ਐਨਟੋਨੀਓ ਗੁਟਰੇਜ਼ ਨੇ ਸੁਰੱਖਿਆ ਕੌਂਸਲ ਵਿੱਚ ਸੁਧਾਰ ਲਈ ਸੱਦਾ ਦਿੱਤਾ

ਖਬਰਾਂ ਵਿਚਾਰ-ਵਟਾਂਦਰਾ

*ਅਮਰੀਕੀ ਰਾਸ਼ਟਰਪਤੀ ਨੇ ਇਰਾਨ ‘ਤੇ ਹਮਲਾ ਜਾਇਜ਼ ਠਹਿਰਾਇਆ
*ਰੂਸ ਵੱਲੋਂ ਵੀ ਸੁਰੱਖਿਆ ਕੌਂਸਲ ਵਿੱਚ ਸੁਧਾਰਾਂ ਦੀ ਹਮਾਇਤ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮੰਗਲਵਾਰ ਸੰਯੁਕਤ ਰਾਸ਼ਟਰ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਦੁਹਰਾਇਆ ਕਿ ਉਸ ਦੇ ਕਾਲ ਵਿੱਚ ਅਮਰੀਕਾ ਦਾ ਇਰਾਨ ‘ਤੇ ਹਮਲਾ ਬਿਲਕੁਲ ਸਹੀ ਕਦਮ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਪਹਿਲੇ ਲੀਡਰਾਂ ਨੇ ਸਿਰਫ ਗੱਲਾਂ ਕੀਤੀਆਂ, ਜਦਕਿ ਉਨ੍ਹਾਂ (ਟਰੰਪ) ਨੇ ਠੋਸ ਕਾਰਵਾਈਆਂ ਕੀਤੀਆਂ। ਟਰੰਪ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਦਸੰਬਰ ਵਿੱਚ ਅਹੁਦਾ ਮੁਕਤ ਹੋ ਰਹੇ ਸਕੱਤਰ ਜਨਰਲ ਐਨਟੋਨੀਓ ਗੁਟਰੇਜ਼ ਨੇ ਬਿਲਕੁਲ ਵੱਖਰੀ ਪਹੁੰਚ ਅਪਣਾਉਂਦਿਆਂ ਕਿਹਾ ਕਿ ਨਵੀਂ ਹਕੀਕਤ ਨੂੰ ਧਿਆਨ ਵਿੱਚ ਰੱਖਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸੁਧਾਰ ਹੋਣਾ ਚਾਹੀਦਾ ਹੈ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਮੈਂਬਰ ਮੁਲਕਾਂ ਦੇ ਪ੍ਰਮੁੱਖ ਲੀਡਰ ਵਜੋਂ ਬੋਲਦਿਆਂ ਕਿਹਾ ਕਿ ਅਮਰੀਕਾ ਨੂੰ ਬ੍ਰਾਜ਼ੀਲ ਦੇ ਜਮਹੂਰੀ ਅਮਲ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਦੇ ਲੋਕ ਆਪਣੀ ਆਜ਼ਾਦੀ (ਸਾਵਰਨਿਟੀ) ਅਤੇ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਵਿਦੇਸ਼ੀ ਦਖਲ ਨੂੰ ਬਰਦਾਸ਼ਤ ਨਹੀਂ ਕਰਨਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਅਸੈਂਬਲੀ ਵਿੱਚ ਦਿੱਤੇ ਗਏ ਆਪਣੇ ਭਾਸ਼ਨ ਵਿੱਚ ਆਪਣੀ ਸਰਕਾਰ ਦੀਆਂ ਸਫਲਤਾਵਾਂ ਦੇ ਕਸੀਦੇ ਪੜ੍ਹੇ। ਉਨ੍ਹਾਂ ਕਿਹਾ, “ਮੈਂ ਆਪਣੇ ਦੂਜੇ ਕਾਰਜਕਾਲ ਵਿੱਚ ਪ੍ਰਾਈਵੇਟ ਨੌਕਰੀਆਂ, ਪਰਵਾਸ ਅਤੇ ਕ੍ਰਾਈਮ ਨੂੰ ਰੋਕਣ ਤੋਂ ਇਲਾਵਾ ਇਰਾਨ ਖਿਲਾਫ ਪੂਰਾ ਸੂਰਾ ਹਮਲਾ ਕੀਤਾ।” ਅਮਰੀਕੀ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਮਸਲਿਆਂ ‘ਤੇ ਕੋਈ ਚਰਚਾ ਛੇੜਨ ਦੀ ਥਾਂ ਆ ਰਹੀਆਂ ਮੱਧਕਾਲੀ ਚੋਣਾਂ ਦੇ ਮੱਦੇਨਜ਼ਰ ਅਮਰੀਕਾ ਦੀ ਘਰੇਲੂ ਸਿਆਸਤ ‘ਤੇ ਹੀ ਵਧੇਰੇ ਸਮਾਂ ਚਰਚਾ ਕੀਤੀ। ਟਰੰਪ ਨੇ ਕਿਹਾ ਕਿ ਜਿੱਥੋਂ ਤੱਕ ਇਰਾਨ ਦਾ ਮਾਮਲਾ ਹੈ, ਉਹ ਚੋਣ ਨਤੀਜਿਆਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਨਵੰਬਰ ਮਹੀਨੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਇਰਾਨ ਅਮਰੀਕਾ ਨਾਲ ਸਮਝੌਤਾ ਕਰਨ ਲਈ ਮਜਬੂਰ ਹੋਵੇਗਾ। ਉਨ੍ਹਾਂ ਇਰਾਨ ਦੀ ਇਸਲਾਮਿਕ ਰਿਪਬਲਿਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ‘ਅੱਤਿਵਾਦੀ ਪ੍ਰਬੰਧ’ ਮਾੜਾ ਵਰਤਾਵ (ਬਿਹੇਵ) ਕਰ ਰਿਹਾ ਹੈ। ਇਸ ਲਈ ਨਹੀਂ ਕਿ ਉਹ ਤਕੜਾ ਅਤੇ ਆਤਮ ਵਿਸ਼ਵਾਸੀ ਹੈ, ਸਗੋਂ ਇਸ ਕਰਕੇ ਕਿ ਉਹ ਕਮਜ਼ੋਰ ਅਤੇ ਬਦਹਵਾਸੀ ਦਾ ਸ਼ਿਕਾਰ ਹੈ। ਉਨ੍ਹਾਂ ਆਪਣੇ ਭਾਈਵਾਲਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇ ਅਸੀਂ ਇਕਮੁੱਠ ਰਹੇ ਤਾਂ 51 ਸਾਲ ਲੰਮਾ ਇਹ ਇਸਲਾਮੀ ਰਾਜ ਜਲਦੀ ਹੀ ਬਿਖਰ ਜਾਵੇਗਾ। ਜਦੋਂ ਟਰੰਪ ਨੇ ਆਪਣਾ ਭਾਸ਼ਨ ਦੇਣਾ ਸ਼ੁਰੂ ਕੀਤਾ ਤਾਂ ਇਰਾਨ ਨਾਲ ਸੰਬੰਧਤ ਡੈਲੀਗੇਸ਼ਨ ਅਸੈਂਬਲੀ ਹਾਲ ਤੋਂ ਬਾਹਰ ਚਲੇ ਗਏ।
ਇੱਥੇ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਹੀ ਦੇਸ਼ ਦੇ ਤਿੰਨ ਮੀਡੀਆ ਅਦਾਰਿਆਂ, ਜਿਨ੍ਹਾਂ ਵਿੱਚ ਸੀ.ਐਨ.ਐਨ., ਐਮ.ਐਸ. ਨਾਓ ਅਤੇ ਪੋਲਿਟੀਕੋ ਸ਼ਾਮਲ ਹਨ, ਦਾ ਵ੍ਹਾਈਟ ਹਾਊਸ ਵਿੱਚ ਦਾਖਲਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਸ ਦੇ ਰਾਸ਼ਟਰਪਤੀ ਹੋਣ ਦੇ ਦੌਰ ਵਿੱਚ ਇਨ੍ਹਾਂ ਅਦਾਰੀਆਂ ਵੱਲੋਂ ਕੀਤੀ ਜਾਂਦੀ ਰਹੀ ਕਵਰੇਜ਼ ਬੇਹੱਦ ਪੱਖਪਾਤੀ ਰਹੀ ਹੈ। ਟਰੰਪ ਦੇ ਇਸ ਫੈਸਲੇ ਵਿਰੁਧ ਬੈਨ ਕੀਤੇ ਗਏ ਅਦਾਰਿਆਂ ਨੇ ਅਦਾਲਤ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਹੈ। ਸੀ.ਐਨ.ਐਨ. ਨਾਲ ਸੰਬੰਧਤ ਇੱਕ ਰਿਪੋਰਟਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਉਸ ਨੂੰ ਝਾੜ ਪਾਈ ਅਤੇ ਕਿਹਾ ਕਿ ਉਹਨੂੰ ਇੱਥੇ ਨਹੀਂ ਸੀ ਹੋਣਾ ਚਾਹੀਦਾ। ਆਪਣੇ ਭਾਸ਼ਨ ਤੋਂ ਬਾਅਦ ਇਸ ਸਮਾਗਮ ਦੇ ਸਾਈਡ ‘ਤੇ ਟਰੰਪ ਵੱਲੋਂ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬੁਰਨਾਹਮ, ਜਪਾਨੀ ਪ੍ਰਧਾਨ ਮੰਤਰੀ ਸਨਾਏ ਟਕਾਇਚੀ, ਯੂਕਰੇਨ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਜੇਲੰਸਕੀ, ਇਰਾਨੀ ਰਾਸ਼ਟਰਪਤੀ ਮਸੂਦ ਪਜਿਸ਼ਕੀਆਨ ਅਤੇ ਵੈਨੇਜ਼ੂਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਗਰਿਜ਼ ਨਾਲ ਮੁਲਾਕਤਾਂ ਕੀਤੇ ਜਾਣ ਦੀ ਸੰਭਾਵਨਾ ਹੈ।
ਟਰੰਪ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਅਸੈਂਬਲੀ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਅਸਰਦਾਰ ਕੂਟਨੀਤੀ ਹੀ ਇੱਕੋ-ਇੱਕ ਹੱਲ ਹੈ। ਉਨ੍ਹਾਂ ਬਹੁ-ਧਰੁਵੀ ਬਣ ਰਹੇ ਸੰਸਾਰ ‘ਤੇ ਹੋ ਰਹੇ ਜ਼ੋਰਦਾਰ ਹਮਲਿਆਂ ਦੀ ਵੀ ਨਿਖੇਧੀ ਕੀਤੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਵਿਸ਼ਵਾਸ-ਯੋਗਤਾ ਦਾਅ ‘ਤੇ ਲੱਗੀ ਹੋਈ ਹੈ; ਕਿਉਂਕਿ ਦੁਨੀਆਂ ਭਰ ਵਿੱਚ ਰਾਜਨੀਤਿਕ ਕਲੇਸ਼ ਵਧ ਰਹੇ ਹਨ ਅਤੇ ਇਹ ਸੰਸਥਾ ਅਧਰੰਗ (ਪੈਰਾਲਾਈਸਸ) ਦੀ ਅਵਸਥਾ ਵਿੱਚ ਹੈ। ਉਨ੍ਹਾਂ ਜ਼ੋਰ ਨਾਲ ਕਿਹਾ ਕਿ ਬ੍ਰਾਜ਼ੀਲ 1946 ਵਿੱਚ ਸੰਯੁਕਤ ਰਾਸ਼ਟਰ ਦੀ ਪਹਿਲੀ ਸਾਲਾਨਾ ਮੀਟਿੰਗ ਤੋਂ ਲੈ ਕੇ ਹੁਣ ਤੱਕ, ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰਾਂ ਵੱਲੋਂ ਕੀਤੀ ਜਾਂਦੀ ਵੀਟੋ ਦੀ ਵਰਤੋਂ ਦਾ ਲਗਾਤਾਰ ਵਿਰੋਧ ਕਰਦਾ ਰਿਹਾ ਹੈ। ਬ੍ਰਾਜ਼ੀਲੀਅਨ ਰਾਸ਼ਟਰਪਤੀ ਨੇ ਕਿਹਾ ਕਿ ਪਿਛਲਾ ਵਰ੍ਹਾਂ ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਵੱਧ ਕਲੇਸ਼ੀ ਸਾਲ ਰਿਹਾ ਹੈ। ਬ੍ਰਾਜ਼ੀਲ ਦੇ ਇਸ ਖੱਬੇ-ਪੱਖੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਬ੍ਰਾਜ਼ੀਲ ਨੇ ਬੇਰੁਜ਼ਗਾਰੀ ਅਤੇ ਭੁੱਖਮਰੀ ਦੇ ਖਿਲਾਫ ਮੁੜ ਤੋਂ ਮੁਹਿੰਮ ਅਰੰਭ ਕੀਤੀ ਹੈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਨਵਾਂ ਕਾਨੂੰਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਦੀ ਭ੍ਰਿਸ਼ਟਾਚਾਰ ਖਿਲਾਫ ਜੰਗ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਸ ਦੀ ਕੋਈ ਵੀ ਹਸਤੀ ਰਹੀ ਹੋਵੇ।
ਯਾਦ ਰਹੇ, ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸਨਾਰੋ ਭ੍ਰਿਸ਼ਟਾਚਾਰ ਅਤੇ ਜਮਹੂਰੀ ਅਮਲ ਵਿੱਚ ਅੜਿਕਾ ਪਾਉਣ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਨੇੜਤਾ ਜੱਗ ਜ਼ਾਹਰ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਅਰਜਨਟੀਨਾ ਅਤੇ ਕੋਲੰਬੀਆ ਵਿੱਚ ਵੀ ਸੱਜੇ ਪੱਖ ਦੀ ਮਦਦ ਕੀਤੀ। ਇਹ ਦੋਨੋਂ ਧਿਰਾਂ ਚੋਣਾਂ ਜਿੱਤ ਗਈਆਂ ਹਨ। ਟਰੰਪ ਵੱਲੋਂ ਕੀਤੀ ਗਈ ਮਦਦ ਦੇ ਬਾਵਜੂਦ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਬੋਲਸਨਾਰੋ ਪਿਛਲੀ ਚੋਣਾਂ ਹਾਰ ਗਏ ਸਨ। ਆਪਣੀ ਸਰਕਾਰ ਤੋਂ ਬਾਅਦ ਉਨ੍ਹਾਂ ਨੇ ਲੂਲਾ ਦੀ ਰਾਸ਼ਟਰਪਤੀ ਵਜੋਂ ਆਮਦ ਨੂੰ ਜਬਰੀ ਰੋਕਣ ਦਾ ਯਤਨ ਕੀਤਾ ਸੀ। ਉਨ੍ਹਾਂ ਦੇ ਪੁੱਤਰ ਇਯੂਰਾਡੋ ਬੋਲਸਨਾਰੋ ਨੂੰ ਵੀ ਹਾਲ ਹੀ ਵਿੱਚ ਇੱਕ ਮਾਮਲੇ ਵਿੱਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਸੰਯੁਕਤ ਰਾਸ਼ਟਰ ਅਸੈਂਬਲੀ ਦੇ ਸ਼ੁਰੂਆਤੀ ਭਾਸ਼ਨ ਵਿੱਚ ਬੋਲਦਿਆਂ ਇਸ ਸੰਸਥਾ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਜ਼ ਨੇ ਵੀ ਮੈਂਬਰ ਮੁਲਕਾਂ ਦੇ ਆਗੂਆਂ ਨੂੰ ਸੁਰੱਖਿਆ ਕੌਂਸਲ ਵਿੱਚ ਸੁਧਾਰ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕੌਂਸਲ ਦੂਜੀ ਸੰਸਾਰ ਜੰਗ ਤੋਂ ਬਾਅਦ ਦੀ ਸਿਆਸੀ ਹਕੀਕਤ ਦੇ ਆਧਾਰ ‘ਤੇ ਹੋਂਦ ਵਿੱਚ ਆਈ ਸੀ। ਹੁਣ ਇਸ ਦਾ ਪੁਰਾਣਾ ਢਾਂਚਾ ਅੱਜ ਦੀ ਸਿਆਸੀ ਹਕੀਕਤ ਨਾਲ ਮੇਲ ਨਹੀਂ ਖਾਂਦਾ। ਇਸ ਲਈ ਇਸ ਵਿੱਚ ਸੁਧਾਰ ਕਰਨ ਲਈ ਸੰਸਾਰ ਲੀਡਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਯਾਦ ਰਹੇ ਰੂਸ, ਅਮਰੀਕਾ, ਚੀਨ, ਫਰਾਂਸ ਅਤੇ ਬਰਤਾਨੀਆ ਸਿਕਿਉਰਿਟੀ ਕੌਂਸਲ ਦੇ ਪੱਕੇ ਮੈਂਬਰ ਹਨ ਅਤੇ ਵੀਟੋ ਪਾਵਰ ਵਰਤਣ ਦੇ ਅਧਿਕਾਰੀ ਹਨ। ਭਾਰਤ, ਜਰਮਨੀ, ਜਪਾਨ, ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਆਦਿ ਵੀ ਹੁਣ ਸੁਰੱਖਿਆ ਕੌਂਸਲ ਵਿੱਚ ਪੱਕੀ ਮੈਂਬਰਸ਼ਿਪ ਦੇ ਨਵੇਂ ਦਾਅਵੇਦਾਰ ਹਨ। ਇਸ ਦੌਰਾਨ ਰੂਸ ਨੇ ਵੀ ਸੁਰੱਖਿਆਂ ਕੌਂਸਲ ਦੇ ਨਵੇਂ ਮੈਂਬਰ ਬਣਾਏ ਜਾਣ ਦੀ ਪੈਰਵੀ ਕੀਤੀ ਹੈ ਅਤੇ ਉਨ੍ਹਾਂ ਨੂੰ ਵੀਟੋ ਪਾਵਰ ਦਿੱਤੇ ਜਾਣ ਦੀ ਹਮਾਇਤ ਕੀਤੀ ਹੈ।

Leave a Reply

Your email address will not be published. Required fields are marked *