ਪੀ.ਏ.ਓ. ਦੀਆਂ ਤੀਆਂ `ਚ ਬੋਲੀਆਂ ਦਾ ਪਿੜ ਬੱਝਿਆ

ਖਬਰਾਂ

ਅਨੁਰੀਤ ਕੌਰ ਢਿੱਲੋਂ
ਸ਼ਿਕਾਗੋ: ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ (ਪੀ.ਏ.ਓ.) ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਪਿਛਲੇ 22 ਸਾਲਾਂ ਤੋਂ ਸਾਲਾਨਾ ਤੀਆਂ ਦਾ ਮੇਲਾ ਕਰਵਾਉਂਦੀ ਆ ਰਹੀ ਹੈ। ਇੱਥੇ ਪਰਦੇਸ ਦੀ ਧਰਤੀ `ਤੇ ਪੰਜਾਬ ਦੇ ਵਿਰਾਸਤੀ ਤਿਓਹਾਰ ਤੀਆਂ ਨੂੰ ਬੀਬੀਆਂ ਵੱਲੋਂ ਇਕੱਤਰ ਹੋ ਕੇ ਉਤਸ਼ਾਹ ਤੇ ਉਮੰਗਾਂ ਨਾਲ ਮਨਾਉਣਾ ਹੀ ਇਸ ਦਾ ਅਸਲ ਮਕਸਦ ਹੁੰਦਾ ਹੈ।

ਸੰਸਥਾ ਦਾ ਸਾਲਾਨਾ 22ਵਾਂ ਤੀਆਂ ਦਾ ਮੇਲਾ ਲੰਘੇ ਦਿਨੀਂ ਡਾਊਨਰਜ਼ ਗਰੂਵ ਦੇ ਆਸ਼ੀਆਨਾ ਬੈਂਕੁਇਟ ਹਾਲ ਵਿੱਚ ਕਰਵਾਇਆ ਗਿਆ। ਇਸ ਵਾਰ ਦੇ ਮੇਲੇ ਵਿੱਚ ਮੁੱਖ ਆਕਰਸ਼ਣ ਪੰਜਾਬੀ ਬੋਲੀਆਂ ਪਾਉਣ ਵਾਲੀ ਵਿਸ਼ੇਸ਼ ਗਾਇਕਾ ਹਰਮਨਦੀਪ ਦੀ ਪੇਸ਼ਕਾਰੀ ਅਤੇ ਫੈਸ਼ਨ ਸ਼ੋਅ ਸੀ। ਹਰਮਨਦੀਪ ਨੇ ‘ਤੈਨੂੰ ਮੋਗੇ ਦੀ ਮੰਡੀ `ਤੇ ਆਵਾਂ ਵੇਚ ਮੁੰਡਿਆ’, ‘ਟੁੱਟ ਪੈਣਾ ਨੀ ਲੰਬੜਾਂ ਦਾ ਮੁੰਡਾ’, ‘ਟੈਮ ਗੱਡੀ ਦਾ ਹੋਣ ਲੱਗਿਆ, ਜੇਠ ਮਾਰ ਕੇ ਭੰਬੂਕੜਾ ਰੋਣ ਲੱਗਿਆ’ ਸਮੇਤ ਅਨੇਕਾਂ ਬੋਲੀਆਂ ਪਾਈਆਂ। ਉਸ ਨੇ ਸੱਭਿਆਚਾਰਕ ਬੋਲੀਆਂ ਦੇ ਨਾਲ ਨਾਲ ਸੱਸ-ਨੂੰਹ, ਨਣਦ-ਭਰਜਾਈ, ਮਾਂਵਾਂ-ਧੀਆਂ, ਪਤੀ-ਪਤਨੀ ਸਮੇਤ ਹੋਰਨਾਂ ਰਿਸ਼ਤਿਆਂ ਨਾਲ ਸਬੰਧਤ ਮੋਹ-ਮੁਹੱਬਤ ਤੇ ਨੋਕ-ਝੋਕ ਨਾਲ ਲਬਰੇਜ਼ ਬੋਲੀਆਂ ਪਾ ਕੇ ਪਿੜ ਬੰਨ੍ਹੀ ਰੱਖਿਆ।
ਖਾਸ ਗੱਲ ਇਹ ਵੀ ਸੀ ਕਿ ਮੇਲ ਵਿੱਚ ਸ਼ਾਮਲ ਬੀਬੀਆਂ/ਕੁੜੀਆਂ ਤੇ ਬਜ਼ੁਰਗ ਔਰਤਾਂ ਵੀ ਸਟੇਜ ਅੱਗੇ ਖੜ੍ਹ ਬੋਲੀਆਂ ਸੁਣਦੀਆਂ-ਸੁਣਦੀਆਂ ਵਜਦ ਵਿੱਚ ਆ ਗਈਆਂ ਸਨ ਕਿ ਉਹ ਖੁਦ ਵੀ ਗਾਇਕਾ ਨਾਲ ਬੋਲੀਆਂ ਦੀ ਸੁਰ ਵਿੱਚ ਸੁਰ ਰਲ਼ਾਉਣ ਲੱਗ ਪਈਆਂ ਸਨ। ਇਹ ਸਭ ਦੇਖ/ਮਹਿਸੂਸ ਕਰ ਕੇ ਕਿ ਬੋਲੀਆਂ ਪਾਉਣ ਲਈ ਸਰੋਤਾ ਵਰਗ ਤੋਂ ਸਾਥ ਮਿਲਣ ਲੱਗਾ ਹੈ, ਬੋਲੀਆਂ ਵਾਲੀ ਗਾਇਕਾ ਵੀ ਪੂਰੀ ਖੇੜੇ ਵਿੱਚ ਆ ਗਈ ਸੀ। ਇੱਕ ਬੋਲੀ ਮੁੱਕਦੀ ਤਾਂ ਹੋਰ ਵੰਨ-ਸੁਵੰਨੇ ਲਹਿਜੇ ਵਾਲੀਆਂ ਬੋਲੀਆਂ ਨਿਰੰਤਰ ਜਾਰੀ ਸਨ ਅਤੇ ਨਾਲ ਨਾਲ ਅੱਡੀ ਤੇ ਤਾੜੀਆਂ ਦੇ ਸੁਮੇਲ ਨਾਲ ਝੁਰਮਟ ਵਿੱਚ ਪੈਂਦਾ ਗਿੱਧਾ ਕੁੜੀਆਂ/ਬੀਬੀਆਂ ਵੱਲੋਂ ਖੁਸ਼ੀਆਂ ਮਨਾਏ ਜਾਣ ਦਾ ਪ੍ਰਗਟਾਵਾ ਸੀ। ਢੋਲ `ਤੇ ਵੱਜਦਾ ਡੱਗਾ ਇਸ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਰਿਹਾ ਸੀ, ਕਿਉਂਕਿ ਪੰਜਾਬੀ ਸੱਭਿਆਚਾਰ ਵਿੱਚ ਢੋਲ ਦੀ ਤਾਲ ਖੁਸ਼ੀਆਂ-ਖੇੜੇ ਨੂੰ ਦੂਣ-ਸਵਾਇਆ ਕਰ ਦਿੰਦੀ ਹੈ।
ਇਸ ਵਿੱਚ ਕੋਈ ਦੋ-ਰਾਏ ਨਹੀਂ ਕਿ ਤੀਜ ਦੀਆਂ ਤੀਆਂ ਮਨਾਏ ਜਾਣ ਦਾ ਚਾਅ ਕੁਆਰੀਆਂ/ਵਿਆਹੀਆਂ-ਵਰੀਆਂ ਵਿੱਚ ਸੱਜਰਾ ਹੀ ਹੁੰਦਾ ਹੈ। ਪੀ.ਏ.ਓ. ਦੇ ਤੀਆਂ ਦੇ ਮੇਲੇ ਵਿੱਚ ਸਜ-ਧਜ ਕੇ ਆਈਆਂ ਮੇਲਣਾਂ ਇਸ ਗੱਲ ਦੀ ਗਵਾਹੀ ਵਾਂਗ ਸਨ ਕਿ ਬੇਸ਼ਕ ਉਹ ਇੱਥੇ ਕੰਮਾਂ-ਕਾਰਾਂ ਤੇ ਹੋਰ ਘਰੇਲੂ ਰੁਝੇਵਿਆਂ ਵਿੱਚ ਮਸ਼ਰੂਫ ਹੋਣ, ਪਰ ਹਾਰ-ਸ਼ਿੰਗਾਰ ਲਾ ਕੇ ਤੇ ਪਹਿਨ-ਪੱਚਰ ਕੇ ਆਪਣੇ ਚਾਅ-ਮਲ੍ਹਾਰ ਪੂਰੇ ਕਰਨਾ ਨਹੀਂ ਭੁੱਲਦੀਆਂ। ਮੇਲਾ ਕਿਉਂਕਿ ਸਿਰਫ ਬੀਬੀਆਂ ਲਈ ਸੀ, ਇਸ ਲਈ ਵੀ ਉਹ ਬੇਝਿਜਕ ਨੱਚੀਆਂ, ਬੋਲੀਆਂ ਪਾਈਆਂ ਅਤੇ ਹਾਸੇ-ਠੱਠੇ ਕਰਦੀਆਂ ਨੇ ਇੱਕ-ਦੂਜੀ ਨਾਲ ਕਲੋਲਾਂ ਵੀ ਕੀਤੀਆਂ। ਇਹ ਗੱਲ ਵੱਖਰੀ ਹੈ ਕਿ ਆਪ ਤੋਂ ਵੱਧ ਸੋਹਣੀ ਬਣ ਕੇ ਆਈ ਆਪਣੀ ਸਹੇਲੀ ਨੂੰ ਵੇਖ ਕੇ ਭਾਵੇਂ ਕੋਈ ਜਣੀ ਹੈਰਾਨ ਹੋ ਗਈ ਹੋਵੇ ਜਾਂ ਥੋੜ੍ਹੀ ਜਿਹੀ ਸੜ-ਮੱਚ ਗਈ ਹੋਵੇ, ਪਰ ਇੰਨਾ ਜ਼ਰੂਰ ਸੀ ਕਿ ਜ਼ਿਆਦਾਤਰ ਬੀਬੀਆਂ/ਕੁੜੀਆਂ ਇੱਕ-ਦੂਜੀ ਨੂੰ ਖਿੜੇ ਮੱਥੇ ਮਿਲ ਰਹੀਆਂ ਸਨ।
ਮੇਲੇ ਦੀਆਂ ਪ੍ਰਬੰਧਕ ਬੀਬੀਆਂ ਦੀਆਂ ਕੋਸ਼ਿਸ਼ਾਂ ਤੋਂ ਵੀ ਇਹੋ ਜ਼ਾਹਰ ਸੀ ਕਿ ਉਹ ਆਈਆਂ ਮਹਿਮਾਨ ਮੇਲਣਾਂ ਨੂੰ ਮਨੋਰੰਜਨ ਦਾ ਮੰਚ ਮੁਹੱਈਆ ਕਰਨਾ ਚਾਹੁੰਦੀਆਂ ਹਨ ਤੇ ਇਸ ਲਈ ਬੋਲੀਆਂ ਤੇ ਗਾਇਕੀ ਅਤੇ ਗਿੱਧਾ, ਦੋ ਪਾਤਰਾਂ ਵਾਲੀ ਅਦਾਕਾਰੀ, ਕੋਰਿਓਗ੍ਰਾਫੀ ਆਦਿ ਪੇਸ਼ਕਾਰੀਆਂ ਤੀਆਂ ਦੇ ਮੇਲੇ ਦਾ ਹਿੱਸਾ ਸਨ। ਸ਼ੁਰੂ ਵਿੱਚ ਵਿਆਹਾਂ ਵਿੱਚ ਗੌਣ ਬੈਠਣ ਵਾਂਗ ਬੀਬੀਆਂ ਦੇ ਇੱਕ ਗਰੁੱਪ, ਜਿਸ ਵਿੱਚ ਸੰਸਥਾ ਦੀਆਂ ਪ੍ਰਬੰਧਕ ਬੀਬੀਆਂ ਵੀ ਸ਼ਾਮਲ ਸਨ, ਨੇ ਗੀਤ ਗਾਏ। ਕੁਝ ਬੀਬੀਆਂ ਨੇ ਢੋਲਕੀ ਦੀ ਥਾਪ `ਤੇ ਗਾਇਆ ਵੀ। ਇਸ ਤੋਂ ਇਲਾਵਾ ਮਿਲਵਾਕੀ ਤੋਂ ਗਾਇਕਾ ਪੂਜਾ ਧਾਲੀਵਾਲ ਨੇ ‘ਵੇ ਸੋਨੇ ਦਿਆ ਕੰਗਣਾ’ ਅਤੇ ਸ਼ਿਕਾਗੋ ਦੀ ਗਾਇਕਾ ਮਨਮੀਤ ਕੌਰ ਨੇ ‘ਲੱਠੇ ਦੀ ਚਾਦਰ’ ਤੇ ‘ਕਾਲਾ ਸ਼ਾਹ ਕਾਲਾ’ ਗੀਤ ਪੇਸ਼ ਕੀਤੇ। ਇਸ ਮੌਕੇ ਪ੍ਰਬੰਧਕ ਬੀਬੀਆਂ ਵੀ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੀਆਂ-ਨਿਭਾਉਂਦੀਆਂ ਨੱਚਣ ਲੱਗ ਪਈਆਂ ਸਨ।
ਤੀਆਂ ਦੌਰਾਨ ‘ਲਿਟਲ ਭੰਗੜਾ ਪਾਵਰ ਗਰਲ’, ‘ਗਿੱਧਾ ਬਾਏ ਵਿਰਾਸਤ ਡਾਂਸ ਅਕੈਡਮੀ’ (ਕੋਆਰਡੀਨੇਟਰ ਨੀਤੀ ਕੇ.) ਨੇ ਗਿੱਧਾ ਪੇਸ਼ ਕੀਤਾ। ਫਿਰ ਪਾਇਲ ਵਿਰਦੀ ਦੀ ਟੀਮ ‘ਗਿੱਧਾ ਧੀਆਂ ਦਾ’ ਨੇ ਰਲਵਾਂ-ਮਿਲਵਾਂ ਪੰਜਾਬੀ ਭੰਗੜਾ-ਗਿੱਧਾ ਪੇਸ਼ ਕੀਤਾ। ਕੋਆਰਡੀਨੇਟਰ ਨੇਹਾ ਸੋਬਤੀ ਦੀ ਛੋਟੀਆਂ ਬੱਚੀਆਂ ਦੀ ਟੀਮ ‘ਪੰਜਾਬ ਦੀਆਂ ਸ਼ੇਰਨੀਆਂ’ ਨੇ ਡਾਂਸ ਪੇਸ਼ ਕੀਤਾ। ਇਸ ਤੋਂ ਇਲਾਵਾ ਚਾਰ ਵੱਡੀਆਂ ਕੁੜੀਆਂ ਦੀ ਟੀਮ ‘ਪੰਜਾਬ ਦੀਆਂ ਸ਼ੇਰਨੀਆਂ’ ਨੇ ਗੀਤਾਂ ਉਤੇ ਕੋਰਿਓਗ੍ਰਾਫੀ ਕੀਤੀ। ‘ਰੂਹ ਪੰਜਾਬ ਦੀ’ ਟੀਮ ਦੀਆਂ ਪੰਜ ਕੁੜੀਆਂ ਨੇ ਗਿੱਧਾ-ਭੰਗੜਾ ਪੇਸ਼ ਕੀਤਾ। ਟੀਮ ਰਿਤੂ ਮਿਊਜ਼ੀਕਲ ਗਰੁੱਪ ਦੀ ਰਿਤੂ ਕੌਰ ਤੇ ਪੀਆ ਸ਼ਰਮਾ ਨੇ ਤਿੰਨ ਗੀਤਾਂ- ‘ਕੁੜੀਆਂ-ਚਿੜੀਆਂ ਨੇ ਇੱਕ ਦਿਨ ਉਡ ਜਾਣਾ’, ‘ਮੈਨੂੰ ਤੇ ਐਸਾ ਮਾਹੀ ਲੈ ਦੇ ਨੀ ਮਾਏ’ ਅਤੇ ‘ਵੇ ਮੈਂ ਤੇਰੇ ਲੜ ਲੱਗੀ ਆਂ ਵੇ ਰਾਂਝਣਾ’ ਗੀਤਾਂ ਉਤੇ ਪਤੀ-ਪਤਨੀ ਦਾ ਸਵਾਂਗ ਰਚਦਿਆਂ ਪੇਸ਼ਕਾਰੀ ਕੀਤੀ। ਮੰਚ ਸੰਚਾਲਨ ਗੁਰਲੀਨ ਕੌਰ ਨੇ ਬਾਖੂਬੀ ਕੀਤਾ। ਉਸ ਨੇ ਆਈਆਂ ਮੇਲਣਾਂ ਦੀ ਤਾਰੀਫ ਵਿੱਚ ਵੱਖ-ਵੱਖ ਸ਼ੇਅਰ ਸੁਣਾਏ।
ਇਸ ਮੌਕੇ ਫੈਸ਼ਨ ਸ਼ੋਅ ਵੀ ਹੋਇਆ, ਜਿਸ ਦੌਰਾਨ ਹਿੱਸਾ ਲੈਣ ਵਾਲੀਆਂ ਮੇਲਣਾਂ ਨੇ ਵੱਖ-ਵੱਖ ਡਿਜ਼ਾਈਨ ਦੀਆਂ ਪੋਸ਼ਾਕਾਂ ਪਾ ਕੇ ਸਟੇਜ ਉਤੇ ਪ੍ਰਦਰਸ਼ਿਤ ਕੀਤੀਆਂ ਅਤੇ ਅਖੀਰ ਵਿੱਚ ਡਾਂਸ ਕੀਤਾ। ਇਹ ਫੈਸ਼ਨ ਸ਼ੌਅ ‘ੳਮਅਨਅ ਛੋੁਟੁਰੲ’ ਦੀ ਡਿਜ਼ਾਈਨਰ ਅਮਨ ਢਿੱਲੋਂ ਵੱਲੋਂ ਸਪਾਂਸਰ ਕੀਤਾ ਗਿਆ ਸੀ ਅਤੇ ਇਸ ਦੇ ਕੋਆਰਡੀਨੇਟਰ ਪ੍ਰਭ ਖਹਿਰਾ, ਨੈਨਾ ਸਿੰਘ ਤੇ ਕਮਲ ਹੁੰਜਣ ਸਨ।
ਭਾਵੇਂ ਮੇਲਾ ਸ਼ੁਰੂ ਵਿੱਚ ਖਾਲੀ-ਖਾਲੀ ਲੱਗ ਰਿਹਾ ਸੀ, ਪਰ ਜਿਉਂ-ਜਿਉਂ ਸਮਾਂ ਵਧਦਾ ਗਿਆ, ਮੇਲਾ ਵੀ ਭਰਦਾ ਗਿਆ; ਅਖੀਰ ਵਿੱਚ ਮੇਲਾ ਸਫਲ ਹੋ ਨਿਬੜਿਆ। ਪੀ.ਏ.ਓ. ਦੀਆਂ ਤੀਆਂ ਖੁੱਲ੍ਹੇ ਅਸਮਾਨ ਹੇਠ ਨਾ ਹੋਣ ਦੇ ਬਾਵਜੂਦ ਮੇਲੇ ਵਿੱਚ ਆਈਆਂ ਕੁਆਰੀਆਂ/ਵਿਆਹੀਆਂ ਅਤੇ ਅਧਰੇੜ ਉਮਰ ਦੀਆਂ ਬੀਬੀਆਂ ਨੇ ਪੂਰੇ ਚਾਅਵਾਂ ਨਾਲ ਤੀਆਂ ਮਨਾਈਆਂ। ਤੀਆਂ ਨੂੰ ਮੁੱਖ ਰੱਖਦਿਆਂ ਉਹ ਰਵਾਇਤੀ ਪੰਜਾਬੀ ਪਹਿਰਾਵਾ ਪਾ ਕੇ ਤੇ ਪੂਰਾ ਹਾਰ-ਸ਼ਿੰਗਾਰ ਲਾ ਕੇ ਪਹੁੰਚੀਆਂ ਹੋਈਆਂ ਸਨ; ਉਹ ਇੱਕ ਤੋਂ ਇੱਕ ਵਧ ਕੇ ਜਚ ਰਹੀਆਂ ਸਨ। ਕਈ ਕੁੜੀਆਂ ਫੋਨ ਉਤੇ ਹੀ ਰੀਲ੍ਹਾਂ ਬਣਾ-ਬਣਾ ਤੇ ਵੱਖ-ਵੱਖ ਪੋਜ਼ ਵਿੱਚ ਫੋਟੋਆਂ ਖਿੱਚ ਕੇ ਮਨ-ਪ੍ਰਚਾਵਾ ਕਰ ਰਹੀਆਂ ਸਨ। ਦੂਜੇ ਪਾਸੇ ਪੰਜਾਬੀ ਸੂਟਾਂ, ਫੁਲਕਾਰੀਆਂ, ਪੰਜਾਬੀ ਜੁੱਤੀਆਂ, ਗਹਿਣੇ-ਗੱਟਿਆਂ ਅਤੇ ਮਹਿੰਦੀ ਲਾਉਣ ਵਾਲੇ ਸਟਾਲਾਂ `ਤੇ ਰੌਣਕਾਂ ਸਨ। ਮੇਲਣਾਂ ਨੇ ਖਰੀਦੋ-ਫਰੋਖਤ ਤਾਂ ਕੀਤੀ ਹੀ, ਸਗੋਂ ਆਪੋ-ਆਪਣੇ ਗਰੁੱਪ ਵਿੱਚ ਬੈਠੀਆਂ ਗੱਲਾਂ-ਬਾਤਾਂ ਕਰ ਦੁੱਖ-ਸੁੱਖ ਵੀ ਫਰੋਲ਼ੇ। ਤੀਆਂ ਦੇ ਮੇਲੇ ਦਾ ਇਸ ਸਾਲ ਦਾ ਪ੍ਰਬੰਧ ਕਾਫੀ ਵਧੀਆ ਸੀ ਅਤੇ ਸਭ ਨੇ ਖਾਣੇ ਦੀ ਵੀ ਕਾਫੀ ਤਾਰੀਫ ਕੀਤੀ ਤੇ ਤਾਜ਼ਾ ਜਲੇਬੀਆਂ ਖਾ ਕੇ ਅਨੰਦ ਵੀ ਮਾਣਿਆ।
ਪ੍ਰਬੰਧਕੀ ਟੀਮ ਵੱਲੋਂ ਹਰ ਪੇਸ਼ਕਾਰੀ ਵਿੱਚ ਹਿੱਸਾ ਲੈਣ ਵਾਲੀ ਟੀਮ ਦਾ ਗਿਫਤ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਔਰਤ ਸਪਾਂਸਰਾਂ ਦਾ ਵੀ ਸਨਮਾਨ ਕੀਤਾ ਗਿਆ। ਉਂਜ ਦਰਸ਼ਨ ਸਿੰਘ ਧਾਲੀਵਾਲ ਤੇ ਡੈਬਰਾ ਧਾਲੀਵਾਲ, ਜਪਨੀਤ ਖਹਿਰਾ ਤੇ ਪਰਿਵਾਰ, ਰਾਜ ਤੇ ਭੁਪਿੰਦਰ ਸਿੰਘ ਧਾਲੀਵਾਲ ਅਤੇ ਜੋਡੀ ਭਮਰਾ ਤੇ ਮੈਕ ਭਮਰਾ ਮੁੱਖ ਸਪਾਂਸਰਾਂ ਵਿੱਚ ਸ਼ਾਮਲ ਸਨ।
ਅਖੀਰ ਵਿੱਚ ਪ੍ਰਬੰਧਕੀ ਟੀਮ ਵੱਲੋਂ ਮਿਨੀ ਮੁਲਤਾਨੀ ਨੇ ਮੰਚ ਤੋਂ ਦੂਰੋ-ਨੇੜਿਓਂ ਆਈਆਂ ਸਭ ਮਹਿਮਾਨ ਮੇਲਣਾਂ, ਸਪਾਂਸਰਾਂ, ਟੀਮਾਂ, ਸਹਿਯੋਗਣਾਂ ਦਾ ਧੰਨਵਾਦ ਕੀਤਾ। ਤੀਆਂ ਕਮੇਟੀ ਵਿੱਚ ਚੇਅਰਪਰਸਨ ਸੁੱਖੀ ਕੇ. ਸਿੰਘ, ਪ੍ਰਧਾਨ ਜਸਮੀਤ ਸੂਗਾ ਤੇ ਹੋਰ ਮੈਂਬਰ ਬੀਬੀਆਂ- ਮਿਨੀ ਮੁਲਤਾਨੀ, ਨੇਹਾ ਵਾਲੀਆ, ਰਾਜਿੰਦਰ ਕੇ. ਮਾਗੋ, ਨੈਨਾ ਸਿੰਘ, ਸ਼ੀਤਲ ਕਾਲੜਾ, ਰੋਜ਼ੀ ਰੇਹਲ, ਸ਼ਾਲੂ ਛਾਬੜਾ, ਪ੍ਰਭ ਖਹਿਰਾ, ਕਮਲ ਹੁੰਝਣ, ਗੁਰਪ੍ਰੀਤ ਕੇ. ਸਿੰਘ, ਪੰਮੀ ਸੰਘਾ, ਜੀਵਨ ਧਾਮੀ, ਜੋਤੀ ਖਹਿਰਾ ਤੇ ਪਿੰਕੀ ਵਾਲੀਆ ਸ਼ਾਮਲ ਸਨ, ਜਿਨ੍ਹਾਂ ਦੇ ਸਾਂਝੇ ਉਦਮ ਕਰਕੇ ਤੀਆਂ ਦਾ ਮੇਲਾ ਯਾਦਗਾਰੀ ਹੋ ਨਿਬੜਿਆ।

Leave a Reply

Your email address will not be published. Required fields are marked *