ਪੰਜਾਬੀ ਪਰਵਾਜ਼ ਬਿਊਰੋ
ਸ਼ਿਕਾਗੋ: ਕਿਸੇ ਸਮੇਂ ਗੁਰਦਾਸ ਮਾਨ ਦਾ ਇਹ ਗੀਤ ‘ਬਾਕੀ ਦੇ ਕੰਮ ਬਾਅਦ `ਚ, ਪਹਿਲਾਂ ਸਿਹਤ ਜ਼ਰੂਰੀ ਐ’ ਬਹੁਤ ਚੱਲਿਆ ਸੀ। ਮਨੋਰੰਜਨ ਦਾ ਮਨੋਰੰਜਨ ਅਤੇ ਸਿਹਤ ਦੀ ਸਿਹਤ। ਖੈਰ! ਅੱਜ ਦੇ ਭੱਜ-ਨੱਠ ਤੇ ਰੁਝੇਵਿਆਂ ਭਰੇ ਸਮੇਂ ਵਿੱਚ ਸਿਹਤ ਅਤੇ ਤੰਦਰੁਸਤੀ (ਫਿਟਨੈੱਸ) ਪ੍ਰਤੀ ਜਾਗਰੂਕਤਾ ਲਗਾਤਾਰ ਵਧਣਾ, ਚੰਗਾ ਰੁਝਾਨ ਹੈ। ‘ਫਿੱਟ ਪੰਜਾਬੀ’ ਜਿਹੀ ਨਿਵੇਕਲੀ ਮੁਹਿੰਮ ਨੇ ਪੰਜਾਬੀ ਭਾਈਚਾਰੇ ਵਿੱਚ ਜ਼ੋਰ ਫੜਿਆ ਹੈ
ਤੇ ਨੌਜਵਾਨਾਂ ਵਿੱਚ ਉਤਸ਼ਾਹ ਹੈ। ਸਿਹਤਮੰਦ ਜੀਵਨ ਜਾਚ ਨੂੰ ਅਪਣਾਉਣ ਲਈ ਚਲਾਈ ਗਈ ‘ਫਿੱਟ ਪੰਜਾਬੀ’ ਮੁਹਿੰਮ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਇਸ ਨਾਲ ਇੱਕ ਤਾਂ ਸਰੀਰਕ ਫਿਟਨੈੱਸ ਬਣੀ ਰਹਿੰਦੀ ਹੈ ਤੇ ਦੂਜਾ ਭਾਈਚਾਰਕ ਇਤਫਾਕ ਵਧਦਾ ਹੈ, ਅਤੇ ਤੀਜਾ ਤੇ ਵਿਸ਼ੇਸ਼ ਫਾਇਦਾ ਇਹ ਹੈ ਕਿ ਸਰੀਰਕ ਫਿਟਨੈੱਸ ਵੱਲ ਧਿਆਨ ਕੇਂਦ੍ਰਿਤ ਕਰਕੇ ਬੰਦਾ ਕੁਰਾਹੇ ਪੈਣ ਤੋਂ ਬਚਿਆ ਰਹਿੰਦਾ ਹੈ। ਵੈਸੇ ਵੀ ਕਸਰਤਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲੈਣਾ ਚੰਗੀ ਗੱਲ ਹੈ; ਤੇ ਇੰਜ ਨੌਜਵਾਨ ਪੀੜ੍ਹੀ ਆਪਣੇ ਖਾਣ-ਪੀਣ ਵਿੱਚ ਵੀ ਸੁਧਾਰ ਕਰ ਰਹੀ ਹੈ। ਨਿਰਸੰਦੇਹ ‘ਫਿੱਟ ਪੰਜਾਬੀ’ ਜਿਹੇ ਪ੍ਰੋਗਰਾਮ ਇਕੱਠੇ ਹੋ ਕੇ ਫਿੱਟ ਰਹਿਣ ਦਾ ਸੁਨੇਹਾ ਦਿੰਦੇ ਹਨ।
ਹਾਲ ਹੀ ਵਿੱਚ ਸ਼ਿਕਾਗੋ ਦੀ ਇੱਕ ਸਬਰਬ ਲਿਬਰਟੀਵਿੱਲ `ਚ ਕਰਵਾਏ ਗਏ ‘ਫਿੱਟ ਪੰਜਾਬੀ’ ਪ੍ਰੋਗਰਾਮ ਨੂੰ ਵਧੀਆ ਹੁੰਗਾਰਾ ਮਿਲਿਆ। ਇਸ ਮੌਕੇ ਹਿੱਸਾ ਲੈਣ ਵਾਲਿਆਂ ਵਿੱਚ ਕਾਫੀ ਜੋਸ਼ ਸੀ। ਪ੍ਰੋਗਰਾਮ ਵਧੀਆ ਰਿਹਾ ਅਤੇ ਮੁਕਾਬਲੇ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿੱਸਾ ਲੈਣ ਵਾਲੇ ਪੂਰੇ ਉਤਸ਼ਾਹ ਨਾਲ ਭਰੇ ਹੋਏ ਸਨ, ਕਿਉਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਵਧੀਆ ਪੇਸ਼ਕਾਰੀ ਲਈ ਅਭਿਆਸ ਕਰ ਰਹੇ ਸਨ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਫਿੱਟ ਪੰਜਾਬੀ ਦੇ ਪ੍ਰਬੰਧਕ ਅਮਨ ਕੁਲਾਰ ਨੇ ਕਸਰਤੀ ਅਭਿਆਸ ਦੇ ਸੈੱਟ ਲਾਉਣ ਸਬੰਧੀ ਹਦਾਇਤਾਂ ਦਿੱਤੀਆਂ ਤੇ ਦੱਸਿਆ ਕਿ ਮੁਕਾਬਲੇ ਲਈ ਕਿਹੜੇ ਕਿਹੜੇ ਵਰਕ ਆਊਟ ਕਰਨੇ ਹਨ। ਅਮਨ ਕੁਲਾਰ ਨੇ ਹਾਜ਼ਰੀਨ ਨੂੰ ਵੱਧ ਤੋਂ ਵੱਧ ਅਜਿਹੇ ਪ੍ਰੋਗਰਾਮਾਂ ਯਾਨੀ ‘ਫਿੱਟ ਪੰਜਾਬੀ’ ਨਾਲ ਜੁੜਨ ਦੀ ਅਪੀਲ ਕੀਤੀ ਤੇ ਸਿਹਤਮੰਦ ਭਾਈਚਾਰੇ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਜੋ ਲੋਕ ਸਿਹਤ ਪ੍ਰਤੀ ਉਤਸ਼ਾਹਿਤ ਹਨ, ਉਨ੍ਹਾਂ ਵਿੱਚੋਂ ਕਾਫੀ ਲੋਕ ‘ਫਿੱਟ ਪੰਜਾਬੀ’ ਨਾਲ ਜੁੜੇ ਹਨ ਅਤੇ ਇੰਜ ‘ਫਿੱਟ ਪੰਜਾਬੀ’ ਦੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਕਈਆਂ ਨੇ ਨਾਲ ਜੁੜਨ ਦਾ ਤਹੱਈਆ ਵੀ ਕੀਤਾ ਹੈ।
ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਬੀਬੀ ਚਰਨਜੀਤ ਕੌਰ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸੁਨੇਹਾ ਦਿੱਤਾ ਕਿ ਤੁਸੀਂ ਜੋ ਵੀ ਕਰ ਰਹੇ ਹੋ, ਉਹ ਬਹੁਤ ਵਧੀਆ ਕਰ ਰਹੇ ਹੋ। ਉਹ ਹਾਕੀ ਓਲੰਪੀਅਨ ਸੁਰਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰੀ `ਚੋਂ ਭੈਣ ਲੱਗਦੇ ਹਨ। ਇਸ ਤੋਂ ਇਲਾਵਾ ਨਾਮੀ ਗਾਇਕ ਬਾਈ ਹਰਦੀਪ ਗਿੱਲ ਨੇ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਹ ਪ੍ਰੋਗਰਾਮ ਵਿਰਸਾ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਮਰਦਾਂ ਤੇ ਔਰਤਾਂ ਦੇ ਉਮਰ ਵਰਗ ਮੁਤਾਬਕ ਵੱਖ-ਵੱਖ ਸ਼੍ਰੇਣੀਆਂ ਰੱਖੀਆਂ ਗਈਆਂ ਸਨ। ਪ੍ਰਬੰਧਕਾਂ ਅਨੁਸਾਰ, ਇਸ ਮੌਕੇ ਸਭ ਤੋਂ ਵੱਧ ਉਮਰ ਵਾਲੇ ਜਗਜੀਤ ਸਿੰਘ ਸ਼ਾਹੀ ਜੋ ਕਿ 71 ਸਾਲ ਦੇ ਹਨ, ਨੇ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਆਪਣੇ ਵਰਗ ਮੁਕਾਬਲੇ ਵਿੱਚ ਪਹਿਲੇ ਨੰਬਰ ਉੱਤੇ ਰਹਿ ਕੇ ਸਾਬਤ ਕਰ ਦਿੱਤਾ ਕਿ ਉਮਰ ਦਾ ਅੰਕੜਾ ਸਿਹਤ ਤੰਦਰੁਸਤ ਰੱਖਣ ਦੇ ਜਜ਼ਬੇ ਨੂੰ ਪਾਲਣ ਲਈ ਕੋਈ ਮਾਇਨੇ ਨਹੀਂ ਰੱਖਦਾ।
ਕਰੀਬ ਕਰੀਬ ਸਾਰੇ ਵਰਗਾਂ ਵਿੱਚ ਹੋਏ ਮੁਕਾਬਲੇ ਬੜੇ ਦਿਲਚਸਪ ਸਨ ਅਤੇ ਹਿੱਸਾ ਲੈਣ ਵਾਲਿਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਉਹ ਜੋæਰ ਦੇ ਨਾਲ ਨਾਲ ਤਕਨੀਕ ਦਾ ਸਹਾਰਾ ਲੈ ਕੇ ਅੱਗੇ ਵੱਧ ਰਹੇ ਸਨ। ਅਮਨ ਕੁਲਾਰ ਅਨੁਸਾਰ ਇਨ੍ਹਾਂ ਮੁਕਾਬਲਿਆਂ ਵਿੱਚ ਨਵੇਂ ਰਿਕਾਰਡ ਬਣੇ ਹਨ। ਉਨ੍ਹਾਂ ਦੱਸਿਆ ਕਿ ਜਿਹੜਾ ਘੱਟ ਸਮੇਂ ਵਿੱਚ ਵਰਕ ਆਊਟ ਮੁਕੰਮਲ ਕਰਦਾ ਸੀ, ਜੇਤੂ ਹੋਣ ਦਾ ਮਾਣ ਉਸ ਦੀ ਝੋਲੀ ਪੈਂਦਾ ਸੀ। ਕੁੱਲ ਸਮੇਂ ਦਾ ਨਿਰੀਖਣ ਕਰਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਨਾਂ ਐਲਾਨੇ ਗਏ। ਮੁਕਾਬਲਿਆਂ ਵਿੱਚ ਸ਼ਿਕਾਗੋਲੈਂਡ ਤੋਂ ਇਲਾਵਾ ਵਿਸਕਾਨਸਿਨ ਅਤੇ ਇੰਡੀਅਨਐਪੋਲਿਸ ਤੋਂ ਵੀ ਹਿੱਸਾ ਲੈਣ ਵਾਲੇ ਪਹੁੰਚੇ ਹੋਏ ਸਨ। ਇੰਜ ਇੱਕ ਮੰਚ ਉੱਤੇ ਤਿੰਨ ਸਟੇਟਾਂ ਅਤੇ ਪੰਜ ਸ਼੍ਰੇਣੀਆਂ ਦੇ 22 ਸਾਲ ਤੋਂ ਲੈ ਕੇ 73 ਸਾਲ ਤੱਕ ਦੀ ਉਮਰ ਦੇ ਕਸਰਤ ਅਭਿਆਸੀ ਸ਼ਾਮਲ ਸਨ। ਮੁਕਾਬਲਿਆਂ ਵਿੱਚ ਡਾਕਟਰ ਪੇਸ਼ੇ ਨਾਲ ਸੰਬੰਧਿਤ ਭਾਈਚਾਰੇ ਦੇ ਕੁਝ ਲੋਕ ਵੀ ਸ਼ੁਮਾਰ ਸਨ, ਜਿਨ੍ਹਾਂ ਨੇ ਆਪਣੇ ਆਪ ਨੂੰ ਫਿੱਟ ਰੱਖਿਆ ਹੋਇਆ ਹੈ ਅਤੇ ਰੋਜ਼ਾਨਾ ਕਸਰਤ ਕਰਦੇ ਹਨ। ਸ਼ਿਕਾਗੋ ਤੋਂ ਅਮਨ ਗਿੱਲ ਅਤੇ ਵਿਸਕਾਨਸਿਨ ਤੋਂ ਵੈਟਰਨਰੀ ਡਾਕਟਰ ਵਿਕਰਮਜੀਤ ਸਿੰਘ ਢਿੱਲੋ ਦੇ ਨਾਂ ਜ਼ਿਕਰਯੋਗ ਹਨ।
ਫਿੱਟ ਪੰਜਾਬੀ 2026 ਦੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਦਾ ਨਤੀਜਾ ਇਸ ਪ੍ਰਕਾਰ ਹੈ: ਮਰਦਾਂ ਦੇ 18 ਤੋਂ 29 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਕ੍ਰਮਵਾਰ ਰਵੀ ਬੈਨੀਪਾਲ ਪਹਿਲੇ, ਅਨਮੋਲ ਸਿੰਘ ਦੂਜੇ ਅਤੇ ਯੁਵਰਾਜ ਸਿੰਘ ਤੀਜੇ ਸਥਾਨ ਉੱਪਰ ਰਹੇ; ਜਦ ਕਿ 30 ਤੋਂ 39 ਸਾਲ ਉਮਰ ਵਰਗ ਵਿੱਚ ਰਿੱਕੀ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਮਰਦਾਂ ਦੇ 40 ਤੋਂ 49 ਸਾਲ ਉਮਰ ਵਰਗ ਵਿੱਚ ਕ੍ਰਮਵਾਰ ਇੰਦਰਜੀਤ ਚੌਹਾਨ ਪਹਿਲੇ, ਸੋਨਲ ਸੂਦ ਦੂਜੇ, ਹਰਬੀਰ ਮਾਹਲ ਤੀਜੇ, ਕਮਲਦੀਪ ਸਿੰਘ ਚੌਥੇ, ਗੁਰਲਾਲ ਸਿੰਘ ਭੱਠਲ ਪੰਜਵੇਂ ਅਤੇ ਮਨਦੀਪ ਕੁਮਾਰ ਛੇਵੇਂ ਨੰਬਰ ਉੱਤੇ ਰਹੇ। ਇਸ ਤੋਂ ਇਲਾਵਾ ਮਰਦਾਂ ਦੇ 50 ਤੋਂ 59 ਸਾਲ ਉਮਰ ਵਰਗ ਵਿੱਚ ਸ਼ਿਕਾਗੋ ਦੇ ਅਮਨ ਗਿੱਲ ਪ੍ਰਥਮ ਰਹੇ, ਜਦ ਕਿ ਡਾ. ਵਿਕਰਮਜੀਤ ਢਿੱਲੋਂ ਦੂਜੇ ਥਾਂ ਉਤੇ ਰਹੇ।
ਇਸੇ ਦੌਰਾਨ ਔਰਤਾਂ ਦੇ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਵੀ ਹੋਏ, ਜਿਨ੍ਹਾਂ ਵਿੱਚ 30 ਤੋਂ 39 ਸਾਲ ਉਮਰ ਵਰਗ ਵਿੱਚ ਗੁਰਪ੍ਰੀਤ ਕੌਰ ਧਾਮੀ ਅਤੇ ਤਲਵੀਰ ਕੌਰ- ਦੋਵਾਂ ਨੂੰ ਪਹਿਲੇ ਸਥਾਨ `ਤੇ ਐਲਾਨਿਆ ਗਿਆ; ਜਦ ਕਿ 40 ਤੋਂ 49 ਸਾਲ ਉਮਰ ਵਰਗ ਵਿੱਚ ਗੁਰਪ੍ਰੀਤ ਕੌਰ ਪਹਿਲੇ ਤੇ ਮਨਦੀਪ ਕੌਰ ਦੂਜੇ ਨੰਬਰ ਉੱਤੇ ਰਹੀ। 50 ਸਾਲ ਤੋਂ ਉੱਤੇ ਉਮਰ ਵਰਗ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਬਾਜ਼ੀ ਮਾਰ ਗਈ।
ਅਮਨ ਕੁਲਾਰ ਨੇ ‘ਫਿੱਟ ਪੰਜਾਬੀ’ ਟੀਮ ਵਿੱਚ ਸ਼ਾਮਿਲ ਹਰਮਨ ਧਾਮੀ, ਬਲਰਾਜ ਸੋਹੀ ਅਤੇ ਨਵਜੋਤ ਸਿੰਘ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਵਿੱਚ ਵਿਸਕਾਨਸਿਨ ਤੋਂ ਪੱਪੀ ਗਰੇਵਾਲ, ਜਸਵੰਤ ਸਿੰਘ ਤੇ ਦਿਲਜੀਤ ਬਰਾੜ ਅਤੇ ਹੋਰ ਵਿਸ਼ੇਸ਼ ਤੌਰ `ਤੇ ਪਹੁੰਚੇ। ਇਸ ਤੋਂ ਇਲਾਵਾ ਸ਼ਿਕਾਗੋ ਦੇ ਭਾਈਚਾਰੇ ਵਿੱਚੋਂ ਗੁਰਮੁਖ ਸਿੰਘ ਭੁੱਲਰ, ਮਨਜੀਤ ਸਿੰਘ ਗਰੇਵਾਲ, ਜੈਦੇਵ ਸਿੰਘ (ਸੱਤੀ) ਭੱਠਲ, ਪਰਮਿੰਦਰ ਸਿੰਘ ਵਾਲੀਆ, ਗੁਰਵਿੰਦਰ ਸਿੰਘ ਖੋਸਾ, ਕਮਲਜੀਤ ਘੁਮਾਣ, ਗੁਰਲਾਭ ਸਿੰਘ, ਸੁਲੱਖਣ ਸਿੰਘ, ਅਮਰੀਕ ਪਾਲ ਸਿੰਘ, ਅਜੈ ਪਾਲ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
