*ਸਪੇਨ ਤੇ ਫਰਾਂਸ ਦੇ ਕਈ ਇਲਾਕਿਆਂ `ਚ ਸਥਿਤੀ ਭਿਆਨਕ
*ਧਰਤੀ ਦਾ ਵਧ ਰਿਹਾ ਤਾਪਮਾਨ ਬਣਿਆ ਹੈ ਵੱਡਾ ਕਾਰਨ
ਪੰਜਾਬੀ ਪਰਵਾਜ਼ ਬਿਊਰੋ
ਯੂਰਪ, ਖਾਸ ਕਰਕੇ ਸਪੇਨ ਅਤੇ ਫਰਾਂਸ ਦੇ ਕਈ ਇਲਾਕਿਆਂ ਨੂੰ ਅੱਗ ਦੀਆਂ ਮੀਲਾਂ ਲੰਬੀਆਂ ਲਾਟਾਂ ਨੇ ਘੇਰ ਰੱਖਿਆ ਹੈ। ਇਸ ਕਾਰਨ ਦੋਹਾਂ ਮੁਲਕਾਂ ਅਤੇ ਯੂਰਪ ਦੇ ਕਈ ਹੋਰ ਹਿੱਸਿਆਂ ਵਿੱਚ ਕਰੀਬ ਤਿੰਨ ਲੱਖ ਲੋਕਾਂ ਨੂੰ ਇਸ ਅੱਗ ਤੋਂ ਬਚਾਉਣ ਲਈ ਉਨ੍ਹਾਂ ਦੇ ਰਿਹਾਇਸ਼ੀ ਖੇਤਰਾਂ ਤੋਂ ਬਾਹਰ ਕੱਢ ਲਿਆ ਗਿਆ ਹੈ। ਤ੍ਰਾਸਦੀ ਇਹ ਹੈ ਕਿ ਇਸੇ ਹਫਤੇ ਇਨ੍ਹਾਂ ਮੁਲਕਾਂ ਦੇ ਕੁਝ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਛੂਹ ਗਿਆ ਹੈ। ਇਸ ਨਾਲ ਇਨ੍ਹਾਂ ਲਾਂਬੂਆਂ ਦੇ ਹੋਰ ਭੜਕਣ ਦੇ ਦਰਮਿਆਨ ਫਰਾਂਸ ਅਤੇ ਸਪੇਨ ਵਿੱਚ ਅੱਗ ਬੁਝਾਊ ਕਾਮੇ ਅੱਗ ਦੇ ਫੈਲਾਅ ਨੂੰ ਡੱਕਣ ਦਾ ਯਤਨ ਕਰ ਰਹੇ ਹਨ।
ਵਾਤਾਵਰਿਣਕ ਮਾਹਿਰਾਂ ਅਨੁਸਾਰ ਇਸ ਅੱਗ ਦੇ ਲੱਗਣ ਦੇ ਤਤਕਾਲੀ ਕਾਰਨ ਵੱਖ-ਵੱਖ ਹੋ ਸਕਦੇ ਹਨ, ਪਰ ਇਸ ਅਗਨ-ਪਰਲੋ ਵਾਲੀ ਹਾਲਤ ਬਣਨ ਅਤੇ ਤੇਜ਼ੀ ਨਾਲ ਫੈਲਣ ਦਾ ਪ੍ਰਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਦੇ ਸਿੱਟੇ ਵਜੋਂ ਧਰਤੀ ਦਾ ਵਧ ਰਿਹਾ ਤਾਪਮਾਨ ਅਤੇ ਇਸ ਕਾਰਨ ਪੈਦਾ ਹੋ ਰਹੀਆਂ ਮੌਸਮੀ ਤਬਦੀਲੀਆਂ ਹੀ ਹਨ।
ਇਸ ਤਬਦੀਲੀ ਕਾਰਨ ਕਈ ਇਲਾਕਿਆਂ/ਦੇਸ਼ਾਂ ਵਿੱਚ ਅਚਾਨਕ ਭਾਰੀ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਕਈ ਹੋਰਾਂ ਵਿੱਚ ਅਗਨ-ਪਰਲੋ ਦਸਤਕ ਦੇ ਰਹੀ ਹੈ। ਬੀਤੇ ਦਿਨੀਂ ਜਦੋਂ ਫੁੱਟਬਾਲ ਵਰਲਡ ਕੱਪ ਚੱਲ ਰਿਹਾ ਸੀ ਤਾਂ ਕੈਨੇਡਾ ਦੇ ਓਂਟਾਰੀਓ ਪ੍ਰਾਂਤ ਵਿੱਚ ਲੱਗੀ ਜੰਗਲੀ ਅੱਗ ਕਾਰਨ ਸੰਘਣਾ ਧੂੰਆਂ ਕੈਨੇਡਾ ਅਤੇ ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਫੈਲ ਗਿਆ ਸੀ। ਅਮਰੀਕਾ ਦਾ ਨਿਊ ਜਰਸੀ ਸ਼ਹਿਰ ਜਿੱਥੇ ਫੁੱਟਬਾਲ ਕੱਪ ਦਾ ਫਾਈਨਲ ਮੈਚ ਖੇਡਿਆ ਗਿਆ, ਵੀ ਸੰਘਣੇ ਧੂੰਏਂ ਦੇ ਸਾਏ ਹੇਠ ਆ ਗਿਆ ਸੀ। ਅਮਰੀਕਾ ਵਿੱਚ ਫੈਲੇ ਇਸ ਧੂੰਏਂ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਵੱਲੋਂ ਕੀਤੀ ਜਾਂਦੀ ਬਰਾਮਦ (ਐਕਸਪੋਰਟ) ਉੱਤੇ ਹੋਰ ਟੈਰਿਫ ਲਗਾ ਦੇਣ ਦੀ ਧਮਕੀ ਵੀ ਦੇ ਦਿੱਤੀ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਅਮਰੀਕੀ ਸਦਰ ਨੇ ਮੌਸਮੀ ਤਬਦੀਲੀਆਂ ਬਾਰੇ ਪੈਰਿਸ ਐਗਰੀਮੈਂਟ ਵਿੱਚੋਂ ਬਾਹਰ ਆਉਣ ਦਾ ਫੈਸਲਾ ਕਰ ਲਿਆ ਸੀ ਅਤੇ ਇਸ ਸਮਝੌਤੇ ਅਨੁਸਾਰ ਅਮਰੀਕਾ ਵੱਲੋਂ ਦਿੱਤੇ ਜਾਣ ਵਾਲੇ ਫੰਡਾਂ ਦਾ ਵੀ ਭੋਗ ਪਾ ਦਿੱਤਾ ਸੀ। ਮੌਸਮੀ ਤਬਦੀਲੀਆਂ ਬਾਰੇ ਡੋਨਾਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਨਾਂਹਮੁਖੀ ਪਹੁੰਚ ਹੀ ਅਪਣਾਈ। ਇਸ ਤੋਂ ਪਤਾ ਲਗਦਾ ਹੈ ਕਿ ਅਮਰੀਕਾ ਦੀ ਮੌਜੂਦਾ ਸੱਤਾਧਾਰੀ ਧਿਰ ਵਾਤਾਵਰਣਿਕ ਤਬਦੀਲੀਆਂ ਅਤੇ ਧਰਤੀ ਦੇ ਵਧ ਰਹੇ ਤਾਪਮਾਨ ਬਾਰੇ ਕਿਸ ਕਦਰ ਸੰਵੇਦਨਹੀਣ ਹੈ।
ਯੂਰਪ ਵਿੱਚ ਪੈਦਾ ਹੋਈ ਮੌਜੂਦਾ ਸਥਿਤੀ ਬਾਰੇ ਬੋਲਦਿਆਂ ‘ਯਨਾਈਟਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ’ ਦੇ ਐਗਜ਼ੈਕਟਿਵ ਸਕੱਤਰ ਸਾਈਮਨ ਸਟਾਏਲ ਨੇ ਨਵੀਂ ਦਿੱਲੀ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਰੀ ਦੁਨੀਆਂ ਧਰਤੀ ਦੇ ਤਾਪਮਾਨ ਦੇ ਵਧਣ ਦੇ ਅਸਰਾਤ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉੱਤਰੀ ਅਫਰੀਕਾ ਵਿੱਚ ਇਸ ਵਾਰ ਤਾਪਮਾਨ 49 ਡਿਗਰੀ ਸੈਲਸੀਅਸ ਨੂੰ ਛੂਹ ਗਿਆ ਹੈ, ਜਿਸ ਨਾਲ ਮਨੁੱਖੀ ਅਤੇ ਗੈਰ-ਮਨੁੱਖੀ ਜਾਨ-ਮਾਲ ਅਤੇ ਰੁਜ਼ਗਾਰ ਨੂੰ ਖਤਰਾ ਖੜ੍ਹਾ ਹੋ ਗਿਆ ਹੈ। ਚਿੱਲੀ ਵਿੱਚ ਮਾਰੂ ਝੱਖੜਾਂ ਨੇ ਮਨੁੱਖੀ ਰਿਹਾਇਸ਼ਾਂ ਅਤੇ ਜਾਨਾਂ ਨੂੰ ਨਿਗਲਿਆ ਹੈ। ਜਪਾਨ ਵਿੱਚ ਮੌਸਮੀ ਤਬਦੀਲੀਆਂ ਰਿਕਾਰਡ ਤੋੜ ਰਹੀਆਂ ਹਨ।
ਸਾਈਮਨ ਨੇ ਕਿਹਾ ਕਿ ਵਿਗਿਆਨੀ ਇਸ ਮੁੱਦੇ ‘ਤੇ ਬਿਲਕੁਲ ਸਾਫ ਹਨ ਕਿ ਧਰਤੀ ਦੇ ਵਧ ਰਹੇ ਤਾਪਮਾਨ ਕਾਰਨ ਗਰਮੀ ਦੀਆਂ ਮਾਰੂ ਲਹਿਰਾਂ, ਭਿਆਨਕ ਹੜ੍ਹ ਅਤੇ ਝੱਖੜ ਜਨਮ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟ ਦਾ ਹੱਲ ਤੇਲ, ਕੋਲੇ ਅਤੇ ਗੈਸੀ ਊਰਜਾ ਨੂੰ ਤਿਆਗ ਕੇ ਮੁੜ ਨਵਿਆਏ ਜਾ ਸਕਣ ਵਾਲੇ ਊਰਜਾ ਸੋਮਿਆਂ ਵੱਲ ਮੁੜਨ ਵਿੱਚ ਹੀ ਪਿਆ ਹੈ।
ਯੂਰਪੀਅਨ ਅਧਿਕਾਰੀਆਂ ਦਾ ਆਖਣਾ ਹੈ ਕਿ ਇਸ ਵਾਰ ਜੰਗਲੀ ਅੱਗਾਂ ਦੀਆਂ ਲਪਟਾਂ ਨਵੰਬਰ ਮਹੀਨੇ ਤੱਕ ਮਘਦੀਆਂ ਰਹਿ ਸਕਦੀਆਂ ਹਨ। ਇਸ ਤਰ੍ਹਾਂ ਹੁੰਦਾ ਹੈ ਤਾਂ ਜੰਗਲੀ ਅੱਗਾਂ ਦੇ ਮਾਮਲੇ ਵਿੱਚ ਇਹ ਰਿਕਾਰਡ ਤੋੜ ਵਰ੍ਹਾ ਹੋਏਗਾ। ਸਪੇਨ ਦੇ ਪਹਾੜੀ ਖੇਤਰ ਅਵਿਲਾ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ਦੀ ਮਾਰ ਪਈ ਹੈ। ਇਸ ਨਾਲ 50000 ਹੈਕਟੇਅਰ (123,000 ਏਕੜ) ਨੂੰ ਜੰਗਲੀ ਅੱਗ ਨੇ ਸਾੜ ਦਿੱਤਾ ਹੈ। ਮੈਡਰਿਡ ਵਿੱਚ ਸਰਕਾਰੀ ਅਧਿਕਾਰੀ ਉੱਤਰ ਅਤੇ ਪੱਛਮ, ਦੋ ਪਾਸੀਂ ਅਲੱਗ-ਅਲੱਗ ਤੌਰ ‘ਤੇ ਲੱਗੀ ਅੱਗ ਨਾਲ ਜੂਝ ਰਹੇ ਹਨ। ਇਸ ਤਰ੍ਹਾਂ ਮੈਡਰਿਡ ਦੇ ਦੁਆਲੇ ਤਕਰੀਬਨ 70,000 ਹੈਕਟੇਅਰ ਜ਼ਮੀਨ ਪੂਰੀ ਤਰ੍ਹਾਂ ਸੜ ਗਈ ਹੈ।
ਫਰਾਂਸ ਵਿੱਚ ਵੀ ਵੱਡੀ ਪੱਧਰ ‘ਤੇ ਲੱਗੀ ਅੱਗ ਨੂੰ ਬੁਝਾਉਣ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਇੱਕ ਅੱਗ ਬੁਝਾਊ ਮਹਿਕਮੇ ਦੇ ਅਧਿਕਾਰੀ ਐਰਕ ਬਰੋਕਾਰਡੀ ਨੇ ਕਿਹਾ ਕਿ ਸਾਡੀ ਸਮੇਂ ਦੇ ਖਿਲਾਫ ਦੌੜ ਲੱਗੀ ਹੋਈ ਹੈ, ਕਿਉਂਕਿ ਇਸ ਹਫਤੇ ਦੇ ਅੱਧ ਵਿੱਚ ਮੁੜ ਗਰਮੀ ਵਧਣ ਦੇ ਆਸਾਰ ਹਨ। ਫਰਾਂਸ ਦੇ ਮੌਸਮ ਦੀ ਭਵਿਖਬਾਣੀ ਕਰਨ ਵਾਲੇ ਵਿਭਾਗ ਦਾ ਕਹਿਣਾ ਹੈ ਕਿ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਹੁੰਚ ਸਕਦਾ ਹੈ ਤੇ ਅੱਗ ਬੁਝਾਉਣ ਵਿੱਚ ਵੱਡੀਆਂ ਦਿੱਕਤਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਅਗਨ-ਪਰਲੋ ਬਾਰੇ ਫਰਾਂਸ ਦੇ ਅੰਤ੍ਰਿਮ ਮੰਤਰੀ ਨੇ ਕਿਹਾ, “ਇਹ ਬਹੁਤ ਤੇਜ਼ ਅਚਨਚੇਤ (ਅਨਪਰਡਿਕਟੇਬਲ) ਹੈ ਅਤੇ ਆਪਣੀ ਹਵਾ ਦਾ ਰੁਖ ਆਪ ਪੈਦਾ ਕਰ ਰਹੀ ਹੈ। ਇਹ ਅਣਘੜਤ ਤਰੀਕੇ ਨਾਲ ਬਰਾਡਿਅਕਸ ਸ਼ਹਿਰੀ ਖੇਤਰ ਵੱਲ ਵਧ ਰਹੀ ਹੈ। ਜਿਰੋਂਡ ਵਿੱਚ ਅਗਨੀ ਨੇ 42,000 ਹੈਕਟੇਅਰ ਸਾੜ ਦਿੱਤੇ ਹਨ।
ਅੱਗ ਲੱਗਣ ਦਾ ਇਹ ਪੱਧਰ ਦੂਜੀ ਸੰਸਾਰ ਜੰਗ ਤੋਂ ਬਾਅਦ ਸਭ ਤੋਂ ਭਿਆਨਕ ਹੈ। ਬਰਾਡਿਅਕਸ ਤੋਂ 17 ਕਿਲੋਮੀਟਰ ਦੂਰ ਅੱਗ ਬੁਝਾਊ ਮਹਿਕਮੇ ਦੇ ਅਧਿਕਾਰੀ ਵੱਡੀ ਮਸ਼ੀਨਰੀ ਨਾਲ ਦਰਖਤਾਂ ਨੂੰ ਉਖਾੜ ਰਹੇ ਹਨ ਤਾਂ ਕਿ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਅੱਗ ਦੇ ਇਸ ਫੈਲਾਅ ਨਾਲ ਫਰਾਂਸ ਦੇ ਇਸ ਖੇਤਰ ਵਿੱਚ 2,20,000 ਲੋਕ ਘਰੋਂ ਬੇਘਰ ਹੋ ਗਏ ਹਨ। ਸੋਮਵਾਰ ਨੂੰ ਫਰਾਂਸ ਸਰਕਾਰ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਤੋਂ ਬਾਅਦ ਦੇਸ਼ ਦੇ ਅੰਤ੍ਰਿਮ ਮੰਤਰੀ ਲਾਰੈਂਟ ਨਨਜ਼ ਨੇ ਦੱਸਿਆ ਕਿ ਇਸ ਅੱਗ ‘ਤੇ ਕਾਬੂ ਪਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ।
ਵਾਤਾਵਰਣਿਕ ਤਬਦੀਲੀਆਂ ਅਤੇ ਆਰਥਿਕ ਬੋਝ ਤੋਂ ਇਲਾਵਾ ਧੁਆਂਖੀ ਆਬੋ-ਹਵਾ ਦਾ ਮਨੁੱਖੀ ਮਨ ਅਤੇ ਤਨ ‘ਤੇ ਵੀ ਗੰਭੀਰ ਅਸਰ ਪਵੇਗਾ। ਸਿਹਤ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਜਲਣ ਅਤੇ ਤਪਣ ਦੇ ਅਸਰ ਮਨੁੱਖੀ ਸਿਹਤ ‘ਤੇ ਅੱਗ ਬੁਝਣ ਤੋਂ ਲੰਮਾ ਸਮਾਂ ਬਾਅਦ ਵੀ ਹੁੰਦੇ ਰਹਿਣਗੇ। ਇਸ ਨਾਲ ਸਾਹ ਦੀਆਂ ਬਿਮਾਰੀਆਂ ਵਿੱਚ ਢੇਰ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਦਿਲ ਦੇ ਰੋਗਾਂ ਨੂੰ ਵੀ ਇਹ ਧੁਆਂਖ ਵਧਾਵੇਗੀ। ਇੱਥੋਂ ਤੱਕ ਕਿ ਉਨ੍ਹਾਂ ਖੇਤਰਾਂ ਵਿੱਚ ਵੀ ਇਨ੍ਹਾਂ ਬਿਮਾਰੀਆਂ ਵਿੱਚ ਵਾਧਾ ਹੋਵੇਗਾ, ਜਿਹੜੇ ਅੱਗ ਲੱਗਣ ਵਾਲੇ ਇਲਾਕੇ ਅਤੇ ਅਸਮਾਨੀ ਧੁਆਂਖ ਤੋਂ ਦੂਰ ਵੱਸਦੇ ਹਨ।
ਵਾਤਾਵਰਣਕ ਮਾਮਲਿਆਂ ਬਾਰੇ ਖੋਜ ਕਰ ਰਹੇ ਵਿਗਿਆਨੀ ਕਈ ਦਹਾਕਿਆਂ ਤੋਂ ਚਿਤਾਵਨੀਆਂ ਦੇ ਰਹੇ ਹਨ ਕਿ ਧਰਤੀ ਦੇ ਵਧ ਰਹੇ ਤਾਪਮਾਨ ਅਤੇ ਮੌਸਮੀ ਤਬਦੀਲੀਆਂ ਮਨੁੱਖੀ ਜੀਵਨ ਲਈ ਗੰਭੀਰ ਖਤਰੇ ਖੜ੍ਹੇ ਕਰਨਗੀਆਂ; ਪਰ ਸੰਸਾਰ ਦੀ ਰਾਜਨੀਤਿਕ ਸਥਾਪਤੀ ਖਾਸ ਕਰਕੇ ਨੈਸ਼ਨਲ ਸਟੇਟ ਆਪਣੇ ਆਰਥਕ ਹਿੱਤਾਂ ਨੂੰ ਵਾਤਾਵਰਣ ਨਾਲੋਂ ਪਹਿਲ ਦਿੰਦੀ ਆ ਰਹੀ ਹੈ ਅਤੇ ਵਿਗਿਆਨੀਆਂ ਦੀਆਂ ਚਿਤਾਵਨੀਆਂ ਨੂੰ ਨਜ਼ਰ-ਅੰਦਾਜ਼ ਕਰ ਰਹੀ ਹੈ।
ਯੇਲ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਕਾਈ ਚਿਨ ਨੇ ਕਿਹਾ ਕਿ ਦਿਲ ਦੇ ਰੋਗਾਂ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ। ਹਵਾਈ ਯੂਨੀਵਰਸਿਟੀ ਵੱਲੋਂ ‘ਮਾਉਈ ਵਿਲਡਫਾਇਰ ਐਕਸਪੋਜ਼ਰ ਸਟਡੀ’ ਨਾਲ ਜੁੜੇ ਵਿਗਿਆਨੀਆਂ ਦਾ ਆਖਣਾ ਹੈ ਕਿ ਜੰਗਲੀ ਅੱਗ ਦੇ ਅਸਰਾਤ ਇਸ ਦੇ ਬੁਝਾਏ ਜਾਣ ਤੋਂ ਕਈ ਸਾਲ ਬਾਅਦ ਤੱਕ ਵੇਖੇ ਗਏ ਹਨ। ਇਸ ਅਧਿਅਨ ਨਾਲ ਜੁੜੇ ਅਲਿਕਾ ਮਾਉਨਿਕਿਆ ਅਨੁਸਾਰ ਅੱਗ ਬੁਝਾਏ ਜਾਣ ਅਤੇ ਇਸ ਨਾਲ ਜੁੜੀ ਸਵਾਹ ਆਦਿ ਦੀ ਸਫਾਈ ਤੋਂ ਬਾਅਦ ਵੀ ਜੈਵ ਵਿਗਿਆਨਿਕ, ਜਜ਼ਬਾਤੀ ਅਤੇ ਮਨੁੱਖੀ ਮਾਨਸਿਕਤਾ ‘ਤੇ ਅਸਰ ਵੇਖੇ ਗਏ ਹਨ। ਇਸ ਨਾਲ ਪ੍ਰਭਾਵਿਤ ਲੋਕਾਂ ਵਿੱਚ ਹਰ ਪੰਜਵਾਂ ਵਿਅਕਤੀ ਉਦਾਸੀ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ। ਪੋਸਟ ਟਰਾਮੈਟਿਕ ਸਟਰੈਸ ਅੱਗ ਲੱਗਣ ਤੋਂ ਕਈ ਸਾਲਾਂ ਤੱਕ ਛੋਟੇ ਅਤੇ ਅਲ੍ਹੜ ਬੱਚਿਆਂ ਨੂੰ ਪ੍ਰਭਾਵਤ ਕਰਦਾ ਰਹਿੰਦਾ ਹੈ।
