ਕੁਕਨਸ ਵਾਂਗ ਜੀਵੰਤ ਹੁੰਦਾ ਰਿਹਾ ਸ੍ਰੀ ਹਰਗੋਬਿੰਦਪੁਰ

ਗੂੰਜਦਾ ਮੈਦਾਨ

ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ।

‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪੇਸ਼ ਹੈ, ਨਗਰ ਵਸਦਾ ਸ੍ਰੀ ਹਰਗੋਬਿੰਦਪੁਰ ਦਾ ਕਿੱਸਾ, ਜੋ ਕੁਕਨਸ ਵਾਂਗ ਜੀਵੰਤ ਹੁੰਦਾ ਰਿਹਾ –ਪ੍ਰਬੰਧਕੀ ਸੰਪਾਦਕ

ਵਿਜੈ ਬੰਬੇਲੀ
ਫੋਨ: +91-9463439075

ਗੁਰਦਾਸਪੁਰ ‘ਚ ਬਿਆਸ ਦਰਿਆ ਦੀ ਉੱਤਰੀ ਬਾਹੀ ਇੱਕ ਪ੍ਰਚੀਨ ਨਗਰ ਵਸਦਾ ਹੈ, ਸ੍ਰੀ ਹਰਗੋਬਿੰਦਪੁਰ। ਮੁੱਢ ਕਦੀਮ ‘ਚ ਇਹ ਛੋਟਾ ਜਿਹਾ ਖੇੜਾ ਹੁੰਦਾ ਸੀ। ਪਹਿਲ-ਪਲੱਕੜਿਆਂ ਵਿੱਚ ਇਸਦੀ ਮੋੜ੍ਹੀ ਕਿਸਨੇ ਗੱਡੀ, ਇਹ ਦਰਿਆਫਤ ਨਹੀਂ ਹੋ ਸਕਿਆ। ਫਿਰ ਹੜ੍ਹ ਤ੍ਰਾਸਦੀ ਕਾਰਨ ਇਸਦੇ ਮਾਲਕ ਉੱਜੜ-ਪੁਜੜ ਗਏ। ਮਗਰੋਂ ਇਸਦੀ ਬਹੁਤੀ ਮਾਲਕੀ, ਲੋਕ-ਜੁਬਾਂ ਅਨੁਸਾਰ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜਨ-ਹਿੱਤ ਵਿੱਚ ਖਰੀਦ ਲਈ ਸੀ। ਉਨ੍ਹਾਂ ਸੰਮਤ 1644 ਵਿੱਚ ਇਸਦਾ ਨਵਾਂ ਨਾਂ ਆਪਣੇ ਪੁੱਤਰ ਦੇ ਨਾਓਂ `ਤੇ ਰੱਖਿਆ ‘ਗੋਬਿੰਦਪੁਰ’। ਪ੍ਰਸਥਿਤੀਆਂ ਵੱਸ ਚੰਦੂ, ਜਿਸ ਸਿਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਦਾ ਬੱਜਰ ਪਾਪ ਹੈ, ਦੇ ਇੱਕ ਨਜ਼ਦੀਕੀ ਭਗਵਾਨ ਦਾਸ ਘਿਰੜ ਖੱਤਰੀ ਨੇ ਇਸ ਵਸੇਬ ਉੱਤੇ ਕਬਜ਼ਾ ਕਰ ਲਿਆ। ਲਾਗੇ ਹੀ ਰੋਹੀਲਾ ਨਾਂ ਦਾ ਇੱਕ ਨਗਰ, ਜਿਹੜਾ ਉਸਦੇ ਅਹਿਲਕਾਰਾਂ ਵੱਲੋਂ ਗੁਰੂ ਹਰਗੋਬਿੰਦ ਜੀ ਨਾਲ ਖੁਦ ਸਹੇੜੇ ਯੁੱਧ ਕਾਰਨ ਤੇ ਮਗਰੋਂ ਹੜ੍ਹਾਂ ਕਾਰਨ ਦਰਿਆ-ਬੁਰਦ ਹੋ ਗਿਆ, ਵੱਸਦਾ ਸੀ। ਇਹ ਮੁਸਲਿਮ ਪਠਾਣਾਂ ਦੀ ਸਰਦਾਰੀ ਵਾਲਾ ਸ਼ਹਿਰ ਸੀ, ਤਾਅ-ਕਿਸਮ ਦੇ ਹਿੰਦੂ ਇੱਥੇ ਨਹਾਇਤ ਘੱਟ ਗਿਣਤੀ ਸਨ। ਪਠਾਣਾਂ ਦਾ ਇਨ੍ਹਾਂ ਉੱਤੇ ਨਿਹੱਕਾ ਦਬਦਬਾ ਸੀ। ਸਤੇ ਹੋਏ ਹਿੰਦੂ ਛੇਵੇਂ ਪਾਤਸ਼ਾਹ ਪਾਸ ਜਾ ਫਰਿਆਦੀ ਹੋਏ, ਜਿਹੜੇ ਉਦੋਂ ਕਰਤਾਰਪੁਰ ਰਹਿੰਦੇ ਸਨ।
ਮਸਲੇ ਦੀ ਗੰਭਰੀਤਾ ਬੁੱਝਦਿਆਂ ਗੁਰੂ ਹਰਗੋਬਿੰਦ ਜੀ ਖੁਦ, ਆਪਣੀ ਪਿਤਾ ਪੁਰਖੀ ਵਰਸੋਈ-ਭੋਂਇ ਵੇਖਣ ਦੇ ਬਹਾਨੇ ਬਿਆਸ ਦਰਿਆ ਦੀ ਉਸ ਜੂਹ ਨੂੰ ਤੁਰ ਪਏ। ਭਗਵਾਨ ਦਾਸ ਨੇ ਗੁਰੂ ਜੀ ਨੂੰ ਇੱਥੇ ਮੁਕਾਮ ਕਰਨ ਤੋਂ ਰੋਕਿਆ, ਤਾਂ ਤਿੱਖੀ ਝੜਪ ਦੌਰਾਨ ਭਗਵਾਨਾ ਮਾਰਿਆ ਗਿਆ। ਉਪਰੰਤ ਉਸਦਾ ਫਰਜੰਦ ਰਤਨ ਚੰਦ ਜਲੰਧਰ ਦੇ ਸੂਬੇ ਅਲੀਬੇਗ, ਜਿਸ ਨਾਲ ਇਸ ਟੱਬਰ ਦੀ ਸੁਰ ਸਾਂਝੀ ਸੀ, ਪਾਸ ਜਾ ਪਿੱਟਿਆ। ਗੁੱਸੇ-ਖੋਰ ਅਲੀਬੇਗ ਨੇ ਤੱਤ-ਭੜੱਤ ਅਬਦੁੱਲਾ ਖਾਂ ਜਰਨੈਲ ਦੀ ਅਗਵਾਈ ਹੇਠ ਇੱਕ ਵੱਡੀ ਕੁਮਕ ਤੋਰ ਦਿੱਤੀ। ਰੋਹੀਲਾ ਪਠਾਣਾਂ ਨੇ ਅਬਦੁੱਲੇ ਅਤੇ ਰਤਨ ਚੰਦ ਦਾ ਸਾਥ ਦਿੱਤਾ। ਕਰੀਬ ਅੱਧਾ ਮਹੀਨਾ ਯੁੱਧ ਚੱਲਿਆ। ਇਹ ਵਾਕਿਆ 1621 ਦਾ ਹੈ। ਇਸ ਜੰਗ ਵਿੱਚ ਚੰਦੂ ਦਾ ਗਰੂਰੀ ਪੁੱਤ ਕਰਮ ਚੰਦ ਵੀ ਗੁਰੂ ਜੀ ਵਿਰੁੱਧ ਸਰਗਰਮ ਰਿਹਾ। ਇਹ ਟੋਲਾ ਗੁਰੂ ਜੀ ਵੱਲੋਂ ਲੜ ਰਹੇ ਬ੍ਰਾਹਮਣ ਯੋਧਿਆਂ- ਭਾਈ ਜਟੂ ਜੀ ਅਤੇ ਭਾਈ ਪਰਾਗਾ ਜੀ ਹੱਥੋਂ ਬੁਰੀ ਤਰ੍ਹਾਂ ਚਿੱਤ ਹੋਇਆ। ਭਾਈ ਜੱਟੂ ਜੀ ਤਿਵਾੜੀ ਅਤੇ ਪਰਾਗਾ ਜੀ ਛਿੱਬਰ ਉਸ ਮੂੰਜਾਲ-ਬ੍ਰਾਹਮਣ ਧਿਰ ਵਿੱਚੋਂ ਸਨ, ਜਿਨ੍ਹਾਂ ਦਾ ਇੱਕ ਹੱਥ ਹਲ ਦੀ ਮੁੰਨੀ ਅਤੇ ਦੂਜਾ ਹੱਥ ਤਲਵਾਰ ਨੂੰ ਤੇ ਦਿਮਾਗ ਕਿਤਾਬ ਵੱਲ ਰਹਿੰਦਾ ਸੀ/ਹੈ। ਮੁਹੰਮਦ ਖਾਂ ਤੇ ਜੱਟੂ ਜੀ ਆਪਸੀ ਘਸਮਾਨੀ ਜੰਗ ਵਿੱਚ ਹੱਥੋਂ-ਹੱਥ ਲੜਦੇ, ਮਾਰੇ ਗਏ ਤੇ ਸ਼ਹੀਦ ਹੋਏ। ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਮਗਰੋਂ ਭਾਈ ਪਰਾਗਾ ਜੀ ਵੀ ਬਿਰਧ ਅਵੱਸਥਾ ਜਲੰਧਰ ਦੀ ਜੰਗ ਵਿੱਚ ਛੇਵੇਂ ਪਾਤਸ਼ਾਹ ਵੱਲੋਂ ਲੜਦੇ ਸ਼ਹੀਦ ਹੋ ਗਏ ਸਨ। ਭਾਈ ਗੁਰਦਾਸ ਜੀ ਮੁਤਾਬਿਕ ਸਮੇਂ-ਸਮੇਂ ਗੁਰੂ ਜੀ ਵੱਲੋਂ ਇਨ੍ਹਾਂ ਯੋਧਿਆਂ ਦਾ ਸਸਕਾਰ ਆਪਣੇ-ਹੱਥੀਂ ਬੜੇ ਵਿਯੋਗੀ ਮਨ ਨਾਲ ਕੀਤਾ ਗਿਆ ਸੀ।
ਰੋਹੀਲਾ, ਜਿਹੜਾ ਮਗਰਲੇ ਸਾਲਾਂ ਬਾਅਦ ਆਏ ਭਾਰੀ-ਭਰਕਮ ਹੜ੍ਹਾਂ ਨੇ ਨੇਸਤੋ-ਨਬੂਦ ਕਰ ਦਿੱਤਾ ਸੀ, ਯੁੱਧ ਮਗਰੋਂ ਛੇਵੇਂ ਪਾਤਸ਼ਾਹ ਨੇ ਗੋਬਿੰਦ ਖੇੜੇ ਨੂੰ ਨਵੇਂ ਸਿਰਿਓਂ ਵੇਲੇ ਦੀ ਆਧੁਨਿਕ ਲੋੜ ਅਨੁਸਾਰ ਮੁੜ ਸਥਾਪਿਤ ਅਤੇ ਵਿਕਸਤ ਕਰਨ ਦੀ ਲੋੜ- ਮੁਜ਼ਬ ਇਸਦੀ ਮੋੜ੍ਹੀ ਭਾਈ ਗੁਰਦਾਸ ਤੋਂ ਮੁੜ ਗੱਡਵਾ ਕੇ ਉਥੇ ਗੁਰੂ ਘਰ, ਗੁਰੂ ਕਾ ਮਹਿਲ ਵੀ ਵਿਉਂਤਿਆ ਅਤੇ ਤਾਅ-ਕਿਸਮ ਦੇ ਧਰਮ-ਆਸਥੀਆਂ ਦੇ ਧਰਮ ਮੱਠ ਵੀ ਉਸਾਰੇ। ਉਨ੍ਹਾਂ ਵੱਲੋਂ ਉਸਾਰੀ ਗਈ ਮਸੀਤ, ਜਿਸ ਨੂੰ ਗੁਰੂ ਕੀ ਮਸੀਤ ਕਿਹਾ ਜਾਂਦਾ ਹੈ, ਸਦਭਾਵੀ ਜਲੌਅ ਅਤੇ ਇੱਕਮਿਕਤਾ ਦੀ ਸਦੀਵੀ ਨਿਸ਼ਾਨੀ ਬਣ, ਹਾਲੇ ਵੀ ਇੱਥੇ ਬੁਲੰਦ ਖੜ੍ਹੀ ਹੈ। ਨਵੀਂ ਤਾਮੀਰ, ਹਲਚਲੀ ਗਤੀਵਿਧੀਆਂ, ਸ੍ਰੀ ਗੁਰੂ ਹਰਗੋਬਿੰਦ ਜੀ ਦੀਆਂ ਆਹਲਾ ਸਰਗਰਮੀਆਂ ਕਾਰਨ ਇਸ ਮੁੜ ਜੀਵੰਤ ਹੋ ਰਹੇ ਨਗਰ ਦਾ ਨਾਮਾਂ ਸਿਰੀ ਹਰਗੋਬਿੰਦਪੁਰ ਪ੍ਰਚੱਲਤ ਹੋ ਗਿਆ।
ਉਦੋਂ ਸੁਰੱਖਿਆ ਰਣਨੀਤੀ ਤਹਿਤ ਇਸ ਖੇੜੇ ਦੇ ਕੇਂਦਰੀ ਆਬਾਦੀ ਦੁਆਲੇ ਮਜਬੂਤ ਚਾਰਦੀਵਾਰੀ ਅਤੇ ਮੁੱਖ ਦਰਵਾਜ਼ਾ ਉਸਾਰਿਆ ਗਿਆ। ਮਗਰੋਂ, ਸਮੇਂ-ਸਮੇਂ ਵੱਖ-ਵੱਖ ਦਿਸ਼ਾਵਾਂ ਵਿੱਚ ਛੇ ਮਸ਼ਹੂਰ ਲਾਂਘੇ ਉਸਰੇ। ਵਕਤ ਦੀ ਮਾਰ ਅਤੇ ਇਤਿਹਾਸ ਨਾ-ਸਾਂਭਣ ਦੀਆਂ ਸਾਡੀਆਂ ਮੁਰਖਤਾਈਆਂ ਕਾਰਨ ਢਿੱਠੇ-ਧੱਸੇ ਅਤੇ ਖੰਡਰਾਤ ਬਣੇ ਇਨ੍ਹਾਂ ਲਾਂਘਿਆਂ ਦੇ ਸਿਰਨਾਵੇਂ, ਅੱਜ ਵੀ ਦਰਵਾਜ਼ਾ ਲਾਹੌਰੀ, ਮਿਆਦੀ, ਸ਼ਾਹਮਾਨਾ, ਮੋਰੀ, ਤੇਲੀ ਅਤੇ ਘਿਰੜ ਦਰਵਾਜ਼ੇ ਵਜੋਂ ਪ੍ਰਚੱਲਤ ਹਨ। ਹਾਂ! ਤਵਾਰੀਖ ਬਿਆਨਦਾ ਲਾਹੌਰੀ ਦਰਵਾਜ਼ਾ ਅਜੇ ਵੀ ਖੜ੍ਹਾ। ਇਹੀ ਨਹੀਂ, ਲੋੜ ਮੂਜ਼ਬ, ਉਦੋਂ ਤੇ ਬਾਅਦ ਤੱਕ, ਅੱਧਾ ਸੈਕੜਾ ਤੋਂ ਕੁੱਝ ਵੱਧ ਖੂਹ ਵੀ ਗਾਲੇ ਗਏ ਸਨ ਅਤੇ ਜਾਤੀ-ਕ੍ਰਮ ਅਨੁਸਾਰ ਵੱਖ-ਵੱਖ ਬਰਾਦਰੀਆਂ ਦੇ ਮੁਹੱਲੇ ਵੀ ਉਸਾਰੇ ਗਏ ਜਾਂ ਉਸਰਦੇ ਰਹੇ। ਗੱਲ ਕੀ, ਹਰ ਜਾਤ-ਧਰਮ ਜਾਂ ਮੁਹੱਲੇ ਦਾ ਆਪਣਾ ਖੂਹ ਅਤੇ ਆਪਣਾ ਇਬਾਦਤਖਾਨਾ, ਪਰ ਸੁਰ ਸਭ ਦੀ ਸਾਂਝੀ-ਮੀਂਝੀ।
ਭਾਵੇਂ ਇਸ ਨਗਰ ਨੂੰ ਕਈ ਮਨੁੱਖ ਸਿਰਜਤ ਅਤੇ ਕੁਦਰਤੀ ਤ੍ਰਾਸਦੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ/ਹੈ, ਪਰ ਇਹ ਕੁਕਨਸ ਵਾਂਗ ਮੁੜ ਜੀਵਤ ਹੋ ਉੱਠਦਾ। ਪ੍ਰਚੀਨ ਹਰਗੋਬਿੰਦਪੁਰ ਦੀ ਮੁੱਖ ਵਸੋਂ ਜਾਂ ਸੁਪਰਸਿੱਧ ਗਲੀਆਂ ਇਹ ਸਨ: ਮੁਹੱਲਾ/ਗਲੀ ਗੁਰੂ ਸਾਹਿਬ, ਗਲੀ ਕ੍ਰਿਸ਼ਨ ਮੰਦਿਰ, ਗਲੀ ਘੁਮਾਰਾਂ, ਭੱਲਿਆਂ, ਅਰੋੜਿਆਂ, ਸ਼ਾਹਮਾਨਾਂ ਅਤੇ ਗਲੀ ਸਲਵਾਨਾਂ। ਅੱਜ ਵੀ ਪੁਰਾਣੇ ਮੁਹੱਲਿਆ ਦੇ ਨਾਂ, ਪਹਿਲਕਿਆਂ ਵਾਂਗ ਲੋਕ-ਜੁਬਾਂ `ਤੇ ਹਨ: ਮੁਹੱਲਾਂ ਆਹਲੂਵਾਲੀਆਂ, ਰਾਮਗੜ੍ਹੀਆਂ, ਪਾਧਿਆਂ, ਕਾਸ਼ਤਕਾਰਾਂ, ਰਾਮਦਾਸੀਆਂ, ਘੁਮਾਰਾਂ, ਖੋਸਲਿਆਂ, ਸਲਵਾਨਾਂ, ਖਿੰਦੜੀਆਂ, ਖਾਕਰੋਬਾਂ, ਪੁਰੀਆਂ, ਬਜ਼ਾਜ਼ਾ, ਕੋਕਲੀਆਂ, ਸੈਣੀਆਂ, ਜੱਟਾਂ, ਜੁਲਾਹਿਆਂ, ਘਿਰੜਾਂ (ਕਹੇੜਾਂ), ਮਹਿਮਾਰਾਂ, ਮਲਾਹਾਂ, ਅਰਾਈਆਂ ਅਤੇ ਮੁਹੱਲਾਂ ਸ਼ੇਖਾਂ। ਜਾਤ ਅਤੇ ਕਿੱਤਾ ਆਧਾਰਿਤ ਇਨ੍ਹਾਂ ਮੁਹੱਲਿਆ ਵਿੱਚ ਹੁਣ ਵੀ ਉਸ ਜਾਤ-ਧਰਮ ਅਤੇ ਕ੍ਰਮ ਦੇ ਲੋਕ ਭਾਰੂ ਧਿਰ ਵਜੋਂ ਵੱਸਦੇ ਹਨ।
1884 ਦੇ ਬੰਦੋਬਸਤ ਵੇਲੇ ਇਸ ਨਗਰ ਦਾ ਰਕਬਾ 1597 ਏਕੜ ਤੈਅ ਹੋਇਆ। ਤਿੰਨ ਢਾਬਾਂ, ਪ੍ਰਾਚੀਨ ਸਰੋਵਰ ਜਿਸਦੀਆਂ ਸਵਾ ਹੱਥ ਚੌੜੀਆਂ ਤਿੰਨ ਦਿਸ਼ਾਵੀਂ ਪੌੜੀਆਂ ਧੁਰ ਹੇਠਾਂ ਪੁੱਜਦੀਆਂ, ਗੋਰਿਆਂ ਦੁਆਰਾ ਲਿਆਂਦਾ ਦੋ ਕਰਮ ਚੌੜਾ ਇੱਕ ਕਰਮ ਡੂੰਘਾ ਤੁਗਲਵਾਲਾ ਅਪਰ-ਬਾਰੀ ਸਿੰਚਾਈ ਨਾਲਾ ਆਦਿ ਇਸਦੀ ਅਹਿਮੀਅਤ ਦੀਆਂ ਬਾਤਾਂ ਪਾਉਂਦੇ ਰਹੇ ਹਨ। ਹਾਂ! ਇੱਥੋਂ ਦੇ ਜਾਏ ਫਿਲਮਾਂ ਵਾਲੇ ਰਾਜ ਖੋਸਲਾ, ਨਹਿਰੂ ਜੀ ਦੇ ਭਰੋਸੇਯੋਗ ਪੀ.ਏ. ਲਾਲਾ ਮੋਹਨ ਲਾਲ ਬਜਾਜ, ਗੁਲਜ਼ਾਰ ਹਿਕਮਤ, ਨਾਮਣੇ ਵਾਲੇ ਕਿਸ਼ਨ ਦਿਆਲ ਭੱਲਾ, ਚਿੱਤਰਕਾਰ ਸੋਭਾ ਸਿੰਘ ਵਰਗਿਆਂ ਦੀ ਬਾਤ ਕਿਤੇ ਫੇਰ ਸਹੀ। ਇਹ ਉਦੋਂ ਦੀਆਂ ਗੱਲਾਂ, ਜਦ ਛੱਬੀ ਮਲਮਲ ਦੀ ਟੋਹਰੀ ਪੱਗ, ਚਾਬੀ ਦੇ ਲੱਠੇ ਦੀ ਧੂਹਵੀਂ ਚਾਦਰ, ਜਾਲੀ ਵਾਲਾ ਸ਼ਾਹੀ ਕੁੜਤਾ ਤੇ ਪੂਰੀ ਬਾਹਾਂ ਵਾਲੀ ਬਾਸਕਟ, ਸਾਰਾ ਕੁੱਝ, ਸਿਰਫ ਚਾਰ ਰੁਪਏ ਵਿੱਚ ਆ ਜਾਂਦਾ ਸੀ। ਉਦੋਂ ਦੀਆਂ; ਜਦ ਅੱਠ ਪਾਸ ਦੀ ਸਨਦ ਨਾਲ ਗਭਰੂਟ, ਛੇ ਰੁਪਏ ਮਹੀਨਾ ਦੀ ਤਨਖਾਹੇ ਸਿਆਲਕੋਟ ਪਟਵਾਰੀ ਭਰਤੀ ਹੋ ਜਾਂਦਾ ਸੀ।
ਨਗਰ ਦੀ ਉਸਾਰੀ ਦੀ ਕਾਰੀਗਰੀ ਜਾਂ ਤਰਤੀਬ ਵੇਖੋ: ਹਰ ਗਲੀ ਬਾਜ਼ਾਰ ਵੱਲ ਖੁੱਲ੍ਹਦੀ ਹੈ, ਭਾਵ ਹਰ ਮੁਹੱਲਾ ਕਿਸੇ ਨਾ ਕਿਸੇ ਰੂਪ ਵਿੱਚ ਬਾਜ਼ਾਰ ਨਾਲ ਜੁੜਿਆ ਹੋਇਆ ਹੈ। ਹਰ ਗਲੀ ਦੇ ਖੁਦ-ਖਾਸਤਾ ਚੌਂਕ ਸਨ/ਹਨ, ਜਿਨ੍ਹਾਂ ਦੀ ਨਿਆਂਈ ਹਰ ਗਲੀ ਦੂਜੀ ਗਲੀ ਜਾਂ ਮੁਹੱਲੇ ਨਾਲ ਸਨਦਬੱਧ ਹੈ। ਸ. ਜੱਸਾ ਸਿੰਘ ਰਾਮਗੜ੍ਹੀਏ ਨੇ ਜਦ ਇਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਉਸਨੇ ਹਰ ਗਲੀ-ਮਾਰਗ ਨੂੰ ਪੱਕਾ ਕਰਵਾਇਆ ਅਤੇ ਹੁਨਰੀ ਤਰਖਾਣਾਂ ਕੋਲੋਂ ਯੁੱਧ ਅਤੇ ਰਣਨੀਤਿਕ ਪੱਕੋਂ ਦੋ ਵੱਡ ਅਕਾਰੀ ਦਰਵਾਜ਼ੇ ਵੀ ਤਾਮੀਰ ਕਰਵਾਏ। ਇਹੀ ਨਹੀਂ, ਜਲ–ਨਿਕਾਸ ਦਾ ਉੱਤਮ ਪ੍ਰਬੰਧ, ਨਗਰ ਦਾ ਪਾਣੀ ਇੱਕ ਪੱਕੇ-ਲਬੂੰਤਰੇ ਖਾਲੇ ਵਿੱਚ ਡਿੱਗਦਾ, ਜਿਹੜਾ ਇਸ ਨਿਕਾਸ ਨੂੰ ਦਰਿਆ ਬਿਆਸ ਦੇ ਹਵਾਲੇ ਕਰਦਾ। ਵੇਲੇ ਦੀਆਂ ਕੁੱਝ ਕਿੰਗਰਿਆਂ ਵਾਲੀਆਂ ਧੜਵੈਲ਼ ਹਵੇਲੀਆਂ ਭਾਵੇਂ ਅਜੇ ਵੀ ਖੜ੍ਹੀਆਂ, ਜਿਹੜੀਆਂ ਡਿੰਗੂ-ਡਿੰਗੂ ਦੀ ਹਾਲਤ ਵਿੱਚ ਹਨ। ਬਹੁਤੀਆਂ ਢਹਿ-ਢੇਰੀ ਹੋ ਚੁੱਕੀਆਂ ਹਨ, ਪਰ ‘ਖੰਡਰਾਤ ਬਿਆਂ ਕਰਤੇ ਹੈ, ਇਮਾਰਤ ਕਿਤਨੀ ਖੂਬਸੂਰਤ ਹੋਗੀ।’

Leave a Reply

Your email address will not be published. Required fields are marked *