ਸਸਤੇ ਚਿਕਨ ਦੀ ਵੱਡੀ ਕੀਮਤ…
ਪੰਜਾਬੀ ਪਰਵਾਜ਼ ਬਿਊਰੋ
ਦੁਨੀਆ ਭਰ ਵਿੱਚ ਚਿਕਨ ਨੂੰ ਸਸਤੇ ਅਤੇ ਆਸਾਨੀ ਨਾਲ ਮਿਲਣ ਵਾਲੇ ਪ੍ਰੋਟੀਨ ਦੇ ਸਰੋਤ ਵਜੋਂ ਦੇਖਿਆ ਜਾਂਦਾ ਹੈ; ਪਰ ਆਕਸਫੋਰਡ ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਨੇ ਪੋਲਟਰੀ ਉਦਯੋਗ ਦੇ ਵੱਡੇ ਪੱਧਰ ’ਤੇ ਫੈਲਾਅ ਨਾਲ ਜੁੜਿਆ ਇੱਕ ਗੰਭੀਰ ਸਿਹਤ ਖ਼ਤਰਾ ਸਾਹਮਣੇ ਲਿਆਂਦਾ ਹੈ। ਅਧਿਐਨ ਮੁਤਾਬਕ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਵਪਾਰਕ ਪੋਲਟਰੀ ਫਾਰਮਿੰਗ ਨੇ ਫੂਡ ਪੌਇਜ਼ਨਿੰਗ ਅਤੇ ਡਾਇਰੀਆ ਦਾ ਇੱਕ ਮੁੱਖ ਕਾਰਨ ਬਣਨ ਵਾਲੇ ‘ਕੈਂਪਿਲੋਬੈਕਟਰ’ ਬੈਕਟੀਰੀਆ ਦੇ ਫੈਲਣ ਦੀ ਰਫ਼ਤਾਰ 100 ਗੁਣਾ ਤੋਂ ਵੀ ਵੱਧ ਵਧਾ ਦਿੱਤੀ ਹੈ।
ਇਸ ਤੋਂ ਵੀ ਵੱਡੀ ਚਿੰਤਾ ਇਹ ਹੈ ਕਿ ਇਹ ਬੈਕਟੀਰੀਆ ਐਂਟੀਬਾਇਓਟਿਕ ਦਵਾਈਆਂ ਪ੍ਰਤੀ ਤੇਜ਼ੀ ਨਾਲ ਰੋਧਕ ਬਣ ਰਿਹਾ ਹੈ। ਇਸ ਦਾ ਮਤਲਬ ਹੈ ਕਿ ਭਵਿੱਖ ਵਿੱਚ ਇਸ ਨਾਲ ਹੋਣ ਵਾਲੇ ਕੁਝ ਇਨਫੈਕਸ਼ਨਾਂ ਦਾ ਇਲਾਜ ਕਰਨਾ ਹੋਰ ਮੁਸ਼ਕਲ ਹੋ ਸਕਦਾ ਹੈ।
ਅਧਿਐਨ ਵਿੱਚ 1979 ਤੋਂ 2024 ਤੱਕ 30 ਦੇਸ਼ਾਂ ਤੋਂ ਇਕੱਠੇ ਕੀਤੇ ‘ਕੈਂਪਿਲੋਬੈਕਟਰ’ ਦੇ ਕਰੀਬ 2,800 ਜੀਨੋਮ ਦਾ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ ਵਿੱਚ ਵਪਾਰਕ ਤੌਰ ’ਤੇ ਪਾਲੀਆਂ ਜਾਣ ਵਾਲੀਆਂ ਮੁਰਗੀਆਂ ਦੇ ਨਾਲ-ਨਾਲ ਜੰਗਲੀ ਪੰਛੀਆਂ ਤੋਂ ਲਏ ਗਏ ਨਮੂਨੇ ਵੀ ਸ਼ਾਮਲ ਸਨ। ਇਹ ਖੋਜ ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਹੋਈ ਹੈ।
ਘਣੇ ਪੋਲਟਰੀ ਫਾਰਮ ਬੈਕਟੀਰੀਆ ਲਈ ਅਨੁਕੂਲ ਮਾਹੌਲ
ਵਿਗਿਆਨੀਆਂ ਦਾ ਕਹਿਣਾ ਹੈ ਕਿ ਆਧੁਨਿਕ ਉਦਯੋਗਿਕ ਪੋਲਟਰੀ ਫਾਰਮ ਬੈਕਟੀਰੀਆ ਦੇ ਫੈਲਣ ਅਤੇ ਵਿਕਸਤ ਹੋਣ ਲਈ ਬਹੁਤ ਅਨੁਕੂਲ ਮਾਹੌਲ ਬਣ ਗਏ ਹਨ। ਜਦੋਂ ਵੱਡੀ ਗਿਣਤੀ ਵਿੱਚ ਪੰਛੀਆਂ ਨੂੰ ਸੀਮਤ ਥਾਂ ਵਿੱਚ ਰੱਖਿਆ ਜਾਂਦਾ ਹੈ ਤਾਂ ਬੈਕਟੀਰੀਆ ਲਈ ਇੱਕ ਪੰਛੀ ਤੋਂ ਦੂਜੇ ਤੱਕ ਫੈਲਣਾ ਆਸਾਨ ਹੋ ਜਾਂਦਾ ਹੈ। ਅਧਿਐਨ ਤੋਂ ਪਤਾ ਲੱਗਾ ਹੈ ਕਿ ਅਜਿਹੇ ਮਾਹੌਲ ਵਿੱਚ ‘ਕੈਂਪਿਲੋਬੈਕਟਰ’ ਨੇ ਕਈ ਅਜਿਹੇ ਜੈਨੇਟਿਕ ਬਦਲਾਅ ਹਾਸਲ ਕੀਤੇ ਹਨ, ਜੋ ਉਸ ਨੂੰ ਆਧੁਨਿਕ ਪੋਲਟਰੀ ਪ੍ਰਣਾਲੀ ਵਿੱਚ ਜਿਊਂਦੇ ਰਹਿਣ ਅਤੇ ਤੇਜ਼ੀ ਨਾਲ ਫੈਲਣ ਵਿੱਚ ਮਦਦ ਕਰਦੇ ਹਨ।
ਇਨ੍ਹਾਂ ਬਦਲਾਵਾਂ ਵਿੱਚ ਐਂਟੀਬਾਇਓਟਿਕ ਦਵਾਈਆਂ ਪ੍ਰਤੀ ਰੋਧਕ ਬਣਨ ਵਾਲੇ ਜੀਨ, ਆਕਸੀਡੇਟਿਵ ਤਣਾਅ ਨੂੰ ਸਹਿਣ ਦੀ ਸਮਰੱਥਾ ਅਤੇ ਧਾਤਾਂ ਤੋਂ ਪੋਸ਼ਣ ਹਾਸਲ ਕਰਨ ਦੀ ਯੋਗਤਾ ਵਰਗੇ ਗੁਣ ਸ਼ਾਮਲ ਹਨ। ਇਸ ਤਰ੍ਹਾਂ ਬੈਕਟੀਰੀਆ ਸਿਰਫ਼ ਫਾਰਮਾਂ ਵਿੱਚ ਮੌਜੂਦ ਨਹੀਂ ਰਹਿੰਦਾ, ਸਗੋਂ ਬਦਲਦੇ ਮਾਹੌਲ ਨਾਲ ਆਪਣੇ ਆਪ ਨੂੰ ਢਾਲਣ ਦੀ ਸਮਰੱਥਾ ਵੀ ਵਿਕਸਤ ਕਰ ਲੈਂਦਾ ਹੈ।
ਦੁਨੀਆ ਵਿੱਚ ਮੁਰਗੀਆਂ ਦੀ ਗਿਣਤੀ ਸੱਤ ਗੁਣਾ ਵਧੀ
ਵਿਗਿਆਨੀਆਂ ਮੁਤਾਬਕ 1960 ਦੇ ਦਹਾਕੇ ਤੋਂ ਬਾਅਦ ਦੁਨੀਆ ਵਿੱਚ ਮੁਰਗੀਆਂ ਦੀ ਗਿਣਤੀ ਲਗਭਗ ਸੱਤ ਗੁਣਾ ਵਧੀ ਹੈ ਅਤੇ ਹੁਣ ਇਹ ਗਿਣਤੀ ਕਰੀਬ 3,100 ਕਰੋੜ ਤੱਕ ਪਹੁੰਚ ਚੁੱਕੀ ਹੈ। ਅਧਿਐਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਧਰਤੀ ’ਤੇ ਮੌਜੂਦ ਸਾਰੇ ਪੰਛੀਆਂ ਦੇ ਕੁੱਲ ਬਾਇਓਮਾਸ ਵਿੱਚੋਂ ਲਗਭਗ 70 ਫ਼ੀਸਦੀ ਹਿੱਸਾ ਮੁਰਗੀਆਂ ਦਾ ਹੈ।
ਇਸ ਵਾਧੇ ਨੇ ਮਨੁੱਖਾਂ ਲਈ ਸਸਤੇ ਪ੍ਰੋਟੀਨ ਦੀ ਉਪਲਬਧਤਾ ਜ਼ਰੂਰ ਵਧਾਈ ਹੈ, ਪਰ ਇਸ ਦੇ ਨਾਲ ਪੋਲਟਰੀ ਉਤਪਾਦਨ ਨੂੰ ਵੱਡੇ ਪੱਧਰ ’ਤੇ ਕੇਂਦਰਿਤ ਕਰਨ ਨਾਲ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂਆਂ ਲਈ ਵੀ ਨਵੇਂ ਮੌਕੇ ਪੈਦਾ ਹੋਏ ਹਨ।
ਵਿਗਿਆਨੀਆਂ ਅਨੁਸਾਰ ਸਸਤੇ ਮਾਸ ਦੀ ਵਧਦੀ ਮੰਗ ਨੇ ਅਜਿਹੀ ਉਤਪਾਦਨ ਪ੍ਰਣਾਲੀ ਨੂੰ ਜਨਮ ਦਿੱਤਾ ਹੈ, ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੰਛੀਆਂ ਨੂੰ ਇਕੱਠੇ ਪਾਲਿਆ ਜਾਂਦਾ ਹੈ। ਇਹ ਘਣਤਾ ਬੈਕਟੀਰੀਆ ਦੇ ਤੇਜ਼ੀ ਨਾਲ ਫੈਲਣ ਲਈ ਅਨੁਕੂਲ ਹਾਲਾਤ ਪੈਦਾ ਕਰ ਸਕਦੀ ਹੈ।
ਜੰਗਲੀ ਪੰਛੀਆਂ ਤੋਂ ਵਪਾਰਕ ਪੋਲਟਰੀ ਤੱਕ
ਅਧਿਐਨ ਦਾ ਇੱਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ‘ਕੈਂਪਿਲੋਬੈਕਟਰ’ ਪਹਿਲਾਂ ਮੁੱਖ ਤੌਰ ’ਤੇ ਜੰਗਲੀ ਪੰਛੀਆਂ ਵਿੱਚ ਪਾਇਆ ਜਾਂਦਾ ਸੀ; ਪਰ ਵਪਾਰਕ ਪੋਲਟਰੀ ਫਾਰਮਿੰਗ ਦੇ ਵੱਡੇ ਪੱਧਰ ’ਤੇ ਫੈਲਣ ਨਾਲ ਇਹ ਬੈਕਟੀਰੀਆ ਮੁਰਗੀਆਂ ਦੇ ਝੁੰਡਾਂ ਵਿੱਚ ਦਾਖ਼ਲ ਹੋ ਕੇ ਉੱਥੇ ਤੇਜ਼ੀ ਨਾਲ ਫੈਲਣ ਲੱਗਾ।
ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਸੈਮ ਸ਼ੈਪਰਡ ਅਨੁਸਾਰ ਉਦਯੋਗਿਕ ਪੋਲਟਰੀ ਫਾਰਮਿੰਗ ਧਰਤੀ ’ਤੇ ਸਭ ਤੋਂ ਵੱਡੇ ਪੰਛੀ/ਜਾਨਵਰ ਆਵਾਸ ਹਨ। ਇਸ ਕਾਰਨ ਉਹ ਬੈਕਟੀਰੀਆ, ਜੋ ਪਹਿਲਾਂ ਮੁੱਖ ਤੌਰ ’ਤੇ ਜੰਗਲੀ ਪੰਛੀਆਂ ਤੱਕ ਸੀਮਤ ਸਨ, ਹੁਣ ਵਪਾਰਕ ਮੁਰਗੀਆਂ ਦੇ ਵੱਡੇ ਝੁੰਡਾਂ ਵਿੱਚ ਆਸਾਨੀ ਨਾਲ ਪਹੁੰਚ ਕੇ ਉੱਥੇ ਟਿਕ ਸਕਦੇ ਹਨ।
ਇਹ ਤਬਦੀਲੀ ਸਿਰਫ਼ ਪੋਲਟਰੀ ਉਦਯੋਗ ਲਈ ਚਿੰਤਾ ਦਾ ਵਿਸ਼ਾ ਨਹੀਂ। ਇਹ ਮਨੁੱਖੀ ਸਿਹਤ ਅਤੇ ਵਾਤਾਵਰਣ ਨਾਲ ਜੁੜਿਆ ਮਾਮਲਾ ਵੀ ਹੈ। ਜਦੋਂ ਕੁਦਰਤੀ ਚੱਕਰਾਂ ਵਿੱਚ ਵੱਡੇ ਪੱਧਰ ’ਤੇ ਮਨੁੱਖੀ ਦਖ਼ਲ ਹੁੰਦਾ ਹੈ ਤਾਂ ਇਸ ਦੇ ਅਣਚਾਹੇ ਨਤੀਜੇ ਵੀ ਸਾਹਮਣੇ ਆ ਸਕਦੇ ਹਨ।
‘ਪੈਥੋਜਨ ਸਪੰਜ’ ਵਾਂਗ ਕੰਮ ਕਰ ਰਹੇ ਫਾਰਮ
ਖੋਜ ਵਿੱਚ ਘਣੀ ਪੋਲਟਰੀ ਆਬਾਦੀ ਵਾਲੇ ਫਾਰਮਾਂ ਦੀ ਇੱਕ ਤਰ੍ਹਾਂ ਦੇ ‘ਪੈਥੋਜਨ ਸਪੰਜ’ ਨਾਲ ਤੁਲਨਾ ਕੀਤੀ ਗਈ ਹੈ। ਇਸ ਦਾ ਅਰਥ ਹੈ ਕਿ ਵੱਖ-ਵੱਖ ਸਰੋਤਾਂ ਤੋਂ ਆਉਣ ਵਾਲੇ ਬੈਕਟੀਰੀਆ ਇਨ੍ਹਾਂ ਥਾਵਾਂ ਵਿੱਚ ਇਕੱਠੇ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਵਧਣ ਲਈ ਅਨੁਕੂਲ ਮਾਹੌਲ ਮਿਲ ਸਕਦਾ ਹੈ। ਪਤਾ ਲੱਗਾ ਕਿ ਜਦੋਂ ਮੁਰਗੀਆਂ ਦੀ ਗਿਣਤੀ ਇੱਕ ਨਿਰਧਾਰਤ ਪੱਧਰ ਤੋਂ ਉੱਪਰ ਪਹੁੰਚ ਜਾਂਦੀ ਹੈ ਤਾਂ ਜੰਗਲੀ ਪੰਛੀਆਂ ਤੋਂ ਆਇਆ ਬੈਕਟੀਰੀਆ ਬਾਹਰੋਂ ਲਗਾਤਾਰ ਨਵੇਂ ਸਰੋਤ ਦੀ ਲੋੜ ਤੋਂ ਬਿਨਾਂ ਵੀ ਪੋਲਟਰੀ ਆਬਾਦੀ ਵਿੱਚ ਲੰਮੇ ਸਮੇਂ ਤੱਕ ਬਣਿਆ ਰਹਿ ਸਕਦਾ ਹੈ।
ਖੋਜਕਰਤਾ ਓਕੇਮ ਕਾਇਨ ਮੁਤਾਬਕ ‘ਕੈਂਪਿਲੋਬੈਕਟਰ’ ਜਿਵੇਂ-ਜਿਵੇਂ ਮੁਰਗੀਆਂ ਦੇ ਮਾਹੌਲ ਨਾਲ ਆਪਣੇ ਆਪ ਨੂੰ ਢਾਲਦਾ ਹੈ, ਉਸ ਵਿੱਚ ਮੁਸ਼ਕਲ ਹਾਲਾਤ ਅਤੇ ਐਂਟੀਬਾਇਓਟਿਕ ਦਵਾਈਆਂ ਦੇ ਵਿਚਕਾਰ ਵੀ ਜਿਊਂਦੇ ਰਹਿਣ ਵਾਲੇ ਗੁਣ ਵਿਕਸਤ ਹੋ ਸਕਦੇ ਹਨ।
ਮਨੁੱਖੀ ਸਿਹਤ ਨਾਲ ਸਿੱਧਾ ਸਬੰਧ
ਇਹ ਖੋਜ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ‘ਕੈਂਪਿਲੋਬੈਕਟਰ’ ਮਨੁੱਖਾਂ ਵਿੱਚ ਫੂਡ ਪੌਇਜ਼ਨਿੰਗ ਅਤੇ ਡਾਇਰੀਆ ਦਾ ਇੱਕ ਮੁੱਖ ਕਾਰਨ ਹੈ। ਪਿਛਲੇ ਅਧਿਐਨ ਅਨੁਸਾਰ ਆਕਸਫੋਰਡਸ਼ਾਇਰ ਵਿੱਚ ਮਨੁੱਖਾਂ ਵਿੱਚ ਹੋਣ ਵਾਲੇ ਲਗਭਗ 80 ਫ਼ੀਸਦੀ ‘ਕੈਂਪਿਲੋਬੈਕਟਰ’ ਇਨਫੈਕਸ਼ਨਾਂ ਦਾ ਸਿੱਧਾ ਸਬੰਧ ਪੋਲਟਰੀ ਮੀਟ ਨਾਲ ਪਾਇਆ ਗਿਆ ਸੀ। ਇਨ੍ਹਾਂ ਵਿੱਚੋਂ ਕਈ ਇਨਫੈਕਸ਼ਨ ਐਂਟੀਬਾਇਓਟਿਕ ਦਵਾਈਆਂ ਪ੍ਰਤੀ ਰੋਧਕ ਵੀ ਸਨ।
ਇਸ ਲਈ ਇਹ ਮਾਮਲਾ ਸਿਰਫ਼ ਫਾਰਮਾਂ ਜਾਂ ਪੋਲਟਰੀ ਉਦਯੋਗ ਦੀ ਉਤਪਾਦਨ ਪ੍ਰਣਾਲੀ ਬਾਰੇ ਨਹੀਂ ਹੈ। ਇਸ ਦਾ ਸਬੰਧ ਉਸ ਖਾਣੇ ਨਾਲ ਹੈ, ਜੋ ਹਰ ਰੋਜ਼ ਲੱਖਾਂ ਲੋਕਾਂ ਦੀ ਮੇਜ਼ ਤੱਕ ਪਹੁੰਚਦਾ ਹੈ।
ਸਸਤੇ ਮਾਸ ਦੀ ਦੌੜ ’ਤੇ ਮੁੜ ਸੋਚਣ ਦੀ ਲੋੜ
ਵਿਗਿਆਨੀਆਂ ਦੇ ਨਤੀਜੇ ਇਹ ਸੰਕੇਤ ਦਿੰਦੇ ਹਨ ਕਿ ਸਸਤੇ ਮਾਸ ਦੀ ਵਧਦੀ ਮੰਗ ਅਤੇ ਉਦਯੋਗਿਕ ਪੱਧਰ ’ਤੇ ਜਾਨਵਰਾਂ ਦੀ ਪਾਲਣਾ ਨਾਲ ਜੁੜੇ ਸਿਹਤ ਖ਼ਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮਸਲਾ ਚਿਕਨ ਖਾਣ ਜਾਂ ਪੋਲਟਰੀ ਫਾਰਮਿੰਗ ਦਾ ਵਿਰੋਧ ਕਰਨਾ ਨਹੀਂ, ਸਗੋਂ ਇਹ ਸਮਝਣਾ ਹੈ ਕਿ ਉਤਪਾਦਨ ਦਾ ਪੈਮਾਨਾ, ਪੰਛੀਆਂ ਦੀ ਘਣੀ ਆਬਾਦੀ, ਵਾਤਾਵਰਣ ਵਿੱਚ ਮਨੁੱਖੀ ਦਖ਼ਲ ਅਤੇ ਐਂਟੀਬਾਇਓਟਿਕ ਦੀ ਵਰਤੋਂ ਬੈਕਟੀਰੀਆ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ।
ਅਧਿਐਨ ਦੀ ਸਭ ਤੋਂ ਵੱਡੀ ਚੇਤਾਵਨੀ ਇਹ ਹੈ ਕਿ ਕੁਦਰਤ ਨਾਲ ਕੀਤੀ ਗਈ ਛੇੜਛਾੜ ਦਾ ਅਸਰ ਹਮੇਸ਼ਾ ਤੁਰੰਤ ਨਜ਼ਰ ਨਹੀਂ ਆਉਂਦਾ। ਕਈ ਵਾਰ ਉਸ ਦਾ ਨਤੀਜਾ ਇੱਕ ਅਜਿਹੇ ਬੈਕਟੀਰੀਆ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਜੋ ਪਹਿਲਾਂ ਨਾਲੋਂ ਵਧੇਰੇ ਤੇਜ਼ੀ ਨਾਲ ਫੈਲਦਾ ਹੈ ਅਤੇ ਦਵਾਈਆਂ ਦੇ ਸਾਹਮਣੇ ਵਧੇਰੇ ਮਜਬੂਤ ਹੋ ਜਾਂਦਾ ਹੈ।
ਸਸਤਾ ਪ੍ਰੋਟੀਨ ਮਨੁੱਖੀ ਖੁਰਾਕ ਦੀ ਲੋੜ ਪੂਰੀ ਕਰ ਸਕਦਾ ਹੈ, ਪਰ ਜੇ ਉਸ ਦੀ ਕੀਮਤ ਐਂਟੀਬਾਇਓਟਿਕ-ਰੋਧਕ ‘ਸੁਪਰਬੱਗ’ ਦੇ ਵਧਦੇ ਖ਼ਤਰੇ ਦੇ ਰੂਪ ਵਿੱਚ ਅਦਾ ਕਰਨੀ ਪਵੇ ਤਾਂ ਇਹ ਸਵਾਲ ਸਿਰਫ਼ ਸਿਹਤ ਦਾ ਨਹੀਂ ਰਹਿੰਦਾ। ਇਹ ਖੇਤੀਬਾੜੀ, ਵਾਤਾਵਰਣ ਅਤੇ ਮਨੁੱਖੀ ਜੀਵਨ ਦੇ ਭਵਿੱਖ ਨਾਲ ਜੁੜਿਆ ਸਵਾਲ ਬਣ ਜਾਂਦਾ ਹੈ।
