ਚੰਗੀ ਫ਼ਸਲ ਦੇ ਬਾਵਜੂਦ ਭੁੱਖਮਰੀ ਦਾ ਖ਼ਤਰਾ

ਖਬਰਾਂ ਵਿਚਾਰ-ਵਟਾਂਦਰਾ

*ਅਫ਼ਗਾਨਿਸਤਾਨ ਦੇ 1.92 ਕਰੋੜ ਲੋਕਾਂ ਲਈ ਆਉਂਦੀ ਸਰਦੀ ਬਣ ਸਕਦੀ ਹੈ ਅਜ਼ਮਾਇਸ਼
ਪੰਜਾਬੀ ਪਰਵਾਜ਼ ਬਿਊਰੋ
ਅਫ਼ਗਾਨਿਸਤਾਨ ਦੇ ਖੇਤਾਂ ਵਿੱਚ ਇਸ ਸਾਲ ਮੀਂਹ ਨੇ ਕੁਝ ਰਾਹਤ ਦਿੱਤੀ ਹੈ। ਫ਼ਸਲਾਂ ਪਹਿਲਾਂ ਨਾਲੋਂ ਚੰਗੀਆਂ ਹੋਈਆਂ ਹਨ, ਚਰਾਂਦਾਂ ਵਿੱਚ ਹਰਿਆਲੀ ਪਰਤੀ ਹੈ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਉਮੀਦ ਦੀ ਇੱਕ ਕਿਰਨ ਦਿਖਾਈ ਦਿੱਤੀ ਹੈ; ਪਰ ਇਸ ਚੰਗੀ ਖ਼ਬਰ ਦੇ ਪਿੱਛੇ ਇੱਕ ਕੌੜੀ ਹਕੀਕਤ ਲੁਕੀ ਹੋਈ ਹੈ-ਖੇਤਾਂ ਵਿੱਚ ਅਨਾਜ ਉੱਗਣ ਦੇ ਬਾਵਜੂਦ ਲੱਖਾਂ ਲੋਕਾਂ ਦੇ ਘਰਾਂ ਵਿੱਚ ਚੁੱਲ੍ਹਾ ਬਲਣ ਦੀ ਗਾਰੰਟੀ ਨਹੀਂ।

ਸੰਯੁਕਤ ਰਾਸ਼ਟਰ ਦੀਆਂ ਖੁਰਾਕ ਅਤੇ ਖੇਤੀਬਾੜੀ ਸੰਸਥਾ (ਐੱਫ਼.ਏ.ਓ.) ਅਤੇ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐੱਫ਼.ਪੀ.) ਨੇ ਚਿਤਾਵਨੀ ਦਿੱਤੀ ਹੈ ਕਿ ਨਵੰਬਰ 2026 ਤੋਂ ਅਪ੍ਰੈਲ 2027 ਤੱਕ ਅਫ਼ਗਾਨਿਸਤਾਨ ਦੀ ਲਗਭਗ 38 ਫ਼ੀਸਦੀ ਆਬਾਦੀ, ਅਰਥਾਤ 1.92 ਕਰੋੜ ਲੋਕ, ਗੰਭੀਰ ਖ਼ੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਸਕਦੇ ਹਨ। ਇਨ੍ਹਾਂ ਵਿੱਚੋਂ ਤਕਰੀਬਨ 50 ਲੱਖ ਲੋਕਾਂ ਦੇ ਭੁੱਖਮਰੀ ਦੇ ਅਜਿਹੇ ਗੰਭੀਰ ਪੱਧਰ ’ਤੇ ਪਹੁੰਚਣ ਦਾ ਖ਼ਦਸ਼ਾ ਹੈ, ਜਿੱਥੇ ਭੋਜਨ ਦੀ ਕਮੀ ਜ਼ਿੰਦਗੀ ਲਈ ਸਿੱਧਾ ਖ਼ਤਰਾ ਬਣ ਸਕਦੀ ਹੈ।
ਇਹ ਅੰਕੜੇ ਸਿਰਫ਼ ਅੰਕੜੇ ਨਹੀਂ ਹਨ। ਇਨ੍ਹਾਂ ਦੇ ਪਿੱਛੇ ਉਹ ਪਰਿਵਾਰ ਹਨ, ਜਿਨ੍ਹਾਂ ਨੂੰ ਹਰ ਰੋਜ਼ ਇਹ ਫ਼ੈਸਲਾ ਕਰਨਾ ਪੈਂਦਾ ਹੈ ਕਿ ਬੱਚਿਆਂ ਨੂੰ ਪੇਟ ਭਰ ਕੇ ਖਾਣਾ ਦੇਣਾ ਹੈ ਜਾਂ ਘਰ ਦੀਆਂ ਹੋਰ ਲਾਜ਼ਮੀ ਲੋੜਾਂ ਪੂਰੀਆਂ ਕਰਨੀਆਂ ਹਨ। ਇਹ ਉਹ ਮਾਪੇ ਹਨ, ਜਿਹੜੇ ਆਪਣੇ ਹਿੱਸੇ ਦੀ ਰੋਟੀ ਘਟਾ ਕੇ ਬੱਚਿਆਂ ਦੀ ਥਾਲੀ ਵਿੱਚ ਪਾਉਂਦੇ ਹਨ; ਅਤੇ ਇਹ ਉਹ ਬੱਚੇ ਹਨ, ਜਿਨ੍ਹਾਂ ਦਾ ਬਚਪਨ ਖੇਡਾਂ ਤੇ ਪੜ੍ਹਾਈ ਦੀ ਥਾਂ ਭੁੱਖ ਤੇ ਕੁਪੋਸ਼ਣ ਨਾਲ ਜੂਝਦਿਆਂ ਬੀਤ ਰਿਹਾ ਹੈ।
ਭੁੱਖ ਦੇ ਨਾਲ ਕੁਪੋਸ਼ਣ ਦਾ ਵਧਦਾ ਸੰਕਟ: ਖ਼ੁਰਾਕ ਦੀ ਕਮੀ ਦਾ ਅਸਰ ਸਿਰਫ਼ ਖਾਲੀ ਪੇਟ ਤੱਕ ਸੀਮਤ ਨਹੀਂ ਰਹਿੰਦਾ। ਜਦੋਂ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਨਹੀਂ ਮਿਲਦੇ, ਤਾਂ ਬੱਚਿਆਂ ਦੇ ਵਿਕਾਸ, ਔਰਤਾਂ ਦੀ ਸਿਹਤ ਅਤੇ ਸਮੁੱਚੇ ਸਮਾਜ ਦੇ ਭਵਿੱਖ ਉੱਤੇ ਡੂੰਘੇ ਨਿਸ਼ਾਨ ਪੈਂਦੇ ਹਨ।
ਐੱਫ਼.ਏ.ਓ. ਅਤੇ ਡਬਲਯੂ.ਐੱਫ਼.ਪੀ. ਦੇ ਅਨੁਮਾਨਾਂ ਅਨੁਸਾਰ 2027 ਦੌਰਾਨ ਅਫ਼ਗਾਨਿਸਤਾਨ ਵਿੱਚ ਕੁਪੋਸ਼ਣ ਦੇ ਮਾਮਲੇ ਲਗਭਗ 10 ਫ਼ੀਸਦੀ ਵਧ ਕੇ 40 ਲੱਖ ਤੱਕ ਪਹੁੰਚ ਸਕਦੇ ਹਨ। ਇਨ੍ਹਾਂ ਵਿੱਚੋਂ ਤਕਰੀਬਨ 10 ਲੱਖ ਮਾਮਲੇ ਗੰਭੀਰ ਹੋਣ ਦਾ ਖ਼ਦਸ਼ਾ ਹੈ, ਜਿੱਥੇ ਕੁਪੋਸ਼ਣ ਜਾਨਲੇਵਾ ਸਥਿਤੀ ਪੈਦਾ ਕਰ ਸਕਦਾ ਹੈ।
ਬੱਚਿਆਂ ਨੂੰ ਉਮਰ ਅਨੁਸਾਰ ਲੋੜੀਂਦਾ ਭੋਜਨ ਨਾ ਮਿਲਣਾ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਵੀ ਪੌਸ਼ਟਿਕ ਭੋਜਨ ਦੀ ਘਾਟ ਵੱਡਾ ਖ਼ਤਰਾ ਹੈ। ਇਸ ਤਰ੍ਹਾਂ ਭੁੱਖਮਰੀ ਦਾ ਸੰਕਟ ਇੱਕ ਪੀੜ੍ਹੀ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਅਗਲੀਆਂ ਪੀੜ੍ਹੀਆਂ ਦੀ ਸਿਹਤ ਅਤੇ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਇਸ ਸੰਕਟ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਮੌਜੂਦਾ ਮੁਲੰਕਣ ਅਨੁਸਾਰ ਲਗਭਗ 1.59 ਕਰੋੜ ਲੋਕ ਪਹਿਲਾਂ ਹੀ ਲੋੜੀਂਦਾ ਭੋਜਨ ਹਾਸਲ ਨਹੀਂ ਕਰ ਪਾ ਰਹੇ ਅਤੇ 34 ਲੱਖ ਲੋਕ ਬੇਹੱਦ ਗੰਭੀਰ ਹਾਲਾਤ ਵਿੱਚ ਹਨ। ਪਿਛਲੇ ਸਾਲ ਦੇ ਇਸੇ ਸਮੇਂ ਲਈ ਅਨੁਮਾਨਿਤ ਗਿਣਤੀ 1.74 ਕਰੋੜ ਸੀ। ਹੁਣ ਇਹ ਵਧ ਕੇ 1.92 ਕਰੋੜ ਹੋਣ ਦਾ ਖ਼ਦਸ਼ਾ ਹੈ। ਅਰਥਾਤ, ਚੰਗੀ ਫ਼ਸਲ ਦੀ ਉਮੀਦ ਦੇ ਬਾਵਜੂਦ ਭੋਜਨ ਤੱਕ ਪਹੁੰਚ ਦਾ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
ਖੇਤਾਂ ਵਿੱਚ ਅਨਾਜ, ਪਰ ਜੇਬਾਂ ਵਿੱਚ ਪੈਸੇ ਨਹੀਂ: ਇਸ ਵਿਰੋਧਾਭਾਸ ਨੂੰ ਸਮਝਣ ਲਈ ਅਫ਼ਗਾਨਿਸਤਾਨ ਦੇ ਲੋਕਾਂ ਦੀ ਆਰਥਿਕ ਹਾਲਤ ਨੂੰ ਦੇਖਣਾ ਜ਼ਰੂਰੀ ਹੈ। ਕਿਸੇ ਮੁਲਕ ਵਿੱਚ ਅਨਾਜ ਦੀ ਪੈਦਾਵਾਰ ਵਧ ਜਾਣ ਨਾਲ ਹੀ ਭੁੱਖਮਰੀ ਖ਼ਤਮ ਨਹੀਂ ਹੁੰਦੀ। ਜੇ ਲੋਕਾਂ ਕੋਲ ਰੋਜ਼ਗਾਰ ਨਹੀਂ, ਆਮਦਨ ਘੱਟ ਹੈ ਅਤੇ ਬਾਜ਼ਾਰ ਵਿੱਚ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹਨ, ਤਾਂ ਉਪਲਬਧ ਭੋਜਨ ਵੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਸਕਦਾ ਹੈ।
ਅਫ਼ਗਾਨਿਸਤਾਨ ਵਿੱਚ ਬੇਰੁਜ਼ਗਾਰੀ, ਘੱਟ ਆਮਦਨ, ਮਹਿੰਗਾਈ ਅਤੇ ਖੇਤੀਬਾੜੀ ਦੇ ਵਧਦੇ ਖ਼ਰਚੇ ਲੋਕਾਂ ਦੀ ਖ਼ਰੀਦ ਸਮਰੱਥਾ ਨੂੰ ਕਮਜ਼ੋਰ ਕਰ ਰਹੇ ਹਨ। ਛੋਟੇ ਕਿਸਾਨਾਂ ਲਈ ਬੀਜ, ਖਾਦ ਅਤੇ ਹੋਰ ਖੇਤੀਬਾੜੀ ਸਾਧਨ ਜੁਟਾਉਣਾ ਮੁਸ਼ਕਲ ਹੋ ਸਕਦਾ ਹੈ। ਜਿਨ੍ਹਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਿਹਾੜੀ ਜਾਂ ਮੌਸਮੀ ਕੰਮ ਉੱਤੇ ਨਿਰਭਰ ਹੈ, ਉਨ੍ਹਾਂ ਲਈ ਸਰਦੀ ਦਾ ਮੌਸਮ ਹੋਰ ਔਖਾ ਸਾਬਤ ਹੁੰਦਾ ਹੈ, ਕਿਉਂਕਿ ਇਸ ਸਮੇਂ ਕੰਮ ਦੇ ਮੌਕੇ ਘਟ ਜਾਂਦੇ ਹਨ।
ਇਸ ਲਈ ਖ਼ੁਰਾਕ ਸੁਰੱਖਿਆ ਦਾ ਸਵਾਲ ਸਿਰਫ਼ ਇਹ ਨਹੀਂ ਕਿ ਮੁਲਕ ਵਿੱਚ ਕਿੰਨਾ ਅਨਾਜ ਪੈਦਾ ਹੋਇਆ। ਸਵਾਲ ਇਹ ਵੀ ਹੈ ਕਿ ਉਸ ਅਨਾਜ ਨੂੰ ਖ਼ਰੀਦਣ ਲਈ ਲੋਕਾਂ ਕੋਲ ਪੈਸੇ ਹਨ ਜਾਂ ਨਹੀਂ, ਬਾਜ਼ਾਰਾਂ ਤੱਕ ਉਨ੍ਹਾਂ ਦੀ ਪਹੁੰਚ ਹੈ ਜਾਂ ਨਹੀਂ ਅਤੇ ਸੰਕਟ ਦੇ ਸਮੇਂ ਉਨ੍ਹਾਂ ਦੀ ਮਦਦ ਲਈ ਕੋਈ ਪ੍ਰਬੰਧ ਮੌਜੂਦ ਹੈ ਜਾਂ ਨਹੀਂ।
ਵਤਨ ਪਰਤ ਰਹੇ ਲੋਕਾਂ ਦਾ ਵਧਦਾ ਬੋਝ: ਅਫ਼ਗਾਨਿਸਤਾਨ ਦੀ ਨਾਜ਼ੁਕ ਸਥਿਤੀ ਨੂੰ ਹੋਰ ਗੰਭੀਰ ਬਣਾਉਣ ਵਾਲਾ ਇੱਕ ਕਾਰਨ ਈਰਾਨ ਅਤੇ ਪਾਕਿਸਤਾਨ ਤੋਂ ਵਾਪਸ ਆ ਰਹੇ ਅਫ਼ਗਾਨ ਨਾਗਰਿਕ ਵੀ ਹਨ। ਅਨੁਮਾਨਾਂ ਅਨੁਸਾਰ 12 ਲੱਖ ਤੋਂ ਵੱਧ ਲੋਕ ਵਾਪਸ ਆ ਚੁੱਕੇ ਹਨ। ਆਪਣੇ ਮੁਲਕ ਪਰਤਣਾ ਇਨ੍ਹਾਂ ਲੋਕਾਂ ਲਈ ਘਰ ਵਾਪਸੀ ਤਾਂ ਹੈ, ਪਰ ਇਸ ਨਾਲ ਰੋਜ਼ਗਾਰ, ਰਹਿਣ-ਸਹਿਣ, ਭੋਜਨ, ਸਿਹਤ ਸੇਵਾਵਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਉੱਤੇ ਦਬਾਅ ਵੀ ਵਧਦਾ ਹੈ।
ਬਹੁਤ ਸਾਰੇ ਪਰਤਣ ਵਾਲੇ ਲੋਕਾਂ ਕੋਲ ਸਥਾਈ ਰੋਜ਼ਗਾਰ, ਲੋੜੀਂਦੀ ਬੱਚਤ ਜਾਂ ਰਹਿਣ ਲਈ ਢੁਕਵੀਂ ਥਾਂ ਨਹੀਂ ਹੁੰਦੀ। ਜਿਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਹੀ ਭੋਜਨ ਦੀ ਘਾਟ ਹੈ, ਉੱਥੇ ਨਵੇਂ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨਾ ਹੋਰ ਮੁਸ਼ਕਲ ਹੋ ਜਾਂਦਾ ਹੈ। ਇਸ ਹਾਲਤ ਵਿੱਚ ਸਰਕਾਰੀ ਅਤੇ ਮਨੁੱਖੀ ਸਹਾਇਤਾ ਦੇ ਪ੍ਰਬੰਧਾਂ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ।
ਮਹਿੰਗਾਈ, ਵਪਾਰਕ ਰੁਕਾਵਟਾਂ ਅਤੇ ਘਟਦੀ ਸਹਾਇਤਾ: ਖ਼ੁਰਾਕ ਸੰਕਟ ਨੂੰ ਵਧਾਉਣ ਵਾਲੇ ਕਾਰਨਾਂ ਵਿੱਚ ਵਪਾਰਕ ਰਸਤਿਆਂ ਦੀਆਂ ਰੁਕਾਵਟਾਂ ਅਤੇ ਵਧਦੀਆਂ ਕੀਮਤਾਂ ਵੀ ਸ਼ਾਮਲ ਹਨ। ਸਰਹੱਦਾਂ ਉੱਤੇ ਪਾਬੰਦੀਆਂ ਅਤੇ ਆਵਾਜਾਈ ਵਿੱਚ ਵਿਘਨ ਕਾਰਨ ਸਾਮਾਨ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਹੌਰਮੂਜ਼ ਜਲਡਮਰੂਮੱਧ ਨਾਲ ਜੁੜੀਆਂ ਰੁਕਾਵਟਾਂ ਸਮੇਤ ਵਿਆਪਕ ਖੇਤਰੀ ਤਣਾਅ ਊਰਜਾ ਅਤੇ ਢੋਆ-ਢੁਆਈ ਦੀਆਂ ਲਾਗਤਾਂ ਉੱਤੇ ਅਸਰ ਪਾ ਸਕਦੇ ਹਨ, ਜਿਸ ਦਾ ਅਸਰ ਖੁਰਾਕੀ ਵਸਤਾਂ ਦੀਆਂ ਕੀਮਤਾਂ ਤੱਕ ਪਹੁੰਚਦਾ ਹੈ।
ਇਸ ਦੇ ਨਾਲ ਹੀ ਮਨੁੱਖੀ ਸਹਾਇਤਾ ਲਈ ਮਿਲਣ ਵਾਲੀ ਰਕਮ ਵਿੱਚ ਕਮੀ ਚਿੰਤਾ ਦਾ ਵਿਸ਼ਾ ਹੈ। ਜਦੋਂ ਲੋੜਵੰਦਾਂ ਦੀ ਗਿਣਤੀ ਵਧ ਰਹੀ ਹੋਵੇ ਅਤੇ ਮਦਦ ਲਈ ਸਰੋਤ ਘਟ ਰਹੇ ਹੋਣ, ਤਾਂ ਸਭ ਤੋਂ ਕਮਜ਼ੋਰ ਪਰਿਵਾਰਾਂ ਤੱਕ ਸਮੇਂ ਸਿਰ ਸਹਾਇਤਾ ਪਹੁੰਚਾਉਣਾ ਔਖਾ ਹੋ ਜਾਂਦਾ ਹੈ। ਅਫ਼ਗਾਨਿਸਤਾਨ ਦੇ ਦੂਰ-ਦੁਰਾਡੇ ਪੇਂਡੂ ਇਲਾਕੇ ਇਸ ਸੰਕਟ ਤੋਂ ਖ਼ਾਸ ਤੌਰ ’ਤੇ ਪ੍ਰਭਾਵਿਤ ਹੋ ਸਕਦੇ ਹਨ। ਬਦਖ਼ਸ਼ਾਂ, ਬਦਗੀਸ, ਦਾਇਕੁੰਦੀ, ਘੋਰ, ਸਮੰਗਾਨ, ਸਰ-ਏ-ਪੁਲ ਅਤੇ ਗ਼ਜ਼ਨੀ ਵਰਗੇ ਸੂਬਿਆਂ ਵਿੱਚ ਭੋਜਨ ਦੀ ਘਾਟ ਅਤੇ ਬੁਨਿਆਦੀ ਸੇਵਾਵਾਂ ਤੱਕ ਸੀਮਤ ਪਹੁੰਚ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ।
ਸਰਦੀ ਤੋਂ ਪਹਿਲਾਂ ਮਦਦ ਦੀ ਲੋੜ: 2026 ਵਿੱਚ ਬਿਹਤਰ ਮੀਂਹ ਅਤੇ ਚੰਗੀ ਪੈਦਾਵਾਰ ਨੇ ਖੇਤੀਬਾੜੀ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ, ਪਰ ਮੌਸਮ ਦੀ ਮਿਹਰਬਾਨੀ ਨੂੰ ਸਥਾਈ ਖੁਰਾਕ ਸੁਰੱਖਿਆ ਵਿੱਚ ਬਦਲਣ ਲਈ ਕਿਸਾਨਾਂ ਨੂੰ ਬੀਜ, ਖਾਦ ਅਤੇ ਹੋਰ ਸਾਧਨਾਂ ਦੀ ਲੋੜ ਹੈ। ਇਸ ਦੇ ਨਾਲ ਪੇਂਡੂ ਪਰਿਵਾਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਅਤੇ ਲੋੜਵੰਦਾਂ ਨੂੰ ਸਿੱਧੀ ਖੁਰਾਕੀ ਸਹਾਇਤਾ ਦੇਣੀ ਵੀ ਜ਼ਰੂਰੀ ਹੈ।
ਐੱਫ਼.ਏ.ਓ. ਅਤੇ ਡਬਲਯੂ.ਐੱਫ਼.ਪੀ. ਨੇ ਸਰਦੀ ਦੇ ਰਸਤੇ ਬੰਦ ਹੋਣ ਅਤੇ ਆਵਾਜਾਈ ਹੋਰ ਔਖੀ ਬਣਨ ਤੋਂ ਪਹਿਲਾਂ ਤੁਰੰਤ ਸਹਾਇਤਾ ਪਹੁੰਚਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਖੁਰਾਕ, ਪੌਸ਼ਟਿਕ ਭੋਜਨ ਅਤੇ ਖੇਤੀਬਾੜੀ ਲਈ ਲੋੜੀਂਦੇ ਸਾਧਨ ਸਮੇਂ ਸਿਰ ਉਨ੍ਹਾਂ ਲੋਕਾਂ ਤੱਕ ਪਹੁੰਚਣੇ ਚਾਹੀਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਇਨ੍ਹਾਂ ਉੱਤੇ ਨਿਰਭਰ ਹੈ।
ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਦੁਨੀਆ ਸਾਹਮਣੇ ਇੱਕ ਅਹਿਮ ਸਵਾਲ ਰੱਖਦੀ ਹੈ: ਜੇ ਖੇਤਾਂ ਵਿੱਚ ਫ਼ਸਲ ਹੈ, ਪਰ ਲੋਕਾਂ ਕੋਲ ਉਸ ਨੂੰ ਖ਼ਰੀਦਣ ਦੀ ਸਮਰੱਥਾ ਨਹੀਂ, ਤਾਂ ਕੀ ਸਿਰਫ਼ ਚੰਗੀ ਪੈਦਾਵਾਰ ਨੂੰ ਖੁਰਾ ਸੁਰੱਖਿਆ ਕਿਹਾ ਜਾ ਸਕਦਾ ਹੈ? ਭੁੱਖਮਰੀ ਨਾਲ ਲੜਨ ਲਈ ਅਨਾਜ ਉਗਾਉਣਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਹੈ ਲੋਕਾਂ ਦੀ ਆਮਦਨ, ਰੋਜ਼ਗਾਰ ਅਤੇ ਭੋਜਨ ਤੱਕ ਪਹੁੰਚ ਯਕੀਨੀ ਬਣਾਉਣਾ।
ਅਫ਼ਗਾਨਿਸਤਾਨ ਵਿੱਚ ਆਉਣ ਵਾਲੀ ਸਰਦੀ ਲੱਖਾਂ ਲੋਕਾਂ ਲਈ ਸਿਰਫ਼ ਮੌਸਮ ਦੀ ਤਬਦੀਲੀ ਨਹੀਂ, ਸਗੋਂ ਜ਼ਿੰਦਗੀ ਦੀ ਇੱਕ ਹੋਰ ਔਖੀ ਪ੍ਰੀਖਿਆ ਹੋ ਸਕਦੀ ਹੈ। ਇਸ ਪ੍ਰੀਖਿਆ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਦੁਨੀਆ ਦੀ ਮਦਦ ਉਨ੍ਹਾਂ ਤੱਕ ਸਮੇਂ ਸਿਰ ਪਹੁੰਚਦੀ ਹੈ ਜਾਂ ਨਹੀਂ, ਜਿਨ੍ਹਾਂ ਲਈ ਇੱਕ ਰੋਟੀ ਵੀ ਜਿਊਂਦੇ ਰਹਿਣ ਦੀ ਉਮੀਦ ਹੈ।

Leave a Reply

Your email address will not be published. Required fields are marked *