ਹੰਸ ਨਾਲ ਸੂਫੀ ਸ਼ਾਮ: ਐਵੇਂ ਬੰਦਾ ਫਿਰਦਾ ਏ ਮਿੱਟੀ ਛਾਣਦਾ…

ਖਬਰਾਂ

ਕੁਲਜੀਤ ਸਿੰਘ
ਸ਼ਿਕਾਗੋ: ਹੀਰ ਐਂਟਰਟੇਨਮੈਂਟ ਦੇ ਮੁਖਤਿਆਰ ਸਿੰਘ (ਹੈਪੀ) ਹੀਰ ਅਤੇ ਲੇਕ ਸਟਰੀਟ ਡੈਂਟਲ ਦੇ ਡਾ. ਹਰਜਿੰਦਰ ਸਿੰਘ ਖਹਿਰਾ ਵੱਲੋਂ ਪਿਛਲੇ ਦਿਨੀਂ ਸਾਂਝੇ ਤੌਰ ‘ਤੇ ਕਰਵਾਈ ਗਈ ਨਾਮੀ ਗਾਇਕ ਹੰਸ ਰਾਜ ਹੰਸ ਦੀ ਸੂਫੀ ਸ਼ਾਮ ਯਾਦਗਾਰੀ ਹੋ ਨਿਬੜੀ। ਵਿਸ਼ੇਸ਼ ਗੱਲ ਇਹ ਕਿ ਪ੍ਰੋਗਰਾਮ ਤੋਂ ਸਿਰਫ ਪੰਜ ਕੁ ਦਿਨ ਪਹਿਲਾਂ ਹੀ ਇਹ ਸੂਫੀ ਸ਼ਾਮ ਕਰਵਾਉਣ ਦਾ ਫੈਸਲਾ ਹੋਇਆ ਸੀ

ਅਤੇ ‘ਹੀਰ ਤੇ ਖਹਿਰਾ ਦੀ ਜੋੜੀ’ ਦੇ ਸੱਦੇ ਉਤੇ ਸ਼ਿਕਾਗੋਲੈਂਡ ਤੋਂ ਇਲਾਵਾ ਵਿਸਕਾਨਸਿਨ ਦੇ ਮੈਡੀਸਨ/ਐਪਲਟਨ/ਮਿਲਵਾਕੀ, ਇੰਡੀਆਨਾ ਦੇ ਵੱਖ-ਵੱਖ ਸ਼ਹਿਰਾਂ ਅਤੇ ਮਿਸ਼ੀਗਨ ਤੋਂ ਮਹਿਮਾਨਾਂ ਨੇ ਪਹੁੰਚ ਕੇ ਇਸ ਨੂੰ ਕਾਮਯਾਬ ਬਣਾ ਦਿੱਤਾ। ਦਿਲਚਸਪ ਗੱਲ ਇਹ ਵੀ ਹੈ ਕਿ ਇਨ੍ਹਾਂ ਪੰਜ ਕੁ ਦਿਨਾਂ ਵਿੱਚ ਹੀ ਇਹ ਚਰਚਾ ਸੁਣਨ ਨੂੰ ਮਿਲੀ ਕਿ ‘ਹੰਸ ਰਾਜ ਤਾਂ ਚੱਲਿਆ ਕਾਰਤੂਸ ਹੈ, ਸ਼ੋਅ ਬਹੁਤਾ ਕਾਮਯਾਬ ਨਹੀਂ ਹੋਣਾ’; ਪਰ ਪ੍ਰਬੰਧਕਾਂ ਵੱਲੋਂ ਸ਼ੋਅ ਕਰਵਾਉਣ ਦੇ ਸਿਰੜ ਅਤੇ ਸ਼ੋਅ ਦੌਰਾਨ ਹੰਸ ਵੱਲੋਂ ਗਾਏ ਆਪਣੇ ਹਿੱਟ ਗੀਤਾਂ ਨੇ ਅਜਿਹਾ ਮਾਹੌਲ ਸਿਰਜ ਦੱਤਾ ਕਿ ਲੋਕਾਂ ਨੇ ਉਸ ਦੀ ਗਾਇਕੀ ਦਾ ਭਰਪੂਰ ਅਨੰਦ ਮਾਣਿਆ। ਇਸ ਸ਼ੋਅ ਵਿੱਚ ਨੌਜਵਾਨ ਵਰਗ ਦੀ ਗਿਣਤੀ ਬੇਸ਼ੱਕ ਘੱਟ ਸੀ, ਜਦਕਿ ਹੰਸ ਦੀ ਗਾਇਕੀ ਦੇ ਦੌਰ ਦੇ ਲੋਕ ਕਾਫੀ ਸਨ।
ਯਾਦ ਰਹੇ, ਸਿਆਸਤ ਦੇ ਪਿੜ ਵਿੱਚ ਆਉਣ ਤੋਂ ਬਾਅਦ ਹੰਸ ਰਾਜ ਹੰਸ ਦੀਆਂ ਸੁਰਾਂ ਬੇਸ਼ੱਕ ਸਿਆਸੀ ਧੁਨ ਵਾਲੀਆਂ ਹੋ ਗਈਆਂ ਸਨ ਤੇ ਇੱਕ ਸਮੇਂ ਤਾਂ ਉਨ੍ਹਾਂ ਦਾ ‘ਦਿਲ ਮੋਦੀ ਮੋਦੀ ਹੋ ਗਿਆ’ ਸੀ, ਪਰ ਚਰਚਾ ਇਹ ਰਹੀ ਹੈ ਕਿ ਸਿਆਸਤ ਉਨ੍ਹਾਂ ਨੂੰ ਜਾਂ ਉਹ ਸਿਆਸਤ ਨੂੰ ਬਹੁਤਾ ਰਾਸ ਨਹੀਂ ਆਏ। ਇਹ ਦੱਸਣਾ ਵੀ ਕੁਥਾਂ ਨਹੀਂ ਕਿ ਕਿਸੇ ਸਮੇਂ ਬਾਦਲ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਦੇ ‘ਰਾਜ ਗਾਇਕ’ ਵਜੋਂ ਨਿਵਾਜਿਆ ਸੀ, ਪਰ ਕਾਂਗਰਸ ਵਿੱਚ ਵੀ ਉਨ੍ਹਾਂ ਦੀ ਬਹੁਤੀ ਦਾਲ ਨਾ ਗਲ਼ੀ ਅਤੇ ਭਾਜਪਾ ਵਿੱਚ ਸ਼ਮੂਲੀਅਤ ਪਿੱਛੋਂ ਉਹ ਮੈਂਬਰ ਪਾਰਲੀਮੈਂਟ ਬਣੇ। ਪਦਮਸ਼੍ਰੀ ਹੰਸ ਨੂੰ ਹਾਲ ਹੀ ਵਿੱਚ ਸੈਂਸਰ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸਿਆਸੀ ਰੰਗ ਬੇਸ਼ਕ ਉਨ੍ਹਾਂ ਨੂੰ ਚੜ੍ਹਿਆ ਹੋਇਆ ਹੈ, ਪਰ ਇੱਕ ਕਲਾਕਾਰ ਦਾ ਦਿਲ ਵੀ ਉਨ੍ਹਾਂ ਅੰਦਰ ਧੜਕਦਾ ਹੈ, ਇਸੇ ਲਈ ਉਹ ਹਾਲੇ ਵੀ ਸਰੋਤਿਆਂ ਦੇ ਪਸੰਦੀਦਾ ਗਾਇਕ ਹਨ।
ਖ਼ੈਰ! ਹੰਸ ਰਾਜ ਹੰਸ ਨੇ ਸਟੇਜ ਤੋਂ ਸ਼ੇਅਰ ਸੁਆਇਆ:
ਜਬ ਤਕ ਬਿਕੇ ਨਾ ਥੇ, ਕੋਈ ਪੂਛਤਾ ਨਾ ਥਾ
ਆਪ ਨੇ ਮੁਝੇ ਖਰੀਦ ਕੇ ਅਨਮੋਲ ਕਰ ਦੀਆ।
ਇਸੀ ਖ਼ਯਾਲ ਸੇ ਕਿ ਸ਼ਾਮ ਆਏ, ਔਰ ਆਪ ਆਏਂਗੇ,
ਹਮ ਨੇ ਤੋ ਸੁਬ੍ਹਾ ਸੇ ਹੀ ਚਿਰਾਗ਼ ਜਲਾ ਰੱਖੇ ਹੈਂ।
ਉਪਰੰਤ ਉਨ੍ਹਾਂ ਨੇ ਸਭ ਨੂੰ ਦਰਜਾ-ਬਾ-ਦਰਜਾ ਸਤਿ ਸ੍ਰੀ ਅਕਾਲ ਆਖੀ ਤੇ ਗੀਤ ‘ਸੁਣੀਂ ਦਾਤਿਆ ਮੇਰੀ ਕੂਕ ਪਪੀਹੇ ਵਾਲੀ’ ਗਾਇਆ। ਜ਼ਿੰਦਗੀ ਦੇ ਝਮੇਲਿਆਂ ਦੀ ਤਰਜਮਾਨੀ ਕਰਦਾ ਗੀਤ ‘ਐਵੇਂ ਬੰਦਾ ਫਿਰਦਾ ਏ ਮਿੱਟੀ ਛਾਣਦਾ, ਓਹਦੀਆਂ ਖੇਡਾਂ ਨੂੰ ਬੱਸ ਓਹੀ ਜਾਣਦਾ’ ਗਾ ਕੇ ਕੁਝ ਕੌੜੀਆਂ ਸੱਚਾਈਆਂ ਦਾ ਸੰਖੇਪ ਵਿਖਿਆਨ ਕੀਤਾ। ਹਾਲ ਵਿੱਚ ਕੁਝ ਕੁਝ ਰੌਲ਼ਾ ਵੀ ਪੈ ਰਿਹਾ ਸੀ ਤੇ ਲੋਕਾਂ ਦਾ ਹੰਸ ਨੇ ‘ਬਾਈ ਜੀ, ਪਿਆਰੇ ਬਾਈ ਜੀ’ ਆਖ ਕੇ ਧਿਆਨ ਖਿੱਚਿਆ ਅਤੇ ਸ਼ੇਅਰ ਸੁਣਾ ਕੇ ਹਿੰਦੀ ਫਿਲਮ ‘ਕੱਚੇ ਧਾਗੇ’ ਦਾ ਆਪਣਾ ਗਾਇਆ ਗੀਤ ‘ਇਸ਼ਕੇ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ’ ਅਤੇ ਸਿੱਲ੍ਹੀ-ਸਿੱਲ੍ਹੀ ਆਉਂਦੀ ਏ ਹਵਾ’ ਗੀਤ ਨਾਲ ਰੰਗ ਬੰਨ੍ਹ ਦਿੱਤਾ। ‘ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ’ ਗਾਉਣਾ ਸ਼ੁਰੂ ਕੀਤਾ ਤਾਂ ਲੋਕ ਵੀ ਨਾਲ ਹੀ ਗਾਉਣ ਲੱਗ ਪਏ। ਹੰਸ ਨੂੰ ਕਹਿਣਾ ਪੈ ਗਿਆ, ‘ਸੁਰਾਂ ਦਾ ਸ਼ਹਿਰ ਸ਼ਿਕਾਗੋ।’ ਉਸ ਨੇ ਕੁਝ ਹਲਕੇ-ਫੁਲਕੇ ਜਿਹੇ ਸ਼ੇਅਰ ਵੀ ਸੁਣਾਏ ਅਤੇ ਕਿਤੇ ਕਿਤੇ ਸੁਰਾਂ ਦੀਆਂ ਗਰਾਰੀਆਂ ਵੀ ਲਾਈਆਂ।
ਕੱਵਾਲੀ ‘ਨਿੱਤ ਖ਼ੈਰ ਮੰਗਾਂ ਸੋਹਣਿਆਂ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ’ ਗਾਉਣ ਸਮੇਂ ਹੰਸ ਨੇ ‘ਕੱਵਾਲਾਂ ਨਾਲ ਦਸ ਦਸ ਬੰਦੇ ਤਾੜੀਆਂ ਮਰਦੇ ਸੀ’ ਕਹਿ ਕੇ ਸਰੋਤਿਆਂ ਨੂੰ ਉਕਸਾ ਲਿਆ ਤੇ ਹਾਲ ਤਾੜੀਆਂ ਨਾਲ ਗੂੰਜ ਉਠਿਆ। ‘ਆ ਮਾਹੀਆ, ਵੇ ਤੈਨੂੰ ਅੱਖੀਆਂ ਉਡੀਕਦੀਆਂ’ ਸਮੇਤ ਕੁਝ ਟੱਪੇ ਵੀ ਗਏ। ਹੋਰ ਗੀਤਾਂ `ਤੇ ਵੀ ਹੰਸ ਨੇ ਹਾਜ਼ਰੀਨ ਨੂੰ ਤਾੜੀਆਂ ਮਾਰਨ `ਤੇ ਲਾ ਲਿਆ ਸੀ। ਇਸ ਦੌਰਾਨ ਬਜ਼ੁਰਗ ਗੁਜਰਾਤੀ ਫੋਟੋਗ੍ਰਾਫਰ ਵੀ ਮਸਤੀ ਵਿੱਚ ਆ ਗਿਆ ਸੀ ਤੇ ਉਹ ਸੱਜੀ ਬਾਂਹ ਇਸ ਤਰ੍ਹਾਂ ਘੁਮਾ ਘੁਮਾ ਕੇ ਝੂਮਣ ਲੱਗਾ ਜਿਵੇਂ ਖੇਤ `ਚ ਖੜਾ ਜੱਟ ਗੋਪੀਏ ਨਾਲ ਕਾਂ ਉਡਾ ਰਿਹਾ ਹੋਵੇ। ਨਾਲ ਹੀ ਹੰਸ ਨੇ ਸ਼ੇਅਰ ਚੁਕ ਲਿਆ, ‘ਕੌਣ ਕਹਿਤਾ ਹੈ ਕਿ ਬੁੜ੍ਹੇ ਇਸ਼ਕ ਨਹੀਂ ਕਰਤੇ…।’ ਲੱਗਦੇ ਹੱਥ ਹੰਸ ਨੇ ‘ਦਿਲ ਚੋਰੀ ਸਾਡਾ ਹੋ ਗਿਆ’ ਗੀਤ ਛੇੜ ਲਿਆ, ਤਾਂ ਹਾਲ ਵਿੱਚ ਕੂਕਾਂ ਵੱਜਣ ਲੱਗੀਆਂ। ਉਦੋਂ ਤੱਕ ਤਾਂ ਸਰੋਤਿਆਂ ਦਾ ਸਬਰ ਵੀ ਟੁੱਟ ਚੁੱਕਾ ਸੀ ਤੇ ਉਹ ਨੱਚਣ ਲਈ ਸਟੇਜ ਵੱਲ ਨੂੰ ਅਹੁਲ ਪਏ। ਬਾਲੀਵੁੱਡ ਦਾ ਤੜਕਾ ਲਾਉਂਦਿਆਂ ਹੰਸ ਨੇ ‘ਘਰ ਸੇ ਤਿਆਰ ਹੋ ਕੇ ਕਿੱਥੇ ਚੱਲੇ ਹੋ’ ਵੀ ਗਾਇਆ। ਹਾਲਾਂਕਿ ਇਹ ਸ਼ਾਮ ਸੂਫੀਆਨਾ ਰੰਗ ਦੀ ਸੀ, ਪਰ ਇਸ਼ਕੀਆ/ਮੁਹੱਬਤਾਂ ਵਾਲੇ ਗੀਤ ਵੀ ਚਰਚਿਤ ਰਹੇ। ਨੱਚਣ ਵਾਲੇ ਗੀਤਾਂ ਉਤੇ ਅਖੀਰ ਵਿੱਚ ਅਜਿਹਾ ਪਿੜ ਬੱਝਿਆ ਕਿ ਕਾਫੀ ਲੋਕ ਕੁਰਸੀਆਂ ਤੋਂ ਉਠ ਕੇ ਸਟੇਜ ਨੇੜੇ ਆ ਖੜੇ ਹੋਏ। ਨੱਚਣ ਵਾਲੇ ਨੱਚਦੇ ਰਹੇ ਤੇ ਬਾਕੀ ਫੋਨ ਨਾਲ ਵੀਡੀਓਜ਼ ਬਣਾਉਣ ਵਿੱਚ ਮਸ਼ਰੂਫ ਹੋ ਗਏ। ਉਂਜ ਇਸ ਕਰਕੇ ਜਿਹੜੇ ਲੋਕ ਪਿੱਛੇ ਬੈਠੇ ਸਨ, ਉਨ੍ਹਾਂ ਦਾ ਹੰਸ ਨੂੰ ਸੁਣਨ/ਦੇਖਣ ਦਾ ਮਜ਼ਾ ਕੁਝ ਕੁਝ ਕਿਰਕਿਰਾ ਹੁੰਦਾ ਰਿਹਾ।
ਬੇਸ਼ੱਕ ਲੋਕ ਹੰਸ ਨੂੰ ਸੁਣਨ ਆਏ ਹੋਏ ਸਨ, ਪਰ ਕੁਝ ਸਰੋਤਿਆਂ ਦੇ ਮੂੰਹੋਂ ਹੰਸ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕੀਤੇ ਗਏ ਵਰਤਾਓ ਦਾ ਸੁਣ ਕੇ ਇਹ ਮਹਿਸੂਸ ਹੋਇਆ ਕਿ ਉਹ ਗਾਇਕ ਦੇ ਤੌਰ `ਤੇ ਤਾਂ ਹੰਸ ਨੂੰ ਪਿਆਰ ਕਰਦੇ ਹਨ, ਪਰ ਉਨ੍ਹਾਂ ਦੀ ਸਿਆਸਤ ਦੇ ਸੁਰ ਉਨ੍ਹਾਂ ਨੂੰ ਬਹੁਤੇ ਪਸੰਦ ਨਹੀਂ। ਜ਼ਿਕਰਯੋਗ ਹੈ ਕਿ ਹੰਸ ਦਾ ਸ਼ਿਕਾਗੋ ਵਿੱਚ ਸ਼ੋਅ ਬਹੁਤ ਸਾਲਾਂ ਪਿੱਛੋਂ ਹੋਇਆ ਹੈ, ਪਰ ਇੰਨਾ ਜ਼ਰੂਰ ਸੀ ਕਿ ਉਨ੍ਹਾਂ ਨੇ ਸਰੋਤਿਆਂ ਨਾਲ ਰਾਬਤਾ ਬਣਾ ਕੇ ਗਾਇਆ। ਉਂਜ ਹੰਸ ਦੇ ਗਲ਼ੇ ਦੇ ਅਤੇ ਸੁਭਾਅ ਦੇ ਸੁਰ ਕਿਤੇ ਕਿਤੇ ਲੀਹੋਂ ਲਹਿ ਰਹੇ ਸਨ। ਚੱਲਦੇ ਸ਼ੋਅ ਦੌਰਾਨ ਜਦੋਂ ਬਰੇਕ ਲੈਣ ਦੀ ਗੱਲ ਕਹੀ ਗਈ ਤਾਂ ਹੰਸ ਨੇ ਸਪਸ਼ਟ ‘ਨੋ ਬਰੇਕ’ ਆਖ ਕੇ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਬਾਅਦ ਵਿੱਚ ਨ੍ਹੀਂ ਗਾ ਹੋਣਾ ਮੈਥੋਂ। ਅਸਲ ਵਿੱਚ ਉਦੋਂ ਸਨਮਾਨਾਂ ਦੀ ਰਸਮ ਕੀਤੀ ਜਾਣੀ ਸੀ; ਪਰ ਇੰਨੇ ਨੂੰ ਕੁਝ ਸੱਜਣਾਂ ਨੇ ‘ਪੰਜਾਬੀ ਆ ਗਏ ਓਏ’ ਆਖ ਕੇ ਹੰਸ ਨੂੰ ਨਿਰੰਤਰ ਗਾਉਣ ਲਈ ਭਰਮਾ ਲਿਆ। ਨਾਲ ਹੀ ਹੰਸ ਨੇ ‘ਆਜਾ ਨੱਚ ਲੈ’ ਗਾਉਣ ਦੇ ਨਾਲ ਬੋਲੀਆਂ ਦੀਆਂ ਤਰਬਾਂ ਛੋਹ ਲਈਆਂ; ਪਰ ਇਸ ਪਿੱਛੋਂ ਪ੍ਰਬੰਧਕਾਂ ਨੇ ਸਨਮਾਨ ਲਈ ਹੰਸ ਦੀ ਬਰੇਕ ਲੁਆ ਦਿੱਤੀ; ਕਿਉਂਕਿ ਸਨਮਾਨ ਵੀ ਹੰਸ ਰਾਜ ਤੋਂ ਹੀ ਕਰਵਾਉਣੇ ਸਨ। ਇਸ ਮੌਕੇ ਮੁੱਖ ਮਹਿਮਾਨ ਬਿਜ਼ਨਸਮੈਨ ਜਪਨੀਤ (ਜੇ.ਪੀ.) ਖਹਿਰਾ, ਗੈਸਟ ਆਫ ਆਨਰ ਅਮਰਜੀਤ ਸਿੰਘ ਢੀਂਡਸਾ, ਗੁਰੂ ਲਾਧੋ ਰੇ ਸੇਵਾ ਸੁਸਾਇਟੀ ਮਿਲਵਾਕੀ ਦੇ ਸੇਵਾਦਾਰਾਂ ਅਤੇ ਹੋਰ ਸਪਾਂਸਰਾਂ ਦਾ ਸਨਮਾਨ ਕੀਤਾ ਗਿਆ।
ਸ਼ੋਅ ਦੇ ਪ੍ਰੋਮੋਟਰ ਨਿਊ ਯਾਰਕ ਤੋਂ ਬਲਵਿੰਦਰ ਸਿੰਘ ਬਾਜਵਾ ਵੀ ਹੰਸ ਨਾਲ ਆਏ ਹੋਏ ਸਨ। ਜ਼ਿਕਰਯੋਗ ਹੈ ਕਿ ਹੰਸ ਰਾਜ ਤੇ ਪ੍ਰੋਮੋਟਰ ਬਾਜਵਾ ਬਚਪਨ ਤੋਂ ਮਿੱਤਰ ਹਨ। ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਸ਼ੋਅ ਪ੍ਰੋਮੋਟਰ ਨੇ ਕਿਹਾ ਸੀ ਕਿ ਇਹ ਸ਼ੋਅ ਯਾਦਗਾਰੀ ਹੋਵੇਗਾ; ਹੋਇਆ ਵੀ ਇੰਜ ਹੀ। ਆਸ਼ੀਆਨਾ ਬੈਂਕੁਇਟ ਵਿੱਚ ਹੋਇਆ ਸ਼ੋਅ ਯਾਦਗਾਰੀ ਤੇ ਕਾਮਯਾਬ ਰਿਹਾ। ਪ੍ਰਬੰਧ ਵਧੀਆ ਸਨ ਤੇ ਖਾਣ-ਪੀਣ ਦਾ ਵੀ ਖੁੱਲ੍ਹਾ ਤੇ ਸੁਚੱਜਾ ਪ੍ਰਬੰਧ ਸੀ। ਪ੍ਰਬੰਧਕਾਂ ਤੇ ਸਰੋਤਿਆਂ ਵੱਲੋਂ ਮਿਲੇ ਪਿਆਰ ਸਦਕਾ ਹੰਸ ਰਾਜ ਹੰਸ ਵੀ ਬਾਗੋਬਾਗ ਸਨ।
ਇੰਨਾ ਜ਼ਰੂਰ ਹੈ ਕਿ ਸੂਫੀਆਨਾ ਅੰਦਾਜ਼ ਦੀ ਗਾਇਕੀ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਹੰਸ ਨੇ ਆਸ਼ਿਕੀ-ਮਾਸ਼ੂਕੀ ਤੇ ਮੁਹੱਬਤੀ ਲਹਿਰ ਵਾਲੇ ਕਈ ਗੀਤ ਗਾਏ, ਜੋ ਹਿੱਟ ਵੀ ਹੋਏ, ਪਰ ਧਾਰਮਿਕ ਗੀਤਾਂ ਦੀ ਕੈਸਿਟ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਦੇ ਗੀਤ ਹਾਲੇ ਵੀ ਲੋਕ-ਚੇਤਿਆਂ ਵਿੱਚ ਵੱਸੇ ਹੋਏ ਸਨ। ਸ਼ਾਇਦ ਇਸੇ ਲਈ ਸ਼ਿਕਾਗੋ ਵਿੱਚ ਹੋਏ ਸ਼ੋਅ ਸਮੇਂ ਵੀ ਇੱਕ ਸਰੋਤੇ ਵੱਲੋਂ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਗੀਤ ਦੀ ਮੰਗ ਉਠੀ, ਪਰ ਉਦੋਂ ਤੱਕ ਨੂੰ ਹੰਸ ਦੇ ਹੋਰ ਚਰਚਿਤ ਗੀਤਾਂ ਦਾ ਰੰਗ ਖਿੜਿਆ ਹੋਇਆ ਸੀ ਤੇ ਮਾਹੌਲ ਵੀ ਹਵਾ-ਪਿਆਜ਼ੀ ਬਣ ਚੁਕਾ ਸੀ, ਇਸ ਲਈ ਹੰਸ ਨੇ ਇਹ ਗੀਤ ਗਾਉਣ ਤੋਂ ਪਰਹੇਜ਼ ਕੀਤਾ। ਉਨ੍ਹਾਂ ਨੂੰ ਦੋ-ਤਿੰਨ ਵਾਰ ਇਹ ਗੀਤ ਗਾਉਣ ਲਈ ਕਿਹਾ ਗਿਆ, ਪਰ ਉਹ ਨਾ ਗਾਉਣ `ਤੇ ਬਜ਼ਿੱਦ ਰਹੇ। ਇਸ ਦੌਰਾਨ ਹੰਸ ਦੇ ਚਿਹਰੇ ਦੇ ਹਾਵ-ਭਾਵ ਵੀ ਕੁਝ ਕੁਝ ਬਦਲ ਗਏ ਸਨ। ਉਂਜ ਹੰਸ ਨੇ ‘ਉਹ ਅਲੱਗ ਬੈਠ ਕੇ ਸੁਣਾ ਦਊਂ’ ਕਹਿ ਕੇ ਮੌਕਾ ਸਾਂਭ ਲਿਆ।
ਅਗਲੀ ਟੇਬਲ `ਤੇ ਬੈਠੇ ਇੱਕ ਸਰੋਤੇ ਨੇ ‘ਇੰਨੇ `ਚ ਸਾਡੀ ਲੈਅ ਟੁੱਟ ਜਾਣੀ’ ਆਖ ਕੇ ਅਗਲਾ ਗੀਤ ਗਾਉਣ ਲਈ ਕਿਹਾ ਤੇ ਹੰਸ ਨੇ ‘ਪਵਾੜੇ ਸੋਹਣਿਆਂ ਦੀ ਵੰਗ ਦੇ’ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਇਸ ਗੀਤ ਉਤੇ ਤਾਂ ਨੱਚਣ ਦਾ ਪੂਰਾ ਭੜਥੂ ਪੈ ਗਿਆ ਸੀ। ਸ਼ੋਅ ਦੇ ਪ੍ਰਬੰਧਕ ਹੈਪੀ ਹੀਰ ਤੇ ਡਾ. ਖਹਿਰਾ ਸਟੇਜ ਉਤੇ ਪਹਿਲਾਂ ਹੀ ਹੰਸ ਨਾਲ ਬੈਠ ਚੁਕੇ ਸਨ। ਜਦੋਂ ਹੰਸ ‘ਪਵਾੜੇ ਸੋਹਣਿਆਂ ਦੀ ਵੰਗ ਦੇ’ ਗੀਤ ਗਾ ਰਿਹਾ ਸੀ ਤਾਂ ਨਾਲ ਬੈਠੇ ਡਾ. ਖਹਿਰਾ ਨੇ ਵੀ ਇਹ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਇੱਕ ਵਾਰ ਤਾਂ ਇਉਂ ਲੱਗਾ ਕਿ ਮੇਲਾ ਹੰਸ ਦੀ ਥਾਂ ਡਾ. ਖਹਿਰਾ ਨੇ ਹੀ ਲੁੱਟ ਲਿਆ ਹੈ, ਜਾਂ ਕਹਿ ਲਓ ਕਿ ‘ਦੰਦਾਂ ਦਾ ਡਾਕਟਰ’ ਉਦੋਂ ‘ਸੁਰਾਂ ਦਾ ਡਾਕਟਰ’ ਬਣ ਗਿਆ ਹੋਵੇ। ਬਾਅਦ ਵਿੱਚ ਤਾਂ ਇਹ ਗੱਲ ਵੀ ਛਿੜ ਪਈ ਕਿ ਇੱਕ ਅਜਿਹੀ ਸ਼ਾਮ ਦਾ ਪ੍ਰਬੰਧ ਕੀਤਾ ਜਾਵੇ, ਜਿਸ ਵਿੱਚ ਸਿਰਫ ਮਿੱਡਵੈਸਟ ਵਿੱਚ ਵੱਸਦੇ ਗਾਉਣ ਦੇ ਸ਼ੌਕੀਨ ਪੰਜਾਬੀਆਂ ਨੂੰ ਮੌਕਾ ਦਿੱਤਾ ਜਾਵੇ।
ਆਪਣੀ ਗਾਇਕੀ ਦੌਰਾਨ ਸਟੇਜ `ਤੇ ਚੌਕੜਾ ਮਾਰੀ ਬੈਠੇ ਹੰਸ ਨੇ ਨੋਟ-ਬੁੱਕ ਤੋਂ ਵੇਖ ਵੇਖ ਕੇ ‘ਛੱਲਾ’ ਅਤੇ ਕੁਝ ਟੱਪੇ ਗਾਏ। ‘ਓਹਨੂੰ ਦਿਲ ਵੀ ਦਿਆਂਗੇ, ਨੱਚੀ ਜੋ ਸਾਡੇ ਨਾਲ’, ‘ਇਸ਼ਕੇ ਦੀ ਬਰਸਾਤ’, ‘ਨੀ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ’, ‘ਵਣਜਾਰਨ ਕੁੜੀਏ’ ਸਮੇਤ ਗੀਤ ਗਾ ਕੇ ਸੰਗੀਤਕ ਮਾਹੌਲ ਸਿਰਜੀ ਰੱਖਿਆ। ‘ਸਿਲਕੀ ਸਿਲਕੀ ਵਾਲ਼’ ਗੀਤ ਉਤੇ ਤਾਂ ਮਸਤੀ ਵਿੱਚ ਆਏ ਹੈਪੀ ਹੀਰ ਨੇ ਵੀ ਆਪਣੀਆਂ ਸਿਲਕੀ ਜ਼ੁਲਫਾਂ ਸੰਵਾਰਨ ਦਾ ਢੋਂਗ ਰਚਿਆ।
ਸ਼ੋਅ ਖਤਮ ਹੋਏ ਤੋਂ ਕਾਫੀ ਦੇਰ ਬਾਅਦ ਤੱਕ ਲਾਬੀ ਵਿੱਚ ਗੱਲਾਂ ਦਾ ਸਿਲਸਿਲਾ ਚੱਲਦਾ ਰਿਹਾ, ਜਿਸ ਦੌਰਾਨ ਪੰਜਾਬ ਦੇ ਮੁੱਦਿਆਂ ਦਾ ਕਿੱਸਾ ਛੋਹਿਆ ਗਿਆ ਅਤੇ ਪੰਜਾਬ/ਸਿੱਖ ਇਤਿਹਾਸ ਦਾ ਕੁਝ ਹਿੱਸਾ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਵਿੱਚੋਂ ਕੱਢਣ ਦੀ ਕਥਿਤ ਸਾਜ਼ਿਸ਼ ਤੋਂ ਚਿਤਿੰਤ ਮੈਡੀਸਨ ਤੋਂ ਆਏ ਸੱਜਣ ਇਸ ਬਾਰੇ ਪੰਜਾਬੀਆਂ ਨੂੰ ਆਵਾਜ਼ ਬੁਲੰਦ ਕਰਨ ਦੀ ਗੱਲ ਆਖ ਰਹੇ ਸਨ। ਅਸਲ ਵਿੱਚ ਪੰਜਾਬੀ ਬੇਸ਼ੱਕ ਪਰਦੇਸ ਵਿੱਚ ਆ ਵੱਸੇ ਹਨ, ਪਰ ਆਪਣੀ ਜੰਮਣ ਭੋਇੰ ਪ੍ਰਤੀ ਉਨ੍ਹਾਂ ਦਾ ਮੋਹ ਅਤੇ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਵੱਲੋਂ ਕੀਤੀਆਂ ਜਾ ਰਹੀਆਂ ਕਥਿਤ ਗਤੀਵਿਧੀਆਂ ਦੇ ਸੰਦਰਭ ਵਿੱਚ ਉਨ੍ਹਾਂ ਦੇ ਅੰਦਰ ਰੋਸ ਜਰੂਰ ਹੈ।

Leave a Reply

Your email address will not be published. Required fields are marked *