*ਤਾਮਿਲਨਾਡੂ ਵਿੱਚ ਨਵੀਂ ਪਾਰਟੀ ਦਾ ਉਭਾਰ
*ਭਾਜਪਾ ਦੀ ਜਿੱਤ ਗੈਰ-ਇਖਲਾਕੀ: ਮਮਤਾ ਬੈਨਰਜੀ
ਜਸਵੀਰ ਸਿੰਘ ਸ਼ੀਰੀ
ਤਾਮਿਲਨਾਡੂ ਅਤੇ ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਪੱਛਮੀ ਬੰਗਾਲ ਵਿੱਚ ਭਾਜਪਾ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ.ਐਮ.ਸੀ. ਨੂੰ ਹਰਾ ਕੇ ਸੱਤਾ ਤੋਂ ਬਾਹਰ ਕਰ ਦਿੱਤਾ ਹੈ, ਜਦਕਿ ਤਾਮਿਲਨਾਡੂ ਵਿੱਚ ਇੱਕ ਐਕਟਰ ਤੋਂ ਸਿਆਸਤਦਾਨ ਬਣੇ ਜੌਸਫ ਵਿਜੈ ਚੰਦਰਸੇਖਰ ਦੀ ਪਾਰਟੀ ਟੀ.ਵੀ.ਕੇ. 105 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਪੁਡੂਚਿਰੀ ਅਤੇ ਅਸਾਮ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਮੁੜ ਜਿੱਤ ਗਏ ਹਨ, ਜਦਕਿ ਕੇਰਲ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਯੂ.ਡੀ.ਐਫ. ਨੇ ਸੀ.ਪੀ.ਐਮ. ਦੀ ਅਗਵਾਈ ਵਾਲੇ ਖੱਬੇ ਪੱਖੀ ਗੱਠਜੋੜ ਨੂੰ ਮਾਤ ਦੇ ਦਿੱਤੀ ਹੈ।
ਪੱਛਮੀ ਬੰਗਾਲ ਅਸੈਂਬਲੀ ਦੀਆਂ ਕੁੱਲ 294 ਸੀਟਾਂ ਵਿੱਚੋਂ 292 ‘ਤੇ ਚੋਣ ਕਰਵਾਈ ਗਈ ਹੈ। ਇਨ੍ਹਾਂ ਵਿੱਚੋਂ 198 ਸੀਟਾਂ ਭਾਜਪਾ ਨੇ ਜਿੱਤ ਲਈਆਂ ਹਨ, ਜਦਕਿ 9 ‘ਤੇ ਭਾਜਪਾ ਨੇ ਲੀਡ ਬਣਾਈ ਹੋਈ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ 207 ਸੀਟਾਂ `ਤੇ ਕਾਬਜ਼ ਹੋ ਸਕਦਾ ਹੈ।
ਪਿਛਲੇ 15 ਸਾਲਾਂ ਤੋਂ ਰਾਜ ਕਰ ਰਹੀ ਪਾਰਟੀ ਟੀ.ਐਮ.ਸੀ. ਨੇ 68 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਲਈ ਹੈ, ਜਦਕਿ 10 ਸੀਟਾਂ ‘ਤੇ ਆਪਣੀ ਲੀਡ ਬਣਾਈ ਹੋਈ ਹੈ। ਇਸ ਤਰ੍ਹਾਂ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਇਸ ਪਾਰਟੀ ਨੂੰ ਉਮੀਦ ਹੈ ਕਿ ਉਹ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 80 ਕੁ ਸੀਟਾਂ ਜਿੱਤ ਜਾਵੇਗੀ। ਕਾਂਗਰਸ ਅਤੇ ਖੱਬੇ ਪੱਖੀ ਫਰੰਟ ਨੂੰ ਸਿਰਫ 2-2 ਸੀਟਾਂ ਪ੍ਰਾਪਤ ਹੋਈਆਂ ਹਨ। ਆਜ਼ਾਦ ਅਤੇ ਹੋਰ ਉਮੀਦਵਾਰ ਤਿੰਨ ਸੀਟਾਂ ਜਿੱਤ ਗਏ ਹਨ।
ਇੱਧਰ ਤਾਮਿਲਨਾਡੂ ਵਿੱਚ ਇੱਕ ਵੱਡਾ ਉਲਟ-ਫੇਰ ਕਰਦਿਆਂ ਐਕਟਰ ਤੋਂ ਸਿਆਸਤਦਾਨ ਬਣੇ ਜੌਸਫ ਵਿਜੈ ਦੀ ਪਾਰਟੀ ਟੀ.ਵੀ.ਕੇ. 105 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਲਈ ਹੈ, ਜਦਕਿ 2 ਸੀਟਾਂ ‘ਤੇ ਇਹ ਪਾਰਟੀ ਲੀਡ ਕਰ ਰਹੀ ਹੈ। ਵਿਜੈ ਜੌਸਫ ਵੱਲੋਂ ਇਸ ਪਾਰਟੀ ਦਾ ਗਠਨ 2024 ਵਿੱਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੱਤਾ ਛੱਡ ਰਹੀ ਪਾਰਟੀ ਡੀ.ਐਮ.ਕੇ. ਨੇ 58 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ 2 ਸੀਟਾਂ ‘ਤੇ ਇਹ ਪਾਰਟੀ ਲੀਡ ਕਰ ਰਹੀ ਹੈ। ਡੀ.ਐਮ.ਕੇ. ਦੇ ਮੁਖੀ ਐਮ.ਕੇ. ਸਟਾਲਿਨ ਟੀ.ਵੀ.ਕੇ. ਦੇ ਵੀ.ਐਸ. ਬਾਬੂ ਤੋਂ ਚੋਣ ਹਾਰ ਗਏ ਹਨ। ਬਾਬੂ ਨੇ ਕਿਹਾ ਕਿ ਇਹ ਚੋਣ ਨਤੀਜੇ ਸਾਡੀ ਲੀਡਰਸ਼ਿੱਪ ਦੀ ਮਿਹਨਤ ਅਤੇ ਦੂਰਦ੍ਰਿਸ਼ਟੀ ਦਾ ਸਿੱਟਾ ਹਨ। ਤਾਮਿਲਨਾਡੂ ਦੇ ਉੱਪ ਮੁੱਖ ਮੰਤਰੀ ਰਹੇ ਉਦਿਆਨਿਧੀ ਸਟਾਲਿਨ ਨੇ ਚੋਣ ਜਿੱਤ ਲਈ ਹੈ।
ਜਿੱਥੋਂ ਤੱਕ ਕੇਰਲਾ ਵਿਧਾਨ ਸਭਾ ਦਾ ਸੰਬੰਧ ਹੈ, ਇੱਥੇ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਯੂ.ਡੀ.ਐਫ. ਨੇ 63 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਇਸ ਤਰ੍ਹਾਂ ਕਾਂਗਰਸ ਗੱਠਜੋੜ ਕੇਰਲ ਅਸੈਂਬਲੀ ਵਿੱਚ ਸਭ ਤੋਂ ਵੱਡਾ ਧੜਾ ਬਣ ਕੇ ਉਭਰ ਆਇਆ ਹੈ। ਸੱਤਾ ਵਿੱਚੋਂ ਬਾਹਰ ਜਾ ਰਹੀ ਮਾਰਕਸਵਾਦੀ ਪਾਰਟੀ ਨੂੰ ਇੱਥੇ 25 ਸੀਟਾਂ ਮਿਲੀਆਂ ਹਨ, ਜਦਕਿ ਇੱਕ ਸੀਟ ਉਪਰ ਇਹ ਪਾਰਟੀ ਲੀਡ ਕਰ ਰਹੀ ਹੈ।
ਅਸਾਮ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲਾ ਐਨ.ਡੀ.ਏ. ਗੱਠਜੋੜ ਇੱਕ ਵਾਰ ਫਿਰ ਬਾਜ਼ੀ ਮਾਰ ਗਿਆ ਹੈ। ਕੁੱਲ 126 ਮੈਂਬਰੀ ਅਸੈਂਬਲੀ ਵਿੱਚ ਇਸ ਗੱਠਜੋੜ ਨੇ 102 ਸੀਟਾਂ ਪ੍ਰਾਪਤ ਕਰ ਲਈਆਂ ਹਨ। ਅਸਾਮ ਵਿੱਚ ਭਾਜਪਾ ਨੂੰ 37.81 ਫੀਸਦੀ ਵੋਟ ਸ਼ੇਅਰ ਮਿਲਿਆ ਹੈ, ਜਿਸ ਨਾਲ ਭਾਜਪਾ ਨੇ ਇਕੱਲਿਆਂ 81 ਸੀਟਾਂ ਜਿੱਤੀਆਂ ਹਨ। ਇਸ ਤਰ੍ਹਾਂ ਅਸਾਮ ਵਿੱਚ ਇੱਕ ਵਾਰ ਫਿਰ ਐਨ.ਡੀ.ਏ. ਗੱਠਜੋੜ ਸਰਕਾਰ ਬਣਨਾ ਤੈਅ ਹੈ।
ਜਿੱਥੋਂ ਤੱਕ 30 ਅਸੈਂਬਲੀ ਸੀਟਾਂ ਵਾਲੀ ਪੁਡੂਚਿਰੀ ਦਾ ਸਵਾਲ ਹੈ, ਇੱਥੇ ਆਲ ਇੰਡੀਆ ਐਨ.ਆਰ. ਕਾਂਗਰਸ 11 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ। ਇਸ ਦੀ ਭਾਈਵਾਲ ਭਾਜਪਾ ਨੂੰ ਚਾਰ ਸੀਟਾਂ ਪ੍ਰਾਪਤ ਹੋਈਆਂ ਹਨ। ਏ.ਡੀ. ਐਮ.ਕੇ. ਅਤੇ ਐਲ.ਜੇ.ਕੇ. ਨੂੰ ਇੱਕ-ਇੱਕ ਸੀਟ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਇੱਥੇ ਐਨ.ਆਰ. ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਭਾਈਵਾਲੀ ਵਾਲੀ ਸਰਕਾਰ ਬਣਨ ਦੀ ਸੰਭਾਵਨਾ ਹੈ।
ਇੰਝ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿੱਚ ਆਏ ਨਤੀਜੇ ਕੁਝ ਪੱਖਾਂ ਤੋਂ ਇਤਿਹਾਸਕ ਹਨ। ਪੱਛਮੀ ਬੰਗਾਲ ਵਿੱਚ ਭਾਜਪਾ ਪਹਿਲੀ ਵਾਰ ਸੱਤਾ ਵਿੱਚ ਆਈ ਹੈ। ਇਸ ਲਈ ਭਾਵੇਂ ਪੱਛਮੀ ਬੰਗਾਲ ਵਿੱਚ ਬੀ.ਜੇ.ਪੀ. ਦੀ ਜਿੱਤ ਇੱਕ ਇਤਿਹਾਸਕ ਫੇਰਬਦਲ ਹੈ, ਪਰ ਇਹ ਜਿੱਤ ਬਹੁਤ ਸਾਰੀਆਂ ਬੇਅਸੂਲੀਆਂ ਕਾਰਵਾਈਆਂ ਨਾਲ ਗ੍ਰਹਿਣੀ ਹੋਈ ਹੈ। ਪੱਛਮੀ ਬੰਗਾਲ ਅਸੈਂਬਲੀ ਦੀਆਂ ਕੁੱਲ 294 ਸੀਟਾਂ ਵਿੱਚੋਂ 292 ‘ਤੇ ਚੋਣਾਂ ਹੋਈਆਂ ਹਨ। ਸੂਬੇ ਵਿੱਚ ਇੰਟੈਂਸਿਵ ਵੋਟਰ ਲਿਸਟ ਰਵੀਜ਼ਨ ਦੇ ਨਾਮ ‘ਤੇ 27 ਲੱਖ ਲੋਕਾਂ ਦੀਆਂ ਵੋਟਾਂ ਚੋਣ ਕਮਿਸ਼ਨ ਵੱਲੋਂ ਕੱਟੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਮੁਸਲਿਮ ਬਹੁਲਤਾ ਵਾਲੇ ਇਲਾਕਿਆਂ ਵਿੱਚ ਕੱਟੀਆਂ ਗਈਆਂ। ਇਸੇ ਕਾਰਨ ਇਨ੍ਹਾਂ ਖਿੱਤਿਆਂ ਵਿੱਚ ਜਿੱਥੇ ਮੁਸਲਿਮ ਆਬਾਦੀ ਉਮੀਦਵਾਰਾਂ ਨੂੰ ਜਿਤਾਉਣ ਦੇ ਮਾਮਲੇ ਵਿੱਚ ਫੈਸਲਾਕੁੰਨ ਸੀ, ਉਥੇ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਸੀਟਾਂ ਪ੍ਰਾਪਤ ਹੋਈਆਂ ਹਨ। ਇੰਜ ਪੱਛਮੀ ਬੰਗਾਲ ਵਿੱਚ ਬੀ.ਜੇ.ਪੀ. ਨੇ ਮਮਤਾ ਵੱਲੋਂ 15 ਸਾਲ ਪਹਿਲਾਂ ਕਾਇਮ ਕੀਤਾ ਗਿਆ ਸੱਤਾ ਦਾ ਕਿਲਾ ਚੋਣ ਕਮਿਸ਼ਨ ਦੀ ਤੋਪ ਦੀ ਮਦਦ ਨਾਲ ਤੋੜ ਦਿੱਤਾ ਹੈ। ਇਸ ਦੇ ਲਈ ਬੀ.ਜੇ.ਪੀ. ਨੂੰ ਐਸ.ਆਈ.ਆਰ. ਸਮੇਤ ਸਾਰੇ ਪੁੱਠੇ ਸਿੱਧੇ ਹੱਥਕੰਡਿਆਂ ਦੀ ਵਰਤੋਂ ਕਰਨੀ ਪਈ। ਇਸ ਤਰ੍ਹਾਂ ਭਾਜਪਾ ਨੇ ਪੱਛਮੀ ਬੰਗਾਲ ਵਿੱਚ ਆਪਣੀ ਪਹਿਲੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕਰ ਲਿਆ।
ਉਧਰ ਤਾਮਿਲਨਾਡੂ ਵਿੱਚ ਫਿਲਮ ਸਟਾਰ ਵਿਜੈ ਜੌਸਫ ਦੀ ਪਾਰਟੀ ਪੀ.ਵੀ.ਕੇ. ਨੇ ਸਾਰੀਆਂ ਪੁਰਾਣੀਆਂ ਪਾਰਟੀਆਂ ਨੂੰ ਮਾਤ ਦੇ ਦਿੱਤੀ ਹੈ, ਇਸ ਵਿੱਚ ਦੋ ਖੇਤਰੀ ਪਾਰਟੀਆਂ- ਡੀ.ਐਮ.ਕੇ. ਤੇ ਅੰਨਾ ਡੀ.ਐਮ.ਕੇ. ਅਤੇ ਦੋ ਕੌਮੀ ਪਾਰਟੀਆਂ- ਭਾਜਪਾ ਤੇ ਕਾਂਗਰਸ ਪਾਰਟੀ ਵੀ ਸ਼ਾਮਲ ਹਨ। ਇੱਕ ਹੋਰ ਫਿਲਮ ਸਟਾਰ ਕਮਲ ਹਸਨ ਵੱਲੋਂ ਬਣਾਈ ਗਈ ਰਾਜਨੀਤਿਕ ਪਾਰਟੀ ਇਸ ਰਾਜ ਵਿੱਚ ਕੁਝ ਖਾਸ ਨਹੀਂ ਕਰ ਸਕੀ।
ਜਦੋਂ ਆ ਰਹੇ ਚੋਣ ਨਤੀਜਿਆਂ ਤੋਂ ਇਹ ਸਾਫ ਹੋਣ ਲੱਗਾ ਕਿ ਭਾਜਪਾ ਨੇ ਪੱਛਮੀ ਬੰਗਾਲ ਵਿਚਲਾ ਟੀ.ਐਮ.ਸੀ. ਦਾ ਕਿਲਾ ਭੇਦ ਲਿਆ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਵੋਟਰਾਂ ਨੇ ਚੰਗੇ ਪ੍ਰਸ਼ਾਸਨ ਲਈ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਚੋਣ ਮੰਤਰ ‘ਨਾਗਰਿਕ ਦੇਵੋਭਾਵਾ’ ਹੈ- ਭਾਵ ਸ਼ਹਿਰੀ ਹੀ ਰੱਬ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਟੀ.ਐਮ.ਸੀ. ‘ਤੇ ਰਾਜਨੀਤਿਕ ਨਿਸ਼ਾਨਾ ਸਾਧਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ ਭੈਅ ਦੇ ਰਾਜ ਤੋਂ ਮੁਕਤੀ ਮਿਲ ਗਈ ਹੈ। ਉਨ੍ਹਾਂ ਨੇ ਇਸ ਦੌਰਾਨ ਰਾਜਨੀਤਿਕ ਸੱਭਿਆਚਾਰ ਬਦਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਪੱਛਮੀ ਬੰਗਾਲ ਵਿੱਚ ਚੋਣਾਂ ਜਿੱਤ ਗਈ ਹੈ ਤਾਂ ਸਿਆਸੀ ਗੱਲਬਾਤ ਬਦਲੇ ਦੀ ਰਾਜਨੀਤੀ ਲਈ ਨਹੀਂ ਹੋਣੀ ਚਾਹੀਦੀ, ਸਗੋਂ ਤਬਦੀਲੀ, ਵਿਕਾਸ ਅਤੇ ਭਵਿੱਖ ਬਾਰੇ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਨੇ 294 ਮੈਂਬਰੀ ਪੱਛਮੀ ਬੰਗਾਲ ਦੀ ਵਿਧਾਨ ਵਿੱਚ ਬਹੁਮਤ ਹਾਸਲ ਕਰ ਲਿਆ ਹੈ। ਜਦਕਿ ਟੀ.ਐਮ.ਸੀ. ਨੇ ਚੋਣ ਰਾਜਨੀਤੀ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ ਹੈ। ਇੱਕ ਸੀਨੀਅਰ ਨੇਤਾ ਸੁਵੇਂਦੂ ਅਧਿਕਾਰੀ ਭਵਾਨੀਪੁਰ ਸੀਟ ਤੋਂ ਚੋਣ ਹਾਰ ਗਏ ਹਨ। ਇਸ ਦੌਰਾਨ ਤਾਮਿਲਨਾਡੂ ਵਿੱਚ ਐਕਟਰ ਤੋਂ ਰਾਜਨੀਤੀਵਾਨ ਬਣੇ ਵਿਜੈ ਦੀ ਪਾਰਟੀ ਤਾਮਿਲਾਗਾ ਵੈਟਰੀ ਕਾਝਾਗਾਮਾ (ਟੀ.ਵੀ.ਕੇ) 234 ਸੀਟਾਂ ਵਿੱਚੋਂ 105 ਸੀਟਾਂ ਨਾਲ ਬਹੁਗਿਣਤੀ ਦੇ ਕਰੀਬ ਪਹੁੰਚ ਗਏ ਹਨ। ਬਹੁਮਤ ਲਈ 110 ਸੀਟਾਂ ਦੀ ਲੋੜ ਹੈ। ਟੀ.ਵੀ.ਕੇ. ਨੇ ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ.- ਦੋਹਾਂ ਪਾਰਟੀਆਂ ਨੂੰ ਵੱਡੇ ਅੰਤਰ ਨਾਲ ਮਾਤ ਦੇ ਦਿੱਤੀ ਹੈ।
ਕੇਰਲਾ ਵਿੱਚ ਪੰਜ ਸਾਲ ਪਹਿਲਾਂ ਦੀ ਵੱਡੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕਰੇਟਿਕ ਫਰੰਟ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਯੂਨਾਈਟਿਡ ਡੈਮੋਕਰੇਟਿਕ ਫਰੰਟ ਨੇ ਕੇਰਲਾ ਅਸੈਂਬਲੀ ਦੀਆਂ ਕੁੱਲ 140 ਸੀਟਾਂ ਵਿੱਚੋਂ 99 ਸੀਟਾਂ ਜਿੱਤ ਲਈਆਂ ਹਨ, ਜਦਕਿ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲੇ ਖੱਬੇ ਪੱਖੀ ਫਰੰਟ ਦੀਆਂ ਸੀਟਾਂ 94 ਤੋਂ ਘਟ ਕੇ 35 ਰਹਿ ਗਈਆਂ ਹਨ। ਭਾਰਤੀ ਜਨਤਾ ਪਾਰਟੀ ਨੂੰ ਵੀ ਪਹਿਲਾਂ ਦੀ ਕਿਸੇ ਵੀ ਚੋਣ ਨਾਲੋਂ ਵੱਧ ਸੀਟਾਂ ਮਿਲੀਆਂ ਹਨ।
ਅਸਾਮ ਵਿੱਚ ਭਾਜਪਾ ਨੇ 64 ਸੀਟਾਂ ਜਿੱਤ ਲਈਆਂ ਹਨ। ਐਨ.ਡੀ.ਏ. ਨੂੰ ਕੁੱਲ ਮਿਲਾ ਕੇ 102 ਸੀਟਾਂ ਮਿਲੀਆਂ ਹਨ। ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਨੇ ਆਸਾਮ ਵਿੱਚ ਸਿਰਫ 21 ਸੀਟਾਂ ਹਾਸਲ ਕੀਤੀਆਂ ਹਨ। ਪੁਡੂਚਿਰੀ ਵਿੱਚ ਵੀ.ਐਨ.ਡੀ.ਏ. ਨੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਇੱਥੇ ਭਾਰਤੀ ਜਨਤਾ ਪਾਰਟੀ ਦਾ ਐਨ.ਆਰ. ਕਾਂਗਰਸ ਨਾਲ ਗੱਠਜੋੜ ਹੈ।
ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫਤਰ ਪੁੱਜੇ ਅਤੇ ਉਨ੍ਹਾਂ ਨੇ ਕਿਹਾ ਕਿ ਗੰਗੋਤਰੀ ਤੋਂ ਗੰਗਾ ਸਾਗਰ ਤੱਕ ਹੁਣ ਕਮਲ ਦਾ ਫੁੱਲ ਪੂਰੇ ਖੇੜੇ ਵਿੱਚ ਹੈ। ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਪਾਰਟੀ ਨੇ ਆਪਣੀ ਸੱਤਾ ਕਾਇਮ ਕਰ ਲਈ ਹੈ। ਉਨ੍ਹਾਂ ਹੋਰ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਬੰਗਾਲ, ਅਸਾਮ ਅਤੇ ਪੁਡੂਚਿਰੀ ਵਿੱਚ ਹਾਰ ਔਰਤਾਂ ਦੇ ਰਾਜਨੀਤਿਕ ਸੰਸਥਾਵਾਂ ਵਿੱਚ ਰਾਖਵੇਂਕਰਨ ਦਾ ਵਿਰੋਧ ਕਰਨ ਕਰ ਕੇ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤ ਵਿਰੋਧੀ ਪਾਰਟੀਆਂ ਨੂੰ ਨਾਰੀ ਸ਼ਕਤੀ ਅਵਿਨੰਧਨ ਬਿਲ ਦਾ ਪਾਰਲੀਮੈਂਟ ਵਿੱਚ ਵਿਰੋਧ ਕਰਨ ਕਰਕੇ ਹਾਰ ਮਿਲੀ ਹੈ। ਕਾਂਗਰਸ, ਟੀ.ਐਮ.ਸੀ. ਅਤੇ ਡੀ.ਐਮ.ਕੇ. ਇਨ੍ਹਾਂ ਪਾਰਟੀਆਂ ਵਿੱਚ ਸ਼ਾਮਲ ਹਨ।
ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੇ ਹੈਟਟ੍ਰਿਕ ਮਾਰੀ ਹੈ। ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਨੇ 126 ਮੈਂਬਰੀ ਅਸੈਂਬਲੀ ਵਿੱਚ 82 ਸੀਟਾਂ ਜਿੱਤ ਲਈਆਂ ਹਨ। ਇਸ ਦੀਆਂ ਹਮਾਇਤੀ ਪਾਰਟੀਆਂ- ਬੋਡੋਲੈਂਡ ਪੀਪਲ ਫਰੰਟ, ਅਸਾਮ ਗਣ ਪ੍ਰੀਸ਼ਦ ਨੇ 10-10 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ; ਜਦਕਿ ਕਾਂਗਰਸ ਪਾਰਟੀ ਦਾ ਗਰਾਫ ਹੇਠਾਂ ਵੱਲ ਗਿਆ ਹੈ ਅਤੇ ਉਸ ਨੂੰ ਸਿਰਫ 19 ਸੀਟਾਂ ਮਿਲੀਆਂ। ਰਾਏਜੋਰ ਦਲ ਨੇ ਸਿਰਫ ਦੋ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ।
