ਕੌਣ ਚੰਗਾ, ਕੌਣ ਮਾੜਾ

ਆਮ-ਖਾਸ

ਨਿੰਮਾ ਡੱਲੇਵਾਲਾ
ਫੋਨ: 513-432-9754
“ਕੌਣ ਚੰਗਾ, ਕੌਣ ਮਾੜਾ- ਇਹ ਰੱਬ ਜਾਣਦਾ” ਬੜਾ ਮਕਬੂਲ ਅਖਾਣ ਅੱਜ ਦੇ ਯੁਗ ਅੰਦਰ ਅਪਾਹਿਜ ਹੋਇਆ ਜਾਪਦਾ ਹੈ, ਕਿਉਂਕਿ ‘ਕੌਣ ਚੰਗਾ, ਕੌਣ ਮਾੜਾ’ ਦਾ ਨਿਰਣਾ ਹੁਣ ਲੋਕ ਕਰਦੇ ਹਨ ਤੇ ਚੰਗੇ-ਮਾੜੇ ਦੇ ਸਰਟੀਫਿਕੇਟ ਵੀ ਵੰਡਦੇ ਹਨ। ਦੂਜੇ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਦੀਆਂ ਸਮੱਸਿਆਵਾਂ ਦੀ ਸੱਚਾਈ ਤੋਂ ਕੋਹਾਂ ਦੂਰ ਬੈਠੇ ਹੀ ਅੰਦਾਜ਼ਾ ਲਾ ਲੇਬਲ ਲਾ ਦਿੰਦੇ ਹਨ। ਜਿਵੇਂ ਆਉਣ ਵਾਲੇ ਕੱਲ੍ਹ ਦੀ ਬੁੱਕਲ ਵਿੱਚ ਕੀ ਛੁਪਿਆ, ਅਸੀਂ ਜਾਣ ਨਹੀਂ ਸਕਦੇ, ਇਵੇਂ ਕਿਸੇ ਦੀ ਵੀ ਜ਼ਿੰਦਗੀ ਵਾਲੀ ਬੁੱਕਲ ਵਿੱਚ ਕਿਹੜੇ ਦੁੱਖ ਜਾਂ ਸੁੱਖ ਪਲ਼ ਰਹੇ ਹਨ, ਕੋਈ ਨਹੀਂ ਜਾਣ ਸਕਦਾ।

ਸਿਰਫ ਖਿਆਲੀ ਪੂਣੀਆਂ ਦਾ ਸੂਤ ਕੱਤ ਇੱਕ ਬੁਰਾਈਆਂ ਦੀ ਦਰੀ ਵਰਗੀ ਬੁਣ ਕੇ ਉਸ ਦੀ ਤਸਵੀਰ ਬਣਾ ਦਿੰਦੇ ਹਾਂ। ਅਸੀਂ ਇੰਨੇ ਕੁ ਕੰਨਾਂ ਦੇ ਕੱਚੇ ਬਣ ਗਏ ਹਾਂ ਕਿ ਕਿਸੇ ਹੋਰ ਦੇ ਕਹਿਣ ਨਾਲ ਹੀ ਕਿਸੇ ਨੂੰ ਮਾੜਾ ਸਮਝਣ ਲੱਗ ਜਾਂਦੇ ਹਾਂ, ਜਿਸ ਨੇ ਸਾਡੇ ਨਾਲ ਕਦੇ ਕੁਝ ਮਾੜਾ ਵੀ ਨਹੀਂ ਕੀਤਾ ਹੁੰਦਾ।
ਕਿਸੇ ਦੇ ਪਰਿਵਾਰਕ ਮਸਲੇ ਤੇ ਕਿਸੇ ਦੇ ਸਮਾਜਿਕ ਅਤੇ ਕਿਸੇ ਦੇ ਆਰਥਿਕ; ਪਰ ਆਪਣੀ ਪੀੜ੍ਹੀ ਥੱਲੇ ਸੋਟਾ ਕੋਈ ਨਹੀਂ ਮਾਰਦਾ। ਕਿਸੇ ਦਾ ਖੂਨ ਪੀ ਕੇ ਆਪਣੇ ਆਪ ਨੂੰ ਦੁੱਧ ਧੋਤੇ ਦੱਸਣ ਵਾਲੇ ਉਨ੍ਹਾਂ ਨੂੰ ਵੀ ਮਾੜਾ ਦੱਸਣ ਲੱਗ ਜਾਂਦੇ ਹਨ, ਜਿਨ੍ਹਾਂ ਨੇ ਕਦੇ ਉਨ੍ਹਾਂ ਦੇ ਘਰ ਦੀ ਚਾਹ ਵੀ ਨਹੀਂ ਪੀਤੀ। ਕਿਸੇ ਨੂੰ ਸਾਧਾਂ ਦੇ ਡੋਲ ਵਾਂਗੂੰ ਮਾਂਜ ਕੇ ਮਾੜੇ ਬਣਨ ਵਾਲੇ ਦੂਜੇ ਦਿਨ ਗੁਰੂਘਰ ਭਾਂਡੇ ਮਾਂਜ ਕੇ ਚੰਗੇ ਬਣਨ ਦੀ ਜੱਦੋ-ਜਹਿਦ ਵਿੱਚ ਲੱਗੇ ਹੁੰਦੇ ਹਨ। ਕਾਰੋਬਾਰ ਅਤੇ ਸੰਸਾਰ ਦੀਆਂ ਕੁਝ ਅਨੋਖੀਆਂ ਨੀਤੀਆਂ, ਜਿਨ੍ਹਾਂ ਦੀਆਂ ਵਾਹੀਆਂ ਲੀਕਾਂ ਉਤੇ ਤੁਹਾਨੂੰ ਤੁਰਨਾ ਪੈਂਦਾ ਹੈ ਤੇ ਤੁਸੀਂ ਸੁਭਾਵਿਕ ਹੀ ਤੱਕੜੀ ਦੇ ਚੰਗੇ ਤੇ ਮਾੜੇ ਪਲੜੇ ਤੋਲੇ ਜਾਂਦੇ ਹੋ। ਸੱਚ ਬਹੁਤ ਔਖਾ ਨਜ਼ਰ ਆਉਂਦਾ ਹੈ ਤੇ ਜੋ ਨਜ਼ਰ ਆਉਂਦਾ ਹੈ, ਉਹ ਪੂਰਾ ਸੱਚ ਨਹੀਂ ਹੁੰਦਾ। ਸਿਧਾਂਤਾਂ ਅਨੁਸਾਰ ਜੋ ਚੰਗਾ ਕਰਦਾ, ਉਹ ਚੰਗਾ; ਜੋ ਮਾੜਾ ਕਰਦਾ, ਉਹ ਮਾੜਾ। ਪਰ ਹਵਾਵਾਂ ਵਿੱਚ ਉਡੀਆਂ ਅਫਵਾਹਾਂ `ਤੇ ਭਰੋਸਾ ਕਰਨਾ ਵੱਡੀਆਂ ਅਕਲਾਂ ਵਾਲਿਆਂ ਨੂੰ ਵੀ ਬੇਅਕਲੇ ਸਾਬਤ ਕਰਦਾ ਹੈ।
ਇੱਕੋ ਵਰਗੇ ਸਾਰੇ ਆਪਾਂ, ਨਾ ਕੋਈ ਚੰਗਾ, ਨਾ ਕੋਈ ਮਾੜਾ।
ਹੈਗੀ ਇੱਕੋ ਅਸਲ ਕਹਾਣੀ, ਲੇਖਾਂ ਦਾ ਹੈ ਸਭ ਪੁਆੜਾ।
ਕਿਸੇ ਲਹੂ ਵਿੱਚ ਪਾਣੀ ਪੈ ਗਿਆ, ਕਿਸੇ ਦਾ ਹਾਲੇ ਵੀ ਹੈ ਗਾੜ੍ਹਾ।
ਕਿਸੇ ਦੇ ਵਿਹੜੇ ਸੁੱਖ ਦੀ ਲਾੜੀ, ਕਿਸੇ ਦੇ ਘਰ ਵਿੱਚ ਦੁੱਖ ਹੈ ਲਾੜਾ।
ਕਈਆਂ ਹਿੱਸੇ ਦੰਦਾਂ ਦੇ ਦਾਣੇ, ਕਿਧਰੇ ਦਰਦ ਵਾਲੀਆਂ ਦਾੜਾਂ।
‘ਨਿੰਮਾ’ ਆਖੇ ਖੁਦ ਹੀ ਸੜ`ਜਾਂ, ਕਿਹੜੀਆਂ ਕਿਹੜੀਆਂ ਰੀਤਾਂ ਸਾੜਾਂ।
ਮੈਂ ਆਪਣੇ ਜੀਵਨ ਕਾਲ ਅੰਦਰ ਤਜਰਬੇ ਦੀਆਂ ਗਲੀਆਂ ਵਿੱਚੋਂ ਗੁਜ਼ਰਦਿਆਂ ਹੋਇਆ ਵੇਖਿਆ ਹੈ ਕਿ ਕੋਈ ਇਨਸਾਨ ਮਾੜਾ ਨਹੀਂ ਹੁੰਦਾ। ਮਾੜਾ ਅਤੇ ਚੰਗਾ ਸਿਰਫ ਸਮਾਂ ਹੁੰਦਾ ਹੈ, ਜਿਸ ਦੀ ਆਪਣੀ ਤਾਂ ਕੋਈ ਸਥਿਰਤਾ ਨਹੀਂ, ਪਰ ਮਨੁੱਖ ਦੀ ਸਥਿਤੀ ਨੂੰ ਕਈ ਉਲਝਣਾਂ ਵਿੱਚ ਉਦੋਂ ਤੱਕ ਪਾਈ ਰੱਖਦਾ ਹੈ, ਜਦੋਂ ਤੱਕ ਉਸ ਦੀ ਰਾਖ ਨਹੀਂ ਬਣ ਜਾਂਦੀ। ਮਾਂ ਦੀ ਕੁੱਖੋਂ ਤਾਂ ਸਿਰਫ ਇੱਕ ਪਵਿੱਤਰ ਰੂਹ ਦਾ ਜਨਮ ਹੁੰਦਾ ਹੈ ਤੇ ਕਲਯੁਗੀ ਸਮਾਜ ਅੰਦਰ ਪਰਵੇਸ ਕਰਨ ਮਗਰੋਂ ਜਦੋਂ ਵਿਚਰਦਾ ਹੈ ਤਾਂ ਉਸ ਦੀ ਵਿਚਾਰਧਾਰਾ ਉਸ ਦੀ ਉਂਗਲੀ ਫੜ ਉਸ ਨੂੰ ਜੀਵਨ ਦੇ ਰਾਹਾਂ ਉਤੇ ਤੋਰਦੀ ਹੈ ਤੇ ਇਨ੍ਹਾਂ ਰਾਹਾਂ ਉਤੇ ਠੇਢੇ–ਠੋਕਰਾਂ ਭਵਿੱਖ ਅੰਦਰ ਭਰੀਆਂ ਪਈਆਂ ਹੁੰਦੀਆਂ ਨੇ, ਉਤੋਂ ਮੰਜ਼ਿਲਾਂ ਵੀ ਦੂਰ। ਹਰ ਇਨਸਾਨ ਆਪਣੀ ਬੁੱਧੀ ਮੁਤਾਬਿਕ ਕੁਝ ਨਿਵੇਕਲੇ ਉਪਰਾਲੇ ਕਰਦਾ ਹੈ, ਸਫਲ ਜ਼ਿੰਦਗੀ ਵਾਲੀਆਂ ਮੰਜ਼ਿਲਾਂ ਹਾਸਿਲ ਕਰਨ ਲਈ; ਤੇ ਕਈ ਵਾਰੀ ਕੀਤੀਆਂ ਢੁਕਵੀਆਂ ਕੋਸ਼ਿਸ਼ਾਂ ਵੀ ਫੇਲ੍ਹ ਹੋ ਕੇ ਅਸਫਲ ਕਰ ਦਿੰਦੀਆਂ ਹਨ ਤੇ ਭਾਰੀ ਹਰਜਾਨੇ ਵੀ ਪੱਲੇ ਪਾ ਦਿੰਦੀਆਂ ਨੇ। ਉਦੋਂ ਲੋਕ ਤੁਹਾਡੀ ਹਾਰ ਉਤੇ ਅਫਸੋਸ ਨਹੀਂ ਕਰਦੇ, ਸਗੋਂ ਅੰਦਰੋ ਖੁਸ਼ ਹੋ ਕੇ ਤੁਹਾਨੂੰ ਤੇ ਤੁਹਾਡੀ ਕੋਸ਼ਿਸ਼ ਨੂੰ ਮਾੜਾ ਆਖ ਨਿਵਾਜਦੇ ਹਨ। ਨਿਚੋੜ ਇਹੋ ਕਿ ਤੁਸੀਂ ਮਾੜੇ ਨਹੀਂ, ਕੁਝ ਲੋਕ ਮਾੜੇ ਚਿਹਰੇ ਜ਼ਰੂਰ ਹਨ। ਇਹ ਲੋਕ ਕੋਈ ਦੂਰ-ਦੁਰਾਡੇ ਦੇ ਨਹੀਂ ਹੁੰਦੇ, ਤੁਹਾਡੇ ਸਭ ਤੋਂ ਵੱਧ ਕਰੀਬੀ ਹੁੰਦੇ ਹਨ, ਜਿਹੜੇ ਉਡੀਕ ਕਰ ਰਹੇ ਹੁੰਦੇ ਹਨ ਤੁਹਾਡੇ ਮਾੜੇ ਬਣਨ `ਤੇ ਤਾੜੀ ਵਜਾਉਣ ਲਈ।
ਹਰ ਇੱਕ ਸੋਚ ਹਰ ਉਦਮ ਸੁੱਚੀ ਸਵੇਰ ਵਾਂਗ ਕਰਦੀ ਹੈ, ਅਗਰ ਦੁਪਹਿਰ ਦੀ ਤਿੱਖੀ ਧੁੱਪ ਸਾੜ ਦੇਵੇ ਤੇ ਉਮੀਦਾਂ ਰਾਤ ਦੇ ਘੁੱਪ ਹਨੇਰੇ ਵਿੱਚ ਗੁੰਮ ਹੋ ਜਾਣ ਤਾਂ ਐਸੀ ਸੋਚ ਕਿਹੜੀਆਂ ਕੰਧਾਂ ਨਾਲ ਟੱਕਰਾਂ ਮਾਰੇ ਤੇ ਉਤੋਂ ਲੋਕਾਂ ਦੀਆਂ ਜੀਭਾਂ ਤੀਰ-ਕਮਾਨ ਬਣੀਆਂ ਹੁੰਦੀਆਂ ਹਨ ਤੁਹਾਨੂੰ ਮਾੜੇ ਦੱਸਣ ਤੇ ਨਿਸ਼ਾਨੇ ਲਾਉਣ ਲਈ। ਤੁਸੀਂ ਨਹੀਂ ਚਾਹੁੰਦੇ ਹੁੰਦੇ ਕਿ ਤੁਹਾਨੂੰ ਕੋਈ ਮਾੜਾ ਆਖੇ, ਪਰ ਕੁਝ ਲੋਕ ਚਾਹੁੰਦੇ ਹੁੰਦੇ ਹਨ ਕਿ ਤੁਹਾਨੂੰ ਮਾੜਾ ਆਖਣ। ਉਹ ਲੋਕ ਹੁੰਦੇ ਵੀ ਓਹੀ ਨੇ, ਜਿਨ੍ਹਾਂ ਨਾਲ ਚੰਗੇ ਵਕਤ ਚੰਗੀਆਂ ਸਾਂਝਾਂ ਰਹੀਆਂ ਹੋਣ। ਐਸੇ ਲੋਕ ਸਮੇਂ ਨਾਲ ਰੰਗ ਬਦਲਣ ਵਾਲੇ ਗਿਰਗਟ ਦੀ ਮਾਸੀ ਦੇ ਮੁੰਡੇ ਦੇ ਸਾਲੇ ਹੁੰਦੇ ਹਨ।
ਜਿਹੜੇ ਤੁਹਾਨੂੰ ਮਾੜੇ ਸਮਝਣ, ਉਹ ਵੀ ਹੁੰਦੇ ਨਹੀਂ ਚੰਗੇ।
ਹੱਥ ਇਸ ਨੇ ਵੀ ਆਪਣੇ, ਬੇਈਮਾਨੀ ਦੇ ਰੰਗ ਰੰਗੇ।
ਜਿਹੜੇ ਥੋਡੇ ਘਰ ਨੂੰ ਝਾਕਦੇ, ਘਰੇ ਉਨ੍ਹਾਂ ਦੇ ਵੀ ਪੰਗੇ।
ਕੀ ਮੁੱਲ ਮਿਲਦਾ ਕੇਸਰੀ, ਕੀ ਜਾਨਣ ਇਹ ਤਿਰੰਗੇ।
ਹੁਣ ਬੱਸ ਕਰ ‘ਨਿੰਮਿਆ’ ਤੂੰ ਨਾ ਕਰ ਇਨ੍ਹਾਂ ਨੂੰ ਨੰਗੇ।
ਇਨਸਾਨੀਅਤ ਇੱਕ ਸ਼ਬਦ ਹੈ ਤੇ ਅਸੀਂ ਇਸ ਨੂੰ ਦੋ ਕਰ ਦਿੱਤਾ। ਇਨਸਾਨੀ ਅਲੋਪ ਕਰ ਦਿੱਤੀ ਤੇ ਅੱਤ ਉਹ ਬਣਾ ਦਿੱਤੀ, ਜਿਸ ਦਾ ਖੁਦਾ ਨਾਲ ਵੀ ਵੈਰ ਹੁੰਦਾ ਹੈ। ਸਮਾਜ ਅੰਦਰ ਬਹੁਤ ਕੁਝ ਚੰਗਾ ਵਿਸਰਿਆ ਹੈ ਤੇ ਬੜਾ ਕੁਝ ਮਾੜਾ ਪਸਰਿਆ ਹੈ। ਤੁਸੀਂ ਕਿਸ ਦੀ ਚੋਣ ਕਰਨੀ ਹੈ, ਇਹ ਤੁਹਾਡੀ ਸੋਚ ਦੀ ਪਸੰਦ ਉਤੇ ਨਿਰਭਰ ਕਰਦਾ ਹੈ। ਅਗਰ ਘਰੇ ਪੱਕਦੀ ਹੈ ਤਾਂ ਖਾਂਦੇ ਹੋ, ਫਿਰ ਸਮਾਜਿਕ ਫਿਕਰਪੁਣੇ ਦੀ ਪ੍ਰਵਾਹ ਕਿਉਂ! ਹੱਥੋਂ ਰੋਟੀ ਖੋਹਣ ਵਾਲਾ ਚੰਗਾ ਨਹੀਂ ਹੁੰਦਾ ਤੇ ਮੂੰਹ ਵਿੱਚ ਬੁਰਕੀ ਪਾਉਣ ਵਾਲਾ ਮਾੜਾ ਨਹੀਂ ਹੁੰਦਾ। ਸਭ ਕਰਮਾਂ ਦੀਆਂ ਖੇਡਾਂ ਹੁੰਦੀਆਂ ਨੇ। ਫੁੱਲਾਂ ਨਾਲ ਯਾਰੀ ਕੌਣ ਨਹੀਂ ਪਾਉਣਾ ਚਾਹੁੰਦਾ! ਕੰਡਿਆਂ ਨੂੰ ਸੀਨੇ ਲਾਉਣਾ ਕੌਣ ਚਾਹੁੰਦਾ? ਕਿਸੇ ਦੇ ਵੀ ਕਹਿਣ ਨਾਲ ਕੋਈ ਚੰਗਾ ਜਾਂ ਮਾੜਾ ਨਹੀਂ ਬਣਦਾ। ਰੱਬ ਤੋਂ ਵੀ ਪਹਿਲਾਂ ਤੁਹਾਨੂੰ ਖੁਦ ਨੂੰ ਪਤਾ ਹੁੰਦਾ ਹੈ ਕਿ ਤੁਸੀਂ ਕਿੰਨੇ ਚੰਗੇ ਹੋ ਤੇ ਕਿੰਨੇ ਮਾੜੇ। ਤੁਹਾਡੇ ਅੰਦਰ ਨੂੰ ਲੋਕ ਨਹੀਂ, ਸਿਰਫ ਤੁਸੀਂ ਹੀ ਪੜ੍ਹ ਸਕਦੇ ਹੋ; ਲੋਕ ਤਾਂ ਸਿਰਫ ਚਿਹਰੇ ਪੜ੍ਹ ਕੇ ਅੰਦਾਜ਼ੇ ਲਗਾ ਸਕਦੇ ਹਨ। ਹਰੇਕ ਨਾਲ ਇਹੋ ਵਾਪਰ ਰਿਹਾ ਹੈ।
ਚੰਗਾ ਬਣਨਾ ਬੜਾ ਔਖਾ, ਸਾਰੀ ਉਮਰ ਲੱਗ ਜਾਂਦੀ ਆ ਤੇ ਮਾੜਾ ਬਣਨ ਲਈ ਇੱਕੋ ਗਲਤੀ ਗਲ਼ `ਚ ਬੁਰਾਈਆਂ ਵਾਲੇ ਹਾਰ ਪਾ ਦਿੰਦੀ ਹੈ। ਮਾੜਾ ਬਣਨ ਲਈ ਕੁਝ ਵੀ ਸਿੱਖਣ ਦੀ ਲੋੜ ਨਹੀਂ, ਪਰ ਚੰਗਾ ਬਣਨ ਲਈ ਕੁਝ ਵਡਮੁੱਲੀਆਂ ਗੱਲਾਂ ਦਾ ਧਾਰਨ ਕਰਨਾ ਬਣਦਾ ਹੈ। ਕਿਸੇ ਦਾ ਵੀ ਕਦੇ ਹੱਕ ਨਾ ਮਾਰੋ। ਜੇ ਕਿਸੇ ਦਾ ਕਈ ਭਲਾ ਕਰ ਸਕਦੇ ਹੋ ਤਾਂ ਕਰੋ, ਮਾੜਾ ਜਾਂ ਬੁਰਾ ਕਦੇ ਵੀ ਨਾ ਕਰੋ। ਨੇਕੀਆਂ ਖੱਟੋ, ਬੁਰਾਈਆਂ ਨਹੀਂ। ਹੰਕਾਰ ਤੇ ਈਰਖਾ ਵਰਗੀਆਂ ਕੁਰੀਤੀਆਂ ਨੂੰ ਮੱਥਾ ਟੇਕ ਦਿਓ ਤੇ ‘ਸਾਥ ਸੱਚ ਦਾ ਤੇ ਖਾਣਾ ਹੱਕ ਦਾ’ ਸਿੱਖ ਲਵੋ। ਈਮਾਨ ਨੂੰ ਗਲਵੱਕੜੀਆਂ ਬੇਈਮਾਨੀ ਨੂੰ ਦਿਲ ਦੇ ਵਿਹੜਿਓਂ ਭਜਾ ਦਿਓ। ਗੁਰਬਾਣੀ ਦੇ ਅੰਮ੍ਰਿਤ ਦੀਆਂ ਕੁਝ ਬੂੰਦਾਂ ਪੀਤਿਆਂ ਮਾੜੇ ਰਾਹਾਂ `ਤੇ ਤੁਰਨ ਤੋਂ ਬਾਂਹ ਫੜ ਕੇ ਰੋਕ ਲੈਂਦੀਆਂ ਹਨ ਅਤੇ ਖਾਬਾਂ ਤੇ ਖਿਆਲਾਂ ਦੀਆਂ ਰੁੱਤਾਂ ਵਾਲਾ ਮੌਸਮ ਹਮੇਸ਼ਾ ਲਈ ਪੱਲੇ ਪਾ ਦਿੰਦੀਆਂ ਹਨ। ਫਿਰ ਭਾਵੇਂ ਤੁਹਾਨੂੰ ਕੋਈ ਚੰਗਾ ਕਹੇ ਜਾਂ ਮਾੜਾ, ਕੋਈ ਫਰਕ ਨਹੀਂ ਪੈਂਦਾ; ਕਿਉਂਕਿ ਤੂੰ ਕੀ ਏਂ ਤੂੰ ਜਾਣਦਾ ਤੇ ਉਹ ਜਾਣਦਾ। ਬਾਕੀ ਅਗਰ ਮਾੜੇ ਬਣਨ ਦੀ ਰੀਝ ਹੋਵੇ ਤਾਂ ਪੈਸਾ ਹੱਥ ਜਾਂ ਉਧਾਰਾ ਦੇ ਦਿਓ, ਮੰਗਣ ਵੇਲੇ ਆਪਣੇ ਆਪ ਮਾੜੇ ਲੱਗਣ ਲੱਗ ਜਾਓਂਗੇ। ਅਗਰ ਕਿਸੇ ਦਾ ਕਰਕੇ ਵੀ ਮਾੜੇ ਹੀ ਬਣਨਾ ਹੈ ਤਾਂ ਨਾ ਕਰਕੇ ਮਾੜੇ ਬਣਨ ਨੂੰ ਪਹਿਲ ਦਿਓ, ਕਿਉਂਕਿ ਲੋਕ ਬੜੇ ਮਤਲਬਖੋਰ ਨੇ!
ਤੇਰੇ ਵਰਗਾ ਕੋਈ ਨ੍ਹੀਂ ਚੰਗਾ, ਜਿੰਨਾ ਚਿਰ ਤੂੰ ਕਿਸੇ ਦਾ ਕਰਦਾ।
ਇੱਕ ‘ਨਾਂਹ’ ਵੀ ਕਰਕੇ ਵੇਖੀਂ, ਮਾੜਾ ਨਹੀਂ ਕੋਈ ਤੇਰੇ ਵਰਗਾ।
ਮਤਲਬ ਕੱਢ ਕੇ ਦੁਸ਼ਮਣ ਬਣਦੇ, ਚਾਹੇ ਬਾਹਰਲਾ ਚਾਹੇ ਘਰ ਦਾ।
ਕਦੇ ਵੀ ਤੇਰੇ ਸਕੇ ਨ੍ਹੀਂ ਬਣਨੇ, ‘ਨਿੰਮਿਆ’ ਜਿਨ੍ਹਾਂ ਦੀ ਖਾਤਰ ਮਰਦਾ।

Leave a Reply

Your email address will not be published. Required fields are marked *