ਪਿੰਡ ਵਸਿਆ: ਘੋੜੇਵਾਹ ਰਾਜਪੂਤਾਂ ਦਾ ਨਗਰ ‘ਜਾਡਲਾ’

ਗੂੰਜਦਾ ਮੈਦਾਨ

ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ; ਕਿਉਂਕਿ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਇਹ ਸਾਂਭਿਆ ਨਹੀਂ ਗਿਆ। ‘ਪਿੰਡ ਵਸਿਆ’ ਕਾਲਮ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪੇਸ਼ ਹੈ, ਘੋੜੇਵਾਹ ਰਾਜਪੂਤਾਂ ਦੇ ਨਗਰ ‘ਜਾਡਲਾ’ ਬਾਰੇ ਸੰਖੇਪ ਵੇਰਵਾ… –ਪ੍ਰਬੰਧਕੀ ਸੰਪਾਦਕ

ਵਿਜੈ ਬੰਬੇਲੀ
ਫੋਨ: +91-9463439075

ਜਾਡਲਾ (ਨਵਾਂਸ਼ਹਿਰ) ਕੋਈ ਸੱਤ ਸਦੀਆਂ ਪਹਿਲਾਂ ਘੋੜੇਵਾਹ ਰਾਜਪੂਤਾਂ ਵੱਲੋਂ ਵਸਾਇਆ ਨਗਰ ਹੈ। ‘ਘੋੜੇਵਾਹ’ ਅੱਲ ਉਨ੍ਹਾਂ ਦੀ ਤਾਂ ਪਈ ਸੀ, ਕਿਉਂਕਿ ਉਹ ਤਾ-ਰਾਜਪੂਤ ਬਰਾਦਰੀਆਂ ‘ਚੋਂ ਬਹੁਤ ਹੀ ਅਹਲਾ ਕਿਸਮ ਦੇ ਘੋੜਿਆਂ ਦੇ ਪਾਲਕ ਸਨ। ਉਂਜ ਪੰਜਾਬ ਇਨ੍ਹਾਂ ਰਾਜਪੂਤਾਂ ਦਾ ਅਸਲ ਮੁਕਾਮ ਨਹੀਂ ਸੀ, ਪਿੱਛਿਓਂ ਇਹ ਸੀਕਰ, ਰਾਜਸਥਾਨ ਤੋਂ ਸਨ। ਹੋਇਆ ਇਓਂ ਕਿ ਇੱਥੋਂ ਦੇ ਦੋ ਰਾਜਪੂਤ ਧੜਵੈਲ- ਇਸ਼ੂਪਾਲ ਅਤੇ ਸ਼ਿਸੂੂਪਾਲ ਆਪਣੇ ਬ੍ਰਾਹਮਣ ਸੰਗੀ-ਸਾਥੀਆਂ ਤੇ ਪਰਿਵਾਰਾਂ ਦੇ ਨਾਲ ਚਿੰਤਪੁਰਨੀ-ਜਵਾਲਾ ਜੀ ਦੇ ਦਰਸ਼ਨ ਕਰਨ ਉਪਰੰਤ ਵਾਪਸੀ ਉੱਤੇ ਬਲਾਚੌਰ ਖਿੱਤੇ ਵਿੱਚ ਪੁਖਤਾ ਆ-ਰੁਕੇ। ਪੱਕੀ ਵਸੇਬ ਦਾ ਮਨ ਬਣਾਉਣ ਦਾ ਕਾਰਨ ਇਹ ਸੀ ਕਿ ਇੱਧਰ ਜਲ-ਲਬਰੇਜ਼ ਖੁੱਲ੍ਹੀਆਂ, ਮਾਲਕ ਸੱਖਣੀਆਂ, ਜਰਖੇਜ਼ ਜ਼ਮੀਨਾਂ ਸਨ, ਜਿਹੜੀਆਂ ਉਨ੍ਹਾਂ ਦੇ ਘੋੜੇ ਪਾਲ ਕਿੱਤੇ ਨੂੰ ਵੀ ਰਾਸ ਆਉਂਦੀਆਂ ਸਨ।
ਦੂਜੀ ਮਿੱਥ ਇਹ ਹੈ ਕਿ ਮੁਗਲ ਰਾਜ ਸਮੇਂ ਜੈਪੁਰ ਸਟੇਟ ਦੇ ਕਛਵਾਹਾ ਖਿੱਤੇ ਵਿੱਚ ਇੱਕ ਦਫਾ ਕਾਲ ਪੈਣ ਕਰਕੇ ਮਜਬੂਰੀ ਵੱਸ ਉਥੋਂ ਦੇ ਕੁੱਝ ਉੱਘੇ ਟੱਬਰਾਂ ਨੇ ਪੰਜਾਬ ਨੂੰ ਪ੍ਰਸਥਾਨ ਕਰ ਰੋਪੜ ਨੇੜੇ ਦਰਿਆ ਸਤਲੁੱਜ ਕੰਢੇ ਡੇਰੇ ਲਾ ਲਏ। ਘੋੜੇ ਪਾਲਕ ਇਨ੍ਹਾਂ ਲੋਕਾਂ ਕੋਲ ਇੱਕ ਵਿਲੱਖਣ ਘੋੜਾ ਸੀ, ਜਿਸ ਦੀ ਮੰਗ ਸਮੇਂ ਦੇ ਸਥਾਨਕ ਅਹਿਲਕਾਰ ਨੇ ਕਰ ਦਿੱਤੀ। ਇਹ ਰਾਜਪੂਤ ਲੋਕਾਂ, ਜਿਨ੍ਹਾਂ ਦੀ ਅੱਲ ਨਸਲੀ ਘੋੜੇ ਪਾਲਕ ਹੋਣ ਕਾਰਨ ਘੋੜੇ ਪਾਲਕ ਉਪਰੰਤ ਘੋੜੇ ਵਾਹ ਪੈ ਗਈ ਸੀ, ਨੇ ਘੋੜਾ ਦੇਣ ਦੇ ਇਵਜ਼ ਵਿੱਚ ਦਰਿਆ ਦੇ ਦੋਵੇਂ ਵੰਨੀ ਜ਼ਮੀਨ ਦੇਣ ਦੀ ਪ੍ਰਤੀਬੇਨਤੀ ਕੀਤੀ। ਸਿੱਟੇ ਵਜੋਂ ਮਗਰੋਂ ਉਨ੍ਹਾਂ ਦੋਹਾਂ ਵੱਲੋਂ ਵਗਲੇ ਖਿੱਤੇ ਵਿੱਚ ਰਾਹੋਂ ਦੇ ਉਰਾਰ ਅਤੇ ਦਰਿਆਵੋਂ ਪਾਰ ਪਿੰਡ-ਦਰ-ਪਿੰਡ ਵਸਦੇ ਰਹੇ, ਜਿਹੜੇ ਘੋੜੇਵਾਹਾਂ ਦੀ ਸਲਤਨਤ ਬਣਦੇ ਰਹੇ।
ਸਮੇਂ ਦੇ ਗੇੜ੍ਹ ਵੱਸ ਉਨ੍ਹਾਂ ਦੀਆਂ ਅਗਲੀਆਂ-ਅਗਲੇਰੀਆਂ ਪੀੜ੍ਹੀਆਂ ਵਿੱਚੋਂ ਇੱਕ ਰਾਣਾ ਭੋਜ ਨੇ ਖਿੱਤੇ ਦੇ ਅਹਿਲਕਾਰ ਪ੍ਰਤੀ ਜੰਗੀ ਸੇਵਾਵਾਂ ਉਪਰੰਤ ਆਗਿਆ ਲੈ ਕੇ ਇੱਕ ਝਾੜ-ਵੇਲਾ ਯੁੱਕਤ ਖਿੱਤੇ ਵਿੱਚ ਨਵਾਂ ਪਿੰਡ ਬੰਨ੍ਹਣ ਦਾ ਕਿੱਲਾ ਗੱਡ ਦਿੱਤਾ। ਨਵੀਂ ਵਸੇਬ ਦੀ ਮੋੜੀ ਗੱਡਣ ਲਈ ਅਕਸਰ ਜੰਡ, ਬੇਰੀ, ਟਾਹਲੀ ਜਾਂ ਪਿਲਕਣ ਦਾ ਮੁੱਢ ਜਾਂ ਟਾਹਣਾ ਗੱਡਿਆ ਜਾਂਦਾ ਸੀ, ਪਰ ਭੋਜ ਨੇ ਇੱਥੇ ਪਹਿਲਾਂ ਹੀ ਮੌਜੂਦ ਇੱਕ ਵਿਸ਼ਾਲ ਜੰਡ ਨੂੰ ਹੀ ਪਿੰਡ ਦਾ ਕੇਂਦਰ ਮਿੱਥਿਆ। ‘ਜੰਡ’ ਤੋਂ ‘ਜੰਡ ਵਾਲਾ’ ਉਪਰੰਤ ਇਹ ਸਿੱਧ-ਪੱਧਰਾ ਹੋ, ਲੋਕ ਮਨਾਂ ਵਿੱਚ ‘ਜਾਡਲਾ’ ਪੱਕ-ਪਕਾਅ ਗਿਆ। ਸੂਰਮੇ ਭੋਜ ਦੇ ਚਾਰ ਪੁੱਤਰ ਹੋਏ।
ਮਗਰੋਂ ਸਮੇਂ ਦੀਆਂ ਸਥਿਤੀਆਂ-ਪ੍ਰਸਥਿਤੀਆਂ ਤਹਿਤ ਜਾਂ ਮਾਲਕੀ ਬਰਕਰਾਰ ਰੱਖਣ ਹਿੱਤ ਇਸੇ ਭੋਜ ਦਾ ਇੱਕ ਪੁੱਤ ਮੁਸਲਿਮ ਹੋ ਗਿਆ। ਕਿਹਾ ਜਾਂਦਾ ਹੈ ਕਿ ਇਹ ਘਟਨਾ ਉਦੋਂ ਦੀ ਹੈ, ਜਦ ਰਾਹੋਂ-ਨਵਾਂਸ਼ਹਿਰ ਖੇਤਰ ਵਿੱਚ ਮੁਸਲਿਮ ਧਾੜਵੀ ਭਾਰੂ ਹੋ ਗਏ ਸਨ। ਉਨ੍ਹਾਂ ਦੀਆਂ ਕਹਿਰੀ ਮਨਸਾਵਾਂ ਤੋਂ ਬੱਚਣ ਹਿੱਤ ਤਿੰਨ, ਮੁਸਲਿਮ ਬਣਨ ਜਾ ਰਹੇ ਭਾਈ ਦੀ ਗੁਪਤ ਸਹਿਮਤੀ ਨਾਲ, ਪਹਾੜੀਂ ਚੜ੍ਹ ਗਏ ਸਨ। ਉਸ ਸ਼ਖਸ ਦੀ ਹਿੰਦੂ ਆਸਥਾ ਤੇ ਆਪਣਿਆਂ ਪ੍ਰਤੀ ਖਿੱਚ ਬਰਕਾਰ ਰਹੀ ਅਤੇ ਉਸਦੇ ਵਾਰਸ ਵੀ ਹਿੰਦੂ-ਮੁਸਲਿਮ ਮਿਲਗੋਭਾ ਜਿਹੀ ਜ਼ਿੰਦਗੀ ਜਿਉਂਦੇ ਰਹੇ। ਜਦੋਂ ਬੰਦਾਂ ਬਹਾਦੁਰ ਸਿੰਘ ਵੇਲੇ ਖਾਲਸਿਆਂ ਦੀ ਇਸ ਖਿੱਤੇ ਵਿੱਚ ਸਰਦਾਰੀ ਹੋ ਗਈ ਤਾਂ ਪਹਾੜੀਂ ਵਸੇ ਰਾਜਪੂਤ ਟੱਬਰ ਵਾਪਸ ਆ ਗਏ, ਜਿਨ੍ਹਾਂ ਨੂੰ ਮੁਸਲਮਾਨ ਬਣੇ ਘੋੜੇਵਾਹਿਆਂ ਨੇ ਗਲ ਨਾਲ ਲਾ ਲਿਆ; ਪਰ ਕਿਉਂਕਿ ਇਨ੍ਹਾਂ ਦੀ ਗਿਣਤੀ ਘੱਟ ਸੀ ਤੇ ਪਹਾੜੀਆਂ ਦੀ ਜ਼ਿਆਦਾ, ਤਦ ਵਸੋਂ ਦੇ ਲਿਹਾਜ ਅਤੇ ਭਰਾਤਰੀ ਸਦਭਾਵਨਾ ਹਿੱਤ ਇਸ ਪਿੰਡ ਦੀਆਂ ਤਿੰਨ ਪੱਤੀਆਂ ਤੇ ਮਾਲਕੀ ਹਿੰਦੂ ਰਾਜਪੂਤਾਂ ਦੀਆਂ ਅਤੇ ਇੱਕ ਪੱਤੀ ਮੁਸਲਮਾਨ ਰਾਜਪੂਤਾਂ ਦੀ ਤਸਲੀਮ ਕੀਤੀ ਗਈ। ਮੁਲਕ ਵੰਡ ਤੀਕ ਇਹ ਤਰਤੀਬ ਇਵੇਂ ਹੀ ਰਹੀ। ਅਫਸੋਸ! ਨਾ ਚਾਹੁੰਦਿਆਂ ਵੀ ਮੁਸਲਿਮਾਂ ਨੂੰ ਬੇਹੱਦ ਭਰੇ ਮਨ ਨਾਲ ਪਰਾਈ ਧਰਤੀ ਪਾਕਿਸਤਾਨ ਨੂੰ ਰੁਖਸਤ ਕਰਨਾ ਪਿਆ, ਜਿਨ੍ਹਾਂ ਨੂੰ ਤੋਰਦਿਆਂ ਤਾ-ਜਾਡਲਾ ਧਾਹੀਂ ਰੋਇਆ ਸੀ। ਕਹਿੰਦੇ ਹਨ, ਉਨ੍ਹਾਂ ਦੇ ਸਕੇ-ਸੋਧਰਿਆਂ ਦੇ ਕਈ ਦਿਨ ਚੁੱਲ੍ਹੇ ਤਵਾ ਨਹੀਂ ਸੀ ਚੜ੍ਹਿਆ।
ਹਾਂ! ਭਾਵੇਂ ਪੁਰਾਤਨ ਸਮੇਂ ਤੋਂ ਇਸ ਪਿੰਡ ‘ਚ ਰਾਜਪੂਤ ਬਹੁ-ਸੰਖਕ ਰਹੇ, ਪਰ ਪਿੰਡ ਦੀ ਲੋੜ ਮੁਤਾਬਿਕ ਹਰ ਵੰਨਗੀ ਦੀਆਂ ਜਾਤਾਂ ਦੇ ਕਿਰਤੀ-ਸ਼ਿਲਪੀ, ਲਾਗੀ-ਕਾਮੇ, ਪ੍ਰੋਹਿਤ ਤੇ ਸ਼ਾਹ ਵੀ ਇੱਥੇ ਲਿਆ ਵਸਾਏ ਜਾਂਦੇ ਰਹੇ ਜਾਂ ਰੋਜ਼ੀ-ਰੋਟੀ ਤੇ ਵਸੇਬ ਹਿੱਤ ਉਹ ਖੁਦ ਆ ਗਏ। ਇਸ ਪੱਖੋਂ ਜਾਡਲਾ ਬੜਾ ਸੁਲੱਖਣਾ ਪਿੰਡ ਸੀ। ਵੈਸੇ ਵੀ ਪੁਰਾਤਨ ਸਮਿਆਂ ਵਿੱਚ ਜਿਸ ਖੇੜੇ ਵਿੱਚ ਜਿੰਨੇ ਵੱਧ ਜਾਤ ਜਾਂ ਕਿੱਤਾ ਸਮੂਹ ਹੋਣ, ਉਸਨੂੰ ਉਨਾਂ ਹੀ ਧੜਵੈਲ ਗਰਾਂ ਮੰਨਿਆ ਜਾਂਦਾ ਸੀ। ਇਸੇ ਕਾਰਨ ਸਮੇਂ-ਸਮੇਂ ਦੇ ਅਹਿਲਕਾਰਾਂ ਦੀ ਅੱਖ ਜਾਡਲੇ ‘ਤੇ ਰਹੀ। ਰਾਜ ਅੰਗਰੇਜ਼ੀ ਆਣ ਤੱਕ ਜਾਡਲਾ ਇੱਕ ਉੱਘੀ ਵਸੋਂ ਅਤੇ ਇਲਾਕਾਈ ਮੰਡੀ ਵਜੋਂ ਸਥਾਪਿਤ ਹੋ ਚੁੱਕਾ ਸੀ, ਜਿਸ ਨਾਲ ਸਬੰਧਿਤ ਪਹਿਲਾਂ ਰਾਜਪੂਤਾਂ ਮਗਰੋਂ ਇੱਕ ਸਿੱਖ ਅਹਿਲਕਾਰ ਅਧੀਨ, ਕਈ ਛੋਟੇ ਗ੍ਰਾਮ ਜਾਂ ਰਕਬੇ ਸਨ। ਅਖੀਰ ਜਦ ਸਰਦਾਰਨੀ ਧਰਮ ਕੌਰ, ਜਿਸਦੀ ਸਿੱਖ ਜਗੀਰ ਦਾ ਇਹ ਨਾਮਵਰ ਹਿੱਸਾ ਸੀ, ਦਾ ਪਤੀ ਲਾਬਾਲਦ ਮਰ ਗਿਆ ਤਾਂ ਅੰਗਰੇਜ਼ ਹਕੂਮਤ ਨੇ ਇਸ ਉੱਪਰ ਕਬਜ਼ਾ ਕਰ ਆਪਣੇ ਕਾਇਦੇ-ਕਾਨੂੰਨ ਮੁਕੰਮਲ ਲਾਜ਼ਮ ਕਰ ਦਿੱਤੇ।
ਸਮਾਂ-ਮੂਜ਼ਬ ਇੱਥੋਂ ਦੇ ਲੋਕ ਪਹਿਲਾਂ ਸਦਭਾਵੀ ਜਗੀਰੂ ਵਿਵਸਥਾ ਦੀ ਹੋਣੀ ਹੰਢਾਉਂਦੇ ਰਹੇ, ਮਗਰੋਂ ਅੰਗਰੇਜ਼ਾਂ ਦੇ ਜਕੜਜਾਲ ਨੂੰ ਹੰਢਾਉਣ ਲੱਗੇ। ਰਾਵਾਨੀ ਰਾਜ-ਪ੍ਰਬੰਧ ਹਿੱਤ ਅੰਗਰੇਜ਼ ਸਥਾਨਕ ਵਸਨੀਕਾਂ ਵਿੱਚ, ਖਾਸ ਕਰਕੇ ਸਰਦੇ-ਪੁੱਜਦੇ ਲੋਕਾਂ ਵਿੱਚ, ਆਪਣੇ ਪਿੱਠੂ ਪੈਦਾ ਕਰ ਲੈਂਦੇ ਸਨ। ਅਜਿਹੇ ਪਿੱਠੂਆਂ ਵਿੱਚ ਇੱਥੋਂ ਦਾ ਇੱਕ ਸੇਠ ਮੁਨਸ਼ੀ ਰਾਮ ਨਾਮੀ ਸ਼ਾਹੂਕਾਰ ਵੀ ਸੀ। ਜਦ ‘ਬੱਬਰ ਅਕਾਲੀਆਂ’ ਨੇ ਪੰਜਾਬ ਵਿੱਚ, ਖਾਸ ਕਰਕੇ ਦੋਆਬੇ ਵਿੱਚ ਜਿਹੜੀ ‘ਬੱਬਰ ਅਕਾਲੀ ਲਹਿਰ’ ਦੀ ਜੰਮਣ ਭੋਂਇ ਸੀ, ਬ੍ਰਿਟਿਸ਼ ਸਾਮਰਾਜ ਨੂੰ ਵੰਗਰਿਆਂ ਤਾਂ ਇਹ ਸੂਹੀਆ ਸੇਠ ਵੀ ਦੇਸ਼ ਭਗਤਾਂ ਦੀ ਅੱਖ ਹੇਠ ਆ ਗਿਆ। ਸਿੱਟੇ ਵਜੋਂ ਬੱਬਰ ਅਕਾਲੀਆਂ ਦੇ ਇੱਕ ਆਹਲਾ ਪੂਰ ਨੇ ਬੱਬਰ ਕਰਮ ਸਿੰਘ ਗ਼ਦਰੀ ਦੌਲਤਪੁਰ ਦੀ ਕਮਾਂਡ ਹੇਠ, ਜੰਗਿ-ਆਜ਼ਾਦੀ ਹਿੱਤ, ਇਸਦੇ ਘਰ ਸਫਲ ਐਕਸ਼ਨ ਕਰਕੇ ਨਾ ਸਿਰਫ ਧੰਨ ਪ੍ਰਾਪਤ ਕੀਤਾ, ਸਗੋਂ ਮਾੜੇ-ਧੀੜਿਆਂ ਨੂੰ ਦਿੱਤੇ ਕਰਜ਼ਿਆ ਦੀ ਵਹੀ ਅਤੇ ਪਰਨੋਟ ਵੀ ਸਾੜ ਦਿੱਤੇ ਸਨ। ਜਾਡਲੇ ਦੇ ਅੰਬਰੀਂ ਚਮਕਣ ਦੇ ਪੁਰਾਤਨ ਕਾਰਨ ਕੁੱਝ ਵੀ ਰਹੇ ਹੋਣ, ਪਰ ਇਸ ਦੇਸ਼ ਭਗਤਕ ਕਾਰਵਾਈ ਨੇ ਜਾਡਲੇ ਨੂੰ ਸਦਾ-ਸਦਾ ਲਈ ਇਤਿਹਾਸ ਵਿੱਚ ਅਮਰ ਕਰ ਦਿੱਤਾ। ਜਦ ਵੀ ਸੁਤੰਤਰਤਾ ਸੰਗਰਾਮ ਦੀ ਗੱਲ, ਖਾਸ ਕਰਕੇ ਇਸਦੇ ਇੱਕ ਉੱਘੇ ਅਧਿਆਏ ‘ਬੱਬਰ ਅਕਾਲੀ ਲਹਿਰ’ ਦੀ ਗਾਥਾ ਇਤਿਹਾਸ ਸੁਣਾਉਂਦਾ ਹੈ, ਤਦ ‘ਜਾਡਲਾ’, ਨਵਾਂ ਸ਼ਹਿਰ ਦੀ ਵੀ ਬਾਤ ਪੈਂਦੀ ਹੈ।
ਅਖੀਰ ‘ਚ ਤੁਸੀਂ ਮੈਨੂੰ ਇੱਕ ਮਹੱਤਵਪੂਰਨ ਨੁਕਤੇ ਵੱਲ ਸੱਭ ਦਾ ਧਿਆਨ ਦਵਾਉਣ ਦੀ ਆਗਿਆ ਦਿਓ: ਜਾਡਲੇ ਦੀ ਜੂਹ ਵਿੱਚ ਕੁੱਝ ਲੋਕਾਂ, ਖਾਸ ਕਰਕੇ ਚਾਹਲਾਂ ਨੇ, ਮੁਸਲਮਾਨਾਂ ਦੇ ਰਕਬੇ ‘ਚ ਇੱਕ ਨਵਾਂ ਪਿੰਡ ਬੰਨਿ੍ਹਆ। ਜਾਡਲੇ ਦੀ ਜ਼ਮੀਨ ‘ਤੇ ਵੱਸਣ ਕਰਕੇ ਇਸ ਨਵੀਂ ਵਸੇਵ ਦਾ ਨਾਂ ‘ਜਾਡਲੀ’ ਪੈ ਗਿਆ। ’47 ਦੀ ਵੰਡ ਤੋਂ ਬਾਅਦ ਇਨ੍ਹਾਂ ਲੋਕਾਂ, ਖਾਸ ਕਰਕੇ ਜੱਟਾਂ ਨੇ, ਪਿੰਡ ਦਾ ਨਵਾਂ ਨਾਂ ‘ਗੋਬਿੰਦਗੜ੍ਹ’ ਰੱਖ ਦਿੱਤਾ, ਪਰ ਲੱਖ ਤਰੱਦਦ ਕਰਨ ਦੇ ਬਾਵਜੂਦ ਵੀ ਇਹ ਨਾਂ ਪ੍ਰਚਲਤ ਨਾ ਹੋ ਸਕਿਆ। ਦਰ-ਹਕੀਕਤ; ਕਿਸੇ ਵੀ ਵਸੋਂ ਦੇ ਨਾਂ ਪਿੱਛੇ ਕੋਈ ਇਤਿਹਾਸਕ ਕਾਰਨ, ਪੀਢਾ ਸਮਾਜਿਕ ਤੇ ਆਰਥਿਕ ਵਰਤਾਰਾ ਅਤੇ ਲੰਬਾ ਪ੍ਰਬੰਧਕੀ ਅਮਲ ਹੁੰਦਾ ਹੈ। ਜਿਹੜਾ ਨਾਂ ਸਿਰਫ ਰਾਸ਼ਟਰੀ-ਅੰਤਰਰਾਸ਼ਟਰੀ ਦਸਤਾਵੇਜ਼ਾਂ ਵਿੱਚ ਹੀ ਸਗੋਂ ਲੋਕ ਮਨਾਂ ਵਿੱਚ ਵੀ ਗੁੜ੍ਹਾਂ ਉੱਕਰਿਆ ਹੋਇਆ ਹੁੰਦਾ ਹੈ। ਭਲਾਂ! ‘ਨਵਾਂ ਸ਼ਹਿਰ’ ਦਾ ਧਰਿਆ ਨਵਾਂ ਨਾਂ ‘ਸ਼ਹੀਦ ਭਗਤ ਸਿੰਘ ਨਗਰ’ ਕਿੰਨਿਆਂ ਕੁ ਲੋਕ ਮਨਾਂ ਦੇ ਗਲੇ ਬੈਠਿਆ? ਕੀ ਹਾਕਮ, ਖਾਸ ਕਰਕੇ ਫਿਰਕੂ ਹਾਕਮ ਲਾਣੈ, ਜਿਹੜੇ ਧੜਾ-ਧੜ ਧਰੋਹਰਾਂ ਅਤੇ ਵਸੇਵਾਂ ਦੇ ਨਾਂ ਬਦਲ ਰਹੇ ਹਨ, ਇਸ ਤੋਂ ਸਬਕ ਸਿੱਖਣਗੇ?

Leave a Reply

Your email address will not be published. Required fields are marked *