ਸਾਡੇ ਧਾਰਮਿਕ, ਰਾਜਨੀਤਕ ਸਿੱਖ ਲੀਡਰਾਂ ਤੇ ਸਿੱਖ ਸਮਾਜ ਦੀ ਸੌੜੀ ਸੋਚ ਨੇ ਸਿੱਖ ਧਰਮ ਨੂੰ ਪ੍ਰਫੁੱਲਤ ਨਹੀਂ ਹੋਣ ਦਿੱਤਾ

ਅਦਬੀ ਸ਼ਖਸੀਅਤਾਂ

‘ਤੂਤਾਂ ਵਾਲਾ ਖੂਹ’ ਨਾਵਲ ਦੇ ਲੇਖਕ ਢਾਡੀ ਸੋਹਣ ਸਿੰਘ ਸੀਤਲ ਦੇ ਪਿੰਡ ਕਾਦੀਵਿੰਡ ਦੀ ਜ਼ਿਆਰਤ
ਕਦੇ ਸਮਾਂ ਸੀ ਕਿ ਸਿੱਖ ਪੰਥ ਦੇ ਮਹਾਨ ਢਾਡੀ ਸੋਹਣ ਸਿੰਘ ਸੀਤਲ ਦੁਆਰਾ ਸੁਣਾਈਆਂ ਸੂਰਬੀਰਾਂ ਦੀਆਂ ਵਾਰਾਂ ਅਤੇ ਸਿੱਖ ਇਤਿਹਾਸ ਆਮ ਅਨਪੜ੍ਹ ਪੇਂਡੂਆਂ ਨੂੰ ਜ਼ਬਾਨੀ ਯਾਦ ਸੀ। ਇਸ ਲਈ ਇਹ ਕਹਿਣਾ ਅਤਿਕਥਨੀ ਨਹੀਂ ਕਿ ਸਿੱਖ ਇਤਿਹਾਸ ਬਾਰੇ ਜੋ ਕੰਮ ਯੂਨੀਵਰਸਿਟੀਆਂ ਨਹੀਂ ਕਰ ਸਕੀਆਂ, ਉਹ ਢਾਡੀ ਸੀਤਲ ਜੀ ਨੇ ਲਗਨ ਅਤੇ ਮਿਹਨਤ ਨਾਲ ਕੀਤਾ। ਸੀਤਲ ਜੀ ਦੇ ਵੇਲੇ ਦੇ ਬਜ਼ੁਰਗ ਪਿੰਡ ਦੀ ਪਰਿ੍ਹਆ ਵਿੱਚ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਬੜੀ ਸ਼ਰਧਾ ਨਾਲ ਕਰਿਆ ਕਰਦੇ ਸਨ। ਸਿੱਖ ਇਤਿਹਾਸ ਦੇ ਪਾਠਕਾਂ ਅਤੇ ਪੰਜਾਬੀ ਸਾਹਿਤ ਦੇ ਰਸੀਆਂ ਲਈ ਕੈਲੀਫੋਰਨੀਆ ਵੱਸਦੇ ਸ. ਜਸਵੰਤ ਸਿੰਘ ਸੰਧੂ ਘਰਿੰਡਾ ਦਾ ਲਿਖਿਆ ਸੋਹਣ ਸਿੰਘ ਸੀਤਲ ਦੇ ਪਿੰਡ ਕਾਦੀਵਿੰਡ ਦੀ ਜ਼ਿਆਰਤ ਨਾਲ ਸਬੰਧਤ ਇਹ ਹਥਲਾ ਲੰਮਾ ਲੇਖ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ। ਪੇਸ਼ ਹੈ, ਦੂਜੀ ਕਿਸ਼ਤ… ਪ੍ਰਬੰਧਕੀ ਸੰਪਾਦਕ

ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-605-6494 (ਅਮਰੀਕਾ)
+91-9814435244 (ਇੰਡੀਆ)

(ਲੜੀ ਜੋੜਨ ਲਈ ਪਿਛਲਾ ਅੰਕ ਪੜ੍ਹੋ)
ਸੀਤਲ ਜੀ ਗੁਰਬਾਣੀ ਦੀ ਰੋਸ਼ਨੀ ਵਿੱਚ ਲੋਕਾਂ ਨੂੰ ਸਹੀ ਰਸਤਾ ਆਪਣੇ ਭਾਸ਼ਣਾਂ ਵਿੱਚ ਦੱਸਦੇ ਸਨ ਜਿਵੇਂ ‘ਜਿਉਂਦੇ ਪਿੱਤਰ ਨਾ ਮਾਨੇ ਕੋਈ, ਮੋਇਆਂ ਸਰਾਧ ਕਰਾਏ।’ ਭਾਵ ਜਿਉਂਦੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ ਪਰ ਮਰਨ ਬਾਅਦ ਸਰਾਧ ਕਰਾਉਂਦੇ ਹਾਂ। ਸਟੇਜ ਦੇ ਉੱਤੇ ਗਿਆਨੀ ਸੋਹਣ ਸਿੰਘ ਜੀ ਘੁੱਕੇਵਾਲੀਆਂ ਇੱਕ ਥਮਲੇ ਨਾਲ ਢੋਅ ਲਾ ਕੇ ਬੈਠੇ ਸਨ। ਬਹੁਤ ਬਿਰਧ ਅਵਸਥਾ ਵਿੱਚ ਸਨ। ਆਰਥਿਕ ਪੱਖੋਂ ਵੀ ਕਮਜ਼ੋਰ ਸਨ। ਉਨ੍ਹਾਂ ਨੇ ਸਟੇਜ ਉਤੋਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਮੇਰੇ ਸੱਜੇ ਪਾਸੇ ਆਪਣੇ ਸਮੇਂ ਦੇ ਨਾਮਵਰ ਢਾਡੀ ਗਿਆਨੀ ਸੋਹਣ ਸਿੰਘ ਜੀ ‘ਘੁੱਕੇਵਾਲੀਆ’ ਬੈਠੇ ਨੇ। ਬੁਢੇਪੇ ਵਿੱਚ ਇਨ੍ਹਾਂ ਨੂੰ ਪੈਨਸ਼ਨ ਲਾ ਦੇਣੀ ਚਾਹੀਦੀ ਹੈ ਤਾਂ ਕਿ ਉਹ ਰਹਿੰਦੀ ਉਮਰ ਸਕੂਨ ਨਾਲ ਗੁਜ਼ਾਰ ਸਕਣ। ਮਰਨ ਤੋਂ ਬਾਅਦ ਕਮੇਟੀ ਵੱਲੋਂ ਉਨ੍ਹਾਂ ਨਮਿਤ ਅਖੰਡ ਪਾਠ ਅਕਾਲ ਤਖਤ `ਤੇ ਕਰਾ ਦੇਣਾ। ਇਸ ਦਾ ਕੋਈ ਫਾਇਦਾ ਨਹੀਂ। ਜਿਉਂਦੇ ਜੀ ਸਾਰ ਲੈਣਾ ਕਮੇਟੀ ਦਾ ਫਰਜ਼ ਬਣਦਾ ਹੈ।”
ਬਾਬਾ ਖੜਕ ਸਿੰਘ ਜੀ ਗੁਰਦੁਆਰਾ ਬੀੜ ਸਾਹਿਬ ਵਾਲੇ ਬੜੇ ਪਰਉਪਕਾਰੀ ਸੰਤ ਸਨ। ਉਹ ਵੀ ਸੀਤਲ ਜੀ ਦੇ ਬੜੇ ਪ੍ਰਸ਼ੰਸਕ ਸਨ। ਉਹ ਹਰ ਸਾਲ ਉਨ੍ਹਾਂ ਨੂੰ 22 ਅੱਸੂ ਨੂੰ ਸਾਲਾਨਾ ਜੋੜ ਮੇਲੇ `ਤੇ ਸੱਦਦੇ ਸਨ। ਮੈਂ ਉਨ੍ਹਾਂ ਨੂੰ ਸੁਣਨ ਲਈ ਹਰ ਸਾਲ ਬਾਬਾ ਬੁੱਢਾ ਜੀ ਦੇ ਮੇਲੇ `ਤੇ ਜਾਣ ਲੱਗ ਪਿਆ। ਪਹਿਲਾਂ ਮੈਨੂੰ ਉਨ੍ਹਾਂ ਦੀਆਂ ਢੱਡ-ਸਾਰੰਗੀ ਨਾਲ ਗਾਈਆਂ ਵਾਰਾਂ ਸੁਣ ਕੇ ਬੜਾ ਆਨੰਦ ਆਉਂਦਾ ਸੀ, ਪਰ ਬਾਅਦ ਵਿੱਚ ਭਾਸ਼ਣ ਸੁਣ ਕੇ ਅਨੰਦ ਆਉਣ ਲੱਗ ਪਿਆ। ਇੱਕ ਵਾਰ ਉਨ੍ਹਾਂ ਸਟੇਜ ਤੋਂ ਕਿਹਾ, “ਜੇ ਦੁਨੀਆਂ `ਤੇ ਆਏ ਹੋ ਤਾਂ ਕੁਝ ਕਰਕੇ ਜਾਓ, ਨਹੀਂ ਤਾਂ ਐਵੇਂ ਅੰਨ ਗੰਦਾ ਕਰਨ ਦਾ ਕੋਈ ਫਾਇਦਾ ਨਹੀਂ।” ਇਹ ਗੱਲ ਮੈਂ ਆਪਣੇ ਪੰਜਵੀਂ ਵਿੱਚ ਪੜ੍ਹਦੇ ਲੜਕੇ ਆਤਮਜੀਤ ਸਿੰਘ ਨੂੰ ਦੱਸੀ। ਉਹ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਮਿਹਨਤ ਕਰਨ ਲੱਗ ਪਿਆ। ਪੰਜਵੀਂ ਤੋਂ ਲੈ ਕੇ ਦਸਵੀਂ ਤੱਕ ਪਹਿਲੇ ਨੰਬਰ `ਤੇ ਆਉਂਦਾ ਰਿਹਾ। ਅੱਜ ਕੱਲ੍ਹ ਉਹ ਅਮਰੀਕਾ ਵਿੱਚ ਸਾਫਟਵੇਅਰ ਇੰਜੀਨੀਅਰ ਹੈ। ਕਈ ਵਾਰ ਇੱਕ-ਇੱਕ ਸ਼ਬਦ ਇੱਕ-ਇੱਕ ਵਾਕ ਜ਼ਿੰਦਗੀ ਦਾ ਰੁਖ ਬਦਲ ਦਿਆ ਕਰਦਾ ਹੈ।
ਇੱਕ ਵਾਰ ਮੈਂ ਬਾਬਾ ਬੁੱਢਾ ਜੀ ਦੇ ਮੇਲੇ ’ਤੇ ਉਨ੍ਹਾਂ ਤੋਂ ਦੋ ਕਿਤਾਬਾਂ ਖਰੀਦੀਆਂ- “ਸਿੱਖ ਰਾਜ ਕਿਵੇਂ ਬਣਿਆ’ ਅਤੇ ‘ਸਿੱਖ ਰਾਜ ਕਿਵੇਂ ਗਿਆ।’ ਮੈਂ ਦੋਹਾਂ ਕਿਤਾਬਾਂ ਦੇ ਪੈਸੇ ਦੇ ਦਿੱਤੇ ਤੇ ਕਿਹਾ ਕਿ ਮੈਨੂੰ ਤੁਸੀਂ ਆਪਣੇ ਆਟੋ ਗਰਾਫ ਦਿਓ। ਉਨ੍ਹਾਂ ਦੋਹਾਂ ਕਿਤਾਬਾਂ `ਤੇ ਲਿਖ ਦਿੱਤਾ, “ਪਿਆਰ ਸਤਿਕਾਰ ਸਹਿਤ ਮਾਸਟਰ ਜਸਵੰਤ ਸਿੰਘ ਜੀ ਨੂੰ,” ਨਾਲ ਹੀ ਕਿਹਾ, “ਮਾਸਟਰ ਜੀ ਪੈਸੇ ਤਾਂ ਮੈਂ ਤੁਹਾਡੇ ਕੋਲੋਂ ਲੈ ਲਏ ਨੇ, ਪਿਆਰ ਕਾਹਦਾ ਰਹਿ ਗਿਆ।
ਸੀਤਲ ਜੀ ਦਾ ਖਿਆਲ ਸੀ ਕਿ ਸਾਡੇ ਧਾਰਮਿਕ, ਰਾਜਨੀਤਕ ਸਿੱਖ ਲੀਡਰਾਂ ਤੇ ਸਿੱਖ ਸਮਾਜ ਦੀ ਸੌੜੀ ਸੋਚ ਨੇ ਸਿੱਖ ਧਰਮ ਨੂੰ ਪ੍ਰਫੁੱਲਤ ਨਹੀਂ ਹੋਣ ਦਿੱਤਾ। ਉਨ੍ਹਾਂ ਆਪਣੇ ਪਿੰਡ ਕਾਦੀਵਿੰਡ ਦੀ ਗੱਲ ਸੁਣਾਈ ਕਿ ਸਾਡੇ ਪਿੰਡ ਦੇ ਇੱਕ ਸਿੱਖ ਮੁੰਡੇ ਨਾਲ ਗਵਾਂਢੀ ਪਿੰਡ ਦੀ ਮੁਸਲਮਾਨ ਕੁੜੀ ਨਾਲ ਪਿਆਰ ਹੋ ਗਿਆ। ਉਨ੍ਹਾਂ ਦੋਹਾਂ ਨੇ ਆਪਸ ਵਿੱਚ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਜਦੋਂ ਸਿੱਖ ਮੁੰਡੇ ਨੇ ਮੁਸਲਮਾਨ ਕੁੜੀ ਨਾਲ ਵਿਆਹ ਕਰਾਉਣ ਬਾਰੇ ਮਾਪਿਆਂ ਨੂੰ ਦੱਸਿਆ ਤਾਂ ਉਸ ਦੇ ਮਾਪਿਆ ਨੇ ਲੋਹੇ ਲਾਖੇ ਹੁੰਦਿਆਂ ਕਿਹਾ, ਅਸੀਂ ਕਿਸੇ ਸੂਰਤ ਵਿੱਚ ਸੁਲੀ ਨੂੰ ਘਰ ਨਹੀਂ ਵਾੜਨਾ। ਹਾਲਾਂਕਿ ਮੁਸਲਮਾਨ ਕੁੜੀ ਅੰਮ੍ਰਿਤ ਛੱਕ ਕੇ ਸਿੱਖ ਬਣਨ ਨੂੰ ਤਿਆਰ ਸੀ। ਉਧਰ ਮੁਸਲਮਾਨ ਕੁੜੀ ਦੇ ਮਾਪੇ ਤੇ ਰਿਸ਼ਤੇਦਾਰ ਸਿੱਖ ਮੁੰਡੇ ਨੂੰ ਕਤਲ ਕਰਨ ਵਾਸਤੇ ਤਿਆਰ ਸਨ। ਜਦ ਮੁੰਡੇ ਦੇ ਮਾਪੇ ਵਿਆਹ ਲਈ ਰਜ਼ਾਮੰਦ ਨਾ ਹੋਏ ਤਾਂ ਕੁੜੀ ਨੇ ਕਿਹਾ ਕਿ ਤੂੰ ਹੁਣ ਮੁਸਲਮਾਨ ਬਣਨ ਲਈ ਤਿਆਰ ਏਂ? ਮੁੰਡੇ ਦੀ ਰਜ਼ਾਮੰਦੀ `ਤੇ ਉਹ ਉਸ ਨੂੰ ਘਰ ਲੈ ਗਈ। ਕੁੜੀ ਦੇ ਮਾਪੇ ਤੇ ਰਿਸ਼ਤੇਦਾਰ ਉਸ ਨੂੰ ਮਾਰਨ ਵਾਸਤੇ ਅੱਗੇ ਵਧੇ ਤਾਂ ਕੁੜੀ ਨੇ ਕਿਹਾ ਇਹਨੂੰ ਕੁਝ ਨਾ ਆਖੋ। ਇਸ ਨੇ ਮੁਸਲਮਾਨ ਹੋਣਾ ਮਨਜ਼ੂਰ ਕਰ ਲਿਆ। ਸਾਰਿਆਂ ਨੇ ਇੱਕ ਜ਼ਬਾਨ ਹੋ ਕੇ ਕਿਹਾ, “ਬਿਸਮਿਲਾ!” ਉਨ੍ਹਾਂ ਦਾ ਨਿਕਾਹ ਹੋ ਗਿਆ। ਪਾਕਿਸਤਾਨ ਬਣਨ `ਤੇ ਉਹ ਸਿੱਖ ਮੁੰਡਾ ਓਧਰ ਹੀ ਰਹਿ ਗਿਆ।
ਉਨ੍ਹਾਂ ਦੱਸਿਆ ਕਿ ਮੇਰੇ ਡੰਗਰਾਂ ਦਾ ਵਾਗੀ ਮੁਸਲਮਾਨ ਘੁਮਿਆਰਾਂ ਦਾ ਮੁੰਡਾ ਬਰਕਤ ਸੀ। ਉਹ ਮੇਰੀ ਜ਼ਮੀਨ ਵੀ ਵਾਹੁੰਦੇ ਸਨ। ਪਾਕਿਸਤਾਨ ਬਣਨ `ਤੇ ਉਹ ਸਾਡੇ ਪਰਿਵਾਰ ਨੂੰ ਹਿੰਦੁਸਤਾਨ ਦੀ ਹੱਦ `ਤੇ ਛੱਡਣ ਆਏ ਤਾਂ ਬਰਕਤ ਦੀ ਮਾਂ ਨੇ ਕਿਹਾ, “ਜਾ ਸਰਦਾਰਾ! ਤੇਰੇ ਘਰ ਦਾ ਖਾ ਕੇ ਇਹ ਪਲਿਆ ਹੈ। ਮੈਂ ਬੱਤੀ ਧਾਰਾਂ ਬਖ਼ਸੀਆ। ਇਸ ਨੂੰ ਆਪਣਾ ਪੁੱਤ ਬਣਾ ਲੈ। ਬਰਕਤ ਨੂੰ ਨਾਲ ਲੈ ਕੇ ਅਸੀਂ ਕਾਲੀਏ ਸਨਖਤਰੇ ਪਿੰਡ ਆਪਣੇ ਰਿਸ਼ਤੇਦਾਰਾਂ ਕੋਲ ਆ ਗਏ। ਬਰਕਤ ਪੱਗ ਬੰਨਦਾ ਤੇ ਕਹਿੰਦਾ, “ਮੈਂ ਗਿਆਨੀ ਜੀ ਦਾ ਛੋਟਾ ਪੁੱਤ ਹਾਂ।” ਪਰ ਕੁਝ ਦਿਨਾਂ ਬਾਅਦ ਇੱਕ ਅਜਿਹੀ ਘਟਨਾ ਵਾਪਰੀ; ਮੈਂ ਡਰ ਗਿਆ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਬਰਕਤ ਮੁਸਲਮਾਨ ਹੈ ਤੇ ਉਹਨੂੰ ਕਿਸੇ ਸਿੱਖ ਨੇ ਮਾਰ ਦਿੱਤਾ ਤਾਂ ਮੇਰੇ ਮਨ ਤੋਂ ਉਹਦੀ ਮੌਤ ਦਾ ਬੋਝ ਸਾਰੀ ਉਮਰ ਨਹੀਂ ਜਾਏਗਾ। ਮੈਂ ਉਸ ਨੂੰ ਕਾਦੀਵਿੰਡ ਵਾਪਸ ਭੇਜ ਦਿੱਤਾ ਕਿ ਹਾਲਾਤ ਠੀਕ ਹੋਣ `ਤੇ ਤੈਨੂੰ ਵਾਪਸ ਬੁਲਾ ਲਵਾਂਗੇ। ਕਾਸ਼! ਏਡੀ ਖੁੱਲ੍ਹਦਿਲੀ ਜੇ ਕਿਤੇ ਲੀਡਰਾਂ ਵਿੱਚ ਹੁੰਦੀ ਤਾਂ ਪਾਕਿਸਤਾਨ ਕਦੇ ਨਾ ਬਣਦਾ ਤੇ ਨਾ ਪੰਜਾਬ ਦਾ ਉਜਾੜਾ ਹੁੰਦਾ।
ਉਨ੍ਹਾਂ ਕਈ ਗੱਲਾਂ ਮੇਰੇ ਨਾਲ ਸਾਂਝੀਆ ਕੀਤੀਆਂ। ਉਨ੍ਹਾਂ ਦੱਸਿਆ, ਬੇਸ਼ੱਕ ਜਿਨਾਹ ਨੇ ਪਾਕਿਸਤਾਨ ਦੀ ਮੰਗ ਦੋ-ਕੌਮੀ ਸਿਧਾਂਤ `ਤੇ ਕੀਤੀ ਸੀ ਪਰ ਅੰਗਰੇਜ਼ ਸਿੱਖਾਂ ਨੂੰ ਤੀਸਰੀ ਧਿਰ ਮੰਨਦਾ ਸੀ। ਉਹ ਭਾਰਤ ਨੂੰ ਤਿੰਨਾਂ ਹਿੱਸਿਆਂ ਵਿੱਚ ਵੰਡਣਾ ਚਾਹੁੰਦਾ ਸੀ। ਉਨ੍ਹਾਂ ਨੇ ਸ. ਬਲਦੇਵ ਸਿੰਘ ਨੂੰ ਪੁੱਛਿਆ ਕਿ ਸਿੱਖ ਕਾਂਗਰਸ ਨਾਲ ਰਹਿਣਾ ਚਾਹੁੰਦੇ ਨੇ ਜਾਂ ਸਿੱਖ ਵੱਖਰੀ ਰਿਆਸਤ ਲੈਣਾ ਚਾਹੁੰਦੇ ਨੇ। ਪੰਜਾਬ ਦਾ ਪ੍ਰਸਿੱਧ ਅਖਾਣ ਹੈ, “ਭਾਈ ਚੱਠੇ, ਖਾਣ ਪੀਣ ਨੂੰ ਅੱਡੋ ਅੱਡ ਤੇ ਲੜਨ ਭਿੜਨ ਨੂੰ ਇੱਕਠੇ।” ਜੇ ਕਦੀ ਨਹਿਰੂ ਤੇ ਬਲਦੇਵ ਸਿੰਘ ਇਸ ਅਖਾਣ ਨੂੰ ਮੁੱਖ ਰੱਖ ਕੇ ਦੋ ਦੀ ਥਾਂ ਤਿੰਨ ਰਿਆਸਤਾਂ ਮੰਨ ਲੈਂਦੇ ਤਾਂ ਪਾਕਿਸਤਾਨ ਦੀ ਹੱਦ ਹੁਣ ਵਾਲੀ ਥਾਂ ਨਾ ਬਣਦੀ। ਇਸ ਤਰ੍ਹਾਂ ਸਿੱਖ ਰਿਆਸਤ ਬਣਾਉਣ ਵਾਸਤੇ ਘੱਟੋ-ਘੱਟ ਚਾਰ ਜ਼ਿਲ੍ਹੇ (ਮਿੰਟਗੁਮਰੀ, ਸ਼ੇਖੂਪੁਰਾ, ਲਾਹੌਰ, ਗੁਜਰਾਂਵਾਲਾ) ਹੋਰ ਪਾਕਿਸਤਾਨ ਵਿੱਚ ਜਾਣੋ ਬਚ ਜਾਂਦੇ। ਇਨਸਾਫ ਦੀ ਅੱਖ ਨਾਲ ਵੇਖਿਆ ਜਾਵੇ ਤਾਂ ਇਨ੍ਹਾਂ ਜ਼ਿਲਿ੍ਹਆਂ ਨਾਲ ਸਿੱਖਾਂ ਦਾ ਖਾਸ ਸਬੰਧ ਹੈ। ਸ਼ੇਖੂਪੁਰਾ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਡੇਰਾ ਸਾਹਿਬ, ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਤਖ਼ਤ `ਤੇ ਬੈਠ ਕੇ 40 ਸਾਲ ਰਾਜ ਕਰਨਾ, ਗੁਜਰਾਂਵਾਲਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਅਸਥਾਨ, ਸ. ਹਰੀ ਸਿੰਘ ਨਲੂਏ ਦਾ ਜਨਮ ਅਸਥਾਨ ਤੇ ਮਿੰਟਗੁਮਰੀ ਆਦਿ ਦੀਆਂ ਬਾਰਾਂ ਸਿੱਖਾਂ ਨੇ ਲਹੂ-ਪਾਣੀ ਇੱਕ ਕਰਕੇ ਆਬਾਦ ਕੀਤੀਆਂ। ਲਾਇਲਪੁਰ ਜ਼ਿਲ੍ਹੇ ਵਿੱਚ 80% ਜ਼ਮੀਨ ਦੇ ਮਾਲਕ ਸਿੱਖ ਸਨ। ਪੌਣੇ ਦੋ ਸੌ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ। ਜਿਸ ਕੌਮ ਨੇ ਜਿੰਦਾ ਰਹਿਣਾ ਹੈ, ਉਸ ਨੂੰ ਪੂਜਾ ਕਰਨ ਵਾਸਤੇ ਆਪਣੇ ਧਰਮ ਗੁਰੂਆਂ ਤੇ ਕੌਮੀ ਯੋਧਿਆਂ ਦੇ ਜਨਮ ਅਸਥਾਨ ਆਪਣੇ ਹੱਥ ਵਿੱਚ ਲੈਣੇ ਜ਼ਰੂਰੀ ਹੁੰਦੇ ਨੇ। ਮੇਰੇ ਇੱਕ ਮੁਸਲਮਾਨ ਦੋਸਤ ਨੇ ਦੱਸਿਆ ਕਿ ਮੁਸਲਮ ਲੀਗ ਨੇ ਮੁਸਲਮਾਨਾਂ ਨੂੰ ਯਕੀਨ ਦਿਵਾਇਆ ਸੀ ਕਿ ਸਿੱਖਾਂ ਨੂੰ ਪੱਛਮੀ ਪੰਜਾਬ `ਚੋਂ ਵੱਢ-ਟੁੱਕ ਕੇ ਭਜਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਜ਼ਮੀਨਾਂ-ਜਾਇਦਾਦਾਂ ਤੁਹਾਡੇ ਵਿੱਚ ਵੰਡ ਦਿੱਤੀਆਂ ਜਣਗੀਆਂ। ਇਸ ਲਾਲਚ ਨੇ ਸਮੁੱਚੀ ਮੁਸਲਮਾਨ ਕੌਮ ਨੂੰ ਪਾਕਿਸਤਾਨ ਦੇ ਹੱਕ ਵਿੱਚ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਦੋ ਸਿੱਖ ਲੀਡਰ ਜਿਨਾਹ ਨੂੰ ਮਿਲਣ ਕਰਾਚੀ ਗਏ। ਉਸਨੇ ਸਿੱਖ ਲੀਡਰਾਂ ਨੂੰ ਸਿਗਾਰ (ਸਿਗਰਟ ਦੀ ਵਧੀਆ ਕਿਸਮ) ਪੇਸ਼ ਕੀਤੀ। ਸਿੱਖ ਲੀਡਰਾਂ ਨੇ ਇਨਕਾਰ ਕਰਦਿਆਂ ਕਿਹਾ ਕਿ ਜਿਨਾਹ ਸਾਹਿਬ ਤੁਹਾਨੂੰ ਪਤਾ ਨਹੀਂ ਕਿ ਸਿੱਖ ਧਰਮ ’ਚ ਤੰਮਾਕੂਨੋਸ਼ੀ ਦੀ ਮਨਾਹੀ ਹੈ? ਜਿਨਾਹ ਸਾਹਿਬ ਦਾ ਜਵਾਬ ਸੀ, ਸਰਦਾਰ ਸਾਹਿਬ! ਮੈਨੂੰ ਪਤਾ ਹੈ ਕਿ ਸਿੱਖ ਤੰਮਾਕੂਨੋਸ਼ੀ ਨਹੀਂ ਕਰਦੇ ਪਰ ਮੈਨੂੰ ਇਹ ਵੀ ਪਤਾ ਹੈ ਕਿ ਅਮੀਰ ਦਾ ਤੇ ਗਰੀਬ ਦਾ ਕੋਈ ਧਰਮ ਨਹੀਂ ਹੁੰਦਾ।”
ਸੀਤਲ ਜੀ ਨੇ ਇੱਕ ਵਾਰ ਮੰਜੀ ਸਾਹਿਬ ਸਟੇਜ ਤੋਂ ਦੱਸਿਆ ਕਿ ਡਾ. ਭੀਮ ਰਾਓ ਹਿੰਦੂ ਕੱਟੜਵਾਦੀਆਂ ਦੇ ਦਲਿਤਾਂ ਪ੍ਰਤੀ ਦੁਰਵਿਹਾਰ ਤੋਂ ਤੰਗ ਆ ਕੇ ਸਿੱਖ ਧਰਮ ਅਪਨਾਉਣ ਲਈ ਅੰਮ੍ਰਿਤਸਰ ਸਿੱਖ ਧਾਰਮਿਕ ਤੇ ਰਾਜਨੀਤਕ ਲੀਡਰਾਂ ਪਾਸ ਆਇਆ। ਸਿੱਖ ਧਰਮ ਨੂੰ ਉਸ ਪਿੱਛੇ ਸਭ ਦਲਿਤਾਂ ਨੇ ਅਪਨਾ ਲੈਣਾ ਸੀ, ਜਿਸ ਨਾਲ ਉਨ੍ਹਾਂ ਦੀ ਗਿਣਤੀ ਜ਼ਿਆਦਾ ਹੋ ਜਾਣੀ ਸੀ। ਲੀਡਰ ਵੀ ਬਹੁ-ਗਿਣਤੀ ਵਿੱਚੋਂ ਹੋਣਾ ਸੀ। ਲੀਡਰੀ ਖੁੱਸਣ ਦੇ ਡਰੋਂ ਉਨ੍ਹਾਂ ਨੇ ਡਾ. ਅੰਬੇਦਕਰ ਨੂੰ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਨਾ ਦਿੱਤੀ ਤੇ ਉਹ ਬਾਅਦ ਵਿੱਚ ਬੋਧੀ ਬਣ ਗਿਆ। ਕੀ ਕਿਸੇ ਧਾਰਮਿਕ ਸਿੱਖ ਲੀਡਰ ਪਾਸ ਇਸ ਦਾ ਜਵਾਬ ਹੈ?
ਉਨ੍ਹਾਂ ਇੰਗਲੈਂਡ ਦੀ ਗੱਲ ਸੁਣਾਈ ਕਿ ਮੈਂ ਇੱਕ ਗੋਰੇ ਦੀ ਦੁਕਾਨ ਤੋਂ ਬਦਾਮ ਰੋਗਨ ਖਰੀਦਿਆਂ ਤੇ ਪੈਸੇ ਦੇ ਦਿੱਤੇ। ਜਦ ਮੈਂ ਦੁਕਾਨ ਤੋਂ ਉਤਰਿਆ ਤਾਂ ਗੋਰੇ ਨੇ ਪੁੱਛਿਆ, ‘ਮਿਸਟਰ ਸਿੰਘ! ਇਹ ਤੁਸਾਂ ਖਾਣ ਵਾਸਤੇ ਲਿਆ ਹੈ ਕਿ ਮਲਣ ਵਾਸਤੇ?’ ਮੈ ਕਿਹਾ, ‘ਖਾਣ ਵਾਸਤੇ।’ (ਪਰ ਉਹ ਮਲਣ ਵਾਸਤੇ ਸੀ) ਉਸ ਨੇ ਉਸੇ ਵੇਲੇ ਬਦਾਮ ਰੋਗਨ ਵਾਪਸ ਲੈ ਕੇ ਪੈਸੇ ਮੋੜ ਦਿੱਤੇ। ਜੇ ਮੈਂ ਬਦਾਮ ਰੋਗਨ ਭਾਰਤ `ਚੋਂ ਖਰੀਦਿਆ ਹੁੰਦਾ ਤਾਂ ਕਿਸੇ ਕਿਰਪਾਨਧਾਰੀ ਜਾਂ ਤਿਲਕਧਾਰੀ ਨੇ ਮੇਰੇ ਪੈਸੇ ਵਾਪਸ ਨਹੀਂ ਸੀ ਕਰਨੇ। ਉਨ੍ਹਾਂ ਦਾ ਕਹਿਣਾ ਸੀ ਕਿ ਗੋਰਿਆ ਦੇ ਔਗੁਣ ਅਸੀਂ ਸਾਰੇ ਸਿੱਖ ਲਏ ਨੇ, ਪਰ ਗੁਣ ਕੋਈ ਨਹੀਂ ਸਿੱਖਿਆ।
ਮੈਂ ਇੱਕ ਵਾਰ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਿਹਾ, ਬਾਪੂ ਜੀ! ਤੁਹਾਡੀ ਵਾਹਿਗੁਰੂ ਲੰਮੀ ਉਮਰ ਕਰੇ ਤਾਂ ਕਿ ਅਸੀਂ ਤੁਹਾਡੀਆਂ ਵਾਰਾਂ ਤੇ ਭਾਸ਼ਣਾਂ ਤੋਂ ਪ੍ਰੇਰਨਾ ਲੈ ਸਕੀਏ। ਉਨ੍ਹਾਂ ਕਿਹਾ, ਜਾਣ ਦੀ ਮੈਨੂੰ ਕਾਹਲੀ ਨਹੀਂ ਤੇ ਜਦੋਂ ਆ ਗਈ ਤਾਂ ਇਨਕਾਰ ਨਹੀਂ ਕਰ ਸਕਣਾ। ਉਨ੍ਹਾਂ ਨੇ ਇੱਕ ਸਕੂਲ ਦੀ ਗੱਲ ਸੁਣਾਈ, ਜਿਸ ਵਿੱਚ ਉਨ੍ਹਾਂ ਭਾਸ਼ਣ ਦੇਣਾ ਸੀ। ਉਨ੍ਹਾਂ ਕਿਹਾ, ਮੈਂ ਭੈਣਜੀਆਂ (ਅਧਿਆਪਕਾਵਾਂ) ਨੂੰ ਜਾਂਦਿਆਂ ਹੀ ਪੁੱਛਿਆ, ‘ਤੁਹਾਨੂੰ ਸਵੈਟਰ ਬੁਣਨ ਦੀ ਜਾਂਚ ਆ?’ ਸਾਰੀਆਂ ਖਿੜ-ਖਿੜਾ ਕੇ ਹੱਸ ਪਈਆਂ।
ਮੇਰੇ ਪਿਤਾ ਜੀ ਦੇ ਮਨ ਦੀ ਰੀਝ ਸੀ ਕਿ ਮੇਰੇ ਘਰ ਪੋਤਰਾ ਹੋਵੇ ਤਾਂ ਮੈਂ ਅਖੰਡ ਪਾਠ ਕਰਾਵਾਂ ਤੇ ਭੋਗ `ਤੇ ਪਿਆਰਾ ਸਿੰਘ ‘ਪੰਛੀ’ ਜੀ ਦੇ ਢਾਡੀ ਜਥੇ ਨੂੰ ਸੱਦਾਂ। ਪਿਤਾ ਜੀ ਦੇ ਜਿਉਂਦਿਆਂ ‘ਪੰਛੀ’ ਜੀ ਚਲਾਣਾ ਕਰ ਗਏ ਅਤੇ ਮੇਰੇ ਮਾਨਯੋਗ ਪਿਤਾ ਜੀ ਪੋਤਰੇ ਨੂੰ ਤਰਸਦੇ 1969 ਵਿੱਚ ਪੂਰੇ ਹੋ ਗਏ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਪੋਤਰੇ ਹੋਏ। ਪਿਤਾ ਜੀ ਦੀ ਆਖਰੀ ਰੀਝ ਪੂਰੀ ਕਰਨ ਵਾਸਤੇ ਅਸੀਂ 1998 ਵਿੱਚ ਪਾਠ ਕਰਉਣ ਦਾ ਮਨ ਬਣਾਇਆ। ਅਖੰਡ ਪਾਠ ਦੇ ਭੋਗ `ਤੇ ਸੀਤਲ ਜੀ ਨੂੰ ਦਰਸ਼ਣ ਦੇਣ ਲਈ ਕਹਿਣ ਵਾਸਤੇ ਮੈਂ ‘ਸੀਤਲ ਭਵਨ’ ਮਾਡਲ ਗਰਾਮ ਲੁਧਿਆਣੇ ਗਿਆ।
ਮੈਂ ਉਨ੍ਹਾਂ ਨੂੰ ਕਹਿ ਕੇ ਵਾਪਸ ਤੁਰਨ ਲੱਗਾ ਤਾਂ ਮੈਨੂੰ ਕੋਠੀ ਦੇ ਬਾਹਰਲੇ ਗੇਟ ਤੱਕ ਛੱਡਣ ਆਏ। ਇਸ ਈਮਾਨਦਾਰ, ਕਹਿਣੀ ਤੇ ਕਰਨੀ ਦੇ ਸੂਰੇ ਮਹਾਨ ਵਿਦਵਾਨ ਅਤੇ ਵਧੀਆ ਇਨਸਾਨ ਦੀ ਨਿਰਮਾਣਤਾ `ਤੇ ਹੈਰਾਨ ਰਹਿ ਗਿਆ। 15 ਮਾਰਚ 1998 ਨੂੰ ਉਨ੍ਹਾਂ ਸਾਡੇ ਘਰ ਚਰਨ ਪਾਏ। ਉਨ੍ਹਾਂ ਦੇ ਬੋਲਣ ਤੋਂ ਪਹਿਲਾਂ ਉਨ੍ਹਾਂ ਦੇ ਸਬੰਧ ਵਿੱਚ ਕੁਝ ਆਰੰਭਕ ਸ਼ਬਦ ਮੇਰੇ ਦੋਸਤ ਵਰਿਆਮ ਸਿੰਘ ਸੰਧੂ ਨੇ ਕਹੇ ਤੇ ਉਨ੍ਹਾਂ ਦੀ ਹਰ ਪੱਖੋਂ ਸ਼ਖਸੀਅਤ `ਤੇ ਚਾਨਣਾ ਪਾਇਆ, ਜਿਸ `ਤੇ ਉਹ ਸਹੀ ਹੱਕਦਾਰ ਵੀ ਸਨ। ਸੀਤਲ ਜੀ ਆਪਣੀ ਜਾਇਜ਼ ਤਰੀਫ਼ ਸੁਣ ਕੇ ਆਪਣੇ ਭਾਸ਼ਣ ਦੇਣ ਤੋਂ ਪਹਿਲਾਂ ਕਹਿਣ ਲੱਗੇ, “ਮੇਰੇ ਦੋਸਤੋ ਮੈਨੂੰ ਥੋੜ੍ਹਾ ਸਲਾਹੋ। ਮੈਂ ਅਣਜਾਣ ਰਾਹੀ, ਮੈਨੂੰ ਕੁਰਾਹੇ ਨਾ ਪਾਓ। ਵਿੱਤੋਂ ਵੱਧ ਸੋਭਾ ਨੇ ਚਾਤਰ ਭੁਲਾਏ। ਉਹ ਉੱਚੇ ਚੜ੍ਹੇ ਫਿਰ ਟਿਕਾਣੇ ਨਾ ਆਏ। ਜਾਇਜ਼ ਸਲਾਹੋ ਜ਼ਰੂਰ ਪਰ ਵਿੱਤੋਂ ਵੱਧ ਨਹੀਂ। ਹਰ ਆਦਮੀ ਆਪਣੀ ਪ੍ਰਸ਼ੰਸਾ ਚਾਹੁੰਦਾ ਹੈ। ਇੱਕ ਬੱਚਾ ਵੀ ਦੋ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਕਹੇਗਾ ਕਿ ਕੋਈ ਮੇਰੀ ਸੋਭਾ ਕਰੇ। ਪ੍ਰਸ਼ੰਸਾ ਕਰੇ।”
ਇੱਕ ਦੀਵਾਨ `ਤੇ ਬਹੁਤ ਸਾਰੇ ਢਾਡੀ ਇਕੱਠੇ ਹੋਏ। ਸੀਤਲ ਜੀ ਵੀ ਗਏ ਹੋਏ ਸਨ। ਪਿੰਡ ਸ਼ਾਹਬਾਜ਼ਪੁਰ ਦਾ ਇੱਕ ਢਾਡੀ ਹੁੰਦਾ ਸੀ ਹਜ਼ਾਰਾ ਸਿੰਘ ‘ਤੂਫਾਨ ਮੇਲ।’ ਉਹ ਕੁਝ ਬਹੁਤਾ ਪੜ੍ਹਿਆ ਹੋਇਆ ਨਹੀਂ ਸੀ। ਸਿੱਖ ਇਤਿਹਾਸ ਦੇ ਦੋ ਚਾਰ ਪ੍ਰਸੰਗ ਉਸ ਨੂੰ ਜ਼ਬਾਨੀ ਯਾਦ ਸਨ। ਉਹ ਲੋਕਾਂ ਨੂੰ ਹਸਾਉਣੀਆਂ ਗੱਲਾਂ ਸੁਣਾ ਕੇ ਸੰਗਤ ਕੋਲੋਂ ਵਾਹਵਾ ਪੈਸੇ ਬਣਾ ਲੈਂਦਾ ਸੀ। ਉਸ ਦੀਵਾਨ ਵਿੱਚ ਸੀਤਲ ਜੀ ਨੂੰ ਪੈਸੇ ਘੱਟ ਹੋਏ ਤੇ ਤੂਫਾਨ ਮੇਲ ਨੂੰ ਜ਼ਿਆਦਾ। ਜਦੋਂ ਸਾਰੇ ਢਾਡੀ ਸੀਤਲ ਜੀ ਦੇ ਰਿਹਾਇਸ਼ੀ ਕਮਰੇ ਵਿੱਚ ਬੈਠੇ ਸਨ ਤਾਂ ਅਚਨਚੇਤ ‘ਤੂਫਾਨ ਮੇਲ’ ਕਹਿੰਦਾ, ਸੀਤਲ ਜੀ! ਰਾਤ ਦੇ ਦੀਵਾਨ ਵਿੱਚ ਮੈਨੂੰ ਸੰਗਤ ਨੇ 65 ਰੁਪਏ ਦਿੱਤੇ ਤੇ ਮੈਂ ਗਿਣਦਾ ਰਿਹਾ; ਤੁਹਾਨੂੰ 13 ਰੁਪੈ ਤੇ ਮੈਨੂੰ ਮਿਲੇ 65 ਰੁਪਏ। ਹੁਣ ਦੱਸੋ ਕੀ ਆਖੋਗੇ?
ਉਹਦੀ ਗੱਲ ਸੁਣ ਕੇ ਸਾਰੇ ਢਾਡੀ ਤੇ ਸੰਗਤ ਹੱਸਣ ਲੱਗੇ। ਸੀਤਲ ਜੀ ਵੀ ਮੁਸਕਰਾਉਣ ਲੱਗੇ। ਕਹਿੰਦੇ, “ਮੈਂ ਕੀ ਦੱਸਣਾ! ਇਹਦਾ ਮਤਲਬ ਸਾਫ ਹੈ ਕਿ ਇਨਾਮ ਦੇਣ ਵਾਲੇ ਦੀਵਾਨ ਵਿੱਚ 13 ਸਿਆਣੇ ਬੰਦੇ ਬੈਠੇ ਸਨ ਤੇ 65 ਮੂਰਖ।”
ਸਾਰਿਆਂ ਨੇ ਤਾੜੀਆਂ ਮਾਰ ਕੇ ਕਮਰਾ ਸਿਰ `ਤੇ ਚੁੱਕ ਲਿਆ। ‘ਤੂਫਾਨ ਮੇਲ’ ਵੀ ਸ਼ਰਮਿੰਦਿਆਂ ਦੇ ਤਾਣ ਹੱਸੀ ਜਾ ਰਿਹਾ ਸੀ।
(ਬਾਕੀ ਅਗਲੇ ਅੰਕ ਵਿੱਚ ਪੜ੍ਹੋ)

Leave a Reply

Your email address will not be published. Required fields are marked *