ਨੌਰਮਨ ਰੌਕਵੈੱਲ ਦੀ ਪੇਂਟਿੰਗ ‘ਬ੍ਰੇਕਿੰਗ ਹੋਮ ਟਾਈਜ਼’

ਅਧਿਆਤਮਕ ਰੰਗ

ਡਾ. ਰਛਪਾਲ ਸਿੰਘ ਬਾਜਵਾ
ਫੋਨ: 630-303-8330
ਸ਼ੁਰੂਆਤੀ ਦ੍ਰਿਸ਼
ਨੌਰਮਨ ਰੌਕਵੈੱਲ ਦੀ ਪੇਂਟਿੰਗ ‘ਬ੍ਰੇਕਿੰਗ ਹੋਮ ਟਾਈਜ਼’ (1954) ਵਿੱਚ, ਇੱਕ ਪਿਤਾ ਅਤੇ ਉਸਦਾ ਕਿਸ਼ੋਰ ਪੁੱਤਰ ਖੇਤੀਬਾੜੀ ਦੇ ਕੰਮ ਆਉਣ ਵਾਲੇ ਇੱਕ ਪੁਰਾਣੇ ਤੇ ਘਸੇ-ਪਿੱਟੇ ਟਰੱਕ ਦੇ ਪਾਏਦਾਨ (ਰਨਿੰਗ ਬੋਰਡ) `ਤੇ ਨਾਲ-ਨਾਲ ਬੈਠੇ ਹਨ ਅਤੇ ਰੇਲਵੇ ਸਟਾਪ `ਤੇ ਉਡੀਕ ਕਰ ਰਹੇ ਹਨ। ਤਸਵੀਰ ਦੇ ਹੇਠਲੇ ਹਿੱਸੇ ਵਿੱਚ ਇੱਕ ਰੇਲਵੇ ਲਾਈਨ (ਟਰੈਕ) ਲੰਘਦੀ ਦਿਖਾਈ ਦਿੰਦੀ ਹੈ।

ਮੁੰਡੇ ਦੀ ਜੇਬ ਵਿੱਚੋਂ ਇੱਕ ਟਿਕਟ ਬਾਹਰ ਝਾਕ ਰਹੀ ਹੈ। ਉਸਦਾ ਸੂਟਕੇਸ ਸਕੂਲ ਦੀਆਂ ਕਿਤਾਬਾਂ ਨਾਲ ਭਰਿਆ ਹੋਇਆ ਹੈ ਅਤੇ ਉਸ `ਤੇ ‘ਸਟੇਟ ਯੂ’ (Sਟਅਟੲ ੂ) ਦਾ ਝੰਡਾ ਲੱਗਿਆ ਹੋਇਆ ਹੈ। ਰੇਲਗੱਡੀ ਉਸਨੂੰ ਕਾਲਜ ਲੈ ਜਾਣ ਲਈ ਆ ਰਹੀ ਹੈ- ਘਰ ਤੋਂ ਦੂਰ, ਉਸਦੀ ਜ਼ਿੰਦਗੀ ਵਿੱਚ ਪਹਿਲੀ ਵਾਰ।
(1)
ਸਭ ਕੁਝ ਉਨ੍ਹਾਂ ਦੇ ਬੈਠਣ ਦੇ ਅੰਦਾਜ਼ ਵਿੱਚ ਝਲਕਦਾ ਹੈ
ਪੁੱਤਰ ਸਿੱਧਾ ਤਣ ਕੇ ਬੈਠਾ ਹੈ; ਉਹ ਸਾਫ਼-ਸੁਥਰਾ ਹੈ ਅਤੇ ਉਸਨੇ ਆਪਣੇ ਸਭ ਤੋਂ ਵਧੀਆ ਕੱਪੜੇ ਪਾਏ ਹੋਏ ਹਨ। ਉਸਦੀਆਂ ਨਜ਼ਰਾਂ ਦੂਰੀ ‘ਤੇ, ਰੇਲਵੇ ਟਰੈਕ `ਤੇ ਅਤੇ ਉਸ ਭਵਿੱਖ `ਤੇ ਟਿਕੀਆਂ ਹੋਈਆਂ ਹਨ ਜੋ ਤੇਜ਼ੀ ਨਾਲ ਉਸ ਵੱਲ ਵਧ ਰਿਹਾ ਹੈ। ਉਹ ਮਾਨਸਿਕ ਤੌਰ `ਤੇ ਪਹਿਲਾਂ ਹੀ ਉੱਥੋਂ ਜਾ ਚੁੱਕਾ ਹੈ। ਉਸ ਲਈ ਉਹ ਰੇਲਗੱਡੀ ਹਰ ਚੀਜ਼ ਦੀ ਸ਼ੁਰੂਆਤ ਹੈ।
ਉਸਦੇ ਪਿਤਾ ਉਸਦੇ ਕੋਲ ਪੁਰਾਣੇ ਕੰਮ ਵਾਲੇ ਕੱਪੜੇ ਅਤੇ ਘਸੇ ਹੋਏ ਬੂਟ ਪਹਿਨੀ ਬੈਠੇ ਹਨ; ਉਹ ਦੂਜੇ ਪਾਸੇ ਰੇਲਵੇ ਲਾਈਨ ਵੱਲ ਦੇਖ ਰਹੇ ਹਨ, ਜਿਵੇਂ ਕਿ ਉਨ੍ਹਾਂ ਵਿੱਚ ਰੇਲਗੱਡੀ ਦੇ ਆਉਣ ਦਾ ਦ੍ਰਿਸ਼ ਦੇਖਣ ਦੀ ਹਿੰਮਤ ਨਾ ਹੋਵੇ। ਉਹੀ ਰੇਲਗੱਡੀ ਉਨ੍ਹਾਂ ਲਈ ਬਿਲਕੁਲ ਉਲਟ ਅਰਥ ਰੱਖਦੀ ਹੈ। ਪੁੱਤਰ ਲਈ ਇਹ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ, ਪਰ ਪਿਤਾ ਲਈ ਇਹ ਉਹ ਦਿਨ ਹੈ ਜਦੋਂ ਘਰ ਵਿੱਚ ਚੁੱਪ-ਚਾਂ ਛਾ ਜਾਵੇਗੀ, ਮੇਜ਼ ਕੋਲ ਵਾਲੀ ਕੁਰਸੀ ਖਾਲੀ ਪਈ ਹੋਵੇਗੀ ਅਤੇ ਉਹ ਇਨਸਾਨ- ਜਿਸ ਦੁਆਲੇ ਉਨ੍ਹਾਂ ਨੇ ਆਪਣੀ ਦੁਨੀਆਂ ਉਸਾਰੀ ਸੀ, ਇੱਕ ਅਜਿਹੀ ਜ਼ਿੰਦਗੀ ਵੱਲ ਕਦਮ ਵਧਾ ਰਿਹਾ ਹੋਵੇਗਾ ਜਿਸ ਦੇ ਕੇਂਦਰ ਵਿੱਚ ਹੁਣ ਉਹ (ਪਿਤਾ) ਨਹੀਂ ਹੋਣਗੇ।
ਉਨ੍ਹਾਂ ਦੇ ਹੱਥਾਂ ਵੱਲ ਦੇਖੋ। ਉਨ੍ਹਾਂ ਨੇ ਦੋ ਟੋਪੀਆਂ ਫੜੀਆਂ ਹੋਈਆਂ ਹਨ। ਇੱਕ ਉਨ੍ਹਾਂ ਦੀ ਆਪਣੀ ਪੁਰਾਣੀ ਤੇ ਘਸੀ-ਪਿਟੀ ਟੋਪੀ ਹੈ, ਅਤੇ ਉਸਦੇ ਉੱਪਰ ਉਨ੍ਹਾਂ ਦੇ ਪੁੱਤਰ ਦੀ ਬਿਲਕੁਲ ਨਵੀਂ ਤੇ ਸਾਫ਼-ਸੁਥਰੀ ਟੋਪੀ ਰੱਖੀ ਹੋਈ ਹੈ; ਉਨ੍ਹਾਂ ਨੇ ਇਨ੍ਹਾਂ ਦੋਵਾਂ ਨੂੰ ਬੜੇ ਧਿਆਨ ਨਾਲ ਇਕੱਠਾ ਫੜਿਆ ਹੋਇਆ ਹੈ, ਕਿਉਂਕਿ ਇਹ ਉਹ ਆਖਰੀ ਛੋਟੀ ਜਿਹੀ ਚੀਜ਼ ਹੈ, ਜੋ ਉਹ ਅਜੇ ਵੀ ਆਪਣੇ ਪੁੱਤਰ ਲਈ ਕਰ ਸਕਦੇ ਹਨ।
ਅਤੇ ਫਿਰ ਉਹ ਕੁੱਤਾ, ਜਿਸ ਨੇ ਆਪਣਾ ਸਿਰ ਪੁੱਤਰ ਦੀ ਗੋਦ ਵਿੱਚ ਰੱਖਿਆ ਹੋਇਆ ਸੀ ਅਤੇ ਉੱਪਰ ਵੱਲ ਤੱਕ ਰਿਹਾ ਸੀ, ਬਿਨਾਂ ਨਜ਼ਰ ਹਟਾਏ। ਰੌਕਵੈੱਲ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਸਦਾ ਕੀ ਮਤਲਬ ਸੀ: “ਪਿਤਾ ਇਹ ਨਹੀਂ ਸੀ ਦਿਖਾ ਸਕਦਾ ਕਿ ਮੁੰਡੇ ਦੇ ਜਾਣ ਬਾਰੇ ਉਸਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਸੀ,” ਉਸਨੇ ਕਿਹਾ। “ਪਰ ਕੁੱਤੇ ਨੇ ਇਹ ਕਰ ਦਿਖਾਇਆ।”
ਇਸ ਦ੍ਰਿਸ਼ ਨੇ 72 ਸਾਲਾਂ ਤੋਂ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ, ਕਿਉਂਕਿ ਹਰ ਵਿਛੋੜਾ ਇੱਕ ਵਿਅਕਤੀ ਲਈ ਸ਼ੁਰੂਆਤ ਹੁੰਦਾ ਹੈ ਅਤੇ ਦੂਜੇ ਲਈ ਅੰਤ। ਬੱਚਾ ਦੁਨੀਆ ਵਿੱਚ ਕਦਮ ਰੱਖਦਾ ਹੈ, ਜਿਵੇਂ ਕਿ ਉਸਨੂੰ ਕਰਨਾ ਚਾਹੀਦਾ ਹੈ। ਅਤੇ ਕੋਈ ਪਿੱਛੇ ਰਹਿ ਜਾਂਦਾ ਹੈ, ਉਨ੍ਹਾਂ ਨੂੰ ਜਾਂਦੇ ਹੋਏ ਦੇਖਦਾ ਹੈ, ਅਤੇ ਉਨ੍ਹਾਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਫਿਰ ਵੀ ਉਨ੍ਹਾਂ ਨੂੰ ਜਾਣ ਦਿੰਦਾ ਹੈ…। (ਅਸੀਂ ਸਾਰੇ ਇਸ ਪੜਾਅ ਵਿੱਚੋਂ ਲੰਘੇ ਹਾਂ।)
(2)
ਇਹ ਕਲਾ ਦਾ ਇੱਕ ਸ਼ਾਨਦਾਰ ਨਮੂਨਾ ਹੈ
ਨੌਰਮਨ ਰੌਕਵੈੱਲ ਦੀ ‘ਬ੍ਰੇਕਿੰਗ ਹੋਮ ਟਾਈਜ਼’ ਇੱਕ ਡੂੰਘੀ ਭਾਵਨਾਤਮਕ ਪੇਂਟਿੰਗ ਹੈ, ਜੋ ਇੱਕ ਪਿਤਾ ਦੇ ਆਪਣੇ ਪੁੱਤਰ ਨੂੰ ਘਰ ਛੱਡਦੇ ਹੋਏ ਦੇਖਣ ਦੇ ਕੌੜੇ-ਮਿੱਠੇ ਪਲ ਨੂੰ ਕੈਦ ਕਰਦੀ ਹੈ। ਯਥਾਰਥਵਾਦੀ ਵੇਰਵੇ, ਚੁੱਪ ਰੰਗ ਅਤੇ ਸ਼ਾਂਤ ਪ੍ਰਗਟਾਵੇ ਦ੍ਰਿਸ਼ ਨੂੰ ਨਜ਼ਦੀਕੀ ਤੇ ਵਿਸ਼ਵਾਸਯੋਗ ਮਹਿਸੂਸ ਕਰਾਉਂਦੇ ਹਨ। ਪੁੱਤਰ ਦੇ ਉਤਸ਼ਾਹ (ਉਹ ਪਹਿਲਾਂ ਹੀ ਆਪਣੇ ਭਵਿੱਖ ਦੀ ਉਡੀਕ ਕਰ ਰਿਹਾ ਹੈ, ਬਿਲਕੁਲ ਵੀ ਚਿੰਤਤ ਨਹੀਂ, ਪਰ ਇਹ ਜਵਾਨੀ ਦੇ ਗੁਣਾਂ ਵਿੱਚੋਂ ਇੱਕ ਹੈ) ਅਤੇ ਪਿਤਾ ਦੀ ਉਦਾਸੀ ਵਿਚਕਾਰ ਅੰਤਰ ਵੱਡੇ ਹੋਣ ਅਤੇ ਜਾਣ ਦੇਣ ਦੀਆਂ ਮਿਸ਼ਰਤ ਭਾਵਨਾਵਾਂ ਨੂੰ ਸੁੰਦਰਤਾ ਨਾਲ ਦਰਸਾਉਂਦਾ ਹੈ। ਰੌਕਵੈੱਲ ਦੀ ਤਾਕਤ ਇੱਕ ਆਮ ਪਲ ਨੂੰ ਕਿਸੇ ਵਿਸ਼ਵਵਿਆਪੀ ਚੀਜ਼ ਵਿੱਚ ਬਦਲਣ ਦੀ ਉਸਦੀ ਯੋਗਤਾ ਵਿੱਚ ਹੈ- ਸਾਨੂੰ ਯਾਦ ਦਿਵਾਉਂਦੀ ਹੈ ਕਿ ਘਰ ਛੱਡਣਾ ਨਾ ਸਿਰਫ਼ ਬੱਚੇ ਲਈ ਇੱਕ ਸ਼ੁਰੂਆਤ ਹੈ, ਸਗੋਂ ਮਾਪਿਆਂ ਲਈ ਇੱਕ ਭਾਵਨਾਤਮਕ ਤਬਦੀਲੀ ਵੀ ਹੈ।
(3)
ਦੋਵਾਂ ਆਦਮੀਆਂ ਦੇ ਹਾਵ-ਭਾਵਾਂ ਵਿੱਚ ਬਹੁਤ ਵੱਡਾ ਅੰਤਰ ਹੈ।
ਨੌਜਵਾਨ ਵਿੱਚ ਉਤਸ਼ਾਹ, ਉਮੀਦ, ਨਿਡਰਤਾ ਅਤੇ ਆਪਣੇ ਭਵਿੱਖ ਦਾ ਸਾਹਮਣਾ ਕਰਨ ਦੀ ਤੀਬਰ ਇੱਛਾ ਝਲਕਦੀ ਹੈ; ਦੂਜੇ ਪਾਸੇ ਪਿਤਾ ਮਾਣ, ਉਦਾਸੀ ਅਤੇ ਚਿੰਤਾ ਮਹਿਸੂਸ ਕਰ ਰਿਹਾ ਹੈ- ਉਹ ਥੋੜ੍ਹਾ ਡਰਿਆ ਹੋਇਆ ਵੀ ਹੈ, ਪਰ ਨਾਲ ਹੀ ਆਪਣੇ ਪੁੱਤਰ ਦੀ ਸੁਰੱਖਿਆ ਅਤੇ ਸਫਲਤਾ ਲਈ ਉਮੀਦ ਅਤੇ ਅਰਦਾਸ ਵੀ ਕਰ ਰਿਹਾ ਹੈ। ਜਿੱਥੇ ਪੁੱਤਰ ਘਰੋਂ ਬਾਹਰ ਨਿਕਲਣ ਲਈ ਉਤਾਵਲਾ ਹੈ, ਉੱਥੇ ਪਿਤਾ ਉਸਨੂੰ ਕੁਝ ਹੋਰ ਪਲ ਆਪਣੇ ਕੋਲ ਰੱਖਣਾ ਚਾਹੁੰਦਾ ਹੈ, ਪਰ ਨਾਲ ਹੀ ਉਹ ਉਸਨੂੰ ਰੋਕਣਾ ਵੀ ਨਹੀਂ ਚਾਹੁੰਦਾ।
ਅਸੀਂ ਸਾਰੇ ਇਸ ਦੌਰ ਵਿੱਚੋਂ ਲੰਘੇ ਹਾਂ। ਮੈਂ ਆਪਣੇ ਮਾਤਾ-ਪਿਤਾ ਦੇ ਚਿਹਰੇ ਨਹੀਂ ਭੁੱਲ ਸਕਦਾ, ਜਦੋਂ ਉਨ੍ਹਾਂ ਨੇ ਮੈਨੂੰ ਘਰੋਂ ਵਿਦਾ ਕੀਤਾ ਸੀ- ਪਹਿਲਾਂ ਕਾਲਜ ਲਈ ਅਤੇ ਫਿਰ ਅਮਰੀਕਾ ਲਈ। ਅਸਲ ਵਿੱਚ, ਭਾਰਤ ਵਿੱਚ ਇੱਕ ਕੁੜੀ ਦੇ ਮਾਤਾ-ਪਿਤਾ ਦੋਵੇਂ ਤਰ੍ਹਾਂ ਦੀਆਂ ਭਾਵਨਾਵਾਂ ਮਹਿਸੂਸ ਕਰਦੇ ਹਨ: ਧੀ ਦੀ ਵਿਦਾਈ ਵੇਲੇ ਵਿਛੋੜੇ ਦਾ ਦੁੱਖ ਅਤੇ ਉਸਦੇ ਵਿਆਹ ਦੀ ਖੁਸ਼ੀ।
ਅਤੇ ਫਿਰ, ਜਦੋਂ ਅਸੀਂ ਖੁਦ ਮਾਤਾ-ਪਿਤਾ ਬਣਦੇ ਹਾਂ, ਤਾਂ ਸਾਨੂੰ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਛੱਡਣ ਜਾਂਦੇ ਹਾਂ। ਵਿਛੋੜਾ (ਕਿਸੇ ਵੀ ਹਾਲਤ ਵਿੱਚ) ਦਿਲ ਨੂੰ ਚੀਰ ਦੇਣ ਵਾਲਾ ਹੁੰਦਾ ਹੈ।
(4)
ਜਦੋਂ ਇੱਕ ਪੇਂਟਿੰਗ ਸੋਗ ਦਾ ਸੁਨੇਹਾ ਬਣ ਜਾਂਦੀ ਹੈ
ਇਹ ਗਰਮੀਆਂ ਮੇਰੀ ਸੁਪਤਨੀ ਸੁਖਜਿੰਦਰ ਅਤੇ ਮੇਰੇ ਲਈ ਭਾਵਨਾਤਮਕ ਤੌਰ `ਤੇ ਬਹੁਤ ਔਖਾ ਸਮਾਂ ਸੀ। ਸਿਰਫ਼ ਇੱਕ ਹਫ਼ਤੇ ਦੇ ਅੰਦਰ-ਅੰਦਰ, ਮੇਰੇ ਇੱਕ ਪਿਆਰੇ ਦੋਸਤ ਅਤੇ ਜੂਨੀਅਰ ਸਹਿਯੋਗੀ ਦੀ ਪਤਨੀ ਦਾ ਦੇਹਾਂਤ ਹੋ ਗਿਆ, ਜਦਕਿ ਇੱਕ ਹੋਰ ਦੋਸਤ ਅਤੇ ਜੂਨੀਅਰ ਸਹਿਯੋਗੀ ਨੇ ਆਪਣੇ 40 ਸਾਲਾ ਜਵਾਨ ਪੁੱਤਰ ਨੂੰ ਗੁਆ ਦਿੱਤਾ। ਉਨ੍ਹਾਂ ਦੇ ਅੰਤਿਮ ਸਸਕਾਰ ਵੀ ਇੱਕ ਹਫ਼ਤੇ ਦੇ ਅੰਦਰ-ਅੰਦਰ ਹੀ ਹੋਏ। ਅਸੀਂ ਅੰਤਿਮ ਸਸਕਾਰਾਂ ਵਿੱਚ ਸ਼ਾਮਲ ਹੋਏ ਅਤੇ ਆਪਣੀ ਦਿਲੀ ਸੰਵੇਦਨਾ ਪ੍ਰਗਟਾਉਣ ਲਈ ਉਨ੍ਹਾਂ ਦੇ ਘਰ ਵੀ ਗਏ। ਇਸ ਤੋਂ ਬਾਅਦ ਸਾਡੇ ਕੁਝ ਪਰਿਵਾਰਕ ਰੁਝੇਵੇਂ ਸਨ, ਜਿਵੇਂ ਕਿ ਬੁਡਾਪੇਸਟ (ਹੰਗਰੀ) ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣਾ ਅਤੇ ਉਸ ਤੋਂ ਬਾਅਦ ਵੈਨਿਸ, ਫਲੋਰੈਂਸ ਅਤੇ ਰੋਮ (ਇਟਲੀ) ਦੀ ਯਾਤਰਾ। ਅਸੀਂ ਆਪਣੀ ਜ਼ਿੰਦਗੀ ਵਿੱਚ ਰੁੱਝ ਗਏ ਅਤੇ ਅਜਿਹੇ ਹਾਲਾਤਾਂ ਵਿੱਚ, ਅਜਿਹੀਆਂ ਘਟਨਾਵਾਂ ਨੂੰ ਕੁਝ ਸਮੇਂ ਲਈ ਭੁੱਲ ਜਾਣਾ ਕੋਈ ਅਸਧਾਰਨ ਗੱਲ ਨਹੀਂ ਸੀ।
ਇੱਕ ਦਿਨ ਮੇਰੇ ਇੱਕ ਸਾਬਕਾ ਵਿਦਿਆਰਥੀ, ਜੋ ਹੁਣ ਮੇਰਾ ਜੂਨੀਅਰ ਸਹਿਯੋਗੀ ਹੈ, ਨੇ ਮੈਨੂੰ ਨੌਰਮਨ ਰੌਕਵੈੱਲ ਦੀ 1954 ਦੀ ਪੇਂਟਿੰਗ ‘ਬ੍ਰੇਕਿੰਗ ਹੋਮ ਟਾਈਜ਼’ ਭੇਜੀ। ਮੈਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਇਹ ਸਿਰਫ਼ ਇੱਕ ਤਸਵੀਰ ਨਹੀਂ ਸੀ, ਜੋ ਉਹ ਮੇਰੇ ਨਾਲ ਸਾਂਝੀ ਕਰ ਰਹੇ ਸਨ, ਕਿਉਂਕਿ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਚਾਲੀ ਸਾਲਾ ਪੁੱਤਰ ਨੂੰ ਗੁਆ ਦਿੱਤਾ ਸੀ। ਮੈਂ ਤਸਵੀਰ ਵੱਲ ਦੇਖਿਆ: ਇੱਕ ਪਿਤਾ ਅਤੇ ਉਸਦਾ ਜਵਾਨ ਪੁੱਤਰ ਰੇਲਵੇ ਸਟੇਸ਼ਨ `ਤੇ ਰੇਲਗੱਡੀ ਦੀ ਉਡੀਕ ਕਰਦੇ ਹੋਏ ਇਕੱਠੇ ਬੈਠੇ ਸਨ। ਇਹ ਦ੍ਰਿਸ਼ ਉਸ ਸਮੇਂ ਦਾ ਹੈ, ਜਦੋਂ ਪੁੱਤਰ ਕਾਲਜ ਜਾਣ ਲਈ ਘਰੋਂ ਨਿਕਲਣ ਵਾਲਾ ਹੈ। ਮੁੰਡਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਖੁਸ਼ ਹੈ, ਜਦਕਿ ਪਿਤਾ ਉਸਦੇ ਕੋਲ ਬੈਠਾ ਚੁੱਪ-ਚਾਪ ਅਜਿਹੀਆਂ ਭਾਵਨਾਵਾਂ ਨੂੰ ਦਿਲ ਵਿੱਚ ਸਮੋਈ ਬੈਠਾ ਹੈ ਜਿਨ੍ਹਾਂ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਰੌਕਵੈੱਲ ਨੇ ਖੁਦ ਕਿਹਾ ਸੀ ਕਿ ਉਹ ਉਸ ਪਿਤਾ ਦੀਆਂ ਡੂੰਘੀਆਂ ਭਾਵਨਾਵਾਂ ਨੂੰ ਦਰਸਾਉਣਾ ਚਾਹੁੰਦੇ ਸਨ, ਜੋ ਆਪਣੇ ਪੁੱਤਰ ਨੂੰ ਵਿਦਾ ਕਰ ਰਿਹਾ ਹੈ; ਪਿਤਾ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਕਰ ਸਕਦਾ ਸੀ, ਪਰ ਕੁੱਤੇ ਨੇ ਉਹ ਭਾਵਨਾਵਾਂ ਪ੍ਰਗਟ ਕਰ ਦਿੱਤੀਆਂ।
ਸ਼ਾਇਦ ਮੇਰਾ ਸਾਥੀ ਮੈਨੂੰ ਬਿਨਾਂ ਸਿੱਧੇ ਕਹੇ ਇਹ ਦੱਸ ਰਿਹਾ ਸੀ: “ਮੈਂ ਉਹੀ ਪਿਤਾ ਹਾਂ, ਪਰ ਇੱਕ ਬਹੁਤ ਵੱਡੇ ਫਰਕ ਨਾਲ। ਮੇਰਾ ਪੁੱਤਰ ਸਿਰਫ਼ ਘਰੋਂ ਹੀ ਨਹੀਂ ਗਿਆ ਸੀ, ਸਗੋਂ ਉਹ ਇਸ ਦੁਨੀਆ ਤੋਂ ਹੀ ਚਲਾ ਗਿਆ ਸੀ।” ਮੈਂ ਉਸ ਪੇਂਟਿੰਗ ਨੂੰ ਵਾਰ-ਵਾਰ ਦੇਖਿਆ। ਜਿੰਨਾ ਜ਼ਿਆਦਾ ਮੈਂ ਉਸਨੂੰ ਦੇਖਦਾ, ਓਨਾ ਹੀ ਜ਼ਿਆਦਾ ਦਰਦ ਮਹਿਸੂਸ ਕਰਦਾ। ਮੈਂ ਬਹੁਤ ਭਾਵੁਕ ਹੋ ਗਿਆ ਅਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਜਲਦੀ ਹੀ ਹੰਝੂ ਮੇਰੀਆਂ ਗੱਲ੍ਹਾਂ `ਤੇ ਵਹਿਣ ਲੱਗੇ।
ਉਸ ਸਮੇਂ ਮੈਂ ਆਪਣੀਆਂ ਭਾਵਨਾਵਾਂ `ਤੇ ਕਾਬੂ ਨਾ ਰੱਖ ਸਕਿਆ ਅਤੇ ਆਪਣੇ ਦੋਸਤ ਦੇ ਦਰਦ ਤੇ ਗਮ ਨੂੰ ਸਾਂਝਾ ਕਰਨਾ ਚਾਹਿਆ। ਇਸ ਲਈ, ਮੈਂ ਆਪਣੇ ਜੂਨੀਅਰ ਸਾਥੀ ਨੂੰ ਇੱਕ ਵੱ੍ਹਟਸਐਪ ਪੋਸਟ ਲਿਖ ਕੇ ਭੇਜਣ ਦਾ ਫੈਸਲਾ ਕੀਤਾ। ਮੈਂ ਬਹੁਤ ਹੀ ਸੁਹਿਰਦਤਾ ਅਤੇ ਨਿਮਰਤਾ ਨਾਲ ਉਹ ਪੋਸਟ ਹੇਠਾਂ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ:
“ਮੇਰੇ ਪਿਆਰੇ ਦੋਸਤ, ਮੈਂ ਤੁਹਾਡਾ ਸੁਨੇਹਾ ਦੇਖਿਆ ਅਤੇ ਉਸ ਵਿੱਚ ਤੁਹਾਡੇ ਅੰਦਰਲੇ ਲੁਕਵੇਂ ਦਰਦ ਨੂੰ ਮਹਿਸੂਸ ਕੀਤਾ। ਮੈਂ ਉਸ ਖਾਲੀਪਨ ਦੀ ਕਲਪਨਾ ਵੀ ਨਹੀਂ ਕਰ ਸਕਦਾ, ਜੋ ਤੁਹਾਡੀ ਜ਼ਿੰਦਗੀ ਵਿੱਚ ਆ ਗਿਆ ਹੈ। ਰੌਕਵੈੱਲ ਦੀ ਪੇਂਟਿੰਗ ਵਿੱਚ, ਪਿਤਾ ਆਪਣੇ ਪੁੱਤਰ ਨੂੰ ਜਾਂਦੇ ਹੋਏ ਦੇਖਦਾ ਹੈ; ਉਹ ਜਾਣਦਾ ਹੈ ਕਿ ਦੂਰੀ ਉਨ੍ਹਾਂ ਨੂੰ ਵੱਖ ਕਰ ਰਹੀ ਹੈ, ਪਰ ਨਾਲ ਹੀ ਉਸਨੂੰ ਉਮੀਦ ਹੁੰਦੀ ਹੈ ਕਿ ਇੱਕ ਦਿਨ ਉਹ ਵਾਪਸ ਆਵੇਗਾ। ਤੁਹਾਡੀ ਜੁਦਾਈ ਕਿਤੇ ਵੱਧ ਔਖੀ ਹੈ, ਕਿਉਂਕਿ ਤੁਸੀਂ ਉਸ ਵਾਪਸੀ ਦੀ ਉਡੀਕ ਨਹੀਂ ਕਰ ਸਕਦੇ।”
“ਪਰ ਕਿਰਪਾ ਕਰਕੇ ਯਾਦ ਰੱਖੋ: ਤੁਹਾਡੇ ਪੁੱਤਰ ਦੀ ਸਰੀਰਕ ਸਿਹਤ ਦਾ ਸਫ਼ਰ ਤਾਂ ਖਤਮ ਹੋ ਗਿਆ ਹੈ, ਪਰ ਤੁਹਾਡੀ ਜ਼ਿੰਦਗੀ ਵਿੱਚ ਉਸਦੀ ਥਾਂ ਖਤਮ ਨਹੀਂ ਹੋਈ। ਉਹ ਤੁਹਾਡੀਆਂ ਯਾਦਾਂ ਵਿੱਚ, ਉਨ੍ਹਾਂ ਕਦਰਾਂ-ਕੀਮਤਾਂ ਵਿੱਚ ਜੋ ਤੁਸੀਂ ਉਸਨੂੰ ਦਿੱਤੀਆਂ, ਉਸ ਪਿਆਰ ਵਿੱਚ ਜੋ ਉਸਨੇ ਤੁਹਾਨੂੰ ਦਿੱਤਾ, ਅਤੇ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਜਿਨ੍ਹਾਂ ਨੂੰ ਉਸਨੇ ਛੂਹਿਆ- ਹਮੇਸ਼ਾ ਮੌਜੂਦ ਰਹੇਗਾ। ਜਦੋਂ ਉਹ ਜਿਉਂਦਾ ਸੀ, ਤੁਸੀਂ ਉਸਦੇ ਪਿਤਾ ਸੀ। ਜਿੰਨਾ ਚਿਰ ਤੁਸੀਂ ਜਿਉਂਦੇ ਰਹੋਗੇ, ਤੁਸੀਂ ਉਸਦੇ ਪਿਤਾ ਹੀ ਰਹੋਗੇ। ਰੱਬ ਕਰੇ ਕਿ ਤੁਹਾਡੀਆਂ ਯਾਦਾਂ ਹੌਲੀ-ਹੌਲੀ ਤੁਹਾਡੇ ਦੁੱਖ ਦੇ ਨਾਲ-ਨਾਲ ਸ਼ੁਕਰਗੁਜ਼ਾਰੀ ਦਾ ਸਰੋਤ ਬਣ ਜਾਣ, ਅਤੇ ਤੁਹਾਨੂੰ ਆਪਣੇ ਦਿਲ ਵਿੱਚ ਉਸਦੇ ਪਿਆਰ ਨੂੰ ਸੰਭਾਲ ਕੇ ਇਹ ਸਫ਼ਰ ਜਾਰੀ ਰੱਖਣ ਦੀ ਤਾਕਤ ਮਿਲੇ।”
ਸ਼ਾਇਦ ਉਸਦਾ ਉਹ ਪੇਂਟਿੰਗ ਭੇਜਣਾ ਹੀ ਇੱਕ ਖਾਮੋਸ਼ ਬੇਨਤੀ ਸੀ: ਕਿਰਪਾ ਕਰਕੇ ਉਹ ਗੱਲ ਸਮਝ ਲਵੋ ਜੋ ਮੈਂ ਕਹਿ ਨਹੀਂ ਸਕਦਾ।
(5)
ਨੌਰਮਨ ਰੌਕਵੈੱਲ ਦੀ ਪੇਂਟਿੰਗ ਸਾਂਝੀ ਕਰਨ ਦੇ ਅਮਲ ਨੇ ਮੇਰੇ ਦਿਲ ਨੂੰ ਇੰਨੀ ਡੂੰਘਾਈ ਨਾਲ ਛੂਹਿਆ ਹੈ ਕਿ ਮੈਂ ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਸ਼ਾਇਦ ਇਸ ਲਈ, ਕਿਉਂਕਿ ਰੇਲਵੇ ਸਟੇਸ਼ਨ `ਤੇ ਪਿਤਾ ਅਤੇ ਪੁੱਤਰ ਦੀ ਉਸ ਖੂਬਸੂਰਤ ਤਸਵੀਰ ਦੇ ਪਿੱਛੇ, ਮੈਂ ਹੁਣ ਇੱਕ ਹੋਰ ਪਿਤਾ ਨੂੰ ਮਹਿਸੂਸ ਕਰ ਸਕਦਾ ਹਾਂ ਜੋ ਉਸ ਵੱਲ ਦੇਖ ਰਿਹਾ ਹੈ- ਇੱਕ ਅਜਿਹਾ ਪਿਤਾ ਜਿਸਦਾ ਦਿਲ ਅਸਹਿ ਖਾਲੀਪਨ ਅਤੇ ਉਸ ਦਰਦ ਨਾਲ ਭਰਿਆ ਹੋਇਆ ਹੈ, ਜੋ ਕਿਸੇ ਵੀ ਮਾਪੇ ਨੂੰ ਕਦੇ ਨਹੀਂ ਸਹਿਣਾ ਚਾਹੀਦਾ। ਤੁਹਾਡੇ ਚਾਲੀ ਸਾਲਾ ਪੁੱਤਰ ਨੂੰ ਗੁਆਇਆਂ ਨੂੰ ਅਜੇ ਸਿਰਫ਼ ਦੋ ਕੁ ਮਹੀਨੇ ਹੀ ਹੋਏ ਹਨ। ਇਹ ਸਮਾਂ ਬਹੁਤ ਥੋੜ੍ਹਾ ਹੁੰਦਾ ਹੈ ਜਦੋਂ ਪਿਆਰ, ਯਾਦਾਂ ਅਤੇ ਸੁਪਨਿਆਂ ਨਾਲ ਭਰੀ ਪੂਰੀ ਜ਼ਿੰਦਗੀ ਅਚਾਨਕ ਖਿੰਡ-ਪੁੰਡ ਗਈ ਹੋਵੇ।
ਮੈਂ ਇਹ ਜਾਣਨ ਦਾ ਦਾਅਵਾ ਨਹੀਂ ਕਰ ਸਕਦਾ ਕਿ ਜਦੋਂ ਤੁਸੀਂ ਇਹ ਪੇਂਟਿੰਗ ਸਾਂਝੀ ਕੀਤੀ ਤਾਂ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਸੀ। ਸ਼ਾਇਦ ਤੁਸੀਂ ਉਸ ਨੌਜਵਾਨ ਵਿੱਚ ਆਪਣੇ ਪੁੱਤਰ ਨੂੰ ਦੇਖਿਆ ਹੋਵੇ। ਸ਼ਾਇਦ ਇਸ ਨਾਲ ਉਸਦਾ ਬਚਪਨ, ਉਸਦਾ ਹਾਸਾ, ਉਸਦੇ ਸੁਪਨੇ, ਉਹ ਦਿਨ ਜਦੋਂ ਤੁਸੀਂ ਉਸਨੂੰ ਵੱਡਾ ਹੁੰਦੇ ਦੇਖਿਆ ਅਤੇ ਉਹ ਅਣਗਿਣਤ ਆਮ ਪਲ ਜੋ ਹੁਣ ਅਚਾਨਕ ਬੇਸ਼ਕੀਮਤੀ ਬਣ ਗਏ ਹਨ- ਇਹ ਸਭ ਯਾਦਾਂ ਤਾਜ਼ਾ ਹੋ ਗਈਆਂ ਹੋਣ। ਸ਼ਾਇਦ ਤੁਹਾਨੂੰ ਬਸ ਕੁਝ ਅਜਿਹਾ ਸਾਂਝਾ ਕਰਨ ਦੀ ਲੋੜ ਸੀ, ਜਿਸਨੂੰ ਤੁਹਾਡਾ ਦਿਲ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਸੀ।
ਅਤੇ ਸ਼ਾਇਦ, ਆਪਣੇ ਦੁੱਖ ਦੀ ਖਾਮੋਸ਼ੀ ਵਿੱਚ ਕਿਤੇ ਨਾ ਕਿਤੇ, ਤੁਸੀਂ ਆਪਣੇ ਆਪ ਤੋਂ ਉਹ ਦਰਦਨਾਕ ਸਵਾਲ ਪੁੱਛਿਆ ਹੋਵੇਗਾ ਜੋ ਹਰ ਪਿਆਰ ਕਰਨ ਵਾਲਾ ਮਾਪਾ ਪੁੱਛਦਾ ਹੈ: “ਕੀ ਮੈਂ ਹੋਰ ਕੁਝ ਕਰ ਸਕਦਾ ਸੀ? ਕੀ ਮੈਂ ਉਸਨੂੰ ਆਪਣਾ ਹੋਰ ਸਮਾਂ ਅਤੇ ਪਿਆਰ ਦੇ ਸਕਦਾ ਸੀ?” ਕਿਰਪਾ ਕਰਕੇ, ਮੇਰੇ ਪਿਆਰੇ ਦੋਸਤ, ਦੁੱਖ ਵਿੱਚ ਵੀ ਆਪਣੇ ਪੁੱਤਰ ਲਈ ਤੁਹਾਡੇ ਪਿਆਰ ਨੂੰ ਘੱਟ ਨਾ ਹੋਣ ਦਿਓ। ਇੱਕ ਪਿਤਾ ਹਮੇਸ਼ਾ ਇਹ ਮਹਿਸੂਸ ਕਰਦਾ ਹੈ ਕਿ ਉਹ ਹੋਰ ਕੁਝ ਕਰ ਸਕਦਾ ਸੀ, ਕਿਉਂਕਿ ਉਸਦੇ ਪੁੱਤਰ ਲਈ ਉਸਦਾ ਪਿਆਰ ਹਮੇਸ਼ਾ ਅਸੀਮਤ ਹੁੰਦਾ ਹੈ।
ਮੇਰੇ ਕੋਲ ਅਜਿਹੇ ਸ਼ਬਦ ਨਹੀਂ ਹਨ, ਜੋ ਤੁਹਾਡਾ ਦਰਦ ਦੂਰ ਕਰ ਸਕਣ ਅਤੇ ਨਾ ਹੀ ਮੈਂ ਕਦੇ ਅਜਿਹਾ ਦਿਖਾਵਾ ਕਰਾਂਗਾ ਕਿ ਮੈਂ ਅਜਿਹਾ ਕਰ ਸਕਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਤੁਹਾਨੂੰ ਇਸ ਬੋਝ ਨੂੰ ਪੂਰੀ ਤਰ੍ਹਾਂ ਇਕੱਲਿਆਂ ਚੁੱਕਣ ਦੀ ਲੋੜ ਨਹੀਂ ਹੈ। ਜੇਕਰ ਕਦੇ ਅਜਿਹੇ ਪਲ ਆਉਣ ਜਦੋਂ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੋਵੇ ਜੋ ਤੁਹਾਡੀ ਗੱਲ ਸੁਣੇ, ਤੁਹਾਡੇ ਨਾਲ ਚੁੱਪ-ਚਾਪ ਬੈਠੇ, ਤੁਹਾਡੇ ਨਾਲ ਮਿਲ ਕੇ ਤੁਹਾਡੇ ਪੁੱਤਰ ਨੂੰ ਯਾਦ ਕਰੇ, ਜਾਂ ਕਿਸੇ ਮੁਸ਼ਕਲ ਦਿਨ ਵਿੱਚ ਸਿਰਫ਼ ਤੁਹਾਡਾ ਹੱਥ ਫੜ ਕੇ ਸਾਥ ਦੇਵੇ, ਤਾਂ ਮੈਂ ਇੱਥੇ ਹਾਂ।
ਕਈ ਵਾਰ ਅਸੀਂ ਕਿਸੇ ਦੂਜੇ ਵਿਅਕਤੀ ਦੇ ਦੁੱਖ ਨੂੰ ਘੱਟ ਨਹੀਂ ਕਰ ਸਕਦੇ; ਅਸੀਂ ਸਿਰਫ਼ ਮਦਦ ਦਾ ਹੱਥ, ਗੱਲ ਸੁਣਨ ਵਾਲਾ ਕੰਨ ਅਤੇ ਸਹਾਰਾ ਦੇਣ ਵਾਲਾ ਮੋਢਾ ਬਣ ਸਕਦੇ ਹਾਂ।
ਕਾਸ਼! ਤੁਹਾਡੇ ਪੁੱਤਰ ਦੀਆਂ ਯਾਦਾਂ ਸਮੇਂ ਦੇ ਨਾਲ ਸਿਰਫ਼ ਉਸ ਚੀਜ਼ ਦੀ ਯਾਦਗਾਰ ਨਾ ਬਣਨ ਜੋ ਤੁਸੀਂ ਗੁਆ ਦਿੱਤੀ ਹੈ, ਸਗੋਂ ਇੱਕ ਅਜਿਹੀ ਕੋਮਲ ਹੋਂਦ ਬਣ ਜਾਣ ਜੋ ਹਮੇਸ਼ਾ ਤੁਹਾਡੇ ਨਾਲ-ਨਾਲ ਚੱਲਦੀ ਰਹੇ।
(6)
‘ਬ੍ਰੇਕਿੰਗ ਹੋਮ ਟਾਈਜ਼’ ਦਾ ਵਿਸ਼ਾ
ਇਹ ਵਿਸ਼ਾ ਦੁਨੀਆ ਭਰ ਦੇ ਉਨ੍ਹਾਂ ਮਾਪਿਆਂ ਲਈ ਇੱਕ ਮੁੱਖ ਪ੍ਰਤੀਕ ਬਣ ਗਿਆ ਹੈ, ਜੋ ਆਪਣੇ ਬੱਚਿਆਂ ਨੂੰ ਬਿਹਤਰ ਜੀਵਨ ਦੀ ਭਾਲ ਵਿੱਚ ਜਾਣ ਦਿੰਦੇ ਹਨ। ਇਸ ਤੋਂ ਇਲਾਵਾ ਇਸ ਪੇਂਟਿੰਗ ਦੇ ਵਿਸ਼ੇ ਦਾ ਘੇਰਾ ਹੋਰ ਵਿਸ਼ਾਲ ਕਰਦਿਆਂ ਉਨ੍ਹਾਂ ਮਾਪਿਆਂ ਦੇ ਨਜ਼ਰੀਏ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਆਪਣੇ ਜਵਾਨ ਪੁੱਤਰਾਂ ਅਤੇ ਧੀਆਂ ਨੂੰ ਦੂਰ-ਦੁਰਾਡੇ ਦੇ ਵਿਦੇਸ਼ੀ ਮੁਲਕਾਂ ਵੱਲ ਰਵਾਨਾ ਹੁੰਦੇ ਦੇਖਦੇ ਹਨ; ਇਹ ਬੱਚੇ ਉੱਥੇ ਬਿਹਤਰ ਰੁਜ਼ਗਾਰ ਦੇ ਮੌਕਿਆਂ ਅਤੇ ਸਿੱਖਿਆ ਦੀਆਂ ਉਨ੍ਹਾਂ ਸਹੂਲਤਾਂ ਦੀ ਭਾਲ ਵਿੱਚ ਜਾਂਦੇ ਹਨ, ਜੋ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਉਪਲਬਧ ਨਹੀਂ ਹੁੰਦੀਆਂ।
ਨਾਲ ਹੀ, ਇਸ ਪੇਂਟਿੰਗ ਨੂੰ ਉਨ੍ਹਾਂ ਦੁਖੀ ਮਾਪਿਆਂ ਦੀ ਨਜ਼ਰ ਨਾਲ ਵੀ ਦੇਖਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜਵਾਨ ਪੁੱਤਰਾਂ ਜਾਂ ਧੀਆਂ ਨੂੰ ਗੁਆ ਦਿੱਤਾ ਹੈ। ਅੰਤ ਵਿੱਚ, ਇਹ ਲਿਖਤ ਦੱਸਦੀ ਹੈ ਕਿ “ਆਪਣੇ ਜਵਾਨ ਪੁੱਤਰ ਜਾਂ ਧੀ ਦੀ ਮੌਤ ਕਾਰਨ ਦੁਖੀ ਮਾਪੇ ਕਿਵੇਂ ਸਦੀਵੀ ਸ਼ਾਂਤੀ ਪ੍ਰਾਪਤ ਕਰ ਸਕਦੇ ਹਨ।”
(ਬਾਕੀ ਅਗਲੇ ਅੰਕ ਵਿੱਚ)

Leave a Reply

Your email address will not be published. Required fields are marked *