ਵਰਿੰਦਰ ਜੋਸ਼ੀ
ਆਰਟੀਫ਼ਿਸ਼ਲ ਇੰਟੈਲੀਜੈਂਸ (ਏ.ਆਈ.) ਨੂੰ ਅੱਜ ਦੁਨੀਆ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਮੰਨਿਆ ਜਾ ਰਿਹਾ ਹੈ। ਬਿਜਲੀ ਦੀ ਮੰਗ ਦਾ ਅੰਦਾਜ਼ਾ ਲਗਾਉਣ ਤੋਂ ਲੈ ਕੇ ਸੂਰਜੀ ਅਤੇ ਹਵਾ ਤੋਂ ਬਣਦੀ ਬਿਜਲੀ ਦੀ ਕਾਰਗੁਜ਼ਾਰੀ ਸੁਧਾਰਨ ਤੱਕ, ਏ.ਆਈ. ਦਾ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਲਵਾਯੂ ਤਬਦੀਲੀ ਨਾਲ ਲੜਨ ਵਿੱਚ ਵੀ ਵੱਡੀ ਭੂਮਿਕਾ ਨਿਭਾ ਸਕਦੀ ਹੈ।
ਪਰ ਹੁਣ ਇੱਕ ਨਵੀਂ ਖੋਜ ਨੇ ਏ.ਆਈ. ਦਾ ਦੂਜਾ ਪਾਸਾ ਵੀ ਸਾਹਮਣੇ ਲਿਆਂਦਾ ਹੈ। ਅਧਿਐਨ ਮੁਤਾਬਕ ਏ.ਆਈ. ਜਿੰਨੀ ਤੇਜ਼ੀ ਨਾਲ ਸਾਫ਼ ਊਰਜਾ ਦੇ ਉਤਪਾਦਨ ਅਤੇ ਵਰਤੋਂ ਨੂੰ ਬਿਹਤਰ ਬਣਾ ਸਕਦੀ ਹੈ, ਉਤਨੀ ਹੀ ਤੇਜ਼ੀ ਨਾਲ ਤੇਲ, ਗੈਸ ਅਤੇ ਕੋਲੇ ਦੇ ਉਤਪਾਦਨ ਨੂੰ ਵੀ ਵਧਾ ਸਕਦੀ ਹੈ। ਜੇ ਅਜਿਹਾ ਹੋਇਆ ਤਾਂ ਸਾਫ਼ ਊਰਜਾ ਤੋਂ ਹੋਣ ਵਾਲੇ ਪ੍ਰਦੂਸ਼ਣ ਵਿੱਚ ਕਮੀ ਨਾਲੋਂ ਜ਼ਿਆਦਾ ਪ੍ਰਦੂਸ਼ਣ ਏ.ਆਈ. ਦੀ ਮਦਦ ਨਾਲ ਵਧੇ ਉਤਪਾਦਨ ਕਾਰਨ ਹੋ ਸਕਦਾ ਹੈ।
ਸਾਲਾਨਾ 180 ਕਰੋੜ ਟਨ ਤੱਕ ਵਧ ਸਕਦਾ ਹੈ ਨਿਕਾਸ
ਅਧਿਐਨ ਵਿੱਚ ਏ.ਆਈ. ਦੇ ਊਰਜਾ ਖੇਤਰ ਉੱਤੇ ਪ੍ਰਭਾਵ ਨੂੰ ਸਮਝਣ ਲਈ 64 ਵੱਖ-ਵੱਖ ਸੰਭਾਵਿਤ ਹਾਲਾਤ ਦਾ ਅਧਿਐਨ ਕੀਤਾ ਗਿਆ। ਇਸ ਵਿੱਚ ਦੇਖਿਆ ਗਿਆ ਕਿ ਜੇ ਏ.ਆਈ. ਦੀ ਮਦਦ ਨਾਲ ਜੀਵਾਸ਼ਮ ਈਂਧਨ ਅਤੇ ਨਵਿਆਉਣਯੋਗ ਊਰਜਾ- ਦੋਵਾਂ ਦੀ ਉਤਪਾਦਕਤਾ ਵਧਦੀ ਹੈ ਤਾਂ ਇਸ ਦਾ ਕੁੱਲ ਵਾਤਾਵਰਨੀ ਪ੍ਰਭਾਵ ਕੀ ਹੋਵੇਗਾ।
ਮਾਡਲ ਮੁਤਾਬਕ ਏ.ਆਈ. ਕਾਰਨ ਦੁਨੀਆ ਵਿੱਚ ਹਰ ਸਾਲ 47 ਕਰੋੜ ਤੋਂ 180 ਕਰੋੜ ਟਨ ਤੱਕ ਵਾਧੂ ਕਾਰਬਨ ਡਾਈਆਕਸਾਈਡ ਨਿਕਾਸ ਹੋ ਸਕਦਾ ਹੈ। ਇਹ 2024 ਦੇ ਵਿਸ਼ਵ ਊਰਜਾ-ਸਬੰਧੀ ਨਿਕਾਸ ਦਾ ਲਗਭਗ 1.2 ਤੋਂ 4.8 ਫ਼ੀਸਦੀ ਬਣਦਾ ਹੈ। ਇਹ ਕੋਈ ਪੱਕੀ ਭਵਿੱਖਬਾਣੀ ਨਹੀਂ। ਖੋਜਕਾਰਾਂ ਦਾ ਮਕਸਦ ਇਹ ਦਿਖਾਉਣਾ ਹੈ ਕਿ ਏ.ਆਈ. ਦਾ ਜਲਵਾਯੂ ਉੱਤੇ ਪ੍ਰਭਾਵ ਸਿਰਫ਼ ਇਹ ਦੇਖ ਕੇ ਨਹੀਂ ਸਮਝਿਆ ਜਾ ਸਕਦਾ ਕਿ ਏ.ਆਈ. ਚਲਾਉਣ ਵਾਲੇ ਡਾਟਾ ਕੇਂਦਰ ਕਿੰਨੀ ਬਿਜਲੀ ਵਰਤਦੇ ਹਨ। ਅਸਲ ਕਹਾਣੀ ਇਸ ਤੋਂ ਕਿਤੇ ਵੱਡੀ ਹੈ।
ਮਸਲਾ ਸਿਰਫ਼ ਡਾਟਾ ਸੈਂਟਰਾਂ ਦੀ ਬਿਜਲੀ ਨਹੀਂ
ਏ.ਆਈ. ਬਾਰੇ ਜਲਵਾਯੂ ਚਰਚਾ ਹੁਣ ਤੱਕ ਜ਼ਿਆਦਾਤਰ ਡਾਟਾ ਸੈਂਟਰਾਂ ਦੀ ਬਿਜਲੀ ਖਪਤ ਦੇ ਆਲੇ-ਦੁਆਲੇ ਰਹੀ ਹੈ। ਏ.ਆਈ. ਦੇ ਵੱਡੇ ਮਾਡਲਾਂ ਨੂੰ ਚਲਾਉਣ ਲਈ ਬਹੁਤ ਸਾਰੇ ਕੰਪਿਊਟਰ ਅਤੇ ਸਰਵਰ ਲੋੜੀਂਦੇ ਹਨ ਅਤੇ ਉਨ੍ਹਾਂ ਨੂੰ ਬਿਜਲੀ ਦੀ ਵੱਡੀ ਮਾਤਰਾ ਚਾਹੀਦੀ ਹੈ। ਪਰ ਨਵੀਂ ਖੋਜ ਇੱਕ ਹੋਰ ਸਵਾਲ ਪੁੱਛਦੀ ਹੈ-ਜੇ ਏ.ਆਈ. ਤੇਲ ਅਤੇ ਗੈਸ ਕੱਢਣ ਨੂੰ ਹੋਰ ਸੌਖਾ, ਤੇਜ਼ ਅਤੇ ਸਸਤਾ ਬਣਾ ਦੇਵੇ ਤਾਂ ਕੀ ਹੋਵੇਗਾ?
ਤੇਲ ਅਤੇ ਗੈਸ ਉਦਯੋਗ ਪਹਿਲਾਂ ਹੀ ਏ.ਆਈ. ਦੀ ਵਰਤੋਂ ਕਰ ਰਿਹਾ ਹੈ। ਇਸ ਦੀ ਮਦਦ ਨਾਲ ਜ਼ਮੀਨ ਹੇਠਲੇ ਭੰਡਾਰਾਂ ਦੀ ਪਛਾਣ, ਡ੍ਰਿਲਿੰਗ ਦੀ ਯੋਜਨਾ, ਉਤਪਾਦਨ ਦੀ ਨਿਗਰਾਨੀ, ਮਸ਼ੀਨਾਂ ਦੀ ਮੁਰੰਮਤ ਅਤੇ ਗੈਸ ਲੀਕ ਦੀ ਪਛਾਣ ਵਰਗੇ ਕੰਮ ਕੀਤੇ ਜਾ ਰਹੇ ਹਨ। ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ.ਈ.ਏ.) ਵੀ ਮੰਨਦੀ ਹੈ ਕਿ ਡਿਜ਼ੀਟਲ ਤਕਨੀਕਾਂ ਤੇਲ ਤੇ ਗੈਸ ਦੇ ਉਤਪਾਦਨ ਦੀ ਲਾਗਤ ਘਟਾ ਸਕਦੀਆਂ ਹਨ ਅਤੇ ਤਕਨੀਕੀ ਤੌਰ ’ਤੇ ਕੱਢੇ ਜਾ ਸਕਣ ਵਾਲੇ ਤੇਲ ਤੇ ਗੈਸ ਦੇ ਸਰੋਤਾਂ ਵਿੱਚ ਲਗਭਗ 5 ਫ਼ੀਸਦੀ ਤੱਕ ਵਾਧਾ ਕਰ ਸਕਦੀਆਂ ਹਨ। ਆਈ.ਈ.ਏ. ਦੇ ਇੱਕ ਹੋਰ ਵਿਸ਼ਲੇਸ਼ਣ ਅਨੁਸਾਰ ਏ.ਆਈ. ਨਾਲ ਡੂੰਘੇ ਸਮੁੰਦਰ ਵਿੱਚ ਤੇਲ ਕੱਢਣ ਵਾਲੇ ਨਵੇਂ ਪ੍ਰਾਜੈਕਟਾਂ ਦੀ ਲਾਗਤ 10 ਫ਼ੀਸਦੀ ਤੱਕ ਘਟ ਸਕਦੀ ਹੈ।
ਇੱਥੇ ਖ਼ਤਰਾ ਸਮਝਣਾ ਮੁਸ਼ਕਲ ਨਹੀਂ। ਜੇ ਕੋਈ ਤਕਨੀਕ ਕਿਸੇ ਪੁਰਾਣੇ ਅਤੇ ਮਹਿੰਗੇ ਤੇਲ ਭੰਡਾਰ ਨੂੰ ਕੱਢਣਾ ਸਸਤਾ ਬਣਾ ਦਿੰਦੀ ਹੈ ਤਾਂ ਉਹ ਭੰਡਾਰ ਮੁੜ ਵਪਾਰਕ ਤੌਰ ’ਤੇ ਲਾਭਦਾਇਕ ਬਣ ਸਕਦਾ ਹੈ। ਇਸ ਨਾਲ ਤੇਲ ਅਤੇ ਗੈਸ ਦਾ ਉਤਪਾਦਨ ਵਧ ਸਕਦਾ ਹੈ।
ਏ.ਆਈ. ਸਾਫ਼ ਊਰਜਾ ਲਈ ਵੀ ਵੱਡਾ ਹਥਿਆਰ ਹੈ
ਪਰ ਏ.ਆਈ. ਨੂੰ ਸਿਰਫ਼ ਖਲਨਾਇਕ ਵਜੋਂ ਦੇਖਣਾ ਵੀ ਸਹੀ ਨਹੀਂ ਹੋਵੇਗਾ। ਏ.ਆਈ. ਸੂਰਜੀ ਅਤੇ ਹਵਾ ਤੋਂ ਬਣਨ ਵਾਲੀ ਬਿਜਲੀ ਦੀ ਭਵਿੱਖਬਾਣੀ ਨੂੰ ਬਿਹਤਰ ਕਰ ਸਕਦੀ ਹੈ। ਇਹ ਬਿਜਲੀ ਦੇ ਗਰਿੱਡ ਨੂੰ ਸੰਤੁਲਿਤ ਕਰਨ, ਮਸ਼ੀਨਾਂ ਦੀ ਸਮੇਂ ਸਿਰ ਮੁਰੰਮਤ ਕਰਨ ਅਤੇ ਬਿਜਲੀ ਦੀ ਬਰਬਾਦੀ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਆਈ.ਈ.ਏ. ਅਨੁਸਾਰ ਏ.ਆਈ. ਨਵਿਆਉਣਯੋਗ ਊਰਜਾ ਨੂੰ ਗਰਿੱਡ ਨਾਲ ਜੋੜਨ ਅਤੇ ਬਿਜਲੀ ਦੀ ਉਪਲਬਧਤਾ ਦੀ ਭਵਿੱਖਬਾਣੀ ਵਿੱਚ ਮਦਦ ਕਰ ਸਕਦੀ ਹੈ।
ਇਸੇ ਕਰਕੇ ਅਸਲ ਸਵਾਲ ਇਹ ਨਹੀਂ ਕਿ ਏ.ਆਈ. ਚੰਗੀ ਹੈ ਜਾਂ ਮਾੜੀ। ਅਸਲ ਸਵਾਲ ਇਹ ਹੈ ਕਿ ਇਸ ਦੀ ਵਧਦੀ ਤਾਕਤ ਦਾ ਸਭ ਤੋਂ ਵੱਡਾ ਲਾਭ ਕਿਸ ਨੂੰ ਮਿਲ ਰਿਹਾ ਹੈ-ਸਾਫ਼ ਊਰਜਾ ਨੂੰ ਜਾਂ ਤੇਲ, ਗੈਸ ਅਤੇ ਕੋਲੇ ਨੂੰ?
ਸਾਫ਼ ਊਰਜਾ ਨੂੰ ਚਾਰ-ਪੰਜ ਗੁਣਾ ਤੇਜ਼ੀ ਚਾਹੀਦੀ ਹੈ
ਇਸ ਅਧਿਐਨ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇ ਏ.ਆਈ. ਦੀ ਵਰਤੋਂ ਜੀਵਾਸ਼ਮ ਈਂਧਨ ਅਤੇ ਨਵਿਆਉਣਯੋਗ ਊਰਜਾ- ਦੋਵਾਂ ਖੇਤਰਾਂ ਵਿੱਚ ਲਗਭਗ ਇੱਕੋ ਰਫ਼ਤਾਰ ਨਾਲ ਹੁੰਦੀ ਹੈ ਤਾਂ ਸਿਰਫ਼ ਸਾਫ਼ ਊਰਜਾ ਵਿੱਚ ਸੁਧਾਰ ਕਾਫ਼ੀ ਨਹੀਂ ਹੋਵੇਗਾ।
ਖੋਜਕਾਰਾਂ ਦੇ ਮਾਡਲ ਅਨੁਸਾਰ ਨਵਿਆਉਣਯੋਗ ਊਰਜਾ ਵਿੱਚ ਏ.ਆਈ. ਨਾਲ ਹੋਣ ਵਾਲਾ ਉਤਪਾਦਕਤਾ ਲਾਭ ਜੀਵਾਸ਼ਮ ਈਂਧਨ ਵਿੱਚ ਹੋਣ ਵਾਲੇ ਲਾਭ ਨਾਲੋਂ ਘੱਟੋ-ਘੱਟ ਚਾਰ ਤੋਂ ਪੰਜ ਗੁਣਾ ਵੱਧ ਹੋਣਾ ਚਾਹੀਦਾ ਹੈ ਤਾਂ ਜੋ ਕੁੱਲ ਨਿਕਾਸ ਵਿੱਚ ਵਾਧਾ ਨਾ ਹੋਵੇ।
ਇਸ ਦਾ ਸਿੱਧਾ ਮਤਲਬ ਹੈ ਕਿ ਜੇ ਏ.ਆਈ. ਤੇਲ ਕੱਢਣ ਦੀ ਲਾਗਤ ਘਟਾਉਣ ਵਿੱਚ ਬਹੁਤ ਤੇਜ਼ੀ ਨਾਲ ਸਫ਼ਲ ਹੋ ਰਹੀ ਹੈ, ਪਰ ਸੂਰਜੀ ਅਤੇ ਹਵਾ ਦੀ ਊਰਜਾ ਨੂੰ ਉਸੇ ਪੱਧਰ ਦੀ ਮਦਦ ਨਹੀਂ ਮਿਲ ਰਹੀ ਤਾਂ ਤਕਨੀਕ ਦਾ ਕੁੱਲ ਨਤੀਜਾ ਧਰਤੀ ਦੇ ਹੱਕ ਵਿੱਚ ਨਹੀਂ ਜਾਵੇਗਾ।
ਇਹ ‘ਵਾਧੂ ਨਿਕਾਸ’ ਕਿੱਥੋਂ ਆਉਂਦਾ ਹੈ?
ਖੋਜਕਾਰਾਂ ਨੇ ਇਸ ਨੂੰ ‘ਐਨੇਬਲਡ ਐਮੀਸ਼ਨਜ਼’ ਯਾਨੀ ਤਕਨੀਕ ਨਾਲ ਸੰਭਵ ਹੋਣ ਵਾਲਾ ਵਾਧੂ ਨਿਕਾਸ, ਕਿਹਾ ਹੈ। ਇਹ ਉਹ ਨਿਕਾਸ ਹੈ, ਜੋ ਸਿੱਧੇ ਏ.ਆਈ. ਮਸ਼ੀਨਾਂ ਤੋਂ ਨਹੀਂ, ਸਗੋਂ ਇਸ ਗੱਲ ਤੋਂ ਪੈਦਾ ਹੁੰਦਾ ਹੈ ਕਿ ਏ.ਆਈ. ਕਿਸੇ ਪ੍ਰਦੂਸ਼ਣਕਾਰੀ ਉਦਯੋਗ ਨੂੰ ਹੋਰ ਉਤਪਾਦਨ ਕਰਨ ਦੇ ਯੋਗ ਬਣਾ ਦਿੰਦੀ ਹੈ।
ਇਹ ਫ਼ਰਕ ਬਹੁਤ ਮਹੱਤਵਪੂਰਨ ਹੈ।
ਮਿਸਾਲ ਲਈ, ਜੇ ਇੱਕ ਕੰਪਨੀ ਏ.ਆਈ. ਦੀ ਮਦਦ ਨਾਲ ਨਵਾਂ ਤੇਲ ਭੰਡਾਰ ਲੱਭ ਲੈਂਦੀ ਹੈ, ਡ੍ਰਿਲਿੰਗ ਦਾ ਖ਼ਰਚਾ ਘਟਾ ਦਿੰਦੀ ਹੈ ਅਤੇ ਉਤਪਾਦਨ ਵਧਾ ਦਿੰਦੀ ਹੈ ਤਾਂ ਉਸ ਵਾਧੂ ਤੇਲ ਦੇ ਸੜਨ ਨਾਲ ਹੋਣ ਵਾਲਾ ਨਿਕਾਸ ਵੀ ਏ.ਆਈ. ਦੀ ਅਸਲ ਵਾਤਾਵਰਨੀ ਕੀਮਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਤਕਨੀਕ ਨਹੀਂ, ਉਸ ਦੀ ਦਿਸ਼ਾ ਮਹੱਤਵਪੂਰਨ ਹੈ
ਇੱਥੇ ਇੱਕ ਹੋਰ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਕੀ ਏ.ਆਈ. ਦੀ ਵਰਤੋਂ ਦਾ ਫ਼ੈਸਲਾ ਸਿਰਫ਼ ਕੰਪਨੀਆਂ ਦੇ ਮੁਨਾਫ਼ੇ ਤੈਅ ਕਰਨਗੇ ਜਾਂ ਸਮਾਜ ਦੇ ਲੰਮੇ ਸਮੇਂ ਦੇ ਹਿੱਤ ਵੀ ਇਸ ਵਿੱਚ ਸ਼ਾਮਲ ਹੋਣਗੇ? ਤੇਲ ਅਤੇ ਗੈਸ ਕੰਪਨੀਆਂ ਲਈ ਏ.ਆਈ. ਉਤਪਾਦਨ ਵਧਾਉਣ ਦਾ ਸਾਧਨ ਹੈ। ਸਾਫ਼ ਊਰਜਾ ਲਈ ਇਹ ਪ੍ਰਦੂਸ਼ਣ ਘਟਾਉਣ ਦਾ ਸਾਧਨ ਹੋ ਸਕਦੀ ਹੈ। ਇੱਕੋ ਤਕਨੀਕ ਦੇ ਦੋ ਵੱਖਰੇ ਨਤੀਜੇ ਨਿਕਲ ਸਕਦੇ ਹਨ।
ਇਸ ਲਈ ਏ.ਆਈ. ਬਾਰੇ ਸਿਰਫ਼ ਇਹ ਕਹਿਣਾ ਕਾਫ਼ੀ ਨਹੀਂ ਕਿ ਇਹ ਦੁਨੀਆ ਨੂੰ ਬਚਾ ਸਕਦੀ ਹੈ। ਇਹ ਵੀ ਪੁੱਛਣਾ ਪਵੇਗਾ ਕਿ ਕਿਸ ਦੀ ਦੁਨੀਆ, ਕਿਸ ਦੀ ਕੀਮਤ ’ਤੇ ਅਤੇ ਕਿਸ ਦੇ ਹਿੱਤ ਲਈ? ਏ.ਆਈ. ਆਉਣ ਵਾਲੇ ਸਮੇਂ ਦੀ ਇੱਕ ਵੱਡੀ ਤਕਨੀਕ ਹੈ। ਇਸ ਨੂੰ ਰੋਕਣਾ ਨਾ ਸੰਭਵ ਹੈ ਅਤੇ ਨਾ ਹੀ ਸ਼ਾਇਦ ਜ਼ਰੂਰੀ। ਪਰ ਇਸ ਦੀ ਦਿਸ਼ਾ ਤੈਅ ਕਰਨੀ ਜ਼ਰੂਰੀ ਹੈ।
ਜੇ ਏ.ਆਈ. ਦੀ ਤਾਕਤ ਸੂਰਜੀ ਊਰਜਾ ਵਧਾਉਣ, ਹਵਾ ਤੋਂ ਬਿਜਲੀ ਦੀ ਬਿਹਤਰ ਵਰਤੋਂ, ਗਰਿੱਡ ਸੁਧਾਰਨ ਅਤੇ ਊਰਜਾ ਦੀ ਬੱਚਤ ਵੱਲ ਜਾਂਦੀ ਹੈ ਤਾਂ ਇਹ ਜਲਵਾਯੂ ਸੰਕਟ ਨਾਲ ਲੜਨ ਦਾ ਮਹੱਤਵਪੂਰਨ ਹਥਿਆਰ ਬਣ ਸਕਦੀ ਹੈ; ਪਰ ਜੇ ਇਹੀ ਤਾਕਤ ਤੇਲ, ਗੈਸ ਅਤੇ ਕੋਲੇ ਦੀ ਉਮਰ ਲੰਮੀ ਕਰਨ ਵਿੱਚ ਲੱਗ ਗਈ ਤਾਂ ਇਹ ਸੰਕਟ ਨੂੰ ਹੋਰ ਡੂੰਘਾ ਵੀ ਕਰ ਸਕਦੀ ਹੈ। ਇਸ ਲਈ ਭਵਿੱਖ ਦਾ ਸਵਾਲ ਇਹ ਨਹੀਂ ਕਿ ਏ.ਆਈ. ਕਿੰਨੀ ਤਾਕਤਵਰ ਹੋਵੇਗੀ! ਸਵਾਲ ਇਹ ਹੈ ਕਿ ਉਸ ਤਾਕਤ ਦੀ ਦਿਸ਼ਾ ਕੌਣ ਤੈਅ ਕਰੇਗਾ?
