ਅਸ਼ਵਨੀ ਚਤਰਥ, ਬਟਾਲਾ
ਫੋਨ:+91-6284220595
ਪਹਿਲੀ ਵਾਰ ਅਮਰੀਕਾ ਦੀ ਨਾਮਵਰ ਏਜੰਸੀ ਨਾਸਾ ਵੱਲੋਂ ਚੰਦਰਮਾ ਉੱਤੇ ਮਨੁੱਖ ਅਤੇ ਰੋਬੋਟਾਂ ਵੱਲੋਂ ਖੋਜਾਂ ਕਰਨ ਲਈ ਪੱਕੇ ਤੌਰ ’ਤੇ ‘ਮੂਨਬੇਸ’ ਭਾਵ ਮਨੁੱਖੀ ਚੌਕੀ ਜਾਂ ਪੱਕੇ ਤੌਰ ’ਤੇ ਇੱਕ ਪਿੰਡ ਵਸਾਉਣ ਦਾ ਮਿਸ਼ਨ ਅਰੰਭਿਆ ਗਿਆ ਹੈ। ਮੂਨਬੇਸ ਇੱਕ ਕੌਮਾਂਤਰੀ ਮਿਸ਼ਨ ਹੈ, ਜਿਸ ਤਹਿਤ ਇਨਸਾਨ ਨੂੰ ਪੱਕੇ ਤੌਰ ’ਤੇ ਚੰਨ ਉੱਤੇ ਵਸਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮਿਸ਼ਨ ਤਹਿਤ ਵਿਗਿਆਨੀਆਂ ਨੂੰ ਉੱਥੇ ਪੱਕੇ ਤੌਰ ’ਤੇ ਰਹਿਣ, ਵਿਗਿਆਨਕ ਕੰਮ ਕਰਨ ਅਤੇ ਖੋਜਾਂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਇੰਜੀਨੀਅਰਿੰਗ ਦੇ ਹਿਸਾਬ ਨਾਲ ਮੂਨਬੇਸ ਮਿਸ਼ਨ ਪੁਲਾੜ ਦੇ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਚੁਣੌਤੀਪੂਰਨ ਮਿਸ਼ਨ ਰਹਿਣ ਦੀ ਸੰਭਾਵਨਾ ਹੈ। ਧਰਤੀ ਤੋਂ ਬਾਹਰ ਕਿਸੇ ਵੀ ਅਕਾਸ਼ੀ ਟਿਕਾਣੇ ਉੱਤੇ ਪੱਕੇ ਤੌਰ ’ਤੇ ਰਹਿਣ ਦਾ ਇਹ ਪਹਿਲਾ ਟਿਕਾਣਾ ਹੋਏਗਾ। ਅਸਲ ਵਿੱਚ ਮੂਨਬੇਸ ਦਾ ਮਿਸ਼ਨ ਸਮੁੱਚੀ ਮਨੁੱਖਤਾ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਕਿਹਾ ਜਾ ਸਕਦਾ ਹੈ।
ਨਾਸਾ ਅਨੁਸਾਰ ਉਸ ਦੇ ਵਿਗਿਆਨੀਆਂ ਵੱਲੋਂ ਚੰਨ ਦੇ ਦੱਖਣੀ ਧੁਰੇ ’ਤੇ ਤਕਨੀਕੀ ਵਸਤਾਂ ਨਾਲ ਲੈਸ ਇੱਕ ਵਿਗਿਆਨਕ ਪਿੰਡ ਵਸਾਉਣ ਦੀ ਕੋਸ਼ਿਸ਼ ਹੈ, ਜਿੱਥੇ ਦੇ ਟੋਇਆਂ ਉੱਤੇ ਪੱਕੇ ਤੌਰ ’ਤੇ ਛਾਂ ਹੋਣ ਕਰਕੇ ਉੱਥੇ ਪਾਣੀ ਪ੍ਰਾਪਤੀ ਲਈ ਬਰਫ਼ ਦੇ ਸਰੋਤ ਭਰਪੂਰ ਮਾਤਰਾ ਵਿੱਚ ਹਨ। ਵਿਗਿਆਨੀਆਂ ਅਨੁਸਾਰ ਦੱਖਣੀ ਧੁਰੇ, ਜਿੱਥੇ ਦੇ ਟੋਇਆਂ ਵਿੱਚ ਹਜ਼ਾਰਾਂ ਸਾਲਾਂ ਤੱਕ ਧੁੱਪ ਨਾ ਪੈਣ ਕਰਕੇ ਉੱਥੇ ਬਰਫ ਰੂਪੀ ਪਾਣੀ ਦੇ ਸੋਮੇ ਇਕੱਠੇ ਹੋ ਗਏ ਹਨ, ਦੀ ਇੱਕ ਪਹਾੜੀ ਉੱਤੇ ਇੱਕ ਪਿੰਡ ਵਸਾਇਆ ਜਾਏਗਾ, ਜਿੱਥੇ ਪ੍ਰਮਾਣੂ ਊਰਜਾ ਨਾਲ ਬਿਜਲੀ ਵੀ ਤਿਆਰ ਕੀਤੀ ਜਾ ਸਕੇਗੀ। ਵੈਸੇ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਉੱਤੇ ਪੈਂਦੀ ਸੂਰਜੀ ਧੁੱਪ ਵੀ ਊਰਜਾ ਦਾ ਸੋਮਾ ਰਹੇਗੀ। ਇਸ ਮਿਸ਼ਨ ਦੌਰਾਨ ਮਾਡਰਨ ਰੋਬੋਟਾਂ ਦਾ ਪੂਰਾ ਸਹਿਯੋਗ ਲਿਆ ਜਾਏਗਾ।
ਨਾਸਾ ਅਨੁਸਾਰ ਮੂਨਬੇਸ ਦੀ ਤਿਆਰੀ ਲਈ ‘ਮੂਨਫਾਲ ਡਰੋਨਸ’ ਨਾਂ ਦੇ ਰੋਬੋਟ ਪਿੰਡ ਵਸਾਉਣ ਵਿੱਚ ਮਦਦਗਾਰ ਹੋਣਗੇ। ਅਦਾਰੇ ਅਨੁਸਾਰ ਆਰਟਿਮੀਸ (ਅਮਰੀਕਾ ਵੱਲੋਂ ਚੰਨ ਉੱਤੇ ਪਿੰਡ ਵਸਾਉਣ ਲਈ ਆਰਟਿਮੀਸ ਨਾਂ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਜਿਸ ਦੇ ਤਹਿਤ ਉਹ ਦੁਨੀਆ ਭਰ ਦੇ ਦੇਸ਼ਾਂ ਦਾ ਸਹਿਯੋਗ ਲੈ ਰਿਹਾ ਹੈ) ਪ੍ਰੋਗਰਾਮ ਦੇ ਇਸ ਮਿਸ਼ਨ ਨੂੰ ਪੁਲਾੜਯਾਨ ਨੂੰ ਵਿਗਿਆਨੀਆਂ ਤੋਂ ਬਗੈਰ ਵੀ ਅਤੇ ਵਿਗਿਆਨੀਆਂ ਦੇ ਨਾਲ ਵੀ ਲੈ ਕੇ ਜਾਣ ਲਈ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਇਹ ਵੀ ਜਾਣਨਯੋਗ ਹੈ ਕਿ ਅਗਸਤ 2023 ਵਿੱਚ ਭਾਰਤ ਦੇ ਮਿਸ਼ਨ ਚੰਦਰਯਾਨ ਨੇ ਚੰਨ ਦੇ ਦੱਖਣੀ ਧੁਰੇ ਉੱਤੇ ਪੁਲਾੜਯਾਨ ਦੀ ਸਾਫਟਲੈਂਡਿੰਗ ਕਰਾਈ ਸੀ। ਅਜਿਹਾ ਕਰਨ ਵਾਲਾ ਭਾਰਤ ਪਹਿਲਾ ਦੇਸ਼ ਬਣਿਆ ਸੀ। ਚੰਦਰਯਾਨ–3 ਦੇ ‘ਵਿਕਰਮ ਲੈਂਡਰ’ ਅਤੇ ‘ਪਰਿਗਿਆਨ ਰੋਵਰ’ ਨੇ ਮੁਸ਼ਕਿਲ ਥਾਂ ’ਤੇ ਉਤਰ ਕੇ ਦੇਸ਼ ਦੀ ਤਕਨੀਕ ਨੂੰ ਵੱਖਰੀ ਪਛਾਣ ਦਿਵਾਈ ਸੀ। ਜਿਸ ਸਥਾਨ ਉੱਤੇ ਇਹ ਉਤਰੇ ਸਨ, ਉਸ ਸਥਾਨ ਨੂੰ ‘ਸ਼ਿਵ ਸ਼ਕਤੀ ਪੁਆਇੰਟ’ ਦਾ ਨਾਂ ਦਿੱਤਾ ਗਿਆ ਸੀ। ਇਹ ਉਹੀ ਜਗ੍ਹਾ ਹੈ ਜਿੱਥੇ ਹੁਣ ਨਾਸਾ ਆਪਣੇ ਮਿਸ਼ਨ ਰਾਹੀਂ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ। ਇਸ ਨੂੰ ਚੰਨ ਦੇ ਦੱਖਣੀ ਧੁਰੇ ’ਤੇ ਸਥਾਪਿਤ ਕੀਤੇ ਜਾਣ ਦੀ ਯੋਜਨਾ ਹੈ, ਜਿੱਥੋਂ ਦੀ ਬਰਫ ਨੂੰ ਆਕਸੀਜਨ ਪ੍ਰਾਪਤੀ ਲਈ ਅਤੇ ਈਂਧਨ ਬਣਾ ਕੇ ਇਸ ਨੂੰ ਬਾਲਣ ਦੇ ਤੌਰ ’ਤੇ ਵਰਤਿਆ ਜਾਏਗਾ। ਇਸ ਮਿਸ਼ਨ ਦਾ ਮੰਤਵ ਚੰਦਰਮਾ ਦੇ ਸਰੋਤਾਂ ਨੂੰ ਮਨੁੱਖੀ ਭਲਾਈ ਲਈ ਵਰਤਣ ਵਾਸਤੇ ਖੋਜਾਂ ਨੂੰ ਅੱਗੇ ਵਧਾਉਣਾ ਹੈ।
ਅਸਲ ਵਿੱਚ ਸੰਸਾਰ ਭਰ ਦੇ 70 ਦੇਸ਼ਾਂ ਨੇ ਆਰਟਿਮੀਸ ਮਿਸ਼ਨ ’ਤੇ ਆਪਣੀ ਸਹਿਮਤੀ ਪ੍ਰਗਟਾਈ ਹੈ। ਇਨ੍ਹਾਂ ਵਿੱਚ ਜਾਪਾਨ, ਦੱਖਣੀ ਕੋਰੀਆ, ਇਜ਼ਰਾਇਲ ਅਤੇ ਭਾਰਤ ਸ਼ਾਮਿਲ ਹਨ। ਭਾਵੇਂ ਬਾਹਰੀ ਪੁਲਾੜ ਅਤੇ ਚੰਨ ਉੱਤੇ ਮਿਸ਼ਨ ਭੇਜਣ ਦੀ ਭਾਰਤੀ ਪੁਲਾੜ ਏਜੰਸੀ ਇਸਰੋ ਦੇ ਆਪਣੇ ਵੀ ਮਿਸ਼ਨ ਹਨ, ਪਰ ਆਰਟਿਮੀਸ ਮਿਸ਼ਨ ਵਿੱਚ ਸ਼ਾਮਿਲ ਹੋਣ ਨਾਲ ਭਾਰਤੀ ਵਿਗਿਆਨੀਆਂ ਨੂੰ ਵਧੇਰੇ ਤਕਨੀਕੀ ਗਿਆਨ ਹਾਸਿਲ ਹੋਣ ਦੀ ਗੱਲ ਆਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸਰੋ ਦਾ ਆਪਣਾ ਵੀ ‘ਭਾਰਤ ਅੰਤ੍ਰਿਕਸ਼ ਸਟੇਸ਼ਨ’ ਨਾਂ ਦਾ ਮਿਸ਼ਨ ਸਥਾਪਿਤ ਕਰਨ ਦੀ ਯੋਜਨਾ ਵੀ ਚੱਲ ਰਹੀ ਹੈ। ਮੂਨਬੇਸ ਮਿਸ਼ਨ ਵਿੱਚ ਭਾਰਤੀ ਵਿਗਿਆਨੀਆਂ ਦੇ ਭਾਗ ਲੈਣ ਨਾਲ ਦੇਸ਼ ਦੇ ਵਿਗਿਆਨੀਆਂ ਨੂੰ ਆਪਣੇ ਮਿਸ਼ਨਾਂ ਲਈ ਘੱਟ ਖਰਚ ਕਰਕੇ ਇੱਕ ਦਹਾਕੇ ਤੱਕ ਅਗਾਊਂ ਤਕਨੀਕ ਦਾ ਗਿਆਨ ਪ੍ਰਾਪਤ ਹੋਣ ਦਾ ਅਨੁਮਾਨ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤ ਅਤੇ ਅਮਰੀਕਾ ਵਿਚਾਲੇ ਪੁਲਾੜ ਖੋਜ ਦੇ ਖੇਤਰ ਵਿੱਚ ਆਪਸੀ ਸਹਿਯੋਗ ਲਗਾਤਾਰ ਚੱਲ ਰਿਹਾ ਹੈ। ਨਾਸਾ ਦੇ ਵਿਗਿਆਨੀਆਂ ਨੇ ਭਾਰਤ ਦੇ ਇੱਕ ਅਹਿਮ ਪੁਲਾੜ ਮਿਸ਼ਨ ਗਗਨਯਾਨ ਵਿੱਚ ਭਾਰਤੀ ਵਿਗਿਆਨੀਆਂ ਨੂੰ ਸਿਖਲਾਈ ਦਿੱਤੀ ਸੀ। ਇਸ ਤੋਂ ਇਲਾਵਾ ਇਸਰੋ ਨੇ ਨਾਸਾ–ਇਸਰੋ ਦਾ ਨਿਸਾਰ ਨਾਂ ਦੇ ਮਿਸ਼ਨ ਤਹਿਤ ‘ਸਿੰਥੈਟਿਕ ਅਪਰਚਰ ਰਾਡਾਰ’ ਨਾਂ ਦਾ ਵਿਗਿਆਨਕ ਮਿਸ਼ਨ ਸਾਂਝੇ ਤੌਰ ’ਤੇ ਲਾਂਚ ਕੀਤਾ ਸੀ। ਇਸ ਤੋਂ ਇਲਾਵਾ ਭਾਰਤ ਵੱਲੋਂ ਜਦੋਂ ਵੀ ਅਗਲਾ ਚੰਦਰਯਾਨ ਮਿਸ਼ਨ ਖਲਾਅ ਵਿੱਚ ਭੇਜਿਆ ਜਾਣਾ ਹੈ ਤਾਂ ਉਸ ਵਿੱਚ ਅਮਰੀਕਾ ਦਾ ਵਿਗਿਆਨਕ ਸਾਜ਼ੋ-ਸਾਮਾਨ ਵੀ ਨਾਲ ਭੇਜਿਆ ਜਾਣਾ ਹੈ, ਜਿਵੇਂ ਕਿ ਪਹਿਲੀਆਂ ਉੱਡਾਣਾਂ ਵਿੱਚ ਭੇਜਿਆ ਜਾਂਦਾ ਰਿਹਾ ਸੀ। ਅਮਰੀਕਾ ਤੋਂ ਇਲਾਵਾ ਚੀਨ ਅਤੇ ਰੂਸ ਵੀ ਆਪਣੇ ਪੱਧਰ ’ਤੇ ਸਾਲ 2021 ਤੋਂ ‘ਕੌਮਾਂਤਰੀ ਚੰਨ ਖੋਜ ਸਟੇਸ਼ਨ’ ਬਣਾਉਣ ਦੀ ਤਿਆਰੀ ਕਰ ਰਹੇ ਹਨ। ਇਹ ਮਿਸ਼ਨ ਵੀ 17 ਦੇਸ਼ਾਂ ਤੇ 50 ਖੋਜੀ ਅਦਾਰਿਆਂ ਦੇ ਸਹਿਯੋਗ ਨਾਲ ਮਿੱਥਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸੰਸਾਰ ਦੀਆਂ ਦੋ ਵੱਡੀਆਂ ਸ਼ਕਤੀਆਂ ਵੱਲੋਂ ਚੰਨ ’ਤੇ ਭੇਜੇ ਜਾਣ ਵਾਲੇ ਮਿਸ਼ਨਾਂ ਵਿੱਚੋਂ ਅਮਰੀਕਾ ਦਾ ਮਿਸ਼ਨ ਜ਼ਿਆਦਾ ਵਿਸਥਾਰਤ ਹੈ।
ਗੱਲ ਕਰੀਏ ਮੂਨਬੇਸ ਦੀ, ਤਾਂ ਇਸ ਦੇ ਪਹਿਲੇ ਪੜਾਅ ਵਿੱਚ ਚੰਦਰਮਾ ਦੀ ਸਤ੍ਹਾ ਉੱਤੇ ਪਹੁੰਚ ਸਥਾਪਿਤ ਕਰਨਾ ਅਤੇ ਇਸ ਦੇ ਵਾਤਾਵਰਣ ਦੀ ਜਾਣਕਾਰੀ ਇਕੱਠਾ ਕਰਨਾ ਹੈ ਅਤੇ ਦੂਜੇ ਪੜਾਅ ਵਿੱਚ ਚੰਨ ਉੱਤੇ ਲੰਮੇ ਸਮੇਂ ਲਈ ਬੁਨਿਆਦੀ ਸਹੁਲਤਾਂ ਜਿਵੇਂ ਬਿਜਲੀ ਦਾ ਪ੍ਰਬੰਧ ਕਰਨਾ, ਆਉਣ-ਜਾਣ ਦੇ ਵਸੀਲੇ ਤਿਆਰ ਕਰਨਾ, ਸਮਾਨ ਲੈ ਕੇ ਜਾਣ ਦੇ ਪ੍ਰਬੰਧ ਕਰਨਾ ਅਤੇ ਸੰਚਾਰ ਸਾਧਨਾਂ ਦਾ ਵਿਸਥਾਰ ਕਰਨਾ ਆਦਿ ਸ਼ਾਮਿਲ ਹਨ।
ਉਕਤ ਤੋਂ ਇਲਾਵਾ ‘ਯੂਰਪੀ ਪੁਲਾੜ ਏਜੰਸੀ’ ਦੁਆਰਾ ਵੀ 2015 ਤੋਂ ‘ਮੂਨ ਵਿਲੇਜ਼’ ਭਾਵ ਚੰਨ `ਤੇ ਪਿੰਡ ਸਥਾਪਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਚੀਨ ਵੱਲੋਂ ਚੰਨ ’ਤੇ ਪਿੰਡ ਦੇ ਮਿਸ਼ਨ ਨੂੰ ਤਕਨੀਕੀ ਸਮਰਥਨ ਦਿੱਤਾ ਗਿਆ ਹੈ। ਇੱਥੇ ਇਹ ਜਾਣਨ ਦੀ ਵੀ ਲੋੜ ਹੈ ਕਿ 20 ਜੁਲਾਈ 1969 ਨੂੰ ਅਮਰੀਕਾ ਦੇ ਅਪੋਲੋ–11 ਪੁਲਾੜਯਾਨ ਰਾਹੀਂ ਮਨੁੱਖ ਨੇ ਪਹਿਲੀ ਵਾਰ ਚੰਦਰਮਾ ’ਤੇ ਕਦਮ ਰੱਖਿਆ ਸੀ। ਇਸ ਵਿੱਚ ਨੀਲ ਆਰਮਸਟ੍ਰਾਂਗ, ਮਾਈਕਲ ਕੋਲਿਨਸ ਅਤੇ ਐਡਵਿਨ ਐਲਡਰਿਨ ਪੁਲਾੜਯਾਤਰੀਆਂ ਨੇ ਭਾਗ ਲਿਆ ਸੀ।
ਅਸਲ ’ਚ ‘ਭਾਰਤ ਤੇ ਅਮਰੀਕਾ ਸਿਵਲ ਪੁਲਾੜ ਵਰਕਿੰਗ ਗਰੁੱਪ’ ਦੀ ਅਗਸਤ ਵਿੱਚ ਇਸਰੋ ਦੇ ਹੈੱਡਕੁਆਰਟਰ ਵਿਖੇ ਮੀਟਿੰਗ ਹੋਈ ਸੀ, ਜਿਸ ਵਿੱਚ ਨਾਸਾ ਨੇ ਇਸਰੋ ਨੂੰ ਅਮਰੀਕਾ ਦੇ ਮੂਨਬੇਸ ਮਿਸ਼ਨ ਲਈ ਭਾਗ ਲੈਣ ਲਈ ਸੱਦਾ ਦਿੱਤਾ ਸੀ। ਅਮਰੀਕਾ ਦੇ ਆਰਟਿਮੀਸ ਇਕਰਾਰਨਾਮੇ ਤਹਿਤ ਪੁਲਾੜ ਖੋਜ ਦੇ ਮਨੁੱਖੀ ਭਲਾਈ ਲਈ ਦੂਜੇ ਦੇਸ਼ਾਂ ਦੇ ਸਹਿਯੋਗ ਦੀ ਗੱਲ ਆਖੀ ਗਈ ਹੈ ਅਤੇ ਸਾਲ 2023 ਵਿੱਚ ਹੀ ਭਾਰਤ ਨੇ ਇਸ ਇਕਰਾਰਨਾਮੇ ਉੱਤੇ ਦਸਤਖ਼ਤ ਕੀਤੇ ਸਨ।
