*ਅਸਲੇ ਅਤੇ ਮਿਜ਼ਾਈਲਾਂ ਦੀ ਥੁੜ੍ਹ ਰੜਕੀ
*ਅਮਰੀਕੀ ਫੌਜੀ ਅਧਿਕਾਰੀਆਂ ਵੱਲੋਂ ਤੀਜੀ ਸੰਸਾਰ ਜੰਗ ਛਿੜਨ ਦੀ ਚਿਤਾਵਨੀ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਨੇ ਇਰਾਨ ਨਾਲ ਜੰਗ ਇੱਕ ਵਾਰ ਫਿਰ ਰੋਕ ਦਿੱਤੀ ਹੈ। ਦੋ ਹਫਤੇ ਦੀ ਭਾਰੀ ਬੰਬਾਰੀ ਤੋਂ ਬਾਅਦ ਬੀਤੇ ਹਫਤੇ ਸ਼ੁੱਕਰਵਾਰ ਵਾਲੇ ਦਿਨ ਅਮਰੀਕੀ ਫੌਜੀ ਜਰਨੈਲਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਲਾਹ ਦਿੱਤੀ ਕਿ ਇਰਾਨ ਨਾਲ ਮੌਜੂਦਾ ਜੰਗ ਰੋਕ ਦੇਣ ਵਿੱਚ ਹੀ ਭਲਾ ਹੈ; ਕਿਉਂਕਿ ਹਥਿਆਰਾਂ ਅਤੇ ਗੋਲੀ ਸਿੱਕੇ ਦੇ ਭੰਡਾਰ ਦੀ ਕਾਫੀ ਤੋਟ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕੀ ਫੌਜੀ ਇੰਡਸਟਰੀ ਵੀ ਉਸ ਤੇਜ਼ੀ ਨਾਲ ਅਸਲਾ ਬਣਾਉਣ ਦੇ ਕਾਬਲ ਨਹੀਂ ਹੈ, ਜਿੰਨੀ ਤੇਜ਼ੀ ਨਾਲ ਇਹ ਖਤਮ ਹੋ ਰਿਹਾ ਹੈ। ਯਾਦ ਰਹੇ, ਦੋਹਾਂ ਦੇਸ਼ਾਂ ਵਿਚਕਾਰ ਇਸਲਾਮਾਬਾਦ ਮੈਮੋਰੰਡਮ ‘ਤੇ ਸਵਿਟਜ਼ਰਲੈਂਡ ਵਿੱਚ ਦਸਤਖਤ ਕੀਤੇ ਗਏ ਸਨ।
ਇਸ ਦੇ ਬਾਵਜੂਦ ਢਾਈ ਹਫਤੇ ਪਹਿਲਾਂ ਦੋਹਾਂ ਦੇਸ਼ਾਂ ਵਿਚਕਾਰ ਮੁੜ ਜੰਗ ਛਿੜ ਪਈ ਸੀ। ਅਸਲ ਵਿੱਚ ਜੰਗਬੰਦੀ ਵਿੱਚ ਦੋਨੋ ਧਿਰਾਂ ਇੱਕ ਦੂਜੇ ਨੂੰ ਮਾਤ ਦੇਣ ਲਈ ਗੋਟੀਆਂ ਖੇਡਣ ਲੱਗੀਆਂ ਸਨ। ‘ਮੈਮੋਰੰਡਮ ਆਫ ਅੰਡਰਸਟੈਂਡਿੰਗ’ ਵਿੱਚ ਹੌਰਮੂਜ਼ ਲਾਂਘਾ ਜੰਗਬੰਦੀ ਦੌਰਾਨ ਇਰਾਨ ਦੇ ਪ੍ਰਬੰਧਨ ਅਧੀਨ ਹੀ ਰਹਿਣਾ ਸਵੀਕਾਰ ਕਰ ਲਿਆ ਗਿਆ ਸੀ, ਪਰ ਜੰਗਬੰਦੀ ਦੇ ਦੌਰਾਨ ਇਸ ਤੋਂ ਇਰਾਨ ਟੋਲ ਵਸੂਲ ਨਹੀਂ ਸੀ ਕਰ ਸਕਦਾ। ਇਸ ਜੰਗਬੰਦੀ ਦੌਰਾਨ ਅਮਰੀਕਾ ਨੇ ਓਮਾਨ ਨੂੰ ਆਪਣੇ ਨਾਲ ਜੋੜ ਲਿਆ ਅਤੇ ਹੌਰਮੂਜ਼ ਦੇ ਓਮਾਨੀ ਪੱਤਣ ਵਾਲੇ ਪਾਸਿਓਂ ਜਹਾਜ਼ ਕੱਢਣੇ ਸ਼ੁਰੂ ਕਰ ਦਿੱਤੇ; ਜਦਕਿ ਇਰਾਨ ਨੂੰ ਇਹ ਕਤੱਈ ਬਰਦਾਸ਼ਤ ਨਹੀਂ ਸੀ। ਉਸ ਨੇ ਇਨ੍ਹਾਂ ਸਮੁੰਦਰੀ ਟੈਂਕਰਾਂ ‘ਤੇ ਹਮਲੇ ਕਰਨੇ ਅਰੰਭ ਕਰ ਦਿੱਤੇ। ਇਸ ਦੇ ਪ੍ਰਤੀਕਰਮ ਵਿੱਚ ਅਮਰੀਕਾ ਨੇ ਵੀ ਇਰਾਨ ‘ਤੇ ਹਵਾਈ ਤੇ ਮਿਜ਼ਾਈਲ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹ ਬੰਬਾਰੀ ਤਕਰੀਬਨ ਦੋ ਹਫਤੇ ਜਾਰੀ ਰਹੀ। ਇਸ ਦੇ ਜਵਾਬ ਵਿੱਚ ਇਰਾਨ ਨੇ ਖਾੜੀ ਮੁਲਕਾਂ ਵਿੱਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਵਿੱਚ ਭਾਵੇਂ ਅਮਰੀਕਾ ਨੇ 4 ਫੌਜੀਆਂ ਦੇ ਮਾਰੇ ਜਾਣ ਦੀ ਗੱਲ ਮੰਨੀ ਹੈ, ਪਰ ਇਰਾਨ ਦਾ ਦਾਅਵਾ ਹੈ ਕਿ ਅਮਰੀਕਾ ਦੇ ਘੱਟੋ-ਘੱਟ 200 ਫੌਜੀ ਮਾਰੇ ਗਏ ਹਨ ਅਤੇ 15 ਲੜਾਕੂ ਜਹਾਜ਼ ਤਬਾਹ ਹੋਏ ਹਨ। ਇਸ ਦੇ ਇਲਾਵਾ ਹੋਰ ਫੌਜੀ ਸਾਜ਼ੋ-ਸਾਮਾਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਵ੍ਹਾਈਟ ਹਾਊਸ ਵਿੱਚ ਇਸੇ ਹਫਤੇ ਮੰਗਲਵਾਰ ਨੂੰ ਮਿਲਣੀ ਵੀ ਹੋਈ ਹੈ। ਇਸ ਮਿਲਣੀ ਵਿੱਚ ਹੋਈ ਗੱਲਬਾਤ ਦੇ ਵੇਰਵੇ ਤੇ ਹਾਲੇ ਭਾਵੇਂ ਨਸ਼ਰ ਨਹੀਂ ਹੋਏ, ਪਰ ਇਹ ਆਮ ਤੌਰ ‘ਤੇ ਸਮਝਿਆ ਜਾਂਦਾ ਹੈ ਕਿ ਨੇਤਨਯਾਹੂ ਅਮਰੀਕਾ ਵੱਲੋਂ ਇਰਾਨ ਨਾਲ ਸਮਝੌਤੇ ਲਈ ਚਲਾਈ ਗੱਲਬਾਤ ਦਾ ਤਕੜਾ ਵਿਰੋਧੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ 24 ਜੁਲਾਈ ਦੀ ਰਾਤ ਨੂੰ ਜੰਗ ਰੋਕਣ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਇਰਾਨ ਤੋਂ ਬਹੁਤੀ ਆਸ ਨਹੀਂ, ਫਿਰ ਵੀ ਉਹ ਜੰਗ ਦੀ ਥਾਂ ਕੂਟਨੀਤੀ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਜ਼ਰਾਇਲ ਵਿੱਚ ਅਕਤੂਬਰ ਵਿੱਚ ਚੋਣਾਂ ਹੋ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਨੇਤਨਯਾਹੂ ਇਹ ਦਰਸਾਉਣਾ ਚਾਹੁੰਦਾ ਹੈ ਕਿ ਉਸ ਨੇ ਇਰਾਨ ਅਤੇ ਲੈਬਨਾਨ ਖਿਲਾਫ ਫੌਜੀ ਕਰਵਾਈ ਵਿੱਚ ਬੜਾ ਕੁਝ ਹਾਸਲ ਕਰ ਲਿਆ ਹੈ।
ਹਮਲੇ ਰੁਕਣ ਤੋਂ ਬਾਅਦ ਬੀਤੇ ਐਤਵਾਰ ਵਾਲੇ ਦਿਨ ਇਰਾਨ ਨੇ ਵੀ ਇਹ ਕਿਹਾ ਕਿ ਉਹ ਅਮਰੀਕਾ ਦੇ ਖਾੜੀ ਭਾਈਵਾਲਾਂ ‘ਤੇ ਹਮਲੇ ਨਹੀਂ ਕਰੇਗਾ। ਇਰਾਨ ਨੇ ਕਿਹਾ ਕਿ ਪਿਛਲੀਆਂ ਦੋ ਰਾਤਾਂ ਤੋਂ ਕਿਉਂਕਿ ਅਮਰੀਕਾ ਨੇ ਕੋਈ ਹਮਲਾ ਨਹੀਂ ਕੀਤਾ, ਇਸ ਲਈ ਉਹ ਵੀ ਅਮਰੀਕਾ ‘ਤੇ ਮੋੜਵੇਂ ਹਮਲੇ (ਰਿਟੈਲੀਏਟਰੀ ਅਟੈਕਸ) ਨਹੀਂ ਕਰੇਗਾ। ਅਮਰੀਕਨ ਮੀਡੀਆ ਵਿੱਚ ਇਸ ਕਿਸਮ ਦੀਆਂ ਖ਼ਬਰਾਂ ਵੀ ਛਪੀਆਂ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਵਿਚਲੇ ਸੀਨੀਅਰ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਅਮਰੀਕਾ ਕੋਲ ਹਥਿਆਰਾਂ ਅਤੇ ਗੋਲੀ ਸਿੱਕੇ ਦਾ ਭੰਡਾਰ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਇਸ ਤਰ੍ਹਾਂ ਇਰਾਨ ਖਿਲਾਫ ਲਗਾਤਾਰਤਾ ‘ਚ ਜੰਗ ਨਹੀਂ ਲੜੀ ਜਾ ਸਕਦੀ। ਅਮਰੀਕਾ ਦੇ ਚੋਟੀ ਦੇ ਫੌਜੀ ਕਮਾਂਡਰ ਐਡਮ ਬਰਾਡਲੇ ਕੂਪਰ ਨੇ ਉਪਰੋਕਤ ਜਾਣਕਾਰੀ ਅਮਰੀਕੀ ਸਦਰ ਨੂੰ ਦਿੱਤੀ ਹੈ। ਕੂਪਰ ਨੇ ਰਾਸ਼ਟਰਪਤੀ ਟਰੰਪ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਜਿਨ੍ਹਾਂ ਨਿਸ਼ਾਨਿਆਂ ਉਤੇ ਹਮਲਾ ਕਰਨਾ ਮਿੱਥਿਆ ਸੀ, ਉਹ ਲਿਸਟ ਪੂਰੀ ਹੋ ਗਈ ਹੈ। ਇਸ ਤੋਂ ਅੱਗੇ ਫੌਜੀ ਉਪਰੇਸ਼ਨ ਜਾਰੀ ਰੱਖਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਅਮਰੀਕਾ ਦੇ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਮਾਈਕ ਵਾਲਟਜ ਨੂੰ ਜੰਗਬੰਦੀ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਅਮਰੀਕੀ ਸਦਰ ਸਾਰੀਆਂ ਸੰਭਾਵਨਾਵਾਂ ਨੂੰ ਖੁਲਿ੍ਹਆਂ ਰੱਖ ਰਹੇ ਹਨ। ਅਮਰੀਕਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਅਮਰੀਕੀ ਫੌਜੀ ਟਿਕਾਣਿਆਂ ਅਤੇ ਸੀ.ਆਈ.ਏ. ਦੇ ਖਾੜੀ ਦੇਸ਼ਾਂ ਵਿਚਲੇ ਦਫਤਰਾਂ ‘ਤੇ ਹਮਲੇ ਕਰਨ ਲਈ ਰੂਸ ਵੱਲੋਂ ਇਰਾਨ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਉਧਰ ਯੂਕਰੇਨ ਨੇ ਕੈਪਸੀਅਨ ਸਾਗਰ ਵਿੱਚ ਇੱਕ ਇਰਾਨੀ ਟੈਂਕਰ ‘ਤੇ ਹਮਲਾ ਕਰਕੇ ਜੰਗ ਦਾ ਇੱਕ ਨਵਾਂ ਮੁਹਾਜ਼ ਖੋਲ੍ਹ ਦਿੱਤਾ ਹੈ। ਇਰਾਨ ਨੇ ਕਿਹਾ ਹੈ ਕਿ ਇਸ ਦਾ ਬਦਲਾ ਲਿਆ ਜਾਵੇਗਾ। ਇਸੇ ਤਰ੍ਹਾਂ ਯਮਨ ਦੇ ਇੱਕ ਹਿੱਸੇ ‘ਤੇ ਕਾਬਜ਼ ਹੂਥੀਆਂ ਨੇ ਇਰਾਨ ਦੀ ਹਮਾਇਤ ਵਿੱਚ ਲਾਲ ਸਾਗਰ ਦਾ ਬਾਬਲ ਮੰਦੇਬ ਲਾਂਘਾ ਵੀ ਤਕਰੀਬਨ ਬੰਦ ਕਰ ਦਿੱਤਾ ਹੈ। ਇੱਥੇ ਹੂਥੀਆਂ ਵੱਲੋਂ ਸਾਊਦੀ ਅਰਬ ਦੇ ਤੇਲ ਟੈਕਰਾਂ ‘ਤੇ ਹਮਲੇ ਕੀਤੇ ਗਏ ਹਨ। ਪ੍ਰਤੀਕਰਮ ਵਿੱਚ ਸਾਊਦੀ ਅਰਬ ਨੇ ਹੂਥੀ ਬਾਗੀਆਂ ਦੇ ਕਬਜ਼ੇ ਵਾਲੇ ਯਮਨ ‘ਤੇ ਹਵਾਈ ਹਮਲੇ ਕੀਤੇ ਹਨ। ਇਸ ਤਰ੍ਹਾਂ ਇਰਾਨ-ਅਮਰੀਕਾ ਜੰਗ ਦਾ ਘੇਰਾ ਯੂਕਰੇਨ, ਰੂਸ, ਯਮਨ, ਲੈਬਨਾਨ, ਫਲਿਸਤੀਨ ਅਤੇ ਸਾਊਦੀ ਅਰਬੀਆ ਤੱਕ ਫੈਲਦਾ ਵਿਖਾਈ ਦੇ ਰਿਹਾ।
ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਸੀਨੀਅਰ ਫੌਜੀ ਅਧਿਕਾਰੀਆਂ ਨੇ ਟਰੰਪ ਕੋਲ ਇਹ ਸ਼ੰਕਾ ਵੀ ਜ਼ਾਹਰ ਕੀਤੀ ਹੈ ਕਿ ਜੇ ਚੀਨ ਅਤੇ ਰੂਸ ਇਸ ਜੰਗ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਤੀਜੀ ਸੰਸਾਰ ਜੰਗ ਲੱਗਣ ਦੇ ਆਸਾਰ ਵੀ ਬਣ ਸਕਦੇ ਹਨ। ਪਿਛਲੇ ਦੋ ਹਫਤੇ ਦੀ ਜੰਗ ਤੋਂ ਬਾਅਦ ਓਮਾਨ ਫਿਰ ਇਰਾਨ ਵੱਲ ਖਿਸਕ ਗਿਆ ਹੈ ਅਤੇ ਸੀਨੀਅਰ ਇਰਾਨੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ। ਇਰਾਨ ਅਤੇ ਓਮਾਨ ਦੇ ਸੀਨੀਅਰ ਕੂਟਨੀਤਿਕਾਂ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਅਮਰੀਕਾ ਨਾਲ ਗੱਲਬਾਤ ਬਾਰੇ ਅਤੇ ਸਟੇਟ ਆਫ ਹੌਰਮੂਜ਼ ਵਿੱਚੋਂ ਇਕੱਤਰ ਹੋਣ ਵਾਲੇ ਟੋਲ ਦੀ ਵੰਡ ਬਾਰੇ ਗੱਲਬਾਤ ਚੱਲ ਰਹੀ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗੇਈ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਭਾਈਵਾਲ ਮੁਲਕ ਗੱਲਬਾਤ ਰਾਹੀਂ ਜੰਗ ਨੂੰ ਦੁਬਾਰਾ ਭੜਕਣ ਤੋਂ ਰੋਕਣ ਦਾ ਯਤਨ ਕਰ ਰਹੇ ਹਨ। ਜਦਕਿ ਇਰਾਨੀ ਫੌਜ ਦੇ ਬੁਲਾਰੇ ਨੇ ਇਸ ਦੌਰਾਨ ਕਿਹਾ ਕਿ ਅਮਰੀਕਾ ਕੋਲ ਕੋਈ ਸਾਫ ਰਣਨੀਤੀ ਨਹੀਂ ਹੈ; “ਅਮਰੀਕਾ ਰਣਨੀਤਿਕ ਫੈਸਲੇ ਕਰਨ ਵਿੱਚ ਥਕਾਵਟ ਮਹਿਸੂਸ ਕਰ ਰਿਹਾ ਹੈ।”
ਇਸ ਕਿਸਮ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ ਕਿ ਸ਼ੁੱਕਰਵਾਰ ਨੂੰ ਅਮਰੀਕਾ ਦੇ ਓਵਲ ਆਫਿਸ (ਦਫਤਰ) ਵਿੱਚ ਹੋਈ ਮੀਟਿੰਗ ‘ਚ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਫੌਜ ਦੀ ਸਾਂਝੀ ਕਮਾਨ ਦੇ ਚੇਅਰਮੈਨ ਡੈਨ ਕੇਨ ਨੇ ਰਾਸ਼ਟਰਪਤੀ ਟਰੰਪ ਨੂੰ ਇਰਾਨ ਖਿਲਾਫ ਫੌਜੀ ਮੁਹਿੰਮ ਜਾਰੀ ਰੱਖਣ ਵਿਰੁਧ ਸੁਚੇਤ ਕੀਤਾ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਦੱਸਿਆ ਕਿ ਸਾਡੇ ਕੋਲ ਅਸਲੇ ਅਤੇ ਗੋਲਾ ਬਾਰੂਦ ਦੀ ਥੁੜ੍ਹ ਹੈ। ਇੱਥੋਂ ਤੱਕ ਕਿ ਪੈਟਰੀਆਟ ਇੰਟਰਸੈਪਟਰ ਮਿਜ਼ਾਈਲਾਂ ਅਤੇ ਟੌਮਹੌਕ ਕਰੂਜ਼ ਮਿਜ਼ਾਈਲਾਂ ਦੀ ਵੀ ਥੁੜ੍ਹ ਹੈ। ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਇਰਾਨ ਅਤੇ ਮੱਧਪੂਰਬ ਵਿੱਚ ਅਮਰੀਕੀ ਫੌਜੀ ਮੁਹਿੰਮ ਦੀ ਲਗਾਤਾਰ ਵਿਰੋਧਤਾ ਕਰ ਰਹੇ ਹਨ।
ਇਸ ਵਿਚਕਾਰ ਨੇਤਨਯਾਹੂ ਇਰਾਨ ਖਿਲਾਫ ਸਾਂਝੀ ਜੰਗ ਜਾਰੀ ਰੱਖਣ ਲਈ ਟਰੰਪ ਨੂੰ ਪਰੇਰ ਰਿਹਾ ਹੈ। ਇਸ ਮਕਸਦ ਲਈ ਉਸ ਵੱਲੋਂ ਅਮਰੀਕੀ ਯਹੂਦੀ ਲੌਬੀ ਨੂੰ ਵਰਤਿਆ ਜਾ ਰਿਹਾ ਹੈ, ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ, “ਮੇਰੇ ਖਿਆਲ ਵਿੱਚ ਜਿਵੇਂ-ਜਿਵੇਂ ਦਿਨ ਲੰਘ ਰਹੇ ਹਨ (ਭਾਵ ਕੁੱਟ ਪੈ ਰਹੀ), ਉਹ (ਇਰਾਨੀ) ਜ਼ਿਆਦਾ ਗੰਭੀਰ ਹੋ ਰਹੇ ਹਨ। ਅਸੀਂ ਹਮਲੇ ਲਈ ਤਿਆਰ-ਬਰ-ਤਿਆਰ (ਲੌਕਡ ਐਂਡ ਲੋਡਿਡ) ਹਾਂ, ਪਰ ਮੈਂ ਉਨ੍ਹਾਂ ਨੂੰ ਸੁਣਨਾ ਚਾਹੁੰਦਾ ਹਾਂ।” ਇਸ ਦਰਮਿਆਨ ਇਹ ਖ਼ਬਰ ਇਰਾਨ ਲਈ ਚਿੰਤਾਜਨਕ ਹੈ, ਜਿਸ ਵਿੱਚ ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਾਹਮ ਨੇ ਕਿਹਾ ਹੈ ਕਿ ਹੌਰਮੂਜ਼ ਵਿੱਚ ਸੁਰੱਖਿਆ ਮੁਫਤ ਲਾਂਘਾ ਕਾਇਮ ਰੱਖਣ ਅਤੇ ਮਾਈਨਾਂ ਹਟਾਉਣ ਲਈ ਅਮਰੀਕਾ ਨਾਲ ਮਿਲ ਕੇ ਇਸ ਹਫਤੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜਾਵੇਗੀ। ਉਂਝ ਇੰਗਲੈਂਡ ਨੇ ਇਰਾਨ ‘ਤੇ ਹਮਲੇ ਲਈ ਆਪਣੇ ਹਵਾਈ ਟਿਕਾਣੇ ਵਰਤਣ ਤੋਂ ਅਮਰੀਕਾ ਨੂੰ ਜਵਾਬ ਦੇ ਦਿੱਤਾ ਹੈ।
