ਜਲਵਾਯੂ ਸੰਕਟ ਦੀ ਸਭ ਤੋਂ ਵੱਡੀ ਕੀਮਤ ਚੁਕਾ ਰਿਹਾ ਹੈ ਅਫ਼ਰੀਕਾ

ਖਬਰਾਂ ਵਿਚਾਰ-ਵਟਾਂਦਰਾ

*ਹੜ੍ਹਾਂ, ਸੋਕੇ ਅਤੇ ਤੂਫ਼ਾਨਾਂ ਨੇ 2025 ਵਿੱਚ 1.3 ਕਰੋੜ ਲੋਕਾਂ ਨੂੰ ਕੀਤਾ ਪ੍ਰਭਾਵਿਤ
*3,000 ਤੋਂ ਵੱਧ ਮੌਤਾਂ; ਵਿਗਿਆਨੀਆਂ ਨੇ ਦੁਨੀਆ ਨੂੰ ਦਿੱਤੀ ਗੰਭੀਰ ਚੇਤਾਵਨੀ
ਲਲਿਤ ਮੌਰੀਆ
ਜਦੋਂ ਜਲਵਾਯੂ ਤਬਦੀਲੀ ਦੀ ਗੱਲ ਹੁੰਦੀ ਹੈ ਤਾਂ ਅਕਸਰ ਸਾਡਾ ਧਿਆਨ ਅੰਕੜਿਆਂ ਵੱਲ ਚਲਾ ਜਾਂਦਾ ਹੈ; ਪਰ ਹਰ ਅੰਕੜੇ ਦੇ ਪਿੱਛੇ ਇੱਕ ਟੁੱਟਿਆ ਘਰ, ਉੱਜੜਿਆ ਪਰਿਵਾਰ, ਭੁੱਖਾ ਬੱਚਾ ਅਤੇ ਆਪਣਾ ਸਭ ਕੁਝ ਗੁਆ ਬੈਠੇ ਲੋਕਾਂ ਦੀ ਦਰਦਨਾਕ ਕਹਾਣੀ ਲੁਕੀ ਹੁੰਦੀ ਹੈ। ਅੱਜ ਅਫ਼ਰੀਕਾ ਇਸ ਦੁੱਖ ਦੀ ਸਭ ਤੋਂ ਵੱਡੀ ਮਿਸਾਲ ਬਣ ਚੁੱਕਾ ਹੈ।
ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਿਊ.ਐਮ.ਓ.) ਦੀ ਨਵੀਂ ਰਿਪੋਰਟ ‘ਸਟੇਟ ਆਫ਼ ਦ ਕਲਾਈਮੇਟ ਇਨ ਅਫ਼ਰੀਕਾ’ ਦੱਸਦੀ ਹੈ ਕਿ

ਸਾਲ 2025 ਦੌਰਾਨ ਹੜ੍ਹਾਂ, ਸੋਕੇ, ਚੱਕਰਵਾਤਾਂ ਅਤੇ ਹੋਰ ਭਿਆਨਕ ਮੌਸਮੀ ਘਟਨਾਵਾਂ ਨੇ ਘੱਟੋ-ਘੱਟ 1.3 ਕਰੋੜ ਲੋਕਾਂ ਨੂੰ ਪ੍ਰਭਾਵਿਤ ਕੀਤਾ, ਜਦਕਿ 3,000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ।
ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਅਫ਼ਰੀਕਾ ਦੁਨੀਆ ਦੇ ਔਸਤ ਨਾਲੋਂ ਵੱਧ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਤਾਪਮਾਨ ਵਿੱਚ ਲਗਾਤਾਰ ਵਾਧਾ, ਗਲੇਸ਼ੀਅਰਾਂ ਦਾ ਲਗਭਗ ਖ਼ਤਮ ਹੋ ਜਾਣਾ, ਸਮੁੰਦਰ ਦੇ ਵਧਦੇ ਪੱਧਰ ਅਤੇ ਸਮੁੰਦਰੀ ਪਾਣੀ ਦੇ ਗਰਮ ਤੇ ਤੇਜ਼ਾਬੀ ਬਣਨ ਕਾਰਨ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਅਤੇ ਖ਼ੁਰਾਕ ਸੁਰੱਖਿਆ ਖ਼ਤਰੇ ਵਿੱਚ ਪੈ ਗਈ ਹੈ।
ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਫ਼ਰੀਕਾ ਦੇ ਕੇਵਲ 40 ਫ਼ੀਸਦੀ ਦੇਸ਼ਾਂ ਕੋਲ ਹੀ ਅਜਿਹੀ ਪ੍ਰਭਾਵਸ਼ਾਲੀ ਚੇਤਾਵਨੀ ਪ੍ਰਣਾਲੀ ਹੈ, ਜੋ ਕੁਦਰਤੀ ਆਫ਼ਤਾਂ ਤੋਂ ਪਹਿਲਾਂ ਲੋਕਾਂ ਨੂੰ ਸੁਚੇਤ ਕਰ ਸਕੇ। ਬਾਕੀ ਦੇਸ਼ਾਂ ਵਿੱਚ ਲੋਕ ਅੱਜ ਵੀ ਕਿਸਮਤ ਦੇ ਸਹਾਰੇ ਹਨ।
ਗਰਮੀ ਦੇ ਨਵੇਂ ਰਿਕਾਰਡ
ਰਿਪੋਰਟ ਅਨੁਸਾਰ 1991 ਤੋਂ ਬਾਅਦ ਅਫ਼ਰੀਕਾ ਵਿੱਚ ਤਾਪਮਾਨ ਵਧਣ ਦੀ ਰਫ਼ਤਾਰ ਪਿਛਲੇ ਕਿਸੇ ਵੀ ਤਿੰਨ ਦਹਾਕਿਆਂ ਨਾਲੋਂ ਕਿਤੇ ਵੱਧ ਰਹੀ ਹੈ। ਸਾਲ 2025 ਮਹਾਂਦੀਪ ਲਈ ਦਰਜ ਕੀਤੇ ਗਏ ਸਭ ਤੋਂ ਗਰਮ ਸਾਲਾਂ ਵਿੱਚੋਂ ਇੱਕ ਰਿਹਾ। ਇਹ ਸਿਰਫ਼ ਮੌਸਮ ਦਾ ਬਦਲਾਅ ਨਹੀਂ, ਸਗੋਂ ਪੂਰੇ ਵਾਤਾਵਰਨ ਦੀ ਬਣਤਰ ਵਿੱਚ ਤਬਦੀਲੀ ਹੈ। ਜਿੱਥੇ ਪਹਿਲਾਂ ਅਕਸਰ ਵਰਖਾ ਹੁੰਦੀ ਸੀ, ਉੱਥੇ ਹੁਣ ਲੰਮੇ ਸੋਕੇ ਪੈ ਰਹੇ ਹਨ। ਕਈ ਇਲਾਕਿਆਂ ਵਿੱਚ ਮਹੀਨਿਆਂ ਦੀ ਬਾਰਿਸ਼ ਕੁਝ ਦਿਨਾਂ ਵਿੱਚ ਹੀ ਪੈ ਜਾਂਦੀ ਹੈ ਅਤੇ ਭਿਆਨਕ ਹੜ੍ਹਾਂ ਦਾ ਕਾਰਨ ਬਣਦੀ ਹੈ।
ਗਲੇਸ਼ੀਅਰ ਲਗਭਗ ਗ਼ਾਇਬ
ਅਫ਼ਰੀਕਾ ਦੇ ਪਹਾੜਾਂ ਉੱਤੇ ਮੌਜੂਦ ਬਰਫ਼ ਵੀ ਤੇਜ਼ੀ ਨਾਲ ਪਿਘਲ ਰਹੀ ਹੈ। ਰਿਪੋਰਟ ਮੁਤਾਬਕ ਉੱਨੀਵੀਂ ਸਦੀ ਦੇ ਅੰਤ ਤੋਂ ਹੁਣ ਤੱਕ ਮਹਾਂਦੀਪ ਦੇ 90 ਫ਼ੀਸਦੀ ਤੋਂ ਵੱਧ ਗਲੇਸ਼ੀਅਰ ਖ਼ਤਮ ਹੋ ਚੁੱਕੇ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਮਾਊਂਟ ਕਿਲੀਮਾਂਜਾਰੋ ਹੈ। ਇੱਕ ਸਮਾਂ ਸੀ ਜਦੋਂ ਇਸ ਦੀਆਂ ਬਰਫ਼ੀਲੀਆਂ ਚੋਟੀਆਂ ਲਗਭਗ 11.4 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੀਆਂ ਹੋਈਆਂ ਸਨ। ਹੁਣ ਇਹ ਘਟ ਕੇ ਇੱਕ ਵਰਗ ਕਿਲੋਮੀਟਰ ਤੋਂ ਵੀ ਘੱਟ ਰਹਿ ਗਈਆਂ ਹਨ। ਗਲੇਸ਼ੀਅਰ ਸਿਰਫ਼ ਸੈਰ-ਸਪਾਟੇ ਲਈ ਨਹੀਂ ਹੁੰਦੇ। ਇਹ ਦਰਿਆਵਾਂ ਦਾ ਵੱਡਾ ਸਰੋਤ ਹਨ। ਜਿਵੇਂ-ਜਿਵੇਂ ਇਹ ਖ਼ਤਮ ਹੋ ਰਹੇ ਹਨ, ਪੀਣ ਵਾਲੇ ਪਾਣੀ ਅਤੇ ਖੇਤੀ ਲਈ ਪਾਣੀ ਦੀ ਉਪਲਬਧਤਾ ਵੀ ਘਟਦੀ ਜਾ ਰਹੀ ਹੈ।
ਸਮੁੰਦਰ ਵੀ ਬਣ ਰਹੇ ਹਨ ਖ਼ਤਰਾ
ਜਲਵਾਯੂ ਤਬਦੀਲੀ ਦਾ ਅਸਰ ਸਮੁੰਦਰਾਂ ਉੱਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਅਫ਼ਰੀਕਾ ਦੇ ਆਲੇ-ਦੁਆਲੇ ਸਮੁੰਦਰੀ ਪਾਣੀ ਲਗਾਤਾਰ ਗਰਮ ਹੋ ਰਿਹਾ ਹੈ। ਇਸ ਨਾਲ ਸਮੁੰਦਰਾਂ ਦੀ ਤੇਜ਼ਾਬੀਅਤ ਵੀ ਵਧ ਰਹੀ ਹੈ। ਸਮੁੰਦਰ ਦਾ ਵਧਦਾ ਪੱਧਰ ਤੱਟੀ ਇਲਾਕਿਆਂ ਲਈ ਵੱਡਾ ਖ਼ਤਰਾ ਬਣ ਗਿਆ ਹੈ। 1999 ਤੋਂ 2025 ਦਰਮਿਆਨ ਅਫ਼ਰੀਕਾ ਦੇ ਤੱਟਾਂ `ਤੇ ਸਮੁੰਦਰ ਦਾ ਪੱਧਰ ਵਿਸ਼ਵ ਔਸਤ ਨਾਲੋਂ ਵੀ ਤੇਜ਼ੀ ਨਾਲ ਵਧਿਆ ਹੈ।
ਅਟਲਾਂਟਿਕ ਤੱਟ `ਤੇ ਹਰ ਸਾਲ ਲਗਭਗ 4.2 ਮਿਲੀਮੀਟਰ, ਹਿੰਦ ਮਹਾਂਸਾਗਰ ਦੇ ਤੱਟ `ਤੇ 5.2 ਮਿਲੀਮੀਟਰ ਅਤੇ ਲਾਲ ਸਮੁੰਦਰ ਦੇ ਤੱਟ `ਤੇ 5.6 ਮਿਲੀਮੀਟਰ ਦੀ ਦਰ ਨਾਲ ਪਾਣੀ ਦਾ ਪੱਧਰ ਵਧਿਆ ਹੈ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕਈ ਪਿੰਡਾਂ ਅਤੇ ਸ਼ਹਿਰਾਂ ਦੀ ਜ਼ਮੀਨ ਹੌਲੀ-ਹੌਲੀ ਸਮੁੰਦਰ ਵਿੱਚ ਸਮਾ ਰਹੀ ਹੈ।
ਸਾਲ 2025 ਦੌਰਾਨ ਦਰਜ ਹੋਈਆਂ ਕੁਦਰਤੀ ਆਫ਼ਤਾਂ ਵਿੱਚ ਸਭ ਤੋਂ ਵੱਡਾ ਹਿੱਸਾ ਹੜ੍ਹਾਂ ਦਾ ਰਿਹਾ। ਅਪ੍ਰੈਲ ਅਤੇ ਮਈ ਮਹੀਨੇ ਵਿੱਚ ਨਾਈਜੀਰੀਆ ਅਤੇ ਕਾਂਗੋ ਵਿੱਚ ਆਏ ਭਿਆਨਕ ਹੜ੍ਹਾਂ ਨੇ 360 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਹਜ਼ਾਰਾਂ ਘਰ ਤਬਾਹ ਹੋ ਗਏ ਅਤੇ ਲੱਖਾਂ ਲੋਕ ਬੇਘਰ ਹੋ ਗਏ। ਦੂਜੇ ਪਾਸੇ ਪੂਰਬੀ ਅਫ਼ਰੀਕਾ ਵਿੱਚ ਪਏ ਭਿਆਨਕ ਸੋਕੇ ਨੇ 85 ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਅਤੇ ਪਾਣੀ ਦੇ ਸੰਕਟ ਵਿੱਚ ਧੱਕ ਦਿੱਤਾ। ਇੱਕੋ ਮਹਾਂਦੀਪ ਵਿੱਚ ਇੱਕ ਪਾਸੇ ਲੋਕ ਹੜ੍ਹਾਂ ਵਿੱਚ ਡੁੱਬ ਰਹੇ ਹਨ ਅਤੇ ਦੂਜੇ ਪਾਸੇ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸ ਰਹੇ ਹਨ। ਇਹੀ ਜਲਵਾਯੂ ਤਬਦੀਲੀ ਦੀ ਸਭ ਤੋਂ ਡਰਾਉਣੀ ਤਸਵੀਰ ਹੈ।
ਚੇਤਾਵਨੀ ਪ੍ਰਣਾਲੀ ਦੀ ਕਮੀ
ਅੱਜ ਵੀ ਅਫ਼ਰੀਕਾ ਦੇ ਸਿਰਫ਼ 40 ਫ਼ੀਸਦੀ ਦੇਸ਼ਾਂ ਕੋਲ ਹੀ ਅਜਿਹੀ ਆਧੁਨਿਕ ਚੇਤਾਵਨੀ ਪ੍ਰਣਾਲੀ ਹੈ, ਜੋ ਲੋਕਾਂ ਨੂੰ ਆਉਣ ਵਾਲੀ ਆਫ਼ਤ ਬਾਰੇ ਪਹਿਲਾਂ ਤੋਂ ਜਾਣਕਾਰੀ ਦੇ ਸਕੇ। ਇਸ ਦਾ ਅਰਥ ਹੈ ਕਿ 60 ਫ਼ੀਸਦੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਅਗਲੇ ਕੁਝ ਘੰਟਿਆਂ ਵਿੱਚ ਉਨ੍ਹਾਂ ਦੇ ਘਰ ਉੱਤੇ ਹੜ੍ਹ ਆਉਣ ਵਾਲਾ ਹੈ ਜਾਂ ਤੂਫ਼ਾਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਪਹਿਲਾਂ ਚੇਤਾਵਨੀ ਮਿਲ ਜਾਵੇ ਤਾਂ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਜਿਸ ਨੇ ਸਭ ਤੋਂ ਘੱਟ ਪ੍ਰਦੂਸ਼ਣ ਕੀਤਾ, ਉਹੀ ਸਭ ਤੋਂ ਵੱਧ ਭੁਗਤ ਰਿਹਾ
ਜਲਵਾਯੂ ਤਬਦੀਲੀ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅਫ਼ਰੀਕਾ ਇਸ ਸੰਕਟ ਲਈ ਸਭ ਤੋਂ ਘੱਟ ਜ਼ਿੰਮੇਵਾਰ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਉਦਯੋਗਿਕ ਕ੍ਰਾਂਤੀ ਤੋਂ ਲੈ ਕੇ ਅੱਜ ਤੱਕ ਦੁਨੀਆ ਦੇ ਕੁੱਲ ਕਾਰਬਨ ਨਿਕਾਸ ਵਿੱਚ ਅਫ਼ਰੀਕਾ ਦੀ ਹਿੱਸੇਦਾਰੀ ਚਾਰ ਫ਼ੀਸਦੀ ਤੋਂ ਵੀ ਘੱਟ ਰਹੀ ਹੈ।
ਇਸ ਦੇ ਉਲਟ ਯੂਰਪ, ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ਨੇ ਵੱਡੀ ਮਾਤਰਾ ਵਿੱਚ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਕੀਤਾ ਹੈ, ਪਰ ਉਸ ਦਾ ਸਭ ਤੋਂ ਭਾਰੀ ਨੁਕਸਾਨ ਅਫ਼ਰੀਕਾ ਵਰਗੇ ਗ਼ਰੀਬ ਦੇਸ਼ ਝੱਲ ਰਹੇ ਹਨ।
ਖੇਤੀ ਅਤੇ ਭੋਜਨ ਉੱਤੇ ਵੱਡਾ ਅਸਰ
ਅਫ਼ਰੀਕਾ ਦੀ ਵੱਡੀ ਆਬਾਦੀ ਅੱਜ ਵੀ ਮੀਂਹ ਆਧਾਰਿਤ ਖੇਤੀ ਉੱਤੇ ਨਿਰਭਰ ਹੈ। ਜਦੋਂ ਬਾਰਿਸ਼ ਸਮੇਂ ਸਿਰ ਨਹੀਂ ਹੁੰਦੀ ਜਾਂ ਇੱਕੋ ਵਾਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ। ਸੰਯੁਕਤ ਰਾਸ਼ਟਰ ਦੀਆਂ ਰਿਪੋਰਟਾਂ ਅਨੁਸਾਰ ਅਫ਼ਰੀਕਾ ਵਿੱਚ ਅੱਜ ਵੀ 28 ਕਰੋੜ ਤੋਂ ਵੱਧ ਲੋਕ ਖ਼ੁਰਾਕ ਦੀ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ। ਜਲਵਾਯੂ ਤਬਦੀਲੀ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਰਹੀ ਹੈ।
ਸਿਹਤ ਉੱਤੇ ਵੀ ਗੰਭੀਰ ਅਸਰ
ਗਰਮੀ ਦੀਆਂ ਲਹਿਰਾਂ, ਗੰਦਾ ਪਾਣੀ ਅਤੇ ਹੜ੍ਹਾਂ ਕਾਰਨ ਬਿਮਾਰੀਆਂ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ। ਮਲੇਰੀਆ, ਹੈਜ਼ਾ, ਡੇਂਗੂ ਅਤੇ ਦਸਤ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਸਾਫ਼ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਬਹੁਤ ਸਾਰੇ ਖੇਤਰਾਂ ਵਿੱਚ ਹਸਪਤਾਲ ਵੀ ਹੜ੍ਹਾਂ ਜਾਂ ਤੂਫ਼ਾਨਾਂ ਕਾਰਨ ਪ੍ਰਭਾਵਿਤ ਹੋ ਜਾਂਦੇ ਹਨ, ਜਿਸ ਨਾਲ ਇਲਾਜ ਕਰਵਾਉਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।
ਉਮੀਦ ਦੀ ਇੱਕ ਕਿਰਨ
ਇਸ ਸਭ ਦੇ ਬਾਵਜੂਦ ਕੁਝ ਚੰਗੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ।
ਅਫ਼ਰੀਕਾ ਦੇ ਕਈ ਦੇਸ਼ਾਂ ਵਿੱਚ ਮੌਸਮ ਵਿਗਿਆਨੀ, ਆਫ਼ਤ ਪ੍ਰਬੰਧਨ ਏਜੰਸੀਆਂ ਅਤੇ ਸਥਾਨਕ ਪ੍ਰਸ਼ਾਸਨ ਮਿਲ ਕੇ ਬਿਹਤਰ ਮੌਸਮੀ ਪੂਰਵ-ਅਨੁਮਾਨ ਅਤੇ ਚੇਤਾਵਨੀ ਪ੍ਰਣਾਲੀਆਂ ਤਿਆਰ ਕਰ ਰਹੇ ਹਨ। ਨਵੀਆਂ ਤਕਨੀਕਾਂ ਦੀ ਮਦਦ ਨਾਲ ਹੜ੍ਹਾਂ ਅਤੇ ਤੂਫ਼ਾਨਾਂ ਦੀ ਪਹਿਲਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ ਜਾ ਸਕੇ।
ਦੁਨੀਆ ਲਈ ਚੇਤਾਵਨੀ
ਡਬਲਿਊ.ਐੱਮ.ਓ. ਦੀ ਜਨਰਲ ਸਕੱਤਰ ਸੇਲੇਸਟੇ ਸਾਉਲੋ ਨੇ ਕਿਹਾ ਹੈ ਕਿ ਅਫ਼ਰੀਕਾ ਵਿੱਚ ਜਲਵਾਯੂ ਤਬਦੀਲੀ ਦੇ ਪ੍ਰਭਾਵ ਹੁਣ ਹਰ ਪਾਸੇ ਨਜ਼ਰ ਆ ਰਹੇ ਹਨ। ਵਧਦਾ ਤਾਪਮਾਨ, ਸਮੁੰਦਰ ਦਾ ਚੜ੍ਹਦਾ ਪੱਧਰ, ਭਿਆਨਕ ਹੜ੍ਹਾਂ ਅਤੇ ਲਗਾਤਾਰ ਪੈਂਦਾ ਸੋਕਾ ਸਾਫ਼ ਦੱਸਦਾ ਹੈ ਕਿ ਸੰਕਟ ਕਿੰਨਾ ਗੰਭੀਰ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਚੇਤਾਵਨੀ ਪ੍ਰਣਾਲੀਆਂ ਨੂੰ ਮਜਬੂਤ ਕੀਤਾ ਜਾਵੇ, ਮੌਸਮੀ ਸੇਵਾਵਾਂ ਵਿੱਚ ਸੁਧਾਰ ਕੀਤਾ ਜਾਵੇ ਅਤੇ ਦੇਸ਼ ਆਪਸੀ ਸਹਿਯੋਗ ਨਾਲ ਕੰਮ ਕਰਨ ਤਾਂ ਲੱਖਾਂ ਲੋਕਾਂ ਦੀਆਂ ਜਾਨਾਂ ਅਤੇ ਰੋਜ਼ੀ-ਰੋਟੀ ਬਚਾਈ ਜਾ ਸਕਦੀ ਹੈ।
ਹੁਣ ਹੋਰ ਦੇਰ ਨਹੀਂ
ਇਹ ਰਿਪੋਰਟ ਸਿਰਫ਼ ਵਿਗਿਆਨਕ ਅਧਿਐਨ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਇੱਕ ਚੇਤਾਵਨੀ ਹੈ। ਹਰ ਵਧਦਾ ਡਿਗਰੀ ਤਾਪਮਾਨ, ਹਰ ਪਿਘਲਦਾ ਗਲੇਸ਼ੀਅਰ ਅਤੇ ਹਰ ਮਿਲੀਮੀਟਰ ਚੜ੍ਹਦਾ ਸਮੁੰਦਰ ਸਾਨੂੰ ਯਾਦ ਦਿਵਾ ਰਿਹਾ ਹੈ ਕਿ ਜਲਵਾਯੂ ਤਬਦੀਲੀ ਭਵਿੱਖ ਦਾ ਨਹੀਂ, ਅੱਜ ਦਾ ਸੰਕਟ ਹੈ।
ਮਾਹਿਰਾਂ ਦਾ ਸਪਸ਼ਟ ਕਹਿਣਾ ਹੈ ਕਿ ਜੇ ਦੁਨੀਆ ਨੇ ਹੁਣ ਵੀ ਗ੍ਰੀਨ-ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ, ਵਿਕਾਸਸ਼ੀਲ ਦੇਸ਼ਾਂ ਲਈ ਜਲਵਾਯੂ ਫ਼ੰਡ ਵਧਾਉਣ ਅਤੇ ਕਮਜ਼ੋਰ ਦੇਸ਼ਾਂ ਦੀ ਮਦਦ ਲਈ ਠੋਸ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਸੰਕਟ ਹੋਰ ਵੀ ਭਿਆਨਕ ਰੂਪ ਧਾਰ ਸਕਦਾ ਹੈ।
ਅਖ਼ੀਰ ਵਿੱਚ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਜਲਵਾਯੂ ਤਬਦੀਲੀ ਦੀ ਸਭ ਤੋਂ ਵੱਡੀ ਕੀਮਤ ਅੰਕੜੇ ਨਹੀਂ ਚੁਕਾਉਂਦੇ। ਕੀਮਤ ਉਹ ਲੋਕ ਚੁਕਾਉਂਦੇ ਹਨ, ਜਿਨ੍ਹਾਂ ਦੇ ਘਰ ਹੜ੍ਹ ਵਿੱਚ ਵਹਿ ਜਾਂਦੇ ਹਨ, ਜਿਨ੍ਹਾਂ ਦੇ ਖੇਤ ਸੁੱਕ ਜਾਂਦੇ ਹਨ, ਜਿਨ੍ਹਾਂ ਦੇ ਬੱਚੇ ਭੁੱਖ ਨਾਲ ਸੌਂਦੇ ਹਨ ਅਤੇ ਜਿਨ੍ਹਾਂ ਦਾ ਭਵਿੱਖ ਹਰ ਬੀਤਦੇ ਦਿਨ ਨਾਲ ਹੋਰ ਅਸੁਰੱਖਿਅਤ ਹੁੰਦਾ ਜਾ ਰਿਹਾ ਹੈ।
ਅਫ਼ਰੀਕਾ ਅੱਜ ਇਸ ਸੰਕਟ ਦੀ ਪਹਿਲੀ ਕਤਾਰ ਵਿੱਚ ਖੜ੍ਹਾ ਹੈ, ਪਰ ਇਹ ਲੜਾਈ ਸਿਰਫ਼ ਅਫ਼ਰੀਕਾ ਦੀ ਨਹੀਂ। ਇਹ ਪੂਰੀ ਮਨੁੱਖਤਾ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇ ਧਰਤੀ ਨੂੰ ਬਚਾਉਣਾ ਹੈ ਤਾਂ ਫ਼ੈਸਲੇ ਅੱਜ ਕਰਨੇ ਪੈਣਗੇ, ਕੱਲ੍ਹ ਨਹੀਂ।

Leave a Reply

Your email address will not be published. Required fields are marked *