ਰਿਆਸਤਾਂ ਦੀ ਹੋਂਦ, ਪ੍ਰਬੰਧ ਅਤੇ ਅੰਗਰੇਜ਼ੀ ਦਖ਼ਲ

ਆਮ-ਖਾਸ

ਕਿਸ਼ਤ-10
ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਇਹ ਲੜੀਵਾਰ ਲਿਖਤਾਂ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ ਕਰਨ ਵਾਸਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਦੇ ਹੱਥਕੰਡੇ ਵਰਤੇ! ਹਥਲੇ ਅੰਕ ਵਿੱਚ ਰਿਆਸਤਾਂ ਦੀ ਹੋਂਦ, ਪ੍ਰਬੰਧ ਅਤੇ ਅੰਗਰੇਜ਼ੀ ਦਖ਼ਲ ਨਾਲ ਜੁੜੇ ਵੇਰਵਿਆਂ ਦਾ ਸੰਖੇਪ ਵਰਣਨ ਹੈ… ਪ੍ਰਬੰਧਕੀ ਸੰਪਾਦਕ

ਡਾ. ਗੁਰਦੇਵ ਸਿੰਘ ਸਿੱਧੂ
ਫੋਨ:+91-9417049417

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਨਾਭਾ ਰਿਆਸਤ
ਚੌਧਰੀ ਫੂਲ ਦੇ ਦੋ ਪੁੱਤਰ ਸਨ- ਤਿਲੋਕ ਸਿੰਘ ਅਤੇ ਰਾਮ ਸਿੰਘ। ਤਿਲੋਕ ਸਿੰਘ ਦੇ ਵੱਡੇ ਪੁੱਤਰ ਗੁਰਦਿੱਤ ਸਿੰਘ ਦੀ ਬੰਸ ਨੇ ਨਾਭਾ ਰਿਆਸਤ ਕਾਇਮ ਕੀਤੀ। ਗੁਰਦਿੱਤ ਸਿੰਘ ਦਾ ਪੁੱਤਰ ਸੂਰਤ ਸਿੰਘ ਉਸ ਦੇ ਜਿਉਂਦਿਆਂ ਸੁਰਗਵਾਸ ਹੋ ਗਿਆ, ਇਸ ਲਈ 1754 ਵਿੱਚ ਗੁਰਦਿੱਤ ਸਿੰਘ ਦੀ ਮੌਤ ਪਿੱਛੋਂ ਉਸ ਦਾ ਪੋਤਾ ਹਮੀਰ ਸਿੰਘ ਰਾਜਾ ਬਣਿਆ। ਹਮੀਰ ਸਿੰਘ 1783 ਵਿੱਚ ਸੁਰਗਵਾਸ ਹੋਇਆ ਤਾਂ ਉਸ ਦੇ ਪੁੱਤਰ ਜਸਵੰਤ ਸਿੰਘ ਨੇ ਰਾਜ ਗੱਦੀ ਸੰਭਾਲੀ। ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦੇ ਇਸ ਪਾਸੇ ਜਿੱਤੇ ਇਲਾਕਿਆਂ ਵਿੱਚੋਂ ਕੁੱਝ ਪਿੰਡ ਰਾਜਾ ਜਸਵੰਤ ਸਿੰਘ ਨੂੰ ਹੀ ਦਿੱਤੇ ਸਨ। ਸਤਲੁਜ ਤੋਂ ਪੂਰਬ ਵੱਲ ਦੀਆਂ ਰਿਆਸਤਾਂ ਵੱਲੋਂ 1809 ਵਿੱਚ ਅੰਗਰੇਜ਼ਾਂ ਦੀ ਸੁਰੱਖਿਆ ਲੈਣ ਸਮੇਂ ਰਾਜਾ ਜਸਵੰਤ ਸਿੰਘ ਨਾਭੇ ਉੱਤੇ ਰਾਜ ਕਰ ਰਿਹਾ ਸੀ। ਲੈਫਟੀਨੈਂਟ ਕਰਨਲ ਆਕਟਰਲੋਨੀ ਅਨੁਸਾਰ ਅੰਗਰੇਜ਼ੀ ਸੁਰੱਖਿਆ ਲੈਣ ਸਮੇਂ ਰਿਆਸਤ ਨਾਭਾ ਦੀ ਸੈਨਾ ਵਿੱਚ 600 ਘੋੜ ਸਵਾਰ, 600 ਪਿਆਦਾ ਫੌਜੀ ਅਤੇ 8 ਵੱਡੀਆਂ ਛੋਟੀਆਂ ਤੋਪਾਂ ਸ਼ਾਮਲ ਸਨ।
ਰਾਜਾ ਜਸਵੰਤ ਸਿੰਘ ਦਾ ਪੁੱਤਰ ਕੰਵਰ ਰਣਜੀਤ ਸਿੰਘ ਖੰਨੇ ਦੇ ਸਰਦਾਰ ਦਸੌਂਧਾ ਸਿੰਘ ਦੇ ਪੁੱਤਰ ਦਯਾ ਸਿੰਘ ਦੀ ਧੀ ਨੂੰ ਵਿਆਹਿਆ ਹੋਇਆ ਸੀ। ਦਯਾ ਸਿੰਘ ਆਪਣੇ ਪਿਤਾ ਦੇ ਜਿਉਂਦਿਆਂ ਹੀ ਸੁਰਗਵਾਸ ਹੋ ਗਿਆ, ਇਸ ਲਈ ਦਸੌਂਧਾ ਸਿੰਘ ਨੇ ਆਪਣੇ ਜੁਆਈ ਹਰੀ ਸਿੰਘ, ਜੋ ਜੀਂਦ ਦੇ ਰਾਜੇ ਗਜਪਤ ਸਿੰਘ ਦਾ ਪੋਤਾ ਸੀ, ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਹਰੀ ਸਿੰਘ ਵੀ ਪੁੱਤਰਹੀਣ ਮਰਿਆ ਤਾਂ ਖੰਨੇ ਦੀ ਮਿਲਖ ਉਸ ਦੀ ਵਿਧਵਾ ਦਯਾ ਕੌਰ ਨੂੰ ਮਿਲ ਗਈ। ਦਯਾ ਕੌਰ ਨੇ ਇਸ ਮਿਲਖ ਵਿੱਚੋਂ 2/5 ਭਾਗ, ਜਿਸ ਵਿੱਚ ਦਹੇੜੂ ਦਾ ਪਿੰਡ ਵੀ ਸ਼ਾਮਲ ਸੀ, ਦਯਾ ਸਿੰਘ ਦੀ ਧੀ ਅਤੇ ਕੰਵਰ ਰਣਜੀਤ ਸਿੰਘ ਨੂੰ ਵਿਆਹੀ ਆਪਣੀ ਭਤੀਜੀ ਦੇ ਨਾਉਂ ਲਗਵਾ ਦਿੱਤੀ, ਜਿਸ ਕਾਰਨ ਖੰਨੇ ਦਾ ਇਹ ਇਲਾਕਾ ਵੀ ਨਾਭਾ ਰਿਆਸਤ ਵਿੱਚ ਸ਼ਾਮਲ ਹੋ ਗਿਆ।
1840 ਵਿੱਚ ਜਸਵੰਤ ਸਿੰਘ ਦੀ ਮੌਤ ਹੋਣ ਪਿੱਛੋਂ ਉਸ ਦਾ ਪੁੱਤਰ ਦਵਿੰਦਰ ਸਿੰਘ ਕੇਵਲ 18 ਸਾਲ ਦੀ ਛੋਟੀ ਉਮਰ ਵਿੱਚ ਨਾਭੇ ਦਾ ਰਾਜਾ ਬਣਿਆ। ਉਸ ਦੇ ਗੱਦੀ ਉੱਤੇ ਬੈਠਣ ਦੇ ਪੰਜ ਸਾਲ ਪਿੱਛੋਂ 1845 ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਹੋਈ।

ਜੀਂਦ ਰਿਆਸਤ
ਚੌਧਰੀ ਫੂਲ ਦੇ ਵੱਡੇ ਪੁੱਤਰ ਤਿਲੋਕ ਸਿੰਘ ਦੇ ਛੋਟੇ ਪੁੱਤਰ ਸੁਖਚੈਨ ਸਿੰਘ ਦੀ ਬੰਸ ਨੇ ਜੀਂਦ ਰਿਆਸਤ ਕਾਇਮ ਕੀਤੀ। 1738 ਵਿੱਚ ਉਸ ਦੀ ਮੌਤ ਹੋਣ ਪਿੱਛੋਂ ਉਸ ਦੇ ਪੁੱਤਰ ਗਜਪਤ ਸਿੰਘ ਨੇ ਗੱਦੀ ਸੰਭਾਲੀ ਅਤੇ ਪੰਜਾਹ ਸਾਲ ਤੋਂ ਵੱਧ ਰਾਜ ਕੀਤਾ। ਉਸ ਨੇ ਰਿਆਸਤ ਵਿੱਚ ਚੋਖਾ ਨਵਾਂ ਇਲਾਕਾ ਸ਼ਾਮਲ ਕੀਤਾ। ਉਸ ਦੀ ਧੀ ਰਾਜ ਕੌਰ ਮਹਾਂ ਸਿੰਘ ਸ਼ੁਕਰਚੱਕੀਆ ਨੂੰ ਵਿਆਹੀ ਸੀ, ਜਿਸ ਦੇ ਪੇਟੋਂ ਰਣਜੀਤ ਸਿੰਘ ਪੈਦਾ ਹੋਇਆ। ਗਜਪਤ ਸਿੰਘ 1789 ਵਿੱਚ ਸੁਰਗਵਾਸ ਹੋਇਆ ਤਾਂ ਉਸ ਦਾ ਪੁੱਤਰ ਭਾਗ ਸਿੰਘ ਗੱਦੀ ਉੱਤੇ ਬੈਠਾ। ਇਸ ਪਰਿਵਾਰ ਨਾਲ ਨਾਨਕਿਆਂ ਦੀ ਰਿਸ਼ਤੇਦਾਰੀ ਹੋਣ ਕਾਰਨ ਰਣਜੀਤ ਸਿੰਘ ਨੇ ਸਤਲੁਜ ਤੋਂ ਪੂਰਬ ਵੱਲ ਜਿੱਤੇ ਇਲਾਕਿਆਂ ਵਿੱਚੋਂ ਕੁੱਝ ਇਲਾਕੇ ਜੀਂਦ ਰਿਆਸਤ ਨੂੰ ਵੀ ਦਿੱਤੇ। ਸਤਲੁਜ ਤੋੋਂ ਪੂਰਬ ਵੱਲ ਦੀਆਂ ਰਿਆਸਤਾਂ ਵੱਲੋਂ 1809 ਵਿੱਚ ਅੰਗਰੇਜ਼ਾਂ ਦੀ ਸੁਰੱਖਿਆ ਲੈਣ ਸਮੇਂ ਭਾਗ ਸਿੰਘ ਹੀ ਜੀਂਦ ਰਿਆਸਤ ਉੱਤੇ ਰਾਜ ਕਰ ਰਿਹਾ ਸੀ। ਲੈਫਟੀਨੈਂਟ ਕਰਨਲ ਆਕਟਰਲੋਨੀ ਅਨੁਸਾਰ ਅੰਗਰੇਜ਼ੀ ਸੁਰੱਖਿਆ ਲੈਣ ਸਮੇਂ ਜੀਂਦ ਦੀ ਸੈਨਾ ਵਿੱਚ 900 ਘੋੜ ਸਵਾਰ ਅਤੇ 2000 ਪਿਆਦਾ ਫੌਜੀ ਸ਼ਾਮਲ ਸਨ।
1819 ਵਿੱਚ ਭਾਗ ਸਿੰਘ ਸੁਰਗਵਾਸ ਹੋਇਆ ਤਾਂ ਉਸ ਦਾ ਪੁੱਤਰ ਫਤਿਹ ਸਿੰਘ ਰਾਜਾ ਬਣਿਆ। ਤਿੰਨ ਸਾਲ ਪਿੱਛੋਂ ਉਸ ਦੀ ਮੌਤ ਹੋਣ ਪਿੱਛੋਂ ਜੁਲਾਈ 1822 ਵਿੱਚ ੳਸ ਦਾ ਪੁੱਤਰ ਸੰਗਤ ਸਿੰਘ ਗੱਦੀ ਉੱਤੇ ਬੈਠਾ। ਉਹ ਕੇਵਲ 23 ਸਾਲ ਦੀ ਉਮਰ ਵਿੱਚ ਨਿਰਸੰਤਨ ਸੁਰਗਵਾਸ ਹੋਇਆ ਤਾਂ ਪਰਿਵਾਰ ਨਾਲ ਖੂਨ ਦੀ ਸਾਂਝ ਪੱਖੋਂ ਨੇੜਲੇ ਸ. ਸਰੂਪ ਸਿੰਘ ਨੂੰ ਰਾਜਾ ਬਣਾਇਆ ਗਿਆ। ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਸਮੇਂ ਰਾਜਾ ਸਰੂਪ ਸਿੰਘ ਗੱਦੀ ਉੱਤੇ ਸੀ। ਇਸ ਰਿਆਸਤ ਦਾ ਇਲਾਕਾ ਅੰਗਰੇਜ਼ੀ ਸੈਨਾ ਦੇ ਜੰਗ ਦੇ ਮੈਦਾਨ ਵੱਲ ਜਾਣ ਦੇ ਰਾਹ ਅਤੇ ਲੜਾਈ ਦੇ ਮੈਦਾਨ ਤੋਂ ਬਹੁਤ ਹੀ ਹਟਵਾਂ ਹੋਣ ਕਾਰਨ ਅੰਗਰੇਜ਼ ਸਰਕਾਰ ਵੱਲੋਂ ਲੜਾਈ ਦੌਰਾਨ ਇਸ ਰਿਆਸਤ ਨਾਲ ਬਹੁਤਾ ਤਾਲਮੇਲ ਕਰਨ ਦੀ ਲੋੜ ਨਹੀਂ ਸਮਝੀ ਗਈ; ਫਿਰ ਵੀ ਇਸ ਰਿਆਸਤ ਨੇ ਅੰਗਰੇਜ਼ੀ ਸੈਨਾ ਦੀ ਜ਼ਰੂਰਤ ਅਨੁਸਾਰ ਉਸ ਦੀ ਮਦਦ ਕੀਤੀ।

ਲਾਡਵਾ (ਡੱਲੇਵਾਲੀਆ ਮਿਸਲ)
ਜਨਵਰੀ 1764 ਵਿੱਚ ਜਦ ਸਿੱਖਾਂ ਨੇ ਅਹਿਮਦ ਸ਼ਾਹ ਦੁਰਾਨੀ ਵੱਲੋਂ ਥਾਪੇ ਸਰਹਿੰਦ ਦੇ ਗਵਰਨਰ ਜ਼ੈਨ ਖਾਂ ਨੂੰ ਹਰਾ ਕੇ ਜਮਨਾ ਦਰਿਆ ਦੇ ਹੇਠਲੇ ਪਾਸੇ ਸਤਲੁਜ ਵੱਲ ਨੂੰ ਇਲਾਕਾ ਮੱਲਿਆ ਤਾਂ ਮਾਝੇ ਤੋਂ ਆਏ ਡੱਲੇਵਾਲੀਆ ਮਿਸਲ ਵਿੱਚ ਵੇਈਂ ਪੋਈਂ ਦੇ ਵਸਨੀਕ ਦੋ ਭਰਾਵਾਂ- ਸਰਦਾਰ ਸਾਹਿਬ ਸਿੰਘ ਤੇ ਸਰਦਾਰ ਗੁਰਦਿੱਤ ਸਿੰਘ ਨੇ ਲਾਡਵਾ ਅਤੇ ਸ਼ਾਮਗੜ੍ਹ ਦਾ ਇਲਾਕਾ, ਜੋ ਕਰਨਾਲ ਤੋਂ ਪੂਰਬ ਵੱਲ ਕੁੱਝ ਮੀਲ ਹੀ ਦੂਰ ਸੀ, ਕਬਜ਼ੇ ਵਿੱਚ ਲਿਆ। ਸਾਹਿਬ ਸਿੰਘ ਵੱਡਾ ਸੀ। ਉਹ ਬੇਔਲ਼ਾਦ ਮਰਿਆ ਤਾਂ ਗੁਰਦਿੱਤ ਸਿੰਘ ਨੇ ਉਸ ਦੀ ਵਿਧਵਾ ਨੂੰ ਆਪਣੇ ਘਰ ਵਸਾ ਲਿਆ ਅਤੇ ਇਉਂ ਮਿਲਖ ਗੁਰਦਿੱਤ ਸਿੰਘ ਦੀ ਮਾਲਕੀ ਹੇਠ ਆਈ।
1795 ਵਿੱਚ ਮਰਹੱਟਿਆਂ ਨੇ ਕਰਨਾਲ ਦੇ ਸਥਾਨ ਉੱਤੇ ਰਾਜਾ ਭਾਗ ਸਿੰਘ ਜੀਂਦ ਨੂੰ ਹਰਾ ਕੇ ਇੱਥੋਂ ਦੀ ਮਾਲਕੀ ਆਪਣੇ ਸਾਥੀ ਝੱਜਰ ਦੇ ਹਾਕਮ ਜਾਰਜ ਥਾਮਸ ਦੇ ਹਵਾਲੇ ਕਰ ਦਿੱਤੀ। ਕੁੱਝ ਸਮੇਂ ਪਿੱਛੋਂ ਜਦ ਗੁਰਦਿੱਤ ਸਿੰਘ ਲਾਡਵਾ ਨੇ ਜਾਰਜ ਥਾਮਸ ਨੂੰ ਹੋਰ ਪਾਸੇ ਰੁੱਝਿਆ ਵੇਖਿਆ ਤਾਂ ਉਸ ਨੇ ਮੌਕਾ ਪਾ ਕੇ ਕਰਨਾਲ ਉੱਤੇ ਕਬਜ਼ਾ ਕਰ ਲਿਆ। 1803 ਵਿੱਚ ਦਿੱਲੀ ਉੱਤੇ ਕਬਜ਼ੇ ਲਈ ਮਰਹੱਟਿਆ ਅਤੇ ਅੰਗਰੇਜ਼ਾਂ ਦਰਮਿਆਨ ਹੋਈ ਲੜਾਈ ਵਿੱਚ ਜਿੱਥੇ ਜੀਂਦ ਅਤੇ ਕੈਥਲ ਦੇ ਰਾਜਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਉਥੇ ਥਾਨੇਸਰ, ਬੂੜੀਆ, ਜਗਾਧਰੀ ਅਤੇ ਕਲਸੀਆ ਦੇ ਨਾਲ ਰਲ ਕੇ ਗੁਰਦਿੱਤ ਸਿੰਘ ਲਾਡਵਾ ਨੇ ਮਰਹੱਟਿਆਂ ਦੇ ਪੱਖ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਕੀਤੀ। 1804 ਦੇ ਅੰਤ ਵਿੱਚ ਕਰਨਲ ਬਰਨ ਨਾਲ ਹੋਈ ਲੜਾਈ ਵਿੱਚ ਹਾਰਨ ਤੱਕ ਗੁਰਦਿੱਤ ਸਿੰਘ ਲਾਡਵਾ ਅਤੇ ਜੋਧ ਸਿੰਘ ਕਲਸੀਆ ਲਗਭਗ ਇੱਕ ਸਾਲ ਅੰਗਰੇਜ਼ਾਂ ਨਾਲ ਝੜੱਪਾਂ ਲੈਂਦੇ ਰਹੇ। ਇਸ ਵਿਰੋਧ ਕਾਰਨ ਹੀ ਅੰਗਰੇਜ਼ ਹਾਕਮਾਂ ਨੇ ਜਦ 1805 ਵਿੱਚ ਸਿੱਖ ਰਾਜਿਆਂ ਅਤੇ ਸਰਦਾਰਾਂ ਦੇ ਸ਼ਾਂਤੀਪੂਰਨ ਵਿਹਾਰ ਦੀ ਸ਼ਰਤ ਉੱਤੇ ਉਨ੍ਹਾਂ ਲਈ ਆਮ ਮਾਫੀਨਾਮੇ ਦਾ ਐਲਾਨ ਕੀਤਾ ਤਾਂ ਗੁਰਦਿੱਤ ਸਿੰਘ ਲਾਡਵਾ ਨੂੰ ਇਸ ਮਾਫੀਨਾਮੇ ਤੋਂ ਬਾਹਰ ਹੀ ਨਹੀਂ ਰੱਖਿਆ ਗਿਆ, ਸਗੋਂ ਇਸੇ ਸਾਲ ਅਪ੍ਰੈਲ ਦੇ ਮਹੀਨੇ ਅੰਗਰੇਜ਼ੀ ਸੈਨਾ ਨੇ ਕਰਨਾਲ ਦੇ ਕਿਲ੍ਹੇ ਉੱਤੇ ਚੜ੍ਹਾਈ ਕਰਕੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਜਦ ਲਾਰਡ ਵੈਲਜ਼ਲੇ ਦੇ ਲੰਡਨ ਵਾਪਸ ਜਾਣ ਉਪਰੰਤ ਲਾਰਡ ਕਾਰਨਵਾਲਸ ਵਾਇਸਰਾਇ ਬਣ ਕੇ ਆਇਆ ਤਾਂ ਉਸ ਨੇ ਸਥਾਨਕ ਰਾਜਿਆਂ ਪ੍ਰਤੀ ਪਹਿਲੀ ਕਰੜੀ ਨੀਤੀ ਬਦਲ ਕੇ ਉਨ੍ਹਾਂ ਵੱਲ ਨਰਮਾਈ ਵਰਤਨੀ ਸ਼ੁਰੂ ਕੀਤੀ। ਫੈਸਲਾ ਹੋਇਆ ਕਿ ਜਮਨਾ ਦਰਿਆ ਦੇ ਪੱਛਮ ਵੱਲ ਹਥਿਆਏ ਇਲਾਕਿਆਂ ਵਿੱਚੋਂ ਅੰਗਰੇਜ਼ੀ ਫੌਜ ਵਾਪਸ ਬੁਲਾ ਕੇ ਇਹ ਇਲਾਕੇ ਲੜਾਈ ਦੌਰਾਨ ਆਪਣੀ ਮਦਦ ਕਰਨ ਵਾਲੇ ਜਾਂ ਵਿਰੋਧ ਨਾ ਕਰਨ ਵਾਲੇ ਰਾਜਿਆਂ ਅਤੇ ਸਰਦਾਰਾਂ ਵਿੱਚ ਵੰਡ ਦਿੱਤੇ ਜਾਣ। ਫਲਸਰੂਪ ਜੀਂਦ, ਕੈਥਲ, ਲਾਡਵਾ ਅਤੇ ਥਾਨੇਸਰ ਦੇ ਸਿੱਖ ਰਾਜਿਆਂ ਅਤੇ ਕੁੰਜਪੁਰੇ ਦੇ ਨਵਾਬ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਨੂੰ ਉਹ ਸਾਰੇ ਇਲਾਕੇ ਰੱਖਣ ਦਾ ਅਧਿਕਾਰ ਦੇ ਦਿੱਤਾ ਗਿਆ, ਜਿਹੜੇ ਮਰਹੱਟਿਆਂ ਨਾਲ ਸੰਧੀ ਹੋਣ ਪਿੱਛੋਂ ਉਨ੍ਹਾਂ ਦੀ ਮਾਲਕੀ ਵਿੱਚ ਮੰਨੇ ਗਏ ਸਨ। ਇਸ ਫੈਸਲੇ ਦਾ ਇੱਕੋ ਇੱਕ ਅਪਵਾਦ ਲਾਡਵੇ ਦੇ ਰਾਜੇ ਗੁਰਦਿੱਤ ਸਿੰਘ ਦੀ ਮਾਲਕੀ ਸੀ, ਜਿਸ ਵਿੱਚੋਂ ਕਰਨਾਲ ਦਾ ਇਲਾਕਾ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ ਸੀ। ਅੰਗਰੇਜ਼ਾਂ ਦੇ ਅਜਿਹੇ ਵਰਤਾਉ ਕਾਰਨ ਸਰਦਾਰ ਗੁਰਦਿੱਤ ਸਿੰਘ ਦੇ ਮਨ ਵਿੱਚ ਅੰਗਰੇਜ਼ ਪ੍ਰਤੀ ਰੋਸ ਉਪਜਣਾ ਕੁਦਰਤੀ ਸੀ, ਜਿਸ ਦੇ ਫਲਸਰੂਪ ਅੰਗਰੇਜ਼ਾਂ ਅਤੇ ਗੁਰਦਿੱਤ ਸਿੰਘ ਲਾਡਵਾ ਦੇ ਸੰਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ, ਜੋ ਅਗਲੇ ਸਾਲਾਂ ਵਿੱਚ ਵੀ ਜਾਰੀ ਰਿਹਾ।
ਮਹਾਰਾਜਾ ਰਣਜੀਤ ਸਿੰਘ ਗੁਰਦਿੱਤ ਸਿੰਘ ਦੀ ਵਡੇਰੀ ਉਮਰ ਅਤੇ ਆਪਣੇ ਵਡੇਰਿਆਂ ਵੱਲੋਂ ਬੰਨ੍ਹੇ ਪਿੰਡ ਵੇਈਂ ਪੋਈਂ ਦਾ ਵਸਨੀਕ ਹੋਣ ਕਾਰਨ ਉਸ ਨੂੰ ਪਿਤਾ ਵਾਂਗ ਮੰਨਦਾ ਸੀ। ਇਹੋ ਕਾਰਨ ਹੈ ਕਿ ਜਦ ਉਸ ਨੇ 1807 ਵਿੱਚ ਪਟਿਆਲੇ ਨੂੰ ਜਾਂਦਿਆਂ ਸਤਲੁਜ ਤੋਂ ਪੂਰਬ ਵੱਲ ਰਾਇਕਿਆਂ ਦਾ ਬਹੁਤ ਸਾਰਾ ਇਲਾਕਾ ਮੱਲਿਆ ਤਾਂ ਇਸ ਵਿੱਚੋਂ 26 ਪਿੰਡਾਂ ਦਾ ਬੱਦੋਵਾਲ ਅਤੇ ਜਗਰਾਉਂ ਦਾ 6 ਪਿੰਡਾਂ ਵਾਲਾ ਇਲਾਕਾ ਗੁਰਦਿੱਤ ਸਿੰਘ ਨੂੰ ਦੇ ਦਿੱਤਾ। ਲਾਡਵਾ ਇਲਾਕੇ ਦੇ 94 ਪਿੰਡਾਂ ਤੋਂ ਬਿਨਾਂ ਸ਼ੇਖੂਪੁਰਾ ਦੇ 9, ਸਿਘੌਰ ਦੇ 20, ਇੰਦਰੀ ਕਸਬਾ ਅਤੇ ਇਸ ਦੇ 11, ਸਿਕੰਦਰਾ ਦੇ 9 ਅਤੇ ਮਧੀ ਦੇ 18 ਪਿੰਡ ਉਸ ਦੇ ਕਬਜ਼ੇ ਹੇਠ ਸਨ। ਦਲ ਸਿੰਘ, ਦੁੰਨਾ ਸਿੰਘ, ਮਾਹਣਾ ਸਿੰਘ, ਸਾਹਿਬ ਸਿੰਘ, ਉਗਾ ਸਿੰਘ ਅਤੇ ਦੀਵਾਨ ਸਿੰਘ ਉਸ ਦੇ ਅਧੀਨ ਛੋਟੀਆਂ ਮਿਲਖਾਂ ਦੇ ਮਾਲਕ ਸਨ।
ਲੈਫਟੀਨੈਂਟ ਕਰਨਲ ਆਕਟਰਲੋਨੀ ਨੇ 16 ਜਨਵਰੀ 1809 ਨੂੰ ਜਮਨਾ ਪਾਰ ਕਰਕੇ ਬੂੜੀਆ ਦੇ ਨੇੜੇ ਦਾਦੂਪੁਰ ਟਿਕਾਣਾ ਕੀਤਾ। ਇੱਥੇ ਗੁਰਦਿੱਤ ਸਿੰਘ ਲਾਡਵਾ ਨੇ ਆਪਣੇ ਦੀਵਾਨ ਦੇ ਹੱਥੀਂ ਉਸ ਕੋਲ ਖਤ ਭੇਜਿਆ। ਖਤ ਵਿੱਚ ਸਰਦਾਰ ਗੁਰਦਿੱਤ ਸਿੰਘ ਨੇ ਦੋਸਤੀ ਦੀਆਂ ਭਾਵਨਾਵਾਂ ਪ੍ਰਗਟਾਉਣ ਦੇ ਨਾਲ ਨਾਲ ਕੁੱਝ ਆਸ ਉਮੀਦ ਵੀ ਪ੍ਰਗਟਾਈ ਸੀ। ਰਣਜੀਤ ਸਿੰਘ ਸਰਦਾਰ ਗੁਰਦਿੱਤ ਸਿੰਘ ਨੂੰ ਪਿਤਾ ਸਮਾਨ ਮੰਨਦਾ ਸੀ ਅਤੇ ਉਸ ਦੀ ਰਣਜੀਤ ਸਿੰਘ ਨਾਲ ਅਜਿਹੀ ਨੇੜਤਾ ਅੰਗਰੇਜ਼ਾਂ ਤੋਂ ਵੀ ਗੁੱਝੀ ਨਹੀਂ ਸੀ, ਪਰ ਉਸ ਦੀ ਮਿਲਖ ਸਤਲੁਜ ਤੋਂ ਪੂਰਬ ਵੱਲ ਹੋਣ ਕਾਰਨ ਅੰਗਰੇਜ਼ ਸਮਝਦੇ ਸਨ ਕਿ ਉਸ ਦਾ ਅੰਗਰੇਜ਼ ਸਰਕਾਰ ਨਾਲ ਨਿੱਘਾ ਰਿਸ਼ਤਾ ਬਣਾ ਕੇ ਰੱਖਣਾ ਉਸ ਦੇ ਆਪਣੇ ਹਿਤਾਂ ਦੀ ਰਾਖੀ ਲਈ ਉਸ ਦੀ ਮਜਬੂਰੀ ਹੋਵੇਗੀ।
ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਹੋਣ ਪਿੱਛੋਂ 3 ਮਈ 1809 ਨੂੰ ਲੈਫਟੀਨੈਂਟ ਕਰਨਲ ਆਕਟਰਲੋਨੀ ਨੇ ਅੰਗਰੇਜ਼ ਸਰਕਾਰ ਵੱਲੋਂ ਸਤਲੁਜ ਤੋਂ ਪੂਰਬ ਵੱਲ ਦੇ ਰਾਜਿਆਂ ਅਤੇ ਸਰਦਾਰਾਂ ਨੂੰ ਕੁੱਝ ਸ਼ਰਤਾਂ ਸਹਿਤ ਆਪਣੀ ਸੁਰੱਖਿਆ ਹੇਠ ਲੈਣ ਬਾਰੇ ਇਤਲਾਹਨਾਮਾ ਜਾਰੀ ਕੀਤਾ, ਪਰ ਸ. ਗੁਰਦਿੱਤ ਸਿੰਘ ਲਾਡਵਾ ਨੂੰ ਇਸ ਦੇ ਘੇਰੇ ਤੋਂ ਬਾਹਰ ਰੱਖਿਆ। ਜਦ ਇਸ ਬਾਰੇ ਗਵਰਨਰ ਜਨਰਲ ਤੋਂ ਪ੍ਰਵਾਨਗੀ ਮੰਗੀ ਗਈ ਤਾਂ ਉਸ ਨੇ ਆਕਟਰਲੋਨੀ ਦੀ ਕਾਰਵਾਈ ਨੂੰ ਗੈਰ-ਵਾਜਬ ਦੱਸਿਆ। ਫਲਸਰੂਪ ਇੱਕ ਮਹੀਨਾ ਪਿੱਛੋਂ ਗੁਰਦਿੱਤ ਸਿੰਘ ਲਾਡਵਾ ਨੂੰ ਵੀ ਇਨ੍ਹਾਂ ਸ਼ਰਤਾਂ ਅਧੀਨ ਸੁਰੱਖਿਆ ਦੇ ਦਿੱਤੀ ਗਈ। ਲੈਫਟੀਨੈਂਟ ਕਰਨਲ ਆਕਟਰਲੋਨੀ ਅਨੁਸਾਰ ਅੰਗਰੇਜ਼ੀ ਸੁਰੱਖਿਆ ਲੈਣ ਸਮੇਂ ਲਾਡਵਾ ਦੀ ਸੈਨਾ ਵਿੱਚ 1500 ਘੋੜ ਸਵਾਰ, 400 ਪਿਆਦਾ ਫੌਜੀ ਅਤੇ 6 ਵੱਡੀਆਂ ਤੇ 2 ਛੋਟੀਆਂ ਤੋਪਾਂ ਸ਼ਾਮਲ ਸਨ। ਕਰਨਲ ਆਕਟਰਲੋਨੀ ਨੇ ਦਲ ਸਿੰਘ, ਦੁੰਨਾ/ਧੰਨਾ ਸਿੰਘ, ਮਾਹਣਾ ਸਿੰਘ, ਦੀਵਾਨ ਸਿੰਘ ਅਤੇ ਸਾਹਿਬ ਸਿੰਘ ਨੂੰ ਗੁਰਦਿੱਤ ਸਿੰਘ ਦੇ ਆਸ਼ਿ੍ਰਤ ਦੱਸਿਆ ਹੈ; ਇਸ ਤੋਂ ਬਿਨਾਂ ਸਿਕੰਦਰਾ ਦਾ ਮਾਲਕ ਉਗਰ ਸਿੰਘ ਵੀ ਉਸ ਦੇ ਅਧੀਨ ਸੀ।
ਗੁਰਦਿੱਤ ਸਿੰਘ ਨੇ ਆਪਣੇ ਭਰਾ ਸਾਹਿਬ ਸਿੰਘ ਦੀ ਮੌਤ ਪਿੱਛੋਂ ਉਸ ਦੀ ਪਤਨੀ ਨੂੰ ਆਪਣੇ ਘਰ ਵਸਾ ਲਿਆ, ਪਰ ਉਸ ਦੀ ਪਤਨੀ ਨੇ ਇਸ ਨੂੰ ਪਸੰਦ ਨਾ ਕੀਤਾ ਜਿਸ ਕਾਰਨ ਦੋਵਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ। ਗੁਰਦਿੱਤ ਸਿੰਘ ਨੇ ਇਸ ਝਗੜੇ ਤੋਂ ਬਚਣ ਵਾਸਤੇ ਸਾਹਿਬ ਸਿੰਘ ਦੀ ਪਤਨੀ ਨੂੰ ਗੁਜ਼ਾਰੇ ਵਾਸਤੇ ਚਾਰ ਪਿੰਡ ਦੇ ਦਿੱਤੇ ਤਾਂ ਉਸ ਨੇ ਆਪਣੀ ਰਿਹਾਇਸ਼ ਬਬਿਆਲ ਪਿੰਡ ਵਿੱਚ ਕਰ ਲਈ। ਗੁਰਦਿੱਤ ਸਿੰਘ ਦੀ ਆਪਣੀ ਪਤਨੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ। ਗੁਰਦਿੱਤ ਸਿੰਘ ਦੀ ਮੌਤ ਪਿੱਛੋਂ ਸਰਦਾਰੀ ਉਸ ਦੇ ਨਾਬਾਲਗ ਪੁੱਤਰ ਅਜੀਤ ਸਿੰਘ ਨੂੰ ਮਿਲੀ ਤਾਂ ਲਾਡਵਾ ਮਿਲਖ ਦੀ ਦੇਖ-ਭਾਲ ਅਜੀਤ ਸਿੰਘ ਦੀ ਮਾਂ ਕਰਨ ਲੱਗੀ। ਉਹ ਗੁਰਦਿੱਤ ਸਿੰਘ ਦੀ ਦੂਜੀ ਵਿਧਵਾ ਨਾਲ ਖਾਰ ਖਾਂਦੀ ਸੀ, ਜਿਸ ਕਾਰਨ ਉਸ ਨੇ ਆਪਣੀ ਸੌਂਕਣ ਦੇ ਕਬਜ਼ੇ ਹੇਠਲੇ ਬਬਿਆਲ ਪਿੰਡ ਅਤੇ ਉੱਥੋਂ ਦੀ ਗੜ੍ਹੀ ਉੱਤੇ ਕਬਜ਼ਾ ਕਰ ਲਿਆ।
ਮਿਲਖ ਦੀ ਜ਼ਿੰਮੇਵਾਰੀ ਸੰਭਾਲਣ ਪਿੱਛੋਂ ਅਜੀਤ ਸਿੰਘ ਨੇ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧ ਬਣਾਈ ਰੱਖੇ। ਗਵਰਨਰ ਜਨਰਲ ਦਾ ਏਜੰਟ ਜਾਰਜ ਰਸਲ ਕਲਾਰਕ ਸ. ਅਜੀਤ ਸਿੰਘ ਦੀ ਰਣਜੀਤ ਸਿੰਘ ਨਾਲ ਨੇੜਤਾ ਕਾਰਨ ਉਸ ਨਾਲ ਖਾਰ ਖਾਂਦਾ ਸੀ। ਉਹ ਅਕਸਰ ਹੀ ਅਜੀਤ ਸਿੰਘ ਨੂੰ ਨੀਵਾਂ ਦਿਖਾਉਣ ਵਾਸਤੇ ਲਾਡਵਾ ਦੇ ਪ੍ਰਬੰਧ ਵਿੱਚ ਨੁਕਸ ਕੱਢ ਕੇ ਉਨ੍ਹਾਂ ਨੁੰ ਦੂਰ ਕਰਨ ਲਈ ਸ. ਅਜੀਤ ਸਿੰਘ ਨੂੰ ਲਿਖਦਾ ਰਹਿੰਦਾ। ਮਈ 1832 ਵਿੱਚ ਵੀ ਉਸ ਨੇ ਇਕ ਅਜਿਹਾ ਖਤ ਸ. ਅਜੀਤ ਸਿੰਘ ਨੂੰ ਲਿਖਿਆ, ਪਰ ਅਜੀਤ ਸਿੰਘ ਆਪਣੇ ਪੂਰਬ ਨਿਯੋਜਿਤ ਪ੍ਰੋਗਰਾਮ ਅਨੁਸਾਰ ਹਰਦੁਆਰ ਕੁੰਭ ਦੇ ਮੇਲੇ ਅਤੇ ਉੱਥੋਂ ਮਸੂਰੀ ਦੀ ਯਾਤਰਾ ਲਈ ਚਲਾ ਗਿਆ। ਕਲਾਰਕ ਨੇ ਇਸ ਨੂੰ ਹੁਕਮ ਅਦੂਲੀ ਮੰਨਿਆ ਅਤੇ ਆਪਣੇ ਉੱਚ-ਅਧਿਕਾਰੀ ਤੋਂ ਲਾਡਵਾ ਵਿੱਚ ਰਹਿੰਦੀ ਬਰਤਾਨਵੀ ਪਰਜਾ ਦੀ ਰਾਖੀ ਲਈ ਉੱਥੇ ਠਾਣਾ ਕਾਇਮ ਕਰਨ ਦੀ ਆਗਿਆ ਮੰਗੀ, ਜੋ ਪ੍ਰਵਾਨ ਨਾ ਹੋਈ।
ਕਿਸੇ ਤਰ੍ਹਾਂ ਲਾਡਵਾ ਮਿਲਖ ਦੇ ਤਿੰਨ ਪਿੰਡਾਂ- ਰਾਂਬਾ, ਰੰਡਾਲ ਅਤੇ ਧਰਾੜ ਵਿੱਚ ਅੰਗਰੇਜ਼ ਸਰਕਾਰ ਦਾ ਵੀ ਅੱਧ ਸੀ। ਦੋ ਹਾਕਮ ਹੋਣ ਕਾਰਨ ਉੱਥੋਂ ਦਾ ਪ੍ਰਬੰਧ ਤਸੱਲੀਬਖਸ਼ ਨਹੀਂ ਸੀ ਹੋ ਰਿਹਾ। ਇਹ ਸਥਿਤੀ ਬਿਆਨ ਕਰਦਿਆਂ ਅਜੀਤ ਸਿੰਘ ਨੇ ਇਹ ਪਿੰਡ ਪੂਰੀ ਤਰ੍ਹਾਂ ਲਾਡਵਾ ਦੇ ਅਧਿਕਾਰ ਹੇਠ ਦੇਣ ਦੀ ਮੰਗ ਕੀਤੀ। ਉਦੋਂ ਤੱਕ ਕਲਾਰਕ ਦਾ ਅਜੀਤ ਸਿੰਘ ਪ੍ਰਤੀ ਰਵੱਈਆ ਬਦਲ ਚੁੱਕਾ ਸੀ, ਉਸ ਵੱਲੋਂ ਸਿਫਾਰਸ਼ ਕੀਤੇ ਜਾਣ ਉੱਤੇ ਇਹ ਤਿੰਨੇ ਪਿੰਡਾਂ ਵਿੱਚੋਂ ਅੰਗਰੇਜ਼ੀ ਪੁਲਿਸ ਵਾਪਸ ਬੁਲਾ ਲਈ ਗਈ ਅਤੇ ਇਹ ਲਾਡਵਾ ਦੀ ਸਪੁਰਦਗੀ ਵਿੱਚ ਦੇ ਦਿੱਤੇ ਗਏ।
ਅਜੀਤ ਸਿੰਘ ਦੀ ਸ਼ਾਦੀ ਰਦੌਰ ਮਿਲਖ ਦੇ ਮਾਲਕ ਸ. ਦੁਲਚਾ ਸਿੰਘ ਦੀ ਧੀ ਨਾਲ ਹੋਈ ਸੀ। ਦੁਲਚਾ ਸਿੰਘ ਦੇ ਔਲ਼ਾਦਹੀਣ ਮਰਨ ਪਿੱਛੋਂ ਇਹ ਮਿਲਖ ਉਸ ਦੀ ਵਿਧਵਾ ਸਰਦਾਰਨੀ ਇੰਦ ਕੌਰ ਨੇ ਸੰਭਾਲੀ। ਸਰਦਾਰਨੀ ਇੰਦ ਕੌਰ ਨੇ ਸ. ਅਜੀਤ ਸਿੰਘ ਲਾਡਵਾ ਨਾਲ ਵਿਆਹੀ ਆਪਣੀ ਧੀ ਦੇ ਪੁੱਤਰ ਨੂੰ ਗੋਦ ਲੈਣਾ ਚਾਹਿਆ, ਪਰ ਗਵਰਨਰ ਜਨਰਲ ਦੇ ਏਜੰਟ ਤੋਂ ਪ੍ਰਵਾਨਗੀ ਨਾ ਮਿਲੀ।
1831 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਰੋਪੜ ਦੇ ਸਥਾਨ ਉੱਤੇ ਵਾਇਸਰਾਇ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵੇਲੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਿੱਖ ਸਰਦਾਰਾਂ ਨੂੰ ਆਪਣੇ ਨਾਲ ਲੈ ਕੇ ਆਇਆ, ਉਨ੍ਹਾਂ ਵਿੱਚ ਅਜੀਤ ਸਿੰਘ ਲਾਡਵਾ ਵੀ ਸ਼ਾਮਲ ਸੀ।
ਸ. ਅਜੀਤ ਸਿੰਘ ਨੇ ਥਾਨੇਸਰ ਦੇ ਨੇੜ ਸਰਸਵਤੀ ਨਦੀ ਉੱਤੇ ਪੁਲ ਬਣਵਾਇਆ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿਫਾਰਸ਼ ਕੀਤੇ ਜਾਣ ਉੱਤੇ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਉਸ ਨੂੰ ਰਾਜੇ ਦਾ ਖਿਤਾਬ ਦਿੱਤਾ। ਇਸ ਸਮੇਂ ਅਜੀਤ ਸਿੰਘ ਕੋਲ 1000 ਘੋੜ ਸਵਾਰ ਸਨ ਅਤੇ ਉਸ ਦਾ ਸਾਲਾਨਾ ਮਾਲੀਆ ਲਗਭਗ ਡੇਢ ਲੱਖ ਰੁਪਏ ਸੀ। ਮਿਲਖ ਵਿੱਚ ਸ਼ਾਮਲ ਪਿੰਡਾਂ ਦੀ ਗਿਣਤੀ 178 ਸੀ। ਇਲਾਕੇ ਦੇ ਖੇਤਰਫਲ ਪੱਖੋਂ ਇਹ ਰਿਆਸਤ ਭਾਵੇਂ ਬਹੁਤ ਵੱਡੀ ਨਹੀਂ ਸੀ, ਪਰ ਸਤਲੁਜ ਤੋਂ ਪੂਰਬ ਵੱਲ ਦੀਆਂ ਸਿੱਖ ਰਿਆਸਤਾਂ ਵਿੱਚ ਇਸ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਸੀ।
1845 ਵਿੱਚ ਜਦ ਅੰਗਰੇਜ਼ਾਂ ਨੇ ਅੰਦਰਖਾਤੇ ਲਾਹੌਰ ਦਰਬਾਰ ਨਾਲ ਟੱਕਰ ਲੈਣ ਦੀ ਠਾਣ ਲਈ ਤਾਂ ਉਹ ਜਾਣਦੇ ਸਨ ਕਿ ਅਜਿਹੀ ਸਥਿਤੀ ਵਿੱਚ ਰਾਜਾ ਅਜੀਤ ਸਿੰਘ ਲਾਹੌਰ ਦਰਬਾਰ ਨਾਲ ਖੜ੍ਹਾ ਹੋਵੇਗਾ। ਉਸ ਨੂੰ ਲਾਹੌਰ ਦਰਬਾਰ ਦੀ ਮਦਦ ਕਰਨ ਤੋਂ ਰੋਕਣ ਵਾਸਤੇ ਉਸ ਨੂੰ ਕਿਹਾ ਗਿਆ ਕਿ ਉਹ ਕੁੱਝ ਸਮੇਂ ਲਈ ਬਰਤਾਨਵੀ ਇਲਾਕੇ ਵਿੱਚ ਸਹਾਰਨਪੁਰ ਆ ਕੇ ਰਹੇ। ਅਜੀਤ ਸਿੰਘ ਸਹਾਰਨਪੁਰ ਆਇਆ ਤਾਂ ਉਸ ਦੀ ਨਿਗਰਾਨੀ ਰੱਖੀ ਜਾਣ ਲੱਗੀ। ਇਹ ਸਭ ਕੁੱਝ ਜਾਣਦਿਆਂ-ਬੁੱਝਦਿਆਂ ਵੀ ਅੰਗਰੇਜ਼ਾਂ ਨੇ ਸਿੱਖਾਂ ਨਾਲ ਲੜਾਈ ਸਮੇਂ ਲਾਡਵਾ ਰਿਆਸਤ ਪਾਸੋਂ 10,000 ਮਣ ਆਟਾ ਭੇਜਣ ਦੀ ਮੰਗ ਕੀਤੀ। ਸੰਭਵ ਹੈ ਜਾਂ ਤਾਂ ਨਿਤਾ-ਪ੍ਰਤੀ ਦੇ ਕੰਮ ਵਿੱਚ ਹੀ ਇਹ ਮੰਗ ਹੋ ਗਈ ਜਾਂ ਸਰਦਾਰ ਅਜੀਤ ਸਿੰਘ ਨੂੰ ਨੀਵਾਂ ਵਿਖਾਉਣ ਵਾਸਤੇ ਜਾਣ-ਬੁੱਝ ਕੇ ਐਨੀ ਵੱਡੀ ਮੰਗ ਕੀਤੀ ਗਈ।
ਉਧਰ ਜਦ ਅੰਗਰੇਜ਼ੀ ਸੈਨਾ ਮੁੱਦਕੀ ਦੇ ਨੇੜੇ ਇਕੱਠੀ ਹੋ ਰਹੀ ਸੀ, ਰਾਜਾ ਅਜੀਤ ਸਿੰਘ ਮੌਕਾ ਪਾ ਕੇ ਸਹਾਰਨਪੁਰ ਵਿੱਚੋਂ ਨਿਕਲ ਗਿਆ। ਉਸ ਨੇ ਦਿਨ -ਰਾਤ ਘੋੜੇ ਉੱਤੇ ਸਵਾਰੀ ਕਰਦਿਆਂ ਸਫਰ ਮੁਕਾਇਆ ਅਤੇ ਲੁਧਿਆਣੇ ਨੇੜੇ ਆਪਣੀ ਮਿਲਖ ਬੱਦੋਵਾਲ ਵਿੱਚ ਜਾ ਕੇ ਸਾਹ ਲਿਆ। ਉਸ ਨੇ ਆਪਣੇ ਸੈਨਿਕਾਂ ਨੂੰ ਉੱਥੇ ਬੁਲਾ ਲਿਆ, ਜੋ ਆਪਣੇ ਨਾਲ ਤੋਪਾਂ ਵੀ ਲੈ ਕੇ ਆਏ। ਫਿਰੋਜ਼ਪੁਰ ਵਿੱਚ ਹੋਈਆਂ ਝੜੱਪਾਂ ਵਿੱਚ ਸਿੱਖ ਸੈਨਾ ਨੂੰ ਹਰਾ ਕੇ ਲੁਧਿਆਣੇ ਵੱਲ ਆ ਰਹੀ ਅੰਗਰੇਜ਼ੀ ਸੈਨਾ ਜਦ ਬੱਦੋਵਾਲ ਦੇ ਨੇੜੇ ਆਈ ਤਾਂ ਅਜੀਤ ਸਿੰਘ ਨੇ ਸ. ਰਣਜੋਰ ਸਿੰਘ ਮਜੀਠਾ ਨਾਲ ਰਲ ਕੇ ਅੰਗਰੇਜ਼ੀ ਸੈਨਾ ਉੱਤੇ ਹਮਲਾ ਕੀਤਾ। ਇਸ ਲੜਾਈ ਵਿੱਚ ਸਰ ਹੈਰੀ ਸਮਿੱਥ ਦੇ ਫੌਜੀ ਦਸਤੇ ਦੇ 200 ਸੈਨਿਕ ਮਾਰੇ ਗਏ।
ਫੁਟ ਨੋਟ: ਅੰਗਰੇਜ਼ ਲੇਖਕਾਂ ਨੇ ਆਪਣੀਆਂ ਲਿਖਤਾਂ ਵਿੱਚ ਲਾਡਵਾ ਦੇ ਰਾਜ-ਪ੍ਰਬੰਧ ਨੂੰ ਲੈ ਕੇ ਰਾਜਾ ਅਜੀਤ ਸਿੰਘ ਨੂੰ ਭੈੜਾ ਸ਼ਾਸਕ ਦੱਸਣ ਵਿੱਚ ਕਸਰ ਨਹੀਂ ਛੱਡੀ, ਪਰ ਲਾਡਵਾ ਨੂੰ ਜ਼ਬਤ ਕਰਨ ਪਿੱਛੋਂ ਇੱਥੋਂ ਦਾ ਪ੍ਰਬੰਧਕ ਨਿਯੁਕਤ ਕੀਤੇ ਸਰ ਜਾਰਜ ਕੈਂਪਬੈੱਲ ਦੀ ਰਾਇ ਇਸ ਤੋਂ ਭਿੰਨ ਹੈ। ਉਹ ਲਿਖਦਾ ਹੈ, “ਲਾਡਵਾ ਦੇ ਰਾਜੇ ਨੂੰ ਕਿਸੇ ਵੀ ਤਰ੍ਹਾਂ ਆਦਰਸ਼ਕ ਰਾਜਾ ਨਹੀਂ ਕਿਹਾ ਜਾ ਸਕਦਾ, ਸਗੋਂ ਸਾਡੇ ਅਫਸਰ ਉਸ ਨੂੰ ਬਹੁਤ ਭੈੜਾ ਰਾਜਾ ਦੱਸਦੇ ਹਨ। ਫਿਰ ਵੀ ਜਦ ਮੈਂ ਉਸ ਦੇ ਮਾਲੀਏ ਨਾਲ ਸੰਬੰਧਿਤ ਖਾਤੇ ਵੇਖੇ ਅਤੇ ਮਾਲੀਆ ਪ੍ਰਬੰਧ ਦਾ ਨਿਰੀਖਣ ਕੀਤਾ, ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਸਭ ਕੁੱਝ ਕਿੰਨਾ ਵਿਵਸਥਿਤ ਸੀ, ਅਤੇ ਜਿਸ ਨੂੰ ਅਸੀਂ ਕੇਵਲ ਇੱਕ ਤਰਫੀ ਧੱਕਾਸ਼ਾਹੀ ਸਮਝਦੇ ਸਾਂ, ਉਹ ਅਸਲ ਵਿੱਚ ਰਸਮ ਤੇ ਰਵਾਇਤ ਅਨੁਸਾਰ ਕਿੰਨਾ ਠੁੱਕ ਸਿਰ ਸੀ। ਇਸ ਪ੍ਰਬੰਧ ਵਿੱਚ ਰਾਜਕੀ ਅਰਥਚਾਰੇ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਸੀ। ਖੜ੍ਹੀ ਫਸਲ ਤੋਂ ਰਾਜੇ ਦੇ ਹਿੱਸੇ ਦਾ ਅੰਦਾਜ਼ਾ ਪਿੜ ਵਿੱਚੋਂ ਉਪਜ ਦੀ ਵੰਡਾਈ ਕਰਨ ਨਾਲੋਂ ਘੱਟ ਹੁੰਦਾ ਸੀ। ਭਾਵ ਜੇ ਵੰਡ ਸਮੇਂ ਪੰਜ ਵਿੱਚੋਂ ਦੋ ਹਿੱਸੇ ਲਏ ਜਾਂਦੇ ਸਨ ਤਾਂ ਅੰਦਾਜ਼ਾ ਇੱਕ ਤਿਹਾਈ ਦਾ ਹੁੰਦਾ ਸੀ। ਸਿੰਚਾਈ ਵਾਲੀ ਜ਼ਮੀਨ ਦੇ ਮਾਮਲੇ ਵਿੱਚ ਹਲ-ਵਾਹਕ ਦੀ ਮਜ਼ਦੂਰੀ ਅਤੇ ਸਿੰਚਾਈ ਦੇ ਖਰਚ ਨੂੰ ਵੇਖਦਿਆਂ ਘੱਟ ਹਿੱਸਾ, ਸੰਭਵਤਾ ਇੱਕ ਚੌਥਾਈ, ਲਿਆ ਜਾਂਦਾ ਸੀ। ਤੰਬਾਕੂ ਅਤੇ ਖਸਖਸ ਵਰਗੀਆਂ ਵੱਧ ਮਹਿੰਗੀਆਂ ਫਸਲਾਂ ਦਾ ਹਿੱਸਾ ਨਹੀਂ ਸੀ ਲਿਆ ਜਾਂਦਾ, ਨਿਸ਼ਚਿਤ ਨਕਦ ਰਾਸ਼ੀ ਲਈ ਜਾਂਦੀ ਸੀ। ਇੱਥੋਂ ਤੱਕ ਕਿ ਵਗਾਰ, ਜੋ ਸਧਾਰਨ ਤੌਰ ਉੱਤੇ ਜ਼ੁਲਮ ਮੰਨੀ ਜਾਂਦੀ ਹੈ, ਨੂੰ ਨਿਯਮਤ ਰੂਪ ਦਿੱਤਾ ਗਿਆ ਸੀ। ਹਰ ਪਿੰਡ ਨੂੰ ਕਿਸੇ ਖਾਸ ਮੌਸਮ ਜਾਂ ਸਾਰਾ ਸਾਲ ਬੱਝਵੀਂ ਗਿਣਤੀ ਵਿੱਚ ਕਾਮੇ ਲਾਜ਼ਮੀ ਦੇਣੇ ਕੀਤੇ ਹੋਏ ਸਨ। ਇਹ ਕਾਮੇ ਬਿਨਾਂ-ਮਜ਼ਦੂਰੀ ਕਾਮੇ ਨਹੀਂ ਸਨ ਹੁੰਦੇ, ਉਨ੍ਹਾਂ ਨੂੰ ਪਿੰਡ ਦੀ ਉਪਜ ਵਿੱਚੋਂ ਨਿਯਮਤ ਰਾਸ਼ੀ ਦਿੱਤੀ ਜਾਂਦੀ ਸੀ।”
(ਬਾਕੀ ਅਗਲੇ ਅੰਕ ਵਿੱਚ ਪੜ੍ਹੋ)

Leave a Reply

Your email address will not be published. Required fields are marked *