ਰੋਮ ਹਵਾਈ ਅੱਡੇ ਦਾ ਮਸ਼ਹੂਰ ਮਿਊਜ਼ੀਅਮ

ਆਮ-ਖਾਸ

ਡਾ. ਅਨਿਲ ਧੀਰ
ਰੋਮ ਦਾ ਲਿਓਨਾਰਡੋ ਦਾ ਵਿੰਚੀ-ਫਿਊਮਚੀਨੋ ਹਵਾਈ ਅੱਡਾ ਸਿਰਫ ਇਟਲੀ ਦਾ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਹੀ ਨਹੀਂ, ਸਗੋਂ ਇਹ ਪ੍ਰਾਚੀਨ ਰੋਮਨ ਸੱਭਿਆਚਾਰ ਨਾਲ ਵੀ ਡੂੰਘਾ ਸੰਬੰਧ ਰੱਖਦਾ ਹੈ। ਹਵਾਈ ਅੱਡੇ ਦੇ ਨੇੜੇ ਸਥਿਤ ਫਿਊਮੀਚੀਨੋ ਰੋਮਨ ਸ਼ਿੱਪਸ ਮਿਊਜ਼ੀਅਮ ਸਭ ਤੋਂ ਮਹੱਤਵਪੂਰਨ ਰੋਮਨ ਜਹਾਜ਼ ਅਜਾਇਬਘਰਾਂ ਵਿੱਚੋਂ ਇੱਕ ਹੈ। ਇੱਥੇ ਸੰਭਾਲੇ ਗਏ ਜਹਾਜ਼ ਕਰੀਬ 2 ਹਜ਼ਾਰ ਸਾਲ ਪੁਰਾਣੇ ਹਨ ਅਤੇ ਇਹ ਰੋਮਨ ਸਾਮਰਾਜ ਦੇ ਸਮੁੰਦਰੀ ਵਪਾਰ, ਬੰਦਰਗਾਹ ਪ੍ਰਣਾਲੀ ਅਤੇ ਜਹਾਜ਼-ਨਿਰਮਾਣ ਕਲਾ ਬਾਰੇ ਜਰੂਰੀ ਜਾਣਕਾਰੀ ਦਿੰਦੇ ਹਨ।

ਪ੍ਰਾਚੀਨ ਰੋਮ ਦਾ ਮਹਾਨ ਬੰਦਰਗਾਹ: ਅੱਜ ਜਿੱਥੇ ਐਫ.ਸੀ.ਓ. ਹਵਾਈ ਅੱਡਾ ਸਥਿਤ ਹੈ, ਉੱਥੇ ਰੋਮਨ ਯੁੱਗ ‘ਚ ਪੋਰਟਸ ਨਾਂ ਦਾ ਵਿਸ਼ਾਲ ਬੰਦਰਗਾਹ ਹੁੰਦਾ ਸੀ। ਇਸ ਦੀ ਸਥਾਪਨਾ ਸਮਰਾਟ ਕਲਾਡੀਅਸ ਨੇ ਪਹਿਲੀ ਸਦੀ ਈਸਵੀ ‘ਚ ਕਰਵਾਈ ਅਤੇ ਬਾਅਦ ‘ਚ ਸਮਰਾਟ ਟਾਰਜਨ ਨੇ ਇਸਦਾ ਵੱਡਾ ਵਿਸਥਾਰ ਕੀਤਾ। ਇਹ ਬੰਦਰਗਾਹ ਰੋਮਨ ਸਾਮਰਾਜ ਦਾ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰ ਕੇਂਦਰ ਬਣ ਗਿਆ, ਜਿੱਥੇ ਅਫਰੀਕਾ, ਮਿਸਰ, ਯੂਨਾਨ, ਸਪੇਨ ਅਤੇ ਮੱਧ-ਪੂਰਬ ਤੋਂ ਅਨਾਜ, ਜੈਤੂਨ ਦਾ ਤੇਲ, ਸ਼ਰਾਬ, ਸੰਗਮਰਮਰ ਅਤੇ ਹੋਰ ਕੀਮਤੀ ਸਮਾਨ ਆਉਂਦਾ ਸੀ।
ਜਹਾਜ਼ਾਂ ਦੀ ਖੋਜ: 1958 ਤੋਂ 1965 ਦੇ ਵਿਚਕਾਰ ਜਦੋਂ ਲਿਓਨਾਰਡੋ ਦਾ ਵਿੰਚੀ ਹਵਾਈ ਅੱਡਾ ਬਣਾਇਆ ਜਾ ਰਿਹਾ ਸੀ, ਤਦ ਖੁਦਾਈ ਦੌਰਾਨ ਪ੍ਰਾਚੀਨ ਬੰਦਰਗਾਹ ਦੇ ਅਵਸ਼ੇਸ਼ ਅਤੇ ਸੱਤ ਰੋਮਨ ਜਹਾਜ਼ਾਂ ਦੇ ਢਾਂਚੇ ਮਿਲੇ। ਇਹ ਜਹਾਜ਼ ਸਦੀਆਂ ਤੱਕ ਦਰਿਆ ਦੀ ਗਾਰ ‘ਤੇ ਰੇਤ ਹੇਠਾਂ ਦੱਬੇ ਰਹੇ, ਜਿਸ ਕਾਰਨ ਲੱਕੜ ਕਾਫੀ ਹੱਦ ਤੱਕ ਸੁਰੱਖਿਅਤ ਰਹਿ ਗਿਆ। ਇਹ ਖੋਜ ਰੋਮਨ ਪੁਰਾਤੱਤਵ ਦੇ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਖੋਜਾਂ ‘ਚੋਂ ਇੱਕ ਮੰਨੀ ਜਾਂਦੀ ਹੈ।
ਮਿਊਜ਼ੀਅਮ ਦੀ ਸਥਾਪਨਾ: ਖੋਜੇ ਗਏ ਜਹਾਜ਼ਾਂ ਨੂੰ ਸੁਰੱਖਿਅਤ ਰੱਖਣ ਲਈ 1970 ਦੇ ਦਹਾਕੇ ‘ਚ ਇੱਕ ਵਿਸ਼ੇਸ਼ ਅਜਾਇਬਘਰ ਬਣਾਇਆ ਗਿਆ। ਇਸ ਦਾ ਉਦਘਾਟਨ 1979 ‘ਚ ਕੀਤਾ ਗਿਆ। ਮਿਊਜ਼ੀਅਮ ਉਸੇ ਥਾਂ ਦੇ ਨੇੜੇ ਬਣਾਇਆ ਗਿਆ, ਜਿੱਥੇ ਜਹਾਜ਼ ਮਿਲੇ ਸਨ, ਤਾਂ ਜੋ ਇਤਿਹਾਸਕ ਮਹੱਤਤਾ ਕਾਇਮ ਰਹਿ ਸਕੇ।
ਇੱਥੇ ਪੰਜ ਖਾਸ ਰੋਮਨ ਜਹਾਜ਼ ਰੱਖੇ ਗਏ ਹਨ। ਇੱਕ ਸਮੁੰਦਰੀ ਵਪਾਰਕ ਜਹਾਜ਼, ਜੋ ਦੂਰ ਦਰਾਜ ਦੇਸ਼ਾਂ ਨਾਲ ਵਪਾਰ ਲਈ ਵਰਤਿਆ ਜਾਂਦਾ ਹੈ। ਤਿੰਨ ਦਰਿਆਈ ਵਪਾਰਕ ਜਹਾਜ਼, ਜੋ ਟਾਈਬਰ ਦਰਿਆ ਰਾਹੀਂ ਸਮਾਨ ਰੋਮ ਤੱਕ ਲੈ ਜਾਂਦੇ ਸਨ। ਇੱਕ ਮਛੇਰਿਆਂ ਦੀ ਕਿਸ਼ਤੀ, ਜਿਸ ‘ਚ ਜਿਉਂਦੀਆਂ ਮੱਛੀਆਂ ਰੱਖਣ ਲਈ ਲੱਕੜ ਦਾ ਪਾਣੀ ਵਾਲਾ ਟੈਂਕ ਬਣਿਆ ਹੋਇਆ ਸੀ। ਇਹ ਆਪਣੀ ਹੀ ਕਿਸਮ ਦੀ ਦੁਰਲੱਭ ਖੋਜ ਹੈ। ਜਹਾਜ਼ਾਂ ਦੀ ਬਣਾਵਟ ਤੋਂ ਪਤਾ ਲੱਗਦਾ ਹੈ ਕਿ ਰੋਮਨ ਇੰਜੀਨੀਅਰਿੰਗ ਬਹੁਤ ਹੀ ਉੱਚ ਪੱਧਰ ਦੀ ਸੀ। ਮਜਬੂਤ ਲੱਕੜ, ਲੋਹੇ ਦੀਆਂ ਕਿੱਲਾਂ, ਵੱਡੇ ਤਲੇ ‘ਤੇ ਵੱਡੀ ਮਾਤਰਾ ‘ਚ ਸਮਾਨ ਲਿਜਾਣ ਯੋਗ ਬਣਤਰ ਇਸ ਗੱਲ ਦਾ ਸਬੂਤ ਹੈ ਕਿ ਰੋਮਨ ਸਮੁੰਦਰੀ ਵਪਾਰ ਬਹੁਤ ਸੁਚੱਜਾ ਅਤੇ ਵਿਕਸਿਤ ਸੀ।
ਪ੍ਰਦਰਸ਼ਿਤ ਪੁਰਾਤੱਤਵ ਵਸਤਾਂ: ਮਿਊਜ਼ੀਅਮ ‘ਚ ਜਹਾਜ਼ਾਂ ਦੇ ਨਾਲ ਕਈ ਹੋਰ ਚੀਜ਼ਾਂ ਵੀ ਜਿਵੇਂ ਸੰਗਮਰਮਰ ਦੇ ਟੁਕੜੇ, ਐਮਫੋਰਾ ਯਾਨਿ ਮਿੱਟੀ ਦੇ ਘੜੇ, ਭੋਜਨ ਰੱਖਣ ਵਾਲੇ ਬਰਤਨ, ਰੱਸੀਆਂ ਤੇ ਲੱਕੜ ਦੇ ਸਾਜ਼ੋ-ਸਾਮਾਨ, ਜਹਾਜ਼ਾਂ ਨਾਲ ਸੰਬੰਧਿਤ ਹੋਰ ਕਈ ਕਿਸਮ ਦੀ ਪੁਰਾਤੱਤਵ ਵਸਤਾਂ, ਰੋਮਨ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਵਪਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੀਆਂ ਹਨ।
ਮਾਡਰਨ ਪੁਨਰ-ਸਥਾਪਨਾ: ਸਮੇਂ ਦੇ ਨਾਲ ਲੱਕੜ ਦੇ ਜਹਾਜ਼ਾਂ ਦੀ ਸੰਭਾਲ ਇੱਕ ਵੱਡੀ ਬਣ ਗਈ। ਇਸ ਲਈ ਮਿਊਜ਼ੀਅਮ ਨੂੰ ਕਈ ਸਾਲਾਂ ਲਈ ਬੰਦ ਕਰਕੇ ਵਿਸ਼ਾਲ ਮੁਰੰਮਤ ਅਤੇ ਸੰਰੱਖਣ ਕੰਮ ਕੀਤਾ ਗਿਆ। ਇਸ ਤੋਂ ਬਾਅਦ ਅਕਤੂਬਰ 2021 ‘ਚ ਮਿਊਜ਼ੀਅਮ ਨੂੰ ਨਵੇਂ ਪ੍ਰਦਰਸ਼ਨੀ ਮਾਰਗ ਨਾਲ ਦੁਬਾਰਾ ਖੋਲਿ੍ਹਆ ਗਿਆ। ਜਹਾਜ਼ਾਂ ਦੀ ਸੰਭਾਲ ਅਤੇ ਵਿਗਿਆਨਕ ਰੀਸਟੋਰੇਸ਼ਨ ਦਾ ਕੰਮ 2025 ‘ਚ ਹੋਰ ਵੀ ਸੁਧਾਰਿਆ ਗਿਆ, ਜਿਸ ਨਾਲ ਉਨ੍ਹਾਂ ਦੀ ਅਸਲ ਇਤਿਹਾਸਕ ਲੁੱਕ ਅਤੇ ਮਹੱਤਤਾ ਨੂੰ ਹੋਰ ਉਭਾਰਿਆ ਗਿਆ।
ਯਾਤਰੀਆਂ ਲਈ ਮਹੱਤਤਾ: ਇਸ ਮਿਊਜ਼ੀਅਮ ਐਫ.ਸੀ.ਓ. `ਤੇ ਹਵਾਈ ਅੱਡੇ ਤੋਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਅਤੇ ਮੁਫਤ ਏਅਰਪੋਰਟ ਸ਼ਟਲ ਰਾਹੀਂ ਵੀ ਜਾਇਆ ਜਾ ਸਕਦਾ ਹੈ। ਇਸ ਲਈ ਜਿਨ੍ਹਾਂ ਯਾਤਰੀਆਂ ਕੋਲ ਲੰਮਾ ਲੇਓਵਰ ਹੋਵੇ, ਉਨ੍ਹਾਂ ਲਈ ਇਹ ਰੋਮ ਦੇ ਪ੍ਰਾਚੀਨ ਸਮੁੰਦਰੀ ਇਤਿਹਾਸ ਨੂੰ ਜਾਣਨ ਦਾ ਸ਼ਾਨਦਾਰ ਮੌਕਾ ਮਿਲ ਜਾਂਦਾ ਹੈ।
ਇਹ ਖਾਸ ਕਿਉਂ:
•ਫਿਉਮੀਚੀਨੋ ਰੋਮਨ ਸ਼ਿੱਪਸ ਮਿਊਜ਼ੀਅਮ ਸਿਰਫ ਇੱਕ ਅਜਾਇਬ ਘਰ ਨਹੀਂ, ਸਗੋਂ ਰੋਮਨ ਸਾਮਰਾਜ ਦੀ ਸਮੁੰਦਰੀ ਤਾਕਾ, ਵਪਾਰਕ ਤਰੱਕੀ ਅਤੇ ਇੰਜੀਨੀਅਰਿੰਗ ਕਲਾ ਦਾ ਜ਼ਿੰਦਾ ਸਬੂਤ ਹੈ।
•ਜੇ ਤੁਸੀਂ ਰੋਮ ਦੇ ਐਫ.ਸੀ.ਓ. ਹਵਾਈ ਅੱਡੇ ‘ਤੇ ਹੋ, ਤਾਂ ਇਸ ਮਿਊਜ਼ੀਅਮ ਦੀ ਯਾਤਰਾ ਤੁਹਾਨੂੰ ਲੱਗਭਗ ਦੋ ਹਜ਼ਾਰ ਸਾਲ ਪੁਰਾਣੇ ਇਤਿਹਾਸ ਨਾਲ ਜਾਣੂ ਕਰਾ ਸਕਦੀ ਹੈ।
•ਇਸ ਸਥਾਨ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਸਮੁੰਦਰੀ ਵਪਾਰ ਨੇ ਰੋਮ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਸਾਮਰਾਜਾਂ ਵਿੱਚੋਂ ਇੱਕ ਬਣਾਉਣ ‘ਚ ਖਾਸ ਭੂਮਿਕਾ ਨਿਭਾਈ ਹੈ।
•1958 ਤੋਂ 1965 ਦੌਰਾਨ ਹਵਾਈ ਅੱਡਾ ਬਣਾਉਂਦੇ ਸਮੇਂ ਜਹਾਜ਼ ਮਿਲੇ। ਕੁੱਲ ਸੱਤ ਰੋਮਨ ਜਹਾਜ਼ਾਂ ਦੇ ਅਵਸ਼ੇਸ਼ ਮਿਲੇ। ਇਹ ਜਹਾਜ਼ ਸਦੀਆਂ ਤੱਕ ਰੇਤ ‘ਤੇ ਗਾਰ ਹੇਠਾਂ ਦੱਬੇ ਰਹੇ। ਇਸ ਕਰਕੇ ਲੱਕੜ ਹੈਰਾਨੀਜਨਕ ਢੰਗ ਨਾਲ ਸੇਫ ਰਹੇ। ਇਹ ਖੋਜ ਰੋਮਨ ਸਮੁੰਦਰੀ ਇਤਿਹਾਸ ਦੀਆਂ ਸਭ ਤੋਂ ਖਾਸ ਖੋਜਾਂ ‘ਚੋਂ ਇੱਕ ਮੰਨੀ ਜਾਂਦੀ ਹੈ।
•ਇਹ ਮਿਊਜ਼ੀਅਮ 1979 ‘ਚ ਖੋਲਿ੍ਹਆ ਗਿਆ। ਇਸ ਮਿਊਜ਼ੀਅਮ ‘ਚ ਦੋ ਮੰਜਿਲਾਂ ਵਾਲਾ ਪ੍ਰਦਰਸ਼ਨੀ ਮਾਰਗ ਹੈ।
•ਮਛੀਰੀਆ ਕਿਸ਼ਤੀ ਵਿਸ਼ਵ ਦੀ ਬਹੁਤ ਹੀ ਦੁਰਲੱਬ ਰੋਮਨ ਮੱਛੀ ਪਕੜਨ ਵਾਲੀਆਂ ਕਿਸ਼ਤੀਆਂ ‘ਚੋਂ ਇੱਕ ਹੈ।
•ਵਪਾਰ ਰੋਮ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਸੀ। ਇਸ ਬੰਦਰਗਾਹ ‘ਤੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਸਨ। ਹਜ਼ਾਰਾਂ ਟਨ ਅਨਾਜ ਹਰ ਸਾਲ ਇੱਥੇ ਉੱਤਰਦਾ ਸੀ।
•ਇੱਥੇ ਜਹਾਜ਼ਾਂ ਦੀ ਵਿਗਿਆਨਕ ਤਰੀਕੇ ਨਾਲ ਸੰਭਾਲ ਕੀਤੀ ਗਈ ਹੈ।
•ਦਿਲਚਸਪ ਤੱਥ ਮੁਤਾਬਕ ਜਹਾਜ਼ਾਂ ਨੂੰ ਉਨ੍ਹਾਂ ਦੀ ਵਰਤੋਂ ਤੋਂ ਬਾਅਦ ਸੰਭਵਤ ਬੰਦਰਗਾਹ ਦੇ ਕਿਨਾਰੇ ਜਾਣ-ਬੁਝ ਕੇ ਡੁਬੋ ਦਿੱਤਾ ਗਿਆ ਸੀ।
•ਇਸ ਇਲਾਕੇ ਨੂੰ “ਜਹਾਜ਼ਾਂ ਦਾ ਕਬਰਿਸਤਾਨ” ਵੀ ਕਿਹਾ ਜਾਂਦਾ ਹੈ।
•ਇਹ ਮਿਊਜ਼ੀਅਮ ਭੂ-ਮੱਧ ਸਾਗਰ ਦੇ ਸਭ ਤੋਂ ਖਾਸ ਰੋਮਨ ਜਹਾਜ਼ ਸੰਗ੍ਰਹਿਆਂ ‘ਚੋਂ ਇੱਕ ਹੈ।
ਜੇ ਮੌਕਾ ਮਿਲੇ ਤਾਂ ਇਹ ਮਿਊਜ਼ੀਅਮ ਜਰੂਰ ਦੇਖੋ। ਰੋਮਾ ਐਫ.ਸੀ.ਓ. ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਹ ਮਿਊਜ਼ੀਅਮ ਪ੍ਰਾਚੀਨ ਰੋਮ ਦੇ ਸਮੁੰਦਰੀ ਇਤਿਹਾਸ ਨੂੰ ਸਮਝਣ ਦੀ ਸਭ ਤੋਂ ਵਧੀਆ ਥਾਂ ਕਹੀ ਜਾ ਸਕਦੀ ਹੈ।

Leave a Reply

Your email address will not be published. Required fields are marked *