ਪੰਜਾਬੀ ਵਿਰਸੇ, ਪੰਜਾਬੀ ਕਲਾ ਤੇ ਪੰਜਾਬੀ ਸੱਭਿਆਚਾਰ ਨਾਲ ਭਰਪੂਰ ਸ਼ਾਮ ਹੋ ਨਿਬੜੀ ‘ਵਿਰਸਾ ਨਾਈਟ-3`

ਖਬਰਾਂ ਗੂੰਜਦਾ ਮੈਦਾਨ

*ਗਿੱਧਾ ਟੀਮ ਨੇ ਸਟੇਜ ਉੱਤੇ ਵਿਆਹ ਦਾ ਖੂਬਸੂਰਤ ਦ੍ਰਿਸ਼ ਸਿਰਜਿਆ ਤੇ ਘੋੜੀਆਂ ਗਾਈਆਂ
*ਪੱਟਾਂ ਦੇ ਜ਼ੋਰ ਪੈਂਦਾ ਭੰਗੜਾ ਵੇਖ ਕੇ ਕਾਲਜ ਫੈਸਟੀਵਲਾਂ `ਚ ਪੈਂਦੇ ਭੰਗੜੇ ਦਾ ਪ੍ਰਭਾਵ ਪਿਆ
ਕੁਲਜੀਤ ਦਿਆਲਪੁਰੀ
ਨੇਪਰਵਿਲ, ਇਲੀਨਾਏ: ਜਦੋਂ ਵੀ ਪੰਜਾਬੀ ਵਿਰਸੇ ਜਾਂ ਖੁਸ਼ੀ ਦੇ ਜਸ਼ਨਾਂ ਦੀ ਗੱਲ ਹੁੰਦੀ ਹੈ, ਤਾਂ ਢੋਲ ਦੀ ਥਾਪ ਅਤੇ ਭੰਗੜੇ ਦਾ ਖਿਆਲ ਦਿਲ-ਦਿਮਾਗ ਵਿੱਚ ਆਉਣ ਲੱਗਦਾ ਹੈ। ਭੰਗੜਾ ਸਿਰਫ਼ ਇੱਕ ਨਾਚ ਨਹੀਂ, ਸਗੋਂ ਪੰਜਾਬੀਆਂ ਦੀ ਜ਼ਿੰਦਾਦਿਲੀ, ਊਰਜਾ ਅਤੇ ਖੁਸ਼ੀ ਦਾ ਇੱਕ ਅਟੁੱਟ ਹਿੱਸਾ ਹੈ। ਬੇਸ਼ੱਕ ਪੰਜਾਬ ਦੀ ਧਰਤੀ ਆਪਣੇ ਅਮੀਰ ਸੱਭਿਆਚਾਰ, ਰੰਗਲੇਪਣ ਅਤੇ ਬੇਮਿਸਾਲ ਜੋਸ਼ ਲਈ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ, ਪਰ ਵਿਦੇਸ਼ਾਂ ਵਿੱਚ ਵੀ ਭੰਗੜਾ ਅਤੇ ਪੰਜਾਬੀ ਵਿਰਸਾ ਨਿਰੰਤਰ ਵਧ-ਫੁਲ ਰਿਹਾ ਹੈ।

ਇਸ ਦੀ ਇੱਕ ਤਾਜ਼ਾ ਮਿਸਾਲ ‘ਵਿਰਸਾ ਫਾਊਂਡੇਸ਼ਨ’ ਅਤੇ ‘ਭੰਗੜਾ ਰਾਈਮਜ਼’ ਵੱਲੋਂ ਕੋਚ ਅਮਨਦੀਪ ਕੁਲਾਰ ਦੀ ਦੇਖ-ਰੇਖ ਹੇਠ ਲੰਘੇ ਦਿਨੀਂ ਇੱਥੇ ਯੈਲੋ ਬਾਕਸ ਵਿੱਚ ਕਰਵਾਏ ਗਏ ਅੰਤਰ-ਅਕਾਦਮੀ ਭੰਗੜਾ ਮੁਕਾਬਲਿਆਂ ਰਾਹੀਂ ਦਿੱਤੀ ਜਾ ਸਕਦੀ ਹੈ। ਭੰਗੜਾ ਪੇਸ਼ਕਾਰੀਆਂ ਦੌਰਾਨ ਕਈ ਪਰੰਪਰਾਗਤ ਲੋਕ ਧੁਨਾਂ ਅਤੇ ਐਕਸ਼ਨਾਂ ਦੇ ਸੁਮੇਲ ਨਾਲ ਇਹ ਸਮਾਗਮ ਮੰਚ ਦੀ ਸ਼ਾਨ ਬਣਿਆ ਹੋਇਆ ਸੀ।
ਇਸ ਮੌਕੇ ਵੱਖ-ਵੱਖ ਸ਼੍ਰੇਣੀਆਂ ਦੀਆਂ ਭੰਗੜਾ ਟੀਮਾਂ ਦੇ ਮੁਕਾਬਲੇ ਹੋਏ। ਅਡਲਟ ਕੈਟਾਗਰੀ ਵਿੱਚ ਟੀਮ ਮਾਲਵਾ (ਨੇਪਰਵਿਲ) ਅਤੇ ਬਰੁੱਕਫੀਲਡ ਦੀ ਟੀਮ ਪੁਆਧ (ਜਿੰਦੂਆ) ਦੀ ਪੇਸ਼ਕਾਰੀ ਦੇਖ ਕੇ ਤਾਂ ਸ਼ਾਇਦ ਦਰਸ਼ਕਾਂ ਦੇ ਵੀ ਪੈਰ ਥਿਰਕਣ ਲੱਗ ਪਏ ਹੋਣ, ਕਿਉਂਕਿ ਦੋਹੇ ਟੀਮਾਂ ਇੱਕ ਤੋਂ ਵੱਧ ਕੇ ਇੱਕ ਸਨ। ਜੱਜਾਂ ਲਈ ਵੀ ਫਰਕ ਦੀ ਬਾਰੀਕ ਤੰਦ ਫੜਨੀ ਔਖੀ ਹੋ ਗਈ ਸੀ ਅਤੇ ਉਨ੍ਹਾਂ ਦੋਹਾਂ ਟੀਮਾਂ ਨੂੰ ਬਰਾਬਰ ਕਰਾਰ ਦਿੱਤਾ। ਇਸੇ ਤਰ੍ਹਾਂ ਯੂਥ ਦੀਆਂ ਦੋ ਸ਼੍ਰੇਣੀਆਂ- ‘ਗੀਤ’ ਅਤੇ ‘ਢੋਲ’ ਵਿੱਚ ਕੁੱਲ ਪੰਜ ਟੀਮਾਂ ਨੇ ਸਟੇਜ ਉੱਤੇ ਭੰਗੜੇ ਰਾਹੀਂ ਪੂਰੀ ਤਰ੍ਹਾਂ ਮਾਹੌਲ ਬੰਨ੍ਹ ਦਿੱਤਾ ਸੀ। ਟੀਮਾਂ ਵਿੱਚ ਜੋਸ਼ ਵੀ ਵਧੇਰੇ ਸੀ ਤੇ ਸਰੀਰਕ ਲਚਕ ਵੀ। ਜਦੋਂ ਕਿਤੇ ਭੰਗੜੇ ਦੀ ਦਿਲਚਸਪ ਚਾਲ ਆਉਂਦੀ ਤਾਂ ਦਰਸ਼ਕ ਕੂਕਾਂ-ਤਾੜੀਆਂ ਨਾਲ ਹਾਲ ਨੂੰ ਗੂੰਜਣ ਲਾ ਦਿੰਦੇ। ਗੀਤ ਸ਼੍ਰੇਣੀ ਵਿੱਚ ਟੀਮ ਹੁਸ਼ਿਆਰਪੁਰ ਭੰਗੜਾ ਪੇਸ਼ਕਾਰੀ ਦੌਰਾਨ ਚੰਗਾ ਪ੍ਰਭਾਵ ਛੱਡ ਗਈ। ਇਸ ਟੀਮ ਦੇ ਛਿੱਕੇ (ਸੱਪ) ਖੜਕਾਉਣ ਤੇ ਬੈਠਕਾਂ ਵਾਲੇ ਐਕਸ਼ਨ ਬਾਖੂਬ ਸਨ, ਜਦੋਂ ਕਿ ਟੀਮ ਬਠਿੰਡਾ (ਗਰੀਨਫੀਲਡ) ਨੇ ਬਾਕਮਾਲ ਪੇਸ਼ਕਾਰੀ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
‘ਢੋਲ’ ਸ਼੍ਰੇਣੀ ਵਿੱਚ ਤਿੰਨ ਟੀਮਾਂ ਨੇ ਭੰਗੜੇ ਦੇ ਜੌਹਰ ਦਿਖਾਏ। ਇਨ੍ਹਾਂ ਟੀਮਾਂ ਵਿੱਚ ਢੋਲ ਬੀਟ ਦਾ ਪ੍ਰਭਾਵ ਸੀ। ਹਾਲਾਂਕਿ ਇਹ ਰਿਕਾਰਡਿਡ ਸੀ, ਪਰ ਲੱਗ ਰਿਹਾ ਸੀ ਜਿਵੇਂ ਢੋਲੀ ਸਟੇਜ ਦੇ ਇੱਕ ਪਾਸੇ ਖੜਾ ਡਗਾ ਲਾ ਰਿਹਾ ਹੋਵੇ ਤੇ ਕੋਈ ਜਣਾ ਬੋਲੀਆਂ ਪਾ ਰਿਹਾ ਹੋਵੇ। ਟੀਮ ਮੈਂਬਰਾਂ ਨੇ ਖੂੰਡੇ ਖੜਕਾਏ, ਕਾਟੋਆਂ ਨਚਾਈਆਂ, ਬੈਠਕਾਂ-ਚਾਲਾਂ ਚੱਲੀਆਂ ਤੇ ਤੁਣਕੇ ਲਾਏ, ਪਰ ਸ਼ਾਮਬਰਗ ਅਕੈਡਮੀ ਦੀ ਟੀਮ ਸਿਆਲਕੋਟ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਜਦੋਂ ਕਿ ਗਰੀਨਫੀਲਡ ਦੀ ਟੀਮ ਲਾਹੌਰ ਅਤੇ ਨੇਪਰਵਿਲ ਦੀ ਟੀਮ ਲੁਧਿਆਣਾ ਨੂੰ ਜੱਜਾਂ ਨੇ ਪ੍ਰਥਮ ਸਥਾਨ ਨਾਲ ਨਿਵਾਜਿਆ। ਟੀਮ ਲਾਹੌਰ ਦੀਆਂ ਕੁੜੀਆਂ ਰੰਗ-ਬਰੰਗੀਆਂ ਪੁਸ਼ਾਕਾਂ ਵਿੱਚ ਨੱਚਦੀਆਂ ਇਉਂ ਲੱਗ ਰਹੀਆਂ ਸਨ ਜਿਵੇਂ ਕਿਆਰੀ ਵਿੱਚ ਦੁਪਹਿਰ ਖਿੜੀ ਭਾਅ ਮਾਰ ਰਹੀ ਹੋਵੇ। ਟੀਮ ਲੁਧਿਆਣਾ ਦਾ ਪੱਟਾਂ ਦੇ ਜ਼ੋਰ ਭੰਗੜਾ ਪੈਂਦਾ ਵੇਖ ਕੇ ਕਾਲਜ ਫੈਸਟੀਵਲ `ਚ ਪੈਂਦੇ ਭੰਗੜੇ ਦਾ ਪ੍ਰਭਾਵ ਪਿਆ। ਦੋਹਾਂ ਟੀਮਾਂ ਦੀ ਪੇਸ਼ਕਾਰੀ ਦਿਲ ਟੁੰਬਵੀਂ ਸੀ। ਨਿਰਸੰਦੇਹ ਜਦੋਂ ਤੱਕ ਢੋਲ ਵੱਜਦੇ ਰਹਿਣਗੇ, ਭੰਗੜੇ ਦੀ ਤਾਲ ਸਭ ਨੂੰ ਨਚਾਉਂਦੀ ਰਹੇਗੀ।
ਜੂਨੀਅਰ ਕੈਟਾਗਰੀ ਵਿੱਚ ਟੀਮ ਜਲੰਧਰ (ਗਰੀਨਫੀਲਡ), ਟੀਮ ਗੁਰਦਾਸਪੁਰ (ਨੇਪਰਵਿਲ) ਅਤੇ ਟੀਮ ਮਲੇਰਕੋਟਲਾ (ਨੇਪਰਵਿਲ) ਨੇ ਮੰਚ ਉੱਤੇ ਚੰਗਾ ਰੰਗ ਬੰਨਿ੍ਹਆ। ਕਈ ਐਕਸ਼ਨਾਂ ਵਿੱਚ ਤਾਂ ਇੱਕ ਲੈਅ-ਤਾਲ ਵਿੱਚ ਭੰਗੜਾ ਪਾਉਂਦੇ ਟੀਮ ਮੈਂਬਰ ਬਹੁਤ ਹੀ ਪਿਆਰੇ ਲੱਗ ਰਹੇ ਸਨ। ਟੀਮ ਜਲੰਧਰ ਦੇ ਬੱਚਿਆਂ ਨੇ ਖੂੰਡਿਆਂ ਅਤੇ ਹੱਥਾਂ `ਤੇ ਰੁਮਾਲ ਬੰਨ੍ਹ ਕੇ ਭੰਗੜਾ ਪਾਇਆ। ਟੀਮ ਗੁਰਦਾਸਪੁਰ ਜਦੋਂ ਸਟੇਜ ਉੱਤੇ ਗੂੜ੍ਹੇ ਪੀਲੇ ਰੰਗ ਦੇ ਪਹਿਰਾਵੇ ਵਿੱਚ ਸਜੀ ਆਈ ਤਾਂ ਪਿੱਛੇ ਸਕਰੀਨ ਉੱਤੇ ਵੀ ਸਰ੍ਹੋਂ ਦੇ ਫੁੱਲ ਲਹਿਰਾਉਂਦੇ ਦੇਖੇ ਜਾ ਸਕਦੇ ਸਨ। ‘ਜੱਗਾ ਜੱਟ’ ਪੇਸ਼ ਕਰਦੀ ਇਸ ਟੀਮ ਵਿੱਚ ਕੁੜੀਆਂ ਵੱਲੋਂ ਕੀਤੀ ਮਿਹਨਤ ਵਧੇਰੇ ਝਲਕ ਰਹੀ ਸੀ। ਮਲੇਰਕੋਟਲਾ ਟੀਮ ਵਿੱਚ ਸਾਰੀਆਂ ਹੀ ਕੁੜੀਆਂ ਸਨ। ਚਿੱਟੀਆਂ ਕਮੀਜ਼-ਸਲਵਾਰਾਂ ਅਤੇ ਗੁਲਾਬੀ ਚੁੰਨੀਆਂ ਤੇ ਕੁੜਤੀਆਂ, ਸੱਗੀ ਫੁੱਲ ਆਦਿ ਵਿੱਚ ਇਸ ਟੀਮ ਦੀ ਆਪਣੀ ਹੀ ਟੌਹਰ ਸੀ। ਖੂੰਡਿਆਂ ਦੇ ਸਿਰਾਂ `ਤੇ ਬੰਨ੍ਹੇ ਚਿੱਟੇ ਰੁਮਾਲ ਇਉਂ ਸਨ, ਜਿਵੇਂ ਬਨੇਰੇ `ਤੇ ਕਬੂਤਰ ਗੁਟਕਦੇ ਹੋਣ। ਬੇਸ਼ੱਕ ਟੀਮਾਂ- ਮਲੇਰਕੋਟਲਾ ਪਹਿਲੇ, ਜਲੰਧਰ ਦੂਜੇ ਅਤੇ ਗੁਰਦਾਸਪੁਰ ਤੀਜੇ ਸਥਾਨ `ਤੇ ਰਹੀਆਂ, ਪਰ ਪੇਸ਼ਕਾਰੀ ਦੌਰਾਨ ਵੱਖ-ਵੱਖ ਗੀਤਾਂ ਦੇ ਮੁਖੜਿਆਂ ਉੱਤੇ ਕੋਰੀਓਗ੍ਰਾਫੀ ਕਰਦੇ ਭੰਗੜਚੀਆਂ ਨੇ ਦਰਸ਼ਕਾਂ ਨੂੰ ਇੱਕ ਤਰ੍ਹਾਂ ਝੂਮਣ ਲਾ ਦਿੱਤਾ ਸੀ।
ਬੱਚਿਆਂ ਦੀ ਸ਼੍ਰੇਣੀ ਵਿੱਚ ਟੀਮ ਰਾਵੀ (ਨੇਪਰਵਿਲ ਅਕੈਡਮੀ), ਟੀਮ ਸਤਲੁਜ (ਬਰੁੱਕਫੀਲਡ) ਅਤੇ ਟੀਮ ਬਿਆਸ (ਗਰੀਨਫੀਲਡ) ਨੇ ਆਪਣੀ ਪ੍ਰਤਿਭਾ ਮੁਤਾਬਕ ਪੇਸ਼ਕਾਰੀ ਕੀਤੀ। ਟੀਮ ਬਿਆਸ ਨੇ ਜਦੋਂ ਛਿੱਕੇ ਖੜਕਾਏ ਤਾਂ ਸੰਤਰੀ ਵਰਦੀ ਵਿੱਚ ਨੱਚਦੀ ਟੀਮ ਇਉਂ ਸੀ ਜਿਵੇਂ ਕਣਕ ਦੀ ਸੁਨਹਿਰੀ ਫਸਲ ਲਹਿਰਾਅ ਰਹੀ ਹੋਵੇ। ਟੀਮ ਬਿਆਸ ਪਹਿਲੇ, ਟੀਮ ਸਤਲੁਜ ਦੂਜੇ ਅਤੇ ਟੀਮ ਰਾਵੀ ਤੀਜੇ ਸਥਾਨ `ਤੇ ਰਹੀ। ਵਿਸ਼ੇਸ਼ ਗੱਲ ਇਹ ਸੀ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਕੁਝ ਬੱਚਿਆਂ ਨੂੰ ਤਾਂ ਭੰਗੜਾ ਸਿੱਖਦਿਆਂ ਹਾਲੇ ਦੋ-ਤਿੰਨ ਮਹੀਨੇ ਹੀ ਹੋਏ ਸਨ। ਇੱਕ ਮਹਿਮਾਨ ਟੀਮ ਨੇ ਵੀ ਭੰਗੜੇ ਦੀ ਪੇਸ਼ਕਾਰੀ ਕੀਤੀ, ਜਿਸ ਨੇ ਭੰਗੜਾ ਰਾਈਮਜ਼ ਛਾਪੇ ਵਾਲੀਆਂ ਕਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ।
ਸਮਾਗਮ ਦੌਰਾਨ ਮੰਚ ਸੰਚਾਲਨ ਗੁਰਮੁਖ ਸਿੰਘ ਭੁੱਲਰ ਨੇ ਕੀਤਾ। “ਖੁਸ਼ੀਆਂ ਖੇੜੇ ਸਭ ਨੂੰ ਦੇਵੀਂ, ਦੇਵੀਂ ਪੈਸੇ ਧੇਲੇ; ਕਰਾਂ ਦੁਆਵਾਂ ਰੱਬ ਅੱਗੇ ਲੱਗਦੇ ਰਹਿਣ ਇਹ ਮੇਲੇ।” ਸ਼ੇਅਰ ਨਾਲ ਉਨ੍ਹਾਂ ਪਹਿਲੀ ਪੇਸ਼ਕਸ਼ ਲਈ ਕੋਆਡੀਨੇਟਰ ਕਿਰਨਜੀਤ ਕੌਰ ਨੂੰ ਮੰਚ ਉੱਤੇ ਸੱਦਾ ਦਿੱਤਾ ਸੀ। ਕਿਰਨਜੀਤ ਕੌਰ ਨੇ ‘ਵਿਰਸਾ ਨਾਈਟ’ ਮੌਕੇ ਕਲਾ ਨੂੰ ਪੇਸ਼ ਕਰਨ ਲਈ ਮੰਚ ਮੁਹੱਈਆ ਕਰਨ ਵਾਸਤੇ ਧੰਨਵਾਦ ਕੀਤਾ ਅਤੇ ਲੋਕ ਨਾਚਾਂ ਪ੍ਰਤੀ ਆਪਣੇ ਪਿਆਰ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਕਾਲਜ ਤੇ ਯੂਨੀਵਰਸਿਟੀ ਪੱਧਰ `ਤੇ ਵੱਖ-ਵੱਖ ਥਾਈਂ ਮੰਚਾਂ ਉੱਤੇ ਗਿੱਧਾ ਪਾਇਆ ਹੈ। ਉਨ੍ਹਾਂ ਕਿਹਾ ਕਿ ਵਿਰਸਾ ਉਹ ਜ਼ਿੰਮੇਵਾਰੀ ਹੈ, ਜੋ ਅਸੀਂ ਆਪਣੀ ਆਉਣ ਵਾਲੀ ਪੀੜੀ ਦੇ ਹੱਥਾਂ ਵਿੱਚ ਸੌਂਪਦੇ ਹਾਂ। ਸਾਨੂੰ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਵਿੱਚ ਸਾਥ ਦੇਣਾ ਚਾਹੀਦਾ ਹੈ।
ਉਪਰੰਤ ਉਨ੍ਹਾਂ ਵੱਲੋਂ ਤਿਆਰ ਕੀਤੀ ਗਿੱਧਾ ਟੀਮ ਨੇ ਸਟੇਜ ਉੱਤੇ ਵਿਆਹ ਦਾ ਖੂਬਸੂਰਤ ਦ੍ਰਿਸ਼ ਸਿਰਜਿਆ ਤੇ ਘੋੜੀਆਂ ਗਾਈਆਂ। ਜੰਝ ਚੜ੍ਹਨ ਮੌਕੇ ਅਤੇ ਪਿੱਛੇ ਘਰ ਰਹਿ ਗਈਆਂ ਤ੍ਰੀਮਤਾਂ ਵੱਲੋਂ ਬੋਲੀਆਂ ਪਾ-ਪਾ ਵਿਹੜਾ ਪੁੱਟਣ ਜਿਹੀ ਪੇਸ਼ਕਾਰੀ ਜਿੱਥੇ ਖੁਸ਼ੀਆਂ-ਉਮੰਗਾਂ ਦਾ ਪ੍ਰਗਟਾਵਾ ਸੀ, ਉੱਥੇ ਢੋਲਕ ਦੀ ਥਾਪ ਤੇ ਤਾੜੀਆਂ ਦੀ ਤਾੜ-ਤਾੜ ਨੇ ‘ਕਰਤਾਰੇ ਦਾ ਵਿਆਹ’ ਯਾਦ ਕਰਵਾ ਦਿੱਤਾ। ਪੇਸ਼ਕਾਰੀ ਦੌਰਾਨ ਖੀਰ ਵਾਲੇ ਪਤੀਲੇ `ਚ ਵੜੀ ਮਿੰਦੋ ਭੂਆ ਵਾਲੀ ਬੋਲੀ ਵੀ ਦਿਲਚਸਪ ਸੀ ਅਤੇ ਹੋਰ ਵਿਰਾਸਤੀ ਤੇ ਪੇਂਡੂ ਲਹਿਜੇ ਵਾਲੀਆਂ ਬੋਲੀਆਂ ਦੀ ਚੋਣ ਵੀ ਬਾਕਮਾਲ ਸੀ। ਬੀਬੀਆਂ ਨੇ ਸਿਰ ਅਤੇ ਢਾਕ ਉੱਤੇ ਰੱਖ-ਰੱਖ ਮਾਹੀਏ ਨੂੰ ਦੱਸਿਆ ਕਿ ‘ਗਾਗਰ ਇੰਜ ਵੱਜਦੀ!’ ਡੋਲੀ ਆਉਣ ਉੱਤੇ ਮਾਂ ਵੱਲੋਂ ਪਾਣੀ ਵਾਰਨ ਦੀ ਰਸਮ ਨੇ ਤਾਂ ਕਈਆਂ ਨੂੰ ਆਪਣੇ ਵਿਆਹ ਚੇਤੇ ਕਰਵਾ ਦਿੱਤੇ ਹੋਣਗੇ। ਅਸਲ ਵਿੱਚ ਜੀਵਨ ਦੌਰਾਨ ਵਿਆਹ ਇੱਕ ਅਜਿਹੀ ਰਸਮ ਜਾਂ ਕਾਰਜ ਹੈ ਕਿ ਵਿਆਹੋਂ ਵਾਂਝੇ ਰਹਿ ਗਿਆਂ ਨੂੰ ਜਾਂ ਜੇ ਇਹ ਵੇਲੇ ਸਿਰ ਨਾ ਹੋਵੇ ਤਾਂ ਸਮਾਜ ਦੇ ਮਜ਼ਾਹੀਆ ਬੋਲ ਝੱਲਣੇ ਪੈਂਦੇ ਹਨ। ਖੈਰ! ਭੰਗੜੇ ਦੀਆਂ ਪੇਸ਼ਕਾਰੀਆਂ ਆਪਣੀ ਥਾਂ, ਪਰ ਇਸ ਮੌਕੇ ਗਿੱਧਾ ਪੇਸ਼ਕਾਰੀ ਦਾ ਆਪਣਾ ਹੀ ਰੰਗ ਸੀ। ਪੰਜਾਬੀ ਵਿਰਸੇ, ਪੰਜਾਬੀ ਕਲਾ ਤੇ ਪੰਜਾਬੀ ਸੱਭਿਆਚਾਰ ਨਾਲ ਭਰਪੂਰ ਇਸ ਸ਼ਾਮ ਦੌਰਾਨ ਕੁਝ ਦਰਸ਼ਕਾਂ ਨੂੰ ਇਸ ਟੀਮ ਦੀ ਪੇਸ਼ਕਾਰੀ ਹੀ ਸਮਾਗਮ ਦੀ ਸਿਖਰ ਪ੍ਰਤੀਤ ਹੋਈ।
ਸਮਾਗਮ ਦੌਰਾਨ ਮੰਚ ਸੰਚਾਲਕ ਨੇ ਭੰਗੜਾ ਕੋਚ ਅਮਨ ਕੁਲਾਰ ਬਾਰੇ ਕਿਹਾ ਕਿ ਇਨ੍ਹਾਂ ਦੀ ਸੋਚ ਭੰਗੜੇ-ਗਿੱਧੇ ਨੂੰ ਹੋਰ ਉਚੇ ਲੈਵਲ `ਤੇ ਲੈਜਾਣ ਦੀ ਹੈ। ਅਮਨ ਨੇ ਪਹਿਲਾਂ ਕੁਝ ਬੱਚਿਆਂ ਨੂੰ ਭੰਗੜਾ ਸਿਖਾਉਣਾ ਸ਼ੁਰੂ ਕੀਤਾ ਸੀ ਅਤੇ ਅੱਜ ਚਾਰ ਅਕੈਡਮੀਆਂ- ਨੇਪਰਵਿਲ, ਬਰੁੱਕਫੀਲਡ, ਗਰੀਨਫੀਲਡ ਅਤੇ ਸ਼ਾਮਬਰਗ ਹਨ, ਜਿਨ੍ਹਾਂ ਵਿੱਚ ਡੇਢ ਸੌ ਤੋਂ ਜ਼ਿਆਦਾ ਸਿਖਿਆਰਥੀ ਭੰਗੜਾ ਸਿੱਖ ਰਹੇ ਹਨ। ਇਨ੍ਹਾਂ ਵਿੱਚ ਬੱਚਿਆਂ, ਨੌਜਵਾਨਾਂ ਤੋਂ ਇਲਾਵਾ ਡਾਕਟਰ, ਇੰਜੀਨੀਅਰ ਤੇ ਵੱਖ-ਵੱਖ ਪ੍ਰੋਫੈਸ਼ਨਲ ਲੋਕ ਭੰਗੜਾ ਸਿੱਖ ਰਹੇ ਹਨ। ਅਮਨ ਨੇ ਸਾਲ ਪਹਿਲਾਂ ‘ਫਿੱਟ ਪੰਜਾਬੀ’ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਵਿੱਚ ਹੋਸ਼ ਤੇ ਜੋਸ਼ ਦੀ ਤਕਨੀਕ ਰਾਹੀਂ ਕਸਰਤ ਅਭਿਆਸੀਆਂ ਨੂੰ ਤਿਆਰ ਕੀਤਾ।
ਮੰਚ ਸੰਚਾਲਕ ਸ. ਭੁੱਲਰ ਨੇ ਦੱਸਿਆ ਕਿ ਅਕੈਡਮੀਆਂ ਵਿੱਚ ਸਭ ਤੋਂ ਵੱਧ ਮਾਅਰਕੇ ਵਾਲੀ ਗੱਲ ਇਹ ਸੀ ਕਿ ਟੋਰਾਂਟੋ ਵਿੱਚ ਗਿੱਧੇ ਤੇ ਭੰਗੜੇ ਦੇ ਕੰਪੀਟਿਸ਼ਨ, ਜਿਸ ਵਿੱਚ 20 ਅਕੈਡਮੀਆਂ ਹਿੱਸਾ ਲੈਂਦੀਆਂ ਹਨ, ਵਿੱਚ ਸ਼ਿਕਾਗੋ ਦੀ ਟੀਮ ਨੇ ਪਹਿਲੀ ਵਾਰ ਹਿੱਸਾ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅਮਨ ਬਾਰੇ ਜਾਣਕਾਰੀ ਦਿੰਦਿਆਂ ਮੰਚ ਸੰਚਾਲਕ ਨੇ ਕਿਹਾ ਕਿ ਉਨ੍ਹਾਂ ਸਟੇਟ ਤੇ ਨੈਸ਼ਨਲ ਲੈਵਲ `ਤੇ ਨੌਂ ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚੋਂ ਛੇ ਗੋਲਡ ਦੇ, ਦੋ ਸਿਲਵਰ ਅਤੇ ਇੱਕ ਤਾਂਬੇ ਦਾ ਮੈਡਲ ਸ਼ਾਮਿਲ ਹੈ।
ਇਸ ਮੌਕੇ ਅਮਨ ਕੁਲਾਰ ਨੇ ਕਿਹਾ ਕਿ ਸਾਡਾ ਮਕਸਦ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਹੈ। ਅਕੈਡਮੀ ਜ਼ਰੀਏ ਘੱਟੋ-ਘੱਟ 200 ਪਰਿਵਾਰ ਆਪਸ ਵਿੱਚ ਇੱਕ-ਦੂਜੇ ਨੂੰ ਜਾਣਨ ਲੱਗੇ ਹਨ। ਉਨ੍ਹਾਂ ਮਾਣ ਨਾਲ ਕਿਹਾ ਕਿ ਸਾਡੇ ਨਾਲ ਅਗਾਂਹਵਧੂ, ਪੜ੍ਹੇ-ਲਿਖੇ ਤੇ ਪਾਜ਼ੇਟਿਵ ਸੋਚ ਵਾਲੇ ਲੋਕ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕੁਝ ਬੱਚੇ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਜੁੜੇ ਹੋਏ ਹਨ, ਉਨ੍ਹਾਂ ਵਿੱਚੋਂ ਕਰਮਨ ਸਿੰਘ, ਅਜੇ ਸਿੰਘ ਅਤੇ ਗੁਰਈਸਰ ਸਿੰਘ ਕੁਲਾਰ ਸ਼ਾਮਿਲ ਹਨ। ਇਸ ਮੌਕੇ ਇਨ੍ਹਾਂ ਬੱਚਿਆਂ ਨੇ ਭੰਗੜੇ ਨਾਲ ਜੁੜੇ ਆਪਣੇ ਜਜ਼ਬਾਤ ਸਾਂਝੇ ਕੀਤੇ ਅਤੇ ਖੁਸ਼ੀ ਜਾਹਰ ਕਰਦਿਆਂ ਆਪਣੇ ਜੀਵਨ ਵਿੱਚ ਭੰਗੜੇ ਦੀ ਮਹੱਤਤਾ ਦਾ ਜ਼ਿਕਰ ਕੀਤਾ।
ਬਾਅਦ ਵਿੱਚ ਅਮਨ ਕੁਲਾਰ ਨੇ ਜੱਜਾਂ- ਪ੍ਰਭਜੀਤ ਸਿੰਘ ਦਿਓਲ, ਬਰਿੰਦਰਜੀਤ ਸਿੰਘ, ਮਾਯੂਰੀ ਪਰਮਾਰ ਅਤੇ ਹਰਵੀਰ ਸੈਣੀ ਬਾਰੇ ਜਾਣ-ਪਛਾਣ ਕਰਵਾਈ ਕਿ ਇਹ ਇੰਟਰਨੈਸ਼ਨਲ ਭੰਗੜਾ ਮੁਕਾਬਲਿਆਂ ਨੂੰ ਜੱਜ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਭਜੀਤ ਨੇ ਪੰਜਾਬ ਦਾ ਕੋਈ ਕਾਲਜ ਨਹੀਂ ਛੱਡਿਆ, ਜਿੱਥੇ ਉਨ੍ਹਾਂ ਨੇ ਭੰਗੜਾ ਕੋਚਿੰਗ ਨਹੀਂ ਕੀਤੀ ਅਤੇ ਉਹ ਆਪਣੀ ਯੂਨੀਵਰਸਿਟੀ ਲੈਵਲ ਦੇ ਚੈਂਪੀਅਨ ਵੀ ਰਹੇ ਹਨ। ਬਰਿੰਦਰਜੀਤ ਸਿੰਘ ਬਠਿੰਡੇ ਤੋਂ ਨਿਕਲ ਕੇ ਵੱਖ-ਵੱਖ ਯੂਨੀਵਰਸਿਟੀ ਪੱਧਰ `ਤੇ ਭੰਗੜਾ ਪਾਉਂਦੇ ਰਹੇ ਹਨ ਅਤੇ ਹੁਣ ਮਿਸ਼ੀਗਨ ਤੋਂ ‘ਫੁਰਤੀਲੇ’ ਅਕੈਡਮੀ ਦੇ ਹੈੱਡ ਕੋਚ ਹਨ। ਪਿੱਛੇ ਜਿਹੇ ਸ਼ਿਕਾਗੋ ਵਿੱਚ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ‘ਔਰਾ’ ਵਿੱਚ ਇਸ ਅਕੈਡਮੀ ਦੇ ਬੱਚਿਆਂ ਨੇ ਗਾਇਕ ਦੋਸਾਂਝ ਨਾਲ ਪੇਸ਼ਕਾਰੀ ਕੀਤੀ ਸੀ। ਮਾਯੂਰੀ ਪਰਮਾਰ ਸ਼ਿਕਾਗੋ ਵਿੱਚ ਡਿਸਿਪਲਿਨ ਕੋਚ ਵਜੋਂ ਜਾਣੇ ਜਾਂਦੇ ਹਨ ਤੇ ਬਹੁਤ ਮਿਹਨਤ ਕਰਦੇ ਹਨ। ਅਮਨ ਨੇ ਦੱਸਿਆ ਕਿ ਇਨ੍ਹਾਂ ਦੇ ਸ਼ੋਅ `ਤੇ ਜਾ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਭੰਗੜਾ ਕੋਚ ਹਰਵੀਰ ਸੈਣੀ ਯੂਨੀਵਰਸਿਟੀ ਲੈਵਲ `ਤੇ ਅਮਰੀਕਾ ਅਤੇ ਕੈਨੇਡਾ ਵਿੱਚ ਭੰਗੜਾ ਮੁਕਾਬਲਿਆਂ ਦੌਰਾਨ ਭਾਗ ਲੈ ਚੁੱਕੇ ਹਨ। ਉਹ ਸੈਕਰਾਮੈਂਟੋ (ਕੈਲੀਫੋਰਨੀਆ) ਵਿੱਚ ‘ਜੌਹਰ ਜਵਾਨੀ ਦੇ’ ਅਕੈਡਮੀ ਚਲਾਉਂਦੇ ਹਨ। ਇਸ ਮੌਕੇ ਜੱਜਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਸੁਨੇਹਾ ਵੀ ਸਾਂਝਾ ਕੀਤਾ ਅਤੇ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਜੋੜਨ ਲਈ ਮਾਪਿਆਂ ਦੀ ਸ਼ਲਾਘਾ ਕੀਤੀ ਕਿ ਇਸ ਨਾਲ ਬੱਚਿਆਂ ਵਿੱਚ ਸਟੇਜ `ਤੇ ਜਾਣ ਦਾ ਆਤਮ ਵਿਸ਼ਵਾਸ ਵਧਦਾ ਹੈ।
ਮੁੱਖ ਮਹਿਮਾਨ ਰੌਨੀ ਕੁਲਾਰ ਅਤੇ ਪਰਿਵਾਰ ਨੂੰ ਸਟੇਜ `ਤੇ ਸੱਦਾ ਦਿੰਦਿਆਂ ਅਮਨ ਕੁਲਾਰ ਨੇ ਇਸ ਪਰਿਵਾਰ ਦੀ ਸ਼ਿਕਾਗੋ ਭਾਈਚਾਰੇ ਵਿੱਚ ਯੋਗਦਾਨ ਦੀ ਸਿਫਤ ਕੀਤੀ ਅਤੇ ਸਾਲ ਕੁ ਪਹਿਲਾਂ ਅਕਾਲ ਚਲਾਣਾ ਕਰ ਗਏ ਪਰਿਵਾਰ ਮੈਂਬਰ ਸਨੀ ਕੁਲਾਰ ਨੂੰ ਵੀ ਯਾਦ ਕੀਤਾ। ਦੋਵੇਂ ਭਰਾ ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਬੱਚਿਆਂ ਨੂੰ ਭੰਗੜਾ ਸਿਖਾਉਣ ਵਿੱਚ ਬਹੁਤ ਕੰਮ ਕੀਤਾ।
ਰੌਨੀ ਕੁਲਾਰ ਨੇ ਧੂਮ-ਧੜੱਕੇ ਵਾਲੇ ਜਸ਼ਨ ਵਿੱਚ ਸੱਦਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਭੰਗੜਾ ਸਿਰਫ਼ ਇੱਕ ਨਾਚ ਰੂਪ ਨਹੀਂ ਹੈ; ਇਹ ਬਹੁਤ ਜ਼ਿਆਦਾ ਮਾਣ ਅਤੇ ਊਰਜਾ ਨਾਲ ਸਾਡੇ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਰੀਤੀ-ਰਿਵਾਜਾਂ ਨੂੰ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ। ਮੈਨੂੰ ਆਪਣੇ ਭਰਾ ਅਮਨ ਕੁਲਾਰ, ਜੋ ਕਿ ‘ਵਿਰਸਾ ਫਾਊਂਡੇਸ਼ਨ’ ਅਤੇ ‘ਭੰਗੜਾ ਰਾਈਮਜ਼’ ਦੇ ਸੰਸਥਾਪਕ ਹਨ, `ਤੇ ਬਹੁਤ ਮਾਣ ਹੈ। ਸਾਡੀਆਂ ਪਰੰਪਰਾਵਾਂ ਨੂੰ ਸਾਡੇ ਬੱਚਿਆਂ ਰਾਹੀਂ ਜ਼ਿੰਦਾ ਰੱਖਣ ਵਿੱਚ ਉਨ੍ਹਾਂ ਦੀ ਅਥਾਹ ਮਿਹਨਤ ਅਤੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਹੁੰਦਾ ਦੇਖਣਾ ਉਨ੍ਹਾਂ ਦੇ ਜਨੂੰਨ ਨੂੰ ਇੱਕ ਸ਼ਾਨਦਾਰ ਸ਼ਰਧਾਂਜਲੀ ਹੈ। ਉਨ੍ਹਾਂ ਦਾ ਜਨੂੰਨ ਪੰਜਾਬ, ਪੰਜਾਬੀ ਪਰੰਪਰਾਵਾਂ ਅਤੇ ਸੱਭਿਆਚਾਰ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਹੈ, ਜਿਸ ਵਿੱਚ ਸ਼ਿਕਾਗੋ ਬੁੱਲਜ਼, ਮਿਲਵਾਕੀ ਬਕਸ ਅਤੇ ਹੋਰ ਵੱਡੇ ਮੰਚਾਂ `ਤੇ ਪ੍ਰਦਰਸ਼ਨ ਕਰਨਾ ਸ਼ਾਮਿਲ ਹੈ। ਰੌਨੀ ਕੁਲਾਰ ਨੇ ਕਿਹਾ ਕਿ ਅਮਨ ਦੀ ਇਹ ਮਿਹਨਤ ਦੇਖ ਕੇ ਡੂੰਘੀ ਖੁਸ਼ੀ ਅਤੇ ਉਮੀਦ ਮਿਲਦੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਇਨ੍ਹਾਂ ਪਰੰਪਰਾਵਾਂ ਦਾ ਸਤਿਕਾਰ ਕਰਨਾ ਜਾਰੀ ਰੱਖ ਰਹੀ ਹੈ। ਇਸ ਮੌਕੇ ਰੌਨੀ ਕੁਲਾਰ ਨੂੰ ਇੱਕ ਯਾਦਗਾਰੀ ਚਿੰਨ੍ਹ ਅਤੇ ਪਰਿਵਾਰ ਨੂੰ ਇੱਕ ਗਿਫਟ ਬੈਗ ਦੇ ਕੇ ਮਾਣ-ਤਾਣ ਕੀਤਾ ਗਿਆ।
ਇਸ ਸਮੇਂ ਅਮਨ ਕੁਲਾਰ ਨੇ ਡੀ.ਏ.ਵੀ. ਕਾਲਜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਦੇਸ਼ ਪੱਧਰੀ ਯੂਨੀਵਰਸਿਟੀਆਂ ਸਮੇਤ ਹੋਰ ਕਈ ਸਟੇਜਾਂ ਉੱਤੇ ਭੰਗੜਾ ਪੇਸ਼ ਕਰਨ ਵਾਲੇ ਪਰਸ਼ਨ ਸਿੰਘ ਮਾਨ ਨਾਲ ਜਾਣ-ਪਛਾਣ ਕਰਵਾਈ। ਇਸ ਮੌਕੇ ਸ. ਮਾਨ ਨੇ ਭੰਗੜੇ ਬਾਰੇ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ ਹੁੰਦੀ। ਭੰਗੜਾ ਇੱਕ ਜਜ਼ਬਾਤੀ ਕਲਾ ਹੈ, ਜੋ ਪੁਰਾਣੇ ਸਮਿਆਂ ਵਿੱਚ ਇੱਕ ਚਾਲ ਨਾਲ ਸ਼ੁਰੂ ਹੋਇਆ ਸੀ ਅਤੇ ਸਮੇਂ ਸਮੇਂ ਇਸਦੇ ਰੂਪ ਬਦਲਦੇ ਗਏ। ਉਨ੍ਹਾਂ ਕਿਹਾ ਕਿ ਅਮਨ ਨਵੀਂ ਪਨੀਰੀ ਵਾਸਤੇ ਨਵਾਂ ਐਂਕਰ ਬਣ ਕੇ ਪੇਸ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਅੱਜ ਅੱਗੇ ਵਧਾਉਣ ਵਿੱਚ ਅਮਨ ਦਾ ਵੀ ਯੋਗਦਾਨ ਹੈ ਅਤੇ ਉਹ ਆਪਣੀ ਖੂਬੀ ਦਾ ਪੱਲਾ ਆਉਣ ਵਾਲੀ ਪੀੜੀ ਨੂੰ ਫੜਾ ਰਿਹਾ ਹੈ।
ਨੇਪਰਵਿਲ ਦੇ ਮੇਅਰ ਸਕਾਟ ਏ. ਵੇਹਰਲੀ, ਗਦਰੀ ਬਾਬਾ ਸੋਹਣ ਸਿੰਘ ਭਕਨਾ ਦੇ ਪਰਿਵਾਰ ਵਿੱਚੋਂ ਬੀਬੀ ਜੌਹਲ ਅਤੇ ਐਂਕਰ ਗੁਰਲੀਨ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਭੰਗੜਾ ਰਾਈਮਜ਼ ਟੀਮ ਨੂੰ ਸਮਾਗਮ ਦੀ ਵਧਾਈ ਦਿੱਤੀ। ਰਾਜਿੰਦਰ ਕੁਮਾਰ ਤੇ ਸੁਨੀਤਾ ਕੁਮਾਰ ਨੇ ਇੱਕ ਡਿਊਟ ਗੀਤ ਗਾ ਕੇ ਹਾਜ਼ਰੀ ਲਵਾਈ। ਪਹਿਲੀ ਟੀਮ ਦੀ ਪੇਸ਼ਕਾਰੀ ਸਮੇਂ ਜਦੋਂ ਪਿੱਠਵਰਤੀ ਗੀਤ ਗਲਤ ਚੱਲ ਪਿਆ ਤਾਂ ਬੱਚੇ ਵਿਚਾਰੇ ਡੌਰ-ਭੌਰ ਹੋਏ ਇੱਕ-ਦੂਜੇ ਨੂੰ ਵੇਖਣ ਲੱਗੇ ਕਿ ਕੀ ਕਰੀਏ! ਪਰ ਜਦੋਂ ਸਹੀ ਗੀਤ ਵੱਜਿਆ ਤਾਂ ਉਨ੍ਹਾਂ ਆਪਣੀ ਪੇਸ਼ਕਾਰੀ ਤੇ ਭੋਲੇ-ਭਾਲੇ ਚਿਹਰਿਆਂ ਨਾਲ ਸਭ ਦੇ ਦਿਲ ਜਿੱਤ ਲਏ। ਪੇਸ਼ਕਾਰੀ ਵੇਖ ਕੇ ਭਾਈਚਾਰਕ ਸ਼ਖਸੀਅਤ ਗੁਰਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਿਹੜੀ ਟੀਮ ਸਟੇਜ `ਤੇ ਆ ਗਈ, ਉਹ ਜੇਤੂ ਹੀ ਹੈ।
ਅਮਨ ਕੁਲਾਰ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਬਰੁੱਕਫੀਲਡ ਵਿੱਚ ਅਕੈਡਮੀ ਚਲਾਉਣ ਲਈ ਹਾਂਸੀ ਪਰਿਵਾਰ ਨੇ ਬਹੁਤ ਸਹਿਯੋਗ ਦਿੱਤਾ। ਸਮਾਗਮ ਲਈ ਸਹਿਯੋਗ ਦੇਣ ਵਾਲੀ ਟੀਮ ਦਾ ਵੀ ਧੰਨਵਾਦ ਕੀਤਾ ਗਿਆ ਜਿਸ ਵਿੱਚ ਬਲਰਾਜ ਸੋਹੀ, ਮਨਦੀਪ ਕੁਲਾਰ, ਸੁਖਮਨ ਸਿੰਘ, ਸੁਖਪਾਲ ਗਿੱਲ, ਨਵਜੋਤ ਸਿੰਘ ਤੇ ਕਮਲ ਅਠਵਾਲ ਸ਼ਾਮਿਲ ਸਨ। ਇਸ ਤੋਂ ਇਲਾਵਾ ਰਵੀਪਾਲ ਸਿੰਘ, ਗੁਰਪ੍ਰੀਤ ਕੌਰ, ਅਮਰੀਕ ਪਾਲ ਸਿੰਘ, ਅਮਨਪ੍ਰੀਤ ਸਿੰਘ, ਹਰਮਨ ਸਿੰਘ ਵੋਹਰਾ ਅਤੇ ਧਾਮੀ, ਸੋਹੀ, ਹਾਂਸੀ ਤੇ ਬੰਦੇਸ਼ਾ ਪਰਿਵਾਰ ਸਮੇਤ ਹੋਰਨਾਂ ਨੇ ਵੀ ਸਹਿਯੋਗ ਦਿੱਤਾ।
ਇਸ ਮੌਕੇ ਭਾਈਚਾਰਕ ਸ਼ਖਸੀਅਤਾਂ ਵਿੱਚ ਵਿਸਕਾਨਸਿਨ ਤੋਂ ਦੀਦਾਰ ਸਿੰਘ ਧਨੋਆ, ਗੁਰਿੰਦਰਜੀਤ ਸਿੰਘ ਗਰੇਵਾਲ, ਪਰਮਜੀਤ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਗਿੱਲ, ਜਸਵੰਤ ਸਿੰਘ, ਪੱਪੀ ਗਰੇਵਾਲ, ਦਿਲਜੀਤ ਬਰਾੜ, ਲਖਵੀਰ ਹਾਂਸੀ, ਸਨੀ ਬਰਾੜ ਅਤੇ ਕੈਨੇਡਾ, ਇੰਡੀਅਨਐਪੋਲਿਸ, ਨਿਊ ਯਾਰਕ, ਓਹਾਇਓ, ਕੈਲੀਫੋਰਨੀਆ ਤੋਂ ਇਲਾਵਾ ਸ਼ਿਕਾਗੋਲੈਂਡ ਤੋਂ ਦਵਿੰਦਰ ਸਿੰਘ ਰੰਗੀ, ਬਲਵਿੰਦਰ ਸਿੰਘ ਚੱਠਾ, ਬਿਕਰਮ ਸਿੰਘ ਸੋਹੀ, ਹਰਦਿਆਲ ਸਿੰਘ ਦਿਓਲ, ਡਾ. ਗੁਰਦਿਆਲ ਸਿੰਘ ਬਸਰਾਨ, ਡਾ. ਹਰਗੁਰਮੁਖਪਾਲ ਸਿੰਘ, ਅਮਰਦੇਵ ਸਿੰਘ ਬੰਦੇਸ਼ਾ, ਡਾ. ਵਿਕ ਗਿੱਲ, ਗੁਰਪ੍ਰੀਤ ਸਿੰਘ ਸਿੱਧੂ, ਇੰਦਰ ਵਿਰਕ ਸਮੇਤ ਹੋਰ ਬਹੁਤ ਸਾਰੇ ਸੱਜਣ ਅਤੇ ਪਰਿਵਾਰ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *