੋ ਧਾਰਮਿਕ ਖੇਤਰ ਵਿੱਚ ਵਾਪਰ ਰਿਹਾ, ਜੋ ਭਾਈਚਾਰੇ ਵਿੱਚ ਵਾਪਰ ਰਿਹਾ ਹੈ- ਇਨ੍ਹਾਂ ਨਾਲ ਜੋੜਦੇ ਹਨ। ਇਹ ਸਾਨੂੰ ਸਾਡੇ ਇਤਿਹਾਸ ਤੇ ਸਾਹਿਤ ਨਾਲ ਜੋੜਦੇ ਹਨ; ਇਹ ਕੰਮ ਕੁਲਜੀਤ ਬਹੁਤ ਖੂਬਸੂਰਤੀ ਨਾਲ ਕਰ ਰਿਹਾ ਹੈ।
ਡਾ. ਆਤਮਜੀਤ ਨੇ ਕਿਹਾ ਕਿ ਮੈਂ ਕੁਲਜੀਤ ਦਾ ਪ੍ਰਸ਼ੰਸਕ ਉਦੋਂ ਬਣਿਆ, ਜਦੋਂ ਇੱਥੇ 3-4 ਸਾਲ ਪਹਿਲਾਂ ਪੰਜਾਬੀ ਬੋਲੀ ਬਾਰੇ ਖੇਡੇ ਨਾਟਕ ‘ਸਾਹਨੀ ਸੱਚ ਕਹਿੰਦਾ ਸੀ’ ਬਾਰੇ ਇਹਦਾ ਲਿਖਿਆ ਰਿਵਿਊ ਪੜ੍ਹਿਆ ਸੀ। ਅਰਥਾਂ ਦੀਆਂ ਜਿਸ ਤਰ੍ਹਾਂ ਇਸ ਨੇ ਤਹਿਆਂ ਬਣਾਈਆਂ ਸਨ, ਉਹ ਪੜ੍ਹ ਕੇ ਮੈਨੂੰ ਖੁਸ਼ੀ ਹੋਈ ਸੀ ਕਿ ਸ਼ਿਕਾਗੋ ਵਿੱਚ ਬੈਠਾ ਇੱਕ ਲਕੜਾ ਇੰਨੀ ਡੂੰਘਾਈ ਤੇ ਵਿਸਥਾਰ ਨਾਲ ਇਸ ਤਰ੍ਹਾਂ ਦਾ ਲਿਖ ਸਕਦਾ ਹੈ! ਉਦੋਂ ਮੈਨੂੰ ਉਮੀਦ ਹੋ ਗਈ ਸੀ ਕਿ ਇਹਦੇ ਵਿੱਚ ਬਹੁਤ ਸਾਰਾ ਸਾਹਿਤਕ, ਸੱਭਿਆਚਾਰਕ ਤੇ ਪੱਤਰਕਾਰਤਾ ਵਾਲਾ ਅੰਸ਼ ਹੈ।
ਇਸ ਮੌਕੇ ਉਨ੍ਹਾਂ ਆਪਣੀ ਗਹਿਰ-ਗੰਭੀਰ ਤੇ ਠੰਡੇ ਮਸਤਕ ਨਾਲ ਵਿਚਾਰਨ ਵਾਲੀ ਤਕਰੀਰ ਰਾਹੀਂ ਕੁਝ ਨੁਕਤੇ ਵੀ ਸੁਝਾਏ। ਉਨ੍ਹਾਂ ਕਿਹਾ ਕਿ ਅਖਬਾਰ ਇੱਕ ਹੋਵੇ, ਦੋ ਹੋਣ ਜਾਂ ਚਾਰ ਹੋਣ- ਕਮਿਊਨਿਟੀ ਉਸ ਨੂੰ ਅਪਣਾਏਗੀ। ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਵਿੱਚ ਉਹ ਲੋਕ ਹਨ, ਜੋ ਸੁਪੋਰਟ ਕਰ ਸਕਦੇ ਹਨ। ਜਿਨ੍ਹਾਂ ਕੋਲ ਰੱਬ ਦੇ ਦਿੱਤੇ ਸਾਧਨ ਹਨ, ਉਹ ਉਨ੍ਹਾਂ ਨਾਲ ਇਨ੍ਹਾਂ ਕੋਸ਼ਿਸ਼ਾਂ ਨੂੰ ਸਹਿਯੋਗ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਿੰਦੋਸਤਾਨੀ ਭਾਸ਼ਾਵਾਂ ਦੇ ਅਮੈਰਿਕਾ ਵਿੱਚ 5-6 ਐਸੇ ਅਖਬਾਰ ਹੈਨ, ਜੋ ਕਿਸੇ ਇੱਕ ਚੀਜ਼ ਨੂੰ ਸਪੈਸ਼ੇਲਾਈਜ਼ ਵੀ ਕਰਦੇ ਹਨ। ਲੋਕ ਗੁਜਰਾਤੀ ਦਾ ਅਖਬਾਰ ਇਸ ਲਈ ਚੁੱਕਣ ਜਾਂਦੇ ਹਨ ਕਿ ਉਸ ਵਿੱਚ ਘਰ-ਪਰਿਵਾਰ ਦੀਆਂ ਸਮੱਸਿਆਵਾਂ ਦਾ ਜ਼ਿਕਰ ਹੁੰਦਾ ਹੈ। ਅਖਬਾਰ ‘ਪੰਜਾਬ ਮੇਲ’ ਇਮੀਗ੍ਰੇਸ਼ਨ ਨਾਲ ਸਬੰਧਤ ਸਮੱਸਿਆਵਾਂ ਦੀ ਚਰਚਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਗੰਭੀਰਤਾ ਅਤੇ ਸੁਹਿਰਦਤਾ ‘ਪੰਜਾਬੀ ਪਰਵਾਜ਼’ ਦਿਖਾ ਰਿਹਾ ਹੈ, ਇਸ ਨੂੰ ਵੀ ਕਿਸੇ ਇੱਕ ਮੁਹਾਰਤ ਵੱਲ ਤੋਰਿਆ ਜਾਵੇ। ਇਨ੍ਹਾਂ ਮੁਲਕਾਂ ਵਿੱਚ ਸਭ ਤੋਂ ਜ਼ਰੂਰੀ ਰੋਜ਼ੀ-ਰੋਟੀ ਹੈ। ਇਸ ਤੋਂ ਬਾਅਦ ਸਾਡਾ ਆਪਣਾ ਘਰ ਹੈ- ਯਾਨੀ ਆਪਣੇ ਆਪ ਨਾਲ ਜੁੜੇ ਰਹੀਏ, ਆਪਣੇ ਆਪ ਨੂੰ ਅਸੀਂ ਸਮਝੀਏ; ਦੂਜਾ, ਆਪਣੇ ਬੱਚਿਆਂ ਦਾ ਫਿਕਰ, ਉਨ੍ਹਾਂ ਦੀ ਬੋਲੀ ਦਾ ਫਿਰਕ; ਤੇ ਤੀਜਾ ਸਾਡੇ ਬਜ਼ੁਰਗਾਂ ਦਾ ਫਿਰਕ, ਖਾਸ ਕਰ ਜੋ ਵਡੇਰੀ ਉਮਰ ਵਿੱਚ ਇੱਥੇ ਆਏ ਹਨ, ਉਨ੍ਹਾਂ ਨਾਲ ਤਾਲਮੇਲ ਦੀਆਂ ਸਮੱਸਿਆਵਾਂ ਹਨ- ਇਨ੍ਹਾਂ ਬਾਰੇ ਲਿਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਆਪਣੀ ਹੋਂਦ ਦਾ ਮਾਣ ਕਿਉਂ ਨਹੀਂ ਦੇ ਪਾ ਰਹੇ? ਅਸੀਂ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਦੱਸ ਸਕਦੇ ਹਾਂ ਤੇ ਬੱਚਾ ਉਸ `ਤੇ ਮਾਣ ਵੀ ਕਰਦਾ ਹੈ। ਅੱਜ ਅਸੀਂ ਸਭ ਕੁਝ ਹਾਂ, ਪਰ ਦੱਸ ਨਹੀਂ ਰਹੇ, ਜਦਕਿ ਸਾਨੂੰ ਬੱਚਿਆਂ ਨੂੰ ਆਪਣੇ ਭਾਈਚਾਰੇ ਦੀਆਂ ਸੰਸਾਰ ਪ੍ਰਸਿੱਧ ਸ਼ਖਸੀਅਤਾਂ ਬਾਰੇ ਦੱਸਣਾ ਚਾਹੀਦਾ ਹੈ। ਉਨ੍ਹਾਂ ਨੇ ਕੁਝ ਸ਼ਖਸੀਅਤਾਂ ਦੇ ਨਾਵਾਂ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਸੰਖੇਪ ਹਵਾਲਾ ਵੀ ਦਿੱਤਾ। ਉਨ੍ਹਾਂ ‘ਪੰਜਾਬੀ ਪਰਵਾਜ਼’ ਨੂੰ ਅਜਿਹੇ ਵਿਸ਼ਿਆਂ `ਤੇ ਕੰਮ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਤੁਹਾਨੂੰ ਚੰਗੇ ਲੋਕਾਂ ਦਾ ਸਾਥ ਹੈ। ਕਾਸ਼! ਮੇਰੇ ਕੋਲ ਪੈਸਾ ਹੁੰਦਾ, ਮੈਂ ਦੇ ਕੇ ਜਾਂਦਾ।
ਡਾ. ਆਤਮਜੀਤ ਨੇ ਆਏ ਸਾਰੇ ਮਹਿਮਾਨਾਂ ਤੋਂ ਉਮੀਦ ਕਰਦਿਆਂ ਕਿਹਾ ਕਿ ਤੁਸੀਂ ‘ਪੰਜਾਬੀ ਪਰਵਾਜ਼’ ਨੂੰ ਪਹਿਲਾਂ ਨਾਲੋਂ ਵੀ ਵੱਧ ਸੁਪੋਰਟ ਕਰੋਗੇ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਇਹ ਪੰਦਰਵਾੜਾ ਅਖਬਾਰ ਹਫਤਾਵਾਰੀ ਵੀ ਬਣ ਜਾਏਗਾ। ਉਨ੍ਹਾਂ ਕਿਹਾ ਕਿ ਕੰਪੀਟਿਸ਼ਨ ਤੋਂ ਬਗੈਰ ਕੋਈ ਅੱਗੇ ਨਹੀਂ ਨਿਕਲਦਾ, ਇਹ ਜ਼ਰੂਰੀ ਹੈ ਤਾਂ ਕਿ ਤੁਹਾਡਾ ਜਜ਼ਬਾ ਬਣਿਆ ਰਹੇ। ਅਖੀਰ ਵਿੱਚ ਉਨ੍ਹਾਂ ਅਸੀਸ ਕੌਰ ਨੂੰ ਅਸੀਸ ਦਿੰਦਿਆਂ ਖੁਸ਼ੀ ਪ੍ਰਗਟਾਈ ਕਿ ਉਸ ਨੇ ਜੋ ਵੀ ਸਟੇਜ ਤੋਂ ਬੋਲਿਆ, ਬਹੁਤ ਅੱਛਾ ਸੀ। ਪਰ ਜਾਂਦਿਆਂ ਜਾਂਦਿਆਂ ਡਾ. ਆਤਮਜੀਤ ਵਿਅੰਗ ਵੀ ਕੱਸ ਗਏ ਕਿ ਕੁਲਜੀਤ ਨੇ ਸ਼ਰਤ ਰੱਖੀ ਸੀ ਕਿ ਸਵਾ ਸੱਤ ਵਜੇ ਤੋਂ ਲੇਟ ਨਹੀਂ ਹੋਣਾ, ਪਰ ਮੈਂ ਪੌਣੇ ਸੱਤ ਹੀ ਪਹੁੰਚ ਗਿਆ ਸੀ… ਬਾਕੀ ਤੁਹਾਨੂੰ ਸਭ ਪਤਾ! ਅਸਲ ਵਿੱਚ ਕੁਝ ਮਹਿਮਾਨਾਂ ਦੀ ਉਡੀਕ ਵਿੱਚ ਸਮਾਗਮ ਥੋੜ੍ਹਾ ਪੱਛੜ ਕੇ ਸ਼ੁਰੂ ਹੋਇਆ ਸੀ।
ਤਕਰੀਰਾਂ ਉਪਰੰਤ ਸ. ਗਿੱਲ ਨੇ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦਾ ਸ਼ੇਅਰ ਸੁਣਾਇਆ: “ਤੂੰ ਇਨ੍ਹਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ, ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ!”
ਸਮਾਗਮ ਦੇ ਦੂਜੇ ਹਿੱਸੇ ਦਾ ਸੰਚਾਲਨ ਕਰਦਿਆਂ ਡਾ. ਹਰਜਿੰਦਰ ਸਿੰਘ ਖਹਿਰਾ ਨੇ ਖੂਬਸੂਰਤ ਸ਼ਾਮ ਦਾ ਹਿੱਸਾ ਬਣਨ ਲਈ ਸਭਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਿਸੇ ਵੀ ਅਖਬਾਰ ਦੀ ਤਾਕਤ ਉਸ ਦੇ ਪਾਠਕ ਤੇ ਭਾਈਚਾਰਾ ਹੁੰਦਾ ਹੈ। ਉਨ੍ਹਾਂ ਕਿਹਾ, ਜਿਵੇਂ ਇਸ ਦੇ ਨਾਮ ਤੋਂ ਸਾਫ ਹੁੰਦਾ ਹੈ, ਇਸ ਅਖਬਾਰ ਨੇ ਸਾਡੀ ਮਾਂ ਬੋਲੀ, ਸਾਡੇ ਸੱਭਿਆਚਾਰ ਅਤੇ ਸਾਡੀ ਸੋਚ ਨੂੰ ਇੱਕ ਨਵੀਂ ਤੇ ਉਚੀ ਪਰਵਾਜ਼ ਦਿੱਤੀ ਹੈ। ਅੱਜ ਦੇ ਦੌਰ ਵਿੱਚ ਜਿੱਥੇ ਸੱਚੀ ਪੱਤਰਕਾਰੀ ਦੀ ਲੋੜ ਹੈ, ‘ਪੰਜਾਬੀ ਪਰਵਾਜ਼’ ਨੇ ਨਿਰਪੱਖਤਾ, ਇਮਾਨਦਾਰੀ ਤੇ ਸੱਚਾਈ ਦਾ ਪੱਲਾ ਫੜੀ ਰੱਖਿਆ ਹੈ।
ਇਸ ਮੌਕੇ ਉਨ੍ਹਾਂ ਅਖਬਾਰ ਦੀ ਬੈਕ-ਬੋਨ ਯਾਨੀ ਬੋਰਡ ਮੈਂਬਰਾਂ ਤੇ ਸਪਾਂਸਰਾਂ ਵੱਲੋਂ ਵਿੱਤੀ ਤੇ ਇਖਲਾਕੀ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ, ਜਿਸ ਕਰ ਕੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ‘ਪੰਜਾਬੀ ਪਰਵਾਜ਼’ ਦੀ ਪਰਵਾਜ਼ ਹੋਰ ਉਚੀ ਹੋ ਰਹੀ ਹੈ। ਉਨ੍ਹਾਂ ਬੋਰਡ ਮੈਂਬਰਾਂ ਨੂੰ ਸਟੇਜ ਉਤੇ ਆਉਣ ਦਾ ਸੱਦਾ ਦਿੱਤਾ, ਜਿਨ੍ਹਾਂ ਵਿੱਚ ਸ਼ਾਮਲ ਹਨ: ਬਲਵਿੰਦਰ ਸਿੰਘ (ਬੌਬ) ਸੰਧੂ, ਮਨਜਿੰਦਰ ਸਿੰਘ (ਮੈਕ) ਭਮਰਾ, ਦਵਿੰਦਰ ਸਿੰਘ ਰੰਗੀ, ਗੁਰਿੰਦਰਜੀਤ ਸਿੰਘ ਗਰੇਵਾਲ, ਦੀਦਾਰ ਸਿੰਘ ਧਨੋਆ, ਅਮਰਜੀਤ ਸਿੰਘ ਢੀਂਡਸਾ, ਬੇਅੰਤ ਸਿੰਘ ਬੋਪਾਰਾਏ, ਜੋਧ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਗਿੱਲ, ਬਲਵਿੰਦਰ ਸਿੰਘ ਚੱਠਾ, ਕਿਰਪਾਲ ਸਿੰਘ ਰੰਧਾਵਾ, ਗੁਰਵਿੰਦਰ ਸਿੰਘ (ਬੱਬੂ) ਐਪਲਟਨ, ਲਖਵੀਰ ਸਿੰਘ (ਲੱਕੀ) ਸਹੋਤਾ, ਬਿਕਰਮ ਸਿੰਘ ਸਿੱਧੂ, ਮਨਮਿੰਦਰ ਸਿੰਘ ਹੀਰ, ਗੁਰਪ੍ਰੀਤ ਕੇ. ਸਿੰਘ, ਦਰਸ਼ਨ ਸਿੰਘ ਪੰਮਾ, ਪਰਮਜੀਤ ਸਿੰਘ ਸਿੱਧੂ, ਇੰਦਰ ਹੁੰਜਣ, ਜਿਗਰਦੀਪ ਸਿੰਘ ਢਿੱਲੋਂ, ਅਮਨਦੀਪ ਸਿੰਘ ਕੁਲਾਰ ਅਤੇ ਹਰਕੇਵਲ ਸਿੰਘ ਲਾਲੀ।
ਬੋਰਡ ਮੈਂਬਰ ਮਨਜਿੰਦਰ ਸਿੰਘ (ਮੈਕ) ਭਮਰਾ ਕੁਝ ਸਮਾਂ ਰੁਕੇ ਅਤੇ ਕੋਈ ਹੋਰ ਰੁਝੇਵਾਂ ਹੋਣ ਕਾਰਨ ਮਾਲੀ ਇਮਦਾਦ ਦੇ ਕੇ ਚਲੇ ਗਏ। ਬੋਰਡ ਮੈਂਬਰ ਅਮਰੀਕ ਸਿੰਘ ਸ਼ਿਕਾਗੋ ਬੇਸ਼ੱਕ ਆਪਣੀ ਪਤਨੀ ਦੀ ਸਿਹਤ ਦੀ ਸਮੱਸਿਆ ਕਾਰਨ ਪਹੁੰਚ ਨਹੀਂ ਸਕੇ, ਪਰ ਉਨ੍ਹਾਂ ਸ਼ੁਭ-ਕਾਮਨਾਵਾਂ ਭੇਜਦਿਆਂ ‘ਪੰਜਾਬੀ ਪਰਵਾਜ਼’ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਕੁਝ ਬੋਰਡ ਮੈਂਬਰ- ਇੰਡੀਆਨਾ ਤੋਂ ਯਾਦਵਿੰਦਰ ਸਿੰਘ (ਰਿੰਪੀ) ਖੱਟੜਾ, ਲਾਲੀ ਧਾਲੀਵਾਲ (ਮਿਸ਼ੀਗਨ), ਬਲਜੀਤ ਸਿੰਘ ਸਿੱਧੂ (ਫਲੋਰਿਡਾ), ਜਗਜੀਤ ਸਿੰਘ ਖੇੜਾ (ਓਕਲਾਹੋਮਾ), ਪਰਮਿੰਦਰ ਸਿੰਘ ਯੂਬਾ ਸਿਟੀ (ਕੈਲੀਫੋਰਨੀਆ), ਮਿੰਨੀ ਮੁਲਤਾਨੀ ਅਤੇ ਬਿਕਰਮ ਸਿੰਘ ਸੋਹੀ ਕਾਰੋਬਾਰੀ ਰੁਝੇਵਿਆਂ ਜਾਂ ਪਰਿਵਾਰਕ ਸਮਾਗਮਾਂ ਕਾਰਨ ਆ ਨਹੀਂ ਸਕੇ, ਪਰ ਉਨ੍ਹਾਂ ਆਪਣੀਆਂ ਸ਼ੁਭ-ਕਾਮਨਾਵਾਂ ਭੇਜੀਆਂ ਹਨ।
ਸਮਾਗਮ ਦੌਰਾਨ ਬੋਰਡ ਮੈਂਬਰਾਂ ਦੀ ਗਰੁੱਪ ਤਸਵੀਰ ਉਪਰੰਤ ਮੰਚ ਸੰਚਾਲਕ ਡਾ. ਖਹਿਰਾ ਨੇ ਸਤਿਕਾਰਯੋਗ ਸ਼ਖਸੀਅਤ, ਕਾਰੋਬਾਰ ਦੀ ਦੁਨੀਆ ਵਿੱਚ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰਨ ਵਾਲੇ ਉਦਮੀ ਲਖਬੀਰ ਸਿੰਘ ਢੀਂਡਸਾ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ‘ਪੰਜਾਬੀ ਪਰਵਾਜ਼’ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੀ ਹੌਸਲਾ-ਅਫ਼ਜ਼ਾਈ ਲਈ ਇੱਕ ਅਜਿਹੀ ਮਹਿਬੂਬ ਹਸਤੀ ਮੌਜੂਦ ਹੈ, ਜਿਨ੍ਹਾਂ ਨੇ ਗੈਸ ਸਟੇਸ਼ਨਾਂ ਅਤੇ ਟਰੱਕ ਸਟਾਪਸ ਦੇ ਖੇਤਰ ਵਿੱਚ ਆਪਣੀ ਸਖ਼ਤ ਮਿਹਨਤ, ਇਮਾਨਦਾਰੀ, ਸਿਰੜ ਅਤੇ ਦੂਰ-ਅੰਦੇਸ਼ੀ ਨਾਲ ਇੱਕ ਵੱਡਾ ਮੁਕਾਮ ਹਾਸਲ ਕੀਤਾ ਹੈ। ਮੰਚ ਸੰਚਾਲਕ ਨੇ ਮੁੱਖ ਮਹਿਮਾਨ ਲਖਬੀਰ ਸਿੰਘ ਢੀਂਡਸਾ ਦੇ ਨਾਂ ਨਾਲ ਦੋ-ਤਿੰਨ ਵਾਰੀ ਗੋਤ ਸਹੋਤਾ ਬੋਲ ਦਿੱਤਾ, ਜਿਸ ਤੋਂ ਸਪਸ਼ਟ ਸੀ ਕਿ ਡਾ. ਖਹਿਰਾ ਦੀ ਲਖਵੀਰ ਸਿੰਘ ਸਹੋਤਾ ਨਾਲ ਸਾਂਝ ਕਿੰਨੀ ਗੂੜ੍ਹੀ ਹੈ।
ਡਾ. ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਸ. ਢੀਂਡਸਾ ਦੇ ਕਾਰੋਬਾਰ ਦਿਨ-ਰਾਤ ਚੱਲ ਕੇ ਮੁਸਾਫ਼ਰਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦਾ ਸਹਾਰਾ ਬਣਦੇ ਹਨ ਅਤੇ ਅਰਥਚਾਰੇ ਨੂੰ ਗਤੀ ਦਿੰਦੇ ਹਨ, ਬਿਲਕੁਲ ਉਸੇ ਤਰ੍ਹਾਂ ਸਾਡਾ ਇਹ ਅਖ਼ਬਾਰ ‘ਪੰਜਾਬੀ ਪਰਵਾਜ਼’ ਵੀ ਪਿਛਲੇ ਤਿੰਨ ਸਾਲਾਂ ਤੋਂ ਪਾਠਕਾਂ ਦੀ ਸੋਚ ਨੂੰ ਉੱਚੀ ਪਰਵਾਜ਼ ਦੇਣ ਅਤੇ ਸਮਾਜ ਨੂੰ ਸਹੀ ਖ਼ਬਰਾਂ ਰਾਹੀਂ ਸਹੀ ਦਿਸ਼ਾ ਦਿਖਾਉਣ ਦਾ ਕੰਮ ਕਰ ਰਿਹਾ ਹੈ।
ਉੱਡਣ ਲਈ ਅਸਮਾਨੀਂ, ਖੰਭਾਂ ਦੀ ਲੋੜ ਨਹੀਂ ਹੁੰਦੀ,
ਜਿਨ੍ਹਾਂ ਵਿੱਚ ਹੌਸਲਾ ਹੋਵੇ, ਉਹ ਪਰਵਾਜ਼ ਕਰਦੇ ਨੇ।
ਉੱਚੀਆਂ ਉਡਾਰੀਆਂ ਦੇ ਰੱਖਦੇ ਨੇ ਜੋ ਸ਼ੌਕ,
ਉਹ ਝੱਖੜਾਂ-ਤੂਫ਼ਾਨਾਂ ਤੋਂ ਕਦੇ ਨਹੀਂ ਡਰਦੇ ਨੇ।
ਹਿੰਮਤ, ਸਿਦਕ ਤੇ ਸਿਰੜ ਦੇ ਨਾਲ ਜੋ ਚੱਲਦੇ ਨੇ
ਉਹ ਪਾਣੀ `ਚੋਂ ਵੀ ਰਸਤੇ ਕੱਢ ਲੈਂਦੇ ਨੇ,
ਮਿਹਨਤ ਨਾਲ ਜੋ ਬਣਾਉਂਦੇ ਨੇ ਪਹਿਚਾਣ ਆਪਣੀ,
ਦੁਨੀਆ ਦੇ ਨਕਸ਼ੇ `ਤੇ ਉਹ ਰਾਜ ਕਰਦੇ ਨੇ!
ਇਸ ਮੌਕੇ ਸਾਰੇ ਬੋਰਡ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਦਾ ਇੱਕ ਯਾਦਗਾਰੀ ਪਲੈਕ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ‘ਪੰਜਾਬੀ ਪਰਵਾਜ਼’ ਦੇ ਬੋਰਡ ਮੈਂਬਰ ਤੇ ਵੱਡੇ ਸਮਰਥਕ ਬਲਵਿੰਦਰ ਸਿੰਘ (ਬੌਬ) ਸੰਧੂ ਨੇ ਪੰਜਾਬੀ ਦੇ ਪੈਂਤੀ ਅੱਖਰਾਂ ਤੇ ਪੰਜਾਬ ਦੇ ਨਕਸ਼ੇ ਵਾਲੀ ਲੋਈ ਨਾਲ ਉਨ੍ਹਾਂ ਨੂੰ ਨਿਵਾਜਿਆ। ਜ਼ਿਕਰਯੋਗ ਹੈ ਕਿ ਸ. ਢੀਂਡਸਾ ਅਖਬਾਰ ਸ਼ੁਰੂ ਹੋਣ ਤੋਂ ਲੈ ਕੇ ਨਿਰੰਤਰ ਸਹਿਯੋਗ ਦੇ ਰਹੇ ਹਨ। ਸ. ਢੀਂਡਸਾ ਨੇ ਅਖਬਾਰ ਦੀ ਸਮੁੱਚੀ ਟੀਮ, ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਦੇ ਨਾਲ ਨਾਲ ਆਪਣੇ ਪਰਿਵਾਰ ਤੇ ਦੋਸਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਸੰਘਰਸ਼ ਅਤੇ ਸਫ਼ਲਤਾ ਦੇ ਤਜ਼ਰਬਿਆਂ ਨੂੰ ਧਿਆਨ ਵਿੱਚ ਰੱਖਦਿਆਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਵੱਡੇ ਸੁਪਨੇ ਲੈਣ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਨ। ਉਨ੍ਹਾਂ ਨਾਮੀ ਲੇਖਕ ਹੈਨਰੀ ਫੋਰਡ ਦੀਆਂ ਸਤਰਾਂ ਦਾ ਹਵਾਲਾ ਦਿੱਤਾ, “ਤੁਸੀਂ ਸੋਚਦੇ ਹੋ ਕਿ ਤੁਸੀਂ ਕਰ ਸਕਦੇ ਹੋ ਜਾਂ ਸੋਚਦੇ ਹੋ ਕਿ ਤੁਸੀਂ ਨਹੀਂ ਕਰ ਸਕਦੇ- ਦੋਵੇਂ ਹਾਲਤਾਂ ਵਿੱਚ ਤੁਸੀਂ ਸਹੀ ਹੋ।”
ਬੋਰਡ ਵੱਲੋਂ ਵਿਸ਼ੇਸ਼ ਮਹਿਮਾਨਾਂ- ਗੁਲਜ਼ਾਰ ਸਿੰਘ ਮੁਲਤਾਨੀ, ਜੱਸੀ ਸਹੋਤਾ ਅਤੇ ਸੁਖਵਿੰਦਰ ਸਿੰਘ ਘੱਗਰ (ਮਿਲਵਾਕੀ) ਦਾ ਕ੍ਰਮਵਾਰ ਦਵਿੰਦਰ ਸਿੰਘ ਰੰਗੀ, ਗੁਰਿੰਦਰਜੀਤ ਸਿੰਘ ਗਰੇਵਾਲ ਤੇ ਲਖਵੀਰ ਸਿੰਘ ਸਹੋਤਾ ਵੱਲੋਂ ਲੋਈ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਕ ਨੇ ਵਿਸ਼ੇਸ਼ ਮਹਿਮਾਨਾਂ ਦੀ ਸੰਖੇਪ ਜਾਣ-ਪਛਾਣ ਵੀ ਕਰਵਾਈ। ਉਪਰੰਤ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਮੁੱਖ ਬੁਲਾਰੇ ਡਾ. ਆਤਮਜੀਤ ਸਿੰਘ, ਮੁੱਖ ਗਾਇਕ ਜਗਪਾਲ (ਜੇ.ਪੀ.) ਸਹੋਲ ਅਤੇ ‘ਪੰਜਾਬੀ ਪਰਵਾਜ਼’ ਦੇ ਸਮਰਥਕ ਸਵਰਗੀ ਸਨੀ ਕੁਲਾਰ ਦੀ ਯਾਦ ਵਿੱਚ ਉਨ੍ਹਾਂ ਦੇ ਭਰਾ ਰੌਨੀ ਕੁਲਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
ਵੱਖ-ਵੱਖ ਸੰਸਥਾਵਾਂ ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ, ਪੰਜਾਬੀ ਅਮੈਰਿਕਨ ਔਰਗੇਨਾਈਜੇਸ਼ਨ (ਪੀ.ਏ.ਓ.) ਸ਼ਿਕਾਗੋ, ਫਾਈਵ ਰਿਵਰਜ਼ ਐਂਟਰਟੇਨਮੈਂਟ ਸ਼ਿਕਾਗੋ, ਗੁਰਦੁਆਰਾ ਪੈਲਾਟਾਈਨ ਦੇ ਨਿਸ਼ਕਾਮ ਕਾਰਸੇਵਾ ਜਥੇ, ‘ਸਵੇਰਾ’ (ਸਿੱਖ ਵੂਮਨ ਇਰਾ) ਸ਼ਿਕਾਗੋ, ਵਿਸਕਾਨਸਿਨ ਪੰਜਾਬੀ ਵੂਮਨਜ਼ ਕਲਚਰਲ ਆਰਗੇਨਾਈਜੇਸ਼ਨ, ਪੰਜਾਬ ਸਪੋਰਟਸ ਕਲੱਬ ਸ਼ਿਕਾਗੋ, ਮੈਡੀਸਨ ਗਰੁੱਪ (ਵਿਸਕਾਨਸਿਨ), ਗੁਰੂ ਲਾਧੋ ਰੇ ਸੇਵਾ ਸੁਸਾਇਟੀ ਬਾਬਾ ਮੱਖਣ ਸ਼ਾਹ ਲੁਬਾਣਾ-ਮਿਲਵਾਕੀ ਅਤੇ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ (ਮਿਡਵੈਸਟ) ਸ਼ਿਕਾਗੋ ਦਾ ਸਨਮਾਨ ਕੀਤਾ ਗਿਆ।
ਇਸ ਤੋਂ ਇਲਾਵਾ ਰੇਡੀਓ ਚੰਨ ਪਰਦੇਸੀ ਤੇ ਦੇਸੀ ਜੰਕਸ਼ਨ, ਪੰਜਾਬੀ ਅਮੈਰਿਕਨ ਯੂਥ ਕਲੱਬ ਇੰਡੀਆਨਾ, ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਸਿਨਸਿਨੈਟੀ, ਮਿਡਵੈਸਟ ਪੰਜਾਬੀ ਗੌਲਫ ਐਸੋਸੀਏਸ਼ਨ ਸ਼ਿਕਾਗੋ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸ਼ਿਕਾਗੋ, ਐਫ. ਆਈ. ਏ. ਸ਼ਿਕਾਗੋ, ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ (ਸਾਊਥ ਬੈਂਡ), ਪੰਜਾਬੀ ਕਮਿਊਨਿਟੀ ਔਰਗੇਨਾਈਜੇਸ਼ਨ (ਪੀ.ਸੀ.ਓ.) ਮਿਲਵਾਕੀ ਦਾ ਧੰਨਵਾਦ ਕੀਤਾ ਗਿਆ।
ਸਮਾਗਮ ਦੇ ਤੀਜੇ ਹਿੱਸੇ ਵਿੱਚ ਗਾਇਕਾ ਪੂਜਾ ਧਾਲੀਵਾਲ ਨੇ ‘ਮਿਹਨਤ ਛੱਡਣੀ ਨਹੀਂ’, ‘ਦਿਲਦਾਰੀਆਂ’, ‘ਸੂਹੇ ਵੇ ਚੀਰੇ ਵਾਲਿਆ’, ‘ਜੁਗਨੀ’, ‘ਪਾਣੀ ਦੀਆਂ ਛੱਲਾਂ’, ‘ਵਕਤ ਸਾਂਭ ਬੰਦਿਆ’, ‘ਜੱਗ ਜਿਉਂਦਿਆਂ ਦੇ ਮੇਲੇ’ ਆਦਿ ਗੀਤਾਂ ਦੇ ਮੁਖੜੇ ਗਾਉਂਦਿਆਂ ਸੰਗੀਤਕ ਛਹਿਬਰ ਲਾਈ। ਸਿਨਸਿਨੈਟੀ ਤੋਂ ਆਏ ਗਾਇਕ ਨਿੰਮਾ ਡੱਲੇਵਾਲ ਨੇ ਕੁਝ ਸ਼ੇਅਰਾਂ ਅਤੇ ਗੀਤ ‘ਸੁਪਨੇ `ਚ ਰਾਤੀਂ ਮੈਂ ਘੁੰਮ ਕੇ ਪੰਜਾਬ ਆਇਆ’ ਗਾ ਕੇ ਹਾਜ਼ਰੀ ਲੁਆਈ।
ਉਪਰੰਤ ਗਾਇਕ ਜਗਪਾਲ ਸਹੋਲ ਨੇ ਪ੍ਰਮਾਤਮਾ ਦੀ ਉਸਤਤ ਵਿੱਚ ‘ਐਵੇਂ ਨ੍ਹੀਂ ਦੁਨੀਆਂ ਪੂਜਦੀ, ਬਾਬਾ (ਨਾਨਕ) ਤੇਰੀ ਤਸਵੀਰ ਨੂੰ’ ਪੇਸ਼ ਕੀਤਾ। ਫਿਰ ਉਸ ਨੇ ਰਣਜੀਤ ਬਾਵਾ ਦਾ ਗੀਤ ‘ਨੀ ਮਿੱਟੀਏ, ਤੇਰੇ ਬਿਨਾ ਮੇਰਾ ਕੌਣ’ ਅਤੇ ‘ਮਾਣਕ ਦੀ ਕਲੀ ਵਾਂਗੂੰ’, ‘ਢੋਲ ਜਗੀਰੋ ਦਾ’ ‘ਇੱਕ ਤਾਰਾ ਵੱਜਦਾ ਵੇ’ ਸਮੇਤ ਕਈ ਮਿਕਸ ਗੀਤ ਗਾਏ। ਇਸ ਮੌਕੇ ਕੁਝ ਬੀਬੀਆਂ ਡਾਂਸ ਫਲੋਰ `ਤੇ ਆ ਕੇ ਨੱਚਣ ਲੱਗ ਪਈਆਂ। ਬਾਅਦ ਵਿੱਚ ਕੁਝ ਹੋਰ ਮਹਿਮਾਨਾਂ ਨੇ ਵੀ ਭੰਗੜਾ ਪਾਇਆ।
‘ਟੇਸਟ ਆਫ ਇੰਡੀਆ’ ਦੇ ਮਨਜੀਤ ਸਿੰਘ ਤੇ ਟੀਮ ਵੱਲੋਂ ਪਰੋਸੇ ਗਏ ਖਾਣੇ ਦੀ ਸਾਰੇ ਮਹਿਮਾਨਾਂ ਨੇ ਭਰਵੀਂ ਤਾਰੀਫ ਕੀਤੀ। ਇਸ ਤੋਂ ਇਲਾਵਾ ਕੁਝ ਸ਼ਖਸੀਅਤਾਂ ਨੇ ਇੰਡੀਆਨਾ ਵਿੱਚ ਕਾਰੋਬਾਰੀ ਰਾਣਾ ਵਿਰਕ ਦੇ ਭਤੀਜੇ ਦੇ ਵਿਆਹ ਦੀ ਜਾਗੋ ਪਾਰਟੀ ਭੁਗਤਾਉਣ ਉਪਰੰਤ ਉਚੇਚੇ ਤੌਰ `ਤੇ ‘ਪੰਜਾਬੀ ਪਰਵਾਜ਼ ਨਾਈਟ’ ਵਿੱਚ ਸ਼ਾਮਲ ਹੁੰਦਿਆਂ ਅਪਣੱਤ ਦਾ ਇਜ਼ਹਾਰ ਕੀਤਾ।
ਪੰਜਾਬ ਪ੍ਰੈਸ ਕਲੱਬ ਜਲੰਧਰ ਵੱਲੋਂ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ
ਜਲੰਧਰ ਤੋਂ ਪੰਜਾਬ ਪ੍ਰੈਸ ਕਲੱਬ ਨੇ ‘ਪੰਜਾਬੀ ਪਰਵਾਜ਼’ ਦੀ ਤੀਜੀ ਵਰ੍ਹੇਗੰਢ `ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਜੀਆਂ ਹਨ। ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਵੱਲੋਂ ਜਾਰੀ ਸ਼ਲਾਘਾ-ਪੱਤਰ ਵਿੱਚ ਲਿਖਿਆ ਗਿਆ ਹੈ ਕਿ, “ਤਿੰਨ ਸਾਲਾਂ ਦੇ ਇਸ ਸਫਰ ਦੌਰਾਨ ‘ਪੰਜਾਬੀ ਪਰਵਾਜ਼’ ਨੇ ਨਿਰਪੱਖ, ਭਰੋਸੇਯੋਗ ਅਤੇ ਉੱਚ ਪੱਤਰਕਾਰੀ ਮਿਆਰ ਕਾਇਮ ਕਰਦਿਆਂ ਪੰਜਾਬੀਆਂ ਦੀ ਆਵਾਜ਼ ਬਣਨ ਦਾ ਮਾਣ ਹਾਸਲ ਕੀਤਾ ਹੈ। ਪੰਜਾਬੀ ਭਾਸ਼ਾ, ਸੱਭਿਆਚਾਰ, ਵਿਰਾਸਤ ਅਤੇ ਭਾਈਚਾਰੇ ਨੂੰ ਵਿਦੇਸ਼ੀ ਧਰਤੀ `ਤੇ ਸਨਮਾਨ ਨਾਲ ਪ੍ਰਫੁੱਲਤ ਕਰਨਾ ਤੁਹਾਡੀ ਸੰਪਦਕੀ ਦੂਰਦਰਸ਼ਤਾ ਅਤੇ ਸਮਰਪਣ ਦਾ ਸ਼ਾਨਦਾਰ ਪ੍ਰਮਾਣ ਹੈ।
ਤੁਹਾਡੀ ਅਗਵਾਈ ਹੇਠ ਅਖਬਾਰ ਨੇ ਸਿਰਫ ਖਬਰਾਂ ਹੀ ਨਹੀਂ, ਸਗੋਂ ਪੰਜਾਬੀਅਤ ਦੀ ਮਹਿਕ, ਸਮਾਜਿਕ ਸਰੋਕਾਰਾਂ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਪਰਵਾਸੀ ਪੰਜਾਬੀਆਂ ਦੇ ਵਿਚਾਰਾਂ ਨੂੰ ਵੀ ਇੱਕ ਮਜਬੂਤ ਮੰਚ ਪ੍ਰਦਾਨ ਕੀਤਾ ਹੈ। ਇਹ ਯਤਨ ਨਿਸ਼ਚਿਤ ਹੀ ਸ਼ਲਾਘਾਯੋਗ ਹੈ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ।
ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ‘ਪੰਜਾਬੀ ਪਰਵਾਜ਼’ ਸੱਚ, ਨਿਰਪੱਖਤਾ ਅਤੇ ਲੋਕ-ਹਿੱਤ ਦੀ ਪੱਤਰਕਾਰੀ ਦੇ ਇਸ ਮਿਸ਼ਨ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵੇ। ਤੁਹਾਡੀ ਕਲਮ ਹਮੇਸ਼ਾ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੀ ਰਹੇ ਅਤੇ ਅਖਬਾਰ ਨਵੇਂ ਕੀਰਤੀਮਾਨ ਸਥਾਪਤ ਕਰਦਾ ਰਹੇ।
ਇੱਕ ਵਾਰ ਫਿਰ ਤੀਜੀ ਵਰ੍ਹੇਗੰਢ ਦੇ ਇਸ ਖੁਸ਼ੀ ਭਰੇ ਮੌਕੇ `ਤੇ ਤੁਹਾਨੂੰ ਅਤੇ ਤੁਹਾਡੀ ਸਮੁੱਚੀ ਟੀਮ ਨੂੰ ਦਿਲੋਂ ਵਧਾਈ। ਤੁਹਾਡੇ ਉਜਲੇ ਭਵਿੱਖ, ਚੰਗੀ ਸਿਹਤ ਅਤੇ ਨਿਰੰਤਰ ਸਫਲਤਾ ਲਈ ਸਾਡੀਆਂ ਦਿਲੀ ਸ਼ੁਭਕਾਮਨਾਵਾਂ!”
ਚੇਤੇ ਰਹੇ, ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਜਨਰਲ ਸਕੱਤਰ ਪੁਨੀਤ ਸਹਿਗਲ ਪਰਿਵਾਰ ਵਿੱਚ ਵਾਪਰੇ ਦੁਖਾਂਤ ਕਾਰਨ ‘ਪੰਜਾਬੀ ਪਰਵਾਜ਼’ ਨਾਈਟ ਮੌਕੇ ਪਹੁੰਚ ਨਹੀਂ ਸਕੇ, ਪਰ ਉਨ੍ਹਾਂ ਅਖਬਾਰ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਅਖਬਾਰ ਦੀ ਬਿਹਤਰੀ ਲਈ ਆਪਣੇ ਵੱਲੋਂ ਸੇਵਾਵਾਂ ਪ੍ਰਦਾਨ ਕਰਨ ਦੀ ਗੱਲ ਕਹੀ।
