ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ 15ਵੀਂ ਕਿਸ਼ਤ, ਜਿਸ ਵਿੱਚ ਪੰਜਾ ਸਾਹਿਬ, ਇਤਿਹਾਸਕ ਰੇਲਵੇ ਸਟੇਸ਼ਨ ਅਤੇ ਵਲੀ ਕੰਧਾਰੀ ਦੇ ਦਰਬਾਰ ਜਾਣ ਦਾ ਸੰਖੇਪ ਵੇਰਵਾ ਦਰਜ ਹੈ…
ਰਵਿੰਦਰ ਸਹਿਰਾਅ
ਫੋਨ: 219-900-1115
ਪੰਜਾ ਸਾਹਿਬ ਨੂੰ ਜਾਂਦਿਆਂ ਲਾਹੌਰ ਤੋਂ ਕੋਈ ਸਾਢੇ ਤਿੰਨ ਘੰਟੇ ਦੀ ਡਰਾਈਵ ’ਤੇ ਇੱਕ ਬਹੁਤ ਹੀ ਖ਼ੂਬਸੂਰਤ ਥਾਂ ਹੈ- ਕੱਲਰ ਕਹਾਰ। ਲਾਹੌਰੋਂ ਨਿਕਲਦਿਆਂ ਹੀ ਭਾਵੇਂ ਰਸਤੇ ਵਿੱਚ ਪਹਾੜੀ ਇਲਾਕਾ ਆ ਜਾਂਦਾ ਹੈ, ਪਰ ਇਹ ਕੱਲਰ ਕਹਾਰ ਤਾਂ ਇੱਕ ਕਿਸਮ ਦੀ ਜੱਨਤ ਹੀ ਜਾਪਦੀ ਹੈ। ਤਾਹਿਰ ਇਸ ਥਾਂ ’ਤੇ ਪਹਿਲਾਂ ਆ ਚੁਕਾ ਸੀ। ਪਹਾੜੀਆਂ ਦੇ ਪੈਰਾਂ ’ਚ ਘਿਰੀ ਝੀਲ ਕਿਸੇ ਨਵ-ਵਿਆਹੀ ਦੇ ਨਖ਼ਰਿਆਂ ਵਰਗੀ ਲੱਗਦੀ ਹੈ। ਸਾਫ਼ ਸੁਥਰਾ ਪਾਣੀ ਅਤੇ ਰੰਗ-ਬਰੰਗੇ ਪੰਛੀਆਂ ਦਾ ਉੱਡਣਾ ਇਸ ਨਜ਼ਾਰੇ ਨੂੰ ਹੋਰ ਵੀ ਦਿਲਕਸ਼ ਬਣਾਉਂਦਾ ਹੈ।
ਝੀਲ ਦੇ ਕਿਨਾਰੇ ’ਤੇ ਬਣਿਆ ਹੋਟਲ/ਰਿਜ਼ੌਰਟ ਇਸਕੇਪ ਯਾਤਰੀਆਂ ਲਈ ਖਿੱਚ ਦਾ ਮਰਕਜ਼ ਹੈ। ਅਸੀਂ ਕੁਝ ਦੇਰ ਕੋਸੀ-ਕੋਸੀ ਧੁੱਪ ਦਾ ਨਜ਼ਾਰਾ ਮਾਣਿਆ ਅਤੇ ਲਜ਼ੀਜ਼ ਖਾਣਿਆਂ ਨਾਲ਼ ਤੇ ਹੋਟਲ ਕਾਮਿਆਂ ਦੀ ਪ੍ਰਾਹੁਣਚਾਰੀ ਨਾਲ਼ ਧੰਨ-ਧੰਨ ਹੋ ਗਏ। ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਏਥੇ ਘੁੰਮਦੇ ਚਕੋਰ-ਚਕੋਰੀ ਦੀ ਜੋੜੀ ਨੂੰ ਦੇਖ ਕੇ ਵੀ ਹੋਈ। ਚੜ੍ਹਦੇ ਪੰਜਾਬ ਵਿੱਚ ਤਾਂ ਮੈਂ ਕਦੇ ਚਕੋਰ ਨਹੀਂ ਸੀ ਦੇਖੀ। ਬੱਸ ਚੰਨ ਤੇ ਚਕੋਰ ਦੀਆਂ ਦੰਦ-ਕਥਾਵਾਂ ਹੀ ਸੁਣੀਆਂ ਹੋਈਆਂ ਸਨ। ਇਸ ਕੁਦਰਤੀ ਨਜ਼ਾਰੇ ਨੂੰ ਦੇਖ ਕੇ ਰੂਹ ਤਰੋ-ਤਾਜ਼ਾ ਹੋ ਗਈ। ਹੋਟਲ ਵਿੱਚ ਬੜੇ ਵਾਜਬ ਭਾਅ ਦੇ ਕਮਰੇ ਅਤੇ ਸੁਈਟ ਵੀ ਬਣੇ ਹੋਏ ਹਨ। ਸਾਡੇ ਕੋਲ ਦਿਨ ਥੋੜ੍ਹੇ ਸਨ, ਨਹੀਂ ਤਾਂ ਅਸੀਂ ਰਾਤ ਠਹਿਰ ਕੇ ਹੀ ਅਗਾਂਹ ਜਾਣਾ ਸੀ। ਘੰਟੇ ਕੁ ਦੇ ਪੜਾਅ ਤੋਂ ਬਾਅਦ ਅਸੀਂ ਹਸਨ ਅਬਦਾਲ ਲਈ ਰਵਾਨਾ ਹੋ ਗਏ।
ਛੇ ਮਾਰਚ, ਬੁੱਧਵਾਰ ਦੇ ਨਿੱਖਰੇ ਦਿਨ ਤਾਹਿਰ ਸਾਨੂੰ ਰਾਹ ’ਚ ਆਉਂਦੀਆਂ ਥਾਵਾਂ ਬਾਰੇ ਜਾਣਕਾਰੀ ਦਿੰਦਾ ਜਾ ਰਿਹਾ ਸੀ। ਅਸੀਂ ਸਾਰੇ ਖ਼ਾਸ ਕਰਕੇ ਮਾਸਟਰ ਧਰਮਪਾਲ ਹੋਰੀਂ ਬੜੇ ਧਿਆਨ ਨਾਲ਼ ਸੁਣ ਰਹੇ ਸਨ। ਦੋ ਢਾਈ ਘੰਟੇ ਦੀ ਡਰਾਈਵ ਤੋਂ ਬਾਅਦ ਅਸੀਂ ਹਸਨ ਅਬਦਾਲ ਪਹੁੰਚ ਗਏ। ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ (ਇਸ ਦਾ ਵਿਸਥਾਰ ਮੈਂ ਪਹਿਲੇ ਭਾਗ ਵਿੱਚ ਪਿਛਲੀ ਫੇਰੀ ਦੌਰਾਨ ਦੇ ਚੁਕਾ ਹਾਂ) ਅਸੀਂ ਗੁਰਦੁਆਰੇ ਤੋਂ ਅੱਧੇ ਕੁ ਮੀਲ ਦੀ ਦੂਰੀ ’ਤੇ ਰੇਲਵੇ ਸਟੇਸ਼ਨ ਦੇਖਣ ਗਏ। ਸਾਡੇ ਡਰਾਈਵਰ ਇਮਰਾਨ ਨੇ ਭੀੜੇ ਬਾਜ਼ਾਰ ’ਚੋਂ ਲੰਘਦਿਆਂ ਪਾਣੀ ਦੀਆਂ ਬੋਤਲਾਂ ਅਤੇ ਹੋਰ ਨਿੱਕ-ਸੁੱਕ ਵੀ ਖ਼ਰੀਦ ਲਿਆਂਦਾ। 1922 ਵਿੱਚ ਗੁਰੂ ਕੇ ਬਾਗ਼ ਮੋਰਚੇ ਵਿੱਚ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਅੰਮ੍ਰਿਤਸਰੋਂ ਹਸਨ ਅਬਦਾਲ ਰਾਹੀਂ ਹੁੰਦਿਆਂ ਅਟਕ ਦੀ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ। ਸਾਰੇ ਕੈਦੀ ਕਈ ਦਿਨਾਂ ਤੋਂ ਭੁੱਖੇ-ਪਿਆਸੇ ਸਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਮੰਦੀ ਸੀ, ਪਰ ਉਹ ਫੇਰ ਵੀ ਚੜ੍ਹਦੀ ਕਲਾ ਵਿੱਚ ਸਨ। ਜਦੋਂ ਸਥਾਨਕ ਸਿੱਖਾਂ ਨੂੰ ਪਤਾ ਲੱਗਾ ਕਿ ਕੈਦੀ ਸਿੰਘ ਇੱਥੋਂ ਦੀ ਲੰਘ ਰਹੇ ਹਨ ਤਾਂ ਉਨ੍ਹਾਂ ਸਟੇਸ਼ਨ ਮਾਸਟਰ ਨੂੰ ਅਰਜ਼ੋਈ ਕੀਤੀ ਕਿ ਗੱਡੀ ਕੁਝ ਸਮੇਂ ਲਈ ਰੋਕ ਦਿੱਤੀ ਜਾਵੇ ਤਾਂ ਜੋ ਉਹ ਭੁੱਖੇ-ਪਿਆਸੇ ਕੈਦੀ ਸਿੰਘਾਂ ਨੂੰ ਲੰਗਰ ਛਕਾਅ ਸਕਣ; ਪਰ ਬਰਤਾਨਵੀ ਹਕੂਮਤ ਦੇ ਹੰਕਾਰੇ ਹੋਏ ਸਟੇਸ਼ਨ ਮਾਸਟਰ ਨੇ ਕੋਰੀ ਨਾਂਹ ਕਰ ਦਿੱਤੀ। ਫਿਰ ਕੀ ਸੀ, ਸਿੰਘਾਂ ਨੇ ਜਾਨ ਦੀ ਪਰਵਾਹ ਨਾ ਕਰਦਿਆਂ ਫ਼ੈਸਲਾ ਕੀਤਾ ਕਿ ਰੇਲਵੇ ਟਰੈਕ ਉੱਪਰ ਲੰਮੇ ਪੈ ਜਾਈਏ। ਕੂਕਾਂ ਮਾਰਦੀ ਗੱਡੀ ਨੇ ਡਾਇਣ ਦਾ ਰੂਪ ਧਾਰ ਲਿਆ। ਦੋ ਸਿੰਘ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਗੱਡੀ ਨੂੰ ਰੁਕਣਾ ਪਿਆ। ਕੈਦੀਆਂ ਨੂੰ ਲੰਗਰ ਛਕਾਇਆ ਗਿਆ। ਇਸ ਇਤਿਹਾਸਕ ਘਟਨਾ ਵਾਲੇ ਰੇਲਵੇ ਸਟੇਸ਼ਨ ਨੂੰ ਪਿਛਲੀ ਫੇਰੀ ਸਮੇਂ ਅਸੀਂ ਵੇਖ ਨਹੀਂ ਸਕੇ ਸੀ। ਸੋ ਸਾਡੀ ਰੀਝ ਵੀ ਪੂਰੀ ਹੋਈ। ਅਸੀਂ ਇਨ੍ਹਾਂ ਲਾਸਾਨੀ ਕੁਰਬਾਨੀਆਂ ਅੱਗੇ ਸਿਰ ਵੀ ਝੁਕਾਇਆ। ਇਹ ਵੀ ਇੱਕ ਸਬੱਬ ਹੀ ਸਮਝੋ ਕਿ ਲਾਹੌਰ ਤੋਂ ਅਟਕ ਜਾਣ ਵਾਲੀ ਇੱਕ ਟਰੇਨ ਵੀ ਸਾਡੇ ਹੁੰਦਿਆਂ ਹੀ ਆ ਕੇ ਖਲੋਈ। ਤਾਹਿਰ ਅਤੇ ਸ਼ਾਹਜੇਬ ਛਾਲ ਮਾਰ ਕੇ ਇੱਕ ਡੱਬੇ ’ਚ ਜਾ ਚੜ੍ਹੇ। ਨੀਰੂ ਨੇ ਅਤੇ ਡਰਾਈਵਰ ਨੇ ਸਾਡੀਆਂ ਤਸਵੀਰਾਂ ਉਤਾਰੀਆਂ। ਮੈਂ ਉਨ੍ਹਾਂ ਨੂੰ ਇਸ ਇਤਿਹਾਸਕ ਘਟਨਾ ਬਾਰੇ ਆਪਣੀ ਸਮਝ ਮੁਤਾਬਕ ਜਾਣਕਾਰੀ ਦਿੱਤੀ। ਇਸ ਕੁਰਬਾਨੀ ਬਾਰੇ ਸੁਣ ਕੇ ਉਨ੍ਹਾਂ ਦੇ ਮੂੰਹ ਅੱਡੇ ਰਹਿ ਗਏ।
ਵਲੀ ਕੰਧਾਰੀ ਦਾ ਦਰਬਾਰ
ਪਿਛਲੀ ਫੇਰੀ ਦੌਰਾਨ ਮੌਸਮ ਦੀ ਖ਼ਰਾਬੀ ਦੀ ਵਜ੍ਹਾ ਕਰਕੇ ਅਸੀਂ ਬੜੇ ਲੇਟ ਪੁੱਜੇ ਸੀ ਅਤੇ ਵਲੀ ਕੰਧਾਰੀ ਦਾ ਟਿੱਲਾ ਦੇਖਣ ਦੀ ਰੀਝ ਵਿੱਚੇ ਹੀ ਰਹਿ ਗਈ ਸੀ। ਗੁਰੂਘਰ ਦੇ ਗੇਟ ’ਤੇ ਖੜ੍ਹੇ ਸੁਰੱਖਿਆ ਕਰਮਚਾਰੀ ਨੂੰ ਅਸੀਂ ਪੁੱਛਿਆ ਤਾਂ ਉਹ ਮੇਰੇ ਵੱਲ ਦੇਖ ਕੇ ਹੱਸ ਪਏ ਅਤੇ ਕਹਿੰਦੇ “ਸਰਦਾਰ ਜੀ ਉੱਥੇ ਪਹੁੰਚੋਗੇ ਕਿਵੇਂ? ਬੜੀ ਚੜ੍ਹਾਈ ਹੈ।” ਅਸੀਂ ਉਨ੍ਹਾਂ ਨੂੰ ਤਾਂ ਕੁਝ ਨਾ ਕਿਹਾ, ਪਰ ਕਾਰ ਵਿੱਚ ਬਹਿਣ ਵੇਲੇ ਮੈਂ ਕਿਹਾ ਜਾ ਕੇ ਦੇਖੀਏ ਤਾਂ ਸਹੀ! ਗੁਰੂਘਰ ਦੇ ਸਾਹਮਣੇ ਵਾਲੇ ਬਾਜ਼ਾਰ ’ਚੋਂ ਥੋੜ੍ਹੀ ਜਿਹੀ ਦੂਰੀ ’ਤੇ ਹੀ ਇੱਕ ਪੱਕਾ ਗਲੀ ਨੁਮਾ ਰਸਤਾ ਜਾਂਦਾ ਹੈ, ਇਸ ਟਿੱਲੇ ਨੂੰ। ਇਹ ਕਰੀਬ ਚਾਰ-ਪੰਜ ਕਿਲੋਮੀਟਰ ਦੀ ਸਿੱਧੀ ਚੜ੍ਹਾਈ ਹੈ। ਮਾਸਟਰ ਧਰਮਪਾਲ ਉੱਗੀ ਹੋਰੀਂ ਤਾਂ ਇਹ ਸੁਣ ਕੇ ਹੀ ਨਾਂਹ ਕਰ ਦਿੱਤੀ, ਕਿਉਂਕਿ ਉਹ ਦਿਲ ਦੇ ਮਰੀਜ਼ ਹੋਣ ਕਾਰਨ ਕੋਈ ਰਿਸਕ ਨਹੀਂ ਸੀ ਲੈਣਾ ਚਾਹੁੰਦੇ।
ਮੈਂ, ਨੀਰੂ, ਤਾਹਿਰ ਅਤੇ ਸ਼ਾਹਜੇਬ ਨੇ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ, ਪਰ ਦੋ ਕਿਲੋਮੀਟਰ ਜਾ ਕੇ ਮੇਰੀ ਤਾਂ ਬੱਸ ਹੋ ਗਈ। ਇੱਕ ਪਾਸੇ ਪਹਾੜ ਅਤੇ ਦੂਜੇ ਪਾਸੇ ਮੀਲਾਂ ਦੀ ਡੂੰਘਾਈ ਅਤੇ ਕੋਈ ਪੰਜ-ਛੇ ਫੁੱਟ ਦਾ ਪੱਕਾ ਰਸਤਾ। ਸ਼ਾਹਜੇਬ ਤਾਂ ਟਪੂਸੀਆਂ ਮਾਰਦਾ ਦੌੜੀ ਜਾਵੇ ਅਤੇ ਕਦੀ ਉੱਚੀਆਂ ਪਹਾੜੀਆਂ ਉੱਪਰ ਬਹਿ ਕੇ ਸਾਨੂੰ ਚਿੜਾਵੇ। ਰਸਤੇ ਵਿੱਚ ਇੱਕਾ-ਦੁੱਕਾ ਦੁਕਾਨਾਂ ਵੀ ਥੋੜ੍ਹੇ ਬਹੁਤੇ ਸਮਾਨ ਵਾਲੀਆਂ ਦੇਖੀਆਂ ਅਤੇ ਦੁਕਾਨਦਾਰਾਂ ਨੇ ਸਾਡੀ ਖ਼ੈਰ-ਸੁੱਖ ਪੁੱਛੀ। ਉਥੇ ਲੋਕ ਜ਼ਿਆਦਾ ਹਿੰਦਕੋ ਬੋਲਦੇ ਹਨ, ਪਰ ਥੋੜ੍ਹੀ ਜਿਹੀ ਪੰਜਾਬੀ ਵੀ ਰਲ਼ੀ-ਮਿਲੀ ਹੁੰਦੀ ਹੈ। ਰਸਤੇ ’ਚ ਸਾਨੂੰ ਬਹੁਤੀਆਂ ਨੌਜਵਾਨ ਔਰਤਾਂ ਬੱਚਿਆਂ ਸਮੇਤ ਮਿਲੀਆਂ, ਜੋ ਵਲੀ ਕੰਧਾਰੀ ਦੇ ਟਿੱਲੇ ਉੱਪਰ ਸੁੱਖਣਾ ਸੁੱਖ ਕੇ ਆ-ਜਾ ਰਹੀਆਂ ਸਨ। ਜਿੱਥੇ ਵੀ ਅਸੀਂ ਮਾੜਾ ਜਿਹਾ ਰੁਕੀਏ ਤਾਂ ਇਸ ਤਰ੍ਹਾਂ ਲੱਗੇ ਕਿ ਟਿੱਲਾ ਤਾਂ ਔਹ ਦਿਸਦਾ ਹੈ, ਪਰ ਉਹ ਦੂਰ ਹੀ ਦੂਰ ਹੁੰਦਾ ਜਾ ਰਿਹਾ ਸੀ। ਇੱਕ ਨੌਜਵਾਨਾਂ ਦੇ ਟੋਲੇ ਨੂੰ ਅਸੀਂ ਪੁੱਛਿਆ ਕਿ ਇੱਥੋਂ ਕਿੰਨੀ ਕੁ ਦੂਰ ਹੈ ਤਾਂ ਉਹ ਹੱਸਦਿਆਂ ਕਹਿਣ ਲੱਗੇ ਅਜੇ ਤਾਂ ਤੁਸੀਂ ਅੱਧ ’ਚ ਵੀ ਨਹੀਂ ਪਹੁੰਚੇ। ਥੱਲੇ ਠੰਡ ਸੀ ਅਤੇ ਅਸੀਂ ਮੋਟੇ ਕੱਪੜੇ ਪਾਏ ਹੋਏ ਸਨ, ਪਰ ਚੜ੍ਹਾਈ ਚੜ੍ਹਦਿਆਂ ਬਾਕੀ ਤਾਂ ਸਾਰੇ ਠੀਕ-ਠਾਕ ਸਨ, ਮੇਰਾ ਪਸੀਨੇ ਨਾਲ਼ ਸਾਹ ਸੁੱਕ ਰਿਹਾ ਸੀ। ਸਾਰਿਆਂ ਨੇ ਫ਼ੈਸਲਾ ਕੀਤਾ ਕਿ ਆਪਾਂ ਏਥੋਂ ਹੀ ਥੱਲੇ ਵਾਪਸ ਮੁੜ ਜਾਈਏ। ਹੁਣ ਤਾਂ ਉਤਰਾਈ ਸੀ, ਅਸੀਂ ਬੜੇ ਸੁਖ਼ਾਲੇ ਹੀ ਚਾਲੀ-ਪੰਤਾਲ਼ੀ ਮਿੰਟਾਂ ’ਚ ਬਾਜ਼ਾਰ ਵਿੱਚ ਆਣ ਪਹੁੰਚੇ। ਰਸਤੇ ਵਿੱਚ ਮੈਂ ਸੋਚਦਾ ਜਾ ਰਿਹਾ ਸੀ ਕਿ ਵਲੀ ਕੰਧਾਰੀ ਨੇ ਕਿਸ ਤਰ੍ਹਾਂ ਨਿਸ਼ਾਨਾ ਬੰਨ੍ਹ ਕੇ ਭਾਰਾ ਪੱਥਰ ਬਾਬੇ ਨਾਨਕ ਅਤੇ ਮਰਦਾਨੇ ਵੱਲ ਸੁੱਟਿਆ ਹੋਊ? ਪਰ ਇਹ ਤਾਂ ਹੁਣ ਸਾਡੇ ਸਾਖੀਕਾਰਾਂ ਅਤੇ ਪ੍ਰਚਾਰਕਾਂ ਨੇ ਇਸ ਤਰ੍ਹਾਂ ਪ੍ਰਚਾਰ ਕੀਤਾ ਹੈ ਕਿ ਤੁਸੀਂ ਇਸ ਉਪਰ ਕਿੰਤੂ-ਪ੍ਰੰਤੂ ਕਰ ਹੀ ਨਹੀਂ ਸਕਦੇ। ਉਂਜ ਵੀ ਧਰਮ ਨਾਲ਼ ਜੁੜੀਆਂ ਕਥਾਵਾਂ ਬਾਰੇ ਬਹਿਸ ਕਰਨਾ ਬਹੁਤ ਨਾਜ਼ੁਕ ਹੁੰਦਾ ਹੈ, ਪਰ ਅਸੀਂ ਤਾਂ ਹੁਣ ਲਾਹੌਰ ਦੇ ਰਾਹ ਪੈ ਚੁੱਕੇ ਹਾਂ।
