*ਵੱਖ-ਵੱਖ ਅਕਾਲੀ ਦਲ ਆਪੋ-ਆਪਣੇ ਪਰ ਤੋਲਣ ਲੱਗੇ
*ਕਾਂਗਰਸ ਪਾਰਟੀ ਵਿੱਚ ਅੰਦਰੂਨੀ ਏਕਤਾ ਲਈ ਯਤਨ
ਜਸਵੀਰ ਸਿੰਘ ਸ਼ੀਰੀ
ਭਾਵੇਂ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਵਿਚਾਲੇ ਏਕਤਾ ਲਈ ਚੁੰਝ ਚਰਚਾ ਦਾ ਬਾਜ਼ਾਰ ਗਰਮ ਹੈ, ਪਰ ਹਾਲੇ ਇਹ ਗੱਠਜੋੜ ਸਿਰੇ ਨਹੀਂ ਚੜ੍ਹਿਆ। ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਵਿੱਚ ਆਪਣੀ ਲੀਡਰਸ਼ਿੱਪ ਬਦਲਣ ਅਤੇ ਆਪਸ ਵਿੱਚ ਏਕਤਾ ਲਈ ਸਰਗਰਮੀਆਂ ਵਿਢਣ ਨਾਲ, ਸਾਰੀਆਂ ਪਾਰਟੀਆਂ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਆਪ ਨੂੰ ਮਜਬੂਤ ਕਰਨ ਦੀ ਕਵਾਇਦ ਚੱਲ ਪਈ ਹੈ।
ਅਕਾਲੀ ਦਲ (ਬਾਦਲ) ਭਾਵੇਂ ਹਾਲੇ ਵੀ ਪ੍ਰਮੁੱਖ ਸਿਆਸੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ਼ ਹੈ, ਪਰ ਸਿਆਸੀ ਖੇਤਰ ਵਿੱਚ ਪਾਰਟੀ ਦੇ ਪੈਰ ਲੱਗਦੇ ਵਿਖਾਈ ਨਹੀਂ ਦੇ ਰਹੇ। ਸਿੱਖ ਲੀਡਰਸ਼ਿੱਪ ਦੀ ਇਸ ਖਿਲਾਅ ਵਾਲੀ ਸਥਿਤੀ ਵਿੱਚ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ (ਵਾਰਸ ਪੰਜਾਬ ਦੇ) ਬਾਦਲਕਿਆਂ ਦੇ ਮੌਰੀਂ ਚੜ੍ਹਦਾ ਆ ਰਿਹਾ ਹੈ, ਪਰ ਕੇਂਦਰੀ ਚੋਣ ਕਮਿਸ਼ਨ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਵਿਸ਼ਾ ਬਣਾਉਂਦਿਆਂ ਪਾਰਟੀ ਨੂੰ ਰਜਿਸਟਰ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ (ਪੁਨਰਸੁਰਜੀਤ) ਵੀ ਭਾਜਪਾ ਨਾਲ ਗੱਠਜੋੜ ਬਣਾਉਣ ਲਈ ਰਾਜ਼ੀ ਹੈ, ਪਰ ਇਸ ਪਾਰਟੀ ਦੀ ਵੀ ਜ਼ਮੀਨੀ ਸਥਿਤੀ ਕਮਜ਼ੋਰ ਚੱਲ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿੱਪ ਸ਼ਾਇਦ ਹੀ ਇਸ ਪਾਸੇ ਵੱਲ ਜਾਵੇ। ਹਾਲ ਦੀ ਘੜੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਆਗੂ ਵੀ ਕਿਸੇ ਕਿਸਮ ਦੇ ਆਪਸੀ ਗੱਠਜੋੜ ਤੋਂ ਇਨਕਾਰ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿੱਪ ਵੀ ਅਗਲੇ ਸਾਲ ਫਰਵਰੀ-ਮਾਰਚ ਵਿੱਚ ਹੋਣ ਵਾਲੀਆਂ ਚੋਣਾਂ ਦੀ ਮੁਹਿੰਮ ਵਿੱਚ ਇਕੱਲਿਆਂ ਜਾਣ ‘ਤੇ ਜ਼ੋਰ ਦੇ ਰਹੀ ਹੈ। ਪਰ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਵਿਚਕਾਰ ਗੱਲਬਾਤ ਦੇ ਚਰਚੇ ਅਤੇ ਪਰਗਟ ਸਿੰਘ ਦੇ ਕਾਂਗਰਸ ਪ੍ਰਧਾਨ ਬਣਨ ਕਾਰਨ ਅਕਾਲੀ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਵੇਖੀਆਂ ਜਾ ਰਹੀਆਂ ਹਨ।
ਪਾਰਲੀਮੈਂਟ ਵਿੱਚ ਅਕਾਲੀ ਦਲ (ਬਾਦਲ) ਦੀ ਇਕਲੌਤੀ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਹਾਲ ਹੀ ਵਿੱਚ ਕਿਹਾ ਕਿ ਦੋਹਾਂ ਪਾਰਟੀਆਂ ਵਿੱਚ ਹਾਲੇ ਕੋਈ ਗੱਠਜੋੜ ਨਹੀਂ ਹੋਇਆ। ਇਸੇ ਤਰ੍ਹਾਂ ਭਾਜਪਾ ਦੀ ਲੀਡਰਸ਼ਿੱਪ ਵੀ ਗੱਠਜੋੜ ਤੋਂ ਇਨਕਾਰ ਕਰ ਰਹੀ ਹੈ; ਜਦਕਿ ਅਕਾਲੀ ਦਲ (ਵਾਰਸ ਪੰਜਾਬ ਦੇ) ਵਾਲੇ ਚੋਣ ਕਮਿਸ਼ਨ ਕੋਲ ਆਪਣੀ ਰਜਿਸਟਰੇਸ਼ਨ ਲਈ ਸੰਘਰਸ਼ ਕਰ ਰਹੇ ਹਨ। ਪਾਰਟੀ ਦੀ ਰਜਿਸਟਰੇਸ਼ਨ ਨੂੰ ਲੈ ਕੇ ਉਨ੍ਹਾਂ ਦਾ ਕੇਸ ਹਾਈਕੋਰਟ ਵਿੱਚ ਸੁਣਵਾਈ ਅਧੀਨ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਤੋਂ ਜਵਾਬ ਵੀ ਮੰਗਿਆ ਹੋਇਆ ਹੈ।
ਇਸ ਤਰ੍ਹਾਂ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿੱਚ ਘਿਰੀ ਹੋਈ ਹੈ, ਅੰਮ੍ਰਿਤਪਾਲ ਸਿੰਘ ਵਾਲੇ ਅਕਾਲੀ ਦਲ ਦੀ ਚੋਣ ਕਮਿਸ਼ਨ ਕੋਲ ਰਜਿਸਟਰੇਸ਼ਨ ਦਾ ਮਸਲਾ ਹਵਾ ਵਿੱਚ ਲਟਕ ਗਿਆ ਹੈ ਅਤੇ ਪੰਜਾਬ ਕਾਂਗਰਸ ਕੋਲ ਆਪਣੇ ਆਪ ਨੂੰ ਮਜਬੂਤ ਕਰਨ ਦੇ ਮੌਕੇ ਹਨ; ਬਸ਼ਰਤੇ ਰਾਜ ਯੂਨਿਟ ਵਿੱਚ ਮੌਜੂਦ ਤਿੱਖੀ ਧੜੇਬੰਦੀ ‘ਤੇ ਨਵੀਂ ਲੀਡਰਸ਼ਿੱਪ ਵੱਲੋਂ ਜਲਦੀ ਕਾਬੂ ਪਾ ਲਿਆ ਜਾਵੇ।
ਇਸੇ ਤਰ੍ਹਾਂ ਆਕਲੀ ਦਲ (ਵਾਰਸ ਪੰਜਾਬ ਦੇ) ਦਾ ਚੋਣ ਕਮਿਸ਼ਨ ਕੋਲ ਰਜਿਸਟਰੇਸ਼ਨ ਦਾ ਮਸਲਾ ਜੇ ਜਲਦੀ ਹੱਲ ਹੋ ਜਾਂਦਾ ਹੈ ਤਾਂ ਇਹ ਪਾਰਟੀ ਵੀ ਮੁਕਾਬਲੇ ਵਿੱਚ ਹੋਵੇਗੀ। ਬੀਤੇ ਸੋਮਵਾਰ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਅਤੇ ਫਰੀਦਕੋਟ ਤੋਂ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਪਾਰਟੀ ਦਾ ਇੱਕ ਵਫਦ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਹੈ। ਇਸ ਵਫਦ ਨੇ ਪਾਰਟੀ ਦੀ ਜਲਦੀ ਰਜਿਸਟਰੇਸ਼ਨ ਲਈ ਉਨ੍ਹਾਂ ਨੂੰ ਇੱਕ ਮੈਮੋਰੈਂਮਡਮ ਦਿੱਤਾ। ਇਯਾਲੀ ਅਨੁਸਾਰ ਕੌਮੀ ਚੋਣ ਕਮਿਸ਼ਨ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਨਾਂ ‘ਤੇ ਪਾਰਟੀ ਦੀ ਰਜਿਸ਼ਟਰੇਸ਼ਨ ਵਿੱਚ ਦੇਰੀ ਕਰ ਰਿਹਾ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼, ਸੁਰੱਖਿਆ ਅਤੇ ਖੇਤੀ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, “ਪਰ ਜਦੋਂ ਰਾਜਨੀਤਿਕ ਨੁਮਾਇੰਦਗੀ ਦਾ ਮਸਲਾ ਆਉਂਦਾ ਹੈ ਤਾਂ ਸਾਨੂੰ ਸ਼ੱਕੀ ਨਜ਼ਰ ਨਾਲ ਵੇਖਿਆ ਜਾਂਦਾ ਹੈ।”
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਵਿੱਚ ਸਿੱਖ ਨੁਮਾਇੰਦਗੀ ਦੇ ਮਸਲੇ ਦਾ ਇਹ ਸਵਾਲ ਅੱਜ ਦਾ ਨਹੀਂ, 1947 ਤੋਂ ਬਾਅਦ ਲਗਾਤਾਰ ਸਿੱਖਾਂ ਨਾਲ ਵਿਤਕਰਾ ਹੁੰਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਿੱਖ ਦੁਨੀਆਂ ਪੱਧਰ ‘ਤੇ ਸਿਆਸਤ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਪਣੀ ਭਰਾਵੀਂ ਹਾਜ਼ਰੀ ਲਵਾ ਰਹੇ ਹਨ ਤਾਂ ਇੱਥੇ ਪੰਜਾਬ ਵਿੱਚ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਆਲੀ ਨੇ ਕਿਹਾ ਕਿ ਪਾਰਟੀ ਨਾਲ ਸੰਬੰਧਤ ਦੋ ਪਾਰਲੀਮੈਂਟ ਮੈਂਬਰ ਆਜ਼ਾਦ ਰੂਪ ਵਿੱਚ ਚੋਣਾਂ ਜਿੱਤ ਕੇ ਲੋਕ ਸਭਾ ਵਿੱਚ ਪੁੱਜੇ ਹਨ ਅਤੇ ਦੋਹਾਂ ਨੇ ਭਾਰਤੀ ਸਵਿੰਧਾਨ ਦੇ ਦਾਇਰੇ ਵਿੱਚ ਰਹਿੰਦਿਆਂ ਸਹੁੰ ਚੁੱਕੀ ਹੈ। ਤਦ ਵੀ ਅੰਮ੍ਰਿਤਪਾਲ ਸਿੰਘ ਨੂੰ ਨਾ ਤੇ ਪਾਰਲੀਮੈਂਟ ਵਿੱਚ ਬੋਲਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਰਿਹਾਅ ਕੀਤਾ ਜਾ ਰਿਹਾ ਹੈ। ਉਹ ਸਾਢੇ ਤਿੰਨ ਸਾਲ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਆਪਣੇ ਹੋਂਦ ਵਿੱਚ ਆਉਣ ਤੋਂ ਬਾਅਦ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਖਿਲਾਫ ਦੇਸ਼ ਵਿਰੋਧੀ ਕਾਰਵਾਈਆਂ ਵਜੋਂ ਕਹਿਣ ਲਈ ਸਰਕਾਰ ਕੋਲ ਕੁਝ ਨਹੀਂ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਪਾਰਟੀ ਨੂੰ ਤੁਰੰਤ ਰਜਿਸਟਰ ਕੀਤੇ ਜਾਣ ਅਤੇ ਚੋਣ ਸਿੰਬਲ ਜਾਰੀ ਕਰਨ ਦੀ ਮੰਗ ਕੀਤੀ। ਇਸ ਦੌਰਾਨ ਇਕ ਹੋਰ ਮੈਮੋਰੈਂਡਮ ਵਿੱਚ ਵਾਰਸ ਪੰਜਾਬ ਦੇ ਆਗੂਆਂ ਨੇ ਭ੍ਰਿਸ਼ਟਚਾਰ ਦੇ ਦੋਸ਼ਾਂ ਦੇ ਮੱਦੇਨਜ਼ਰ ਭਗਵੰਤ ਮਾਨ ਤੋਂ ਇਖਲਾਕੀ ਆਧਾਰ ‘ਤੇ ਅਸਤੀਫੇ ਦੀ ਮੰਗ ਕੀਤੀ ਹੈ।
ਅਕਾਲੀ ਦਲ (ਵਾਰਸ ਪੰਜਾਬ ਦੇ) ਆਗੂਆਂ ਵੱਲੋਂ ਦੂਜੀਆਂ ਪਾਰਟੀਆਂ ਤੋਂ ਲੀਡਰ ਪਾਰਟੀ ਵਿੱਚ ਲਏ ਜਾਣ ਦੇ ਮਾਮਲੇ ਨੂੰ ਲੈ ਕੇ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਸੁਖਵਿੰਦਰ ਸਿੰਘ ਅਗਵਾਨ, ਪਰਗਟ ਸਿੰਘ ਰਈਆ ਅਤੇ ਰਨਜੀਤ ਸਿੰਘ ਧਨੋਆ ਸ਼ਾਮਲ ਹਨ। ਬੀਤੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਆਪਣੇ ਸੰਬੰਧ ਤੋੜ ਲਏ ਸਨ। ਇਸ ਪਾਰਟੀ ਨਾਲ ਨਾਤਾ ਤੋੜਦਿਆਂ ਨਿਰੰਜਨ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖਾਤਮੇ, ਗੈਂਗਸਟਰਵਾਦ, ਪੁਲਿਸ ਪ੍ਰਸ਼ਾਸਨ ਦੀ ਨਸ਼ਿਆਂ ਦੀ ਸਮਗਲਿੰਗ ਵਿੱਚ ਕਥਿਤ ਸ਼ਮੂਲੀਅਤ ਆਦਿ ਮੁੱਦਿਆਂ ‘ਤੇ ਪਾਰਟੀ ਦੀ ਹਮਾਇਤ ਕੀਤੀ ਸੀ; ਪਰ ਕਈ ਹੋਰ ਮੁੱਦਿਆਂ ‘ਤੇ ਮੱਤਭੇਦ ਹੋਣ ਕਾਰਨ ਉਹ ਇਸ ਪਾਰਟੀ ਤੋਂ ਦੂਰ ਹੋ ਗਏ ਹਨ। ਪਾਰਟੀ ਵੱਲੋਂ ਕਾਇਮ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਹਮਖਿਆਲੀ ਕਿਸਾਨ ਯੂਨੀਅਨਾਂ, ਰਾਜਨੀਤਿਕ ਪਾਰਟੀਆਂ ਅਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਨਾਲ ਵੀ ਗੱਲਬਾਤ ਤੋਰੇਗੀ। ਅਗਲੇ ਸਾਲ ਦੇ ਸ਼ੁਰੂ ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਪਾਰਟੀ ਅਕਾਲੀ ਦਲ (ਪੁਨਰਸੁਰਜੀਤ) ਦੇ ਆਗੂਆਂ ਨਾਲ ਗੱਠਜੋੜ ਲਈ ਵੀ ਗੱਲਬਾਤ ਚਲਾ ਰਹੀ ਹੈ।
ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਵਿੱਚ ਗਿੱਦੜਬਾਹਾ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ ਅਤੇ ਇਸ ਹਲਕੇ ਵਿੱਚ ਘਰ-ਘਰ ਪਹੁੰਚ ਕਰਨ ਦੀ ਕਵਾਇਦ ਵੀ ਤੋਰ ਲਈ ਹੈ। ਉਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕਰਦਿਆਂ ਭਖਦੇ ਮਸਲਿਆਂ ‘ਤੇ ਲੋਕਾਂ ਤੋਂ ਫੀਡਬੈਕ ਫਾਰਮ ਵੀ ਭਰਵਾਏ ਹਨ। ਇਸ ਫਾਰਮ ਵਿੱਚ 15 ਮਸਲਿਆਂ ‘ਤੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਇਸ ਫਾਰਮ ਵਿੱਚ ਨਸ਼ਿਆਂ, ਬੇਰੁਜ਼ਗਾਰੀ, ਪੰਜਾਬ ਸਿਰ ਚੜ੍ਹਿਆ ਕਰਜ਼ਾ, ਅਮਨ ਕਾਨੂੰਨ ਦੀ ਸਥਿਤੀ, ਕਿਸਾਨ ਪੈਦਾਵਾਰ ਲਈ ਐਮ.ਐਸ.ਪੀ. ਦੀ ਗਾਰੰਟੀ, ਗੈਂਗਸਟਰਵਾਦ, ਝੂਠੇ ਪੁਲਿਸ ਮੁਕਾਬਲੇ, ਵਧ ਰਹੀ ਮਹਿੰਗਾਈ, ਮਸ਼ਹੂਰੀਆਂ ‘ਤੇ ਸਰਕਾਰ ਵੱਲੋਂ ਕੀਤਾ ਜਾ ਰਿਹਾ ਵਧਵਾਂ ਖਰਚ, ਰੁਕੇ ਹੋਏ ਵਿਕਾਸ ਕਾਰਜ, ਔਰਤਾਂ ਦੇ ਮਸਲੇ, ਬਿਜਲੀ ਕੱਟ ਅਤੇ ਵਧ ਰਹੇ ਬਿਜਲੀ ਬਿਲ, ਸਰਕਾਰੀ ਹਸਪਤਾਲਾਂ ਦੀ ਹਾਲਤ ਆਦਿ ਮਸਲੇ ਸ਼ਾਮਲ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਮਸਲਿਆਂ ‘ਤੇ ਲੋਕਾਂ ਵੱਲੋਂ ਦਿੱਤੇ ਜਾਣ ਵਾਲੇ ਜਵਾਬ ਸਾਡੇ ਚੋਣ ਮੈਨੀਫੈਸਟੋ ਦਾ ਆਧਾਰ ਬਣਨਗੇ। ਉਨ੍ਹਾਂ ਆਟਾ-ਦਾਲ ਸਕੀਮ ਅਤੇ ਸ਼ਗਨ ਸਕੀਮ ਨੂੰ ਮੁੜ ਲਾਗੂ ਕਰਨ ਦਾ ਵਾਅਦਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਮਹੀਨਾ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਭੂਮੀਹੀਣ ਗਰੀਬ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਵੀ ਵਾਅਦਾ ਕੀਤਾ ਹੈ।
