ਪੰਜਾਬ ਦਾ ਸਿਆਸੀ ਦ੍ਰਿਸ਼ ਹਾਲੇ ਧੁੰਦਲਾ

ਸਿਆਸੀ ਹਲਚਲ ਖਬਰਾਂ

*ਵਾਰਸ ਪੰਜਾਬ ਦੇ ਕੋਲ ਹਮਦਰਦੀ ਨੂੰ ਸਿਆਸੀ ਲਹਿਰ ਵਿੱਚ ਬਦਲਣ ਦੇ ਮੌਕੇ
*ਕਾਂਗਰਸ ਫੁੱਟ ਦਾ ਸ਼ਿਕਾਰ, ਅਕਾਲੀ, ਭਾਜਪਾ ਅਤੇ ਆਪ ਲਈ ਲੋਕਪ੍ਰਿਅਤਾ ਦਾ ਸੰਕਟ
ਜਸਵੀਰ ਸਿੰਘ ਸ਼ੀਰੀ
ਅਗਲੇ ਸਾਲ ਦੇ ਸ਼ੁਰੂ ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸਿਆਸੀ ਦ੍ਰਿਸ਼ ‘ਤੇ ਸਰਗਰਮੀ ਤੇਜ਼ੀ ਨਾਲ ਵਧਣ ਲੱਗੀ ਹੈ। ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਬੀ.ਐਲ. ਸੰਤੋਸ਼ ਨੇ ਆਪਣੀ ਪੰਜਾਬ ਫੇਰੀ ਦੌਰਾਨ ਕਿਹਾ ਹੈ ਕਿ ਭਾਜਪਾ ਸਾਰੀਆਂ 117 ਸੀਟਾਂ ‘ਤੇ ਚੋਣ ਲੜੇਗੀ; ਪਰ ਰਾਜਨੀਤਿਕ ਮਾਹਿਰਾਂ ਅਨੁਸਾਰ ਅਸਲ ਵਿੱਚ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਚੋਣ ਸਮਝੌਤਾ ਲਗਪਗ ਹੋ ਚੁੱਕਾ ਹੈ।

ਕੇਂਦਰੀ ਸੱਤਾ ਵਿੱਚ ਮੌਜੂਦ ਇਹ ਪਾਰਟੀ ਪੰਜਾਬ ਵਿੱਚ ਅਕਾਲੀ ਦਲ ਨਾਲ ਸਮਝੌਤੇ ਤਹਿਤ 44-45 ਸੀਟਾਂ ‘ਤੇ ਚੋਣ ਲੜੇਗੀ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਕਥਿਤ ਤੌਰ ‘ਤੇ ਪੱਛੜੀਆਂ, ਸ਼ਡਿਊਲਡ ਕਾਸਟ ਅਤੇ ਸ਼ਡਿਊਲਡ ਟਰਾਈਬ ਵਰਗਾਂ ਨੂੰ ਆਪਣੇ ਵੱਲ ਖਿੱਚਣ ਦੇ ਜ਼ੋਰਦਾਰ ਯਤਨ ਕਰ ਰਹੀ ਹੈ। ਪੰਜਾਬ ਕਾਂਗਰਸ ਪੰਜਾਬ ਵਿੱਚ ਭਾਵੇਂ ਸਾਰੀਆਂ ਬਾਹਰਮੁਖੀ ਹਾਲਤਾਂ ਵਿੱਚ ਇਕ ਸੰਭਾਵਨਾਵਾਂ ਭਰਪੂਰ ਸਿਆਸੀ ਧਿਰ ਮੰਨੀ ਜਾਂਦੀ ਹੈ, ਪਰ ਪਾਰਟੀ ਅੰਦਰਲੀ ਫੁੱਟ ਇਸ ਨੂੰ ਕਮਜ਼ੋਰ ਬਣਾ ਕੇ ਰੱਖ ਰਹੀ ਹੈ। ਫੁੱਟ ਵਾਲੇ ਹਾਲਾਤ ਨੂੰ ਮੁਲਾਇਮ ਕਰਨ ਲਈ ਰਾਹੁਲ ਗਾਂਧੀ ਅਗਲੇ ਦਿਨਾਂ ਵਿੱਚ ਪੰਜਾਬ ਦੀ ਯਾਤਰਾ ਕਰਨਗੇ। ਪੰਜਾਬ ਦੇ ਸਿਆਸੀ ਦ੍ਰਿਸ਼ ‘ਤੇ ਜਿਹੜੀ ਧਿਰ ਸਭ ਤੋਂ ਤੇਜ਼ੀ ਨਾਲ ਉਭਰ ਰਹੀ ਹੈ ਅਤੇ ਹੈਰਾਨਕੁੰਨ ਨਤੀਜੇ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ, ਉਹ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ (ਵਾਰਸ ਪੰਜਾਬ ਦੇ) ਹੈ।
ਅੰਮ੍ਰਿਤਪਾਲ ਸਿੰਘ ਦੀ ਥਾਂ ‘ਤੇ ਐਕਟਿੰਗ ਪ੍ਰਧਾਨ ਵਜੋਂ ਕੰਮ ਕਰ ਰਹੇ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਸਿਰਫ ਅੰਮ੍ਰਿਤਪਾਲ ਸਿੰਘ ਹੀ ਪੰਜਾਬ ਵਿਧਾਨ ਸਭਾ ਦੀ ਚੋਣ ਲੜੇਗਾ। ਯਾਦ ਰਹੇ, ਇਸ ਨਵੇਂ ਅਕਾਲੀ ਦਲ ਨੇ ਆਪਣਾ ਮੁੱਖ ਮੰਤਰੀ ਚਿਹਰਾ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨੂੰ ਐਲਾਨਿਆ ਹੋਇਆ ਹੈ। ਇਸ ਨਾਲ ਅਕਾਲੀ ਦਲ- ਵਾਰਸ ਪੰਜਾਬ ਦੇ ਇਹ ਪ੍ਰਭਾਵ ਦੇਣ ਦਾ ਯਤਨ ਕਰ ਰਿਹਾ ਹੈ ਕਿ ਉਹ ਪੰਜਾਬ ਵਿੱਚ ਅਕਾਲੀ ਦਲ (ਬਾਦਲ) ਵੱਲੋਂ ਅਪਣਾਈ ਗਈ ਪਰਿਵਾਰਵਾਦ ਦੀ ਸਿਆਸੀ ਵਿਰਾਸਤ ਨਾਲੋਂ ਤੋੜ-ਵਿਛੋੜਾ ਕਰਨ ਦਾ ਇੱਛੁਕ ਹੈ। ਪਾਰਟੀ ਅਨੁਸਾਰ ਇਸ ਨੀਤੀ ਤਹਿਤ ਅਕਾਲੀ ਦਲ- ਵਾਰਸ ਪੰਜਾਬ ਦੇ ਵੱਲੋਂ ਗਰਾਸ ਰੂਟ ‘ਤੇ ਕੰਮ ਕਰ ਰਹੇ ਵਰਕਰਾਂ ਅਤੇ ਪਾਰਟੀ ਨੂੰ ਸਮਰਪਿਤ ਆਗੂਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਤਾਂ ਕਿ ਪੰਥਕ ਨਿਸ਼ਾਨਿਆਂ ਤੇ ਆਸ਼ਿਆਂ ਨੂੰ ਅੱਗੇ ਵਧਾਇਆ ਜਾ ਸਕੇ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਪਰਿਵਾਰ ਦੀ ਭੂਮਿਕਾ ਸਿਰਫ ਸਿੱਖ ਪੰਥ ਦੇ ਨਿਸ਼ਾਨਿਆਂ ਲਈ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨ ਤੱਕ ਸੀਮਤ ਹੋਏਗੀ। ਤਰਸੇਮ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਸੁਰਜੀਤ ਸਿੰਘ ਉਨ੍ਹਾਂ ਦੇ ਨਾਲ ਹੀ ਜੇਲ੍ਹ ਵਿੱਚ ਬੰਦ ਹਨ ਅਤੇ ਅੰਮ੍ਰਿਤਪਾਲ ਦੇ ਮਾਤਾ ਜੀ ਆਪਣੇ ਪੁੱਤਰ ਅਤੇ ਹੋਰ ਆਗੂਆਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਲਈ ਸੰਘਰਸ਼ ਕਰਦੇ ਰਹੇ ਹਨ, ਪਰ ਪਾਰਟੀ ਅੰਦਰ ਉਨ੍ਹਾਂ ਕੋਲ ਕੋਈ ਅਹੁਦਾ ਨਹੀਂ ਹੈ। ਇਸ ਨੀਤੀ ਰਾਹੀ ਅਕਾਲੀ ਦਲ (ਵਾਰਸ ਪੰਜਾਬ ਦੇ) ਅਸਲ ਵਿੱਚ ਅਕਾਲੀ ਦਲ (ਬਾਦਲ) ਨਾਲੋਂ ਸਪਸ਼ਟ ਨਿਖੇੜਾ ਖੜ੍ਹਾ ਕਰਨ ਦਾ ਯਤਨ ਕਰ ਰਿਹਾ ਹੈ। ਪੰਜਾਬ ਅਤੇ ਉੱਤਰ ਪ੍ਰਦੇਸ ਸਮੇਤ ਪੰਜ ਰਾਜਾਂ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਭਾਰਤੀ ਜਨਤਾ ਪਾਰਟੀ ਦਲਿਤ ਅਤੇ ਪੱਛੜੇ ਤਬਕਿਆਂ ਤੱਕ ਪਹੁੰਚ ਬਣਾਉਣ ਦੇ ਵੱਡੇ ਯਤਨ ਵਿੱਚ ਵਿਖਾਈ ਦਿੰਦੀ ਹੈ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਇੱਕ ਸਮਾਗਮ ਵਿੱਚ ਕਿਹਾ ਕਿ ਸੰਤ ਰਵੀਦਾਸ ਜੀ ਵੱਲੋਂ ਪ੍ਰਚਾਰੀਆਂ ਗਈਆਂ ਸਿੱਖਿਆਵਾਂ ਨੇ ਵਿਦੇਸ਼ੀ ਧਾੜਵੀਆਂ ਨਾਲ ਮੜਿੱਕਣ ਲਈ ਲੋਕਾਂ ਨੂੰ ਤਿਆਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਹਮਲਿਆਂ ਦੇ ਮੱਦੇਨਜ਼ਰ ਸੰਤ ਰਵੀਦਾਸ ਜੀ ਨੇ ਸਨਾਤਨ ਧਰਮ ਦੀ ਰੱਖਿਆ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਲੰਘੇ ਜੁਲਾਈ ਮਹੀਨੇ ਵਿੱਚ ਜਦੋਂ ਪੰਜਾਬ ਆਏ ਸਨ ਤਾਂ ਉਹ ਡੇਰਾ ਬੱਲਾਂ ਵੀ ਗਏ ਸਨ ਅਤੇ ਸੰਤ ਨਿਰੰਜਨ ਦਾਸ ਨੂੰ ਮਿਲੇ ਸਨ। ਡੇਰਾ ਬੱਲਾਂ ਦਾ ਦੁਆਬਾ ਖੇਤਰ ਦੇ ਦਲਿਤ ਤਬਕਿਆਂ ਵਿੱਚ ਵੱਡਾ ਆਧਾਰ ਹੈ। ਇਹ ਚੋਣ ਮੁਹਿੰਮ ਦੇ ਮੱਦੇਨਜ਼ਰ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ 27 ਅਗਸਤ ਨੂੰ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਵਿਆਪਕ ਹੜਤਾਲ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੀ ਇਸ ਕਿਸਮ ਦੀ ਪਹੁੰਚ ਆਮ ਆਦਮੀ ਪਾਰਟੀ ਅਤੇ ਇਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਮੁਸੀਬਤ ਖੜ੍ਹੀ ਕਰ ਸਕਦੀ ਹੈ।
ਉਧਰ ਬਹੁਜਨ ਸਮਾਜ ਪਾਰਟੀ ਦੀ ਆਗੂ ਬੀਬੀ ਮਾਇਆਵਤੀ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਵਿੱਚ ਚੋਣਾਂ ਇਕੱਲੇ ਤੌਰ ‘ਤੇ ਲੜਨਗੇ। ਹੁਣ ਵਾਲੀ ਹਾਲਤ ਵਿੱਚ ਜਦੋਂ ਬਹੁਜਨ ਸਮਾਜ ਪਾਰਟੀ ਦਾ ਆਧਾਰ ਪੰਜਾਬ ਵਿੱਚ ਕਾਫੀ ਸੁੰਗੜ ਗਿਆ ਹੈ ਤਾਂ ਦੁਆਬੇ ਦੀਆਂ ਇੱਕ ਦੋ ਸੀਟਾਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਕਿਧਰੇ ਹੋਰ ਬਹੁਤੀ ਅਸਰ ਅੰਦਾਜ਼ ਨਹੀਂ ਹੋਏਗੀ।
ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੀਆਂ ਕਨਸੋਆਂ ਦੇ ਮੱਦੇਨਜ਼ਰ ਅਕਾਲੀ ਦਲ (ਬਾਦਲ) ਵੀ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੰਗ ਵਿੱਚ ਵਿਖਾਈ ਦਿੰਦਾ ਹੈ। ਇਹ ਉਤਸ਼ਾਹ ਇਸ ਦੇ ਬਾਵਜੂਦ ਹੈ ਜਦੋਂ ਅਕਾਲੀ ਰਾਜਨੀਤੀ ‘ਤੇ ਲਗਾਤਾਰ ਲਿਖਣ ਵਾਲੇ ਲੋਕ ਆਖ ਰਹੇ ਹਨ ਕਿ ਪੇਂਡੂ ਖੇਤਰਾਂ ਵਿੱਚ ਬੀ.ਜੇ.ਪੀ. ਅਤੇ ਅਕਾਲੀਆਂ ਦੇ ਗੱਠਜੋੜ ਨੂੰ ਬਹੁਤਾ ਫਾਇਦਾ ਨਹੀਂ ਹੋਏਗਾ; ਪਰ ਐਸ.ਆਈ.ਆਰ. ਤਹਿਤ ਜਿਸ ਪੱਧਰ ‘ਤੇ ਪੰਜਾਬ ਵਿੱਚ ਵੋਟਾਂ ਕੱਟੀਆਂ ਗਈਆਂ ਅਤੇ ਵੋਟਰ ਲਿਸਟਾਂ ਨੂੰ ਜਿਸ ਕਦਰ ਆਪਣੇ ਅਨੁਕੂਲ ਕਰ ਲਿਆ ਗਿਆ, ਉਸ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਵੱਡਾ ਫਾਇਆ ਉਠਾ ਸਕਦੀ ਹੈ। ਫਿਰ ਵੀ ਕਿਸਾਨ ਲਹਿਰ ਵਿੱਚ ਪਾਰਟੀ ਦੀ ਕਿਸਾਨ ਵਿਰੋਧੀ ਪਹੁੰਚ ਅਤੇ ਅਕਾਲੀ ਦਲ (ਬਾਦਲ) ਦੀ ਸਿਆਸੀ ਨਿਵਾਣ ਪੰਜਾਬ ਵਿੱਚ ਵੋਟਾਂ ਆਪਣੇ ਵੱਲ ਖਿੱਚਣ ਲਈ ਇਸ ਗੱਠਜੋੜ ਲਈ ਵੱਡੀ ਦਿੱਕਤ ਬਣ ਸਕਦੀ ਹੈ।
ਭਾਰਤੀ ਜਨਤਾ ਪਾਰਟੀ ਦਾ ਸੰਭਾਵਤ ਭਾਈਵਾਲ ਅਕਾਲੀ ਦਲ (ਬਾਦਲ) ਆਪਣੀ ਲੋਕਪ੍ਰਿਅਤ ਦੇ ਸਭ ਤੋਂ ਮਾੜੇ ਦੌਰ ਵਿੱਚ ਸੋਸ਼ਲ ਇੰਜੀਨੀਅਰਿੰਗ ਦਾ ਸਹਾਰਾ ਲੈਣ ਦਾ ਯਤਨ ਕਰ ਰਿਹਾ ਹੈ। ਇਸ ਨੀਤੀ ਤਹਿਤ ਸੁਖਬੀਰ ਸਿੰਘ ਬਾਦਲ ਦਲਿਤ ਤਬਕਿਆਂ ਤੋਂ ਇਲਾਵਾ ਮੁਸਲਮਾਨਾਂ ਅਤੇ ਇਸਾਈ ਭਾਈਚਾਰੇ ਵਿੱਚ ਵੀ ਆਪਣੀ ਪਹੁੰਚ ਬਣਾਉਣ ਦਾ ਯਤਨ ਕਰ ਰਹੇ ਹਨ। ਇਸੇ ਨੀਤੀ ਤਹਿਤ ਅਕਾਲੀ ਦਲ (ਬਾਦਲ) ਨੇ ਇਸਾਈ ਭਾਈਚਾਰੇ ਦੇ 15 ਅਤੇ ਮੁਸਲਮਾਨ ਭਾਈਚਾਰੇ ਦੇ 19 ਲੋਕਾਂ ਨੂੰ ਆਪਣੇ ਹਲਕਾ ਇੰਚਾਰਜ ਲਗਾਇਆ ਹੈ। ਇਸ ਦਿਸ਼ਾ ਵਿੱਚ ਪਾਰਟੀ ਵੱਲੋਂ ਕੁਝ ਹੋਰ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ। ਜੇ ਅਕਾਲੀ ਦਲ (ਵਾਰਸ ਪੰਜਾਬ ਦੇ) ਦੀ ਇੱਕ ਹੂੰਝਾ-ਫੇਰੂ ਲਹਿਰ ਨਹੀਂ ਬਣਦੀ ਤਾਂ ਚੋਣਾਂ ਤੋਂ ਬਾਅਦ ਪੰਜਾਬ ਦਾ ਸਿਆਸੀ ਦ੍ਰਿਸ਼ ਬੇਹੱਦ ਦਿਲਚਸਪ ਬਣਨ ਦੀਆਂ ਸੰਭਾਵਨਾਵਾਂ ਹਨ। ਲਗਦਾ ਹੈ ਕਿ ਵਾਰਸ ਪੰਜਾਬ ਦੇ ਅਤੇ ਕਾਂਗਰਸ ਵਾਲੇ ਚੋਖੀਆਂ ਸੀਟਾਂ ਜਿੱਤ ਜਾਣਗੇ, ਪਰ ਭਾਜਪਾ ਅਤੇ ਆਮ ਆਦਮੀ ਪਾਰਟੀ ਵੀ ਆਪਣੀ ਚੰਗੀ ਹਾਜ਼ਰੀ ਲਵਾਉਣਗੀਆਂ। ਇਸ ਹਾਲਤ ਵਿੱਚ ਪੰਜਾਬ ਵਿੱਚ ਕੁਲੀਸ਼ਨ ਸਰਕਾਰ ਦੀਆਂ ਸੰਭਾਵਨਾਵਾਂ ਵੀ ਬਣ ਸਕਦੀਆਂ ਹਨ। ਉਂਝ ਇਹ ਇਤਿਹਾਸਕ ਸੱਚ ਹੈ ਕਿ ਪੰਜਾਬ ਸਦਾ ਆਪਣਾ ਇੱਕ ਪਾਸੜ ਬਹੁਮਤ ਦਿੰਦਾ ਆਇਆ ਹੈ। ਇਹ ਸਾਰਾ ਕੁਝ ਅੱਜ ਦੀ ਹਾਲਤ ਹੈ ਅਤੇ ਚੋਣ ਮੁਹਿੰਮ ਦੇ ਅੱਗੇ ਵਧਣ ਨਾਲ ਇਹ ਸਿਆਸੀ ਦ੍ਰਿਸ਼ ਬਦਲ ਵੀ ਸਕਦਾ ਹੈ। ਇਹ ਲਾਜ਼ਮੀ ਇਸ ਤੱਥ ‘ਤੇ ਹੀ ਮੁਨੱਸਰ ਕਰੇਗਾ ਕਿ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ ਕਿੰਨੀ ਤੇਜ਼ੀ ਨਾਲ ਆਪਣੇ ਆਪ ਨੂੰ ਮਜਬੂਤ ਕਰਦਾ ਹੈ ਅਤੇ ਆਪਣੇ ਪੱਖ ਵਿੱਚ ਮੌਜੂਦ ਹਮਦਰਦੀ ਨੂੰ ਇੱਕ ਲਹਿਰ ਦਾ ਰੂਪ ਦਿੰਦਾ ਹੈ। ਅਜਿਹੇ ਕਾਰਜਾਂ ਵਿੱਚ ਪੰਜਾਬ ਦੀ ਜਵਾਨੀ ਹੀ ਕੇਂਦਰੀ ਭੂਮਿਕਾ ਨਿਭਾਅ ਸਕਦੀ ਹੈ।

Leave a Reply

Your email address will not be published. Required fields are marked *