‘ਮਾਈ ਹੀਰ ਦੇ ਮਕਬਰੇ ’ਤੇ’ ਅਤੇ ‘ਲਾਹੌਰ ਨੂੰ ਅਲਵਿਦਾ’

ਆਮ-ਖਾਸ

‘ਯੂਸਫ਼ ਜ਼ੁਲੇਖ਼ਾਂ’ ਦੇ ਕਿੱਸਾਕਾਰ ਮੌਲਵੀ ਗ਼ੁਲਾਮ ਰਸੂਲ ਆਲਮਪੁਰੀ ਬਾਰੇ ਸੈਮੀਨਾਰ
ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ 16ਵੀਂ ਤੇ ਆਖਰੀ ਕਿਸ਼ਤ, ਜਿਸ ਵਿੱਚ ‘ਲੜਕੀਆਂ ਦੇ ਗੌਰਮਿੰਟ ਕਾਲਜ ਵਿੱਚ ਸੈਮੀਨਾਰ’, ‘ਮਾਈ ਹੀਰ ਦੇ ਮਕਬਰੇ ’ਤੇ’ ਅਤੇ ‘ਲਾਹੌਰ ਨੂੰ ਅਲਵਿਦਾ’ ਦਾ ਸੰਖੇਪ ਵੇਰਵਾ ਦਰਜ ਹੈ…

ਰਵਿੰਦਰ ਸਹਿਰਾਅ
ਫੋਨ: 219-900-1115

ਲੜਕੀਆਂ ਦੇ ਗੌਰਮਿੰਟ ਕਾਲਜ ਵਿੱਚ ਸੈਮੀਨਾਰ
ਸੱਤ ਮਾਰਚ ਨੂੰ ਪਿਲਾਕ ਵੱਲੋਂ ਸਪਾਂਸਰ ਕੀਤੇ ਹੋਏ ਇੱਕ ਸੈਮੀਨਾਰ ਵਿੱਚ ਸ਼ਾਮਲ ਹੋਏ। ਇਹ ਸੈਮੀਨਾਰ ਮੌਲਵੀ ਗ਼ੁਲਾਮ ਰਸੂਲ ਆਲਮਪੁਰੀ ਦੀ ਸ਼ਾਇਰੀ ਬਾਰੇ ਸੀ। ਆਲਮਪੁਰੀ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਆਲਮਪੁਰ ਵਿੱਚ 1849 ’ਚ ਹੋਇਆ ਅਤੇ ਉਹ ਤਰਤਾਲੀ ਸਾਲ ਦੀ ਉਮਰ ’ਚ ਹੀ 1892 ਨੂੰ ਇਸ ਜਹਾਨ ਨੂੰ ਅਲਵਿਦਾ ਆਖ ਗਏ। ਯੂਸਫ਼ ਜ਼ੁਲੇਖ਼ਾਂ ਦਾ ਕਿੱਸਾ ਉਨ੍ਹਾਂ ਦੀ ਮਸ਼ਹੂਰ ਲਿਖਤ ਹੈ। ਉਹ ਗੁੱਜਰ ਜਾਤੀ ਨਾਲ਼ ਸਬੰਧ ਰੱਖਦੇ ਸਨ। ਪਿੰਡ ਦਾ ਪੂਰਾ ਨਾਂ ਆਲਮਪੁਰ ਕੋਟਲਾ ਸੀ। ਉਨ੍ਹਾਂ ਨੇ ਯੂਸਫ਼ ਜ਼ੁਲੇਖ਼ਾਂ ਤੋਂ ਬਿਨਾ ਸੱਸੀ ਪੁੰਨੂੰ, ਬਾਰਾਂਮਾਹ ਆਦਿ ਵੀ ਲਿਖੇ, ਜੋ ਕਾਫ਼ੀ ਪ੍ਰਸਿੱਧ ਹੋਏ:
ਤੂੰ ਵਿਚ ਖ਼ੁਦੀ ਖੁਦੋਂ ਛੁਟ ਵਾਗਿਉਂ, ਖ਼ੁਦ ਥੀਂ ਖ਼ਬਰ ਨਾ ਪਾਈ।
ਫਸੀਆਂ ਛੋੜ ਉਡੇਂਦੀਆਂ ਦੇ ਵਲ ਝਾਕ ਇਆਣਿਆਂ ਲਾਈ।

ਚੜ੍ਹਿਆ ਚੇਤ ਚਿਤਾਰਾਂ ਦਿਲਬਰ, ਮੈਨੂੰ ਨਜ਼ਰ ਨਾ ਆਵੇ।
ਦਿਲ ਵਿੱਚ ਹਰਦਮ ਓਹਾਂ ਵਸਦਾ, ਨਾ ਵਿਚ ਚਸ਼ਮ ਸਮਾਵੇ।
ਮੈਂ ਤੇਰੀ ਹੋ ਰਹੀ ਆਂ ਬੰਦੀ, ਕਿਉਂ ਤੂੰ ਨਜ਼ਰ ਨਾ ਆਵੇ।

ਇਸੇ ਤਰ੍ਹਾਂ ਬਾਰਾਂਮਾਹ ਵਿੱਚ ਹਰ ਮਹੀਨੇ ਦੀ ਬੜੀ ਖ਼ੂਬਸੂਰਤ ਵਿਆਖਿਆ ਕੀਤੀ ਗਈ ਹੈ:
ਫੱਗਣ ਮਾਹ ਫਿਰਾਕੋਂ ਰੋਂਦੀ, ਪਏ ਅੱਖ ਵਿੱਚ ਰੋਹੇ।
ਵਾਹ ਵਾਹ ਇਸ਼ਕ ਤੇਰੇ ਨੇ ਮੈਨੂੰ ਦੁੱਖ ਦਿੱਤੇ ਸੁੱਖ ਖੋਹੇ।
ਗੁਜ਼ਰਿਆ ਸਾਲ ਇਕਾਹਰ ਗ਼ਮ ਦਾ, ਹੁਣ ਦੋਹਰੇ ਦੀ ਵਾਰੀ।
ਵਗੀ ਕਲਮ ਦਿਲੋਂ ਦੋ ਹਰਫ਼ੀ, ਤਾਲਾ ਫਾਲ ਵਿਚਾਰੀ।
ਪ੍ਰੋਗਰਾਮ ਦੀ ਸਦਾਰਤ (ਪ੍ਰਧਾਨਗੀ) ਪਿਲਾਕ ਦੀ ਡਾਇਰੈਕਟਰ ਵੀਨਸ਼ ਫ਼ਾਤਿਮਾ, ਇਲਿਆਸ ਘੁੰਮਣ ਅਤੇ ਆਲਮਪੁਰੀ ਦੇ ਪੜਪੋਤਰੇ ਮਸੂਦ ਅਹਿਮਦ ਨੇ ਕੀਤੀ। ਸਟੇਜ ਦਾ ਕੰਮ ਪੰਜਾਬੀ ਵਿਭਾਗ ਦੀ ਪ੍ਰੋਫੈਸਰ (ਡਾ.) ਹਿਨਾ ਖ਼ਾਨ ਨੇ ਸੰਭਾਲਿਆ। ਸਾਰੇ ਪ੍ਰੋਗਰਾਮ ਦੌਰਾਨ ਉਹਨੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸ਼ਾਇਰਾਂ ਦੇ ਸ਼ਿਅਰਾਂ ਨਾਲ਼ ਰੌਚਕਤਾ ਬਣਾਈ ਰੱਖੀ, ਪਰ ਮਸੂਦ ਅਹਿਮਦ ਨੇ ਸਰਦਾਰਾਂ ਪ੍ਰਤੀ ਅਤੇ ਪੰਜਾਬੀ ਬੋਲੀ ਪ੍ਰਤੀ ਬੜੇ ਗੁੱਸੇ ਨਾਲ਼ ਆਪਣੇ ਵਿਚਾਰਾਂ ਦਾ ਇਜ਼ਹਾਰ ਕੀਤਾ। ਉਸ ਤੋਂ ਪਹਿਲਾਂ ਮੈਂ ਬੋਲਿਆ ਸੀ ਅਤੇ ਕਿਉਂਕਿ ਮੈਂ ਗ਼ੁਲਾਮ ਰਸੂਲ ਆਲਮਪੁਰੀ ਬਾਰੇ ਜ਼ਿਆਦਾ ਨਹੀਂ ਜਾਣਦਾ ਸੀ, ਸੋ ਮੈਂ ਜ਼ਿਆਦਾ ਬਾਬਾ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ ਅਤੇ ਵਾਰਿਸ, ਸ਼ਾਹ ਹੁਸੈਨ ਦੀ ਗੱਲ ਹੀ ਕੀਤੀ। ਜਨਾਬ ਇਸ ਗੱਲੋਂ ਬਹੁਤ ਬੇਕਾਬੂ ਹੋ ਗਏ, ਜਿਸਦਾ ਸਾਰਿਆਂ ਨੇ ਬੜਾ ਬੁਰਾ ਮਨਾਇਆ। ਉਸਦਾ ਇਹ ਵੀ ਗਿਲਾ ਸੀ ਕਿ ਸਰਦਾਰ ਜਦ ਇੱਧਰ ਆਉਂਦੇ ਹਨ, ਉਹ ਵਾਰਿਸ ਸ਼ਾਹ, ਸ਼ਾਹ ਹੁਸੈਨ ਅਤੇ ਬੁੱਲ੍ਹੇ ਦੇ ਮਜ਼ਾਰਾਂ ’ਤੇ ਤਾਂ ਜਾਂਦੇ ਹਨ ਪਰ ਆਲਮਪੁਰੀ ਦੇ ਮਜ਼ਾਰ ਉੱਪਰ ਨਹੀਂ ਜਾਂਦੇ। ਡਾ. ਖ਼ਾਨ ਅਤੇ ਡਾ. ਖ਼ਕਾਨ ਗਾਜੀ ਨੇ ਉਨ੍ਹਾਂ ਦਾ ਧਿਆਨ ਸੈਮੀਨਾਰ ਵੱਲ ਮੋੜਨ ਦਾ ਯਤਨ ਕੀਤਾ। ਵੀਨਸ਼ ਫ਼ਾਤਿਮਾ ਨੇ ਤਾਂ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ, “ਸਰਦਾਰ ਜੀ ਤੁਸੀਂ ਫ਼ਿਕਰ ਨਾ ਕਰੋ, ਅਸੀਂ ਤੁਹਾਡੇ ਨਾਲ਼ ਹਾਂ।” ਮੈਂ ਕਿਹਾ, “ਤੁਸੀਂ ਮੇਰਾ ਬਿਲਕੁਲ ਵੀ ਫ਼ਿਕਰ ਨਾ ਕਰੋ। ਇਨ੍ਹਾਂ ਨੂੰ ਆਪਣੇ ਦਿਲ ਦੀ ਭੜਾਸ ਕੱਢ ਲੈਣ ਦਿਉ।” ਡਾ. ਮੁਜਾਹਿਦਾ ਬੱਟ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਦੋਹਾਂ ਪੰਜਾਬਾਂ ਦੇ ਅਦੀਬਾਂ ਨੂੰ ਲਗਾਤਾਰ ਸਾਂਝ ਬਣਾਈ ਰੱਖਣ ਉੱਪਰ ਜ਼ੋਰ ਦਿੱਤਾ। ਇਲਿਆਸ ਘੁੰਮਣ ਨੇ ਤਾਂ ਜਿਸ ਅੰਦਾਜ਼ ਅਤੇ ਗਰਮਜੋਸ਼ੀ ਨਾਲ਼ ਬੋਲਿਆ ਤਾਂ ਸਾਰਾ ਹਾਲ ਤਾੜੀਆਂ ਨਾਲ਼ ਗੂੰਜ ਉੱਠਿਆ। ਉਨ੍ਹਾਂ ਮੇਰੀ ਹਾਜ਼ਰੀ ਦੀ ਵੀ ਵਡਿਆਈ ਕੀਤੀ, ਕਿਉਂਕਿ ਮੈਂ ਫ਼ਖ਼ਰ ਜ਼ਮਾਨ ਵਾਲੀ ਕਾਨਫ਼ਰੰਸ ਨੂੰ ਛੱਡ ਕੇ ਇੱਥੇ ਸ਼ਿਰਕਤ ਕੀਤੀ ਸੀ।
ਉੱਥੋਂ ਰੁਖ਼ਸਤ ਹੋ ਕੇ ਅਸੀਂ ਜਨਾਬ ਮਕਸੂਦ ਸਾਕਿਬ ਦੇ ਦਫ਼ਤਰ ਅਤੇ ਪਬਲਿਸ਼ਿੰਗ ਘਰ ਵਿੱਚ ਹਾਜ਼ਰੀ ਲੁਆਈ। ਮਕਸੂਦ ਸਾਕਿਬ ਹੋਰੀਂ ਇੱਕ ਦਰਵੇਸ਼ ਲਿਖਾਰੀ ਹਨ। ਅਸੀਂ ਭੈਣ ਜੀ ਰਜਵੰਤ ਸੰਧੂ (ਵਰਿਆਮ ਸੰਧੂ ਦੀ ਪਤਨੀ) ਦਾ ਖ਼ਾਸ ਸੁਨੇਹਾ ਉਨ੍ਹਾਂ ਨੂੰ ਦਿੱਤਾ। ਉਨ੍ਹਾਂ ਸਾਡੇ ਲਈ ਮਸਾਲੇਦਾਰ ਚਾਹ ਬਣਵਾਈ ਅਤੇ ਸਾਡਾ ਧੰਨਵਾਦ ਕੀਤਾ। ਡਾ. ਜਗਤਾਰ, ਪਾਸ਼, ਚੰਦਨ, ਉਦਾਸੀ, ਵਰਿਆਮ ਸੰਧੂ ਅਤੇ ਕਈ ਕਹਾਣੀਕਾਰਾਂ ਬਾਰੇ ਵੀ ਉਨ੍ਹਾਂ ਗੱਲਾਂ ਕੀਤੀਆਂ। ਇਨ੍ਹਾਂ ’ਚੋਂ ਬਹੁਤਿਆਂ ਦਾ ਉਨ੍ਹਾਂ ਨੇ ਸ਼ਾਹਮੁਖੀ ਵਿੱਚ ਉਲੱਥਾ ਕਰਵਾ ਕੇ ਛਾਪਿਆ ਹੋਇਆ ਹੈ। ਅਸੀਂ ਇਜਾਜ਼ਤ ਲੈ ਕੇ ਹੋਟਲ ਵੱਲ ਰਵਾਨਾ ਹੋ ਗਏ। ਇਹ ਦਿਨ ਖੱਟੀਆਂ ਮਿੱਠੀਆਂ ਯਾਦਾਂ ਵਾਲਾ ਦਿਨ ਰਿਹਾ।

ਮਾਈ ਹੀਰ ਦੇ ਮਕਬਰੇ ’ਤੇ
ਅੱਠ ਮਾਰਚ ਵੀਹ ਸੌ ਚੌਵੀ: ਦਿਨ ਸ਼ੁੱਕਰਵਾਰ। ਪਿਛਲੀ ਫੇਰੀ ਸਮੇਂ ਅਸੀਂ ਝੰਗ ਦਾ ਗੇੜਾ ਨਹੀਂ ਮਾਰ ਸਕੇ ਸੀ ਭਾਵੇਂ ਕਿ ਉਨ੍ਹੀਂ ਦਿਨੀਂ ਡਾ. ਨਬੀਲਾ ਵੀ ਉਥੇ ਹੀ ਸਨ, ਪਰ ਫਿਰ ਵੀ ਕੋਈ ਸਬੱਬ ਨਹੀਂ ਸੀ ਬਣ ਸਕਿਆ। ਅਸੀਂ- ਮੈਂ, ਨੀਰੂ, ਸ਼ਾਹਜੇਬ ਅਤੇ ਮਾਸਟਰ ਧਰਮਪਾਲ ਨੇ ਝੰਗ ਦਾ ਗੇੜਾ ਲਾਉਣ ਦਾ ਪ੍ਰੋਗਰਾਮ ਬਣਾਇਆ। ਮਾਸਟਰ ਜੀ ਦੀ ਸਾਥਣ ਮਨਜੀਤ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਹੋਟਲ ਵਿੱਚ ਆਰਾਮ ਕਰਨਾ ਹੀ ਬਿਹਤਰ ਸਮਝਿਆ, ਨਾਲ਼ੇ ਉਨ੍ਹਾਂ ਨੂੰ ਉਨ੍ਹਾਂ ਦੇ ਲਾਹੌਰ ਵਸਦੇ ਰਿਸ਼ਤੇਦਾਰਾਂ ਨੇ ਵੀ ਮਿਲਣ ਆਉਣਾ ਸੀ।
ਲਾਹੌਰ ਤੋਂ ਝੰਗ ਹੈ ਤਾਂ ਭਾਵੇਂ ਦੋ ਸੌ ਸੱਤਰ-ਪਝੱਤਰ ਕਿਲੋਮੀਟਰ ਹੀ, ਪਰ ਲਾਹੌਰ-ਮੁਲਤਾਨ ਮੋਟਰਵੇ ਤੋਂ ਉਤਰ ਕੇ ਲੋਕਲ ਸੜਕਾਂ ਦੇ ਟ੍ਰੈਫ਼ਿਕ ਦੀ ਵਜ੍ਹਾ ਕਾਰਨ ਤਿੰਨ-ਚਾਰ ਘੰਟੇ ਲੱਗ ਜਾਂਦੇ ਹਨ। ਅਸੀਂ ਮੋਟਰਵੇ ਛੱਡ ਦਿੱਤਾ ਤੇ ਝੰਗ ਵਾਲੇ ਰਾਹ ਪੈ ਗਏ। ਨੀਰੂ ਨੇ ਸੰਤਰੇ, ਅਮਰੂਦ ਅਤੇ ਹੋਰ ਸਨੈਕਸ ਗੱਡੀ ਵਿੱਚ ਰੱਖ ਲਏ ਸੀ, ਪਰ ਫਿਰ ਵੀ ਅਸੀਂ ਜੇ ਕਿਤੇ ਰਾਹ ਵਿੱਚ ਚੰਗੇ ਫ਼ਲਾਂ ਦੀ ਰੇਹੜੀ ਵੇਖਦੇ ਤਾਂ ਰੁਕ ਜਾਂਦੇ।
ਰਾਹ ਵਿੱਚ ਇੱਕ ਕਸਬਾ ਨੁਮਾ ਸ਼ਹਿਰ ਦਾ ਨਾਮ ‘ਸਮੁੰਦਰੀ’ ਪੜ੍ਹ ਕੇ ਮੈਂ ਗੱਡੀ ਰੋਕਣ ਨੂੰ ਕਿਹਾ। ਭਰੇ ਬਾਜ਼ਾਰ ਦੇ ਦੋਵੇਂ ਪਾਸੇ ਦੁਕਾਨਾਂ ਦੇ ਮੂਹਰੇ ਤਿਰਪਾਲਾਂ ਆਦਿ ਤਾਣ ਕੇ ਦੁਕਾਨਦਾਰ ਸਮਾਨ ਵੇਚ ਰਹੇ ਸਨ। ਅਸੀਂ ਇੱਕ ਫ਼ਲਾਂ ਵਾਲੇ ਕੋਲ ਕਾਰ ਰੋਕ ਲਈ। ਹੁਣ ਮੇਰੀਆਂ ਅੱਖਾਂ ਸਾਹਵੇਂ ਤੇਜਾ ਸਿੰਘ ਸਮੁੰਦਰੀ ਤੇ ਉਨ੍ਹਾਂ ਦੇ ਬੇਟੇ ਗੁਰੂ ਨਾਨਕ ਯੂਨੀਵਰਸਿਟੀ ‘ਅੰਬਰਸਰ’ ਦੇ ਵਾਈਸ ਚਾਂਸਲਰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਅਤੇ ਉਨ੍ਹਾਂ ਦੇ ਲੜਕੇ ਜੋ ਅਮਰੀਕਾ ਵਿੱਚ ਅੰਬੈਡਸਰ ਰਹੇ ਤਰਨਜੀਤ ਸਿੰਘ ਸੰਧੂ ਦੇ ਨਾਮ ਯਾਦ ਆ ਗਏ। ਕਦੇ ਇਹ ਵਡੇਰੇ ਇਸ ਕਸਬੇ ਦੀਆਂ ਗਲੀਆਂ ਵਿੱਚ ਘੁੰਮਦੇ ਰਹੇ ਹੋਣਗੇ। ਉਨ੍ਹਾਂ ਦੇ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਆਪਣੀ ਜੰਮਣ ਭੋਂ ਨੂੰ ਛੱਡ ਕੇ ਉਨ੍ਹਾਂ ਨੂੰ ਵੱਖਰੇ ਮੁਲਕ ਵਿੱਚ ਆਉਣਾ ਪਵੇਗਾ। ਇਨ੍ਹਾਂ ਖ਼ਿਆਲਾਂ ਦੀ ਘੁੰਮਣਘੇਰੀ ਵਿੱਚ ਹੀ ਡਰਾਈਵਰ ਨੇ ਕਾਰ ਸਟਾਰਟ ਕਰ ਲਈ। ਕੁਝ ਲੋਕ ਸਾਡੇ ਨਾਲ਼ ਤਸਵੀਰਾਂ ਖਿਚਵਾਉਣ ਲਈ ਵੀ ਸਾਡੇ ਕੋਲ ਆਏ।
ਅਸੀਂ ਅਗਲੇਰੇ ਪੰਧ ਲਈ ਚੱਲ ਪਏ। ਥੋੜ੍ਹੀ ਦੇਰ ਦੂਰ ਇੱਕ ਪਿੰਡ ਵਿੱਚ ਡਰਾਈਵਰ ਨੇ ਕਾਰ ਰੋਕੀ। ਲਾਗੇ ਹੀ ਇੱਕ ਮਸੀਤ ਵਿੱਚੋਂ ਕੁਰਾਨ ਦੇ ਉਚਾਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਡਰਾਈਵਰ ਦੀ ਨਮਾਜ਼ ਦਾ ਵਕਤ ਸੀ। ਅਸੀਂ ਕਾਰ ਕੋਲ ਖਲੋਤੇ ਸੀ ਤਾਂ ਅੱਠ ਦਸ ਬੱਚੇ ਸਾਡੇ ਕੋਲ ਆ ਗਏ ਅਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਨ ਲੱਗੇ। ਉਨ੍ਹਾਂ ਪੰਜਾਬੀ ਪਗੜੀ ਵਾਲੇ ਲੋਕ ਬਹੁਤ ਘੱਟ ਦੇਖੇ ਸਨ। ਅਸੀਂ ਉਨ੍ਹਾਂ ਨੂੰ ਕੁਝ ਰੁਪਏ ਦਿੱਤੇ ਕਿ ਜਾ ਕੇ ਲਾਗਲੀ ਦੁਕਾਨ ਤੋਂ ਕੁਝ ਖ਼ਰੀਦ ਕੇ ਖਾ ਲਵੋ। ਉਨ੍ਹਾਂ ਝਕਦਿਆਂ-ਝਕਦਿਆਂ ਲੈ ਲਏ ਅਤੇ ਫਿਰ ਖ਼ੁਸ਼ੀ ਵਿੱਚ ਚਾਂਗਰਾਂ ਮਾਰਨ ਲੱਗ ਪਏ।
ਸਾਡਾ ਡਰਾਈਵਰ ਨਮਾਜ਼ ਅਦਾ ਕਰ ਕੇ ਆ ਗਿਆ ਤੇ ਅਸੀਂ ਅਗਾਂਹ ਚੱਲ ਪਏ ਹਾਂ। ਇੱਕ ਗੱਲ ਅਸੀਂ ਹੋਰ ਦੇਖੀ ਕਿ ਨਹਿਰਾਂ ਪਾਣੀ ਨਾਲ਼ ਭਰੀਆਂ ਵਗਦੀਆਂ ਹਨ ਅਤੇ ਹਰ ਪਿੰਡ ਦੇ ਅੱਡੇ ਕੋਲ ਨਲ਼ਕੇ ਲੱਗੇ ਹੋਏ ਹਨ, ਜੋ ਸਾਡੇ ਚੜ੍ਹਦੇ ਪੰਜਾਬ ਪਿੰਡਾਂ ਵਿੱਚ ਪਾਣੀ ਥੱਲੇ ਜਾਣ ਕਾਰਨ ਅਲੋਪ ਹੀ ਹੋ ਗਏ ਹਨ ਪਰ ਏਧਰ ਗ਼ਰੀਬੀ ਵੀ ਬਹੁਤ ਹੈ।
ਫਿਰ ਅਸੀਂ ਕਸਬਾ ਝੰਗ ਪਹੁੰਚ ਗਏ। ਇਹ ਦਰਿਆ ਝਨਾਂ (ਚਨਾਬ) ਦੇ ਚੜ੍ਹਦੇ ਪਾਸੇ ਵਸਿਆ ਹੋਇਆ ਹੈ। ਇਸ ਬਾਰੇ ਵੀ ਬੜੇ ਰੌਚਿਕ ਤੱਥਾਂ ਦਾ ਸਾਨੂੰ ਪਤਾ ਲੱਗਾ। ਇਹ ਸਿਆਲ ਵੰਸ਼ ਦੇ ਲੋਕਾਂ ਦੇ ਪੁਰਖੇ ਰਾਇ ਸਿਆਲ ਨੇ ਵਸਾਇਆ ਦੱਸਿਆ ਜਾਂਦਾ ਹੈ। ਰਾਇ ਸਿਆਲ ਪਾਕਿਪਟਨ ਆਇਆ ਤੇ ਬਾਬਾ ਫ਼ਰੀਦ ਦੀ ਸ਼ੋਭਾ ਸੁਣ ਕੇ ਮੁਸਲਮਾਨ ਬਣ ਗਿਆ। ਪਹਿਲਾਂ ਉਹ ਹਿੰਦੂ ਰਾਜਪੂਤ ਸੀ ਅਤੇ ਜੋਨਪੁਰ ਦਾ ਹੁਕਮਰਾਨ ਸੀ। ਉਹ ਸੁਲਤਾਨ ਬਲਬਨ ਨਾਲ਼ ਜੰਗ ਵਿੱਚ ਹਾਰ ਗਿਆ ਤੇ ਬਾਬਾ ਫ਼ਰੀਦ ਦੇ ਚਰਨੀਂ ਪੈ ਗਿਆ। ਦੱਸਦੇ ਨੇ ਬਾਬਾ ਫ਼ਰੀਦ ਨੇ ਉਸਦਾ ਨਾਮ ਰਾਇ ਸਿਆਲ ਹੀ ਰਹਿਣ ਦਿੱਤਾ। ਸਾਨੂੰ ਇਹ ਵੀ ਦੱਸਿਆ ਗਿਆ ਕਿ ਚੂਚਕ ਖ਼ਾਂ ਦੇ ਵਕਤ ਤੱਕ ਸਿਆਲ ਖ਼ਾਨਦਾਨ ਪੰਜਾਹ-ਸੱਠ ਕਬੀਲਿਆਂ ਵਿੱਚ ਫੈਲ ਗਿਆ। ਬਾਅਦ ਵਿੱਚ ਚੂਚਕ ਹੀ ਇਨ੍ਹਾਂ ਕਬੀਲਿਆਂ ਦਾ ਸਰਦਾਰ ਚੁਣਿਆ ਗਿਆ। ਚੂਚਕ ਦੀ ਬੇਗ਼ਮ ਮਲਕੀ ਦੀ ਕੁੱਖੋਂ ਹੀਰ ਨੇ ਜਨਮ ਲਿਆ। ਝੰਗ ਦਾ ਆਖ਼ਰੀ ਸਿਆਲ ਹਾਕਮ ਅਹਿਮਦ ਖ਼ਾਂ ਸਿਆਲ ਸੀ, ਜਿਸ ਨੂੰ ਹਰਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਨੇ 1822 ਵਿੱਚ ਝੰਗ ਉੱਪਰ ਕਬਜ਼ਾ ਕੀਤਾ।
ਰਸਤੇ ਵਿੱਚ ਪੁੱਛਦੇ-ਪੁਛਾਉਂਦੇ ਅਸੀਂ ਹੀਰ-ਰਾਂਝੇ ਦੇ ਮਕਬਰੇ ਪਹੁੰਚ ਗਏ। ਬਾਜ਼ਾਰਾਂ ’ਚੋਂ ਹੁੰਦਿਆਂ ਹੋਇਆਂ ਇੱਕ ਕੱਚੀ ਜਿਹੀ ਚੜ੍ਹਾਈ ਚੜ੍ਹ ਕੇ ਇਹ ਮਕਬਰਾ ਹੈ। ਮਕਬਰੇ ਦੇ ਬਾਹਰ ਨਿੱਕੀਆਂ-ਨਿੱਕੀਆਂ ਰੇੜ੍ਹੀਆਂ ਵਾਲੀਆਂ ਦੁਕਾਨਾਂ ਹਨ। ਕੁਝ ਗਵੱਈਏ ਸੂਫ਼ੀ ਕਲਾਮ ਦਾ ਗਾਇਨ ਵੀ ਕਰ ਰਹੇ ਸਨ। ਅਸੀਂ ਮਕਬਰੇ ਦੇ ਅੰਦਰ ਜਾ ਕੇ ਅਕੀਦਤ ਪੇਸ਼ ਕੀਤੀ। ਲਹਿੰਦੇ ਪੰਜਾਬ ਵਿੱਚ ਹੀਰ ਨੂੰ ‘ਮਾਈ ਹੀਰ’ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਹੁਣ ਬਹੁਤ ਸਾਰੇ ਲੋਕ ਇੱਥੇ ਸੁੱਖਣਾ ਸੁੱਖਣ ਵੀ ਆਉਂਦੇ ਹਨ।
ਮਕਬਰੇ ਤੋਂ ਬਾਹਰ ਆਏ ਤਾਂ ਬਹੁਤ ਸਾਰੇ ਲੋਕ ਸਾਡੇ ਦੁਆਲ਼ੇ ਇਕੱਠੇ ਹੋ ਗਏ। ਇੱਕ ਯੂ-ਟਿਊਬਰ ਤਾਰਿਰ ਸ਼ਾਹ ਨੇ ਮੇਰੇ ਨਾਲ਼ ਬਲੌਗ ਬਣਾਉਣ ਦੀ ਇਜਾਜ਼ਤ ਮੰਗੀ। ਮੈਂ ਹਾਂ ਕਰ ਦਿੱਤੀ। ਹੀਰ-ਰਾਂਝੇ ਦੀ ਕਹਾਣੀ ਬਾਰੇ ਮੈਂ ਕਿਹਾ ਕਿ, “ਇਹ ਮੁਹੱਬਤ ਦਾ ਪੈਗ਼ਾਮ ਦਿੰਦੀ ਹੈ। ਸਾਨੂੰ ਸਾਰੇ ਸਿਆਸੀ ਝਗੜੇ-ਝਮੇਲਿਆਂ ਤੋਂ ਉੱਪਰ ਉੱਠ ਕੇ ਮੁਹੱਬਤ ਨਾਲ਼ ਰਹਿਣਾ ਚਾਹੀਦਾ ਹੈ। ਇਹੋ ਪੈਗ਼ਾਮ ਅਸੀਂ ਇਸ ਪਾਕਿ ਥਾਂ ਤੋਂ ਲੈ ਕੇ ਵੀ ਜਾ ਰਹੇ ਹਾਂ।” ਸਾਰੇ ਲੋਕਾਂ ਨੇ ਸਾਡੇ ਨਾਲ਼ ਫ਼ੋਟੋਆਂ ਵੀ ਖਿਚਵਾਈਆਂ ਅਤੇ ਇੱਥੇ ਆਉਣ ਲਈ ਸਾਡਾ ਸ਼ੁਕਰਾਨਾ ਕੀਤਾ।

ਲਾਹੌਰ ਨੂੰ ਅਲਵਿਦਾ
ਨੌਂ ਮਾਰਚ ਸ਼ਨਿੱਚਰਵਾਰ ਲਾਹੌਰ ਨੂੰ ਅਲਵਿਦਾ ਕਹਿਣ ਦਾ ਦਿਨ। ਪਹਿਲਾਂ ਬਣੇ ਪ੍ਰੋਗਰਾਮ ਅਨੁਸਾਰ ਦਸ ਮਾਰਚ ਨੂੰ ਵਾਪਸ ਚੜ੍ਹਦੇ ਪੰਜਾਬ ਪਰਤਣਾ ਸੀ, ਪਰ ਪ੍ਰੋ. ਗੁਪਾਲ ਬੁੱਟਰ ਨੇ ਸਾਨੂੰ ਤਾਕੀਦ ਕੀਤੀ ਸੀ ਕਿ ਨੌਂ ਮਾਰਚ ਤੱਕ ਵਾਪਸ ਆ ਜਾਇਓ। ਉਨ੍ਹਾਂ ਦੀ ਜਥੇਬੰਦੀ/ਸੰਸਥਾ ਵੱਲੋਂ ਦਸ ਮਾਰਚ ਨੂੰ ਵਰਿਆਮ ਸਿੰਘ ਸੰਧੂ ਹੋਰਾਂ ਦਾ ਸਨਮਾਨ ਕਰਨਾ ਸੀ। ਜੋ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਯਾਦ ਵਿੱਚ ਹਰ ਸਾਲ ਕਿਸੇ ਲੋਕ ਪੱਖੀ ਸਾਹਿਤਕਾਰ ਨੂੰ ਦਿੱਤਾ ਜਾਂਦਾ ਹੈ। ਇਸੇ ਕਰਕੇ ਅਸੀਂ ਵਾਪਸੀ ਨੌਂ ਮਾਰਚ (2024) ਦੀ ਰੱਖ ਲਈ।
ਇਸ ਵੇਰ ਸਾਨੂੰ ਵਿਦਾ ਕਰਨ ਲਈ ਤਾਹਿਰ ਸੰਧੂ, ਸਾਇਮਾ ਸੰਧੂ, ਬੱਚੀਆਂ, ਬੇਟਾ, ਭਾਣਜਾ ਸ਼ਾਹਜੇਬ ਅਤੇ ਤਾਹਿਰ ਦੀ ਭਤੀਜੀ ਵੀ ਵਾਹਗਾ ਬਾਰਡਰ ਤੱਕ ਆਏ। ਅਜਿਹੇ ਮੌਕੇ ਭਾਵੁਕ ਕਰ ਦਿੰਦੇ ਹਨ। ਮਾਸਟਰ ਧਰਮਪਾਲ ਸਿੰਘ ਉੱਗੀ, ਮਨਜੀਤ ਕੌਰ, ਨੀਰੂ ਅਤੇ ਮੈਂ ਆਪਣੇ ਆਪ ਨੂੰ ਸੰਭਾਲਿਆ। ਤਸਵੀਰਾਂ ਖਿੱਚੀਆਂ, ਗਲ਼ਵੱਕੜੀਆਂ ਕੱਸੀਆਂ।
ਆਖ਼ਿਰ ਅਸੀਂ ਭਰੇ ਮਨ ਨਾਲ਼ ਉੱਥੋਂ ਰੁਖ਼ਸਤ ਹੋਏ। ਫਿਰ ਮਿਲਣ ਦੇ ਵਾਅਦੇ ਨਾਲ਼…!
(ਸਮਾਪਤ)

Leave a Reply

Your email address will not be published. Required fields are marked *