ਨੇਥਨ ਕਦੋਂ ਆਵੇਗਾ?

ਸਾਹਿਤਕ ਤੰਦਾਂ ਗੂੰਜਦਾ ਮੈਦਾਨ

ਡਾ. ਆਤਮਜੀਤ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਉੱਤਰੀ ਅਮਰੀਕਾ ਦੇ ਸ਼ਹਿਰਾਂ- ਟੋਰਾਂਟੋ, ਵਿਨੀਪੈੱਗ ਅਤੇ ਸ਼ਿਕਾਗੋ ਵਿੱਚ ਜਾ ਕੇ ਰਹਿੰਦੇ ਹਨ। ਇਸ ਲੇਖ ਲੜੀ ਵਿੱਚ ਉਹ ਪੰਜਾਬੀ ਪਾਠਕਾਂ ਨੂੰ ਮੁਖ ਤੌਰ ‘ਤੇ ਪੰਜਾਬ ਅਤੇ ਹਿੰਦੋਸਤਾਨ ਦੇ ਹਵਾਲੇ ਨਾਲ ਕੈਨੇਡਾ ਦੇ ਸੱਭਿਆਚਾਰਕ-ਕਲਾਤਮਕ ਲੈਂਡਸਕੇਪ ਦੇ ਕੁਝ ਖੂੰਜੇ ਦਿਖਾਉਣਾ ਚਾਹੁੰਦੇ ਹਨ। ਪੇਸ਼ ਹੈ, ਅਗਲਾ ਭਾਗ…

ਆਤਮਜੀਤ

ਟੋਰਾਂਟੋ, ਕੈਨੇਡਾ ਦੇ ਓਂਟਾਰੀਓ ਪ੍ਰਾਂਤ ਦੀ ਰਾਜਧਾਨੀ ਹੈ, ਜਿਸਦੇ ਦੁਆਲੇ ਬਹੁਤ ਸਾਰੇ ਛੋਟੇ-ਛੋਟੇ ਸ਼ਹਿਰ ਹਨ। ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਨਾਂ ਯੂਰਪੀ ਸ਼ਹਿਰਾਂ ਦੀ ਤਰਜ਼ ‘ਤੇ ਰੱਖੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਕੇਂਬਰਿੱਜ ਵੀ ਹੈ। ਕੇਂਬਰਿੱਜ ਦੇ ਬਹੁਤ ਨੇੜੇ ਦੋ ਜੁੜਵੇਂ ਸ਼ਹਿਰ ਹਨ- ਕਿਚਨਰ ਅਤੇ ਵਾਟਰਲੂ। ਇਨ੍ਹਾਂ ਵਿੱਚ ਵੀ ਪੰਜਾਬੀਆਂ ਦੀ ਕਾਫ਼ੀ ਵੱਸੋਂ ਹੈ। ਕੇਂਬਰਿੱਜ ਕੈਨੇਡਾ ਦੀ ਚੰਗੀ ਰਹਿਣਯੋਗ ਥਾਂ ਮੰਨੀ ਜਾਂਦੀ ਹੈ। ਕਿਉਂਕਿ ਇੱਥੇ ਭੀੜ-ਭੜੱਕਾ ਨਹੀਂ; ਬੜੀ ਸ਼ਾਂਤੀ ਹੈ। ‘ਮਨੀਸੈਂਸ’ ਮੈਗ਼ਜ਼ੀਨ ਦੇ ਸਰਵੇਖਣ ਮੁਤਾਬਿਕ ਕੇਂਬਰਿੱਜ ਮੌਸਮ, ਟੈਕਸਾਂ ਤੇ ਨਾਗਰਿਕ ਸੁਵਿਧਾਵਾਂ ਪੱਖੋਂ ਕੈਨੇਡਾ ਵਿੱਚ ਉਪਰਲੇ 25% ਸ਼ਹਿਰਾਂ ਵਿੱਚ ਸ਼ੁਮਾਰ ਹੁੰਦਾ ਹੈ। ਇੱਥੇ ਵੀ ਪੰਜਾਬੀਆਂ ਦੀ ਵਾਹਵਾ ਗਿਣਤੀ ਹੈ। ਇਹ ਟੋਰਾਂਟੋ ਤੋਂ ਲਗਪਗ 90 ਕਿਲੋਮੀਟਰ ਦੀ ਵਿੱਥ ‘ਤੇ ਹੈ। ਜਿਹੜੇ ਲੋਕਾਂ ਦੀ ਨੌਕਰੀ ਪੰਜਾਬੀਆਂ ਦੇ ਗੜ੍ਹ ਵਾਲੇ ਸ਼ਹਿਰਾਂ ਬਰੈਂਪਟਨ ਜਾਂ ਮਿਸੀਸਾਗਾ ਦੇ ਕਿਸੇ ਵੀ ਹਿੱਸੇ ਵਿੱਚ ਹੈ, ਉਹ ਉੱਥੇ ਕਾਰ ਰਾਹੀਂ ਘੰਟੇ ਕੁ ਵਿੱਚ ਪੁੱਜ ਜਾਂਦੇ ਹਨ। ਉਨ੍ਹਾਂ ਕੋਲ ਸੁਹਣਾ ਹਾਈਵੇ ਹੈ, ਜਿਹੜਾ ਟੋਰਾਂਟੋ ਨੂੰ ਅਮਰੀਕਾ ਦੇ ਡਿਟਰਾਇਟ ਬਾਰਡਰ ਨਾਲ ਜੋੜਦਾ ਹੈ। ਕੇਂਬਰਿੱਜ ਵਿੱਚ ਮੇਰਾ ਇੱਕ ਪਿਆਰਾ ਵਿਦਿਆਰਥੀ ਅਤੇ ਕਲਾਕਾਰ ਮਨਿੰਦਰ ਆਪਣੇ ਪਰਿਵਾਰ ਸਹਿਤ ਰਹਿੰਦਾ ਹੈ। ਕਿੱਤੇ ਵਜੋਂ ਚਾਰਟਰਡ ਅਕਾਊਂਟੈਂਟ ਮਨਿੰਦਰ ਬਰੈਂਪਟਨ ਵਿੱਚ ਪ੍ਰੈਕਟਿਸ ਕਰਦਾ ਹੈ। ਜੇ ਉਹ ਮੈਨੂੰ ਆਪਣੇ ਘਰ ਵਿੱਚ ਲਿਜਾ ਕੇ ਦੋ-ਤਿੰਨ ਦਿਨ ਨਾ ਰੱਖੇ ਤਾਂ ਉਸਦੇ ਨਾਰਾਜ਼ ਹੋਣ ਦਾ ਖ਼ਤਰਾ ਰਹਿੰਦਾ ਹੈ। 2017 ਵਿੱਚ ਜਦੋਂ ਮੈਂ ‘ਮੁੜ ਆ ਲਾਮਾਂ ਤੋਂ’ ਦਾ ਉਸਦੇ ਘਰ ਵਿੱਚ ਪਾਠ ਕੀਤਾ ਤਾਂ ਘੱਟੋ-ਘੱਟ ਦਸ-ਬਾਰਾਂ ਲੋਕ ਬਰੈਂਪਟਨ ਅਤੇ ਮਿਸੀਸਾਗਾ ਤੋਂ ਕੇਂਬਰਿੱਜ ਪਹੁੰਚੇ ਸਨ; ਭਾਵ ਕੇਂਬਰਿੱਜ ਨੇੜੇ ਹੀ ਸਮਝਿਆ ਜਾਂਦਾ ਹੈ। ਇਵੇਂ ਹੀ ਗੁਲਫ ਵੀ ਨੇੜੇ ਹੈ, ਜਿੱਥੇ ਮੇਰਾ ਕਵੀ ਮਿੱਤਰ ਡਾਕਟਰ ਸੁਖਪਾਲ ਰਹਿੰਦਾ ਹੈ। ਉਹ ਤਾਂ ਸ਼ਾਂਤੀ ਨਿਕੇਤਨ ਵਰਗਾ ਕਸਬਾ ਹੈ। ਓਂਟਾਰੀਓ ਪ੍ਰਾਂਤ ਦੇ ਬਹੁਤ ਸਾਰੇ ਨਿੱਕੇ ਸ਼ਹਿਰ ਗਰੈਂਡ ਰਿਵਰ ਦੇ ਕੰਢੇ ਵੱਸੇ ਹੋਏ ਹਨ। 1882 ਵਿੱਚ ਬਣਿਆ ਵਿਸ਼ਾਲ ਚਰਚ ਮੈਨੂੰ ਯਾਦ ਹੈ, ਜਿਸ ਦੇ ਬਿਲਕੁਲ ਨੇੜੇ ਉੱਥੋਂ ਦਾ ਆਰਕੀਟੈਕਚਰ ਕਾਲਜ ਹੈ। ਟੋਰਾਂਟੋ ਤੋਂ ਪੱਛਮ-ਦੱਖਣ ਦਾ ਇਹ ਸਾਰਾ ਇਲਾਕਾ ਮੇਰੇ ਚੇਤਿਆਂ ਵਿੱਚ ਵੱਸਿਆ ਹੋਇਆ ਹੈ, ਜਿੱਥੇ ਗਰੈਂਡ ਦਰਿਆ ਵੀ ਵਹਿੰਦਾ ਹੈ। ਇਨ੍ਹਾਂ ਕਸਬਿਆਂ ਵਿਚਾਲਿਓਂ ਲੰਘ ਕੇ ਹੀ ਤੁਸੀਂ ਸੜਕੀ ਰਸਤਿਉਂ ਵਿੰਡਸਰ ਰਾਹੀਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵੱਲ ਜਾਂਦੇ ਹੋ। ਪ੍ਰਸਿੱਧ ਪੰਜਾਬੀ ਕਵੀ ਨਵਤੇਜ ਭਾਰਤੀ ਵੀ ਇਸੇ ਤਰ੍ਹਾਂ ਦੇ ਸ਼ਾਂਤ ਪਰ ਨਿਸਬਤਨ ਵੱਡੇ ਕਸਬੇ ਲੰਡਨ ਵਿੱਚ ਰਹਿੰਦਾ ਹੈ। ਫ਼ਰੈਡਰਿੱਕ ਬੈਂਟਿੰਗ ਨੇ ਇਸੇ ਸ਼ਹਿਰ ਵਿੱਚ ਸ਼ੱਕਰ-ਰੋਗ ਨੂੰ ਕਾਬੂ ਕਰਨ ਵਾਲੀ ਦਵਾ ਇਨਸੂਲਿਨ ਦੀ ਖੋਜ ਕੀਤੀ ਸੀ। ਕੀ ਪਤਾ ਸੀ ਕਿ ਇਸ ਦਵਾਈ ਦੀ ਪੰਜਾਬੀਆਂ ਨੂੰ ਵੀ ਐਨੀ ਜ਼ਿਆਦਾ ਵਰਤੋਂ ਕਰਨੀ ਪਵੇਗੀ! ਪਰ ਜੇ ਪੀਜ਼ਿਆਂ-ਬਰਗਰਾਂ ਤੋਂ ਹਟ ਕੇ ਪੰਜਾਬ ਦੀਆਂ ਸਬਜ਼ੀਆਂ ਦੀ ਤਾਜ਼ਗੀ ਵਾਲਾ ਸਵਾਦ ਚੱਖਣਾ ਹੋਵੇ ਤਾਂ ਨਵਤੇਜ ਅਤੇ ਉਸਦੀ ਕਵਿਤ੍ਰੀ-ਪਤਨੀ ਸੁਰਿੰਦਰ ਕੌਰ ਦੇ ਮਹਿਮਾਨ ਬਣੋ, ਕਿਉਂਕਿ ਉਹ ਗਰਮੀਆਂ ਵਿੱਚ ਆਪਣੇ ਬੈਕਯਾਰਡ ਵਿੱਚੋਂ ਸੱਜਰੀ ਪੁੱਟੀ ਜਾਂ ਤੋੜੀ ਸਬਜ਼ੀ ਚਾੜ੍ਹਦੇ ਹਨ।
2017 ਵਿੱਚ ਮਨਿੰਦਰ ਮੈਨੂੰ ਸਟ੍ਰੈੱਟਫ਼ਰਡ ਵੀ ਲੈ ਗਿਆ ਸੀ। ਇਸ ਵਾਰ 2019 ਵਿੱਚ ਮੈਂ ਉਸ ਤੋਂ ਪਹਿਲਾਂ ਹੀ ਇਹ ਵਾਅਦਾ ਲੈ ਲਿਆ ਕਿ ਅਸੀਂ ਦੋਬਾਰਾ ਸਟ੍ਰੈੱਟਫ਼ਰਡ ਜਾਵਾਂਗੇ ਅਤੇ ਨਾਟਕ ਵੀ ਦੇਖਾਂਗੇ। ਮੇਰਾ ਸਟ੍ਰੈੱਟਫ਼ਰਡ ਕਸਬੇ ਨਾਲ ਭਾਵੁਕਤਾ ਵਾਲਾ ਰਿਸ਼ਤਾ ਹੈ। ਦਰਅਸਲ ਇਹ ਇੰਗਲੈਂਡ ਦੇ ਸ਼ਹਿਰ ਸਟ੍ਰੈੱਟਫ਼ਰਡ ਅਪੌਨ ਏਵਨ ਦੀ ਤਰਜ਼ `ਤੇ ਵਸਾਇਆ ਹੋਇਆ ਹੈ। ਸ਼ੇਕਸਪੀਅਰ ਦਾ ਜਨਮ ਇੰਗਲੈਂਡੀ ਸਟ੍ਰੈੱਟਫ਼ਰਡ ਵਿੱਚ ਹੋਇਆ ਸੀ। ਕੈਨੇਡਾ ਦੇ ਇਸ ਸ਼ਹਿਰ ਵਿੱਚ ਪਹਿਲਾਂ ‘ਸ਼ੇਕਸਪੀਅਰ’ ਨਾਂ ਦਾ ਇੱਕ ਹੋਟਲ ਗਰੈਂਡ ਨਦੀ ਦੇ ਕਿਨਾਰੇ ਬਣਿਆ; ਕਸਬੇ ਵਿੱਚ ਨਦੀ ਦਾ ਨਾਂ ਹੁਣ ਏਵਨ ਹੈ। ਨੇੜਲੇ ਪਿੰਡ ‘ਬੈੱਲਜ਼ ਕਾਰਨਰ’ ਦਾ ਨਾਂ ਵੀ ‘ਸ਼ੇਕਸਪੀਅਰ’ ਰੱਖਿਆ ਗਿਆ। ਸਟ੍ਰੈੱਟਫ਼ਰਡ ਵਿੱਚ ਕੁਝ ਥੀਏਟਰ ਵੀ ਹਨ, ਜਿਨ੍ਹਾਂ ਵਿੱਚ ਪਿਛਲੇ ਲਗਪਗ ਸੱਤਰ ਸਾਲਾਂ ਤੋਂ ਨਾਟਕ-ਫ਼ੈਸਟੀਵਲ ਹੋ ਰਿਹਾ ਹੈ। ਇਸ ਮੇਲੇ ਵਿੱਚ ਮਾਰਚ-ਅਪਰੈਲ ਤੋਂ ਲੈ ਕੇ ਅਕਤੂਬਰ ਅੰਤ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਨਾਟਕਾਂ ਦਾ ਇੱਕ ਭਰਪੂਰ ਫ਼ੈਸਟੀਵਲ ਹੁੰਦਾ ਹੈ, ਜਿਸ ਵਿੱਚ ਆਸੇ-ਪਾਸੇ ਦੇ ਸਾਰੇ ਮੁਲਕਾਂ ਅਤੇ ਸ਼ਹਿਰਾਂ ਦੇ ਲੋਕ ਆਉਂਦੇ ਹਨ ਅਤੇ ਪੰਜ-ਛੇ ਮਹੀਨੇ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਮੇਲੇ ਵਿੱਚ ਸ਼ੇਕਸਪੀਅਰ ਦੇ ਨਾਟਕਾਂ ਤੋਂ ਇਲਾਵਾ ਆਧੁਨਿਕ ਨਾਟਕ ਵੀ ਖੇਡੇ ਜਾਂਦੇ ਹਨ। ਜਦੋਂ ਮੈਂ 2017 ਵਿੱਚ ਟੋਰਾਂਟੋ ਗਿਆ ਸੀ ਤਾਂ ਇੱਥੇ ਸ਼ੈਰੇਨ ਪੌਲਕ ਨਾਂ ਦੀ ਨਾਟਕਕਾਰ-ਨਿਰਦੇਸ਼ਕ ਦਾ ਨਾਟਕ ‘ਕਾਮਾਗਾਟਾ ਮਾਰੂ ਇਨਸੀਡੈਂਟ’ ਖੇਡਿਆ ਜਾ ਰਿਹਾ ਸੀ। ਇਹ ਅੰਗਰੇਜ਼ੀ ਦਾ ਪਹਿਲਾ ਮਹੱਤਵਪੂਰਨ ਨਾਟਕ ਹੈ, ਜੋ ਪੰਜਾਬੀਆਂ ਬਾਰੇ ਲਿਖਿਆ ਗਿਆ ਹੈ। ਮੈਂ ਸ਼ੈਰੇਨ ਨੂੰ ਨਿਜੀ ਤੌਰ `ਤੇ ਵੀ ਜਾਣਦਾ ਹਾਂ, ਇਸ ਲਈ ਨਾਟਕ ਦੇਖਣ ਦੀ ਭਰਪੂਰ ਇੱਛਾ ਸੀ; ਪਰ ਮੇਰੀ ਠਹਿਰ ਦੀਆਂ ਤਾਰੀਖਾਂ ਨੂੰ ਇਹ ਮਨਜ਼ੂਰ ਨਹੀਂ ਸੀ।
ਕੈਨੇਡਾ ਦਾ ਸ਼ਹਿਰ ਸਟ੍ਰੈੱਟਫ਼ਰਡ ਇੰਗਲੈਂਡ ਵਰਗਾ ਨਹੀਂ ਹੋ ਸਕਦਾ, ਕਿਉਂਕਿ ਇੰਗਲੈਂਡ ਵਿੱਚ ਪੰਜ ਸਦੀਆਂ ਪਹਿਲਾਂ ਬਣਿਆ ਉਹ ਘਰ ਹੈ, ਜਿੱਥੇ ਸ਼ੇਕਸਪੀਅਰ ਪੈਦਾ ਹੋਇਆ। ਉਸ ਵਕਤ ਦਾ ਫ਼ਰਨੀਚਰ ਅਜੇ ਵੀ ਦੇਖਿਆ ਜਾ ਸਕਦਾ ਹੈ। ਉਸ ਸਟ੍ਰੈੱਟਫ਼ਰਡ ਵਿੱਚ ਉਹ ਘਰ ਵੀ ਹੈ, ਜਿੱਥੇ ਉਸਨੇ ਆਪਣੀ ਪ੍ਰੇਮਿਕਾ ਐਨੀ ਨਾਲ ਰੁਮਾਂਸ ਰਚਾਇਆ ਅਤੇ ਸ਼ਾਦੀ ਕੀਤੀ; ਪਰ ਇੰਗਲੈਂਡੀ ਸਟ੍ਰੈਟਫ਼Lਰਡ ਵਿੱਚ ਜਾ ਕੇ ਤੁਸੀਂ ਸਿਰਫ਼ ਨਾਟਕਕਾਰ ਅੱਗੇ ਸਿਰ ਝੁਕਾਉਂਦੇ ਹੋ, ਜਦੋਂਕਿ ਕੈਨੇਡੀਅਨ ਸਟ੍ਰੈੱਟਫ਼ਰਡ ਨੂੰ ਅਜੋਕੀ ਅਵਸਥਾ ਵਿੱਚ ਪੁਚਾਉਣ ਵਾਲੇ ਉਸ ਦੇ ਸਾਰੇ ਪ੍ਰਸ਼ੰਸਕਾਂ ਅੱਗੇ ਨਤਮਸਤਕ ਹੋਣਾ ਪੈਂਦਾ ਹੈ। ਜਦੋਂ ਪਿਛਲੀ ਵਾਰ ਮੈਨੂੰ ਮਨਿੰਦਰ ਲੈ ਕੇ ਗਿਆ ਸੀ ਤਾਂ ਸਾਡੇ ਕੋਲ ਕਿਸੇ ਨਾਟਕ ਦੀਆਂ ਟਿਕਟਾਂ ਨਹੀਂ ਸਨ। ਅਸੀਂ ਨਦੀ ਕਿਨਾਰੇ ਬੈਠ ਕੇ ਸਿਰਫ਼ ਸ਼ੇਕਸਪੀਅਰ ਨੂੰ ਸ਼ਰਧਾਂਜਲੀ ਦੇ ਕੇ ਆ ਗਏ ਸੀ। ਕਈ ਵਰ੍ਹੇ ਪਹਿਲਾਂ ਟੋਰਾਂਟੋ ਦੇ ਇੱਕ ਵਿਦਵਾਨ ਬਲਰਾਜ ਚੀਮਾ ਨੇ ਮਿਹਰਬਾਨੀ ਕੀਤੀ ਸੀ ਅਤੇ ਸ਼ੇਕਸਪੀਅਰ ਦਾ ‘ਓਥੈਲੋ’ ਸਟ੍ਰੈੱਟਫ਼ਰਡ ਵਿੱਚ ਦਿਖਾਇਆ ਸੀ। ਚੀਮਾ ਨੇ ਇਸ ਕਸਬੇ ਰਾਹੀਂ ਮੇਰੀ ਪੱਛਮੀ ਰੰਗਮੰਚ ਨੂੰ ਪਛਾਣਨ ਵਾਲੀ ਖਿੜਕੀ ਖੋਲ੍ਹੀ ਸੀ। ਉਦੋਂ ਸਾਨੂੰ ਇੱਕ ਹੋਰ ਸੱਜਣ ਨੇ ਸਟ੍ਰੈੱਟਫ਼ਰਡ ਵਿੱਚ ਆਪਣੇ ‘ਮੇਜਰਜ਼ ਮੋਟਲ’ ਵਿੱਚ ਠਹਿਰਾਇਆ ਅਤੇ ਸੇਵਾ ਕੀਤੀ। ਪਹਿਲੀ ਵਾਰ ਮਹਿਸੂਸ ਹੋਇਆ ਕਿ ਭਾਵੇਂ ਪੰਜਾਬੀ ਰੋਟੀ-ਰੋਜ਼ੀ ਖਾਤਰ ਦੁਨੀਆਂ ਦੀ ਕਿਸੇ ਵੀ ਨੁੱਕਰੇ ਚਲੇ ਜਾਣ, ਸੇਵਾ-ਭਾਵ ਨੂੰ ਵੀ ਨਾਲ ਹੀ ਲੈ ਕੇ ਜਾਂਦੇ ਹਨ। ਇਸ ਬਖ਼ਸ਼ਿਸ਼ ਪਿੱਛੇ ਗੁਰੂ ਸਾਹਿਬਾਨ ਦੀ ਲੰਗਰ ਦੀ ਪਰੰਪਰਾ ਹੈ, ਜੋ ਅੱਜ ਵੀ ਚੱਲ ਰਹੀ ਹੈ।
ਮਨਿੰਦਰ ਅਤੇ ਉਸਦੀ ਜੀਵਨ-ਸਾਥਣ ਆਸ਼ੀ ਨਾਲ ਮੈਂ ਸਟ੍ਰੈੱਟਫ਼ਰਡ ਪਹੁੰਚਿਆ। ਸਾਡੇ ਕੋਲ ‘ਸਟੂਡੀਓ ਥੀਏਟਰ’ ਦੀਆਂ ਟਿਕਟਾਂ ਸਨ, ਜੋ ਉਨ੍ਹਾਂ ਮਹੀਨਾ ਪਹਿਲਾਂ ਖ਼ਰੀਦੀਆਂ ਸਨ। ਉੱਥੇ 350-400 ਸੀਟਾਂ ਸਨ, ਜਿਹੜੀਆਂ ਕਿ ਭਰੀਆਂ ਹੋਈਆਂ ਸਨ। ਨਾਟਕ ‘ਨੇਥਨ ਦ ਵਾਈਜ਼’ ਬਾਰੇ ਇੰਡੀਆ ਵਿੱਚ ਬਹੁਤ ਕੁਝ ਪੜ੍ਹਿਆ ਸੀ। ਮੂਲ ਜਰਮਨ ਭਾਸ਼ਾ ਵਿੱਚ ਲਿਖੇ ਜੀ.ਈ. ਲੈਸਿੰਗ ਦੇ ਇਸ ਨਾਟਕ ਦਾ ਪਹਿਲਾ ਸ਼ੋਅ ਜਰਮਨੀ ਵਿੱਚ ਹੋਇਆ; ਪਰ ਨਾਟਕਕਾਰ ਦੀ ਮੌਤ ਪਿੱਛੋਂ। ਮੇਰੇ ਲਈ ਬੇਹੱਦ ਪ੍ਰਸੰਨਤਾ ਵਾਲੀ ਗੱਲ ਇਹ ਸੀ ਕਿ ਜਿਸ ਨਾਟਕ ਨੂੰ ਉਸਦਾ ਲੇਖਕ ਨਹੀਂ ਦੇਖ ਸਕਿਆ, ਉਸਦਾ ਮੌਕਾ ਮੈਨੰ ਹਜ਼ਾਰਾਂ ਮੀਲ ਦੂਰ ਰਹਿੰਦੇ ਸਾਧਾਰਨ ਨਾਟਕਕਾਰ ਨੂੰ ਮਿਲਿਆ ਸੀ। ਨਾਟਕ ਮੇਰੇ ਲਈ ਵਰਦਾਨ ਸੀ, ਕਿਉਂਕਿ ਇਸਦਾ ਵਿਸ਼ਾ ਸਾਡੇ ਮੁਲਕ ਦੇ ਅਜੋਕੇ ਹਾਲਾਤ ਉੱਤੇ ਬਹੁਤ ਢੁਕਦਾ ਹੈ। ਨਾਟਕ ਧਾਰਮਿਕ ਸਹਿਣਸ਼ੀਲਤਾ ਦੇ ਥੀਮ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਦਾ ਹੈ। ਹਿਟਲਰ ਦੇ ਰਾਜ ਦੌਰਾਨ ‘ਨੇਥਨ ਦ ਵਾਈਜ਼’ ਯੂਰਪ ਵਿੱਚ ਇਸ ਲਈ ਵੀ ਦੇਖਿਆ ਜਾਣ ਲੱਗਾ, ਕਿਉਂਕਿ ਉਸ ਦਵਾਰਾ ਕੀਤੇ ਮਾਨਵ-ਵਿਨਾਸ਼ ਦਾ ਮੰਤਵ ਯਹੂਦੀਆਂ ਦਾ ਸਫ਼ਾਇਆ ਕਰਕੇ ਜਰਮਨਾਂ ਦਾ ਸ਼ੁਧੀਕਰਨ ਕਰਨਾ ਸੀ। ਇਹ ਉਹ ਸਮਾਂ ਹੈ, ਜਦੋਂ ਯੂਰਪ ਵਿੱਚ ਧਾਰਮਿਕ ਵਖਰੇਵਿਆਂ ਨਾਲੋਂ ਜ਼ਿਆਦਾ ਨਫ਼ਰਤ ਉਨ੍ਹਾਂ ਦੀ ਨਸਲ ਅਤੇ ਜਾਤੀ (ੲਟਹਨਚਿਟਿੇ) ਦੇ ਵਖਰੇਵਿਆਂ ਵਿੱਚੋਂ ਪੈਦਾ ਹੁੰਦੀ ਸੀ। ਹਿਟਲਰ ਯਹੂਦੀਆਂ ਨੂੰ ਮਾਰਨ ਲਈ ਗੈਸ ਦੇ ਚੈਂਬਰਾਂ ਵਿੱਚ ਬੰਦ ਕਰ ਦੇਂਦਾ ਸੀ। ਹਿਟਲਰ ਦੀ ਇਸ ਨਫ਼ਰਤ ਦਾ ਇੱਕ ਕਾਰਨ ਇਹ ਸੀ ਕਿ ਪਹਿਲੇ ਸੰਸਾਰ ਯੁੱਧ ਵਿੱਚ ਲੜਦਿਆਂ ਉਹ ਜਰਮਨੀ ਦੀਆਂ ਵਿਰੋਧੀ ਫ਼ੌਜਾਂ ਦੇ ਇੱਕ ਗੈਸੀ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਉਸਦੀਆਂ ਅੱਖਾਂ ਉੱਤੇ ਇਸ ਹਮਲੇ ਦਾ ਪ੍ਰਭਾਵ ਪਿਆ ਸੀ। 1918 ਵਿੱਚ ਜਰਮਨੀ ਦੀ ਹਾਰ ਬਾਰੇ ਉਹ ਲਿਖਦਾ ਹੈ, “ਮੇਰੀਆਂ ਅੱਖਾਂ ਅੱਗੇ ਇੱਕ ਵਾਰ ਫ਼ੇਰ ਹਨੇਰਾ ਆ ਗਿਆ।”
ਜਰਮਨੀ ਦੇ ਰਾਸ਼ਟਰਵਾਦੀਆਂ ਅਤੇ ਸੱਜੇ ਪੱਖੀ ਲੋਕਾਂ ਦਾ ਖ਼ਿਆਲ ਹੈ ਕਿ ਜਰਮਨੀ ਸਾਂਝੀਆਂ ਫ਼ੌਜਾਂ ਕੋਲੋਂ ਨਹੀਂ ਬਲਕਿ ਯਹੂਦੀਆਂ, ਸੋਸ਼ਲ ਡੈਮੋਕਰੈਟਾਂ ਅਤੇ ਕਮਿਊਨਿਸਟਾਂ ਕਰਕੇ ਹਾਰਿਆ ਸੀ; ਕਿਉਂਕਿ ਬਹੁਤੇ ਕਮਿਊਨਿਸਟ ਯਹੂਦੀ ਸਨ। ਇਸ ਲਈ ਹਿਟਲਰ ਵਾਸਤੇ ਯਹੂਦੀ ਲੋਕ ਜ਼ਿਆਦਾ ਨਫ਼ਰਤਯੋਗ ਸਨ। ਗੈਸ ਨਾਲ ਆਪਣੀ ਅੱਖ ਦੇ ਜ਼ਖ਼ਮੀ ਹੋਣ ਦਾ ਬਦਲਾ ਲੈਣ ਲਈ ਉਸ ਨੇ 60 ਲੱਖ ਯਹੂਦੀ ਸ਼ੁਧੀਕਰਨ ਦੇ ਨਾਂ ‘ਤੇ ਗੈਸ ਚੈਂਬਰਾਂ ਵਿੱਚ ਡੱਕ ਕੇ ਮਾਰ ਦਿੱਤੇ ਸਨ। ਹਿਟਲਰ ਉੱਤੇ ਜਰਮਨ-ਰਾਸ਼ਟਰਵਾਦ ਦਾ ਭੂਤ ਸਵਾਰ ਸੀ।
‘ਨੇਥਨ ਦ ਵਾਈਜ਼’ ਨਾਟਕ ਦੇ ਪਾਤਰ ਯਹੂਦੀ, ਈਸਾਈ ਅਤੇ ਮੁਸਲਿਮ ਭਾਵ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਹਨ। ਉਨ੍ਹਾਂ ਦੇ ਆਪਸੀ ਸੰਬੰਧਾਂ ਅਤੇ ਤਣਾਵਾਂ ਦੀ ਗੱਲ ਕਰਦੇ ਇਸ ਨਾਟਕ ਵਿੱਚ ਸਲਾਦੀਨ ਨਾਂ ਦਾ ਇੱਕ ਪਾਤਰ ਹੈ, ਜਿਸ ਕੋਲ ਇੱਕ ਜਾਦੂਈ ਮੁੰਦਰੀ ਹੈ। ਸਲਾਦੀਨ ਦੇ ਤਿੰਨ ਪੁੱਤਰ ਹਨ ਅਤੇ ਉਹ ਇਸਨੂੰ ਆਪਣੇ ਸਭ ਤੋਂ ਵੱਧ ਚਹੇਤੇ ਪੁੱਤਰ ਨੂੰ ਦੇਣਾ ਚਾਹੁੰਦਾ ਹੈ, ਪਰ ਮੋਹ-ਵੱਸ ਤਿੰਨਾਂ ਪੁੱਤਰਾਂ ਨਾਲ ਇਸ ਮੁੰਦਰੀ ਨੂੰ ਦੇਣ ਦਾ ਇਕਰਾਰ ਕਰ ਲੈਂਦਾ ਹੈ। ਮਸਲੇ ਦਾ ਹੱਲ ਕਰਨ ਲਈ ਸਲਾਦੀਨ ਉਸ ਮੁੰਦਰੀ ਨਾਲ ਹੂਬਹੂ ਮਿਲਦੀਆਂ ਦੋ ਹੋਰ ਮੁੰਦਰੀਆਂ ਬਣਾ ਲੈਂਦਾ ਹੈ ਅਤੇ ਤਿੰਨਾਂ ਪੁੱਤਰਾਂ ਨੂੰ ਇੱਕ-ਇੱਕ ਦੇ ਦੇਂਦਾ ਹੈ। ਕਿਸੇ ਨੂੰ ਕੁਝ ਪਤਾ ਨਹੀਂ ਲਗਦਾ ਕਿ ਅਸਲੀ ਕਿਹੜੀ ਹੈ। ਬਾਪ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕੋਈ ਅੰਗੂਠੀ ਅਸਲੀ ਨਹੀਂ ਹੁੰਦੀ, ਉਸਨੂੰ ਅਸਲੀ ਬਣਾਉਣ ਵਾਲਾ ਉਹਨੂੰ ਪਾਉਣ ਵਾਲਾ ਹੁੰਦਾ ਹੈ, ਬਸ਼ਰਤ ਕਿ ਲੋਕਾਂ ਦਾ ਉਸ ਵਿੱਚ ਵਿਸ਼ਵਾਸ ਹੋਵੇ। ਪਰ ਪੁੱਤਰਾਂ ਦੀ ਇਸ ਗੱਲ ਨਾਲ ਤਸੱਲੀ ਨਹੀਂ ਹੁੰਦੀ। ਇਸ ਲਈ ਸਲਾਦੀਨ ਦੀ ਮੌਤ ਤੋਂ ਬਾਅਦ ਉਹ ਤਿੰਨੇ ਇੱਕ ਜੱਜ ਦੀ ਰਾਏ ਲੈਣ ਜਾਂਦੇ ਹਨ। ਪਾਰਖੀ ਜੱਜ ਫ਼ੈਸਲਾ ਸੁਣਾਉਂਦਾ ਹੈ ਕਿ ਤਿੰਨੇ ਹੀ ਮੁੰਦਰੀਆਂ ਅਸਲੀ ਹਨ। ਫਿਰ ਨਾਟਕਕਾਰ ਇਸ ਪ੍ਰਸੰਗ ਨੂੰ ਤਿੰਨਾਂ ਧਰਮਾਂ ਨਾਲ ਜੋੜਦਾ ਹੈ। ਅਸਲ ਵਿੱਚ ਤਿੰਨ ਪੁੱਤਰ ਉਥੋਂ ਦੇ ਤਿੰਨ ਧਰਮਾਂ ਦੇ ਪ੍ਰਤੀਕ ਹਨ। ਸੂਝਵਾਨ ਨੇਥਨ ਸਮਝਾਉਂਦਾ ਹੈ ਕਿ ਹਰ ਬੰਦੇ ਨੂੰ ਉਸਦਾ ਧਰਮ ਤੇ ਵਿਸ਼ਵਾਸ ਵਿਰਸੇ ਵਿੱਚ ਮਿਲਦੇ ਹਨ, ਇਹ ਉਸਦੀ ਚੋਣ ਨਹੀਂ ਹੁੰਦੀ। ਇਸ ਲਈ ਦੁਨੀਆਂ ਵਿੱਚ ਕੋਈ ਵੀ ਸੱਚਾ ਜਾਂ ਝੂਠਾ ਧਰਮ ਨਹੀਂ ਹੈ। ਸਾਰੇ ਧਰਮ ਇੱਕੋ ਜੇਹੇ ਹਨ। 20ਵੀਂ ਸਦੀ ਵਿੱਚ ਬਰੈਖ਼ਤ ਨੇ ਵੀ ਇਸ ਤਰ੍ਹਾਂ ਦੇ ਪ੍ਰਸੰਗਾਂ ਨਾਲ ਆਪਣੀ ਗੱਲ ਕਹਿਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਸੀ। ਹੈਰਤ ਹੈ ਕਿ ਅੱਜ ਤੋਂ ਢਾਈ ਸੌ ਸਾਲ ਪਹਿਲਾਂ ਲੈਸਿੰਗ ਨੇ ਇੱਕ ਅਜਿਹਾ ਨਾਟਕ ਲਿਖਿਆ, ਜਿਹੜਾ ਅੱਜ ਦੇ ਸੰਸਾਰ ਉੱਤੇ ਪੂਰੀ ਤਰ੍ਹਾਂ ਢੁਕਦਾ ਹੈ।
ਪ੍ਰੈੱਸ ਅਤੇ ਦਰਸ਼ਕਾਂ ਵਿਚਕਾਰ ‘ਨੇਥਨ ਦ ਵਾਈਜ਼’ ਵਿੱਚ ਨੇਥਨ ਦੇ ਪਾਤਰ ਨੂੰ ਨਿਭਾਉਣ ਵਾਲੀ ਅਭਿਨੇਤਰੀ ਡਾਇਨੀ ਫ਼ਲੈਕਸ ਬਾਰੇ ਸਭ ਤੋਂ ਵੱਧ ਚਰਚਾ ਹੋਇਆ। ਫ਼ਲੈਕਸ ਕੈਨੇਡਾ ਦੀ ਮਸ਼ਹੂਰ ਅਭਿਨੇਤਰੀ ਅਤੇ ਇਨਾਮ-ਪ੍ਰਾਪਤ ਨਾਟਕਕਾਰ ਹੈ। ਉਸ ਨੇ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਤਿੰਨ ਇੱਕ-ਪਾਤਰੀ ਨਾਟਕ ਲਿਖੇ ਅਤੇ ਉਨ੍ਹਾਂ ਵਿੱਚ ਅਭਿਨੈ ਵੀ ਕੀਤਾ। ਉਸਨੇ ਫ਼ਿਲਮਾਂ, ਟੀ.ਵੀ. ਅਤੇ ਰੇਡੀਉ ਵਿੱਚ ਵੀ ਕਾਫ਼ੀ ਕੰਮ ਕੀਤਾ ਹੋਇਆ ਹੈ। ਉਸਦੇ ਨਾਟਕ ਵਿਚਲੇ ਰੋਲ ਨੂੰ ਲੈ ਕੇ ਚਰਚਾ ਇਸ ਗੱਲ ਦੀ ਨਹੀਂ ਹੋਈ ਕਿ ਉਹ ਕਿਹੋ ਜੇਹੀ ਕਲਾਕਾਰ ਹੈ, ਸਗੋਂ ਇਸ ਗੱਲ ਦੀ ਸੀ ਕਿ ਉਸ ਨੇ ਨਾਟਕ ਦੇ ਮਰਦ ਪਾਤਰ ਦਾ ਰੋਲ ਨਿਭਾਇਆ ਸੀ। ਬਾਰਬਰਾ ਨਾਂ ਦੀ ਸਮੀਖਿਅਕ ਨੇ ਆਪਣਾ ਇਤਰਾਜ਼ ਹੀ ਇੱਥੋਂ ਸ਼ੁਰੂ ਕੀਤਾ ਹੈ ਕਿ ਕੀ ਲਿੰਗ ਨੂੰ ਅੱਖੋਂ ਪਰੇ ਕਰਕੇ ਨਾਟਕ ਦੀ ਕਾਸਟਿੰਗ ਕਰਨ ਦਾ ਫ਼ੈਸਲਾ ਸਹੀ ਸੀ ਜਾਂ ਗ਼ਲਤ! ਬਾਰਬਰਾ ਮੰਨਦੀ ਹੈ ਕਿ “ਫ਼ਲੈਕਸ ਇਸ ਨਾਟਕ ਵਿੱਚ ਬਹੁਤ ਉਤਾਰ-ਚੜ੍ਹਾਅ ਵਾਲੀ ਅਤੇ ਸੁਲਝੀ ਹੋਈ ਪੇਸ਼ਕਾਰੀ ਦੇਂਦੀ ਹੈ ਅਤੇ ਕਈ ਥਾਈਂ ਨਾਟਕੀ ਤੀਬਰਤਾ ਨੂੰ ਬਹੁਤ ਖ਼ੂਬਸੂਰਤੀ ਨਾਲ ਉਭਾਰਦੀ ਹੈ।”
ਗੇਬਰੀਅਲ ਨੂੰ ਅਸਲ ਇਤਰਾਜ਼ ਨਿਰਦੇਸ਼ਕ ਉੱਤੇ ਹੈ। ਉਸਦੀ ਰਾਏ ਵਿੱਚ “ਜਦੋਂ ਫ਼ਲੈਕਸ ਸਾਡੇ ਸਾਹਮਣੇ ਆਉਂਦੀ ਹੈ ਤਾਂ ਔਰਤ ਹੀ ਲੱਗਦੀ ਹੈ। ਮਰਦ ਦਿਖਾਉਣ ਵਾਸਤੇ ਨਿਰਦੇਸ਼ਕ ਨੇ ਫ਼ਲੈਕਸ ਨੂੰ ਇੱਕ ਬਹੁਤ ਲੰਮਾ ਕੋਟ ਪੁਆਇਆ। ਨੇਥਨ ਦੇ ਪਾਤਰ ਦਾ ਮੇਕ ਅੱਪ ਵੀ ਆਲੋਚਕ ਨੂੰ ਪਸੰਦ ਨਹੀਂ। ਉਸ ਅਨੁਸਾਰ ਕੁੱਲ ਮਿਲਾ ਕੇ ਉਸਦੀ ਦਿੱਖ ਮਰਦਾਵੀਂ ਨਹੀਂ। ਗੇਬਰੀਅਲ ਇੱਕ ਮਹੱਤਵਪੂਰਨ ਸਵਾਲ ਪੁੱਛਦੀ ਹੈ ਕਿ ਕੀ ‘ਇਸ ਤਰ੍ਹਾਂ ਦਾ ਸਿਆਣੀ ਉਮਰ ਵਾਲੇ ਮਰਦਾਨਾ ਪਾਤਰ ਦਾ ਰੋਲ ਔਰਤ ਕੋਲੋਂ ਕਰਵਾ ਕੇ ਨਿਰਦੇਸ਼ਕ ਨੇ ਨਾਟਕ ਵਿੱਚ ਕੋਈ ਨਵਾਂ ਆਯਾਮ ਭਰਿਆ ਹੈ?” ਇਹ ਲਿਖ ਕੇ ਗੇਬਰੀਅਲ ਇਸ਼ਾਰਾ ਕਰਦੀ ਹੈ ਕਿ ਇਸਦਾ ਨਾਟਕ ਨੂੰ ਕੋਈ ਲਾਭ ਨਹੀਂ ਹੋਇਆ।
ਗੈਬਰੀਅਲ ਨਾਲ ਸਾਡੀ ਸਹਿਮਤੀ ਨਹੀਂ। ਨਾਟਕ ਨੂੰ ਦੇਖਦਿਆਂ ਮੈਨੂੰ ਭਾਰਤ ਦੇ ਮਸ਼ਹੂਰ ਅਦਾਕਾਰ ਮਨੋਹਰ ਸਿੰਘ ਦੀ ਯਾਦ ਆਈ, ਜਿਸ ਨੇ ਬਰੈਖ਼ਤ ਲਿਖਿਤ ‘ਮਦਰ ਕਰੇਜ’ ਦੀ ਹਿੰਦੀ ਪੇਸ਼ਕਾਰੀ ਵਿੱਚ ਹਿੰਮਤ ਬਾਈ ਦਾ ਬਾਕਮਾਲ ਰੋਲ ਕੀਤਾ ਸੀ। ਉਹ ਮਰਦ ਲੱਗਣ ਦੇ ਬਾਵਜੂਦ ਔਰਤ ਦੇ ਰੋਲ ਨੂੰ ਜੀਅ ਰਿਹਾ ਸੀ। ‘ਦਿੱਸਣ’ ਵਾਲੀ ਗੱਲ ਛੋਟੀ ਹੈ, ‘ਬਣ ਜਾਣ’ ਜਾਂ ‘ਹੋਣ’ ਦਾ ਜ਼ਿਆਦਾ ਮਹੱਤਵ ਹੈ। ਉਂਜ ਵੀ ਨਾਟਕ ਵਿੱਚ ਕੁਝ ਗੱਲਾਂ ਨੂੰ ਸਵੀਕਾਰ ਕਰਨ ਦੀ ਪਰੰਪਰਾ ਬਹੁਤ ਪੁਰਾਣੀ ਹੈ। ਜੇ ਰੰਗਮੰਚ ਉੱਤੇ ਕੋਈ ਪਾਤਰ ਕਹੇ ਕਿ ਇਹ ਰੇਲਵੇ ਸਟੇਸ਼ਨ ਹੈ ਤਾਂ ਦਰਸ਼ਕ ਕੁਝ ਮਿੰਟਾਂ ਵਿੱਚ ਹੀ ਉਸਨੂੰ ਸਟੇਸ਼ਨ ਮੰਨ ਲੈਂਦੇ ਹਨ।
ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਜਿੱਥੇ ਨਾਟਕਕਾਰ ਨੇ ਧਾਰਮਿਕ ਜਾਂ ਨਸਲੀ ਬਰਾਬਰੀ ਦੀ ਗੱਲ ਕੀਤੀ ਹੈ, ਉੱਥੇ ਨਿਰਦੇਸ਼ਕ ਦਿਓਰਾਟ ਨੇ ਨੇਥਨ ਦਾ ਰੋਲ ਔਰਤ ਕੋਲੋਂ ਕਰਵਾ ਕੇ ਅਸਿੱਧੇ ਤੌਰ ਤੇ ਲੈਂਗਿਕ ਸਮਾਨਤਾ ਦਾ ਪ੍ਰਸ਼ਨ ਵੀ ਸਾਹਮਣੇ ਲਿਆਂਦਾ ਹੈ। ਅਸਲ ਸਵਾਲ ਇਹ ਹੈ ਕਿ ਫ਼ਲੈਕਸ ਨੇ ਉਸ ਰੋਲ ਨੂੰ ਨਿਭਾਇਆ ਕਿਵੇਂ? ਸਾਰੇ ਸਮੀਖਿਅਕ ਉਸਦੀ ਪ੍ਰਸ਼ੰਸਾ ਕਰਦੇ ਹਨ। ਟੋਰਾਂਟੋ-ਸਟਾਰ ਦਾ ਸਮੀਖਿਅਕ ‘ਜੋ ਜ਼ੀਕਰ’ ਨਿਰਦੇਸ਼ਕ ਦੇ ਫ਼ੈਸਲੇ ਅਤੇ ਫ਼ਲੈਕਸ ਦੇ ਅਭਿਨੈ ਨੂੰ ਸਲਾਹੁੰਦਾ ਹੈ। ਨਾਟਕ ਦੇ ਨਾਲ-ਨਾਲ ਵੱਖ-ਵੱਖ ਕੋਣਾਂ ਤੋਂ ਕੀਤੀ ਸਮੀਖਿਆ ਵੀ ਬੜੀ ਗੰਭੀਰ ਅਤੇ ਵਿਸ਼ਲੇਸ਼ਣ ਕਰਨ ਵਾਲੀ ਸੀ। ਇਸ ਨੂੰ ਪੜ੍ਹ ਕੇ ਪ੍ਰੇਰਨਾ ਮਿਲੀ। ਜਦੋਂ ਵੀ ਮੈਂ ‘ਨੇਥਨ ਦ ਵਾਈਜ਼’ ਬਾਰੇ ਸੋਚਦਾ ਹਾਂ ਤਾਂ ਇਹ ਸਾਡੇ ਸਮਕਾਲੀ ਦ੍ਰਿਸ਼ ਦਾ ਨਾਟਕ ਲੱਗਦਾ ਹੈ। ਦੇਖਣ ਨੂੰ ਜੋ ਵੱਖਰਤਾ ਦਿਸਦੀ ਹੈ, ਉਹ ਨੀਝ ਅਤੇ ਦੂਜੇ ਦੀ ਨਜ਼ਰ ਨਾਲ ਦੇਖਿਆਂ ਸਮਾਨਤਾ ਬਣ ਜਾਂਦੀ ਹੈ। ਪਰ ਮਨ ਵਿੱਚ ਸਭ ਤੋਂ ਅਹਿਮ ਸਵਾਲ ਇਹ ਉਭਰਦਾ ਰਿਹਾ ਕਿ ਸਾਡੇ ਦੇਸ ਵਿੱਚ ਨੇਥਨ ਕਦੋਂ ਆਵੇਗਾ? ਕੀ ਕਦੇ ਨੇਥਨ ਆਵੇਗਾ ਵੀ? ਮੇਰਾ ਜੀਅ ਕਰਦਾ ਹੈ ਕਿ ਕੈਨੇਡਾ ਵਾਲੇ ਪੰਜਾਬੀ ਹੀ ਏਨੇ ਖੁਲ੍ਹਦਿਲੇ ਤੇ ਸਿਆਣੇ ਹੋ ਜਾਣ ਕਿ ਨੇਥਨ ਨੂੰ ਸਾਡੇ ਕੋਲ ਭੇਜ ਦੇਣ। ਅਸੀਂ ਆਪਣੇ ਮੁਲਕ ਅਤੇ ਸੱਭਿਆਚਾਰ ਵਿੱਚ ਨੇਥਨ ਨੂੰ ਬਹੁਤ ਬੇਸਬਰੀ ਨਾਲ ਉਡੀਕ ਰਹੇ ਹਾਂ!

Leave a Reply

Your email address will not be published. Required fields are marked *