ਜਸਵੀਰ ਸਿੰਘ ਸ਼ੀਰੀ
ਪ੍ਰਭਸ਼ਰਨਦੀਪ ਦੀ ਕਵਿਤਾਵਾਂ ਦੀ ਕਿਤਾਬ ‘ਦੇਸ ਨਿਕਾਲਾ’ ਨਾ ਸਿਰਫ ਵੱਖਰੀ ਨੁਹਾਰ ਦੀਆਂ ਕਵਿਤਾਵਾਂ ਲੈ ਕੇ ਆਈ ਹੈ, ਇਹ ਸਗੋਂ ਪੰਜਾਬ ਦੇ ਕਵਿ-ਚਿੰਤਨ ਵਿੱਚ ਪਏ ਵਲ-ਵਿੰਗ ਵੀ ਸਿੱਧੇ ਕਰਦੀ ਹੈ। ਪੰਜਾਬੀ ਵਿੱਚ ਨਿੱਕੀਆਂ ਅਤੇ ਲੈਅ ਬੱਧ ਕਵਿਤਾਵਾਂ ਕਿੰਨੀਆਂ ਪ੍ਰਭਾਵਕੁੰਨ ਅਤੇ ਚਿੰਤਨ ਭਰਪੂਰ ਹੋ ਸਕਦੀਆਂ ਹਨ, ਇਹ ਕਿਤਾਬ ਇਸ ਹਕੀਕਤ ਨੂੰ ਤਸਦੀਕ ਕਰਦੀ ਹੈ।
ਕਿਤਾਬ ਦੇ ਸ਼ੁਰੂ ਵਿੱਚ 44 ਪੰਨੇ ਲੰਮੀ ਭੂਮਿਕਾ ਸਿਰਫ ਆਪਣੇ ਕੱਦ ਕਰਕੇ ਮਹੱਤਵਪੂਰਨ ਨਹੀਂ ਹੈ, ਸਗੋਂ ਇਹ ਪੰਜਾਬ ਦੇ ਸਾਹਿਤਕ ਅਤੇ ਬੌਧਿਕ ਵਾਤਾਵਰਣ ਵਿੱਚ ਸੱਜੇ ਪੱਖੀ ਹਿੰਦੂਤਵੀ ਸਿਆਸਤ ਦੇ ਲਾਈਲੱਗ ਅਖੌਤੀ ਖੱਬੇ-ਪੱਖੀਆਂ ਦੀ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਆਬੋਹਵਾ ਨੂੰ ਚਿੰਬੜੀ ਸਿਉਂਕ ਨੂੰ ਜ਼ਹਿਰ ਦਾ ਟੀਕਾ ਲਾਉਣ ਦਾ ਵੀ ਕੰਮ ਕਰਦੀ ਹੈ। ਸ਼ਾਬਦਿਕ ਜੰਜਾਲ ਵਿੱਚ ਆਪਣੀ ਬੌਧਿਕ ਕੰਗਾਲੀ ਛੁਪਾ ਲੈਣ ਦੇ ਮਾਹਿਰ ਪੰਜਾਬੀ ਮਾਰਕਸੀ ਬੁੱਧੀਜੀਵੀਆਂ ਦੀ ਲੰਮੀ ਦੇਰ ਤੋਂ ਪਾਈ ਟੇਢ ਇਸ ਕਿਤਾਬ ਨੇ ਸਿੱਧੀ ਕਰ ਦਿੱਤੀ ਹੈ।
ਪੰਜਾਬ ਦੇ ਖੱਬੇ-ਪੱਖੀ ਭਾਵੇਂ ਰਾਜ ਦੀ ਸਿਆਸਤ ਵਿੱਚ ਕੋਈ ਬਹੁਤ ਵੱਡਾ ਵੱਢ ਮਾਰਨ ਵਿੱਚ ਸਫਲ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਪੰਜਾਬ ਦੇ ਬੌਧਿਕ ਵਾਤਾਵਰਣ, ਅਖਬਾਰਾਂ ਅਤੇ ਯੂਨੀਵਰਸਿਟੀਆਂ ਦੀ ਸਥਾਪਤੀ ਨੂੰ ਸੱਜੇ ਪੱਖੀ ਹਿੰਦੂਤਵੀ ਸਿਆਸਤ ਦੀ ਮਦਦ ਨਾਲ ਕਬਜ਼ਾਇਆ ਹੋਇਆ ਹੈ। ਇਹ ਹਿੰਦੂਤਵੀ ਸੱਤਾ ਭਾਵੇਂ 84ਵਿਆਂ ਵਿੱਚ ਸਾਹਮਣੇ ਆਈ ਕਾਂਗਰਸ ਪਾਰਟੀ ਦੇ ਬ੍ਰਾਹਮਣੀ ਝੁਕਾਵਾਂ ਨਾਲ ਸੰਬੰਧਤ ਹੋਵੇ ਜਾਂ ਹੁਣ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਈ ਅੱਤਿ ਸੱਜੇ-ਪੱਖੀ ਸਿਆਸਤ ਨਾਲ ਰਿਸ਼ਤਾ ਰੱਖਦੀ ਹੋਵੇ। ਪੰਜਾਬ ਦੀ ਅਜੋਕੀ ਖੱਬੇ ਪੱਖੀ ਸਿਆਸਤ ਆਪਣੀ ਵਿਰਾਸਤ ਨਾਲੋਂ ਟੁੱਟੀ ਹੋਈ ਨਸਲ ਹੈ (ਭਾਵੇਂ ਮੇਰਾ ਇਹ ਬਿਆਨੀਆ ਪੰਜਾਬ ਦੇ ਸਮੁੱਚੇ ਖੱਬੇ-ਪੱਖੀ ਵਿਚਾਰਕ ਝੁਕਾਵਾਂ ਬਾਰੇ ਨਹੀਂ ਹੈ)। ਇਸ ਦੇ ਵਿੱਚੋਂ ਹੀ ਇਸ ਦੇ ਭੈਂਗੇ ਕਾਵਿ ਸ਼ਾਸਤਰ ਦਾ ਜਨਮ ਹੁੰਦਾ ਹੈ।
ਪ੍ਰਭਸ਼ਰਨਦੀਪ ਦੀ ਕਿਤਾਬ ‘ਦੇਸ ਨਿਕਾਲਾ’ ਦੀ ਭੂਮਿਕਾ ਉਸ ਦੀ ਪੰਜਾਬ ਦੀ ਬੌਧਿਕ ਅਤੇ ਸੱਭਿਆਚਾਰਕ ਸਥਾਪਤੀ ਅਤੇ ਇਸ ‘ਤੇ ਛਤਰ ਬਣਕੇ ਝੂਲਦੀ ਕੇਂਦਰਪ੍ਰਸਤ ਖੱਬੀ ਸਿਆਸਤ ਨਾਲ ਭਿੜ ਕੇ ਵਿਕਸਤ (ਐਵੋਲਿਊਟ) ਹੋਏ ਆਪਣੇ ਕਾਵਿ-ਚਿੰਤਨ ਦੀ ਬਾਤ ਪਾਉਂਦੀ ਹੈ। ਵਿਸ਼ੇਸ਼ ਤੌਰ ’ਤੇ ਪੂਰਬੀ ਪੰਜਾਬ ਵਿੱਚ ਖੰਘਰ ਹੋ ਗਈ ਖੱਬੇ-ਪੱਖੀ ਕਾਵਿ-ਪਰੰਪਰਾ ਨੂੰ ਇਸ ਭੂਮਿਕਾ ਨੇ ਚੰਗੀ ਤਰ੍ਹਾਂ ਖੁਣ ਦਿੱਤਾ ਹੈ। ਪੰਜਾਬ ਦਾ ਇਤਿਹਾਸ ਨਿਰਸੰਦੇਹ ਗੁਰੂ ਨਾਨਕ ਅਤੇ ਸਿੱਖ ਵਿਚਾਰ ਦੀ ਆਮਦ ਤੋਂ ਪੁਰਾਣਾ ਹੈ, ਪਰ ਇਹ ਗੁਰੂ ਨਾਨਕ ਤੇ ਉਸ ਤੋਂ ਬਾਅਦ ਦੀ ਗੁਰੂ-ਪਰੰਪਰਾ ਹੀ ਸੀ, ਜਿਸ ਨੇ ਪੰਜਾਬ ਨੂੰ ਦੁਨੀਆਂ ਨੂੰ ਵੇਖਣ, ਪਰਖਣ ਅਤੇ ਇਤਿਹਾਸਕ ਤਜਰਬੇ ਵਿੱਚ ਉਤਾਰਨ ਦੀ ਵਿਲੱਖਣ (ਕਾਵਿ) ਦ੍ਰਿਸ਼ਟੀ ਦਿੱਤੀ। ਪ੍ਰਗਤੀਵਾਦੀ ਵਿਚਾਰਾਂ ਦੀ ਆਮਦ ਤੋਂ ਬਾਅਦ ਵੀ ਗੁਰੂ ਨਾਨਕ ਪੰਜਾਬੀ ਸੱਭਿਆਚਾਰਕ ਪਰੰਪਰਾ ‘ਤੇ ਆਸਮਾਨ ਵਾਂਗ ਛਾਇਆ ਹੋਇਆ ਹੈ। ਇਸ ਦੀ ਛਤਰਛਾਇਆ ਹੇਠ ਬਹੁਤ ਸਾਰੀਆਂ (ਮਾਦੀ/ਵਿਚਾਰਵਾਦੀ) ਵਿਚਾਰਧਾਰਵਾਂ ਸਮਾਨੰਤਰ ਵਿਚਰ ਸਕਦੀਆਂ ਹਨ।
ਪ੍ਰਭਸ਼ਰਨਦੀਪ ਦੀ ਕਵਿਤਾ ਉਸ ਵੱਲੋਂ ਇਸ ਕਿਤਾਬ ਦੀ ਭੂਮਿਕਾ ਵਿੱਚ ਪ੍ਰਗਟ ਕੀਤੀ ਗਈ ਉਸ ਦੀ ਕਾਵਿ-ਦ੍ਰਿਸ਼ਟੀ ਨੂੰ ਹੀ ਪੁਸ਼ਟ ਕਰਦੀ ਹੈ, ਪਰ ਬਹੁਤ ਹੀ ਸੋਹਣੇ ਅਤੇ ਸੂਖਮ ਕਾਵਿਕ ਅੰਦਾਜ਼ ਵਿੱਚ। ਇਸ ਕਵਿਤਾ ਉੱਪਰ ਪੰਜਾਬੀ ਦੇ ਮਹਾਂਕਵੀ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਦਾ ਅਪ੍ਰੋਖ ਪ੍ਰਭਾਵ ਵਿਖਾਈ ਦਿੰਦਾ ਹੈ; ਪਰ ਇਹ ਮਹਿਬੂਬ ਦੇ ਕਾਵਿ-ਢਾਂਚੇ ਵਿੱਚ ਖੜੋਤਾ ਹੋਇਆ ਕਾਵਿ-ਮੁਹਾਵਰਾ ਨਹੀਂ ਹੈ, ਸਗੋਂ 1986 ਤੋਂ ਬਾਅਦ ਦੇ ਦੌਰ ਦੀ ਇਤਿਾਹਸਕ/ਰੂਹਾਨੀ/ਬੋਲੀ, ਕਾਲ/ਅਕਾਲ ਅਤੇ ਇਸ ਦੀ ਪ੍ਰਵਚਨ ਮੂਲਕ ਕਸ਼ਮਕਸ਼ ਨੂੰ ਬਿਆਨ ਕਰਦੀ ਕਵਿਤਾ ਹੈ। ਮੈਨੂੰ ਇਸ ਕਿਤਾਬ ਵਿੱਚ ਅਤੇ ਖਾਸ ਕਰਕੇ ਇਸ ਦੀ ਭੂਮਿਕਾ ਵਿੱਚ ਰਾਜਨੀਤਿਕ ਪ੍ਰਵਚਨ ਅਤੇ ਕਾਵਿਕ ਅਨੁਭਵ ਵਿਚਕਾਰ ਬੁਨਿਆਦੀ ਫਰਕ ਕਰਨ ਦੀ ਪ੍ਰਭਸ਼ਰਨ ਦੀ ਸਮਰੱਥਾ ਨੇ ਕਾਇਲ ਕੀਤਾ ਹੈ। ਰਾਜਨੀਤਿਕ ਪ੍ਰਵਚਨ ਵਿੱਚ ਲੁਕੀ ਹੋਈ ਹਿੰਸਾ ਅਤੇ ਇਸ ਦੇ ਫਾਸ਼ੀ/ਜਿਸਮਾਨੀ/ਫੌਜੀ ਪ੍ਰਗਟਾਵੇ ਵਿਚਕਾਰ ਸੰਬੰਧ ਬਹੁਤ ਅਟੱਟ ਹੈ। ਰਾਜਨੀਤਿਕ ਪ੍ਰਵਚਨ ਦੇ ਬਹੁਤ ਜਲਦੀ ਮਕਾਨਕੀ (ਘਸਿਆਰਾ) ਹੋ ਜਾਣ ਦੀਆਂ ਸੰਭਾਵਨਾਵਾਂ ਸਦਾ ਮੌਜੂਦ ਰਹਿੰਦੀਆਂ ਹਨ। ਅਫਲਾਤੂਨ ਤੋਂ ਅਰਸਤੂ ਤੱਕ ਦੇ ਰਾਜਨੀਤਿਕ ਫਲਸਫੇ ਨੇ ਅਖੀਰ ਨੂੰ ਸਿਕੰਦਰ ਦੀ ਕਰੂਰਤਾ ਨੂੰ ਜਨਮ ਦੇ ਦਿੱਤਾ ਸੀ ਅਤੇ ਵੀਹਵੀਂ ਸਦੀ ਵਿੱਚ ਮਾਰਕਸ/ਏਂਗਲਜ਼ ਦੀ ਰਾਜਨੀਤਿਕ ਦਾਰਸ਼ਨਿਕਤਾ ਨੇ ਅਖੀਰ ਨੂੰ ਸਟਾਲਿਨ ਪੈਦਾ ਕੀਤਾ। 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਰਮਨਾਂ ਹੱਥੋਂ ਨਸਲਕੁਸ਼ੀ ਝੱਲਣ ਵਾਲੇ ਯਹੂਦੀਆਂ ਦੇ ਨਿਰੋਲ ਰਾਜਨੀਤਿਕ ਪ੍ਰਵਚਨ ਨੇ ਫਲਿਸਤੀਨ ਥੇਹ ਬਣਾ ਦਿੱਤਾ। ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਅਦਾਲਤ ਵੱਲੋਂ ਨਸਲਕੁਸ਼ੀ ਵਜੋਂ ਪਰਿਭਾਸ਼ਿਤ ਇਹ ਵਰਤਾਰਾ ਅੱਜ ਵੀ ਜਾਰੀ ਹੈ। ਗਾਜ਼ਾ ਪੱਟੀ ਅਤੇ ਵੈਸਟ ਬੈਂਕ ਯਹੂਦੀਆਂ ਵੱਲੋਂ ਕੀਤੀ ਜਾ ਰਹੀ ਫਲਿਸਤੀਨੀ ਨਸਲਕੁਸ਼ੀ ਲਈ ਲੈਬੌਰਟਰੀ ਬਣ ਗਏ ਹਨ। ਸਪੇਨ ਤੋਂ ਸਿਵਾਏ, ਕਥਿਤ ਵਿਕਸਿਤ ਯੂਰਪ ਇਸ ਖਿਲਾਫ ਜ਼ਬਾਨੀ ਕਲਾਮੀ ਆਵਾਜ਼ ਉਠਾ ਰਿਹਾ ਹੈ ਅਤੇ ਅਮਰੀਕਾ ਇਸ ਨਸਲਕੁਸ਼ੀ ਵਿੱਚ ਭਾਈਵਾਲ ਹੈ। ਦੱਖਣੀ ਅਫਰੀਕਾ ਇੱਕੋ-ਇੱਕ ਮੁਲਕ ਹੈ, ਜਿਸ ਨੇ ਪੂਰੀ ਤੜ੍ਹ ਨਾਲ ਇਸ ਨਸਲਘਾਤੀ ਵਰਤਾਰੇ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਘੇਰਨ ਦਾ ਯਤਨ ਕੀਤਾ ਹੈ। ਇਰਾਨ ਦੂਜਾ, ਜਿਸ ਨੇ ਇਜ਼ਰਾਇਲੀਆਂ ਦੀ ਵੱਢਖਾਣੀ ਸੈਨਾ ਨੂੰ ਫੌਲਾਦੀ ਟੱਕਰ ਦਿੱਤੀ। ਭਾਰਤੀ ਬ੍ਰਾਹਮਣ (ਪ੍ਰਭਸ਼ਰਨ ਅਨੁਸਾਰ ਢਿੱਡਲ ਪਾਂਡੇ) ਯਹੂਦੀਆਂ ਦੀ ਨਸਲਕੁਸ਼ੀ ਵੇਲੇ ਹਿਟਲਰ ਨਾਲ ਖੜ੍ਹੇ ਸਨ, ਹੁਣ ਨੇਤਨਯਾਹੂ ਨੂੰ ਬਾਪੂ ਮੰਨੀ ਬੈਠੇ ਹਨ।
ਪ੍ਰਭਸ਼ਰਨਦੀਪ ਸਿੰਘ ਦੀ ਕਿਤਾਬ ਨੇ ਬੋਲੀ ਦੀਆਂ ਡੂੰਘੀਆਂ ਕਾਵਿਕ ਰਮਜ਼ਾਂ, ਇਸ ਦਾ ਕਿਸੇ ਖਾਸ ਧਰਤੀ ਨਾਲ ਸੰਬੰਧ ਅਤੇ ਕਾਇਨਾਤ ਦੇ ਅਪਹੁੰਚ ਵਿਸ਼ਵ ਤੱਕ ਇਸ ਦੀ ਪਹੁੰਚ ਬਾਰੇ ਨਿੱਠ ਕਿ ਚਿੰਤਨ ਕੀਤਾ ਹੈ। ਫਲਸਫੀ ਅਤੇ ਪ੍ਰਗਤੀਵਾਦੀ ਵਿਚਾਰਧਾਰਾ ਅਤੇ ਇਸ ਨਾਲ ਜੁੜੇ ਕਾਵਿ-ਚਿੰਤਨ ਦੀਆਂ ਸੀਮਤਾਈਆਂ ਦਾ ਮਸਲਾ ਵੀ ਵਿਚਾਰਿਆ ਗਿਆ ਹੈ। ਉਸ ਨੇ ਕਾਵਿ-ਚਿੰਤਨ ਨੂੰ ਦਾਰਸ਼ਨਿਕ ਚਿੰਤਨ ‘ਤੋਂ ਬਿਹਤਰ ਬਿਆਨਿਆ ਹੈ, “ਕਾਵਿ ਚਿੰਤਨ ਫਿਲਾਸਫਾਨਾ ਚਿੰਤਨ ਤੋਂ ਵੱਖਰਾ ਵੀ ਹੈ ਅਤੇ ਉਚੇਰਾ ਵੀ, ਪਰ ਇਸ ਦਾ ਫਲਸਫੇ ਨਾਲ ਕੋਈ ਵਿਰੋਧ ਨਹੀਂ ਹੈ। ਸਗੋਂ ਕਾਵਿ-ਚਿੰਤਨ ਨਾਲ ਫਲਸਫਾਨਾ ਚਿੰਤਨ ਦੀ ਪ੍ਰੇਰਨਾ ਅਤੇ ਸਮਰਥਾ ਪੈਦਾ ਹੁੰਦੀ ਹੈ। (ਉਂਝ ਕਈ ਵਾਰ ਇਸ ਦੇ ਉਲਟ ਵੀ ਵਾਪਰ ਸਕਦਾ ਹੈ।)
ਇਸ ਨੁਕਤੇ ਤੋਂ ਉਹ ਫਰਾਂਸੀਸੀ ਚਿੰਤਕ ਦੈਰੀਦਾ ਤੋਂ ਪ੍ਰਭਾਵਤ ਲਗਦਾ ਹੈ, ਜਿਸ ਦੀ ਫਿਲਾਸਫੀ ਵੱਲ ਇਸ਼ਾਰਾ ਕਰਦਿਆਂ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਨੇ ਕਿਹਾ ਸੀ ਕਿ ਵਿਗਿਆਨ ਦੇ ਵਿਕਾਸ ਨਾਲ “ਫਿਲਾਸਫੀ ਸਿਰਫ ਭਾਸ਼ਾ ਦੀ ਖੋਜ ਤੱਕ ਸੀਮਤ ਰਹਿ ਗਈ ਹੈ।” ਇਸ ਸੰਬੰਧ ਵਿੱਚ ਮੇਰੀ ਆਪਣੀ ਸਲਾਹ ਇਹ ਹੈ ਕਿ ਸਿੱਖਿਆ ਦੇ ਵੱਖ-ਵੱਖ ਵਿਸ਼ਿਆਂ (ਡਿਸਿਪਲਿਨਾਂ) ਨੂੰ ਇੱਕ ਦੂਜੇ ਖਿਲਾਫ ਦਰਜਾਬੰਦੀ (ਹਿਰਾਰਕੀ) ਵਿੱਚ ਖੜ੍ਹਾ ਕਰਨਾ ਠੀਕ ਨਹੀਂ ਹੈ। ਅਜੋਕੇ ਦੌਰ ਵਿੱਚ ਇਹ ਇੱਕ ਦੂਜੇ ਦੇ ਪੂਰਕ ਹੀ ਹਨ। ਤਕਰੀਬਨ ਬਹੁਤੇ ਸਿੱਖਿਆ ਡਸਿਪਲਨ ਉਸੇ ਪਾਸੇ ਵੱਲ ਇਸ਼ਾਰਾ ਕਰਨ ਲੱਗੇ ਹਨ, ਜਿਥੇ ਮਾਦੀ ਸੰਸਾਰ, ਮਹਿਬੂਬ ਦੇ ਸ਼ਬਦਾਂ ਵਿੱਚ ‘ਅਪਹੁੰਚ ਵਿਸ਼ਵ’ ਨਾਲ ਇੱਕ-ਮਿੱਕ ਹੋ ਜਾਂਦਾ ਹੈ। ਖ਼ਾਸ ਕਰਕੇ ਫਿਲਾਸਫੀ, ਸਾਹਿਤ, ਸਾਈਕੌਲੋਜੀ ਅਤੇ ਫਿਜ਼ਿਕਸ ਵਿੱਚ। ਫਿਰ ਵੀ ਆਪਣੀ ਕਿਤਾਬ ਦੀ ਭੂਮਿਕਾ ਵਿੱਚ ਪ੍ਰਭਸ਼ਰਨਦੀਪ ਸਿੰਘ ਦਾ ਇਹ ਦਾਅਵਾ ਬਿਲਕੁਲ ਦਰੁਸਤ ਹੈ, “ਸਿੱਖ ਬੋਲੀ ਦਾ ਆਧਾਰ ਗੁਰਬਾਣੀ ਹੈ। ਇੱਥੇ ਬਾਣੀ ਅਤੇ ਸ਼ਬਦ ਸਮਅਰਥੀ ਹਨ। ਸਿੱਖ ਜਗਤ ਵਿੱਚ ਬਾਣੀ ਦੀ ਹੋਂਦ ਹੀ ਲਿਖਤੀ ਰੂਪ ਵਿੱਚ ਆਏ ਸ਼ਬਦ ਵਜੋਂ ਹੈ। ਸ਼ਬਦ ਰਾਹੀਂ ਨਮੂਦਾਰ ਹੋਈ ਬੋਲੀ ਦੀ ਹਸਤੀ ਇਕਵਚਨੀ ਨਹੀਂ, ਸਗੋਂ ਬੋਲੀ ਦੇ ਅਨੇਕ ਵਹਿਣਾਂ ਨੂੰ ਆਪਣੇ ਅੰਦਰ ਸਮੋਅ ਲੈਣ ਵਾਲੇ ਸਾਗਰ ਦੀ ਨਿਆਈਂ ਹੈ। ਇਸ ਲਈ ਇਸ ਬੋਲੀ ਦੀ ਜ਼ਮੀਨ ਬਹੁਵਚਨੀ ਕਾਇਨਾਤ ਦੇ ਜਸ਼ਨ ਦਾ ਸਥਾਨ ਹੈ।” ਇਸ ਕਿਤਾਬ ਦੀ ਪਹਿਲੀ ਕਵਿਤਾ ‘ਕਰਤਾ’ ਇਸ ਪਾਸੇ ਵੱਲ ਹੀ ਇਸ਼ਾਰਾ ਕਰਦੀ ਹੈ;
ਨਾਮੇ ਅੰਦਰ ਪੁਰਖ ਹੈ ਕਰਤਾ,
ਨਾਮ ਹੈ ਵਿੱਚ ਸਵਾਸਾਂ।
ਰੋਮ-ਰੋਮ ਵਿੱਚ ਨਾਮ ਰੁਮਕਦਾ,
ਬਿਰਹੋਂ ਭਿੰਨੀਆਂ ਆਸਾਂ।
ਕੁਦਰਤ ਹੁਕਮ ਦੁਇ ਵਿਸਮਾਦੀ,
ਖੇੜੇ ਵਿੱਚ ਵਰਤੇਂਦੇ,
ਕਰਤਾ ਅਮ੍ਰਿਤ ਸਰੀਂ ਬਿਠਾਲੇ,
ਦੇ ਕੇ ਸੁਖਦ ਪਿਆਸਾਂ।
ਪ੍ਰਭਸ਼ਰਨਦੀਪ ਸਿੰਘ ਦੀ ਇਸ ਕਿਤਾਬ ਵਿੱਚ ਦਰਜ ਕਵਿਤਾਵਾਂ ਬਾਰੇ ਵਿਸਥਾਰਤ ਵਿਚਾਰ ਮੈਂ ਕਿਸੇ ਲੰਮੀ ਲਿਖਤ ਲਈ ਛੱਡਦਾ ਹਾਂ; ਕਿਉਂਕਿ ਇਨ੍ਹਾਂ ਕਵਿਤਾਵਾਂ ‘ਤੇ ਵਿਚਾਰ ਕਿਸੇ ਛੋਟੀ ਪੱਤਰਕਾਰੀ ਲਿਖਤ ਨਾਲੋਂ ਕਿਤੇ ਵਡੇਰੀ ਹੈ।
