*ਪੰਜਾਬ ਤੇ ਪੰਜਾਬੀ ਬੋਲੀ ਪ੍ਰਤੀ ਉਮਦਾ ਤਕਰੀਰਾਂ
*ਮੁਸ਼ਾਇਰੇ ਵਿੱਚ ਦੋਹਾਂ ਪੰਜਾਬਾਂ ਦੀ ਸ਼ਾਇਰੀ ਪੇਸ਼
*ਬੱਚਿਆਂ ਦੀਆਂ ਕਵਿਤਾਵਾਂ ਨੇ ਸਭ ਦਾ ਮਨ ਮੋਹਿਆ
ਕੁਲਜੀਤ ਸਿੰਘ
ਸ਼ਿਕਾਗੋ: ਮਿੱਡਵੈਸਟ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਮਾਂ ਬੋਲੀ, ਸੱਭਿਆਚਾਰਕ ਹੋਂਦ ਅਤੇ ਵਿਰਸੇ ਨੂੰ ਜਿਉਂਦਾ ਰੱਖਣ ਲਈ ਸ਼ਿਕਾਗੋ ਵਿੱਚ ‘ਪੰਜਾਬੀ ਸਾਹਿਤ ਦਾ ਸਤਿਕਾਰ’ ਤਹਿਤ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਮਨੋਰਥ ਵਿਦੇਸ਼ਾਂ ਵਿੱਚ ਜੰਮੇ-ਪਲੇ ਛੋਟੇ ਬੱਚਿਆਂ ਨੂੰ ਮਾਂ ਬੋਲੀ, ਗੁਰਮੁਖੀ ਲਿਪੀ, ਸਾਹਿਤ ਅਤੇ ਆਪਣੀ ਵਿਰਾਸਤ ਨਾਲ ਜੋੜਨਾ ਵੀ ਸੀ। ਡਿਜੀਟਲ ਯੁਗ ਵਿੱਚ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨਾ ਸਰਹੱਦਾਂ ਤੋਂ ਪਾਰ ਸਾਡੀਆਂ ਜੜ੍ਹਾਂ ਅਤੇ ਵਿਰਸੇ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੈ। ਸਮਾਗਮ ਵਿੱਚ ਹੋਏ ਮੁਸ਼ਾਇਰੇ ਦੌਰਾਨ ਦੋਹਾਂ ਪੰਜਾਬਾਂ ਦੀ ਸ਼ਾਇਰੀ ਤਾਂ ਪੇਸ਼ ਹੋਈ ਹੀ, ਬੱਚਿਆਂ ਦੀਆਂ ਕਵਿਤਾਵਾਂ ਨੇ ਵੀ ਸਭ ਦਾ ਮਨ ਮੋਹਿਆ। ਪੰਜਾਬ ਤੇ ਪੰਜਾਬੀ ਬੋਲੀ ਪ੍ਰਤੀ ਕੋਸ਼ਿਸ਼ਾਂ ਨੂੰ ਅਮਲ ਵਿੱਚ ਲਿਆਉਣ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ।
ਸ਼ਿਕਾਗੋ ਵਿੱਚ ਮਾਂ ਬੋਲੀ ਦਿਹਾੜਾ ਮਨਾਏ ਜਾਣ ਦੀ ਪਿਰਤ ਭਾਰਤੀ ਕੌਂਸਲਖਾਨੇ ਵਿੱਚ ਬੌਤਰ ਕੌਂਸਲ ਸੇਵਾ ਨਿਭਾਉਂਦੇ ਰਹੇ ਸ. ਰਣਜੀਤ ਸਿੰਘ ਨੇ ਸਥਾਨਕ ਕੁਝ ਸ਼ਖਸੀਅਤਾਂ ਨਾਲ ਮਿਲ ਕੇ ਪਾਈ ਸੀ। ਸਮਾਗਮ ਦੌਰਾਨ ਸ. ਰਣਜੀਤ ਸਿੰਘ ਦੇ ਇਸ ਮਾਣਯੋਗ ਕਾਰਜ ਨੂੰ ਯਾਦ ਕਰਦਿਆਂ ਉਨ੍ਹਾਂ ਪ੍ਰਤੀ ਸਤਿਕਾਰ ਪ੍ਰਗਟਾਇਆ ਗਿਆ। ਲੰਘੇ ਐਤਵਾਰ, 26 ਜੁਲਾਈ ਨੂੰ ਕਰਵਾਇਆ ਗਿਆ ਮਾਂ ਬੋਲੀ ਦਿਹਾੜੇ ਸਬੰਧੀ ਇਹ ਛੇਵਾਂ ਸਾਲਾਨਾ ਸਮਾਗਮ ਸੀ। ਭਾਵੇਂ ਦੇਰ ਨਾਲ ਹੀ ਸਹੀ, ਪਰ ਇਹ ਸਮਾਗਮ ਕਰਵਾ ਕੇ ਮਾਤ ਭਾਸæਾ ਪ੍ਰਤੀ ਆਪਣੇ ਲਗਾਓ ਦਾ ਇਜæਹਾਰ ਕੀਤਾ ਗਿਆ ਹੈ।
ਸਮਾਗਮ ਦਾ ਅਹਿਮ ਹਿੱਸਾ ਪ੍ਰਬੁੱਧ ਨਾਟਕਕਾਰ ਡਾ. ਆਤਮਜੀਤ ਸਿੰਘ ਵੱਲੋਂ ਦਿੱਤੀ ਗਈ ਤਕਰੀਰ ਸੀ। ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਦੁਨੀਆਂ ਵਿੱਚ ਲਗਪਗ ਸੱਤ ਹਜ਼ਾਰ ਬੋਲੀਆਂ ਹਨ, ਮਾਣ ਵਾਲੀ ਗੱਲ ਹੈ ਕਿ ਪੰਜਾਬੀ ਦਾ ਰੈਂਕ ਦਸਵਾਂ ਜਾਂ ਗਿਆਰਵਾਂ ਹੈ। ਭਾਰਤ ਵਿੱਚ 22 ਕੁ ਭਾਸ਼ਾਵਾਂ ਹਨ, ਪਰ ਖੇਤਰੀ ਭਾਸ਼ਾਵਾਂ ਸਮੇਤ ਕੁਲ ਗਿਣਤੀ ਢਾਈ ਕੁ ਹਜ਼ਾਰ ਹੈ; ਉਥੇ ਵੀ ਪੰਜਾਬੀ ਭਾਸ਼ਾ ਚੌਥੇ ਨੰਬਰ ‘ਤੇ ਹੈ। ਉਨ੍ਹਾਂ ਪੁਸਤਕ ‘ਪੰਜਾਬੀ ਬੋਲੀ: ਰਮਜ਼ਾਂ, ਰੁਕਾਵਟਾਂ ਤੇ ਰਾਹ’ ਦਾ ਵੀ ਜ਼ਿਕਰ ਕੀਤਾ।
ਡਾ. ਆਤਮਜੀਤ ਸਿੰਘ ਨੇ ਕਿਹਾ ਕਿ ‘ਸਾਡੀ ਬੋਲੀ ਸਾਡੇ ਬੱਚਿਆਂ ਤੱਕ ਜਾਏਗੀ ਕਿ ਨਹੀਂ?’ ਸਾਨੂੰ ਸਭ ਨੂੰ ਇਹ ਚਿੰਤਾ ਹੈ। ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਉਨ੍ਹਾਂ ਗੁਰੂਘਰਾਂ ਦੀ ਭਾਗੀਦਾਰੀ ਨੂੰ ਸਲਾਮ ਕੀਤਾ, ਪਰ ਨਾਲ ਹੀ ਕਿਹਾ ਕਿ ਇੰਨਾ ਹੀ ਬਹੁਤ ਨਹੀਂ! ਕਿਉਂਕਿ ਬੱਚਿਆਂ ਨੂੰ ਗੁਰੂਘਰਾਂ ਵਿੱਚ ਸਿਰਫ ਗੁਰਬਾਣੀ ਬਾਰੇ ਦੱਸ ਸਕਦੇ ਹਾਂ, ‘ਹੀਰ-ਰਾਂਝੇ’ ਬਾਰੇ ਨਹੀਂ। ਬੱਚਿਆਂ ਨੂੰ ਪੱਛਮੀ ਮੁਲਕਾਂ ਵਿੱਚ ਵਿਰਾਸਤੀ ਭਾਸ਼ਾ ਕਿਵੇਂ ਸਿਖਾਈ ਜਾਵੇ? ਇਸ ਸਭ ਬਾਰੇ ਯਤਨ ਕੀਤੇ ਜਾਣ ਦੀ ਲੋੜ ਹੈ। ਜੰਤਰ-ਮੰਤਰ ਦਿੱਲੀ ਦੇ ਪ੍ਰਦਰਸ਼ਨ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਭਾਸ਼ਾ ਬਹੁਤ ਭੈੜਾ (ਸਕਾਰਾਤਮਕ ਲਹਿਜੇ ਵਿੱਚ) ਹਥਿਆਰ ਹੈ; ਬੋਲੀ ਦੇ ਇੱਕ ਛੋਟੇ ਜਿਹੇ ਸ਼ਬਦ ‘ਕਾਕਰੋਚ’ ਨੇ ਸਾਰੇ ਹਿੰਦੋਸਤਾਨ ਨੂੰ ਵਖ਼ਤ ਪਾ ਦਿੱਤਾ। ਇਹੋ ਹੈ ਬੋਲੀ ਦੀ ਮਹੱਤਤਾ!
ਉਨ੍ਹਾਂ ਵਿਰਾਸਤੀ ਭਾਸ਼ਾ ਸਿਖਾਉਣ ਦੀਆਂ ਦਿੱਕਤਾਂ ਉਤੇ ਵੀ ਵਿਚਾਰ ਪੇਸ਼ ਕੀਤੇ ਅਤੇ ਸੁਨੇਹਾ ਦਿੱਤਾ ਕਿ ਬੱਚਿਆਂ ਨੂੰ ਕਿਸੇ ਦੂਜੀ ਬੋਲੀ ਤੋਂ ਮਹਿਰੂਮ ਨਾ ਹੋਣ ਦੇਣਾ; ਕਿਉਂਕਿ ਪ੍ਰੋ. ਵਾਇਓਰਕਾ ਦੀ ਖੋਜ ਰਿਪੋਰਟ ਕਹਿੰਦੀ ਹੈ ਕਿ ਜਿਸ ਨੂੰ ਜਿੰਨੀਆਂ ਜ਼ਿਆਦਾ ਬੋਲੀਆਂ ਆਉਂਦੀਆਂ ਹਨ, ਓਨਾ ਹੀ ਡਾਇਮੈਨਸ਼ੀਆ ਤੇ ਅਲਜ਼ਾਈਮਰ ਦਾ ਡਰ ਘੱਟ ਹੈ। ਅਖੀਰ ਵਿੱਚ ਉਨ੍ਹਾਂ 1947 ਦੀ ਵੰਡ ‘ਤੇ ਆਧਾਰਤ ਆਪਣੇ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦੇ ਕੋਰਸ ਦੀਆਂ ਕੁਝ ਸਤਰਾਂ ਵੀ ਸੁਣਾਈਆਂ:
ਰੁੱਖ ਤਾਂ ਸਾਂਝੇ ਸਿਰ ‘ਤੇ ਯਾਰੋ,
ਪਰ ਕਿੱਥੇ ਹੈ ਉਸ ਦੀ ਛਾਂ
ਇਨਸਾਨਾਂ ਦੇ ਨਾਮ ਗੁਆਚੇ,
ਰਿਸ਼ਤਿਆਂ ਦਾ ਕੀ ਰੱਖੀਏ ਨਾਂ।
ਇਸ ਮੌਕੇ ਡਾ. ਆਤਮਜੀਤ ਸਿੰਘ ਤੇ ਪ੍ਰੋ. ਗੁਰਭਜਨ ਗਿੱਲ ਵੱਲੋਂ ਸੰਪਾਦਿਤ ਅਤੇ ਗਜ਼ਲਗੋ ਕਸ਼ਿਸ਼ ਹੁਸ਼ਿਆਰਪੁਰੀ ਦੀਆਂ ਕਿਤਾਬਾਂ ਵੀ ਲੋਕ-ਅਰਪਿਤ ਕੀਤੀਆਂ ਗਈਆਂ। ਸ਼ਾਇਰ/ਲੇਖਕ ਰਵਿੰਦਰ ਸਹਿਰਾਅ ਨੇ ਇਨ੍ਹਾਂ ਕਿਤਾਬਾਂ ਬਾਰੇ ਦੱਸਦਿਆਂ ਕਿਹਾ, ਸਾਨੂੰ ਇਹ ਕਲਚਰ ਪੈਦਾ ਕਰਨ ਦੀ ਲੋੜ ਹੈ ਕਿ ਜਿਹੜੇ ਬਾਹਰ ਵੱਸਦੇ ਪੰਜਾਬੀ ਲਿਖਦੇ ਹਨ, ਉਨ੍ਹਾਂ ਦੀ ਕਿਤਾਬ ਆਉਣ ‘ਤੇ ਲੋਹੜੀ ਦੀ ਤਰ੍ਹਾਂ ਖੁਸ਼ੀਆਂ ਮਨਾਈਏ; ਕਿਉਂਜੋ ਇਹ ਲਿਖਾਰੀ ਹੀ ਨੇ ਜੋ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ। ਮਾਂ ਬੋਲੀ ਦੇ ਸੰਦਰਭ ਵਿੱਚ ਉਨ੍ਹਾਂ ਰਸੂਲ ਹਮਜਾਤੋਵ ਦਾ ਹਵਾਲਾ ਦਿੱਤਾ ਕਿ ਉਸ ਨੇ ਕਿਹਾ ਸੀ ਜੇ ਮੇਰੀ ਬੋਲੀ ਕੱਲ੍ਹ ਨੂੰ ਮਰਨੀ ਹੈ, ਤਾਂ ਰੱਬਾ ਮੈਨੂੰ ਅੱਜ ਹੀ ਮੌਤ ਦੇ ਦੇਹ। ਹਮਜਾਤੋਵ ਨੇ ਕਿਹਾ ਸੀ ਕਿ ਜਿਸ ਕੌਮ ਦੀ ਭਾਸ਼ਾ ਮਰ ਜਾਵੇ, ਉਹ ਜੜ੍ਹਾਂ ਤੋਂ ਟੁੱਟੇ ਇੱਕ ਰੁੱਖ ਵਾਂਗ ਹੈ। ਉਨ੍ਹਾਂ ਲੇਖਕ ਵਰਿਆਮ ਸਿੰਘ ਸੰਧੂ ਦੀ ਪਤਨੀ ਰਾਜਵੰਤ ਕੌਰ ਸੰਧੂ ਦੇ ਸਫਰਨਾਮੇ ‘ਮੇਰੇ ਪਿਤਾ ਦੀ ਕੁਰਸੀ’ ਦਾ ਜ਼ਿਕਰ ਵੀ ਕੀਤਾ।
ਸਮਾਗਮ ਦੇ ਚੀਫ ਕੋਆਰਡੀਨੇਟਰ ਡਾ. ਹਰਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪਿਛਲੇ ਛੇ ਸਾਲ ਤੋਂ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ। ਅਗਲੇ ਸਾਲ ਇਸ ਦਿਹਾੜੇ ਨੂੰ ਆਲਮੀ ਜਾਂ ਰਾਸ਼ਟਰੀ ਪੱਧਰ ‘ਤੇ ਮਨਾਇਆ ਜਾਵੇਗਾ, ਜਿਸ ਲਈ ਸਰਪ੍ਰਸਤ ਸ. ਦਰਸ਼ਨ ਸਿੰਘ ਧਾਲੀਵਾਲ ਵੱਲੋਂ ਵੀ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗ਼ੈਰ-ਸਿਆਸੀ, ਗ਼ੈਰ-ਮੁਲਕੀ ਤੇ ਗ਼ੈਰ-ਮਜ਼੍ਹਬੀ ਰੱਖਿਆ ਹੈ; ਤਾਂ ਕਿ ਹਰ ਖਿੱਤੇ ਵਿੱਚ ਵੱਸਦਾ ਪੰਜਾਬੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕੇ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਜਿੱਥੇ ਸਾਹਿਤਕਾਰਾਂ/ਕਵੀਆਂ ਨੂੰ ਰੂਬਰੂ ਕਰਦੇ ਹਾਂ, ਉਥੇ ਕੋਸ਼ਿਸ਼ ਕਰਦੇ ਹਾਂ ਕਿ ਨਵੀਂ ਪੀੜੀ ਤੇ ਨੌਜਵਾਨ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ। ‘ਪੰਜਾਬੀ ਸਾਹਿਤ ਦਾ ਸਤਿਕਾਰ’ ਉਤੇ ਅਮਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਾਹਿਤਕ ਪ੍ਰੋਗਰਾਮ ਦਾ ਮੰਚ ਸੰਚਾਲਨ ਕਰਦਿਆਂ ਕੋਆਰਡੀਨੇਟਰ ਰਾਜ ਲਾਲੀ ਬਟਾਲਾ ਨੇ ਕਿਹਾ ਕਿ ਇੱਥੇ ਬੱਚੇ ਹਾਈ ਸਕੂਲਾਂ ਵਿੱਚ ਪੜ੍ਹਦਿਆਂ ਵੀ ਪੰਜਾਬੀ ਦੀ ਗੱਲ ਕਰਦੇ ਹਨ। ਕਵਿਤਰੀ ਰਾਕਿੰਦ ਕੌਰ ਨੇ ਪ੍ਰੋਗਰਾਮ ਵਿੱਚ ਸ਼ਾਮਲ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਉਚੇਚਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਦੋਂ ਅਸੀਂ ਇਕੱਠੇ ਹੋ ਕੇ ਮਾਂ ਬੋਲੀ ਲਈ ਵਿਚਾਰਦੇ ਹਾਂ, ਤਾਂ ਉਹੀ ਇਨਕਲਾਬ ਹੁੰਦਾ ਹੈ।
ਸਮਾਗਮ ਦੀ ਇੱਕ ਪ੍ਰਬੰਧਕ ਬੀਬੀ ਕਮਲੇਸ਼ ਕਪੂਰ ਨੇ ਕੌਂਸਲ ਰਣਜੀਤ ਸਿੰਘ ਨੂੰ ਯਾਦ ਕਰਦਿਆਂ ਕਾਮਨਾ ਕੀਤੀ ਕਿ ਸਾਡੀ ਪੰਜਾਬੀ ਬੋਲੀ ਵਧੇ-ਫੁਲੇ ਅਤੇ ਕਦੇ ਨਾ ਭੁੱਲੇ; ਕਿਉਂਕਿ ਪੰਜਾਬੀ ਬੋਲੀ ਦੇ ਇੱਕ ਇੱਕ ਸ਼ਬਦ ਦਾ ਆਪਣਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਇੱਥੇ ਰਹਿੰਦਿਆਂ ਅਸੀਂ ਹੋਰ ਭਾਸ਼ਾਵਾਂ ਦੇ ਗਾਣੇ ਵੀ ਸੁਣਦੇ ਹਾਂ, ਪਰ ਅਨੰਦ ਪੰਜਾਬੀ ਗੀਤ ਸੁਣ ਕੇ ਹੀ ਆਉਂਦਾ ਹੈ। ਉਨ੍ਹਾਂ ਉਨ੍ਹਾਂ ਸ਼ਬਦ ‘ਛੱਲੇ’ ਨਾਲ ਇੱਕ ਵਾਰਤਾ ਵੀ ਸੁਣਾਈ।
ਇਸ ਮੌਕੇ ਮਨਦੀਪ ਕੁਮਾਰ ਦੀ ਬੇਟੀ ਮਤਾਲਿਆ ਨੇ ਆਪਣੀ ਪੰਜਾਬੀ ਫੇਰੀ ਬਾਰੇ ਅਨੁਭਵ ਸਾਂਝੇ ਕੀਤੇ ਕਿ ਸੁਣੀਆਂ-ਸੁਣਾਈਆਂ ਗੱਲਾਂ ਅਤੇ ਹਕੀਕਤ ਵਿੱਚ ਵੱਡਾ ਫਰਕ ਦੇਖਿਆ। ਉਸ ਕਿਹਾ ਕਿ ਮੇਰੇ ਮਨ ਵਿੱਚ ਪੰਜਾਬ ਬਾਰੇ ਇੱਕ ਤਸਵੀਰ ਬਣੀ ਹੋਈ ਸੀ ਕਿ ਖੱਲ੍ਹੇ ਸਰੋਂ ਦੇ ਖੇਤ, ਸਾਫ ਸੁਥਰੀ ਹਵਾ ਤੇ ਪਿੰਡਾਂ ਦਾ ਸ਼ਾਂਤ ਮਾਹੌਲ ਹੋਵੇਗਾ।…ਉਸ ਕਿਹਾ ਕਿ ਅਮੈਰਿਕਨ ਲੋਕਾਂ ਦੇ ਉਲਟ ਪੰਜਾਬ ਦੇ ਲੋਕਾਂ ਵਿੱਚ ਮਹਿਮਾਨਨਿਵਾਜ਼ੀ ਦਾ ਚਾਅ ਹੈ; ਪਰ ਕਈ ਗੱਲਾਂ ਨੇ ਹੈਰਾਨ ਵੀ ਕੀਤਾ। ਪਾਣੀ ਡੂੰਘਾ ਹੋ ਜਾਣ ਕਰਕੇ ਨਲਕੇ ਨਹੀਂ ਰਹੇ। ਰਵਾਇਤੀ ਖਾਣੇ ਨਾਲੋਂ ਹਰ ਗਲੀ-ਮੋੜ ‘ਤੇ ਬਰਗਰ, ਪੀਜ਼ਾ, ਨੂਡਲਜ਼, ਫਾਸਟ-ਫੂਡ ਦੀਆਂ ਰੇਹੜੀਆਂ ਹਨ। ਪੰਜਾਬ ਵਿੱਚ ਰਹਿਣ ਵਾਲੇ ਬੱਚੇ ਆਪਣੀ ਮਾਂ ਬੋਲੀ ਤੋਂ ਦੂਰ ਜਾ ਰਹੇ ਹਨ। ਘਰਾਂ ਵਿੱਚੋਂ ਮਾਂ ਬੋਲੀ ਗਾਇਬ ਹੋ ਰਹੀ ਹੈ। ਮਤਾਲਿਆ ਨੇ ਕਿਹਾ ਕਿ ਸਾਡੇ ਅਮੀਰ ਸੱਭਿਆਚਾਰ, ਸਾਡੀ ਮਾਂ ਬੋਲੀ ਨੂੰ ਸੰਭਾਲਣ ਦੀ ਅੱਜ ਸਖ਼ਤ ਲੋੜ ਹੈ; ਪਰ ਪੰਜਾਬੀਆਂ ਦੇ ਮਨਾਂ ਵਿੱਚ ਵੱਸਦੀ ਮਹਿਮਾਨਨਿਵਾਜ਼ੀ, ਚੜ੍ਹਦੀ ਕਲਾ ਦੀ ਭਾਵਨਾ ਅਤੇ ਆਪਸੀ ਭਾਈਚਾਰਾ ਅੱਜ ਵੀ ਜਿਉਂਦਾ ਹੈ।
ਇਸ ਮੌਕੇ ਗੁਰਦੁਆਰਾ ਕਰਾਊਂਨ ਪੁਆਇੰਟ ਦੇ ਪੰਜਾਬੀ ਸਕੂਲ ਦੇ ਵਿਦਿਆਰਥੀਆਂ- ਸੰਜੋਗ ਸਿੰਘ ਨੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਕਵਿਤਾ ‘ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ’ ਤੇ ਸੰਜਮ ਕੌਰ ਨੇ ਰਵਿੰਦਰ ਸਹਿਰਾਅ ਦੀ ਕਵਿਤਾ ‘ਮੇਰੀ ਬੋਲੀ ਹੈ ਪੰਜਾਬੀ’ ਪੇਸ਼ ਕੀਤੀ; ਜਦਕਿ ਗੁਰਸਿਫਤ ਕੌਰ ਨੇ ਪ੍ਰਸਿੱਧ ਗੀਤਕਾਰ ਰਾਜ ਕਾਕੜੇ ਦੀ ਲਿਖੀ ਰਚਨਾ ‘ਮਾਂ ਬੋਲੀ ਨੂੰ ਸਰਵਣ ਪੁੱਤਰਾਂ ਦੀ ਲੋੜ’ ਤਰੰਨਮ ਵਿੱਚ ਗਾ ਕੇ ਸੁਣਾਈ। ਅਜੂਨੀ ਕੌਰ ਨੇ ਆਪਣੇ ਪਿਤਾ ਕੁਲਜੀਤ ਸਿੰਘ ਦੀ ਗਜ਼ਲ ‘ਪੰਜਾਬੀ’ ਅਤੇ ਅਸੀਸ ਕੌਰ ਨੇ ਆਪਣੀ ਮਾਂ ਅਨੁਰੀਤ ਕੌਰ ਦੀਆਂ ਦੋ ਕਵਿਤਾਵਾਂ- ‘ਬੋਲੀ ਜੁਗ ਜੁਗ ਜੀਵੇ’ ਤੇ ‘ਵੱਡੀ ਭੁੱਲ’ ਸੁਣਾਈਆਂ।
ਇਹ ਕਹਿਣਾ ਮਾਇਨੇ ਰੱਖਦਾ ਹੈ ਕਿ ਗੁਲਾਮ ਮੁਸਤਫ਼ਾ ਅੰਜੁਮ ਦਾ ਕਲਾਮ ਪੜ੍ਹਨ ਦਾ ਵੱਖਰਾ ਅੰਦਾਜ਼ ਹੈ। ਉਨ੍ਹਾਂ ‘ਦਿਲ ਤਾਂ ਕਰਦੈ ਲਕੀਰ ਢਾਹ ਦੇਵਾਂ, ਸਾਰੇ ਵਿਛੜੇ ਹੋਏ ਮਿਲਾ ਦੇਵਾਂ’ ਅਤੇ ਇੱਕ ਗਜ਼ਲ ਦੇ ਸ਼ੇਅਰ ‘ਜੇ ਚੋਰ ਜਾਗੇ ਤਾਂ ਕੋਈ ਗੱਲ ਨਹੀਂ, ਜੇ ਸਾਧ ਸੌਂ ਗਏ ਤਾਂ ਸ਼ੋਰ ਪਾਓ’ ਤੇ ਫਿਰ ‘ਪੱਤਣਾਂ ਵੱਲੇ ਖੋਲ੍ਹ ਕੇ ਬਾਰੀ ਬੈਠੀਂ ਹਾਂ’ ਸੁਣਾ ਕੇ ਵਾਹ-ਵਾਹ ਖੱਟੀ। ਇਸੇ ਤਰ੍ਹਾਂ ਕਸ਼ਿਸ਼ ਹੁਸ਼ਿਆਰਪੁਰੀ ਨੇ ਬਹੁਤ ਹੀ ਉਮਦਾ ਤੇ ਗੰਭੀਰ ਤਾਸੀਰ ਵਾਲੀ ਨਜ਼ਮ ‘ਸੱਤਾ ਖੋਹ ਲਵੋ ਇਸ ਦੌਰ ਦੇ ਅਬਦਾਲੀਆਂ ਕੋਲੋਂ, ਇਹ ਗੁਲਸ਼ਨ ਸਾਂਭਿਆ ਜਾਣਾ ਨਹੀਂ ਹੁਣ ਮਾਲੀਆਂ ਕੋਲੋਂ’ ਸੁਣਾ ਕੇ ਤਾੜੀਆਂ ਬਟੋਰੀਆਂ। ਉਨ੍ਹਾਂ ‘ਜਿੱਤਦੇ ਜਿੱਤਦੇ ਬਾਜ਼ੀ ਹਾਰ ਗਏ’ ਸਮੇਤ ਹੋਰ ਰਚਨਾਵਾਂ ਵੀ ਸੁਣਾਈਆਂ।
ਵੈਨਕੂਵਰ (ਕੈਨੇਡਾ) ਤੋਂ ਆਏ ਗੈਸਟ ਆਫ ਆਨਰਜ਼ ਦਸ਼ਮੇਸ਼ ਗਿੱਲ ਫ਼ਿਰੋਜ਼ ਨੇ ਕੁਝ ਸ਼ੇਅਰ ਸੁਣਾਏ- ‘ਹਵਾ ਦਾ ਰਾਜ ਹੈ, ਦੀਵੇ ਜਗਾਉਣੇ ਬਹੁਤ ਔਖੇ ਨੇ’; ‘ਦਿਲ `ਤੇ ਮਿੱਟੀ, ਰੂਹ `ਤੇ ਜਾਲੇ’; ‘ਆਪਾਂ ਗੱਲ ਮੁਕਾ ਕੇ ਪਾਸੇ ਹੋ ਜਾਣਾ’ ਆਦਿ ਸੁਣਾ ਕੇ ਤਾਰੀਫ ਬਟੋਰੀ। ਬਦਰ ਇਸਲਾਮ ਨੇ ਆਪਣੀਆਂ ਰਚਨਾਵਾਂ- ‘ਸਾਡਾ ਮਸਲਾ ਤਾਂ ਦੋ ਟਾਇਮ ਦੀ ਰੋਟੀ ਏ’, ‘ਸੱਜਣਾਂ ਆ ਪੰਜਾਬ ਨੂੰ ਜੋੜ ਲਈਏ’ ਅਤੇ ‘ਦੱਸ ਜਾ ਸਟੇਸ਼ਨ ਦਿਆ ਮਾਸਟਰਾ’ ਪੇਸ਼ ਕੀਤੀਆਂ। ਅੰਮ੍ਰਿਤ ਕੌਰ ਨੇ ਸ਼ੇਅਰ ਪੜ੍ਹਿਆ ਅਤੇ ਇੱਕ ਕਵਿਤਾ ਸੁਣਾਈ।
ਕਵਿੱਤਰੀ ਰਾਕਿੰਦ ਕੌਰ ਨੇ ਆਪਣਾ ਤਾਜ਼ਾ ਕਲਾਮ ‘ਬਗਾਵਤ’ ਪੇਸ਼ ਕੀਤਾ, ਜਿਸ ਦੀਆਂ ਕੁਝ ਸਤਰਾਂ ਇਉਂ ਸਨ:
ਕਲਮ ਨੇ ਬਗਾਵਤ ਕੀਤੀ, ਮੈਂ ਕਸੀਦਾ ਨਹੀਂ ਲਿਖਣਾ
ਸਿਆਹੀ ਨੇ ਬਗਾਵਤ ਕੀਤੀ, ਮੈਂ ਸੱਚ ਨੂੰ ਝੂਠ ਨਹੀਂ ਲਿਖਣਾ
ਅਖ਼ਬਾਰਾਂ ਨੇ ਬਗਾਵਤ ਕੀਤੀ, ਮੈਂ ਸਿਰਫ ਤੇਰੇ ਦਿੱਤੇ ਬਿਆਨ ਨਹੀਂ ਛਾਪਣੇ
ਮੈਂ ਅੱਖੀਂ ਡਿੱਠਾ, ਕੰਨੀਂ ਸੁਣਿਆ ਹਾਲ ਲਿਖਾਂਗੀ
ਸਾਹਿਤ ਨੇ ਬਗਾਵਤ ਕੀਤੀ, ਮੈਂ ਆਪਣਾ ਮਿਆਰ ਨਹੀਂ ਡੇਗਣਾ…।
ਉਪਰੰਤ ਸ਼ਾਇਰ ਰਵਿੰਦਰ ਸਹਿਰਾਅ ਨੇ ਕਿਹਾ ਕਿ ਕਵਿਤਾ ਜਾਂ ਗਜ਼ਲ ਸਿਰਫ ਮਨੋਰੰਜਨ ਵਾਸਤੇ ਨਹੀਂ ਹੁੰਦੀ; ਕੋਈ ਲਿਖਤ ਜੇ ਸਮਾਜਿਕ ਮੁੱਦਿਆਂ ਨੂੰ ਪੇਸ਼ ਨਹੀਂ ਕਰਦੀ ਤਾਂ ਉਹ ਖੋਖਲੀ ਹੁੰਦੀ ਹੈ। ਉਨ੍ਹਾਂ ਸ਼ਾਇਰ ਡਾ. ਜਗਤਾਰ ਸਮੇਤ ਕੁਝ ਹੋਰ ਸ਼ਾਇਰਾਂ ਦੀਆਂ ਸਤਰਾਂ ਵੀ ਸਾਂਝੀਆਂ ਕੀਤੀਆਂ। ਸ. ਸਹਿਰਾਅ ਨੇ ਕਿਹਾ ਕਿ ਜੇ ਅਸੀਂ ਇੱਥੇ ਜੰਮੇ-ਪਲੇ ਪੰਜਾਬੀ ਬੱਚਿਆਂ ਨੂੰ ਆਪਣੀਆਂ ਜੜ੍ਹਾਂ, ਆਪਣੇ ਸਾਹਿਤ ਨਾਲ ਨਹੀਂ ਜੋੜਾਂਗੇ ਤਾਂ ਉਨ੍ਹਾਂ ਦਾ ਘੇਰਾ ਬਹੁਤ ਸੀਮਤ ਹੋ ਜਾਵੇਗਾ। ਪੰਜਾਬੀ ਸਕੂਲਾਂ ਵਿੱਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਜ਼ਰੂਰੀ ਹੈ, ਪਰ ਇੱਥੋਂ ਦੇ ਤੇ ਆਪਣੇ ਸਾਹਿਤ ਨਾਲ ਜੋੜਨਾ ਵੀ ਬੜਾ ਜ਼ਰੂਰੀ ਹੈ। ਬਾਅਦ ਵਿੱਚ ਸ. ਸਹਿਰਾਅ ਨੇ ਕਿਹਾ ਕਿ ਵੱਖ ਵੱਖ ਸੰਸਥਾਵਾਂ ਵੱਲੋਂ ਪ੍ਰੋਗਰਾਮ ਕਰਨ ਦਾ ਮਕਸਦ ਇਹੋ ਹੈ ਕਿ ਆਪਣੀ ਮਾਂ ਬੋਲੀ ਨੂੰ ਜਿੰਦਾ ਰੱਖੀਏ। ਫਿਰ ਉਨ੍ਹਾਂ ਕਵਿਤਾ ‘ਕਿਹੜੀ ਸ਼ੈਅ ਹੈ ਸਭ ਤੋਂ ਪਿਆਰੀ’ ਸੁਣਾਈ।
ਠਾਕਰ ਸਿੰਘ ਬਸਾਤੀ ਨੇ ਹੜੱਪਾ ਦੀ ਖੋਜ ਦੇ ਵੇਰਵੇ ਨਾਲ ਦੱਸਿਆ ਕਿ ਪੰਜਾਬੀ ਬੋਲੀ 8 ਹਜ਼ਾਰ ਸਾਲ ਪੁਰਾਣੀ ਹੈ। ਇਹ ਕਿਸੇ ਹੱਦ, ਕਿਸੇ ਕੌਮ ਦੀ ਬੋਲੀ ਨਹੀਂ; ਇਹ ਪੰਜਾਬੀ ਬੋਲਣ ਵਾਲੇ ਸਭ ਪੰਜਾਬੀਆਂ ਦੀ ਬੋਲੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀ ਦੀ ਖਾਸੀਅਤ ਹੀ ਹੈ ਕਿ ਥੋੜ੍ਹੀ ਜਿਹੀ ਤਬਦੀਲੀ ਨਾਲ ਇੱਕ ਅੱਖਰ ਦਾ ਮਤਲਬ ਹੀ ਬਦਲ ਜਾਂਦਾ ਹੈ; ਮਿਸਾਲ ਵਜੋਂ- ਦਰਕਾਰ ਤੇ ਦੁਰਕਾਰ।
ਰਾਜ ਲਾਲੀ ਬਟਾਲਾ ਨੇ ‘ਕਿੰਜ ਮੁਰਝਾਉਣਾ, ਸਾਨੂੰ ਇਸ ਦਾ ਇਲਮ ਨਹੀਂ; ਖਿੜਨ ਤੋਂ ਜੇਕਰ ਵਿਹਲ ਮਿਲੀ ਤਾਂ ਸੋਚਾਂਗੇ’ ਅਤੇ ਇੱਕ ਨਜ਼ਮ ਗਾ ਕੇ ਸੁਣਾਈ। ਇੰਡੀਅਨਐਪੋਲਿਸ ਤੋਂ ਉਚੇਚਾ ਆਏ ਗੁਰਬਖ਼ਸ਼ ਰਾਹੀ ਨੇ ਦੋ ਗਜ਼ਲਾਂ- ‘ਸੱਚ ਕਦੇ ਨਹੀਂ ਵਿਕਿਆ, ਝੂਠ ਦੀਆਂ ਦੁਕਾਨਾਂ ਵਿੱਚ’ ਅਤੇ ‘ਗੁਲਾਮ ਲਫ਼ਜ਼ਾਂ ਦੀ ਉਡਾਨ’ ਸੁਣਾਈਆਂ।
ਗੁਰਲੀਨ ਕੌਰ ਨੇ ਆਪਣੀ ਰਚਨਾ- ‘ਮੈਂ ਪੰਜਾਬੀ ਦੀ ਧੀ ਹਾਂ, ਪਰ ਪੰਜਾਬੀ ਮੇਰੀ ਮਾਂ ਨਾ ਰਹੀ’ ਅਤੇ ਨਾਮੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਲਿਖਤ ‘ਇਸ਼ਕ ਦੇ ਵਿਹੜੇ ਨੱਚਣਾ ਪੈਂਦਾ ਅੱਗ ਦੀ ਝਾਂਜਰ ਪਾ ਕੇ’ ਸੁਣਾਈ। ਆਬਿਦ ਰਸ਼ੀਦ ਨੇ ਆਪਣੀਆਂ ਰਚਨਾਵਾਂ ‘ਅਰਬੀ-ਅਜਬੀ ਇੱਕ ਬਰਾਬਰ, ਫਿਰ ਕਿਉਂ ਹੈ ਝੋਲ; ਬੋਲ ਪੰਜਾਬੀ ਸੋਹਣਿਆ, ਬੋਲ ਪੰਜਾਬੀ ਬੋਲ’ ਅਤੇ ‘ਚਿਰ ਹੋਇਆ ਉਹ ਘਰ ਨਹੀਂ ਆਇਆ, ਕੋਠੇ ਉਤੇ ਬੋਲ ਓ ਕਾਂਵਾਂ’ ਸੁਣਾਈਆਂ।
ਰਾਜਿੰਦਰ ਸਿੰਘ ਮਾਗੋ ਨੇ ਸੁਣੇ-ਸੁਣਾਏ ਕੁਝ ਸ਼ੇਅਰ ਪੇਸ਼ ਕੀਤੇ, ਜਿਨ੍ਹਾਂ ਵਿੱਚ ਕੁਝ ਸਤਰਾਂ ਹਾਸ-ਰਸ ਸਨ ਤੇ ਕੁਝ ਸ਼ੇਅਰ ਜ਼ਿੰਦਗੀ ਦੇ ਸਫਰ ਨਾਲ ਸਬੰਧਤ ਸਨ। ਹੈਪੀ ਹੀਰ ਨੇ ਆਪਣੇ ਪਿਤਾ ਸਵਰਗੀ ਮੇਜਰ ਸਿੰਘ ਮੌਜੀ ਦਾ ਇੱਕ ਸ਼ੇਅਰ ‘ਮੈਨੂੰ ਇਨਸਾਨ ਹੀ ਰਹਿਣ ਦਿਓ’ ਸੁਣਾਇਆ।
ਇਸ ਮੌਕੇ ਇੱਕ ਲੰਮੇ-ਲੰਝੇ ਗੱਭਰੂ ਜਗਮੀਤ ਸਿੰਘ ਦਾ ਤੁਆਰਫ ਕਰਵਾਇਆ ਗਿਆ, ਜੋ ਇੱਥੇ ਹਾਈ ਸਕੂਲ ਬਾਸਕਿਟਬਾਲ ਖੇਡਣ ਆਇਆ ਹੋਇਆ ਹੈ। ਸ਼ੁਰੂ ਵਿੱਚ ਬੱਚਿਆਂ ਦੀ ਇੱਕ ਟੀਮ ਨੇ ਭੰਗੜਾ ਵੀ ਪਾਇਆ। ਪ੍ਰਬੰਧਕਾਂ ਵੱਲੋਂ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੁਲਾਰਿਆ, ਸ਼ਾਇਰਾਂ ਤੇ ਬੱਚਿਆਂ ਦਾ ਮਾਣ-ਤਾਣ ਵੀ ਕੀਤਾ ਗਿਆ।
ਪ੍ਰੋਗਰਾਮ ਲਈ ਵਿੱਤੀ ਮਦਦ ਦੇਣ ਅਤੇ ਇਖਲਾਕੀ ਯੋਗਦਾਨ ਪਾਉਣ ਵਾਲਿਆਂ- ਚੀਫ ਪੈਟਰਨ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ, ਗਰੈਂਡ ਸਪਾਂਸਰ ਜਪਨੀਤ ਸਿੰਘ ਖਹਿਰਾ, ਪੰਜਾਬੀ ਕਲਚਰਲ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ, ਗੁਰੂ ਲਾਧੋ ਰੇ ਸੇਵਾ ਸੁਸਾਇਟੀ ਮਿਲਵਾਕੀ; ਗੁਲਜ਼ਾਰ ਸਿੰਘ ਮੁਲਤਾਨੀ, ਮੁਖਤਿਆਰ ਸਿੰਘ (ਹੈਪੀ) ਹੀਰ, ਭੁਪਿੰਦਰ ਸਿੰਘ ਧਾਲੀਵਾਲ, ਲੱਕੀ ਸਹੋਤਾ, ਪਰਮਿੰਦਰ ਸਿੰਘ ਗੋਲਡੀ, ਅਮਰੀਕ ਸਿੰਘ (ਅਮਰ ਕਾਰਪੈਟਸ), ਡਾ. ਵਿਕਰਮ ਗਿੱਲ, ਬਿਕਰਮ ਸੋਹੀ, ਦਰਸ਼ਨ ਸਿੰਘ ਗਰੇਵਾਲ, ਸਰਵਣ ਸਿੰਘ ਮਿਸ਼ਵਾਕਾ, ਪਾਲ ਖਲੀਲ, ਜਸਕਰਨ ਧਾਲੀਵਾਲ, ਬ੍ਰਿਜ ਸ਼ਰਮਾ ਸਮੇਤ ਹੋਰਨਾਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।
