ਪਰਮਜੀਤ ਢੀਂਗਰਾ
ਫੋਨ:+91-9417358120
ਪੱਛਮੀ ਏਸ਼ੀਆ ਦਾ ਖਿੱਤਾ ਇਸ ਵੇਲੇ ਭਿਆਨਕ ਯੁੱਧ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਨੂੰ ਇਕੱਲਾ ਖਾੜੀ ਦੇਸ਼ਾਂ ਦਾ ਯੁੱਧ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਵਿੱਚ ਇੱਕ ਪਾਸੇ ਅਮਰੀਕਾ-ਇਜ਼ਰਾਇਲ ਦੀ ਭਾਈਵਾਲੀ ਹੈ ਅਤੇ ਦੂਜੇ ਪਾਸੇ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਬਹਾਨਾ ਬਣਾ ਕੇ ਅਮਰੀਕਾ ਇਰਾਨ ਦੇ ਕੁਦਰਤੀ ਸਰੋਤਾਂ `ਤੇ ਕਾਬਜ਼ ਹੋਣਾ ਚਾਹੁੰਦਾ ਹੈ। ਰੂਸ, ਚੀਨ ਤੇ ਨਾਟੋ ਦੇਸ਼ ਆਪਣਾ ਆਪਣਾ ਬਚਾਅ ਕਰਨ ਵਿੱਚ ਲੱਗੇ ਹੋਏ ਹਨ।
ਭਾਰਤ ਦੀ ਖਮੋਸ਼ੀ ਅਮਰੀਕਾ-ਇਜ਼ਰਾਇਲ ਪੱਖੀ ਨਜ਼ਰ ਆ ਰਹੀ ਹੈ। ਦੁਨੀਆ ਊਰਜਾ ਦੇ ਵੱਡੇ ਸੰਕਟ ਵਿੱਚ ਘਿਰੀ ਹੋਈ ਹੈ। ਜੇ ਇਨ੍ਹਾਂ ਕਾਰਨਾਂ ਦੇ ਪਿਛੋਕੜ `ਤੇ ਨਜ਼ਰ ਮਾਰੀਏ ਤਾਂ ਅਮਰੀਕਾ ਪਹਿਲਾਂ ਵੀ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਇਰਾਨ ਤੋਂ ਮੂੰਹ ਦੀ ਖਾ ਕੇ ਵਾਪਸ ਪਰਤਿਆ ਸੀ। ਡੋਨਲਡ ਟਰੰਪ ਦਾ ਜਿੱਦੀ ਰਵੱਈਆ ਇਸ ਜੰਗ ਵਿੱਚ ਮਾਤ ਹੋਣ `ਤੇ ਵੀ ਪਿੱਛੇ ਹਟਣ ਲਈ ਤਿਆਰ ਨਹੀਂ। ਓਧਰ ਇਰਾਨ ਵਾਰ ਵਾਰ ਖਾੜੀ ਦੇ ਮੁਲਕਾਂ ਵਿੱਚ ਅਮਰੀਕਾ ਦੇ ਫੌਜੀ ਬੇਸ ਕੈਂਪਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਨ੍ਹਾਂ ਸਾਰੇ ਮਿਜ਼ਾਇਲੀ ਹਮਲਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ ਤੇ ਜ਼ਖਮੀ ਹੋਏ ਹਨ। ਸਟੇਟ ਆਫ ਹੌਰਮੂਜ਼ ਇਸ ਯੁੱਧ ਵਿੱਚ ਨਿਰਣਾਇਕ ਮੋੜ ਹੈ, ਕਿਉਂਕਿ ਇਸ ਰਾਹੀਂ ਤੇਲ ਦੁਨੀਆ ਨੂੰ ਸਪਲਾਈ ਹੁੰਦਾ ਹੈ। ਇਰਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕਾ ਤੇ ਉਹਦੇ ਹਮਾਇਤੀਆਂ ਨੂੰ ਇਸ ਰਸਤੇ ਵਿੱਚੋਂ ਨਹੀਂ ਲੰਘਣ ਦੇਵੇਗਾ। ਅਮਰੀਕਾ ਨੂੰ ਆਰਥਕ ਨੁਕਸਾਨ ਪਹੁੰਚਾਉਣ ਲਈ ਉਹਨੇ ਡਾਲਰ ਦੀ ਥਾਂ ਚੀਨੀ ਕਰੰਸੀ ਵਿੱਚ ਤੇਲ ਦਾ ਵਪਾਰ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਪੂਰੀ ਦੁਨੀਆ ਊਰਜਾ ਤੇ ਆਰਥਕ ਸੰਕਟ ਵਿੱਚ ਘਿਰੀ ਨਜ਼ਰ ਆਉਂਦੀ ਹੈ।
ਰੂਸ ਦੇ ਇਨਕਲਾਬੀ ਆਗੂ ਤੇ ਚਿੰਤਕ ਲੈਨਿਨ ਨੇ ਇੱਕ ਵਾਰ ਕਿਹਾ ਸੀ ਕਿ-ਪੂੰਜੀਵਾਦ ਜਿੰਨਾ ਜ਼ਿਆਦਾ ਵਿਕਸਤ ਹੋਵੇਗਾ, ਕੱਚੇ ਮਾਲ ਦੀ ਘਾਟ ਓਨੀ ਵਧੇਰੇ ਮਹਿਸੂਸ ਕੀਤੀ ਜਾਵੇਗੀ। ਇਸ ਘਾਟ `ਤੇ ਕਾਬੂ ਪਾਉਣ ਲਈ ਆਪਸੀ ਹੋੜ ਤੇ ਸਾਰੀ ਦੁਨੀਆ ਵਿੱਚ ਕੱਚੇ ਮਾਲ ਦੇ ਸੋਮਿਆਂ ਦੀ ਭਾਲ ਓਨੀ ਜ਼ਿਆਦਾ ਤੇਜ਼ ਹੁੰਦੀ ਜਾਏਗੀ। ਕੱਚੇ ਮਾਲ ਦੇ ਸੋਮਿਆਂ ਵਾਲੇ ਵਿਭਿੰਨ ਦੇਸ਼ਾਂ `ਤੇ ਕਬਜ਼ਾ ਕਰਨ ਦੀ ਲੜਾਈ ਸ਼ਰਮਨਾਕ ਰੂਪ ਅਖਤਿਆਰ ਕਰ ਜਾਏਗੀ। ਅੱਜ ਤੇਲ ਦੇ ਕੁਦਰਤੀ ਸੋਮਿਆਂ ਨਾਲ ਭਰਪੂਰ ਖਾੜੀ ਦੇ ਮੁਲਕਾਂ ਨਾਲ ਅਜਿਹਾ ਹੀ ਵਾਪਰ ਰਿਹਾ ਹੈ। ਲਗਾਤਾਰ ਫੈਲ ਰਹੇ ਪੂੰਜੀਵਾਦ ਨੇ ਸਾਰੀ ਦੁਨੀਆ ਦੇ ਕੱਚੇ ਮਾਲ ਦੇ ਸੋਮਿਆਂ ਨੂੰ ਸਿੱਧੇ/ਅਸਿੱਧੇ ਢੰਗ ਨਾਲ ਹੜੱਪਣ ਲਈ ਹਰ ਹਰਬਾ ਵਰਤਿਆ ਹੈ। ਇਸ ਨਾਲ ਦੁਨੀਆ ਵਿੱਚ ਇੱਕ ਅਜਿਹਾ ਅਸਤੁੰਲਨ ਪੈਦਾ ਹੋ ਗਿਆ ਹੈ, ਜਿਸ ਨੇ ਅੰਤਿਮ ਰੂਪ ਵਿੱਚ ਦੇਸ਼ਾਂ ਦੀ ਤਬਾਹੀ, ਮਨੁੱਖੀ ਅਬਾਦੀਆਂ ਦਾ ਘਾਣ, ਸਕੂਲਾਂ, ਹਸਪਤਾਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਨੂੰ ਬੇਹੱਦ ਨੁਕਸਾਨ ਪਹੁੰਚਾ ਕੇ, ਉਦਾਸ ਹਨੇਰੇ ਵੱਲ ਧੱਕ ਦਿੱਤਾ ਹੈ, ਜਿਸ ਵਿੱਚ ਆਸ ਦੀ ਕਿਰਨ ਸਿਰਫ ਪੂੰਜੀਵਾਦ ਤੋਂ ਛੁਟਕਾਰੇ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ। ਤੇਲ ਦੇ ਇਨ੍ਹਾਂ ਸੋਮਿਆਂ ਦੀ ਲੜਾਈ ਹੈ ਕੀ-ਇਹਦੇ ਲਈ ਇਤਿਹਾਸ ਵੱਲ ਜਾਣਾ ਪਵੇਗਾ।
ਜੇ ਵੀਹਵੀਂ ਸਦੀ ਦੇ ਅਰੰਭ ਵਿੱਚ ਪੱਛਮੀ ਏਸ਼ੀਆ ਦੀ ਆਰਥਕਤਾ ਤੇ ਰਾਜਨੀਤੀ ਨੂੰ ਸਮਝਣਾ ਹੋਵੇ ਤਾਂ ‘ਤੇਲ’ ਲਫਜ਼ ਦੇ ਡੂੰਘੇ ਅਰਥਾਂ ਤੇ ਇਸ ਨਾਲ ਜੁੜੀ ਅਹਿਮੀਅਤ ਨੂੰ ਸਮਝਣਾ ਪਵੇਗਾ। ਇਹ ਇਕੱਲਾ ਸ਼ਬਦ ਇਸ ਖਿੱਤੇ ਦੀ ਹੋਣੀ, ਹਸਤੀ ਤੇ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਇਹ ਜੰਗ ਤੇ ਅਮਨ ਨਾਲ ਜੁੜੇ ਸਵਾਲਾਂ ਦੇ ਹੱਲ ਦੀ ਕੁੰਜੀ ਹੈ। ਪਹਿਲੇ ਸੰਸਾਰ ਯੁੱਧ ਤੋਂ ਬਾਅਦ ਪੱਛਮੀ ਏਸ਼ੀਆ ਨੂੰ ਆਪਸ ਵਿੱਚ ਵੰਡਣ ਲਈ ਸਾਮਰਾਜੀ ਤਾਕਤਾਂ ਦੀ ਜਦੋ-ਜਹਿਦ; ਲੈਬਨਾਨ ਵਿੱਚ ਵਰਿ੍ਹਆਂ ਤੱਕ ਚੱਲੇ ਯੁੱਧ, ਖਾੜੀ ਦੀ ਜੰਗ, ਬਾਲਕਨ ਯੁੱਧ, ਅਫਗਾਨਿਸਤਾਨ ਵਿੱਚ ਅਮਰੀਕੀ ਦਖਲ ਤੇ ਤਾਲਿਬਾਨਾਂ ਨਾਲ ਯੁੱਧ; ਤੇ ਇਰਾਕ ਖਿਲਾਫ ਬਰਤਾਨੀਆ ਅਤੇ ਅਮਰੀਕਾ ਦੀਆਂ ਵਿਨਾਸ਼ਕਾਰੀ ਜੰਗੀ ਨੀਤੀਆਂ ਦੀ ਘੋਖ ਰਾਹੀਂ ਹੀ ਇਸ ਨੂੰ ਸਮਝਿਆ ਜਾ ਸਕਦਾ ਹੈ।
ਡੇਵਿਡ ਸਮਿੱਥ ਨੇ ਲਿਖਿਆ ਸੀ ਕਿ ਜਦੋਂ ਵੀਹਵੀਂ ਸਦੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਸੰਦਰਭ ਸੂਚੀ ਵਿੱਚ ‘ਤੇਲ’ ਸ਼ਬਦ ਕਿਸੇ ਵੀ ਦੂਸਰੇ ਸ਼ਬਦ ਦੇ ਮੁਕਾਬਲੇ ਵੱਧ ਵਾਰ ਆਵੇਗਾ। ਦੁਨੀਆ ਭਰ ਵਿੱਚ ਤੇਲ ਦੇ ਦੋ-ਤਿਹਾਈ ਭੰਡਾਰ ਇਕੱਲੇ ਪੱਛਮੀ ਏਸ਼ੀਆ ਵਿੱਚ ਹਨ। ਖਾੜੀ ਲੀਗ ਦੇ ਦੇਸ਼ਾਂ ਵਿੱਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੁਨੀਆ ਭਰ ਦੇ ਲਗਪਗ ਅੱਧੇ ਤੇਲ ਭੰਡਾਰਾਂ ਤੇ ਕੁਦਰਤੀ ਗੈਸ ਦੇ 15 ਫੀਸਦੀ ਭੰਡਾਰਾਂ ਦੇ ਮਾਲਕ ਹਨ।
ਤੇਲ ਦਾ ਮਹੱਤਵ ਇਸ ਲਈ ਵੀ ਵਧੇਰੇ ਹੈ, ਕਿਉਂਕਿ ਵੀਹਵੀਂ ਸਦੀ ਦੇ ਅਰੰਭ ਤੋਂ ਹੀ ਇਹ ਰਵਾਇਤੀ ਊਰਜਾ ਦੇ ਮੁਕਾਬਲੇ ਊਰਜਾ ਦਾ ਪ੍ਰਮੁੱਖ ਸਰੋਤ ਬਣ ਗਿਆ ਹੈ। ਇਕੀਵੀਂ ਸਦੀ ਵਿੱਚ ਇਸ ਦੀ ਵਰਤੋਂ ਤੇ ਮੰਗ ਬੇਤਹਾਸ਼ਾ ਵੱਧ ਗਈ ਹੈ। ਇਸ ਤੋਂ ਬਿਨਾ ਵਿਕਾਸ ਦਾ ਕੋਈ ਟੀਚਾ ਪੂਰਾ ਨਹੀਂ ਕੀਤਾ ਜਾ ਸਕਦਾ। ਇੱਥੋਂ ਤੱਕ ਕਿ ਜਿਨ੍ਹਾਂ ਮੁਲਕਾਂ ਕੋਲ ਇਸ ਦੇ ਅਲਪ ਭੰਡਾਰ ਹਨ, ਉਨ੍ਹਾਂ ਨੂੰ ਲੱਗਦਾ ਹੈ, ਜਦੋਂ ਕੁਝ ਦਹਾਕਿਆਂ ਵਿੱਚ ਉਹ ਖਤਮ ਹੋ ਗਏ ਤਾਂ ਉਹ ਕੀ ਕਰਨਗੇ! ਇਸੇ ਕਰਕੇ ਅਮਰੀਕਾ ਵਰਗਾ ਮੁਲਕ ਇਨ੍ਹਾਂ `ਤੇ ਕਾਬਜ ਹੋ ਕੇ ਛੋਟੇ ਛੋਟੇ ਮੁਲਕਾਂ ਨੂੰ ਆਪਣੇ ਦਾਬੇ ਹੇਠ ਰੱਖਣਾ ਚਾਹੁੰਦਾ ਹੈ ਤਾਂ ਕਿ ਉਨ੍ਹਾਂ ਦੀ ਆਰਥਕ ਲੁੱਟ ਕਰ ਸਕੇ। ਇਸੇ ਕੜੀ ਨੂੰ ਅੰਜਾਮ ਦਿੰਦਿਆਂ ਉਸ ਨੇ ਵੈਨੇਜ਼ੂਏਲਾ ਵਿੱਚ ਜੋ ਕੁਝ ਕੀਤਾ, ਉਹ ਦੁਨੀਆ ਸਾਹਮਣੇ ਹੈ। ਓਥੋਂ ਦੇ ਰਾਸ਼ਟਰਪਤੀ ਨੂੰ ਜਬਰੀ ਚੁੱਕ ਕੇ ਆਪਣੀ ਮਰਜ਼ੀ ਦਾ ਰਾਜ ਭਾਗ ਸਥਾਪਤ ਕਰਕੇ ਓਥੋਂ ਦੇ ਕੁਦਰਤੀ ਤੇਲ ਭੰਡਾਰਾਂ ਨੂੰ ਲੁੱਟਣ ਦਾ ਰਾਹ ਪੱਧਰਾ ਕਰ ਲਿਆ ਹੈ। ਇਹ ਵੀ ਸਪਸ਼ਟ ਹੈ ਕਿ ਅਜੇ ਤੱਕ ਤੇਲ ਤੋਂ ਇਲਾਵਾ ਹੋਰ ਕੋਈ ਭਵਿੱਖੀ ਊਰਜਾ ਦਾ ਸੋਮਾ ਨਜ਼ਰ ਨਹੀਂ ਆਉਂਦਾ।
ਜੇ ਤੇਲ ਦੀ ਖੋਜ ਦੇ ਇਤਿਹਾਸ `ਤੇ ਪੰਛੀ ਝਾਤ ਮਾਰੀਏ ਤਾਂ ਬੜੀ ਦਿਲਚਸਪ ਸਥਿਤੀ ਨਜ਼ਰ ਆਉਂਦੀ ਹੈ। ਪਹਿਲੇ ਸੰਸਾਰ ਯੁੱਧ ਤੱਕ ਬਰਤਾਨੀਆ ਪੱਛਮੀ ਏਸ਼ੀਆ ਦੀ ਮੁੱਖ ਸ਼ਕਤੀ ਸੀ। ਇਸ ਖੇਤਰ ਵਿੱਚ ਬਰਤਾਨੀਆ ਦੇ ਹਿੱਤ ਬਸਤੀਵਾਦੀ ਭਾਰਤ ਨਾਲ ਜੁੜੇ ਹੋਏ ਸਨ। 19ਵੀਂ ਸਦੀ ਦੇ ਅੰਤ ਤੱਕ ਬਰਤਾਨੀਆ ਦੇ ਨਿਰਯਾਤ ਤੇ ਨਿਵੇਸ਼ ਦਾ 20 ਫੀਸਦੀ ਹਿੱਸਾ ਭਾਰਤ ਤੋਂ ਆਉਂਦਾ ਸੀ। ਭਾਰਤ ਵੱਲ ਜਾਂਦੇ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਤੇ ਦੂਸਰੀਆਂ ਦੁਸ਼ਮਣ ਤਾਕਤਾਂ ਦੇ ਖਤਰੇ ਦੇ ਡਰ ਕਾਰਨ ਬਰਤਾਨੀਆ ਨੇ ਅਰਬ ਸਾਗਰ ਦੇ ਦੋ ਤਿਹਾਈ ਤੱਟੀ ਇਲਾਕੇ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ ਸੀ। ਅਦਨ ਤੋਂ ਲੈ ਕੇ ਮਸਕਟ, ਦੁਬਈ, ਆਬੂਧਾਬੀ, ਕਤਰ, ਬਹਿਰੀਨ ਤੋਂ ਹੁੰਦੇ ਹੋਏ ਕੁਵੈਤ ਤੱਕ ਦੇ ਇਲਾਕੇ ਉਹਦੀ ਨੱਕ ਹੇਠ ਸਨ। 1882 ਵਿੱਚ ਮਿਸਰ `ਤੇ ਕਬਜੇ ਦੇ ਨਾਲ ਹੀ ਇਹ ਘੇਰਾ ਪੂਰਾ ਹੋ ਗਿਆ ਤੇ ਲਾਲ ਸਾਗਰ ਦੇ ਨਾਲ ਹੀ ਫਾਰਸ ਦੀ ਖਾੜੀ ਤੱਕ ਬਰਤਾਨੀਆ ਦਾ ਕਬਜਾ ਹੋ ਗਿਆ। ਤੇਲ ਦੀ ਖੋਜ ਨਾਲ ਇਸ ਖਿੱਤੇ ਵਿੱਚ ਬਰਤਾਨੀਆ ਦੇ ਹਿੱਤ ਹੋਰ ਮਹੱਤਵਪੂਰਨ ਹੋ ਗਏ। 26 ਮਈ 1908 ਦਾ ਉਹ ਇਤਿਹਾਸਕ ਦਿਹਾੜਾ ਸੀ, ਜਦੋਂ ਫਾਰਸ (ਇਰਾਨ) ਵਿੱਚ ਅਬਾਦਾਨ ਕੋਲ ਬੰਜਰ ਜ਼ਮੀਨ ਵਿੱਚੋਂ 50 ਫੁੱਟ ਉਚਾ ਤੇਲ ਦਾ ਫੁਹਾਰਾ ਫੁੱਟ ਪਿਆ। ਇਹਦੇ ਨਾਲ ਫਾਰਸ ਤੇ ਪੱਛਮੀ ਏਸ਼ੀਆ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਉਥਲ ਪੁੱਥਲ ਸ਼ੁਰੂ ਹੋ ਗਈ।
ਜਿਉਂ ਜਿਉਂ ਤੇਲ ਦੀ ਪੈਦਾਵਾਰ ਵਧਣ ਲੱਗੀ, ਤਿਵੇਂ ਤਿਵੇਂ ਇਹਦੀ ਖਪਤ ਤੇ ਮੰਗ ਜ਼ੋਰਾਂ `ਤੇ ਹੋ ਗਈ। ਇਸ ਨਾਲ ਦੁਨੀਆ ਵਿੱਚ ਊਰਜਾ ਕ੍ਰਾਂਤੀ ਦਾ ਨਵਾਂ ਦੌਰ ਸ਼ੁਰੂ ਹੋਇਆ। ਇਹ ਸਾਮਰਾਜੀ ਉਦਯੋਗਾਂ ਦੀ ਮੁੱਖ ਖੁਰਾਕ ਦੇ ਨਾਲ ਨਾਲ ਉਹਦੇ ਯੁੱਧ ਤੰਤਰਾਂ ਦੀ ਪ੍ਰਮੁੱਖ ਚਾਲਕ ਸ਼ਕਤੀ ਬਣ ਗਿਆ। ਬੋਰਨੀਓ ਵਿੱਚ ਤੇਲ ਖੇਤਰਾਂ ਦੀ ਮਾਲਕ ਤੇ ਦੁਨੀਆ ਭਰ ਵਿੱਚ ਤੇਲ ਦੀ ਪ੍ਰਮੁੱਖ ਕਾਰੋਬਾਰੀ ਕੰਪਨੀ ਸ਼ੈਲ ਦਾ ਸੰਸਥਾਪਕ ਮਾਰਕਸ ਸੈਮੂਅਲ ਬਰਤਾਨੀਆ `ਤੇ ਲਗਾਤਾਰ ਦਬਾਅ ਪਾ ਰਿਹਾ ਸੀ ਕਿ ਉਹ ਸਮੁੰਦਰੀ ਫੌਜ ਲਈ ਤੇਲ ਦੀ ਵਰਤੋਂ ਕਰੇ। 1911 ਵਿੱਚ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਿਆ; ਪਰ ਬਰਤਾਨਵੀਂ ਸਾਮਰਾਜ ਨੇ ਕੂਟਨੀਤੀ ਵਰਤਦਿਆਂ ਸਮਝੌਤਾ ਸ਼ੈੱਲ ਕੰਪਨੀ ਦੀ ਬਜਾਏ ਬਰਮਾ ਆਇਲ ਕੰਪਨੀ ਨਾਲ ਕਰ ਲਿਆ। ਤੇਲ ਦੇ ਮਹੱਤਵ ਨੇ ਓਦੋਂ ਸਿਖਰ ਛੋਹ ਲਈ, ਜਦੋਂ ਪਹਿਲੇ ਸੰਸਾਰ ਯੁੱਧ ਤੋਂ ਸਿਰਫ਼ ਕੁਝ ਮਹੀਨੇ ਪਹਿਲਾਂ ਬਰਤਾਨਵੀਂ ਸਰਕਾਰ ਨੇ ਐਂਗਲੋ-ਪਰਸ਼ੀਅਨ ਕੰਪਨੀ (ਜੋ 1951 ਤੋਂ ਬਾਅਦ ਬ੍ਰਿਟਿਸ਼ ਪੈਟਰੋਲੀਅਮ ਕੰਪਨੀ ਬਣ ਗਈ) ਵਿੱਚ 51 ਫੀਸਦੀ ਦੀ ਹਿੱਸੇਦਾਰੀ ਸਿਰਫ਼ 20 ਲੱਖ ਪੌਂਡਾਂ ਵਿੱਚ ਖਰੀਦ ਲਈ। ਇਸ ਕੰਪਨੀ ਕੋਲ ਇਰਾਨ ਦੇ 480,000 ਵਰਗ ਮੀਲ ਇਲਾਕੇ ਵਿੱਚ ਤੇਲ ਦੀ ਖੋਜ ਕਰਨ ਤੇ ਇਸਨੂੰ ਕੱਢਣ ਦਾ ਠੇਕਾ ਸੀ। ਤਹਿਰਾਨ ਦੇ ਮੰਤਰੀ ਨੇ 1901 ਵਿੱਚ ਸਿਰਫ ਵੀਹ ਹਜ਼ਾਰ ਪੌਡਾਂ ਦੀ ਨਕਦੀ, ਇੱਕ ਇੱਕ ਪੌਂਡ ਦੇ ਵੀਹ ਹਜ਼ਾਰ ਸ਼ੇਅਰਾਂ ਤੇ ਮੁਨਾਫੇ ਦੇ 16 ਫੀਸਦੀ ਹਿੱਸੇ ਬਦਲੇ ਤੇਲ ਵਾਲਾ ਇਹ ਵਿਸ਼ਾਲ ਇਲਾਕਾ ਉਸਨੂੰ ਦੇ ਦਿੱਤਾ।
ਪਹਿਲੇ ਸੰਸਾਰ ਯੁੱਧ ਵਿੱਚ ਤੇਲ ਦੀ ਨਿਭਾਈ ਭੂਮਿਕਾ ਦੇ ਮੱਦੇਨਜ਼ਰ ਹੀ ਲਾਰਡ ਕਰਜ਼ਨ ਨੇ ਕਿਹਾ ਸੀ- ਮਿੱਤਰ ਦੇਸ਼ ਤੇਲ ਦੀ ਲਹਿਰ `ਤੇ ਸਵਾਰ ਹੋ ਕੇ ਜਿੱਤ ਤੱਕ ਪਹੁੰਚ ਜਾਣਗੇ। ਇਹ ਯੁੱਧ ਤੇਲ ਨਾਲ ਚੱਲਣ ਵਾਲੇ ਟੈਂਕਾਂ, ਹਵਾਈ ਜਹਾਜ਼ਾਂ ਤੇ ਮੋਟਰ ਗੱਡੀਆਂ ਨਾਲ ਲੜਿਆ ਗਿਆ ਸੀ। ਇਸ ਤੋਂ ਸਾਮਰਾਜੀ ਸਰਕਾਰਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਆਪਸੀ ਹੋੜ ਤੋਂ ਸਿਰਫ਼ ਉਹੀ ਬਚਿਆ ਰਹਿ ਸਕੇਗਾ, ਜਿਸ ਕੋਲ ਤੇਲ ਦੇ ਅਖੁਟ (ਨਾ ਮੁੱਕਣ ਵਾਲੇ) ਭੰਡਾਰਾਂ `ਤੇ ਵੱਧ ਤੋਂ ਵੱਧ ਕਬਜਾ ਹੋਵੇਗਾ। ਇਸ ਬਾਰੇ ਫਰਾਂਸੀਸੀ ਸਰਕਾਰ ਦੇ ਵਣਜ ਪ੍ਰਤੀਨਿਧੀ ਹੈਨਰੀ ਬੋਰਿੰਜੇ ਨੇ 1918 ਵਿੱਚ ਕਿਹਾ ਸੀ- ਤੇਲ ਭੰਡਾਰਾਂ `ਤੇ ਜਿਸ ਦਾ ਕਬਜਾ ਹੋਵੇਗਾ, ਦੁਨੀਆ `ਤੇ ਵੀ ਉਹੀ ਕਾਬਜ਼ ਹੋਵੇਗਾ, ਕਿਉਂਕਿ ਇਨ੍ਹਾਂ ਤੇਲ ਭੰਡਾਰਾਂ ਦੀ ਬਦੌਲਤ ਉਹ ਸਾਗਰਾਂ `ਤੇ ਰਾਜ ਕਰੇਗਾ, ਸੋਧੇ ਹੋਏ ਚਿੱਟੇ ਤੇਲ ਦੀ ਬਦੌਲਤ ਹਵਾ ਤੇ ਅਕਾਸ਼ਾਂ `ਤੇ ਰਾਜ ਕਰੇਗਾ। ਪੈਟਰੋਲ ਤੇ ਕੱਚੇ ਤੇਲ ਦੇ ਹੋਰ ਪਦਾਰਥਾਂ ਦੀ ਬਦੌਲਤ ਧਰਤੀ `ਤੇ ਰਾਜ ਕਰੇਗਾ। ਇਸ ਤੋਂ ਇਲਾਵਾ ਤੇਲ ਤੋਂ ਕਮਾਈ ਜਾਣ ਵਾਲੀ ਬੇਸ਼ੁਮਾਰ ਦੌਲਤ ਦੇ ਬਲਬੂਤੇ ਉਹ ਦੁਨੀਆ ਭਰ ਦੇ ਦੇਸ਼ਾਂ ਦੀ ਆਰਥਕਤਾ ਨੂੰ ਆਪਣੀ ਮੁੱਠੀ ਵਿੱਚ ਕਰ ਸਕੇਗਾ। ਇਸ ਲਈ ਜਿਸ ਦਾ ਤੇਲ ਦੇ ਭੰਡਾਰਾਂ `ਤੇ ਕਬਜਾ ਹੋਵੇਗਾ, ਉਸ ਕੋਲ ਹੀ ਦੁਨੀਆ ਦੇ ਸਾਮਰਾਜ ਦੀ ਕਲਗੀ ਹੋਵੇਗੀ। ਖਾੜੀ ਦੇ ਵਰਤਮਾਨ ਯੁੱਧ ਨੇ ਇਸ ਕਥਨ `ਤੇ ਮੋਹਰ ਲਾ ਦਿੱਤੀ ਹੈ।
ਯੁੱਧ ਦੇ ਖਾਤਮੇ ਤੋਂ ਬਾਅਦ ਸਾਮਰਾਜੀ ਤਾਕਤਾਂ ਵਿੱਚ ਤੇਲ `ਤੇ ਕਬਜਾ ਕਰਨ ਲਈ ਜਬਰਦਸਤ ਜੱਦੋ-ਜਹਿਦ ਸ਼ੁਰੂ ਹੋ ਗਈ। ਹਰ ਇੱਕ ਨੂੰ ਇਹ ਡਰ ਸਤਾ ਰਿਹਾ ਸੀ ਕਿ ਇਸ ਮਹੱਤਵਪੂਰਨ ਮਾਲ `ਤੇ ਕਿਸੇ ਹੋਰ ਦਾ ਏਕਾਧਿਕਾਰ ਨਾ ਸਥਾਪਤ ਹੋ ਜਾਵੇ। ਕਬਜਾ ਕਰਨ ਦੀ ਇਸ ਹੋੜ ਵਿੱਚ ਹਰ ਕੋਈ ਨੀਚ ਤੋਂ ਨੀਚ ਚਾਲ ਚੱਲਣ ਲਈ ਤਿਆਰ ਸੀ। ਆਪਸੀ ਹਿੱਤਾਂ ਦੇ ਟਕਰਾਅ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ ਸੀ। ਇੰਜ ਲੱਗ ਰਿਹਾ ਸੀ ਜਿਵੇਂ ਪੱਛਮੀ ਏਸ਼ੀਆ ਦੇ ਨਕਸ਼ੇ `ਤੇ ਤੇਲ ਦੀ ਬਿਸਾਤ ਵਿੱਛੀ ਹੋਵੇ ਤੇ ਹਰ ਕੋਈ ਆਪਣੀ ਚਾਲ ਨਾਲ ਦੂਜੇ ਨੂੰ ਮਾਤ ਦੇਣ ਲਈ ਤਿਆਰ ਹੋਵੇ। ਬਰਤਾਨਵੀਂ ਤੇ ਫਰਾਂਸੀਸੀ ਬਸਤੀਵਾਦੀਆਂ ਲਈ ਪੱਛਮੀ ਏਸ਼ੀਆ ਉਂਜ ਹੀ ਸੀ ਜਿਵੇਂ ਅਮਰੀਕਾ ਲਈ ਟੈਕਸਸ। ਇਸ ਲਈ ਇਹ ਦੋਵੇਂ ਅਮਰੀਕਾ ਨੂੰ ਇਸ ਹੋੜ ਵਿੱਚੋਂ ਬਾਹਰ ਰੱਖਣਾ ਚਾਹੁੰਦੇ ਸਨ, ਜਦ ਕਿ ਅਮਰੀਕਾ ‘ਖੁਲ੍ਹੇ ਦਰਵਾਜ਼ੇ’ ਵਾਲੀ ਨੀਤੀ ਦਾ ਹਾਮੀ ਸੀ। ਓਧਰ ਅੱਤਾਮਾਨ ਦੀ ਸਰਕਾਰ ਦੇ ਟੁੱਟਣ ਨਾਲ ਬਰਤਾਨੀਆ ਤੇ ਫਰਾਂਸ ਨੇ ਉਹਦੇ ਇਲਾਕੇ, ਖਾਸ ਕਰਕੇ ਮੈਸੋਪੋਟੇਮੀਆ (ਜੋ ਬਾਅਦ ਵਿੱਚ ਇਰਾਕ ਬਣ ਗਿਆ) ਵਿੱਚ ਟਿਗਰਿਸ (ਦਜਲਾ) ਦੇ ਇਲਾਕੇ ਬਗਦਾਦ ਤੇ ਮੋਸੁਲ ਨੂੰ ਆਪਸ ਵਿੱਚ ਵੰਡ ਲਿਆ। ਇਨ੍ਹਾਂ ਇਲਾਕਿਆਂ ਵਿੱਚ ਉਨ੍ਹਾਂ ਨੂੰ ਤੇਲ ਦੇ ਵੱਡੇ ਭੰਡਾਰ ਮਿਲਣ ਦੀ ਆਸ ਸੀ, ਜੋ ਬਾਅਦ ਵਿੱਚ ਸੱਚ ਸਾਬਤ ਹੋਈ।
ਯੁੱਧ ਤੋਂ ਕੁਝ ਚਿਰ ਪਹਿਲਾਂ 1914 ਵਿੱਚ ਗੁਲਬੇਂਕਿਆਨ ਨੇ ‘ਟਰਕਿਸ਼ ਪੈਟਰੋਲੀਅਮ ਕੰਪਨੀ’ ਬਣਾਈ। ਇਸ ਵਿੱਚ ਬਰਮਾ ਪੈਟਰੋਲੀਅਮ ਦੀ 50 ਤੇ ਗੁਲਬੇਂਕਿਆਨ ਦੀ 5 ਫੀਸਦੀ ਦੀ ਹਿੱਸੇਦਾਰੀ ਸੀ। ਬਾਕੀ ਬਚਦੇ ਸ਼ੇਅਰ ਸ਼ੈੱਲ ਆਇਲ ਤੇ ਜਰਮਨੀ ਦੇ ਡਾਇਚੇ ਬੈਂਕ ਦੇ ਸਨ। ਯੁੱਧ ਦੌਰਾਨ ਸੰਧੀ ਟੁੱਟ ਗਈ। ਪਰ ਤੁਰਕੀ ਦੇ ਅਧਿਕਾਰੀਆਂ ਨੇ ਇਸ ਨੂੰ ਨਵੇਂ ਸਿਰਿਓਂ ਵਿਓਂਤਿਆ। ਤੁਰਕੀ ਨਾਲ ਹੋਈ ਸੰਧੀ ਵਿੱਚ ਅੱਤਾਮਾਨ ਦੇ ਅਰਬੀ ਇਲਾਕਿਆਂ ਨੂੰ ਬਰਤਾਨੀਆ ਤੇ ਫਰਾਂਸ ਵਿੱਚ ਵੰਡ ਦਿੱਤਾ ਗਿਆ। ਇਸ ਵੰਡ ਤੋਂ ਅਮਰੀਕਾ ਨੂੰ ਲਾਂਭੇ ਰੱਖਿਆ ਗਿਆ।
ਇਸ ਤੋਂ ਅਮਰੀਕਾ ਬੁਰੀ ਤਰ੍ਹਾਂ ਤਿਲਮਿਲਾ ਉਠਿਆ। ਲਗਾਤਾਰ ਦਬਾਅ ਤੇ ਦਾਬੇ ਕਾਰਨ ਅਖੀਰ ਬਰਤਾਨੀਆ ਨੇ ਟਰਕਿਸ਼ ਪੈਟਰੋਲੀਅਮ ਦੇ 20 ਫੀਸਦੀ ਸ਼ੇਅਰ 1922 ਵਿੱਚ ਅਮਰੀਕਾ ਨੂੰ ਦੇ ਦਿੱਤੇ। 1925 ਵਿੱਚ ਨਵੀਂ ਇਰਾਕੀ ਸਰਕਾਰ ਨੇ ਟਰਕਿਸ਼ ਪੈਟਰੋਲੀਅਮ ਕੰਪਨੀ (ਜਿਸਦਾ ਬਾਅਦ ਵਿੱਚ ਇਰਾਕ ਪੈਟਰੋਲੀਅਮ ਕੰਪਨੀ ਵਜੋਂ ਨਾਮਕਰਨ ਕਰ ਦਿੱਤਾ ਗਿਆ) ਨਾਲ ਸੰਧੀ ਕੀਤੀ। ਇਸ ਤਹਿਤ ਆਈ.ਪੀ.ਸੀ. ਨੂੰ ਸਾਲ 2000 ਤੱਕ ਇਰਾਕ ਵਿੱਚ ਤੇਲ ਦੀ ਖੋਜ ਤੇ ਉਤਪਾਦਨ ਦਾ ਠੇਕਾ ਦਿੱਤਾ ਗਿਆ। ਇਸ ਵਿੱਚ ਅਮਰੀਕਾ ਦਾ 23.7 ਤੇ ਫਰਾਂਸ ਦਾ 24 ਫੀਸਦੀ ਹਿੱਸਾ ਸੀ। ਇਸਦੇ ਦੋ ਵਰਿ੍ਹਆਂ ਬਾਅਦ ਹੀ ਆਈ.ਪੀ.ਸੀ. ਦੇ ਹੱਥ ਸੋਨੇ ਦੇ ਅਖੁਟ ਭੰਡਾਰ ਵਾਲੀ ਖਾਣ ਹੱਥ ਲੱਗ ਗਈ। ‘ਇਤਿਹਾਸ ਦੇ ਸਭ ਤੋਂ ਸ਼ਾਨਦਾਰ ਤੇਲ ਭੰਡਾਰਾਂ ਵਿੱਚੋਂ ਇੱਕ ਦਾ ਉਸ ਨੂੰ ਪਤਾ ਲੱਗ ਗਿਆ।’
ਇਸੇ ਦੌਰਾਨ 1927 ਵਿੱਚ ਇਬੂ-ਬਿਨ-ਸਾਊਦ ਦੀ ਮਾਰੂਥਲੀ ਫੌਜ ਨੇ ਵਿਰੋਧੀ ਕਬੀਲਿਆਂ ਨੂੰ ਕਾਬੂ ਕਰ ਕੇ ਸਾਊਦੀ ਅਰਬ ਵਿੱਚ ਰਜਵਾੜਾਸ਼ਾਹੀ ਦੀ ਸਥਾਪਨਾ ਕੀਤੀ। ਇਸੇ ਤਹਿਤ ਉਹਨੇ ਸ਼ਾਹ ਦੀ ਪਦਵੀ ਧਾਰਨ ਕਰ ਲਈ। ਹੈਰੀਸੈਂਟ ਜਾਨ ਫਿਲਬੀ, ਜੋ ਇੱਕ ਅੰਗਰੇਜ਼ ਸੀ, ਅੰਗਰੇਜ਼ੀ ਹਕੂਮਤ ਨਾਲ ਕਿਸੇ ਗੱਲੋਂ ਨਾਰਾਜ਼ ਹੋ ਕੇ ਸਾਊਦੀ ਅਰਬ ਆ ਗਿਆ ਤੇ ਇਸਲਾਮ ਕਬੂਲ ਕਰ ਲਿਆ। ਉਹਦੀ ਸਲਾਹ `ਤੇ ਹੀ ਇਬੂ-ਬਿਨ ਨੇ ਅਮਰੀਕੀ ਤੇਲ ਕੰਪਨੀ ਸੋਕਾਲ ਨੂੰ ਸਿਰਫ ਪੰਜਾਹ ਹਜ਼ਾਰ ਪੌਂਡ ਦੇ ਸੋਨੇ ਤੇ ਪੰਜ ਹਜ਼ਾਰ ਪੌਂਡ ਸਾਲਾਨਾ ਕਿਰਾਏ `ਤੇ ਤੇਲ ਕੱਢਣ ਦਾ ਠੇਕਾ ਦੇ ਦਿੱਤਾ। ਉਹਨੇ ਅੱਗੋਂ ਟੈਕਸਾਕੋ ਕੰਪਨੀ ਨਾਲ ਹਿੱਸੇਦਾਰੀ ਕਰ ਲਈ, ਜਿਸ ਕੋਲ ਤੇਲ ਦੀ ਖਪਤ ਲਈ ਕੌਮਾਂਤਰੀ ਪੱਧਰ ਉੱਤੇ ਵੱਡਾ ਬਾਜ਼ਾਰ ਸੀ। ਟੈਕਸਾਕੋ ਨੇ 1936 ਵਿੱਚ ਸੋਕਾਲ ਦੇ ਸਾਊਦੀ ਅਰਬ ਵਿਚਲੇ ਕਾਰੋਬਾਰ ਦਾ ਅੱਧਾ ਹਿੱਸਾ ਖਰੀਦ ਲਿਆ।
ਦੂਸਰੇ ਸੰਸਾਰ ਯੁੱਧ ਤੋਂ ਕੁਝ ਚਿਰ ਪਹਿਲਾਂ ਮਈ 1939 ਵਿੱਚ ਸਾਊਦੀ ਅਰਬ ਨੇ ਤੇਲ ਖੇਤਰਾਂ ਵਿੱਚੋਂ ਉਤਪਾਦਨ ਸ਼ੁਰੂ ਕਰ ਦਿੱਤਾ। ਜ਼ਮੀਨ ਵਿੱਚੋਂ ਨਿਕਲ ਕੇ ਵਹਿੰਦੇ ਤੇਲ ਦੇ ਦ੍ਰਿਸ਼ ਨੇ ਸਾਊਦੀ ਅਰਬ ਦੇ ਸ਼ਾਹ ਨੂੰ ਏਨਾ ਖ਼ੁਸ਼ ਕਰ ਦਿੱਤਾ ਕਿ ਉਸ ਨੇ ਸੋਕਾਲ ਨੂੰ ਦਿੱਤੇ ਇਲਾਕੇ ਦਾ ਖੇਤਰਫਲ ਵਧਾ ਕੇ 444,000 ਵਰਗ ਮੀਲ ਕਰ ਦਿੱਤਾ। 23 ਦਸੰਬਰ 1934 ਨੂੰ ਐਂਗਲੋ-ਪਰਸ਼ੀਅਨ ਤੇ ਅਮਰੀਕਾ ਦੀ ਗ਼ਲਫ਼ ਕੰਪਨੀ ਨੂੰ ਕੁਵੈਤ ਦੇ ਤੇਲ ਖੇਤਰਾਂ ਵਿੱਚੋਂ ਤੇਲ ਕੱਢਣ ਦਾ ਠੇਕਾ ਮਿਲ ਗਿਆ ਸੀ। 1938 ਵਿੱਚ ਇੱਥੋਂ ਭਰਪੂਰ ਮਾਤਰਾ ਵਿੱਚ ਤੇਲ ਮਿਲਿਆ।
ਸਾਊਦੀ ਅਰਬ ਦੇ ਵਿਸ਼ਾਲ ਕੁਦਰਤੀ ਸਰੋਤਾਂ ਵਾਲੇ ਕਾਰੋਬਾਰ ਦੇ ਪੂਰੀ ਤਰ੍ਹਾਂ ਅਮਰੀਕੀ ਤੇਲ ਕੰਪਨੀਆਂ ਦੇ ਹੱਥਾਂ ਵਿੱਚ ਚਲੇ ਜਾਣ ਨਾਲ ਪੱਛਮੀ ਏਸ਼ੀਆ ਵਿੱਚ ਸ਼ਕਤੀ ਦਾ ਸੰਤੁਲਨ ਵਿਗੜ ਗਿਆ। ਇਸ ਖਿੱਤੇ ਵਿਚਲੀ ਬਰਤਾਨਵੀ ਤੇ ਫਰਾਂਸੀਸੀ ਚੌਧਰ ਖਤਮ ਕਰਕੇ ਅਮਰੀਕੀ ਸਾਮਰਾਜ ਨੇ ਆਪਣੇ ਝੰਡੇ ਗੱਡ ਦਿੱਤੇ। ਇਸੇ ਕਰਕੇ ਰਾਸ਼ਟਰਪਤੀ ਰੂਜ਼ਵੈਲਟ ਨੇ ਆਪਣੇ ਇੱਕ ਖਤ ਵਿੱਚ ਲਿਖਿਆ ਸੀ- ਮੈਂ ਸਮਝਦਾ ਹਾਂ ਕਿ ਸਾਊਦੀ ਅਰਬ ਦੀ ਰੱਖਿਆ ਅਮਰੀਕੀ ਰੱਖਿਆ ਲਈ ਬੇਹੱਦ ਮਹੱਤਵਪੂਰਨ ਹੈ।’ ਸਾਊਦੀ ਅਰਬ ਨੂੰ ਸੁਰੱਖਿਆ ਦੇਣ ਦੀ ਇਹ ਅਮਰੀਕੀ ਸਾਮਰਾਜ ਦੀ ਪ੍ਰਤੀਬੱਧਤਾ ਦਾ ਐਲਾਨ ਤਾਂ ਸੀ ਹੀ, ਨਾਲ ਹੀ ਯੁੱਧ ਵਿੱਚ ਉਹਦੇ ਜੋਟੀਦਾਰ ਰਹੇ ਬਰਤਾਨਵੀ ਸਾਮਰਾਜ ਲਈ ਵੀ ਇੱਕ ਚੇਤਾਵਨੀ ਸੀ ਕਿ ਉਹ ਸਾਊਦੀ ਅਰਬ ਤੋਂ ਦੂਰ ਹੀ ਰਹੇ। ਅਮਰੀਕੀ ਸਾਮਰਾਜੀਆਂ ਦੇ ਕਦਮ ਜਿੱਥੇ ਨਹੀਂ ਸਨ ਪਹੁੰਚਦੇ, ਓਥੇ ਉਹ ਖੁੱਲ੍ਹੇ ਦਰਵਾਜ਼ੇ ਵਾਲੀ ਨੀਤੀ `ਤੇ ਅੜ ਜਾਂਦੇ ਤੇ ਅੰਦਰ ਵੜਦਿਆਂ ਹੀ ਪੂਰੇ ਜ਼ੋਰ ਨਾਲ ਧੱਕ ਕੇ ਦਰਵਾਜ਼ਾ ਬੰਦ ਕਰ ਦਿੰਦੇ। ਵਰਤਮਾਨ ਲੜਾਈ ਵਿੱਚ ਅਮਰੀਕਾ ਇਜ਼ਰਾਇਲ ਨੂੰ ਮੋਹਰਾ ਬਣਾ ਕੇ ਇਰਾਨ ਵਿੱਚ ਆਪਣੀ ਚੌਧਰ ਕਾਇਮ ਕਰਨ ਦੇ ਆਹਰ ਵਿੱਚ ਹੈ; ਪਰ ਇਹ ਬਾਜ਼ੀ ਇਸ ਵਾਰ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ।
ਦੂਸਰੀ ਸੰਸਾਰ ਜੰਗ ਦੇ ਖਾਤਮੇ ਤੋਂ ਬਾਅਦ 1948 ਵਿੱਚ ਰੈੱਡ ਲਾਈਨ ਸੰਧੀ ਭੰਗ ਹੋ ਗਈ, ਜਿਸ ਦੇ ਤਹਿਤ ਹੁਣ ਆਈ.ਪੀ.ਸੀ. ਵਿੱਚ ਸ਼ਾਮਲ ਕੰਪਨੀਆਂ ਅੱਤਾਮਾਨ ਦੇ ਇਲਾਕੇ ਵਿੱਚ ਆਜ਼ਾਦਾਨਾ ਤੌਰ ਉਤੇ ਕਾਰੋਬਾਰ ਨਹੀਂ ਸਨ ਕਰ ਸਕਦੀਆਂ। ਸੰਧੀ ਟੁੱਟਦਿਆਂ ਹੀ ਐਕਸਾਨ ਤੇ ਮੋਬਿਲ ਨੇ ਸਾਊਦੀ ਐਰਮਕੋ ਵਿੱਚ 30 ਤੇ 10 ਫੀਸਦੀ ਦੇ ਸ਼ੇਅਰ ਹਾਸਲ ਕਰ ਲਏ। ਬਰਤਾਨੀਆ ਤੇ ਫਰਾਂਸ ਨੂੰ ਇਸ ਤੋਂ ਬਾਹਰ ਕਰ ਦਿੱਤਾ।
ਓਧਰ ਡਾਕਟਰ ਮੁਸਦਕ ਦੀ ਸਰਕਾਰ ਨੇ ਇਰਾਨ ਵਿੱਚ ਤੇਲ ਉਤਪਾਦਨ ਦਾ ਕੌਮੀਕਰਨ ਕਰ ਦਿੱਤਾ। ਇਹ ਗੱਲ ਅਮਰੀਕੀ ਤੇ ਬਰਤਾਨਵੀ ਸਾਮਰਾਜੀਆਂ ਦੀ ਬਰਦਾਸ਼ਤ ਤੋਂ ਬਾਹਰ ਸੀ। ਅਗਸਤ 1954 ਵਿੱਚ ਅਮਰੀਕੀ ਸਾਜਿਸ਼ ਤਹਿਤ ਮੁਸਦਕ ਸਰਕਾਰ ਦਾ ਤਖਤਾ ਪਲਟ ਦਿੱਤਾ ਤੇ ਸ਼ਾਹ ਨੂੰ ਗੱਦੀ ਉੱਤੇ ਬਿਠਾ ਦਿੱਤਾ। ਹੁਣ ਇਰਾਨ ਵਿੱਚ ਤਾਕਤਵਰ ਬਣ ਗਏ ਅਮਰੀਕੀ ਸਾਮਰਾਜ ਨੇ ਇਰਾਨੀ ਤੇਲ ਉਤਪਾਦਨ ਦਾ ਨਵੇਂ ਸਿਰਿਓਂ ਵੰਡ-ਵੰਡਾਰਾ ਕਰ ਦਿੱਤਾ। ਭਾਵੇਂ ਬਾਹਰੀ ਤੌਰ ਉੱਤੇ ਇਰਾਨੀ ਤੇਲ ਉਤਪਾਦਨ ਦਾ ਕੌਮੀਕਰਨ ਹੀ ਰਿਹਾ, ਪਰ ਲੁਕਵੇਂ ਰੂਪ ਵਿੱਚ ਇਸ `ਤੇ ਬਾਹਰੀ ਤੇਲ ਕੰਪਨੀਆਂ ਦਾ ਕਬਜਾ ਹੋ ਗਿਆ। ਇਸ ਵੰਡ-ਵੰਡਾਰੇ ਵਿੱਚ ਅਮਰੀਕਾ, ਬਰਤਾਨੀਆ ਤੇ ਫਰਾਂਸ ਦੀਆਂ ਤੇਲ ਕੰਪਨੀਆਂ ਨੇ ਹਿੱਸੇ ਵੰਡ ਲਏ।
ਦੋ ਵਰਿ੍ਹਆਂ ਬਾਅਦ ਮਿਸਰ ਨੇ ਸਵੇਜ਼ ਨਹਿਰ ਦਾ ਕੌਮੀਕਰਨ ਕਰ ਦਿੱਤਾ। ਬਰਤਾਨੀਆ, ਫਰਾਂਸ ਤੇ ਇਜ਼ਰਾਇਲ ਨੇ ਉਹਦੇ `ਤੇ ਹਮਲਾ ਕਰ ਦਿੱਤਾ। ਇਸ ਜੰਗ ਵਿੱਚ ਮਿਸਰ ਦੀ ਹਾਰ ਤੋਂ ਬਾਅਦ ਅਮਰੀਕਾ ਓਥੇ ਵੀ ਫੈਸਲਾਕੁੰਨ ਤਾਕਤ ਬਣ ਗਿਆ। ਇਹ ਜੰਗ ਤੇਲ ਲਈ ਲੜੀ ਗਈ ਸੀ, ਕਿਉਂਕਿ ਸਵੇਜ਼ ਨਹਿਰ ਵਿਚਲੀ ਆਵਾਜਾਈ ਵਿੱਚੋਂ ਦੋ-ਤਿਹਾਈ ਕੇਵਲ ਤੇਲ ਢੋਣ ਲਈ ਕੀਤੀ ਜਾਂਦੀ ਸੀ। ਐਂਗਲੋ-ਫਰੈਂਚ ਸਾਮਰਾਜੀਆਂ ਨੂੰ ਨਾ ਤਾਂ ਮਿਸਰ ਤੇ ਨਾ ਹੀ ਅਰਬਾਂ ਵੱਲੋਂ ਏਨੇ ਜਬਰਦਸਤ ਵਿਰੋਧ ਦਾ ਖਦਸ਼ਾ ਸੀ, ਜਿੰਨਾ ਓਥੇ ਹੋਇਆ। ਅਮਰੀਕਾ ਨੂੰ ਤਾਂ ਬਿਲਕੁਲ ਅੰਦਾਜ਼ਾ ਨਹੀਂ ਸੀ। ਮਿਸਰ ਨੇ ਇਸਦੇ ਸਿੱਟੇ ਵੱਜੋਂ ਇੱਕ ਪਾਸੇ ਤੇਲ ਦੇ ਜਹਾਜ਼ਾਂ ਨੂੰ ਨਹਿਰ ਵਿੱਚ ਡੁਬੋਣਾ ਸ਼ੁਰੂ ਕਰ ਦਿੱਤਾ, ਦੂਸਰੇ ਪਾਸੇ ਫੌਜੀ ਤੇ ਯਾਤਰੂ ਦੋਹਾਂ ਤਰ੍ਹਾਂ ਦੇ ਜਹਾਜ਼ਾਂ ਦਾ ਲਾਂਘਾ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਪੱਛਮੀ ਏਸ਼ੀਆ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਸਾਮਰਾਜ ਦੇ ਵਿਰੋਧ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ।
ਅਮਰੀਕੀ ਦਾਬਿਆਂ ਤੇ ਸ਼ਾਤਰ ਚਾਲਾਂ ਕਰਕੇ 1956 ਵਿੱਚ ਬਰਤਾਨਵੀ ਤੇ ਫਰਾਂਸੀਸੀ ਫੌਜਾਂ ਨੂੰ ਸਵੇਜ਼ ਨਹਿਰ ਤੋਂ ਪਿਛੇ ਹਟਣਾ ਪਿਆ; ਤੇ ਇੰਜ ਪੱਛਮੀ ਏਸ਼ੀਆ ਵਿੱਚ ਅਮਰੀਕਾ ਸਭ ਤੋਂ ਵੱਡੀ ਤਾਕਤ ਬਣ ਗਿਆ। ਹੁਣ ਬਰਤਾਨੀਆ ਅਮਰੀਕਾ ਦਾ ਜੂਨੀਅਰ ਪਾਰਟਨਰ ਬਣ ਕੇ ਹੀ ਰਹਿ ਸਕਦਾ ਸੀ। ਇਸ ਤਰ੍ਹਾਂ ਸਿਰਫ ਤਿੰਨ ਦਹਾਕਿਆਂ ਦੇ ਅੰਤਰਾਲ ਵਿੱਚ ਅਮਰੀਕਾ ਨੇ ਵੱਡੇ ਚੌਧਰੀ ਵਾਲੀ ਪਦਵੀ ਹਾਸਲ ਕਰ ਲਈ। ਇਸੇ ਕਰਕੇ ਹੁਣ ਉਹ ਦੁਨੀਆ ਦਾ ਥਾਣੇਦਾਰ ਬਣਿਆ ਹੋਇਆ ਹੈ। ਉਹਦੀ ਧੌਂਸ ਵਾਲੀ ਨੀਤੀ ਕਰਕੇ ਸਾਰਾ ਪੱਛਮੀ ਏਸ਼ੀਆ ਜੰਗ ਦਾ ਖਮਿਆਜ਼ਾ ਭੁਗਤ ਰਿਹਾ ਹੈ। 1939 ਵਿੱਚ ਪੱਛਮੀ ਏਸ਼ੀਆ ਵਿੱਚ ਬਰਤਾਨੀਆ ਦਾ 60 ਤੇ ਅਮਰੀਕਾ ਦਾ 13 ਫੀਸਦੀ ਤੇਲ `ਤੇ ਕੰਟਰੋਲ ਸੀ। 1960 ਤੱਕ ਪਹੁੰਚਦਿਆਂ ਅਮਰੀਕਾ ਦਾ 65 ਤੇ ਬਰਤਾਨੀਆ ਦਾ 30 ਫੀਸਦੀ `ਤੇ ਕੰਟਰੋਲ ਰਹਿ ਗਿਆ।
ਜੇ ਤੇਲ ਦੇ ਮੁਨਾਫੇ ਦੀ ਗੱਲ ਕਰੀਏ ਤਾਂ ਅਮਰੀਕੀ ਵਣਜ ਵਿਭਾਗ ਅਨੁਸਾਰ 1970 ਵਿੱਚ ਪੱਛਮੀ ਏਸ਼ੀਆ ਵਿੱਚ ਤੇਲ ਉਦਯੋਗ 1.5 ਅਰਬ ਡਾਲਰ ਦਾ ਸੀ ਤੇ ਇਸ ਵਿੱਚੋਂ 1.2 ਅਰਬ ਡਾਲਰ ਦਾ ਮੁਨਾਫ਼ਾ ਸੀ ਭਾਵ ਲਾਗਤ ਦਾ 79 ਫੀਸਦੀ। ਤੇਲ ਕੰਪਨੀਆਂ ਦਾ ਇਹ ਮੁਨਾਫ਼ਾ ਲਗਾਤਾਰ ਵਧਿਆ ਹੈ। ਖਾੜੀ ਦੇ ਦੇਸ਼ਾਂ ਵਿੱਚੋਂ ਤੇਲ ਤੋਂ 1980 ਵਿੱਚ ਮੁਨਾਫ਼ਾ 350 ਅਰਬ ਡਾਲਰ ਸੀ। ਉਸ ਤੋਂ ਬਾਅਦ ਕੀਮਤਾਂ ਵਿੱਚ ਆਈ ਗਿਰਾਵਟ ਕਰਕੇ ਇਹ 110 ਅਰਬ ਡਾਲਰ ਹੋ ਗਿਆ, ਜੋ 2000 ਵਿੱਚ ਵੱਧ ਕੇ ਫਿਰ 250 ਅਰਬ ਡਾਲਰ ਹੋ ਗਿਆ। ਅੱਜ ਕੱਲ੍ਹ ਇਸ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਤੇ ਖਾੜੀ ਜੰਗ ਵਿੱਚ ਵੀ ਭਾਰੀ ਮੁਨਾਫ਼ਾ ਹੋ ਰਿਹਾ ਹੈ।
ਉਤਰਾਅ-ਚੜ੍ਹਾਅ ਦੇ ਦੌਰ ਵਿੱਚ ਵੀ ਕੰਪਨੀਆਂ ਕੋਲ ਪੈਟਰੋ-ਡਾਲਰ ਦਾ ਭਾਰੀ ਸਰਮਾਇਆ ਹੁੰਦਾ ਸੀ, ਜਿਨ੍ਹਾਂ ਨਾਲ ਅੱਜ ਵੀ ਸਾਮਰਾਜੀ ਵਿੱਤੀ ਸੰਸਥਾਵਾਂ ਦੀਆਂ ਤਿਜੌਰੀਆਂ ਭਰੀਆਂ ਰਹਿੰਦੀਆਂ ਹਨ। ਇਸ ਤੋਂ ਬਾਅਦ ਵੀ ਉਨ੍ਹਾਂ ਕੋਲ ਹਥਿਆਰਾਂ ਦੀ ਖਰੀਦੋ-ਫਰੋਖਤ ਲਈ ਢੇਰ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ, ਜਿਸ ਨਾਲ ਅਮਰੀਕਾ, ਬਰਤਾਨੀਆ ਤੇ ਫਰਾਂਸ ਦੇ ਹਥਿਆਰ ਉਦਯੋਗਾਂ ਲਈ ਮੁਨਾਫੇ ਦਾ ਬਾਜ਼ਾਰ ਗਰਮ ਰਹਿੰਦਾ ਹੈ। ਉਦਾਹਰਣ ਲਈ 1980-1990 ਦੌਰਾਨ ਖਾੜੀ ਦੇ ਸਿਰਫ ਤਿੰਨ ਦੇਸ਼ਾਂ ਨੇ ਹਥਿਆਰਾਂ ਦੀ ਖਰੀਦ `ਤੇ 150 ਅਰਬ ਡਾਲਰ ਖਰਚ ਦਿੱਤੇ। ਇਰਾਕ ਨੇ 100 ਅਰਬ ਡਾਲਰ, ਸਾਊਦੀ ਅਰਬ ਨੇ 35 ਅਰਬ ਡਾਲਰ ਤੇ ਇਰਾਨ ਨੇ 15 ਅਰਬ ਡਾਲਰ ਖਰਚੇ। ਇਰਾਨ ਨੇ ਇਕੀਵੀਂ ਸਦੀ ਵਿੱਚ ਆਪਣੇ ਹਥਿਆਰਾਂ ਦੇ ਉਤਪਾਦਨ ਲਈ ਵਧੇਰੇ ਜ਼ੋਰ ਲਾਇਆ ਤੇ ਅਮਰੀਕਾ ਦੇ ਮੁਕਾਬਲੇ ਆਪਣੀ ਹਵਾਈ ਤਾਕਤ ਨੂੰ ਵਧਾਉਣ ਲਈ ਵਾਧੂ ਸਰਮਾਇਆ ਖਰਚ ਕੀਤਾ। ਸ਼ਾਇਦ ਇਹੀ ਕਾਰਨ ਹੈ ਕਿ ਉਹ ਸਾਮਰਾਜੀ ਤਾਕਤ ਨਾਲ ਬਰਾਬਰ ਦੀ ਟੱਕਰ ਲੈਣ `ਤੇ ਅੜਿਆ ਹੋਇਆ ਹੈ। ਭਾਵੇਂ ਉਹਦੇ ਅੰਦਰੂਨੀ ਹਾਲਾਤ ਠੀਕ ਨਹੀਂ, ਪਰ ਇਸਲਾਮੀ ਤਾਕਤ ਨੂੰ ਉਹ ਹਥਿਆਰ ਵਾਂਗ ਵਰਤ ਰਿਹਾ ਹੈ। ਹੌਰਮੂਜ਼ ਦਾ ਲਾਂਘਾ ਉਹਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਤਰ੍ਹਾਂ ਵਿੱਤੀ ਪੂੰਜੀ+ਤੇਲ+ਹਥਿਆਰ ਉਦਯੋਗ=ਮੁਨਾਫੇ ਦੇ ਸੂਤਰ ਰਾਹੀਂ ਇਨ੍ਹਾਂ ਦੇ ਆਪਸੀ ਰਿਸ਼ਤੇ ਨੂੰ ਸਮਝਿਆ ਜਾ ਸਕਦਾ ਹੈ।
ਇਸ ਤਰ੍ਹਾਂ ਸਾਮਰਾਜੀ ਤਾਕਤਾਂ ਨੇ ਤੇਲ ਵਾਲੇ ਦੇਸ਼ਾਂ `ਤੇ ਕਬਜਾ ਕਰਨ ਲਈ ਜਿਹੜੀਆਂ ਚਾਲਾਂ ਚੱਲੀਆਂ, ਉਨ੍ਹਾਂ ਦੀ ਇਤਿਹਾਸ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ। ਜਿਹੜਾ ਅੱਖਾਂ ਕੱਢੇ ਉਹਨੂੰ ਸਬਕ ਸਿਖਾਉਣ ਲਈ ਨਿਊਕਲੀਅਰ ਪ੍ਰੋਗਰਾਮਾਂ, ਰਸਾਇਣਕ ਹਥਿਆਰਾਂ ਦੇ ਜਖੀਰੇ ਵਰਗੇ ਝੂਠੇ ਬਿਰਤਾਂਤ ਸਿਰਜ ਕੇ ਨੇਸਤੋਨਾਬੂਦ ਕਰਨ ਲਈ ਕਮਰਕੱਸੇ ਕਰ ਲਏ ਜਾਂਦੇ ਹਨ। ਇਸੇ ਕਰਕੇ ਅਮਰੀਕਾ ਨੇ 1990 ਵਿੱਚ ਫੌਜੀ ਬਜਟ 280 ਅਰਬ ਡਾਲਰ ਤੋਂ ਵਧਾ ਕੇ 350 ਅਰਬ ਡਾਲਰ ਕਰ ਦਿੱਤਾ ਤੇ ਹਰ ਵਰ੍ਹੇ ਇਸ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। ਇਸ ਦੀ ਪੂਰਤੀ ਲਈ ਟੈਰਿਫ ਲਾ ਕੇ ਦੁਨੀਆ ਨੂੰ ਦਾਬੇ ਮਾਰਦਾ ਆਪਣੀ ਧੌਂਸ ਕਾਇਮ ਕਰ ਰਿਹਾ ਹੈ। ਅਮਰੀਕਾ ਦਾ ਵੱਡ-ਅਕਾਰੀ ਫੌਜੀ ਬਜਟ ਦਾ ਵੱਡਾ ਹਿੱਸਾ ਉਥਲ-ਪੁੱਥਲ ਦੀ ਸੰਭਾਵਨਾ ਵਾਲੇ ਦੇਸ਼ਾਂ ਵਿਚਲੇ ਤੇਲ ਨੂੰ ਸੁਰੱਖਿਅਤ ਰੱਖਣ ਲਈ ਹੈ। ਇਸੇ ਲਈ ਉਹਨੇ 28 ਦੇਸ਼ਾਂ ਦੀ 7 ਲੱਖ ਫੌਜ ਇਰਾਕ `ਤੇ ਹਮਲਾ ਕਰਨ ਲਈ ਇਕੱਠੀ ਕੀਤੀ ਸੀ। ਪੱਛਮੀ ਏਸ਼ੀਆ ਵਿੱਚ ਉਹਦੇ ਅਨੇਕਾਂ ਫੌਜੀ ਬੇਸ ਕੈਂਪ ਤੇ ਬੇੜੇ ਇਸ ਗੱਲ ਦੇ ਗਵਾਹ ਹਨ। ਜਾਰਜ ਬੁਸ਼ ਸੀਨੀਅਰ ਨੇ ਕਿਹਾ ਸੀ- ਜੇ ਦੁਨੀਆ ਦੇ ਵਿਸ਼ਾਲ ਤੇਲ ਭੰਡਾਰਾਂ ਦਾ ਕੰਟਰੋਲ ਸੱਦਾਮ ਹੁਸੈਨ ਦੇ ਹੱਥਾਂ ਵਿੱਚ ਆ ਗਿਆ ਤਾਂ ਸਾਡੀਆਂ ਨੌਕਰੀਆਂ, ਜੀਵਨ ਸ਼ੈਲੀ, ਆਜ਼ਾਦੀ ਤੇ ਮਿੱਤਰ ਦੇਸ਼ਾਂ ਦੀ ਆਜ਼ਾਦੀ ਸਭ ਖਤਰੇ ਵਿੱਚ ਪੈ ਜਾਣਗੇ।
ਸੱਦਾਮ ਹੁਸੈਨ ਦਾ ਜਿਵੇਂ ਫਸਤਾ ਵੱਢਿਆ, ਉਹ ਤੇਲ ਵਾਲੇ ਮੁਲਕਾਂ ਨੂੰ ਡਰਾਉਣ ਲਈ ਵੱਡਾ ਹਥਿਆਰ ਸੀ। ਇਸ ਵਾਰ ਨਿਸ਼ਾਨੇ `ਤੇ ਇਰਾਨ ਹੈ; ਪਰ ਇਸ ਵਾਰ ਨਾਟੋ ਦੇ ਦੇਸ਼ਾਂ ਤੇ ਖਾੜੀ ਵਾਲੇ ਹਮਦਰਦਾਂ ਨੇ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਇਰਾਨ ਨੇ ਤਬਾਹ ਹੋ ਕੇ ਵੀ ਇਜ਼ਰਾਇਲੀ ਹਮਲਿਆਂ ਦਾ ਜਵਾਬ ਖਾੜੀ ਵਿਚਲੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਦਿੱਤਾ। ਅਗਲੀ ਵਾਰੀ ਕਿਸ ਦੀ ਹੈ? ਇਹਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਜੰਗ ਵਿੱਚ ਨਾ ਕੋਈ ਜਿੱਤਦਾ ਹੈ, ਨਾ ਕੋਈ ਹਾਰਦਾ ਹੈ। ਸਿਰਫ ਬਰਬਾਦੀ ਹੁੰਦੀ ਹੈ ਮੁਲਕਾਂ ਦੀ, ਮਾਰੇ ਜਾਂਦੇ ਹਨ ਆਮ ਲੋਕ। ਉਨ੍ਹਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ, ਉਹ ਘਰੋਂ ਬੇਘਰ ਹੋਣ ਲਈ ਮਜਬੂਰ ਹੋ ਜਾਂਦੇ ਹਨ। ਇਹੀ ਕੁਝ ਖਾੜੀ ਯੁੱਧ ਵਿੱਚ ਹੋ ਰਿਹਾ ਹੈ। ਸਕੂਲ ਵਿੱਚ ਬੱਚੀਆਂ ਮਾਰੀਆਂ ਗਈਆਂ, ਹਸਪਤਾਲ ਤਬਾਹ ਹੋ ਗਏ, ਵਪਾਰਕ ਤੇ ਰਿਹਾਇਸ਼ੀ ਇਮਾਰਤਾਂ ਮਲਬੇ ਦਾ ਢੇਰ ਬਣ ਗਈਆਂ। ਸਾਮਰਾਜੀ ਤਾਕਤਾਂ ਟਵੀਟ ਕਰ ਰਹੀਆਂ ਹਨ, ਮਿਜ਼ਾਇਲਾਂ, ਡਰੋਨ ਤਬਾਹੀ ਮਚਾ ਰਹੇ ਹਨ। ਇਸਦਾ ਜ਼ਿੰਮੇਵਾਰ ਕੌਣ ਹੈ? ਇਸ ਪਾਸੇ ਖਮੋਸ਼ੀ ਹੈ। ਜਦ ਤੱਕ ਲਹੂ ਪੀਣੀਆਂ ਤਾਕਤਾਂ ਇਨ੍ਹਾਂ ਖਿੱਤਿਆਂ `ਚੋਂ ਤੇਲ ਚੂਸਦੀਆਂ ਰਹਿਣਗੀਆਂ, ਓਨੀ ਦੇਰ ਤੱਕ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸੰਭਵ ਨਹੀਂ। ਤਦ ਤੱਕ ਲੋਕਾਂ ਦਾ ਘਾਣ ਹੁੰਦਾ ਰਹੇਗਾ, ਪੂਰੀ ਦੁਨੀਆ ਵਿੱਚ ਅਸ਼ਾਂਤੀ ਦੇ ਬੱਦਲ ਮੰਡਰਾਉਂਦੇ ਰਹਿਣਗੇ। ਦੁਨੀਆ ਵਿਚਲੀ ਭੁੱਖ, ਨੰਗ, ਗਰੀਬੀ, ਬਿਮਾਰੀ ਇਸ ਗੱਲ `ਤੇ ਟਿਕੀ ਹੋਈ ਹੈ ਕਿ ਕਦੋਂ ਕੁਦਰਤੀ ਸਰੋਤਾਂ ਦੀ ਕਾਣੀ ਵੰਡ ਖਤਮ ਹੋਵੇਗੀ ਤੇ ਮੁਨਾਫੇ ਦੇ ਲਾਲਚ ਵਾਲੀ ਸੋਚ ਦਾ ਅੰਤ ਹੋਵੇਗਾ। ਜੰਗ ਦੀ ਤ੍ਰਾਸਦੀ ਨੂੰ ਇਫ਼ਤੀ ਨਸੀਮ ਨੇ ਕਵਿਤਾ ਵਿੱਚ ਪੇਸ਼ ਕਰਦਿਆਂ ਲਿਖਿਆ ਹੈ:
ਬਗਦਾਦ ਕਿਸੇ ਫਿਲਮ ਦਾ ਸੈੱਟ ਨਹੀਂ
ਓਥੇ ਸੱਚਮੁੱਚ ਦੇ ਬੰਬ ਸੁੱਟੇ ਜਾਂਦੇ ਨੇ
ਕੀ ਤੁਸੀਂ ਕਦੇ ਗਏ ਹੋ
ਉਨ੍ਹਾਂ ਬੰਬਾਂ ਦੀਆਂ ਕਿਰਚਾਂ ਦੇਖਣ
ਜਿਨ੍ਹਾਂ ਨੇ ਨਾਗਰਿਕਾਂ ਦੀ ਜਾਨ ਲੈ ਲਈ
ਜਾਂ ਨਿਗਲ ਲਿਆ ਬੱਚਿਆਂ ਨੂੰ…।
ਬਗਦਾਦ ਕੋਈ ਪ੍ਰਯੋਗਸ਼ਾਲਾ ਨਹੀਂ
ਬਗਦਾਦ ਇੱਕ ਇਤਿਹਾਸ ਹੈ
ਆਰਥਕ ਪਾਬੰਦੀ ਸਭ ਤੋਂ ਵੱਡਾ ਨਸਲਵਾਦੀ ਵਿਚਾਰ ਹੈ
ਜਿਸਨੂੰ ਮੈਂ ਆਧੁਨਿਕ ਇਤਿਹਾਸ ਵਿੱਚ ਦੇਖਿਆ
ਇਰਾਕੀ ਬੱਚੇ ਤੁਹਾਡੇ ਜ਼ਹਿਰ ਵਿੱਚ ਬੁਝਿਆ
ਦੁੱਧ ਪੀ ਰਹੇ ਨੇ, ਖਾਣਾ ਖਾ ਰਹੇ ਨੇ
ਤੁਸਾਂ ਨਫਰਤ ਦੀ ਫਸਲ ਹੈ ਬੀਜ ਦਿੱਤੀ
ਤੇ ਮੈਨੂੰ ਡਰ ਹੈ ਕਿ
ਉਹਦੀ ਵਾਢੀ ਦੇ ਦਿਨ ਆ ਗਏ ਨੇ…।
(ਹੁਣ ਇਹ ਫਸਲ ਇਰਾਨ ਵੱਢ ਰਿਹਾ ਹੈ,
ਖਾੜੀ ਦੇ ਦੇਸ਼ ਬਰਬਾਦ ਹੋ ਰਹੇ ਹਨ..)
