ਸਿੱਖ ਧਰਮ ਵਿੱਚ ਬਹੁਤ ਮਹੱਤਵ ਰੱਖਦੇ ਨੇ ‘ਧਾਰਮਿਕ ਪ੍ਰਤੀਕ’

ਅਧਿਆਤਮਕ ਰੰਗ ਆਮ-ਖਾਸ

ਪੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-97816-46008
ਸਿੱਖ ਧਰਮ ਦੁਨੀਆਂ ਦਾ ਇੱਕ ਨਿਆਰਾ ਤੇ ਪਿਆਰਾ ਧਰਮ ਹੈ, ਜੋ ‘ਸਭੇ ਸਾਝੀਵਾਲ ਸਦਾਇਨਿ’ ਦੇ ਸੰਕਲਪ ਨੂੰ ਮਨ-ਮਸਤਕ ’ਚ ਧਾਰਨ ਕਰਕੇ ਸੰਸਾਰ ਵਿੱਚ ਵਿਚਰਨ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਸਿਧਾਂਤ ਨੂੰ ਅਪਨਾਉਣ ਦੀ ਬਾਕਮਾਲ ਤਾਕੀਦ ਕਰਦਾ ਹੈ। ਇਹ ਧਰਮ ਜਾਂ ਜ਼ਾਤ ਆਧਾਰਿਤ ਊਚ-ਨੀਚ ਨੂੰ ਤਿਆਗ ਕੇ ਸਮੁੱਚੀ ਲੋਕਾਈ ਨੂੰ ਪ੍ਰੇਮ ਕਰਨ ਦਾ ਸਬਕ ਦਿੰਦਾ ਹੈ ਤੇ ਨਾਲ ਹੀ ਹਰ ਤਰ੍ਹਾਂ ਦੇ ਜਬਰ-ਜ਼ੁਲਮ ਖ਼ਿਲਾਫ਼ ਡਟਣ ਦੀ ਵੀ ਪ੍ਰੇਰਨਾ ਦਿੰਦਾ ਹੈ।

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੱਕ ਹਰੇਕ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਨਿੰਦਿਆ, ਈਰਖਾ, ਝੂਠ, ਬੇਈਮਾਨੀ ਅਤੇ ਪਖੰਡ ਦਾ ਜੀਵਨ ਤਿਆਗ ਕੇ ਸਾਦਗੀ, ਸੰਜਮ, ਸੁੱਚਤਾ ਅਤੇ ਬਹਾਦਰੀ ਭਰਿਆ ਜੀਵਨ ਅਪਨਾਉਣ ਅਤੇ ਜਿਊਣ ਦਾ ਮਾਰਗ ਦਰਸਾਇਆ ਹੈ। ਸਿੱਖ ਪੰਥ ਵਿੱਚ ਵੱਖ-ਵੱਖ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੌਰਾਨ ਕੁਝ ਵਿਸ਼ੇਸ਼ ‘ਪ੍ਰਤੀਕਾਂ’ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਆਦਿ ਸਰੂਪ ਦੀ ਸੰਪਾਦਨਾ ਵੇਲੇ ਗੂਰੂ ਅਰਜੁਨ ਦੇਵ ਜੀ ਦੁਆਰਾ ਦਰਸਾਈ ਗਈ ਸੰਪਾਦਨ ਕਲਾ ਤਾਂ ਸਿੱਖ ਧਰਮ ਵਿੱਚ ਪ੍ਰਤੀਕਾਤਮਕਤਾ ਦਾ ਸਿਖਰ ਮੰਨੀ ਜਾ ਸਕਦੀ ਹੈ। ਪੰਚਮ ਪਾਤਸ਼ਾਹ ਨੇ ਸਮੂਹ ਭਗਤਾਂ, ਭੱਟਾਂ ਅਤੇ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਹੋਰ ਮਹਾਂਪੁਰਖਾਂ ਦੀ ਬਾਣੀ ਤਾਂ ਉਨ੍ਹਾਂ ਦੇ ਸਤਿਕਾਰਤ ਨਾਂਵਾਂ ਸਹਿਤ ਦਰਜ ਕੀਤੀ ਸੀ, ਪਰ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਉਨ੍ਹਾਂ ਦੇ ਨਾਵਾਂ ਦੀ ਥਾਂ ਗਣਿਤ ਦੇ ਅੰਕਾਂ 1, 2, 3 ਅਤੇ 4 ਦੀ ਵਰਤੋਂ ਕਰਦਿਆਂ ਹੋਇਆਂ ‘ਮਹਲਾ 1’ ਜਾਂ ‘ਮਹਲਾ 4’ ਦੇ ਸਿਰਲੇਖਾਂ ਨਾਲ ਦਰਜ ਕੀਤੀ ਤੇ ਗੁਰੂਆਂ ਨਾਲ ਸਬੰਧਿਤ ਸ਼ਬਦਾਂ ਤੇ ਸਲੋਕਾਂ ਵਿੱਚ ਰਚੈਤਾ ਦੇ ਅਸਲ ਨਾਂ ਦੀ ਥਾਂ ‘ਨਾਨਕ’ ਸ਼ਬਦ ਹੀ ਵਰਤਿਆ, ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਸਮੂਹ ਗੁਰੂ ਸਾਹਿਬਾਨਾਂ ਅੰਦਰ ਇੱਕ ਹੀ ‘ਨਾਨਕ’ ਦੀ ਜੋਤਿ ਚੱਲ ਰਹੀ ਸੀ ਅਤੇ ਕਾਲ ਅਵਧੀ ਤੇ ਦੇਹਾਂ ਵੱਖ-ਵੱਖ ਹੋਣ ਦੇ ਬਾਵਜੂਦ ਆਤਮਾ, ਸੋਚ ਤੇ ਵਿਚਾਰਧਾਰਾ ਦੇ ਪੱਖ ਤੋਂ ਸਾਰੇ ਗੁਰੂ ਸਾਹਿਬਾਨ ਇੱਕ ਹੀ ਸਨ।
ਇਹ ਗੱਲ ਤਾਂ ਹਰੇਕ ਸਿੱਖ ਜਾਣਦਾ ਤੇ ਪਛਾਣਦਾ ਹੈ ਕਿ ਅਰਦਾਸ ਸਮੇਂ ਕੜਾਹ-ਪ੍ਰਸਾਦਿ ਦੀ ਦੇਗ ਵਿੱਚ ਕਿਰਪਾਨ ਫੇਰ ਕੇ ਭੋਗ ਲਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ, ਪਰ ਬਹੁਤੇ ਸਿੱਖ ਇਹ ਨਹੀਂ ਜਾਣਦੇ ਕਿ ਅੰਮ੍ਰਿਤਪਾਨ ਕਰਵਾਉਂਦੇ ਸਮੇਂ ਪਾਹੁਲ ਤਿਆਰ ਕਰਨ ਵੇਲੇ ‘ਖੰਡੇ-ਬਾਟੇ’ ਦਾ ਅੰਮ੍ਰਿਤ ਕਿਉਂ ਤਿਆਰ ਕੀਤਾ ਜਾਂਦਾ ਹੈ ਭਾਵ ਕਿ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਪਤਾਸੇ ਘੋਲਣ ਲਈ ਕਿਰਪਾਨ ਦੀ ਥਾਂ ਖੰਡਾ ਕਿਉਂ ਵਰਤਿਆ ਜਾਂਦਾ ਹੈ? ਦਰਅਸਲ ਖੰਡੇ ਦੀ ਖ਼ਾਸੀਅਤ ਇਹ ਹੈ ਕਿ ਤਲਵਾਰ ਨੂੰ ਤਾਂ ‘ਇੱਕ ਪਾਸੇ’ ਧਾਰ ਹੁੰਦੀ ਹੈ, ਪਰ ਖੰਡੇ ਨੂੰ ‘ਦੋਵੇਂ ਪਾਸੇ’ ਧਾਰ ਹੁੰਦੀ ਹੈ।
ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਅਸਲ ਵਿੱਚ ਪਾਹੁਲ ਤਿਆਰ ਕਰਨ ਹਿਤ ਖੰਡੇ ਦਾ ਇਸਤੇਮਾਲ ਇੱਕ ਖ਼ਾਸ ਪ੍ਰਤੀਕ ਵਜੋਂ ਕੀਤਾ ਸੀ। ਗੁਰੂ ਪਾਤਸ਼ਾਹ ਜੀ ਅੰਮ੍ਰਿਤ ਛਕਣ ਵਾਲੇ ਸਿੰਘ ਨੂੰ ਇਹ ਉਪਦੇਸ਼ ਦੇਣਾ ਚਾਹੁੰਦੇ ਸਨ ਕਿ ਅੰਮ੍ਰਿਤ ਛਕਣ ਤੋਂ ਬਾਅਦ ਇੱਕ ‘ਸਿੱਖ’ ਹੁਣ ‘ਸਿੰਘ’ ਵਿੱਚ ਤਬਦੀਲ ਹੋ ਜਾਵੇਗਾ ਤੇ ਇੱਕ ਸੱਚੇ ਸਿੰਘ ਦਾ ਜੀਵਨ ਕੋਈ ਸੁਖਾਲਾ ਜਾਂ ਆਰਾਮਦਾਇਕ ਨਹੀਂ ਰਹੇਗਾ, ਸਗੋਂ ਇਹ ਤਾਂ ਹੁਣ ‘ਖੰਡੇ ਦੀ ਧਾਰ’ ’ਤੇ ਚੱਲਣ ਜਿੰਨਾ ਕਠਿਨ ਹੋ ਜਾਵੇਗਾ। ਖੰਡੇ ਦੀ ‘ਦੋਹਰੀ ਧਾਰ’ ਦਰਸਅਲ ਪ੍ਰਤੀਕ ਹੈ ਕਿ ਇੱਕ ਅੰਮ੍ਰਿਤਧਾਰੀ ਸਿੰਘ ਨੇ ਸੰਸਾਰਕ ਪੱਧਰ ’ਤੇ ਵੀ ਅਤੇ ਅਧਿਆਤਮਿਕ ਪੱਧਰ ’ਤੇ ਵੀ ਆਪਣੀ ‘ਖ਼ਾਲਸਾਈ’ ਭਾਵ ਆਪਣੀ ‘ਸ਼ੁੱਧਤਾ’ ਕਾਇਮ ਰੱਖਣੀ ਹੈ ਤੇ ਕਿਸੇ ਵੀ ਪੱਧਰ ’ਤੇ ਰੰਚਿਤ ਮਾਤਰ ਵੀ ਡੋਲਣਾ ਨਹੀਂ ਹੈ।
ਖ਼ਾਲਸਾ ਬਣਨਾ ਕੋਈ ਖੇਡ ਨਹੀਂ ਹੈ, ਸਗੋਂ ਇਹ ਤਾਂ ਜਨਮ ਨੂੰ ਸੁਹੇਲਾ ਕਰਨ ਲਈ ਲਿਆ ਗਿਆ ਇੱਕ ਅਤਿ ਕਠਿਨ ਪ੍ਰਣ ਹੈ, ਜੋ ‘ਪ੍ਰਾਣ ਜਾਏ ਪਰ ਪ੍ਰਣ ਨਾ ਜਾਏ’ ਦੀ ਮਰਿਆਦਾ ਅਤੇ ਸਿਧਾਂਤ ’ਤੇ ਆਧਾਰਿਤ ਹੈ। ਪਾਹੁਲ ਲੈਣ ਨੂੰ ਖੰਡੇ ਦੀ ਧਾਰ ’ਤੇ ਤੁਰਨ ਜਿੰਨਾ ਕਠਿਨ ਕਰਮ ਐਲਾਨਦਿਆਂ ਗੁਰੂ ਸਾਹਿਬ ਨੇ ਫ਼ੁਰਮਾਇਆ ਸੀ: “ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ॥” ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ 918-919 ਉੱਤੇ ਰਾਗ ਰਾਮਕਲੀ ਵਿੱਚ ਅੰਕਿਤ ਤੀਜੀ ਪਾਤਸ਼ਾਹੀ ਦਾ ਵੀ ਫ਼ੁਰਮਾਨ ਹੈ ਕਿ ਇੱਕ ਸਿੱਖ ਦੇ ਲਈ ਸਿੱਖੀ ਦਾ ਮਾਰਗ ਤਾਂ ‘ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥’ ਦੇ ਤੁੱਲ ਹੈ। ਉਕਤ ਦੋਵੇਂ ਬਚਨ ਇਹ ਦੱਸਦੇ ਹਨ ਕਿ ਪਾਹੁਲ ਛਕ ਕੇ ਸਿੰਘ ਸੱਜ ਜਾਣਾ ਤਾਂ ਵਾਲ ਨਾਲੋਂ ਵੀ ਪਤਲੀ ਤੇ ਖੰਡੇ ਦੀ ਧਾਰ ਤੋਂ ਵੀ ਤਿੱਖੀ ਚੀਜ਼ ’ਤੇ ਤੁਰਨ ਦੇ ਬਰਾਬਰ ਹੈ ਤੇ ਇਸ ਮਾਰਗ ਨੂੰ ਅਪਨਾਉਣ ਵਾਲੇ ਸਿੱਖ ਨੂੰ ਪਹਿਲੀ ਪਾਤਸ਼ਾਹੀ ਦੇ ਉਚਾਰਨ ਕੀਤੇ ਸ਼ਬਦਾਂ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥’ (ਅੰਗ 1412) ਵਿੱਚ ਦਰਜ ਵਿਚਾਰਧਾਰਾ ਅਨੁਸਾਰ ਆਪਣਾ ਤਨ, ਮਨ, ਸੀਸ ਅਤੇ ਪ੍ਰਾਣ ਆਦਿ ਆਪਣੇ ਗੁਰੂ ਨੂੰ ਅਰਪਣ ਕਰਨੇ ਹੀ ਪੈਣੇ ਹਨ। ਸੋ, ਇਸ ਤਰ੍ਹਾਂ ਗੁਰੂ ਦਸਮੇਸ਼ ਨੇ ਖੰਡੇ ਦਾ ਪ੍ਰਤੀਕ ਵਰਤ ਕੇ ‘ਖ਼ਾਲਸਾ’ ਸਾਜਣ ਵੇਲੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਿੱਖੀ ਕੋਈ ਫ਼ੁੱਲਾਂ ਦੀ ਸੇਜ ਨਹੀਂ ਹੈ, ਸਗੋਂ ਇਹ ਤਾਂ ਖੰਡੇ ਦੀ ਤਿੱਖੀ ਧਾਰ ’ਤੇ ਨੰਗੇ ਪੈਰ ਤੁਰਨ ਜਿੰਨਾ ਕਠਿਨ ਕਾਰਜ ਹੈ।
ਉਧਰ ਪੰਜਵੇਂ ਨਾਨਕ ਗੁਰੂ ਅਰਜੁਨ ਦੇਵ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਹਿਤ ਨਕਸ਼ਾ ਤਿਆਰ ਕਰਨ ਵੇਲੇ ਵਰਤੇ ਗਏ ਮਹਾਨ ‘ਪ੍ਰਤੀਕਾਂ’ ਦੀ ਜੇ ਗੱਲ ਕਰੀਏ ਤਾਂ ਸੀਸ ਸਹਿਜ ਹੀ ਸਤਿਗੁਰਾਂ ਦੇ ਸਜਦੇ ਵਿੱਚ ਝੁਕ ਜਾਂਦਾ ਹੈ। ਗੁਰੂ ਜੀ ਨੇ ਹਰਿਮੰਦਰ ਸਾਹਿਬ ਦੀ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੀ ਸੰਰਚਨਾ ਕੁਝ ਇਸ ਤਰ੍ਹਾਂ ਕੀਤੀ ਸੀ ਕਿ ਵੱਖ-ਵੱਖ ਪ੍ਰਤੀਕਾਂ ਰਾਹੀਂ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਪੂਰਨ ਰੂਪ ਵਿੱਚ ਸਪੱਸ਼ਟ ਕਰ ਦਿੱਤੀ ਸੀ।
ਪੰਦਰ੍ਹਵੀਂ , ਸੋਲ੍ਹਵੀਂ ਅਤੇ ਸਤਾਰ੍ਹਵੀਂ ਸਦੀ ਦੌਰਾਨ ਬਣਨ ਵਾਲੇ ਸਮੂਹ ਹਿੰਦੂ ਜਾਂ ਮੁਸਲਿਮ ਧਰਮ ਅਸਥਾਨਾਂ ਦੀ ਬਣਤਰ ਕੁਝ ਇਸ ਤਰ੍ਹਾਂ ਦੀ ਸੀ ਕਿ ਪੂਜਾ ਸਥਲ ਅਕਸਰ ਹੀ ਪ੍ਰਵੇਸ਼ ਦੁਆਰ ਨਾਲੋਂ ਉੱਚਾ ਹੁੰਦਾ ਸੀ ਤੇ ਸ਼ਰਧਾਲੂਆਂ ਨੂੰ ਕੁਝ ਕੁ ਜਾਂ ਬਹੁਤ ਸਾਰੀਆਂ ਪੌੜ੍ਹੀਆਂ ਚੜ੍ਹ ਕੇ ਪੂਜਾ ਸਥਲ ਤੱਕ ਪੁੱਜਣਾ ਪੈਂਦਾ ਸੀ; ਪਰ ਗੁਰੂ ਅਰਜੁਨ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਗੁਰੂ ਘਰ ਆਉਣ ਸਮੇਂ ਆਪਣੀ ਹਉਮੈ, ਆਪਣਾ ਹੰਕਾਰ ਤਿਆਗਣ ਦੀ ਸਿੱਖਿਆ ਦੇਣ ਦੇ ਮਕਸਦ ਨਾਲ ਨੀਵੇਂ ਹੋ ਕੇ ਆਉਣ ਦੀ ਤਾਕੀਦ ਕਰਦਿਆਂ ਹਰਿਮੰਦਰ ਸਾਹਿਬ ਦਾ ਮੁੱਖ ਸਥਾਨ ਚੁਫ਼ੇਰੇ ਦੀ ਉੱਚਾਈ ਦੇ ਮੁਕਾਬਲਤਨ ਨੀਵਾਂ ਰੱਖਿਆ ਤੇ ਦਰਸਾਇਆ ਕਿ ਗੁਰੂ ਦਰਸ਼ਨਾਂ ਲਈ ਆਉਣ ਵੇਲੇ ਹਰੇਕ ਸਿੱਖ ਜਾਂ ਸ਼ਰਧਾਲੂ ਨੂੰ ਹੰਕਾਰ ਦੀ ਉੱਚਾਈ ਤਿਆਗ ਕੇ ਨਿਮਰਤਾ ਦੀਆਂ ਪੌੜੀਆਂ ਉਤਰ ਕੇ ਹੇਠਾਂ ਆਉਣਾ ਪਵੇਗਾ। ਹਰਿਮੰਦਰ ਸਾਹਿਬ ਨੂੰ ਇੱਕ ਦੀ ਥਾਂ ਚਾਰ ਦਰਵਾਜ਼ੇ ਰੱਖ ਕੇ ਜਿੱਥੇ ਉਨ੍ਹਾਂ ਪ੍ਰਤੀਕਾਤਮਕ ਤੌਰ ’ਤੇ ਦਰਸਾ ਦਿੱਤਾ ਸੀ ਕਿ ਇਹ ਧਰਮ ਅਸਥਾਨ ਕਿਸੇ ਵਿਸ਼ੇਸ਼ ਧਰਮ ਜਾਂ ਜ਼ਾਤ ਦੇ ਦਾਖ਼ਲੇ ਤੱਕ ਸੀਮਿਤ ਨਹੀਂ ਹੈ, ਸਗੋਂ ਗੁਰਮਤਿ ਸਿਧਾਂਤ ‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕੋ ਸਾਝਾ॥’ ਦੇ ਸੰਕਲਪ ਦਾ ਲਖਾਇਕ ਹੈ। ਕਿੰਨਾ ਸਿਆਣਪ ਭਰਿਆ ਪ੍ਰਤੀਕ ਹੈ ਕਿ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਨੂੰ ‘ਚਾਰ ਦਰਵਾਜ਼ੇ’ ਜਾਂ ‘ਚਾਰ ਪ੍ਰਵੇਸ਼ ਦੁਆਰ’ ਤਾਂ ਰੱਖ ਦਿੱਤੇ, ਪਰ ਉਸ ‘ਸੱਚਖੰਡਿ’ ਆਖੇ ਜਾਂਦੇ ਹਰਿਮੰਦਰ ਤੱਕ ਪੁੱਜਣ ਲਈ ਰਸਤਾ ਕੇਵਲ ਇੱਕ ਹੀ ਬਣਾਇਆ। ਆਮ ਤੌਰ ’ਤੇ ਚਾਰ ਦਰਵਾਜ਼ਿਆਂ ਵਾਲੀ ਇਮਾਰਤ ਨੂੰ ਚਾਰ ਰਸਤੇ ਹੀ ਲਗਦੇ ਹੁੰਦੇ ਹਨ, ਪਰ ਗੁਰੂ ਸਾਹਿਬ ਤਾਂ ਆਪਣੀ ਅਦਭੁੱਤ ਨਕਸ਼ਾਨਵੀਸੀ ਰਾਹੀਂ ਇਹ ਦੱਸਣਾ ਚਾਹੁੰਦੇ ਸਨ ਕਿ ਧਰਮ, ਮਜ਼ਹਬ ਜਾਂ ਜ਼ਾਤ ਚਾਹੇ ਕੋਈ ਵੀ ਹੋਵੇ, ਪਰਮੇਸ਼ਰ ਕੇਵਲ ਇੱਕ ਹੈ ਤੇ ਉਸ ਤੱਕ ਪਹੁੰਚਣ ਦਾ ਮਾਰਗ ਵੀ ਕੇਵਲ ਇੱਕ ਹੈ ਅਤੇ ਉਹ ਮਾਰਗ ਹੈ ਨਿਰਛਲ ਤੇ ਨਿਸ਼ਕਾਮ ਭਗਤੀ।
ਸੂਫ਼ੀ ਸੰਤ ਸਾਂਈਂ ਮੀਆਂ ਮੀਰ ਜੀ ਕੋਲੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਉਣਾ ਇਸ ਗੱਲ ਦਾ ਪ੍ਰਤੱਖ ਪ੍ਰਤੀਕ ਸੀ ਕਿ ਸਿੱਖੀ ਦਾ ਕਿਸੇ ਵੀ ਦੂਜੇ ਧਰਮ ਨਾਲ ਵੈਰ ਜਾਂ ਵਿਰੋਧ ਨਹੀਂ ਹੈ, ਸਗੋਂ ਸਿੱਖ ਧਰਮ ਵਿੱਚ ਤਾਂ ਦੂਜੇ ਮਜ਼ਹਬ ਨੂੰ ਆਪਣੇ ਮਜ਼ਹਬ ਤੋਂ ਵੀ ਵੱਧ ਸਨਮਾਨ ਤੇ ਸਤਿਕਾਰ ਦਿੱਤਾ ਜਾਂਦਾ ਹੈ। ਚੇਤੇ ਰਹੇ, ਪੰਜਾਬ ਸਮੇਤ ਦੁਨੀਆਂ ਭਰ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਹਨ, ਹਰੇਕ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਚਾ ਸਥਾਨ ਬਣਾ ਕੇ ਤੇ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਜਾਂਦਾ ਹੈ, ਪ੍ਰੰਤੂ ਮੁਕੱਦਸ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਉਚੇਰੇ ਸਥਾਨ ’ਤੇ ਨਹੀਂ, ਸਗੋਂ ਇਸ ਸਮੁੱਚੀ ਇਮਾਰਤ ਦੇ ਸਭ ਤੋਂ ਨੀਂਵੇਂ ਸਥਾਨ ਉੱਤੇ ਅਤੇ ਕਿਸੇ ਸੁੰਦਰ ਪਾਲਕੀ ਦੀ ਥਾਂ ਇੱਕ ਪੀੜ੍ਹੀ ਉੱਤੇ ਬਿਰਾਜਮਾਨ ਕੀਤਾ ਗਿਆ ਹੈ, ਜੋ ਕਿ ਇਸ ਤੱਥ ਦਾ ਪ੍ਰਤੱਖ ਪ੍ਰਤੀਕ ਹੈ ਕਿ ਨਾਨਕ ‘ਨੀਵਿਆਂ’ ਦੇ ਨਾਲ ਰਹਿੰਦਾ ਹੈ, ਉੱਚਿਆਂ ਦੇ ਨਾਲ ਨਹੀਂ। ਨਾਨਕ ਦਾ ਹੋਣ ਲਈ ਕਾਮ, ਕ੍ਰੋਧ, ਲੋਭ, ਮੋਹ ਤੇ ਹਉਮੈ-ਹੰਕਾਰ ਆਦਿ ਨੂੰ ਤਿਆਗਣਾ ਹੀ ਪਵੇਗਾ। ਗੁਰੂ ਨਾਨਕ ਦੇਵ ਜੀ ਦੇ ਮੁਖ਼ਾਰਬਿੰਦ ’ਚੋਂ ਉਚਾਰੇ ਗਏ ਪਾਵਨ ਬਚਨਾਂ- ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥’ ( ਅੰਗ 15) ਦਾ ਸੱਚਾ-ਸੁੱਚਾ ਰੂਪਾਂਤਰਣ ਹਰਿਮੰਦਰ ਸਾਹਿਬ ਦੀ ਭਵਨ ਨਿਰਮਾਣ ਕਲਾ ਵਿੱਚ ਕੀਤਾ ਗਿਆ ਹੈ।
ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਵਿੱਚੋਂ ਕਿਸੇ ਵੀ ਦਰਵਾਜ਼ੇ ਨੂੰ ਤਾਲਾ ਲਗਾਉਣ ਲਈ ਕੁੰਡੇ ਨਹੀਂ ਲਗਾਏ ਗਏ ਹਨ, ਜੋ ਇਸ ਗੱਲ ਦੇ ਪ੍ਰਤੀਕ ਹਨ ਕਿ ਸਾਡੇ ਪਾਪ ਕਰਮਾਂ ਕਰਕੇ ਗੁਰੂ ਘਰ ਦੇ ਜਾਂ ਗੁਰੂ ਦੀ ਕਿਰਪਾ ਦੇ ਕਿਵਾੜ ਸਾਡੇ ਲਈ ਢੋਏ ਤਾਂ ਹੋ ਸਕਦੇ ਹਨ, ਪਰ ਬੰਦ ਕਦੇ ਨਹੀਂ ਹੋ ਸਕਦੇ। ਇਸ ਲਈ ਸਾਨੂੰ ਆਪਣੀਆਂ ਭੁੱਲਾਂ ਬਖ਼ਸ਼ਾਉਣ ਹਿਤ ਸਬਰ ਰੱਖਣ ਅਤੇ ਪਸ਼ਚਾਤਾਪ ਕਰਨ ਦੇ ਨਾਲ-ਨਾਲ ਤਨੋਂ-ਮਨੋਂ ਸੇਵਾ ਤੇ ਸਿਮਰਨ ਕਰਦਿਆਂ ਸੱਚੇ ਗੁਰੂ ਦਾ ਓਟ-ਆਸਰਾ ਲੈਣਾ ਚਾਹੀਦਾ ਹੈ। ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵੇਲੇ ਪਰਿਕਰਮਾ ਕਰਨ ਦਾ ਅਰਥ ਹੈ ਕਿ ਸਿੱਖ ਨੂੰ ਹਰ ਹਾਲ ਵਿੱਚ ਆਪਣੇ ਗੁਰੂ ਦੀ ਮਤਿ ਦੁਆਲੇ ਹੀ ਘੁੰਮਣਾ ਚਾਹੀਦਾ ਹੈ ਤੇ ਗੁਰੂ ਦੀ ਮਤਿ ਤੋਂ ਬਾਹਰ ਹਰਗ਼ਿਜ਼ ਵੀ ਨਹੀਂ ਜਾਣਾ ਚਾਹੀਦਾ ਹੈ। ਹਰਿਮੰਦਰ ਸਾਹਿਬ ਦੇ ਅੰਦਰ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਤਮਸਤਕ ਹੋਣ ਲਈ ਲੰਮੀ ਕਤਾਰ ਵਿੱਚ ਲੰਮੇ ਸਮੇਂ ਤੱਕ ਖੜੇ ਹੋਣ ਦਾ ਕਸ਼ਟ ਸਹਾਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਜਾਂ ਸਤਿਗੁਰੂ ਨੂੰ ਪਾਉਣ ਲਈ ਸਮਾਂ, ਮਿਹਨਤ ਅਤੇ ਸਬਰ- ਤਿੰਨਾਂ ਦੀ ਹੀ ਜ਼ਰੂਰਤ ਹੁੰਦੀ ਹੈ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਬਰ-ਜ਼ੁਲਮ ਦਾ ਟਾਕਰਾ ਕਰਨ ਲਈ ਅਤੇ ‘ਭਗਤੀ’ ਤੇ ‘ਸ਼ਕਤੀ’ ਦਾ ਸੁਮੇਲ ਕਰਨ ਲਈ ਪ੍ਰਤੀਕ ਵਜੋਂ ‘ਮੀਰੀ’ ਤੇ ‘ਪੀਰੀ’ ਦੀਆਂ ਦੋ ਤਲਵਾਰਾਂ ਹੀ ਨਹੀਂ ਸਨ ਪਹਿਨੀਆਂ, ਸਗੋਂ ਹਰਿਮੰਦਰ ਸਾਹਿਬ ਦੇ ਬਹੁਤ ਨਜ਼ਦੀਕ ‘ਅਕਾਲ ਤਖ਼ਤ ਸਾਹਿਬ’ ਦਾ ਨਿਰਮਾਣ ਵੀ ਕਰਵਾਇਆ ਸੀ। ਗੁਰੂ ਅਰਜੁਨ ਦੇਵ ਜੀ ਵਾਲੀ ਸੂਝ-ਬੂਝ ਨੂੰ ਅੱਗੇ ਵਧਾਉਂਦਿਆਂ ਤੇ ਭਵਨ ਨਿਰਮਾਣ ਕਲਾ ਵਿੱਚ ‘ਪ੍ਰਤੀਕ’ ਵਰਤਦਿਆਂ ਛੇਵੇਂ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਨਿਰਮਾਣ ਇੱਕ ਅਜਿਹੇ ਕੋਣ ਤੋਂ ਕਰਵਾਇਆ ਸੀ ਕਿ ਅਕਾਲ ਤਖ਼ਤ ਸਾਹਿਬ ਤੋਂ ਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ ਜਾ ਸਕਦੇ ਹਨ, ਪਰ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਵੇਖਿਆ ਜਾ ਸਕਦਾ ਹੈ। ਭਵਨ ਨਿਰਮਾਣ ਦਾ ਇਹ ਸੰਕੇਤ ਅਸਲ ਵਿੱਚ ਇਹ ਸਪੱਸ਼ਟ ਕਰਦਾ ਹੈ ਕਿ ਰਾਜਨੀਤੀ ਚਲਾਉਣ ਲਈ ਧਰਮ ਦੇ ਦਰਸ਼ਨ ਜਾਂ ਸੇਧ ਲਈ ਜਾ ਸਕਦੀ ਹੈ, ਪਰ ਧਰਮ ਚਲਾਉਣ ਲਈ ਸਿਆਸੀ ਤਖ਼ਤ ਤੋਂ ਸੇਧ ਲੈਣ ਦਾ ਕੋਈ ਸਿਧਾਂਤ ਨਹੀਂ ਹੈ; ਤੇ ਨਾਲ ਹੀ ਇਹ ਸੰਦੇਸ਼ ਵੀ ਹੈ ਕਿ ਅਧਿਆਤਮਿਕ ਤਖ਼ਤ ਦੀ ਤਾਕਤ ਦੇ ਸਨਮੁੱਖ ਕਿਸੇ ਵੀ ਹੋਰ ਤਖ਼ਤ ਦੀ ਤਾਕਤ ਬੌਣੀ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਛੇਵੇਂ ਪਾਤਸ਼ਾਹ ਵੱਲੋਂ ਸਥਾਪਿਤ ‘ਅਕਾਲ ਤਖ਼ਤ’ ਅਸਲ ਵਿੱਚ ‘ਦਿੱਲੀ ਦੇ ਤਖ਼ਤ’ ਤੋਂ ਡੇਢ ਫੁੱਟ ਉੱਚਾ ਰੱਖਿਆ ਗਿਆ ਸੀ, ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਸਿੱਖਾਂ ਦਾ ਤਖ਼ਤ, ਦਿੱਲੀ ਦੀ ਸੱਤਾ ਵਾਲੇ ਤਖ਼ਤ ਤੋਂ ਜ਼ਿਆਦਾ ਉੱਚਾ ਹੈ ਤੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਜੇ ‘ਖਾਲਸਾ’ ਨੂੰ ਅਤੇ ਆਪਣੀਆਂ ਸਮੂਹ ਜਿੱਤਾਂ ਨੂੰ ਆਪਣੀ ਪ੍ਰਾਪਤੀ ਕਹਿਣ ਦੀ ਥਾਂ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।’ ਆਖ਼ ਕੇ ਸਭ ਕੁਝ ਉਸ ਪਰਮ ਪਿਤਾ ਪਰਮਾਤਮਾ ਦੇ ਨਾਂ ਨੂੰ ਹੀ ਸਮਰਪਿਤ ਕਰ ਦਿੱਤਾ ਸੀ, ਉਸੇ ਤਰ੍ਹਾਂ ਛੇਵੇਂ ਗੁਰੂ ਜੀ ਨੇ ਵੀ ਸਿੱਖਾਂ ਲਈ ‘ਤਖ਼ਤ’ ਸਥਾਪਿਤ ਕਰਕੇ ਉਸਨੂੰ ਆਪਣਾ ਜਾਂ ਕਿਸੇ ਸਿੱਖ ਦਾ ਤਖ਼ਤ ਆਖਣ ਦੀ ਥਾਂ ‘ਅਕਾਲ ਦਾ ਤਖ਼ਤ’ ਭਾਵ ‘ਅਕਾਲ ਤਖ਼ਤ’ ਆਖ਼ ਕੇ ਪਰਮਾਤਮਾ ਨੂੰ ਹੀ ਸਮਰਪਿਤ ਕਰ ਦਿੱਤਾ ਸੀ। ਇੱਥੇ ‘ਅਕਾਲ ਤਖ਼ਤ’ ਦਾ ਅਰਥ ਇਹ ਵੀ ਲਿਆ ਜਾ ਸਕਦਾ ਹੈ ਕਿ ਇਹ ਇੱਕ ਅਜਿਹਾ ਤਖ਼ਤ ਹੈ, ਜੋ ਕਾਲ ਦੀ ਪਕੜ ਤੋਂ ਪਰੇ ਹੈ ਭਾਵ ਸਮਾਂ ਇਸ ਤਖ਼ਤ ਨੂੰ ਕਦੇ ਵੀ ਮਿਟਾ ਨਹੀਂ ਪਾਏਗਾ ਤੇ ਇਹ ਤਖ਼ਤ ਅਕਾਲ ਪੁਰਖ ਪਰਮਾਤਮਾ ਦੀ ਤਰ੍ਹਾਂ ਸਦੀਵੀ ਤੌਰ ’ਤੇ ਕਾਇਮ ਰਹੇਗਾ।

Leave a Reply

Your email address will not be published. Required fields are marked *