*ਪ੍ਰਧਾਨ ਮੰਤਰੀ ਮੋਦੀ ਦੀ ਤਰਜੀਹ ਹੈ ਬਾਦਲ ਪਰਿਵਾਰ
*ਤਿੰਨ ‘ਆਪ’ ਅਸੈਂਬਲੀ ਮੈਂਬਰ ਭਾਜਪਾ `ਚ ਸ਼ਾਮਲ
ਪੰਜਾਬੀ ਪਰਵਾਜ਼ ਬਿਊਰੋ
ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਕਿ ਪੰਜਾਬ ਵਿੱਚ ਐਨ.ਡੀ.ਏ. ਦੀ ਸਰਕਾਰ ਬਣੇਗੀ, ਰਾਜ ਦੇ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਚੱਲ ਪਈ ਹੈ ਕਿ ਅਕਾਲੀਆਂ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸਮਝੌਤੇ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ ਕਿਹਾ ਕਿ ‘ਮਿਲ ਰਹੇ ਸੰਕੇਤ ਹਾਂ-ਮੁਖੀ ਹਨ।’ ਇਸ ਗੱਠਜੋੜ ਨੂੰ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਵਾਲੇ ਹੁਕਮਨਾਮੇ ਦੇ ਉਲਟ ਜਾ ਕੇ ਸਿੱਖ ਅਵਾਮ ਹਮਾਇਤ ਦੇਵੇਗਾ ਜਾਂ ਨਹੀਂ, ਇਹ ਵੇਖਣ ਵਾਲਾ ਦਿਲਚਸਪ ਨੁਕਤਾ ਹੋਏਗਾ।
ਪਾਰਟੀਆਂ ਦੇ ਅੰਦਰੂਨੀ ਹਲਕਿਆਂ ਤੋਂ ਛਣ ਕੇ ਸਾਹਮਣੇ ਆ ਰਹੀਆਂ ਖ਼ਬਰਾਂ ਅਨੁਸਾਰ ਦੋਹਾਂ ਧਿਰਾਂ ਵਿਚਕਾਰ ਗੱਠਜੋੜ ਅਤੇ ਸੀਟਾਂ ਦੀ ਵੰਡ ਬਾਰੇ ਗੱਲਬਾਤ ਚੱਲ ਰਹੀ ਹੈ। ਇਸ ਦੇ ਨਾਲ ਹੀ ਅਕਾਲੀ ਦਲ (ਬਾਦਲ) ਤੋਂ ਵੱਖ ਹੋ ਕੇ ਹੋਂਦ ਵਿੱਚ ਆਏ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੁਝ ਆਗੂਆਂ ਨਾਲ ਵੀ ਕੇਂਦਰੀ ਭਾਜਪਾ ਲੀਡਰਾਂ ਦੀ ਗੱਲਬਾਤ ਚੱਲ ਰਹੀ ਦੱਸੀ ਜਾਂਦੀ ਹੈ। ਪਰ ਦਿੱਕਤ ਇਹ ਹੈ ਅਕਾਲੀ ਦਲ (ਪੁਨਰ ਸੁਰਜੀਤ) ਚੋਣ ਕਮਿਸ਼ਨ ਕੋਲ ਰਜਿਸਟਰਡ ਸਿਆਸੀ ਪਾਰਟੀ ਨਹੀਂ ਹੈ। ਇਸ ਲਈ ਇਸ ਪਾਰਟੀ ਨੇ ਜੇ ਗੱਠਜੋੜ ਦਾ ਹਿੱਸਾ ਬਣਨਾ ਹੈ ਤਾਂ ਅਕਾਲੀ ਦਲ (ਬਾਦਲ) ਜਾਂ ਭਾਜਪਾ ਵਿੱਚ ਸ਼ਾਮਲ ਹੋ ਕੇ ਹੀ ਬਣ ਸਕਦੀ ਹੈ। ਇਹ ਸੰਭਾਵਨਾ ਘੱਟ ਹੀ ਹੈ ਕਿ ਅਕਾਲੀ ਦਲ (ਪੁਨਰ ਸੁਰਜੀਤ) ਸਮੁੱਚੇ ਰੂਪ ਵਿੱਚ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਏਗਾ। ਅਕਾਲੀ ਦਲ (ਪੁਨਰ ਸੁਰਜੀਤ) ਦੇ ਕੁਝ ਆਗੂ ਅਕਾਲੀ ਦਲ (ਬਾਦਲ) ਵਿੱਚ ਜਾ ਸਕਦੇ ਹਨ ਅਤੇ ਕੁਝ ਭਾਰਤੀ ਜਨਤਾ ਪਾਰਟੀ ਵੱਲ ਰੁਖ ਕਰ ਸਕਦੇ ਹਨ। ਇਸ ਤੋਂ ਇਲਾਵਾ ਇੱਕ ਹਿੱਸਾ ਉਹ ਵੀ ਹੋਏਗਾ, ਜਿਹੜਾ ਅਕਾਲੀ ਦਲ (ਵਾਰਸ ਪੰਜਾਬ ਦੇ) ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਤਰ੍ਹਾਂ ਅਕਾਲੀ ਦਲ (ਪੁਨਰ ਸੁਰਜੀਤ) ਦੀ ਹੋਂਦ ਹੁਣ ਦਾਅ ‘ਤੇ ਲੱਗੀ ਹੋਈ ਹੈ। ਪ੍ਰੇਮ ਸਿੰਘ ਚੰਦੂਮਾਜਰੇ ਦੇ ਸੁਖਬੀਰ ਸਿੰਘ ਬਾਦਲ ਵੱਲ ਮੁੜਨ ਦੀਆਂ ਖਬਰਾਂ ਪਹਿਲਾਂ ਹੀ ਅਖਬਾਰਾਂ ਵਿੱਚ ਛਪੀਆਂ ਹੋਈਆਂ ਹਨ। ਉਂਝ ਇਹ ਤਾਂ ਸਪਸ਼ਟ ਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਿਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ ਦਾ ਝੁਕਾਅ ਭਾਰਤੀ ਜਨਤਾ ਪਾਰਟੀ ਵੱਲ ਰਿਹਾ ਹੈ। ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਨਤਕ ਤੌਰ ‘ਤੇ ਭਾਜਪਾ ਨਾਲ ਗੱਠਜੋੜ ਦੀ ਵਕਾਲਤ ਕਰਦੇ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਲ ਵੀ ਜਥੇਦਾਰ ਦੀਆਂ ਨਜ਼ਦੀਕੀਆਂ ਚਰਚਾ ਦਾ ਵਿਸ਼ਾ ਰਹੀਆਂ ਹਨ। ਲਗਦਾ ਭਾਰਤੀ ਜਨਤਾ ਪਾਰਟੀ ਨੂੰ ਅੱਡੋਫਾਟੀ ਹੋਏ ਅਕਾਲੀ ਦਲ (ਬਾਦਲ) ਦੇ ਵੋਟ ਆਧਾਰ ‘ਤੇ ਸੰਕੇ ਹਨ ਅਤੇ ਚੋਣਾਂ ਤੋਂ ਪਹਿਲਾਂ ਉਹ ਪੁਨਰ ਸੁਰਜੀਤ ਦੇ ਕੁਝ ਆਗੂਆਂ ਦਾ ਅਕਾਲੀ ਦਲ ਨਾਲ ਮੇਲ-ਮਿਲਾਪ ਕਰਵਾ ਸਕਦੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਅਕਾਲੀ ਦਲ ਨਾਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਦੀਵਾਲੀ ਤੋਂ ਬਾਅਦ ਐਲਾਨਿਆ ਜਾਵੇਗਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਐਲਾਨ ਕਰਨ ਲਈ ਆਪ ਪੰਜਾਬ ਆਉਣਗੇ। ਪ੍ਰਧਾਨ ਮੰਤਰੀ ਦੀ ਵੱਡੇ ਬਾਦਲ ਕਰਕੇ ਇਸ ਟੱਬਰ ਨਾਲ ਨੇੜਤਾ ਹੈ। ਸੰਭਾਵਨਾ ਹੈ ਕਿ ਚੋਣ ਸਮਝੌਤੇ ਤਹਿਤ ਭਾਜਪਾ ਨੂੰ 50 ਸੀਟਾਂ ਦਿੱਤੀਆਂ ਜਾ ਸਕਦੀਆਂ ਅਤੇ ਬਾਕੀ ‘ਤੇ ਅਕਾਲੀ ਦਲ (ਬਾਦਲ) ਚੋਣ ਲੜੇਗਾ। ਯਾਦ ਰਹੇ, ਸਤੰਬਰ 2020 ਤੱਕ ਅਕਾਲੀ ਦਲ ਐਨ.ਡੀ.ਏ. ਗੱਠਜੋੜ ਦਾ ਹਿੱਸਾ ਸੀ ਅਤੇ ਦੋਹਾਂ ਪਾਰਟੀਆਂ ਵਿਚਕਾਰ ਨਹੁੰ-ਮਾਸ ਦਾ ਰਿਸ਼ਤਾ ਦੱਸਿਆ ਜਾਂਦਾ ਸੀ। ਪਰ ਦਿੱਲੀ ਵਿੱਚ ਲੱਗੇ ਕਿਸਾਨ ਮੋਰਚੇ ਤੋਂ ਬਾਅਦ ਆਪਣੇ ਵੋਟ ਆਧਾਰ ਦੇ ਦਬਾਵਾਂ ਕਾਰਨ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਆਪਸੀ ਸਮਝੌਤਾ ਟੁੱਟ ਗਿਆ ਸੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ।
ਦੋਹਾਂ ਪਾਰਟੀਆਂ ਵਿਚਕਾਰ ਗੱਠਜੋੜ ਦੀ ਚਰਚਾ ਦੇ ਬਾਵਜੂਦ ਇਨ੍ਹਾਂ ਦੇ ਸੁਪਰੀਮ ਲੀਡਰ ਕਿਸੇ ਕਿਸਮ ਦੇ ਗੱਠਜੋੜ ਦੀ ਸੰਭਾਵਨਾ ਤੋਂ ਨਾ ਤੇ ਇਨਕਾਰ ਕਰ ਰਹੇ ਹਨ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦੇਣ ਲਈ ਤਿਆਰ ਹਨ। ਨੇੜ ਭਵਿੱਖ ਵਿੱਚ ਦੋਹਾਂ ਪਾਰਟੀਆਂ ਵਿਚਕਾਰ ਏਕਤਾ ਦੀ ਕਿਸੇ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਨਜੂਮੀ ਨਹੀਂ ਹਨ ਕਿ ਇਹ ਦੱਸ ਸਕਣ ਪਈ ਸਮਝੌਤੇ ਦਾ ਐਲਾਨ ਕਦੋਂ ਕੀਤਾ ਜਾਵੇਗਾ। ਉਨ੍ਹਾਂ ਸਿਰਫ ਏਨਾ ਕਿਹਾ, ‘ਆਉਂਦੇ ਕੁਝ ਦਿਨਾਂ ਵਿੱਚ ਪਤਾ ਲੱਗ ਜਾਵੇਗਾ।’ ਪਰ ਉਨ੍ਹਾਂ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਜ਼ੋਰਦਾਰ ਆਲੋਚਨਾ ਕੀਤੀ ਅਤੇ ਇਨ੍ਹਾਂ ਦੋਹਾਂ ਪਾਰਟੀਆਂ ‘ਤੇ ਪੰਜਾਬ ਵਿੱਚ ਪ੍ਰਸ਼ਾਸਨਿਕ ਗੜਬੜੀ ਦਾ ਮਾਹੌਲ ਪੈਦਾ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਭਾਜਪਾ ਬਾਰੇ ਉਨ੍ਹਾਂ ਖਾਮੋਸ਼ੀ ਧਾਰੀ ਰੱਖੀ। ਆਮ ਆਦਮੀ ਪਾਰਟੀ ਦੇ ਆਗੂ ਚੇਤਨ ਸਿੰਘ ਜੌੜੇ ਮਾਜਰਾ, ਸਾਬਕਾ ਆਈ.ਪੀ.ਐਸ. ਅਫਸਰ ਅਤੇ ਅਸੈਂਬਲੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਆਦਿ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਣ ਦਾ ਜ਼ਿਕਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੋਰ ਬਹੁਤ ਸਾਰੇ ਆਗੂ ਪਾਰਟੀ ਛੱਡਣਗੇ। ਸੁਖਬੀਰ ਸਿੰਘ ਬਾਦਲ ਨੇ ਇਹ ਭਵਿੱਖਬਾਣੀ ਜ਼ਰੂਰ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਤੋਂ ਹਾਰ ਦਾ ਸਾਹਮਣਾ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਭਗਵੰਤ ਮਾਨ ਸਰਕਾਰ ਖਿਲਾਫ ਗੁੱਸੇ ਨਾਲ ਭਰੇ ਪਏ ਹਨ।
ਇਧਰ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਬਿਆਨਾਂ ਦੇ ਬਾਵਜੂਦ ਭਾਜਪਾ ਦੇ ਰਾਜ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਪਾਰਟੀ ਸਾਰੀਆਂ 117 ਸੀਟਾਂ ‘ਤੇ ਚੋਣ ਲੜੇਗੀ। ਇੱਕ ਹੋਰ ਘਟਨਾਕ੍ਰਮ ਵਿੱਚ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂ ਹਰਮੀਤ ਸਿੰਘ ਕਾਦੀਆਂ ਨੇ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਵੱਲੋਂ ਅਕਾਲੀ ਦਲ ਦੀ ਹਮਾਇਤ ਕੀਤੀ ਜਾਵੇਗੀ। ਯਾਦ ਰਹੇ, ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਰਾਜ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਮੁਕਾਬਲੇਬਾਜ਼ੀ ਤੇਜ਼ ਹੋ ਗਈ ਹੈ।
ਇਸੇ ਦਰਮਿਆਨ ਪੰਜਾਬ ਵਿੱਚ ਕਾਂਗਰਸ ਸਰਕਾਰ ਵੇਲੇ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਦੇ ਘਰ ‘ਤੇ ਈ.ਡੀ. ਵੱਲੋਂ ਛਾਪੇਮਾਰੀ ਕੀਤੇ ਜਾਣ ਦੀਆਂ ਖਬਰਾਂ ਹਨ। ਸੁੰਦਰ ਸ਼ਾਮ ਅਰੋੜਾ ਨੇ ਪਿਛਲੇ ਸਮੇਂ ਵਿੱਚ ਕਈ ਵਾਰ ਪਾਰਟੀਆਂ ਬਦਲੀਆਂ ਹਨ। ਲਗਦਾ ਭਾਜਪਾ ਉਨ੍ਹਾਂ ਨੂੰ ਕਮਜ਼ੋਰ ਕੜੀ ਸਮਝ ਕੇ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ। ਕੇਂਦਰੀ ਏਜੰਸੀਆਂ ਦੀ ਭਾਜਪਾ ਸਰਕਾਰ ਵੱਲੋਂ ਸਿਆਸੀ ਵਰਤੋਂ/ਦੁਰਵਰਤੋਂ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਸ੍ਰੀ ਅਰੋੜਾ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ ਅਤੇ ਜੂਨ 2022 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਪਰ ਬਾਅਦ ਵਿੱਚ 28 ਅਗਸਤ 2024 ਨੂੰ ਉਹ ਮੁੜ ਕਾਂਗਰਸ ਪਾਰਟੀ ਵਿੱਚ ਚਲੇ ਗਏ। ਕਾਂਗਰਸ ਸਰਕਾਰ ਵੇਲੇ ਸਨਅਤ ਅਤੇ ਕਾਮਰਸ ਮੰਤਰੀ ਹੋਣ ਵੇਲੇ ਉਹ ਹੁਸ਼ਿਆਰਪੁਰ ਤੋਂ ਐਮ.ਐਲ.ਏ. ਸਨ। ਉਨ੍ਹਾਂ ਦੇ ਘਰ ਛਾਪਾ ਮਾਰਨ ਵੇਲੇ ਈ.ਡੀ. ਅਧਿਕਾਰੀਆਂ ਨੇ ਤੇ ਭਾਵੇਂ ਚੁੱਪ ਵੱਟੀ ਰੱਖੀ, ਪਰ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੇ ਕਾਰੋਬਾਰ ਦੇ ਮਾਮਲੇ ਵਿੱਚ ਇਹ ਛਾਪਾ ਮਾਰਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਈ.ਡੀ. ਦੇ ਅਧਿਕਾਰੀਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ।
