ਪੰਜਾਬ ਵਿੱਚ ਅਗੇਤੀਆਂ ਚੋਣਾਂ ਦਾ ਰੌਲ਼ਾ

ਸਿਆਸੀ ਹਲਚਲ ਖਬਰਾਂ

*ਬਠਿੰਡਾ `ਚ ਰੋਡ ਸ਼ੋਅ ਨਾਲ ‘ਆਪ’ ਵੱਲੋਂ ਚੋਣ ਮੁਹਿੰਮ ਆਰੰਭ
*ਭਾਰਤੀ ਜਨਤਾ ਪਾਰਟੀ ਪੰਜਾਬ ਉਤੇ ਕਬਜ਼ੇ ਲਈ ਪੱਬਾਂ ਭਾਰ
ਜਸਵੀਰ ਸਿੰਘ ਮਾਂਗਟ
ਪੰਜਾਬ ਵਿੱਚ ਅਗਲੇ ਸਾਲ ਫਰਵਰੀ-ਮਾਰਚ ਦੀ ਥਾਂ ਚੋਣਾਂ ਇਸੇ ਵਰ੍ਹੇ ਨਵੰਬਰ ਮਹੀਨੇ ਵਿੱਚ ਕਰਵਾਏ ਜਾਣ ਦੀ ਚਰਚਾ ਚੱਲ ਪਈ ਹੈ। ਇਸ ਕਿਸਮ ਦੇ ਸੰਕੇਤ ਪੰਜਾਬ ਵਿੱਚ ਰਾਜ ਕਰ ਰਹੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਪਣੀ ਹਾਲ ਹੀ ਦੀ ਪੰਜਾਬ ਫੇਰੀ ਵਿੱਚ ਦਿੱਤੇ ਹਨ। ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੀ ਇਸ ਕਿਸਮ ਦੇ ਸੰਕੇਤ ਮਿਲ ਰਹੇ ਹਨ।

ਇਸ ਸਥਿਤੀ ਨੂੰ ਭਾਂਪਦਿਆਂ ਤਕਰੀਬਨ ਸਾਰੀਆਂ ਹੀ ਪਾਰਟੀਆਂ ਨੇ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ ਛੇੜ ਦਿੱਤੀ ਹੈ। ਬੰਗਾਲ ‘ਤੇ ਕਬਜ਼ਾ ਕਰਨ ਅਤੇ ਟੀ.ਐਮ.ਸੀ. ਦੀਆਂ ਫਾਕੜਾਂ ਕਰਨ ਤੋਂ ਪਿੱਛੋਂ ਭਾਰਤੀ ਜਨਤਾ ਪਾਰਟੀ ਦੀ ਸਾਰੀ ਤਾਕਤ ਪੰਜਾਬ ਵੱਲ ਲੱਗੀ ਹੋਈ ਹੈ। ਇਸੇ ਕਰਕੇ ਜਿਹੜੇ ਪੰਜ ਰਾਜਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਮਾਨੰਤਰ ਚੋਣਾਂ ਹੋਣੀਆਂ ਸਨ, ਉਨ੍ਹਾਂ ਵਿਚੋਂ ਉੱਤਰ ਪ੍ਰਦੇਸ਼ ਨੂੰ ਬਾਹਰ ਕੱਢ ਲਿਆ ਗਿਆ ਹੈ। ਸਮਝਿਆ ਜਾ ਰਿਹਾ ਕਿ ਉੱਤਰ ਪ੍ਰਦੇਸ ਵਿੱਚ ਚੋਣਾਂ ਬਾਅਦ ਵਿੱਚ ਕਰਵਾਈਆਂ ਜਾਣਗੀਆਂ। ਹੁਣ ਪੰਜਾਬ ਦੇ ਨਾਲ-ਨਾਲ ਗੋਆ, ਉੱਤਰਖੰਡ, ਮਨੀਪੁਰ ਸਮੇਤ ਚਾਰ ਰਾਜਾਂ ਵਿੱਚ ਨਵੰਬਰ-ਦਸੰਬਰ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਇਸ ਹਾਲਤ ਦੇ ਸਨਮੁੱਖ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਚੋਣ ਗਿਏਅਰ ਵਿੱਚ ਪਾ ਲਿਆ ਹੈ; ਜਦਕਿ ਪੰਜਾਬ ਕਾਂਗਰਸ ਆਪਸ ਵਿੱਚ ਬਿਖ਼ਰੀ ਹੋਈ ਹੈ ਅਤੇ ਸਿੱਖ ਸਿਆਸਤ ਧੜਿਆਂ ਵਿੱਚ ਵੰਡੀ ਹੋਈ ਹੈ।
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ 12 ਜੂਨ ਨੂੰ ਬਠਿੰਡਾ ਵਿੱਚ ਆਯੋਜਤ ਇੱਕ ਰੋਡ ਸ਼ੋਅ ਦੌਰਾਨ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਇਸੇ ਸਾਲ ਨਵੰਬਰ ਵਿੱਚ ਕਰਵਾਈਆਂ ਜਾ ਸਕਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਆਪਣੀਆਂ ਵਿਰੋਧੀ ਪਾਰਟੀਆਂ ‘ਤੇ ਹਮਲੇ ਕਰਦਿਆਂ ਕਿਹਾ ਕਿ ਚਿੱਟਾ ਪਾਰਟੀ (ਅਕਾਲੀ), ਈ.ਡੀ. ਪਾਰਟੀ (ਭਾਜਪਾ) ਅਤੇ ਝਗੜਾ ਪਾਰਟੀ (ਕਾਂਗਰਸ) ਨੇ ਪੰਜਾਬ ਨੂੰ ਬਰਬਾਦੀ ਵੱਲ ਹੀ ਧੱਕਿਆ, ਜਦਕਿ ‘ਆਪ’ ਨੇ ਪੰਜਾਬ ਨੂੰ ਵਿਕਾਸ ਵੱਲ ਤੋਰਿਆ। ਉਨ੍ਹਾਂ ਕਿਹਾ ਕਿ ‘ਮੈਂ ਦੱਸ ਦਿੱਤਾ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਫਰਵਰੀ 2027 ਦੀ ਥਾਂ ਨਵੰਬਰ 2026 ਵਿੱਚ ਕਰਵਾਈਆਂ ਜਾਣਗੀਆਂ। ਇਸ ਤਰ੍ਹਾਂ ਚੋਣਾਂ ਵਿੱਚ ਸਿਰਫ ਚਾਰ ਮਹੀਨੇ ਦਾ ਸਮਾਂ ਰਹਿ ਗਿਆ ਹੈ।’ ਇਸ ਦੌਰਾਨ ਉਨ੍ਹਾਂ ਨੇ ਔਰਤਾਂ ਨੂੰ 1000 ਅਤੇ 1500 ਰੁਪਏ ਮਹੀਨਾ, ਮੁਫਤ ਬਿਜਲੀ ਤੇ ਰਾਸ਼ਣ ਸਕੀਮ ਅਤੇ 10 ਲੱਖ ਰੁਪਏ ਦੀ ਮੁਫਤ ਸਿਹਤ ਬੀਮਾ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਗਲੀ ਵਾਰ ਵੀ ਪੰਜਾਬ ਵਿੱਚ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪਿਛਲੇ ਚਾਰ ਸਾਲਾਂ ਵਿੱਚ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਇਹ ਬਰਦਾਸ਼ ਨਹੀਂ ਕਰ ਸਕਦੀਆਂ ਕਿ ਇੱਕ ਆਮ ਘਰ ਦਾ ਮੁੰਡਾ ਪੰਜਾਬ ਵਿੱਚ ਰਾਜ ਕਰ ਸਕਦਾ ਹੈ ਅਤੇ ਰਾਜ ਦੇ ਭਲੇ ਲਈ ਦਿਨ ਰਾਤ ਇੱਕ ਕਰ ਸਕਦਾ ਹੈ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਭਲੇ ਲਈ ਕੰਮ ਕਰਦਾ ਰਹੇਗਾ ਅਤੇ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਖੇਤੀ ਨੂੰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਦਸਦਿਆਂ ਉਨ੍ਹਾਂ ਕਿਹਾ ਕਿ ਖੇਤੀ ਖੇਤਰ ਦੇ ਵਿਕਾਸ ਲਈ ਹਰ ਸੰਭਵ ਸੋਮਿਆਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਵਿੱਚ ਮੌਜੂਦ ਵਿਰੋਧੀ ਪਾਰਟੀਆਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਸਥਾਨਕ ਚੋਣਾਂ ਅਕਾਲੀਆਂ, ਕਾਂਗਰਸ ਅਤੇ ਈ.ਡੀ. ਪਾਰਟੀ (ਭਾਜਪਾ) ਨੇ ਉਨ੍ਹਾਂ ਦੇ ਖਿਲਾਫ ਰਲ ਕੇ ਲੜੀਆਂ, ਪਰ ਫਿਰ ਵੀ ਬੁਰੀ ਤਰ੍ਹਾਂ ਹਾਰ ਗਏ। ਲੋਕਾਂ ਨੇ ਭ੍ਰਿਸ਼ਟ ਸਿਆਸਤ ਦੇ ਮੁਕਾਬਲੇ ਇਮਾਨਦਾਰ ਪਾਰਟੀ ਦਾ ਸਾਥ ਦਿੱਤਾ ਹੈ।
ਅਗੇਤੀਆਂ ਚੋਣਾਂ ਨੂੰ ਵੇਖਦਿਆਂ ਹੀ ਭਾਜਪਾ ਦੇ ਆਗੂਆਂ ਨੇ ਵੀ ਪੰਜਾਬ ਵਿੱਚ ਗੇੜਾ ਬੰਨ੍ਹ ਦਿੱਤਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ ਕੇਂਦਰੀ ਮੰਤਰੀ ਮਨੋਹਰ ਸਿੰਘ ਖੱਟਰ ਨੇ ਬੀਤੇ ਦਿਨੀਂ ਆਪਣੀ ਪੰਜਾਬ ਫੇਰੀ ਵਿੱਚ ਮੋਦੀ ਸਰਕਾਰ ਦੇ 12 ਸਾਲਾਂ ਦੀ ਪ੍ਰਾਪਤੀਆਂ ਦਾ ਲੇਖਾ-ਜੋਖਾ ਗਿਣਾਇਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਅਗਲਾ ਨਿਸ਼ਾਨਾ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਕਾਇਮ ਕਰਨਾ ਹੈ। ਭਾਜਪਾ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਭਾਜਪਾ ਰਾਜ ਦੀਆਂ ਸਾਰੀਆਂ ਸੀਟਾਂ ‘ਤੇ ਇਕੱਲਿਆਂ ਚੋਣਾਂ ਲੜੇਗੀ। ਅਕਾਲੀਆਂ ਨਾਲ ਗੱਠਜੋੜ ਦੇ ਮੁੱਦੇ ‘ਤੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹਦੇ ਬਾਰੇ ਆਖਰੀ ਫੈਸਲਾ ਹਾਈਕਮਾਂਡ ਨੇ ਕਰਨਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਦੁਬਾਰਾ ਆਏਗੀ। ਉਨ੍ਹਾਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ, ਗੈਂਗਸਟਰਵਾਦ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ‘ਤੇ ਚਿੰਤਾ ਜ਼ਾਹਰ ਕੀਤੀ।
ਇਸ ਤੋਂ ਇਲਾਵਾ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਵੀ ਪੰਜਾਬ ਦੀਆਂ ਚੋਣਾਂ ਵਿੱਚ ਜ਼ੋਰਦਾਰ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਰਾਜ ਦਾ ਵਿਸ਼ੇਸ਼ ਤੌਰ ‘ਤੇ ਜਾਇਜ਼ਾ ਲਿਆ। ਇਸ ਪਿੱਛੋਂ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸਮੇਤ ਰਾਜ ਦੇ ਪ੍ਰਮੁੱਖ ਲੀਡਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਪੰਜਾਬ ਦੇ ਲੀਡਰਾਂ ਨੂੰ ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ। ਭਾਜਪਾ ਅੰਦਰਲੇ ਸੂਤਰਾਂ ਅਨੁਸਾਰ ਭਾਜਪਾ ਪੰਜਾਬ ਦੇ ਆਰਥਕ ਅਤੇ ਵਿੱਤੀ ਸੰਕਟ, ਵਧ ਰਹੇ ਕਰਜ਼ੇ ਅਤੇ ਵਧ ਰਹੇ ਨਸ਼ਿਆਂ ਦੀ ਖਪਤ ‘ਤੇ ਆਪਣੀ ਚੋਣ ਮੁਹਿੰਮ ਨੂੰ ਕੇਂਦਰਿਤ ਕਰ ਰਹੀ ਹੈ। ਗੈਂਗਸਟਰਵਾਦ ਦਾ ਮੁੱਦਾ ਵੀ ਭਾਜਪਾ ਵੱਲੋਂ ਪੰਜਾਬ ਵਿੱਚ ਚੋਣ ਮੁੱਦਾ ਬਣਾਇਆ ਜਾ ਰਿਹਾ ਹੈ।
ਦੂਜੇ ਪਾਸੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨੇ ਆਪਣੇ ਰੋਡ ਸ਼ੋਅ ਦੌਰਾਨ ਕਿਹਾ ਕਿ ਭਾਜਪਾ ਨੇ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਸਾਬਰਮੱਤੀ ਜੇਲ੍ਹ ਵਿੱਚ ਆਪਣਾ ਜਵਾਈ ਬਣਾ ਕੇ ਰੱਖਿਆ ਹੋਇਆ ਹੈ ਅਤੇ ਦੂਜਿਆਂ ‘ਤੇ ਇਹ ਪਾਰਟੀ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰਨ ਦੇ ਦੇਸ਼ ਲਗਾਉਂਦੀ ਹੈ। ਉਨ੍ਹਾਂ ਕਿਹਾ ਕਿ 70 ਫੀਸਦੀ ਨਸ਼ੇ ਗੁਜਰਾਤ ਤੋਂ ਪੰਜਾਬ ਵੱਲ ਆਉਂਦੇ ਹਨ। ਈ.ਡੀ. ਪਾਰਟੀ ਦੇ ਅਧੀਨ ਗੁਜਰਾਤ ਨਸ਼ਿਆਂ ਦੀ ਆਮਦ ਲਈ ਗੇਟਵੇਅ ਬਣ ਗਿਆ ਹੈ। ਜਦੋਂ ‘ਆਪ’ ਨੇ ਪੰਜਾਬ ਵਿੱਚ ਸਰਕਾਰ ਬਣਾਈ ਹੈ ਤਾਂ 70 ਫੀਸਦੀ ਨਸ਼ੇ ਪਾਕਿਸਤਾਨ ਤੋਂ ਆਉਂਦੇ ਸਨ, ਹੁਣ ਸੱਤਰ ਫੀਸਦੀ ਨਸ਼ਾ ਗੁਜ਼ਰਾਤ ਰਾਹੀਂ ਆ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਇਹ ਟਿੱਪਣੀਆਂ ਜਲੰਧਰ ਵਿੱਚ ਵਪਾਰੀਆਂ ਨਾਲ ਮਿਲਣੀ ਦੌਰਾਨ ਕੀਤੀਆਂ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਚਾਰ ਰਾਜਨੀਤਿਕ ਪਾਰਟੀਆਂ ਹਨ- ਚਿੱਟਾ ਪਾਰਟੀ ਜਾਂ ਬੇਅਦਬੀ ਪਾਰਟੀ, ਈ.ਡੀ. ਪਾਰਟੀ ਅਤੇ ਝਗੜਾ (ਕਾਂਗਰਸ) ਪਾਰਟੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਕੰਮਾਂ ਕਾਰਾਂ ਅਤੇ ਵਿਕਾਸ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਨੂੰ ਸਿਰਫ 70 ਲੱਖ ਰੁਪਏ ਡੁਨੇਸ਼ਨ ਮਿਲੀ ਹੈ, ਜਦਕਿ ਈ.ਡੀ., ਸੀ.ਬੀ.ਆਈ. ਦਾ ਡਰ ਵਿਖਾ ਕੇ ਭਾਜਪਾ ਨੇ 60 ਕਰੋੜ ਦਾ ਫੰਡ ਇਕੱਠਾ ਕੀਤਾ ਹੈ। ਵਪਾਰੀਆਂ ਨਾਲ ਮਿਲਣੀ ਵੇਲੇ ਜਲੰਧਰ ਵਿੱਚ ਤਕਰੀਬਨ 600 ਵਪਾਰੀ ਮੌਜੂਦ ਸਨ। ਉਨ੍ਹਾਂ ਹੋਰ ਕਿਹਾ ਕਿ ਅਕਾਲੀਆਂ ਨੇ ਆਪਣੇ ਰਾਜ ਦੌਰਾਨ ਵਪਾਰੀਆਂ ਤੋਂ ਪੈਸਾ ਲੁੱਟਿਆ। ਇਸ ਲਈ ਚਿੱਟਾ ਪਾਰਟੀ ਦੇ ਇਸ ਵਾਰ ਸਫਲ ਹੋਣ ਦੇ ਬਹੁਤੇ ਮੌਕੇ ਨਹੀਂ ਹਨ। ਵਪਾਰੀਆਂ ਨਾਲ ਇਸ ਮਿਲਣੀ ਵੇਲੇ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ, ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਵੀ ਸ਼ਾਮਲ ਸਨ।
ਪੰਜਾਬ ਦੀਆਂ ਚੋਣਾਂ ਦੇ ਸੰਬੰਧ ਵਿੱਚ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਉਹ ਹਾਲੇ ਰਾਜ ਦੀ ਲੀਡਰਸ਼ਿਪ ਬਾਰੇ ਹੀ ਕੋਈ ਫੈਸਲਾ ਨਹੀਂ ਕਰ ਸਕੇ ਹਨ। ਕਾਂਗਰਸ ਹਾਈਕਮਾਨ ਨੇ ਰਾਜ ਕਾਂਗਰਸ ਦੀ ਲੀਡਰਸ਼ਿੱਪ ਦਾ ਮਸਲਾ ਹੱਲ ਕਰਨ ਲਈ ਅਜੈ ਮਾਕਨ, ਮਨੀਸ਼ ਨਟਰਾਜਨ ਅਤੇ ਭਜਨ ਲਾਲ ਜਾਟਵ ਦੀ ਅਗਵਾਈ ਵਿੱਚ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਯਾਦ ਰਹੇ, ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਹਨ ਅਤੇ ਕਾਂਗਰਸ ਹੁਣ ਲੀਡਰਸ਼ਿੱਪ ਨੂੰ ਬਦਲਣ ਬਾਰੇ ਵਿਚਾਰ ਕਰ ਰਹੀ ਹੈ। ਕਿੳਂਕਿ ਕਾਂਗਰਸ ਪਾਰਟੀ ਵੱਲੋਂ ਦਿੱਲੀ ਸੱਦ ਕੇ ਪੰਜਾਬ ਦੇ ਸੀਨੀਅਰ ਲੀਡਰਾਂ ਨਾਲ ਕੀਤੀ ਗਈ ਇੱਕ ਮੀਟਿੰਗ ਵਿੱਚ ਸਾਰੇ ਇੱਕ ਦੂਜੇ ਦੀਆਂ ਜੜ੍ਹਾਂ ਵੱਢਦੇ ਵੇਖੇ ਗਏ।
ਅਕਾਲੀ ਦਲ (ਬਾਦਲ) ਨੇ ਆਪਣੀ ਚੋਣ ਮੁਹਿੰਮ ਲਈ ਰੈਲੀਆਂ ਤਾਂ ਬਹੁਤ ਪਹਿਲਾਂ ਦੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਪਰ ਜਿਵੇਂ ਕੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਸਾਹਮਣੇ ਆਇਆ ਹੈ, ਗਰਾਊਂਡ ‘ਤੇ ਸਥਿਤੀ ਨਹੀਂ ਬਦਲ ਰਹੀ। ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਅਕਾਲੀਆਂ ਅਤੇ ਭਾਜਪਾ ਦੇ ਜੇਤੂ ਉਮੀਦਵਾਰਾਂ ਦੀ ਗਿਣਤੀ ਆਜ਼ਾਦ ਉਮੀਦਵਾਰਾਂ ਤੋਂ ਵੀ ਘਟ ਗਈ ਸੀ। ਪੁਨਰ-ਸੁਰਜੀਤ ਅਕਾਲੀ ਦਲ ਬਿਖਰ ਰਿਹਾ ਹੈ, ਜਦਕਿ ਮਨਪ੍ਰੀਤ ਸਿੰਘ ਇਯਾਲੀ ਪੁਨਰ-ਸੁਰਜੀਤ ਨੂੰ ਛੱਡ ਕੇ ਅਕਾਲੀ ਦਲ (ਵਾਰਸ ਪੰਜਾਬ ਦੇ) ਵਿੱਚ ਚਲੇ ਗਏ ਹਨ। ਇਸ ਤੋਂ ਪਹਿਲਾਂ ਦੋਹਾਂ ਵਿਚਕਾਰ ਏਕਤਾ ਦੀ ਗੱਲ ਚੱਲ ਰਹੀ ਸੀ। ਇਹ ਦੋਨੋਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਅਕਾਲੀ ਦਲ (ਬਾਦਲ) ਨੂੰ ਤਾਂ ਘੱਟੋ ਘੱਟ ਬੇਅਸਰ ਕਰ ਸਕਦੀਆਂ ਹਨ।

Leave a Reply

Your email address will not be published. Required fields are marked *