ਜਿੱਥੇ ਸਵਾਲ ਪੁੱਛਣਾ ਗੁਨਾਹ… ਕਿਉਂ ਨਾ ਪੁੱਛੀਏ- ‘ਕਿਉਂ?’

ਗੂੰਜਦਾ ਮੈਦਾਨ ਵਿਚਾਰ-ਵਟਾਂਦਰਾ

ਗੀਤਾਂਜਲੀ ਸ੍ਰੀ
ਪ੍ਰਸਿੱਧ ਸਾਹਿਤਕਾਰ
ਸਵਾਲ ਪੁੱਛਣਾ ਹੀ ਉਹ ਇਨਸਾਨੀ ਰੁਝਾਨ ਹੈ, ਜਿਸ ਨੇ ਸਦੀਆਂ ਦਰ ਸਦੀਆਂ ਮੁਲਕ ਅਤੇ ਦੁਨੀਆ ਨੂੰ ਗਿਆਨ ਦੇ ਭੰਡਾਰਾਂ ਤੱਕ ਪਹੁੰਚਾਇਆ ਹੈ। ਵਿਗਿਆਨ ਹੋਵੇ, ਸਾਹਿਤ ਹੋਵੇ, ਦਰਸ਼ਨ ਹੋਵੇ ਜਾਂ ਰੋਜ਼ਮਰ੍ਹਾ ਦੀ ਜ਼ਿੰਦਗੀ; ਰਾਹ ਸਵਾਲਾਂ ਨੇ ਹੀ ਦਿਖਾਇਆ ਹੈ। ਸਵਾਲ ਨਾਲ ਸੋਚ ਜੁੜੀ ਹੈ, ਸੋਚ ਨਾਲ ਸਮਝ। ਸਵਾਲ ਹੈ ਤਾਂ ਸੋਚ ਹੈ, ਸੋਚ ਹੈ ਤਾਂ ਸਮਝ ਹੈ। ਅਸੀਂ ਤਾਂ ਜਨਮ ਤੋਂ ਹੀ ਸਵਾਲ ਕਰਨ ਵਾਲੇ ਹਾਂ, ਫਿਰ ਕਿਉਂ ਨਾ ਪੁੱਛੀਏ-’ਕਿਉਂ?’

ਅਸੀਂ ਉਸ ਮੁਲਕ ਅਤੇ ਉਸ ਦੁਨੀਆ ਦੇ ਵਾਸੀ ਹਾਂ, ਜਿੱਥੇ ਸਵਾਲ ਪੁੱਛਣਾ ਗੁਨਾਹ ਨਹੀਂ ਹੈ। ਇਹੀ ਸਾਡਾ ਘਰ ਹੈ। ਅਸੀਂ ਪੈਦਾ ਹੋਏ। ਅੱਖਾਂ ਖੋਲ੍ਹੀਆਂ। ਪਹਿਲੀ ਨਜ਼ਰ ਦੁਨੀਆ ‘ਤੇ ਪਈ। ਚਾਰ-ਚੁਫ਼ੇਰੇ ਹੈਰਾਨੀ ਨਾਲ ਵੇਖਿਆ। ਹਰ ਪਾਸੇ ਜਿਗਿਆਸਾ ਹੀ ਜਿਗਿਆਸਾ ਸੀ। ਇੰਨਾ ਕੁਝ ਸੀ ਜਿਸ ਨੂੰ ਸਮਝਣਾ ਸੀ ਅਤੇ ਇੰਨਾ ਕੁਝ ਸੀ ਜੋ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਰੋ ਪਏ!
ਇਸ ਤਰ੍ਹਾਂ ਇਸ ਮੁਲਕ ਅਤੇ ਇਸ ਜਗਤ ਵਿੱਚ ਸਾਡੀ ਜ਼ਿੰਦਗੀ ਦੀ ਯਾਤਰਾ ਸ਼ੁਰੂ ਹੋਈ। ਭਾਵ, ਜ਼ਿੰਦਗੀ ਸ਼ੁਰੂ ਹੋਈ ਨਹੀਂ ਕਿ ਇੱਕ ਤੋਂ ਬਾਅਦ ਇੱਕ ਸਵਾਲ ਸਾਡੇ ਜ਼ਿਹਨ ਵਿੱਚ ਦਸਤਕ ਦੇਣ ਲੱਗ ਪਏ। ਆਪਣੇ ਆਲ਼ੇ-ਦੁਆਲੇ ਨੂੰ ਲੈ ਕੇ ਵੀ ਅਤੇ ਆਪਣੇ ਆਪ ਨੂੰ ਲੈ ਕੇ ਵੀ। ਅਸੀਂ ਅਧੂਰੀਆਂ ਜਿਹੀਆਂ ਆਵਾਜ਼ਾਂ ਕੱਢਦੇ, ਪੁੱਛਣ ਲਈ ਬੇਚੈਨ ਹੋ ਗਏ।
ਕੋਸ਼ਿਸ਼ ਨੇ ਸਾਨੂੰ ਬੋਲਣਾ ਸਿਖਾ ਦਿੱਤਾ।
ਬੋਲਣ ਲੱਗੇ ਤਾਂ ਅੰਦਰੋਂ ਉੱਠਦੀਆਂ ਗੱਲਾਂ ਸ਼ਬਦ ਬਣ ਕੇ ਬਾਹਰ ਆਉਣ ਲੱਗੀਆਂ। ਨਵੇਂ ਸ਼ਬਦ ਉਨ੍ਹਾਂ ਵਿੱਚ ਜੁੜਦੇ ਗਏ। ਮਤਲਬ, ਸਵਾਲ ‘ਤੇ ਸਵਾਲਾਂ ਦਾ ਸਿਲਸਿਲਾ ਚੱਲਦਾ ਗਿਆ ਅਤੇ ਸਾਨੂੰ ਬੋਲਣ ਦੀ ਸਮਰੱਥਾ ਮਿਲਦੀ ਗਈ।
ਸਭ ਤੋਂ ਪਹਿਲਾਂ ਮਾਂ ਸਾਡੇ ਮੂੰਹੋਂ ਨਿਕਲਿਆ। ਫਿਰ ‘ਕਿਉਂ’। ਫਿਰ ‘ਕਿੱਥੇ’। ਫਿਰ ‘ਕਦੋਂ’। ਫਿਰ ‘ਕਿਵੇਂ’। ਫਿਰ ‘ਕਿਸ ਲਈ’। ਅਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਗਿਆ। ਹਰ ਗੱਲ ‘ਤੇ ਸਵਾਲ। ਦੁਨੀਆ ਨੂੰ ਸਮਝਣ ਦਾ, ਉਸ ਵਿੱਚ ਆਪਣੀ ਥਾਂ ਬਣਾਉਣ ਦਾ ਅਤੇ ਗਿਆਨ ਹਾਸਲ ਕਰਨ ਦਾ ਇੱਕੋ ਤਰੀਕਾ-ਸਵਾਲ।
ਕਿੰਨੇ ਜਵਾਬ ਮਿਲੇ, ਇਹ ਇੰਨਾ ਮਹੱਤਵਪੂਰਨ ਨਹੀਂ। ਮਹੱਤਵਪੂਰਨ ਇਹ ਸੀ ਕਿ ਜਵਾਬ ਲੱਭਣ ਦੀ ਤਾਂਘ ਸਾਨੂੰ ਜਿਸ ਸੋਚ-ਵਿਚਾਰ ਅਤੇ ਲਗਾਤਾਰ ਖੋਜ ਦੇ ਰਾਹ ‘ਤੇ ਲੈ ਗਈ, ਉਹ ਕੀਮਤੀ ਸੀ। ਸਵਾਲ ਸਾਡੇ ਅਧਿਆਪਕ ਬਣ ਗਏ। ਉਹ ਸਾਨੂੰ ਸੋਚਣ, ਵਿਚਾਰਨ ਅਤੇ ਹਰ ਗੱਲ ਨੂੰ ਡੂੰਘਾਈ ਨਾਲ ਪਰਖਣ ਦੀ ਆਦਤ ਪਾ ਰਹੇ ਸਨ। ਪਰ ਇੱਕ ਗੱਲ ਸਮਝਣ ਵਾਲੀ ਸੀ-ਸਵਾਲ ਦਾ ਦੂਜਾ ਸਿਰਾ ਜਵਾਬ ਨਹੀਂ, ਸੰਵਾਦ ਹੈ। ਦੋ ਪਾਸਿਆਂ ਵਿਚਕਾਰ ਦਾ ਰਿਸ਼ਤਾ। ਇੱਕ-ਦੂਜੇ ਨੂੰ ਸਮਝਣ ਦਾ ਜ਼ਰੀਆ। ਦੋਸਤੀ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਰਾਹ।
ਸਵਾਲ ਪੁੱਛਣਾ ਹੀ ਉਹ ਇਨਸਾਨੀ ਰੁਝਾਨ ਹੈ, ਜਿਸ ਨੇ ਸਦੀਆਂ ਦਰ ਸਦੀਆਂ ਮੁਲਕ ਅਤੇ ਦੁਨੀਆ ਨੂੰ ਗਿਆਨ ਦੇ ਭੰਡਾਰਾਂ ਤੱਕ ਪਹੁੰਚਾਇਆ ਹੈ। ਵਿਗਿਆਨ ਹੋਵੇ, ਸਾਹਿਤ ਹੋਵੇ, ਦਰਸ਼ਨ ਹੋਵੇ ਜਾਂ ਰੋਜ਼ਮਰ੍ਹਾ ਦੀ ਜ਼ਿੰਦਗੀ; ਰਾਹ ਸਵਾਲਾਂ ਨੇ ਹੀ ਦਿਖਾਇਆ ਹੈ। ਸਵਾਲ ਨਾਲ ਸੋਚ ਜੁੜੀ ਹੈ, ਸੋਚ ਨਾਲ ਸਮਝ। ਸਵਾਲ ਹੈ ਤਾਂ ਸੋਚ ਹੈ, ਸੋਚ ਹੈ ਤਾਂ ਸਮਝ ਹੈ।
ਕਈ ਵਾਰ ਲੰਮੇ ਸਮੇਂ ਤੱਕ ਲੱਗ ਸਕਦਾ ਹੈ ਕਿ ਜ਼ਿੰਦਗੀ ਇੱਕ ਤੈਅ ਰਾਹ ‘ਤੇ ਚੱਲ ਰਹੀ ਹੈ ਅਤੇ ਬੱਸ ਇਸੇ ਤਰ੍ਹਾਂ ਚੱਲਦੇ ਜਾਣਾ ਹੈ। ਪਰ ਉਸੇ ਵੇਲੇ ਕੋਈ ਅਜਿਹਾ ਸਵਾਲ ਆ ਜਾਂਦਾ ਹੈ, ਜੋ ਚੱਲੀਆਂ ਆ ਰਹੀਆਂ ਧਾਰਨਾਵਾਂ ਨੂੰ ਹਿਲਾ ਦਿੰਦਾ ਹੈ। ਸਾਡੀਆਂ ਅੱਖਾਂ ਨਵੇਂ ਰਾਹ ਅਤੇ ਨਵੀਂ ਸਮਝ ਵੱਲ ਖੁੱਲ੍ਹ ਜਾਂਦੀਆਂ ਹਨ। ਜੇ ਰਿਗਵੇਦ ਦੇ ਸਮੇਂ ਸਾਡੇ ਪੁਰਖਿਆਂ ਨੇ ਸਵਾਲ ਨਾ ਕੀਤੇ ਹੁੰਦੇ ਤਾਂ ‘ਨਾਸਦੀਯ ਸੂਕਤ’ (ਰਿਗਵੇਦ ਵਿਚਲਾ ਸ੍ਰਿਸ਼ਟੀ ਦੀ ਉਤਪਤੀ ਬਾਰੇ ਸੂਕਤ) ਕਿੱਥੋਂ ਆਉਂਦਾ? ਉਹ ਸੂਕਤ ਵੀ ਕਮਾਲ ਦਾ ਹੈ। ਜਵਾਬ ਦਿੰਦਿਆਂ-ਦਿੰਦਿਆਂ ਇੱਕ ਸਦੀਵੀ ਸਵਾਲ ਨੂੰ ਜਨਮ ਦੇ ਬੈਠਦਾ ਹੈ। ਅਜਿਹਾ ਸਵਾਲ, ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਸਾਨੂੰ ਹਮੇਸ਼ਾ ਸ਼ੱਕ ਦੀ ਹਾਲਤ ਵਿੱਚ ਰੱਖੇਗਾ ਕਿ ਆਖ਼ਰੀ ਜਵਾਬ ਸ਼ਾਇਦ ਕਦੇ ਮਿਲਣਾ ਹੀ ਨਹੀਂ; ਅਤੇ ਸ਼ੱਕ ਹੀ ਆਖ਼ਰਕਾਰ ਸਮਝ ਵੱਲ ਲੈ ਜਾਂਦਾ ਹੈ।
ਸਵਾਲਾਂ ਤੋਂ ਬਿਨਾਂ ਉਪਨਿਸ਼ਦ ਵੀ ਕਿੱਥੋਂ ਆਉਂਦੇ? ਇੱਕ ਸਵਾਲ ਉੱਠਦਾ ਅਤੇ ਉੱਥੋਂ ਸ੍ਰਿਸ਼ਟੀ ਦੇ ਆਰੰਭ ਤੋਂ ਅੰਤ ਤੱਕ ਦੀ ਖੋਜ ਸ਼ੁਰੂ ਹੋ ਜਾਂਦੀ। ਹਰ ਵਾਰ ਇਸ ਤਰ੍ਹਾਂ ਇੱਕ ਹੋਰ ਉਪਨਿਸ਼ਦ ਤਿਆਰ ਹੁੰਦਾ ਗਿਆ। ਯੁਵਰਾਜ ਸਿਧਾਰਥ ਨੂੰ ਯਾਦ ਕਰੋ। ਫਿਰ ਸਵਾਲ ਦੀ ਮਹਿਮਾ ਸਾਹਮਣੇ ਆ ਜਾਂਦੀ ਹੈ। ਰੋਜ਼ਮਰ੍ਹਾ ਦੀਆਂ ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਇੱਕ ਅਣਹੋਣਾ ਸਵਾਲ ਉੱਠਿਆ-ਦੁੱਖ ਕਿਉਂ ਹੁੰਦਾ ਹੈ? ਇਸ ਦਾ ਜਵਾਬ ਲੱਭਣ ਲਈ ਉਹ ਨਿਕਲ ਪਏ ਅਤੇ ਸਿਧਾਰਥ ਤੋਂ ਬੁੱਧ ਬਣ ਗਏ। ਨਾਲ ਹੀ ਸਾਡੇ ਲਈ ਵੀ ਇੱਕ ਹੋਰ ਰਾਹ ਦਿਖਾ ਗਏ।
ਨਿਊਟਨ ਮਹਾਰਾਜ ਨੇ ਵੀ ਦਰੱਖ਼ਤ ਹੇਠਾਂ ਲੇਟਿਆਂ, ਪਤਾ ਨਹੀਂ ਕਿਸ ਸੋਚ ਵਿੱਚ, ਇਹ ਪੁੱਛ ਲਿਆ ਕਿ ਸੇਬ ਹੇਠਾਂ ਹੀ ਕਿਉਂ ਡਿੱਗਿਆ, ਉੱਪਰ ਕਿਉਂ ਨਹੀਂ ਚਲਾ ਗਿਆ? ਅਤੇ ਉੱਥੋਂ ਇੱਕ ਪੂਰੀ ਸਿਧਾਂਤਕ ਸੋਚ ਸਾਹਮਣੇ ਆ ਗਈ। ਅਜਿਹੀ ਸਿਧਾਂਤਕ ਸੋਚ ਜੋ ਆਇੰਸਟਾਈਨ ਦੇ ਆਉਣ ਤੋਂ ਬਾਅਦ ਵੀ ਆਮ ਸਮਝ ਵਿੱਚ ਡੂੰਘੀ ਤਰ੍ਹਾਂ ਵਸੀ ਹੋਈ ਹੈ। ਸਵਾਲ ਤੋਂ ਹੀ ਸੋਚ ਅਤੇ ਸਮਝ ਅੱਗੇ ਵਧੀ।
ਆਰਕੀਮੀਡੀਜ਼ ਇਸ਼ਨਾਨ ਵਾਲੇ ਟੱਬ ਵਿੱਚ ਬੈਠੇ। ਪਾਣੀ ਉੱਛਲ ਕੇ ਬਾਹਰ ਨਿਕਲਿਆ। ਉਨ੍ਹਾਂ ਦੇ ਮਨ ਵਿੱਚ ਸਵਾਲ ਉੱਠਿਆ-ਪਾਣੀ ਕਿਉਂ ਉੱਛਲਿਆ? ਕਿੰਨਾ ਉੱਛਲਿਆ? ਮੇਰੇ ਇਸ ਵਿੱਚ ਵੜਨ ਨਾਲ ਇਸ ਦਾ ਕੀ ਸਬੰਧ ਹੈ? ਸਵਾਲ ਵੀ ਉੱਛਲ ਪਏ; ਅਤੇ ਫਿਰ ਦੁਨੀਆ ਦਾ ਸਬੰਧ ਆਰਕੀਮੀਡੀਜ਼ ਦੇ ਸਿਧਾਂਤ ਨਾਲ ਬਣਿਆ।
ਜੇ ਸਵਾਲ ਨਹੀਂ ਕੀਤਾ ਤਾਂ ਫਿਰ ਜੀਉਣਾ ਕੀ ਅਤੇ ਜ਼ਿੰਦਗੀ ਕੀ? ਸੁਕਰਾਤ ਦੀ ਪੂਰੀ ਗਿਆਨ-ਪ੍ਰਣਾਲੀ ਹੀ ਸਵਾਲਾਂ ‘ਤੇ ਆਧਾਰਿਤ ਸੀ। ਹਾਕਮਾਂ ਨੇ ਉਸ ‘ਤੇ ਇਲਜ਼ਾਮ ਲਾਇਆ ਕਿ ਉਹ ਨੌਜਵਾਨਾਂ ਨੂੰ ਭੜਕਾ ਰਿਹਾ ਹੈ। ਉਸ ਨੂੰ ਕਿਹਾ ਗਿਆ-ਏਥਨਜ਼ ਛੱਡ ਦਿਓ ਜਾਂ ਜ਼ਹਿਰ ਦਾ ਪਿਆਲਾ ਪੀ ਲਵੋ। ਸੁਕਰਾਤ ਨੇ ਜ਼ਹਿਰ ਪੀ ਲਿਆ। ਉਸ ਨੇ ਕਿਹਾ-ਮੈਂ ਆਪਣੀ ਨਗਰੀ ਕਿਉਂ ਛੱਡਾਂ? ਅਤੇ ਉਹ ਜ਼ਿੰਦਗੀ ਵੀ ਕੀ ਜਿਸ ਵਿੱਚ ਮੈਂ ਸਵਾਲ ਨਾ ਕਰ ਸਕਾਂ ਅਤੇ ਨੌਜਵਾਨਾਂ ਨੂੰ ਸਵਾਲ ਕਰਨਾ ਨਾ ਸਿਖਾ ਸਕਾਂ? ਸਵਾਲ ਇਹੀ ਹੈ-ਜੀਉਣਾ ਅਤੇ ਜ਼ਿੰਦਗੀ। ਅਤੇ ਸਵਾਲ ਹੀ ਇਨਸਾਨ ਦੇ ਵਿਕਾਸ ਦਾ ਜ਼ਰੀਆ ਹੈ। ਸਵਾਲ ਦੁਨੀਆ ਨਾਲ ਅਤੇ ਆਪਣੇ ਆਪ ਨਾਲ ਰਾਬਤਾ ਬਣਾਉਣ ਦਾ ਸਾਧਨ ਹੈ। ਦੁਨੀਆ ਨਾਲ ਅਤੇ ਆਪਣੇ ਆਪ ਨਾਲ ਸੰਵਾਦ ਦਾ ਦੋਸਤਾਨਾ ਤਰੀਕਾ ਹੈ। ਦੋਵੇਂ ਪਾਸੇ ਜਿਊਂਦੇ ਅਤੇ ਜ਼ਿੰਦਾ ਖੜ੍ਹੇ ਰਹਿੰਦੇ ਹਨ। ਸਵਾਲਾਂ ਤੋਂ ਨਿਕਲਦੀ ਗੱਲਬਾਤ ਨਾਲ ਗੱਲ ਅੱਗੇ ਵਧਦੀ ਹੈ, ਸਾਥ ਵਧਦਾ ਹੈ ਅਤੇ ਗਿਆਨ ਵਧਦਾ ਹੈ।
ਸਵਾਲ ਰੁਕਿਆ ਤਾਂ ਮਾਮਲਾ ਰੁਕ ਗਿਆ। ਉੱਥੇ ਹੀ ਖੜ੍ਹੇ ਹਾਂ। ਉੱਥੇ ਹੀ ਜੜ੍ਹ ਹੋ ਗਏ ਹਾਂ। ਫਿਰ ਆਪਣੇ ਆਪ ਨੂੰ ਇਨਸਾਨ ਕਿਵੇਂ ਕਹੀਏ? ਅਜਿਹੇ ਰੋਬੋਟ ਨੂੰ ਇਨਸਾਨ ਕਿਵੇਂ ਕਹੀਏ? ਸ਼ੀਸ਼ੇ ਵਿੱਚ ਝਾਤੀ ਮਾਰੋ। ਸ਼ਾਇਦ ਉਸ ਦੀ ਸ਼ਕਲ ਤੁਹਾਨੂੰ ਵੀ ਨਜ਼ਰ ਆ ਜਾਵੇ। ਬਿਲਕੁਲ ਸਪਾਟ। ਮਸ਼ੀਨੀ। ਕਿਸੇ ਹੋਰ ਵੱਲੋਂ ਲਾਈ ਚਾਬੀ ਨਾਲ ਮਸ਼ੀਨ ਵਾਂਗ ਚੱਲਦਾ ਹੋਇਆ। ਕਿਸੇ ਹੋਰ ਵੱਲੋਂ ਤੈਅ ਕੀਤੇ ਸਮੇਂ ਤੱਕ ਚੱਲਦਾ ਖਿਡੌਣਾ। ਪ੍ਰੋਗਰਾਮ ਕੀਤਾ ਹੋਇਆ। ਕੰਪਿਊਟਰ ਵਾਲੀ ਦੁਨੀਆ ਦਾ ਵਾਸੀ। ਜੋ ਅੰਦਰ ਪਾ ਦਿੱਤਾ ਗਿਆ, ਉਹੀ ਬਾਹਰ ਕੱਢ ਦਿੱਤਾ।
ਇਨ੍ਹਾਂ ਕੰਪਿਊਟਰੀ ਖਿਡੌਣਿਆਂ ਦੀ ਖੋਜ ਕੌਣ ਕਰ ਰਿਹਾ ਹੈ? ਇੱਕ ਹੋਰ ਸਵਾਲ! ਉਨ੍ਹਾਂ ਦੇ ਮਸ਼ੀਨੀ ਚਿਹਰਿਆਂ ‘ਤੇ ਵੱਡੀਆਂ-ਵੱਡੀਆਂ ਮੁਸਕਰਾਹਟਾਂ ਵੀ ਚਿਪਕਾ ਦਿੱਤੀਆਂ ਗਈਆਂ ਹਨ। ਆਪਣੀ ‘ਮਨ ਦੀ ਗੱਲ’ ਉਨ੍ਹਾਂ ਦੇ ਬੇਜਾਨ ਬੁੱਲ੍ਹਾਂ ਤੋਂ ਬੁਲਵਾਉਂਦਾ ਹੈ। ਸਵਾਲ ਅਤੇ ਆਜ਼ਾਦ ਸੋਚ ਦੀ ਗ਼ੈਰ-ਹਾਜ਼ਰੀ ਦੇ ਮਾਹੌਲ ਵਿੱਚ ਆਪਣੀ ਹੀ ਆਵਾਜ਼ ਦੀ ਗੂੰਜ ਨੂੰ ਦੂਰ-ਦੂਰ ਤੱਕ ਨਾਅਰੇ ਵਾਂਗ ਉੱਚਾ ਕਰਦਾ ਹੈ। ਕਿਤੇ ਇਹੀ ਤਾਂ ਉਸ ਦਾ ਮਕਸਦ ਨਹੀਂ ਕਿ ਅਜਿਹੀ ਪ੍ਰਣਾਲੀ ਬਣੇ ਜਿੱਥੇ ਸਵਾਲ ਕਰਨ ਦੀ ਮਨਾਹੀ ਹੋਵੇ? ਜਿੱਥੇ ਸਵਾਲ ਨਹੀਂ ਹੋਣਗੇ, ਉੱਥੇ ਸੋਚ ਅਤੇ ਸਮਝ ਵੀ ਨਹੀਂ ਹੋਵੇਗੀ; ਤੇ ਅਸਹਿਮਤੀ ਵੀ ਨਹੀਂ। ਪਰ ਅਸੀਂ ਇਹ ਨਹੀਂ ਭੁੱਲੇ ਕਿ ਅਸੀਂ ਤਾਂ ਜਨਮ ਤੋਂ ਹੀ ਸਵਾਲ ਕਰਨ ਵਾਲੇ ਹਾਂ। ਫਿਰ ਅਸੀਂ ਕਿਵੇਂ ਨਾ ਪੁੱਛੀਏ-ਕਿਉਂ? ਇਹ ਕਿਉਂ ਹੈ ਅਤੇ ਕਿਵੇਂ ਹੈ?
ਮੋਹਨਦਾਸ ਕਰਮਚੰਦ ਗਾਂਧੀ ਨੇ ਇੱਕ ਸਵਾਲ ਪੁੱਛਿਆ ਸੀ-ਕਿਵੇਂ 33 ਕਰੋੜ ਭਾਰਤੀਆਂ ‘ਤੇ ਮੁੱਠੀ ਭਰ ਅੰਗਰੇਜ਼ ਆਪਣੀ ਹਕੂਮਤ ਕਾਇਮ ਕਰਕੇ ਬੈਠੇ ਹਨ? ਉਨ੍ਹਾਂ ਦਾ ਜਵਾਬ ਸੀ ਕਿ ਇਹ ਅੰਗਰੇਜ਼ਾਂ ਦੀ ਤਾਕਤ ਜਾਂ ਕੂਟਨੀਤੀ ਕਰਕੇ ਨਹੀਂ, ਸਗੋਂ ਉਸ ਸਹਿਯੋਗ ਕਰਕੇ ਹੈ, ਜੋ ਭਾਰਤੀ ਉਨ੍ਹਾਂ ਨੂੰ ਦੇ ਰਹੇ ਹਨ। ਜੇ ਇਹ ਸਹਿਯੋਗ ਖ਼ਤਮ ਹੋ ਜਾਵੇ ਤਾਂ ਅੰਗਰੇਜ਼ੀ ਰਾਜ ਕਾਇਮ ਨਹੀਂ ਰਹਿ ਸਕਦਾ। ਪਰ ਗਾਂਧੀ ਦਾ ਇਹ ਜਵਾਬ ਅਧੂਰਾ ਸੀ, ਕਿਉਂਕਿ ਸਵਾਲ ਫਿਰ ਵੀ ਬਣਿਆ ਰਿਹਾ-ਭਾਰਤੀ ਸਹਿਯੋਗ ਦਿੰਦੇ ਹੀ ਕਿਉਂ ਹਨ? ਇਸ ਦਾ ਜਵਾਬ ਗਾਂਧੀ ਨੂੰ ਮਿਲਿਆ, ਜਿਸ ਨੂੰ ਉਹ ਸਾਰੀ ਜ਼ਿੰਦਗੀ ਦੁਹਰਾਉਂਦੇ ਰਹੇ। ਸਹਿਯੋਗ ਦਾ ਕਾਰਨ ਡਰ ਹੈ। ਭਾਰਤੀਆਂ ਦਾ ਡਰ ਉਹ ਬੁਨਿਆਦ ਹੈ, ਜਿਸ ‘ਤੇ ਭਾਰਤ ਵਿੱਚ ਬਰਤਾਨਵੀ ਸਾਮਰਾਜ ਟਿਕਿਆ ਹੋਇਆ ਹੈ।
ਸਵਾਲ ਅੱਜ ਵੀ ਉਹੀ ਹੈ। ਅਸੀਂ ਮੁਲਕ ਵਿੱਚ, ਸਮਾਜ ਵਿੱਚ ਫੈਲਿਆ ਅਨਰਥ, ਜ਼ੁਲਮ ਅਤੇ ਬੇਇਨਸਾਫ਼ੀ ਦੇਖ ਰਹੇ ਹਾਂ। ਦੇਖ ਰਹੇ ਹਾਂ ਕਿ ਵਿਰੋਧ ਹੀ ਇੱਕ ਰਾਹ ਹੈ, ਪਰ ਫਿਰ ਅਸੀਂ ਅਜਿਹਾ ਵਿਆਪਕ ਅਤੇ ਜ਼ਬਰਦਸਤ ਅਹਿੰਸਕ ਵਿਰੋਧ ਕਿਉਂ ਨਹੀਂ ਕਰ ਪਾ ਰਹੇ? ਉਹੀ? ਗਾਂਧੀ ਵਾਲਾ ਜਵਾਬ? ਡਰ? ਸਹਿਯੋਗ?
ਲੰਮੇ ਸਮੇਂ ਬਾਅਦ ਮੈਂ ਆਪਣੇ ਘਰ ਵਾਪਸ ਆਈ ਸੀ। ਘਰ ਗ਼ਾਇਬ ਸੀ। ਲੰਮੇ ਸਮੇਂ ਦੀ ਧੂੜ ਅਤੇ ਜੰਗ ਹੇਠਾਂ ਦੱਬਿਆ ਹੋਇਆ। ਲੰਮੇ ਸਮੇਂ ਤੋਂ ਉਸ ਨੂੰ ਭੁੱਲ ਜਾਣ ਦੇ ਰੋਸ ਵਿੱਚ ਦੱਬਿਆ ਹੋਇਆ। ਇਕੱਲਾ ਅਤੇ ਛੱਡਿਆ ਹੋਇਆ ਪਿਆ ਰਹਿਣ ਦੇ ਦੁੱਖ ਵਿੱਚ ਗੁੰਮ। ਮੇਰੀ ਬੇਧਿਆਨੀ ਨੇ ਉਸ ‘ਤੇ ਜੋ ਕਬਾੜ ਚੜ੍ਹਨ ਦਿੱਤਾ ਸੀ, ਉਸ ਵਿੱਚ ਦੱਬਿਆ ਹੋਇਆ। ਮੈਂ ਰੋ ਹੀ ਪਈ-ਮੇਰਾ ਘਰ ਕਿੱਥੇ ਗਿਆ? ਮੈਂ ਤਾਂ ਇਸ ਨੂੰ ਪਛਾਣ ਹੀ ਨਹੀਂ ਸਕਦੀ। ਮੇਰਾ ਘਰ ਤਾਂ ਅਜਿਹਾ ਨਹੀਂ ਸੀ। ਰੋਂਦਿਆਂ-ਰੋਂਦਿਆਂ ਮੈਂ ਫ਼ੈਸਲਾ ਕੀਤਾ ਕਿ ਇਸ ਨੂੰ ਕਣ-ਕਣ ਕਰਕੇ, ਟੁਕੜਾ-ਟੁਕੜਾ ਮੁੜ ਪੁੱਟ ਕੇ ਬਾਹਰ ਕੱਢਾਂਗੀ…।
—
(‘ਦ ਵਾਇਰ’ ਤੋਂ ਧੰਨਵਾਦ ਸਹਿਤ; ਹਿੰਦੀ ਤੋਂ ਪੰਜਾਬੀ-ਸੁਸ਼ੀਲ ਦੁਸਾਂਝ)

Leave a Reply

Your email address will not be published. Required fields are marked *