*ਬਿਮਾਰੀ ਦੀ ਜੜ੍ਹ ‘ਤੇ ਵਾਰ ਕਰਨ ਦੀ ਲੋੜ
ਜਸਵੀਰ ਸਿੰਘ ਸ਼ੀਰੀ
ਅਕਾਲ ਤਖਤ ਸਾਹਿਬ ਦੇ ਬਾਦਲ ਦਲ ਵੱਲੋਂ ਆਪ ਨਿਯੁਕਤ ਕੀਤੇ ਗਏ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਮਰਜੀਤ ਸਿੰਘ ਚਾਵਲਾ ਨੂੰ ਪੰਥ ਵਿੱਚੋਂ ਛੇਕ ਕੇ ਸਹੀ ਕਦਮ ਚੁਕਿਆ ਹੈ ਜਾਂ ਨਹੀਂ, ਇਸ ‘ਤੇ ਸਿੱਖ ਬੁੱਧੀਜੀਵੀਆਂ ਅਤੇ ਰਾਜਨੀਤੀਵਾਨਾਂ ਵਿਚਕਾਰ ਬਹਿਸ ਛਿੜੀ ਹੋਈ ਹੈ। ਚਾਵਲਾ ਖੁਦ ਆਪ ਅਤੇ ਉਸ ਦੇ ਕੁਝ ਹਮਾਇਤੀ ਇਹ ਕਹਿ ਰਹੇ ਹਨ ਕਿ
ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਚਾਵਲਾ ਦਾ ਪੱਖ ਸੁਣੇ ਬਿਨਾ ਹੀ ਇਹ ਵੱਡਾ ਕਦਮ ਚੁੱਕ ਲਿਆ ਹੈ। ਸਿੱਖ ਸਮਾਜ ਵਿੱਚੋਂ ਅਮਰਜੀਤ ਸਿੰਘ ਚਾਵਲਾ ਦੀ ਬਰਤਰਫੀ ਸਿਰਫ ਉਦੋਂ ਤੱਕ ਹੈ, ਜਦੋਂ ਤੱਕ ਉਹ ਆਪਣੇ ਆਪ ਨੂੰ ਪਾਕਿ ਸਾਫ ਸਿੱਧ ਨਹੀਂ ਕਰ ਲੈਂਦਾ। ਪਰ ਇਹ ਇੱਕ ਤਰ੍ਹਾਂ ਨਾਲ ਸਿੱਖ ਸੰਸਥਾਵਾਂ ‘ਤੇ ਕਾਬਜ ਸਿਆਸੀ ਧੜੇ ਵੱਲੋਂ ਆਪਣਾ ਅਕਸ ਬਚਾਉਣ ਦਾ ਯਤਨ ਹੀ ਜਾਪਦਾ ਹੈ, ਉਭਰ ਕੇ ਸਾਹਮਣੇ ਆਈ ਮਰਜ਼ ਦੇ ਇਲਾਜ ਦਾ ਨਹੀਂ; ਕਿਉਂਕਿ ਸਿੱਖ ਸੰਸਥਾਵਾਂ ‘ਤੇ ਮੌਜੂਦਾ ਲੀਡਰਸ਼ਿਪ ਦੀ ਗੁਲਾਮੀ ਕੇਂਦਰੀ ਸੱਤਾ ‘ਤੇ ਕਾਬਜ਼ ਹਿੰਦੂਤਵੀਆਂ ਨੇ ਥੋਪੀ ਹੋਈ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਅਮਲ ਕੇਂਦਰ ਸਰਕਾਰ ਨੇ ਹੀ ਰੋਕਿਆ ਹੋਇਆ ਹੈ।
ਦੋਸ਼ ਲਾਉਣ ਵਾਲੀ ਬੀਬੀ ਨੂੰ ਪੰਜਾਬ ਬੁਲਾਉਣ ਵਿੱਚ ਅਕਾਲੀ ਆਗੂ ਸਰਬਜੀਤ ਸਿੰਘ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ਦੇ ਨਾਮ ਵੀ ਲਏ ਜਾ ਰਹੇ ਹਨ। ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਇਸ ਬੀਬੀ ਨੂੰ ਉਨ੍ਹਾਂ ਦੇ ਖਿਲਾਫ ਵਰਤਣ ਲਈ ਬੁਲਾਇਆ ਗਿਆ ਸੀ ਤਾਂ ਕਿ ਉਨ੍ਹਾਂ ਦਾ ਚਰਿੱਤਰ ਹਨਨ ਕੀਤਾ ਜਾ ਸਕੇ। ਇਹ ਦੋ ਦਸੰਬਰ ਦੇ ਹੁਕਮਨਾਮੇ ਦਾ ਬਦਲਾ ਲੈਣ ਲਈ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਬੀਬੀ ਨੂੰ ਕਿਸ ਨੇ ਬੁਲਾਇਆ ਹੈ। ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਮਾਮਲੇ ਤੋਂ ਪੱਲਾ ਝਾੜਿਆ ਹੈ। ਇਸ ਨੇ ਸਿੱਖ ਸੰਸਥਾਵਾਂ ਦੇ ਮੁਖੀਆਂ ਦੀ ਸਥਿਤੀ ਅਫਸੋਸਨਾਕ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਹਾਲਾਤ ਇਹੋ ਜਿਹੇ ਹਨ ਤਾਂ ਦੋਹਾਂ ਧਾਰਮਿਕ ਆਗੂਆਂ ਨੂੰ ਅਸਤੀਫੇ ਦੇ ਕੇ ਘਰੇ ਬੈਠ ਜਾਣਾ ਚਾਹੀਦਾ ਹੈ। ਉਂਝ ਜਿਸ ਤਰ੍ਹਾਂ ਇਸ ਬੀਬੀ ਨੂੰ ਪੰਜਾਬ ਬੁਲਾਉਣ ਵਿੱਚ ਦੋ ਅਕਾਲੀ ਲੀਡਰਾਂ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਇਹ ਅਕਾਲੀ ਦਲ ਅੰਦਰ ਮੌਜੂਦ ਧੜਿਆਂ ਵਿਚਕਾਰ ਹੀ ਇੱਕ ਲੜਾਈ ਹੈ।
ਜਿਸ ਤਰ੍ਹਾਂ ਨਾਲ ਬਹਿਰੀਨ ਤੋਂ ਆਈ ਉਪਰੋਕਤ ਔਰਤ ਨੂੰ ਸਿੱਖ ਸਰਾਵਾਂ ਵਿੱਚ ਲੰਮੇ ਸਮੇਂ ਤੱਕ ਰੱਖਿਆ ਗਿਆ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਕਥਿਤ ਤੌਰ ‘ਤੇ ਫੰਡ ਜਾਰੀ ਕੀਤੇ ਗਏ, ਇਸ ਤੋਂ ਪਤਾ ਲਗਦਾ ਹੈ ਕਿ ਮਾਮਲੇ ਵਿੱਚ ਸਿਰਫ ਚਾਵਲਾ, ਡਰਾਈਵਰ ਮੋਹਨ ਸਿੰਘ ਅਤੇ ਗ੍ਰੰਥੀ ਮਲਕੀਤ ਸਿੰਘ ਹੀ ਸ਼ਾਮਲ ਨਹੀਂ ਹਨ, ਸਗੋਂ ਇਨ੍ਹਾਂ ਸੰਸਥਾਵਾਂ ਦੇ ਮੁਖੀਆਂ, ਵੱਡੇ ਅਹਿਲਕਾਰਾਂ ਦੀ ਮਿਲੀਭੁਗਤ ਮੌਜੂਦ ਹੈ। ਇਸ ਸਾਰੇ ਕੁਝ ਦੀ ਜਾਂਚ ਸ਼੍ਰੋਮਣੀ ਕਮੇਟੀ ਦੇ ਮੁਖੀ ਦੇ ਵੱਸ ਦੀ ਗੱਲ ਨਹੀਂ ਜਾਪਦੀ। ਭਾਵੇਂ ਕਿ ਉਨ੍ਹਾਂ ਜਾਂਚ ਦਾ ਆਦੇਸ਼ ਦੇ ਦਿੱਤਾ ਹੈ। ਹਰਜਿੰਦਰ ਸਿੰਘ ਧਾਮੀ ਨੇ ਉਂਝ ਇਹ ਜ਼ਰੂਰ ਕਿਹਾ ਹੈ ਕਿ ਇਹ ਬੀਬੀ ਉਨ੍ਹਾਂ ਨੂੰ ਦੋ ਵਾਰ ਮਿਲੀ ਸੀ, ਪਰ ਬਲਾਤਕਾਰ ਵਾਲੀ ਗੱਲ ਕਦੇ ਨਹੀਂ ਦੱਸੀ। ਇਹ ਰਾਏ ਵੀ ਆ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਜਾਂਚ ਵਾਲੇ ਪਾਸੇ ਅੱਗੇ ਵਧਣਾ ਚਾਹੀਦਾ ਹੈ ਜਾਂ ਫਿਰ ਮੁਤਬਾਦਲ ਅਕਾਲੀ ਦਲਾਂ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਸਾਂਝੀ ਸ਼ਮੂਲੀਅਤ ਵਾਲੀ ਇੱਕ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਜਿਹੜੀ ਮਾਮਲੇ ਦੀ ਵਿਸਥਾਰਤ ਅਤੇ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਲਿਆਵੇ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਇੱਕ ਸਿੱਟ ਬਣਾ ਕੇ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਯਾਦ ਰਹੇ, ਇਸ ਮਾਮਲੇ ਵਿੱਚ ਸੰਬੰਧਤ ਔਰਤ ਨੇ 21 ਅਗਸਤ 2026 ਨੂੰ ਅਨੰਦਪੁਰ ਸਾਹਿਬ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਨੂੰ ਸਾਹਮਣੇ ਲਿਆਉਣ ਵਾਲੀ ਔਰਤ ਦਾ ਪਿਛੋਕੜ ਪੰਜਾਬ ਦੇ ਮਾਲਵਾ ਖੇਤਰ (ਜ਼ਿਲ੍ਹਾ ਸੰਗਰੂਰ) ਨਾਲ ਸੰਬੰਧਤ ਦੱਸਿਆ ਜਾਂਦਾ ਹੈ। ਅੱਜ-ਕੱਲ੍ਹ ਉਹ ਬਹਿਰੀਨ ਵਿੱਚ ਰਹਿ ਰਹੀ ਹੈ। ਉਸ ਨੇ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਦੋਸ Lਲਾਏ ਹਨ ਕਿ ਉਸ ਨੂੰ ਫਰਵਰੀ ਤੋਂ ਅਗਸਤ 2026 ਤੱਕ ਅਨੰਦਪੁਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪ੍ਰਬੰਧ ਵਾਲੀ ਸਰਾਂ ਵਿੱਚ ਇੱਕ ਤਰ੍ਹਾਂ ਨਾਲ ਬੰਦੀ ਬਣਾ ਕੇ ਰੱਖਿਆ ਗਿਆ ਅਤੇ ਵਾਰ-ਵਾਰ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ। ਇਸ ਸ਼ਿਕਾਇਤ ਦੇ ਦਰਜ ਹੋਣ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਨੂੰ ਭਾਰਤ ਤੋਂ ਕੈਨੇਡਾ ਨਿਕਲ ਜਾਣ ਲਈ ਪੰਜਾਬ ਪੁਲਿਸ ਵੱਲੋਂ ਪੂਰਾ ਇਕ ਮਹੀਨਾ ਦਿੱਤਾ ਗਿਆ। ਕੀ ਇਸ ਵਿੱਚ ਪੰਜਾਬ ਸਰਕਾਰ ਵੀ ਸ਼ਾਮਿਲ ਹੈ? ਅਨੰਦਪੁਰ ਸਾਹਿਬ ਪੁਲਿਸ ਵੱਲੋਂ ਭਾਰਤੀ ਨਿਆਂ ਸੰਹਿਤਾ ਅਧੀਨ ਚਾਵਲਾ ਖਿਲਾਫ ਬਲਾਤਕਾਰ (ਧਾਰਾ 64), ਜਬਰੀ ਬੰਦੀ ਬਣਾ ਕੇ ਰੱਖਣ (ਸੈਕਸ਼ਨ 127{2}) ਅਤੇ ਮੁਜ਼ਰਮਾਨਾ ਢੰਗ ਨਾਲ ਧਮਕਾਉਣ (ਧਾਰਾ 351{2}) ਅਧੀਨ ਅਧਿਕਾਰਤ ਤੌਰ ‘ਤੇ ਕੇਸ ਦਰਜ ਕੀਤੇ ਗਏ ਹਨ। ਅਮਰਜੀਤ ਸਿੰਘ ਚਾਵਲਾ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਬਾਕਾਇਦਾ ਇੱਕ ਸਾਜ਼ਿਸ਼ ਤੋਂ ਪ੍ਰੇਰਤ ਦੱਸਿਆ ਹੈ। ਮਾਮਲਾ ਜਨਤਕ ਤੌਰ ‘ਤੇ ਸਾਹਮਣੇ ਆਉਣ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦਿਆਂ ਤੋਂ ਇਖਲਾਕੀ ਆਧਾਰ ‘ਤੇ ਅਸਤੀਫੇ ਦੇ ਦਿੱਤੇ ਹਨ।
ਇਸ ਘਟਨਾ ਦੇ ਅੰਤਰਗਤ ਅਕਾਲੀ ਦਲ (ਬਾਦਲ) ਅਤੇ ਸਿੱਖ ਸੰਸਥਾਵਾਂ ਦੇ ਆਗੂ ਅੰਦਰੋਂ-ਬਾਹਰੋਂ ਪੂਰੀ ਤਰ੍ਹਾਂ ਘਿਰ ਗਏ ਹਨ। ਇਸ ਨਾਲ ਅਕਾਲੀ ਦਲ (ਬਾਦਲ) ਦੇ ਸਿਆਸੀ ਭਵਿੱਖ ‘ਤੇ ਗਹਿਰੇ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਸਵਾਲ ਹੋਰ ਖੜੇ੍ਹ ਹੋ ਗਏ ਹਨ। ਅਮਰਜੀਤ ਸਿੰਘ ਚਾਵਲਾ ਨੇ ਬੀਤੇ ਦਿਨੀਂ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਨ੍ਹਾਂ ਨੂੰ ਛੇਕਣ ਵਿੱਚ ਕਾਹਲੀ ਕੀਤੀ ਹੈ। ਉਨ੍ਹਾਂ ਕਿਹਾ, “ਮੈਂ ਸੁੱਚਾ ਸਿੰਘ ਲੰਗਾਹ ਨਹੀਂ ਹਾਂ ਅਤੇ ਸਾਰੇ ਸਵਾਲਾਂ ਦਾ ਸਾਹਮਣਾ ਕਰਾਂਗਾ। ਮੇਰਾ ਇਕ ਜੀਵਨ ਹੈ।” ਅਮਰਜੀਤ ਸਿੰਘ ਚਾਵਲਾ ਨੇ ਇੱਕ ਤਰ੍ਹਾਂ ਨਾਲ ਲੁਕਵੀਂ ਧਮਕੀ ਵੀ ਦਿੱਤੀ ਕਿ ਜੇ ਉਹ ਬੋਲੇ ਤਾਂ ਹੋਰ ਬਹੁਤ ਸਾਰੇ ਰਾਜ਼ ਵੀ ਖੁਲ੍ਹਣਗੇ। ਉਨ੍ਹਾਂ ਸੰਬੰਧਤ ਔਰਤ ‘ਤੇ ਦੋਸ਼ ਲਾਇਆ ਕਿ ਉਹ ਪਹਿਲਾਂ ਵੀ ਕਿਸੇ ਹੋਰ ਵਿਅਕਤੀ ‘ਤੇ ਬਲਾਤਕਾਰ ਦੇ ਝੂਠੇ ਦੋਸ਼ ਲਗਾ ਚੁੱਕੀ ਹੈ ਅਤੇ ਇੱਕ ਮਾਮਲੇ ਵਿੱਚ ਜੇਲ੍ਹ ਵੀ ਜਾ ਚੁੱਕੀ ਹੈ। ਅਸਲ ਵਿੱਚ ਚੰਗਾ ਇਹੋ ਹੋਵੇਗਾ ਕਿ ਸਾਰੇ ਰਾਜ਼ ਖੁਲ੍ਹ ਜਾਣ ਅਤੇ ਅਸਲ ਸੱਚ ਸਾਹਮਣੇ ਆਉਣ। ਸਵਾਲ ਇਹ ਵੀ ਖੁਲ੍ਹਣੇ ਚਾਹੀਦੇ ਹਨ ਕਿ ਸੰਬੰਧਤ ਔਰਤ ਨੂੰ ਬਹਿਰੀਨ ਤੋਂ ਭਾਰਤ ਕਿਸ ਨੇ ਬੁਲਾਇਆ? ਉਸ ਨੂੰ ਸਿੱਖ ਸੰਸਥਾਵਾਂ ਵੱਲੋਂ ਇੰਨੀ ਅਹਿਮੀਅਤ ਕਿਉਂ ਦਿੱਤੀ ਗਈ? ਲਗਜ਼ਰੀ ਵਾਹਨ ਪ੍ਰਦਾਨ ਕਿਉਂ ਕੀਤੇ ਗਏ ਅਤੇ ਚਾਵਲਾ ਦੀ ਗ੍ਰਿਫਤਾਰੀ ਨੂੰ ਇੱਕ ਮਹੀਨੇ ਤੱਕ ਕਿਉਂ ਟਾਲਿਆ ਗਿਆ?
ਯਾਦ ਰਹੇ, ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਇਸ ਔਰਤ ਨੇ ਇਹ ਦੋਸ਼ ਵੀ ਲਾਏ ਹਨ ਕਿ ਕੇਸਗੜ੍ਹ ਸਾਹਿਬ ਵਿਖੇ ਕੰਮ ਕਰਦੇ ਇੱਕ ਡਰਾਈਵਰ ਮੋਹਨ ਸਿੰਘ ਅਤੇ ਅਕਾਲ ਤਖਤ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਮਲਕੀਤ ਸਿੰਘ ਨੇ ਉਸ ਨੂੰ ਫੋਨ ‘ਤੇ ਅਸ਼ਲੀਲ ਸੁਨੇਹੇ (ਮੈਸੇਜ) ਭੇਜੇ। ਇਹ ਦੋਨੋ ਮੁਲਾਜ਼ਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਅੱਤਲ ਕਰ ਦਿੱਤੇ ਹਨ। ਔਰਤ ਨੇ ਦੋਸ਼ ਲਾਇਆ ਕਿ ਅਨੰਦਪੁਰ ਸਾਹਿਬ ਦੀ ਸਰਾਂ ਵਿੱਚ ਚਾਵਲਾ ਨੇ ਉਸ ਨਾਲ (ਬਦਫੈLਲੀ ਦੀਆਂ) ਸੱਭੇ ਹੱਦਾਂ ਪਾਰ ਕੀਤੀਆਂ ਅਤੇ ਉਸ ਨੂੰ ਪੰਥ ਦੋਖੀ ਕਰਾਰ ਦਿੱਤਾ ਜਾਵੇ। ਯਾਦ ਰਹੇ, ਅਕਾਲ ਤਖਤ ਸਾਹਿਬ ਵੱਲੋਂ ਇੱਕ ਵੀਡੀਓ ਨੂੰ ਆਧਾਰ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਦੋਖੀ ਅਤੇ ਗੁਰੂ ਦੋਖੀ ਕਰਾਰ ਦੇ ਦਿੱਤਾ ਗਿਆ ਸੀ, ਪਰ ਇਸ ਤੋਂ ਬਾਅਦ ਵੀ ਉਹ ਆਪਣੇ ਸਾਰੇ ਜਨਤਕ ਕੰਮ ਕਰਦੇ ਰਹੇ ਹਨ।
ਅਮਰਜੀਤ ਸਿੰਘ ਚਾਵਲਾ ਨੂੰ ਪੰਥ ਵਿੱਚੋਂ ਕਾਹਲੀ ਨਾਲ ਛੇਕਣ ਦੀ ਕਾਰਵਾਈ ਨੇ ਅਕਾਲੀ ਦਲ ਦੇ ਇੱਕ ਧੜੇ ਨੂੰ ਇਹ ਕਹਿਣ ਦਾ ਮੌਕਾ ਵੀ ਦਿੱਤਾ ਹੈ ਕਿ ਚਾਵਲਾ ਦਾ ਪੱਖ ਸੁਣੇ ਬਿਨਾ ਉਸ ਨੂੰ ਪੰਥ ਵਿੱਚੋਂ ਛੇਕਣਾ ਜਾਇਜ਼ ਨਹੀਂ ਹੈ; ਇਸ ‘ਤੇ ਮੁੜ ਵਿਚਾਰ ਹੋਣੀ ਚਾਹੀਦੀ ਹੈ। ਇਸ ਦੌਰਾਨ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਮਰਜੀਤ ਸਿੰਘ ਚਾਵਲਾ ‘ਤੇ ਲੱਗੇ ਦੋਸ਼ਾਂ ਦੇ ਮਾਮਲੇ ਵਿੱਚ ਅਕਾਲੀ ਲੀਡਰਸਿੱLਪ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿੱਪ ਦਾ ਹੁੰਘਾਰਾ (ਰਿਸਪੌਂਸ) ਅਸਰਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਸ ਦੀ ਲੀਡਰਸ਼ਿਪ ਨੇ ਹੀ ਖ਼ਤਮ (ਫਿਨਿਸ਼) ਕਰ ਦਿੱਤਾ ਹੈ। ਮਨਪ੍ਰੀਤ ਸਿੰਘ ਇਆਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਸਮਾਜ ਦੇ ਸਾਰੇ ਵਰਗਾਂ ਵੱਲੋਂ ਵੱਡਾ ਹੁੰਘਾਰਾ ਮਿਲ ਰਿਹਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੂੰ ਮਿਲ ਕੇ ਚਾਵਲਾ ਮਾਮਲੇ ਵਿੱਚ ਨਿਰਪੱਖ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ। ਦੂਜੇ ਪਾਸੇ ਅਕਾਲੀ ਦਲ (ਬਾਦਲ) ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਪਾਲ ਦਾ ਅਕਾਲੀ ਦਲ ‘ਵਾਰਸ ਪੰਜਾਬ ਦਾ’ ਨਹੀਂ, ਸਗੋਂ ‘ਵਾਇਰਸ’ ਪੰਜਾਬ ਦਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨੇ ਵੇਖਣਾ ਹੈ ਕਿ ਉਹ ਮਾਰਧਾੜ ਵਾਲਾ ਦੌਰ ਪੰਜਾਬ ਵਿੱਚ ਮੁੜ ਲਿਆਉਣਾ ਚਾਹੁੰਦੇ ਹਨ ਜਾਂ ਨਹੀਂ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੱਲੋਂ ਵੀ ਸਰਬਜੀਤ ਸਿੰਘ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ਦੀ ਉਕਤ ਮਾਮਲੇ ਵਿੱਚ ਭੂਮਿਕਾ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਮਾਮਲੇ ਦੇ ਮਘਣ ਨਾਲ ਪੰਜ ਕੁ ਮਹੀਨੇ ਬਾਅਦ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਅਤੇ ਸਿੱਖ ਲੀਡਰਸ਼ਿਪ ਵਿਚਕਾਰ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪੰਜਾਬ ਵਿੱਚ ਕਿਸੇ ਵੇਲੇ ਸਿੱਖ ਖਾੜਕੂ ਲਹਿਰ ਦਾ ਹਿੱਸਾ ਰਹੇ ਅਮਰਜੀਤ ਸਿੰਘ ਚਾਵਲਾ ਦਾ ਬਹਿਰੀਨ ਦੀ ਇੱਕ ਔਰਤ ਨਾਲ ਕਥਿਤ ਸੰਬੰਧਾਂ ਦਾ ਸਾਹਮਣੇ ਆਇਆ ਕਿੱਸਾ ਕਿਸੇ ਰਾਜਨੀਤਿਕ ਸਾਜ਼ਿਸ਼ ਦਾ ਸਿੱਟਾ ਹੈ ਜਾਂ ਇਹ ਸਿੱਖ ਸੰਸਥਾਵਾਂ ਵਿੱਚ ਆਏ ਨਿਘਾਰ ਦੀ ਸਿਖ਼ਰ ਹੈ, ਇਹਦੇ ਬਾਰੇ ਨਿਰਪੱਖ ਜਾਂਚ ਤੋਂ ਪਹਿਲਾਂ ਰਾਵਾਂ ਵੱਖੋ-ਵੱਖ ਹੋ ਸਕਦੀਆਂ ਹਨ। ਪਰ ਅਕਾਲ ਤਖਤ ਸਾਹਿਬ ਦੇ ਉੱਪ ਮੁੱਖ ਗ੍ਰੰਥੀ (ਗਿਆਨੀ) ਮਲਕੀਤ ਸਿੰਘ ਵੱਲੋਂ ਸੰਬੰਧਤ ਔਰਤ ਨੂੰ ਭੇਜੇ ਗਏ ਅਸ਼ਲੀਲ ਮੁਬਾਈਲ ਸੁਨੇਹੇ ਇਹ ਸਾਫ ਦਰਸਾ ਰਹੇ ਹਨ ਕਿ ਸਿੱਖ ਸੰਸਥਾਵਾਂ ਵਿੱਚ ਨਿਘਾਰ ਦੀ ਮਾਰ ਸਿੱਖਾਂ ਦੇ ਰੂਹਾਨੀ ਸੋਮਿਆਂ ਤੱਕ ਪਹੁੰਚ ਗਈ ਹੈ।
ਕਿਸੇ ਸਮਾਜ ਦੇ ਪਤਨ ਦਾ ਇਹ ਆਖਰੀ ਪੜਾਅ ਹੁੰਦਾ ਹੈ। ਜਿਵੇਂ ਕੈਂਸਰ ਦੀ ਚੌਥੀ ਸਟੇਜ ਹੁੰਦੀ। ਇਹ ਉਹ ਹਾਲਤ ਹੈ, ਜਿਸ ਵਿੱਚ ਮਰੀਜ਼ ਦੇ ਬਚਣ ਦੀ ਆਸ ਬੁਹਤ ਮੱਧਮ ਹੋ ਜਾਂਦੀ ਹੈ। ਜਦੋਂ ਰੋਗ ਕਿਸੇ ਸਮਾਜ ਦੇ ਰੂਹਾਨੀ ਸੋਮਿਆਂ ਤੱਕ ਪਹੁੰਚ ਜਾਣ ਤਾਂ ਇਸ ਦੇ ਇਲਾਜ ਉਸੇ ਪੱਧਰ ‘ਤੇ ਕੀਤੇ ਜਾਣ ਦੀ ਲੋੜ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਚੋਣ ਅਮਲ ਨੂੰ ਰੋਕਣ ਕਾਰਨ ਚੋਣਾਂ ਰਾਹੀ ਅਜਿਹੇ ਮਾਮਲਿਆਂ ਦੇ ਹੱਲ ਸੰਭਵ ਨਹੀਂ ਜਾਪਦੇ। ਇਨ੍ਹਾਂ ਨਾਲ ਉਸੇ ਤਰ੍ਹਾਂ ਨਿਪਟਣਾ ਪੈ ਸਕਦਾ ਹੈ, ਜਿਸ ਤਰ੍ਹਾਂ ਅੰਗਰੇਜ਼ਾਂ ਵੇਲੇ ਸਿੱਖਾਂ ਨੇ ਮਹੰਤਾਂ ਨਾਲ ਨਿਪਟਿਆ ਸੀ। ਇਸ ਕਿਸਮ ਦਾ ਹੱਲਾ ਨਾ ਬੋਲਿਆ ਗਿਆ ਤਾਂ ਸਿੱਖ ਸੰਸਥਾਵਾਂ ਨੂੰ ਕਥਿਤ ਭ੍ਰਿਸ਼ਟ ਗਿਆਨੀਆਂ ਦੀ ਘੁਲਾੜੀ ਪੂਰੀ ਤਰ੍ਹਾਂ ਪੀੜ ਸਕਦੀ ਹੈ। ਭਾਰਤ ਵਿੱਚ ਮੌਜੂਦ ਹਿੰਦੂਤਵੀਆਂ ਦੀ ਸਰਕਾਰ ਸਿੱਖ ਸਮਾਜ ਵਿੱਚ ਹੋ ਰਹੇ ਇਸ ਭ੍ਰਿਸ਼ਟ ਤਮਾਸ਼ੇ ਨੂੰ ਹੋਰ ਤੇਜ਼ ਕਰਨ ਦਾ ਯਤਨ ਕਰੇਗੀ ਤਾਂ ਕਿ ਅਕਾਲੀ ਦਲ ਦੇ ਰੂਪ ਵਿੱਚ ਗੁਲਾਮ ਗਊ ਜਾਏ ਪਾਲੇ ਜਾ ਸਕਣ ਅਤੇ ਸਿੱਖ ਸਮਾਜ ‘ਤੇ ਮੜ੍ਹੇ ਜਾ ਸਕਣ।
ਪਰਵਾਸੀ ਪੰਜਾਬੀਆਂ ਦਾ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਨਾਲ ਡੂੰਘਾ ਰਿਸ਼ਤਾ ਹੈ। ਉਹ ਆਪਣੀਆਂ ਧਾਰਮਿਕ ਅਤੇ ਸਮਾਜਕ ਸੰਸਥਾਵਾਂ ਨੂੰ ਸਿਰਫ਼ ਇਮਾਰਤਾਂ ਜਾਂ ਪ੍ਰਬੰਧਕੀ ਢਾਂਚਿਆਂ ਵਜੋਂ ਨਹੀਂ ਦੇਖਦੇ। ਉਨ੍ਹਾਂ ਲਈ ਇਹ ਭਰੋਸੇ ਅਤੇ ਸਾਂਝ ਦੀਆਂ ਥਾਵਾਂ ਹਨ। ਇਸ ਲਈ ਅਜਿਹੇ ਮਾਮਲਿਆਂ ਵਿੱਚ ਸੰਸਥਾਵਾਂ ਦੀ ਜਵਾਬਦੇਹੀ ਦਾ ਸਵਾਲ ਪਰਵਾਸੀ ਪੰਜਾਬੀ ਸਮਾਜ ਤੱਕ ਵੀ ਜਾਂਦਾ ਹੈ।
