*ਹੁਣ ਕਿਉਂ ਸੁੱਕ ਗਈ ਸਰਸਵਤੀ ਦੀ ਧਾਰਾ?
*ਨਦੀਆਂ ਦੇ ਰਸਤੇ ਬਦਲਣ ਅਤੇ ਮਨੁੱਖੀ ਦਖ਼ਲ ਨੇ ਬਦਲ ਦਿੱਤੀ ਉੱਤਰ-ਪੱਛਮੀ ਭਾਰਤ ਦੀ ਜਲ ਵਿਵਸਥਾ
ਦਯਾਨਿਧੀ
ਅੱਜ ਪੰਜਾਬ ਅਤੇ ਹਰਿਆਣਾ ਦਾ ਵੱਡਾ ਇਲਾਕਾ ਖ਼ੁਸ਼ਕ ਅਤੇ ਅਰਧ-ਖ਼ੁਸ਼ਕ ਨਜ਼ਰ ਆਉਂਦਾ ਹੈ, ਪਰ ਹਜ਼ਾਰਾਂ ਸਾਲ ਪਹਿਲਾਂ ਇਸੇ ਧਰਤੀ ’ਤੇ ਅਜਿਹੀਆਂ ਨਦੀਆਂ ਵਗਦੀਆਂ ਸਨ, ਜਿਨ੍ਹਾਂ ਵਿੱਚ ਸਾਲ ਦੇ ਸਾਰੇ ਮੌਸਮਾਂ ਦੌਰਾਨ ਪਾਣੀ ਰਹਿੰਦਾ ਸੀ। ਇਨ੍ਹਾਂ ਨੂੰ ਸਦਾਨੀਰਾ (ਸਾਰਾ ਸਾਲ ਵਗਣ ਵਾਲੀਆਂ ਨਦੀਆਂ) ਕਿਹਾ ਜਾਂਦਾ ਹੈ। ਇਨ੍ਹਾਂ ਨਦੀਆਂ ਦੇ ਕੰਢਿਆਂ ’ਤੇ ਮਨੁੱਖੀ ਬਸਤੀਆਂ ਵਸੀਆਂ, ਖੇਤੀਬਾੜੀ ਵਿਕਸਿਤ ਹੋਈ ਅਤੇ ਸੱਭਿਅਤਾਵਾਂ ਨੇ ਜਨਮ ਲਿਆ। ਹੁਣ ਇੱਕ ਨਵੀਂ ਖੋਜ ਨੇ ਉੱਤਰ-ਪੱਛਮੀ ਭਾਰਤ ਦੀ ਪ੍ਰਾਚੀਨ ਜਲ ਵਿਵਸਥਾ ਬਾਰੇ ਕਈ ਅਹਿਮ ਸੰਕੇਤ ਦਿੱਤੇ ਹਨ। ਇਸ ਅਧਿਐਨ ਮੁਤਾਬਕ ਕਦੇ ਇਸ ਇਲਾਕੇ ਵਿੱਚ ਸਤਲੁਜ, ਘੱਗਰ, ਸਰਸਵਤੀ ਅਤੇ ਯਮੁਨਾ ਨਾਲ ਜੁੜਿਆ ਇੱਕ ਵਿਸ਼ਾਲ ਨਦੀ ਤੰਤਰ ਮੌਜੂਦ ਸੀ। ਸਮੇਂ ਦੇ ਨਾਲ ਧਰਤੀ ਦੀਆਂ ਭੂ-ਗਰਭੀ ਤਬਦੀਲੀਆਂ, ਨਦੀਆਂ ਦੇ ਰਸਤੇ ਬਦਲਣ ਅਤੇ ਮਨੁੱਖੀ ਦਖ਼ਲ ਨੇ ਇਸ ਪੂਰੇ ਖੇਤਰ ਦੀ ਜਲ ਵਿਵਸਥਾ ਬਦਲ ਦਿੱਤੀ।
‘ਜੀਓਸਾਇੰਸ ਫਰੰਟੀਅਰਜ਼’ ਰਸਾਲੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਗੁਰੂਗ੍ਰਾਮ ਸਥਿਤ ਨੌਰਮੀ ਰਿਸਰਚ ਫਾਊਂਡੇਸ਼ਨ ਅਤੇ ਦਿੱਲੀ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਘੱਗਰ-ਸਰਸਵਤੀ-ਦ੍ਰਿਸ਼ਦਵਤੀ ਨਦੀ ਬੇਸਿਨ ਦਾ ਅਧਿਐਨ ਕੀਤਾ ਹੈ। ਇਸ ਵਿੱਚ ਪ੍ਰਾਚੀਨ ਨਦੀ ਮਾਰਗਾਂ, ਭੂ-ਗਰਭੀ ਤਬਦੀਲੀਆਂ, ਨਦੀਆਂ ਦੇ ਵਹਾਅ ਅਤੇ ਇਤਿਹਾਸਕ ਨਹਿਰਾਂ ਦੀ ਭੂਮਿਕਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਖੋਜ ਦੇ ਨਤੀਜੇ ਦੱਸਦੇ ਹਨ ਕਿ ਅੱਜ ਦਾ ਭੂਗੋਲਿਕ ਨਕਸ਼ਾ ਹਜ਼ਾਰਾਂ ਸਾਲ ਪਹਿਲਾਂ ਦੀ ਜਲ ਵਿਵਸਥਾ ਤੋਂ ਕਾਫ਼ੀ ਵੱਖਰਾ ਹੈ।
ਧਰਤੀ ਦੀਆਂ ਹਿਲਜੁਲਾਂ ਨੇ ਬਦਲੇ ਨਦੀਆਂ ਦੇ ਰਸਤੇ
ਖੋਜ ਮੁਤਾਬਕ ਇਸ ਖੇਤਰ ਵਿੱਚ ਨਦੀਆਂ ਦੇ ਰਸਤੇ ਬਦਲਣ ਪਿੱਛੇ ਧਰਤੀ ਦੀਆਂ ਅੰਦਰੂਨੀ ਭੂ-ਗਰਭੀ ਹਰਕਤਾਂ ਦੀ ਅਹਿਮ ਭੂਮਿਕਾ ਰਹੀ ਹੈ। ਜ਼ਮੀਨ ਹੇਠਲੀਆਂ ਦਰਾਰਾਂ, ਹਿਮਾਲਿਆ ਨਾਲ ਜੁੜੀਆਂ ਭੂ-ਗਰਭੀ ਬਣਤਰਾਂ ਅਤੇ ਦਿੱਲੀ-ਹਰਿਦੁਆਰ ਰਿਜ ਵਰਗੀਆਂ ਭੂਗੋਲਿਕ ਬਣਤਰਾਂ ਨੇ ਨਦੀਆਂ ਦੇ ਵਹਾਅ ਦੀ ਦਿਸ਼ਾ ਬਦਲਣ ਲਈ ਹਾਲਾਤ ਪੈਦਾ ਕੀਤੇ। ਕਈ ਵਾਰ ਇੱਕ ਨਦੀ ਦੂਜੀ ਨਦੀ ਦੇ ਜਲਗ੍ਰਹਿਣ ਖੇਤਰ ਵਿੱਚ ਦਾਖ਼ਲ ਹੋ ਜਾਂਦੀ ਹੈ ਅਤੇ ਉਸ ਦੇ ਪਾਣੀ ਦਾ ਰਸਤਾ ਆਪਣੇ ਵੱਲ ਮੋੜ ਲੈਂਦੀ ਹੈ। ਭੂ-ਵਿਗਿਆਨ ਵਿੱਚ ਇਸ ਪ੍ਰਕਿਰਿਆ ਨੂੰ ‘ਰਿਵਰ ਕੈਪਚਰ’ ਕਿਹਾ ਜਾਂਦਾ ਹੈ।
ਇਸ ਦੀ ਇੱਕ ਉਦਾਹਰਨ ਸਿਰਸਾ ਨਦੀ ਹੈ। ਅੱਜ ਇਹ ਨਦੀ ਨਾਲਾਗੜ੍ਹ ਅਤੇ ਰੋਪੜ ਵਿਚਕਾਰ ਪੂਰਬ ਤੋਂ ਪੱਛਮ ਵੱਲ ਵਗਦੀ ਹੋਈ ਸਤਲੁਜ ਵਿੱਚ ਮਿਲਦੀ ਹੈ, ਪਰ ਨਦੀ ਦੇ ਤਲ ਵਿੱਚ ਮਿਲੇ ਕੰਕਰਾਂ ਦੀ ਦਿਸ਼ਾ ਅਤੇ ਬਣਤਰ ਦੇ ਅਧਿਐਨ ਤੋਂ ਸੰਕੇਤ ਮਿਲੇ ਹਨ ਕਿ ਪੁਰਾਣੇ ਸਮੇਂ ਵਿੱਚ ਇਸ ਦਾ ਵਹਾਅ ਉਲਟ ਦਿਸ਼ਾ ਵਿੱਚ ਵੀ ਰਿਹਾ ਹੋ ਸਕਦਾ ਹੈ। ਖੋਜਾਰਥੀਆਂ ਅਨੁਸਾਰ ਲਗਭਗ 12 ਹਜ਼ਾਰ ਸਾਲ ਪਹਿਲਾਂ ਤੱਕ ਪ੍ਰਾਚੀਨ ਸਤਲੁਜ ਦਾ ਪਾਣੀ ਸਿਰਸਾ ਦੇ ਰਸਤੇ ਘੱਗਰ ਤੱਕ ਪਹੁੰਚਦਾ ਸੀ। ਬਾਅਦ ਵਿੱਚ ਭੂ-ਗਰਭੀ ਤਬਦੀਲੀਆਂ ਅਤੇ ਨਦੀ ਮਾਰਗਾਂ ਦੇ ਪੁਨਰਗਠਨ ਕਾਰਨ ਇਹ ਪ੍ਰਬੰਧ ਬਦਲ ਗਿਆ।
ਪੁਰਾਣੇ ਨਕਸ਼ਿਆਂ ਵਿੱਚ ਲੁਕਿਆ ਹੈ ਨਦੀਆਂ ਦਾ ਇਤਿਹਾਸ
ਖੋਜਾਰਥੀਆਂ ਨੇ ਪ੍ਰਾਚੀਨ ਨਦੀ ਮਾਰਗਾਂ ਦਾ ਪਤਾ ਲਾਉਣ ਲਈ ਉਪਗ੍ਰਹਿ ਤਸਵੀਰਾਂ, ਡਿਜੀਟਲ ਨਕਸ਼ਿਆਂ ਅਤੇ ਭੂਗੋਲਿਕ ਸੂਚਨਾ ਪ੍ਰਣਾਲੀ (ਜੀ.ਆਈ.ਐੱਸ.) ਦੀ ਮਦਦ ਲਈ। ਇਸ ਦੇ ਨਾਲ 1800 ਈਸਵੀ ਤੋਂ ਪਹਿਲਾਂ ਅਤੇ ਬਾਅਦ ਦੇ ਇਤਿਹਾਸਕ ਨਕਸ਼ਿਆਂ ਦੀ ਤੁਲਨਾ ਵੀ ਕੀਤੀ ਗਈ।
ਪੁਰਾਣੇ ਨਕਸ਼ਿਆਂ ਵਿੱਚ ਸਤਲੁਜ-ਘੱਗਰ-ਸਰਸਵਤੀ ਨਦੀ ਤੰਤਰ ਦੀਆਂ ਕੁਝ ਧਾਰਾਵਾਂ ਨੂੰ ਪੂਰਬ ਵੱਲ ਵਗਦਿਆਂ ਦਿਖਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਰਸਤਾ ਹਿਸਾਰ ਦੇ ਨੇੜਿਓਂ ਅੱਗੇ ਵਧਦਾ ਹੋਇਆ ਦਿੱਲੀ ਦੇ ਕੋਲ ਯਮੁਨਾ ਨਾਲ ਜਾ ਮਿਲਦਾ ਸੀ। ਇਸ ਦੇ ਉਲਟ ਬਾਅਦ ਦੇ ਨਕਸ਼ਿਆਂ ਵਿੱਚ ਕਈ ਨਦੀਆਂ ਅਤੇ ਜਲਧਾਰਾਵਾਂ ਪੱਛਮ ਵੱਲ ਵਗਦੀਆਂ ਦਿਖਾਈ ਦਿੰਦੀਆਂ ਹਨ। ਘੱਗਰ ਦੀਆਂ ਸਹਾਇਕ ਧਾਰਾਵਾਂ ਦੇ ਰਸਤਿਆਂ ਵਿੱਚ ਵੀ ਤਬਦੀਲੀ ਦਰਜ ਕੀਤੀ ਗਈ ਹੈ।
ਜੀ.ਆਈ.ਐੱਸ. ਰਾਹੀਂ ਕੀਤੇ ਵਿਸ਼ਲੇਸ਼ਣ ਤੋਂ ਇਹ ਸੰਕੇਤ ਮਿਲੇ ਹਨ ਕਿ ਪ੍ਰਾਚੀਨ ਨਦੀ ਮਾਰਗ ਸਮੇਂ ਦੇ ਨਾਲ ਪੱਛਮ ਵੱਲ ਖਿਸਕਦੇ ਰਹੇ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਦੀਆਂ ਨਦੀਆਂ ਦੇ ਰਸਤੇ ਹਜ਼ਾਰਾਂ ਸਾਲ ਪਹਿਲਾਂ ਦੀ ਜਲ ਵਿਵਸਥਾ ਨਾਲੋਂ ਕਾਫ਼ੀ ਵੱਖਰੇ ਹਨ।
ਦਿੱਲੀ ਵਿੱਚ ਵੀ ਮਿਲੇ ਹਜ਼ਾਰਾਂ ਸਾਲ ਪੁਰਾਣੀ ਨਦੀ ਦੇ ਸਬੂਤ
ਇਸ ਅਧਿਐਨ ਦਾ ਇੱਕ ਹੋਰ ਅਹਿਮ ਹਿੱਸਾ ਦਿੱਲੀ ਦੇ ਉੱਤਰੀ ਇਲਾਕਿਆਂ ਵਿੱਚ ਮਿਲੇ ਪੁਰਾਣੇ ਪਦਾਰਥਾਂ ਦਾ ਵਿਸ਼ਲੇਸ਼ਣ ਹੈ। ਇਹ ਉਹ ਮਿੱਟੀ, ਰੇਤ ਅਤੇ ਹੋਰ ਪਦਾਰਥ ਹਨ, ਜਿਹੜੇ ਨਦੀਆਂ ਆਪਣੇ ਨਾਲ ਵਹਾ ਕੇ ਲਿਆਉਂਦੀਆਂ ਅਤੇ ਵੱਖ-ਵੱਖ ਥਾਵਾਂ ’ਤੇ ਜਮ੍ਹਾਂ ਕਰਦੀਆਂ ਹਨ। ਖੋਜਾਰਥੀਆਂ ਨੇ ਇਨ੍ਹਾਂ ਪਦਾਰਥਾਂ ਦੀ ਉਮਰ ਪਤਾ ਕਰਨ ਲਈ ਰੌਸ਼ਨੀ ਦੇ ਪ੍ਰਭਾਵ ’ਤੇ ਆਧਾਰਿਤ ਇੱਕ ਵਿਗਿਆਨਕ ਤਕਨੀਕ ਦੀ ਵਰਤੋਂ ਕੀਤੀ। ਇਸ ਰਾਹੀਂ ਕੁਝ ਪੁਰਾਣੇ ਜਮ੍ਹਾਂ ਪਦਾਰਥਾਂ ਦੀ ਉਮਰ ਲਗਭਗ 5,000 ਤੋਂ 12,000 ਸਾਲ ਦੇ ਵਿਚਕਾਰ ਹੋਣ ਦਾ ਅੰਦਾਜ਼ਾ ਲਾਇਆ ਗਿਆ।
ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਖੋਜਾਰਥੀਆਂ ਦਾ ਅਨੁਮਾਨ ਹੈ ਕਿ ਕਿਸੇ ਸਮੇਂ ਉੱਤਰ-ਪੱਛਮੀ ਭਾਰਤ ਦੀ ਇੱਕ ਵੱਡੀ ਅਤੇ ਸਾਲ ਭਰ ਵਗਣ ਵਾਲੀ ਨਦੀ ਦਿੱਲੀ ਤੱਕ ਪਹੁੰਚਦੀ ਸੀ ਅਤੇ ਮੌਜੂਦਾ ਨਿਗਮ ਬੋਧ ਘਾਟ ਦੇ ਨੇੜੇ ਯਮੁਨਾ ਵਿੱਚ ਮਿਲਦੀ ਸੀ। ਹਾਲਾਂਕਿ, ਇਸ ਪ੍ਰਾਚੀਨ ਨਦੀ ਦੀ ਸਹੀ ਪਛਾਣ ਅਤੇ ਇਸ ਦੇ ਪੂਰੇ ਰਸਤੇ ਬਾਰੇ ਅਜੇ ਹੋਰ ਖੋਜ ਅਤੇ ਸਬੂਤਾਂ ਦੀ ਲੋੜ ਹੈ।
ਮਨੁੱਖੀ ਦਖ਼ਲ ਨੇ ਵੀ ਬਦਲੀ ਜਲਧਾਰਾਵਾਂ ਦੀ ਦਿਸ਼ਾ
ਨਦੀਆਂ ਦੇ ਰਸਤੇ ਸਿਰਫ਼ ਕੁਦਰਤੀ ਤਬਦੀਲੀਆਂ ਕਾਰਨ ਹੀ ਨਹੀਂ ਬਦਲੇ। ਮਨੁੱਖ ਨੇ ਵੀ ਵੱਖ-ਵੱਖ ਸਮਿਆਂ ’ਤੇ ਪਾਣੀ ਦੀ ਦਿਸ਼ਾ ਬਦਲਣ ਅਤੇ ਇਸ ਨੂੰ ਖੇਤੀਬਾੜੀ ਤੇ ਹੋਰ ਲੋੜਾਂ ਲਈ ਵਰਤਣ ਦੇ ਯਤਨ ਕੀਤੇ।
ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਫ਼ਿਰੋਜ਼ ਸ਼ਾਹ ਤੁਗ਼ਲਕ ਦੇ ਰਾਜ (1351-1388) ਦੌਰਾਨ ਨਹਿਰਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕੀਤਾ ਗਿਆ। ਸਾਲ 1355 ਵਿੱਚ ਸਤਲੁਜ ਤੋਂ ਘੱਗਰ ਤੱਕ ਲਗਭਗ 100 ਮੀਲ ਲੰਬੀ ਨਹਿਰ ਬਣਾਉਣ ਦਾ ਜ਼ਿਕਰ ਮਿਲਦਾ ਹੈ। ਇਸੇ ਤਰ੍ਹਾਂ ਯਮੁਨਾ ਦਾ ਪਾਣੀ ਹਿਸਾਰ ਅਤੇ ਹਾਂਸੀ ਵੱਲ ਲਿਜਾਣ ਦੇ ਯਤਨ ਵੀ ਕੀਤੇ ਗਏ।
ਬਾਅਦ ਵਿੱਚ ਸ਼ਾਹਜਹਾਂ ਦੇ ਸਮੇਂ 1628 ਵਿੱਚ ਅਲੀ ਮਰਦਾਨ ਨਹਿਰ ਬਣਵਾਈ ਗਈ, ਪਰ ਇਹ ਲੰਮੇ ਸਮੇਂ ਤੱਕ ਪ੍ਰਭਾਵਸ਼ਾਲੀ ਨਹੀਂ ਰਹੀ। ਬਰਤਾਨਵੀ ਰਾਜ ਦੌਰਾਨ 1817 ਤੋਂ 1826 ਵਿਚਕਾਰ ਪੱਛਮੀ ਯਮੁਨਾ ਨਹਿਰ ਦਾ ਨਿਰਮਾਣ ਅਤੇ ਵਿਕਾਸ ਕੀਤਾ ਗਿਆ। ਸਮੇਂ ਦੇ ਨਾਲ ਨਹਿਰਾਂ ਵਿੱਚ ਗਾਰ ਜਮ੍ਹਾਂ ਹੋਣ ਅਤੇ ਪਾਣੀ ਦਾ ਵਹਾਅ ਘਟਣ ਕਾਰਨ ਕਈ ਪੁਰਾਣੇ ਜਲ ਮਾਰਗ ਮੌਸਮੀ ਨਾਲਿਆਂ ਵਿੱਚ ਤਬਦੀਲ ਹੋ ਗਏ। ਚੌਟਾਂਗ, ਸਰਸੂਤੀ ਅਤੇ ਨਜਫਗੜ੍ਹ ਨਾਲਾ ਇਸ ਬਦਲੀ ਹੋਈ ਜਲ ਵਿਵਸਥਾ ਦੀਆਂ ਉਦਾਹਰਨਾਂ ਹਨ।
ਅਤੀਤ ਦੀ ਖੋਜ ਭਵਿੱਖ ਦੇ ਪਾਣੀ ਲਈ ਵੀ ਮਹੱਤਵਪੂਰਨ
ਇਹ ਅਧਿਐਨ ਸਿਰਫ਼ ਸਰਸਵਤੀ ਵਰਗੀ ਪ੍ਰਾਚੀਨ ਨਦੀ ਦੀ ਹੋਂਦ ਅਤੇ ਉਸ ਦੇ ਰਸਤੇ ਦੀ ਖੋਜ ਤੱਕ ਸੀਮਤ ਨਹੀਂ ਹੈ। ਇਹ ਸਾਨੂੰ ਸਮਝਾਉਂਦਾ ਹੈ ਕਿ ਨਦੀਆਂ ਦੇ ਰਸਤੇ ਸਥਾਈ ਨਹੀਂ ਹੁੰਦੇ। ਭੂ-ਗਰਭੀ ਹਰਕਤਾਂ, ਜਲਵਾਯੂ ਵਿੱਚ ਤਬਦੀਲੀਆਂ ਅਤੇ ਮਨੁੱਖੀ ਗਤੀਵਿਧੀਆਂ ਮਿਲ ਕੇ ਕਿਸੇ ਪੂਰੇ ਖੇਤਰ ਦੀ ਜਲ ਵਿਵਸਥਾ ਬਦਲ ਸਕਦੀਆਂ ਹਨ।
ਅੱਜ ਪੰਜਾਬ ਅਤੇ ਹਰਿਆਣਾ ਸਮੇਤ ਉੱਤਰ-ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਖੇਤੀਬਾੜੀ ਲਈ ਪਾਣੀ ਦੀ ਵਧਦੀ ਮੰਗ, ਟਿਊਬਵੈੱਲਾਂ ਦੀ ਬੇਤਹਾਸ਼ਾ ਵਰਤੋਂ, ਘਟਦੀ ਵਰਖਾ ਅਤੇ ਕੁਦਰਤੀ ਜਲ ਸਰੋਤਾਂ ਦੀ ਅਣਦੇਖੀ ਨੇ ਪਾਣੀ ਦਾ ਸੰਕਟ ਹੋਰ ਗੰਭੀਰ ਕੀਤਾ ਹੈ। ਅਜਿਹੇ ਹਾਲਾਤ ਵਿੱਚ ਪ੍ਰਾਚੀਨ ਨਦੀ ਮਾਰਗਾਂ ਦੀ ਪਛਾਣ ਕਰਨਾ ਭਵਿੱਖ ਦੀਆਂ ਜਲ ਯੋਜਨਾਵਾਂ ਲਈ ਲਾਹੇਵੰਦ ਹੋ ਸਕਦਾ ਹੈ। ਇਸ ਨਾਲ ਧਰਤੀ ਹੇਠਲੇ ਪਾਣੀ ਦੇ ਸੰਭਾਵੀ ਸਰੋਤਾਂ, ਪੁਰਾਣੇ ਜਲ ਭੰਡਾਰਾਂ ਅਤੇ ਪਾਣੀ ਦੇ ਕੁਦਰਤੀ ਵਹਾਅ ਨੂੰ ਸਮਝਣ ਵਿੱਚ ਮਦਦ ਮਿਲ ਸਕਦੀ ਹੈ।
ਕਦੇ ਨਦੀਆਂ ਨਾਲ ਭਰਪੂਰ ਰਹੀ ਇਹ ਧਰਤੀ ਅੱਜ ਸਾਨੂੰ ਇੱਕ ਅਹਿਮ ਸਬਕ ਦਿੰਦੀ ਹੈ ਕਿ ਪਾਣੀ ਦੇ ਰਸਤੇ ਬਦਲ ਸਕਦੇ ਹਨ, ਪਰ ਕੁਦਰਤ ਵੱਲੋਂ ਛੱਡੇ ਗਏ ਨਿਸ਼ਾਨ ਸਾਡੇ ਇਤਿਹਾਸ, ਵਾਤਾਵਰਨ ਅਤੇ ਮਨੁੱਖੀ ਸਭਿਅਤਾ ਦੇ ਆਪਸੀ ਰਿਸ਼ਤਿਆਂ ਦੀ ਕਹਾਣੀ ਬਿਆਨ ਕਰਦੇ ਰਹਿੰਦੇ ਹਨ। ਸਰਸਵਤੀ ਦੀ ਧਾਰਾ ਦੀ ਖੋਜ ਦੇ ਨਾਲ-ਨਾਲ ਇਸ ਇਤਿਹਾਸ ਤੋਂ ਸਿੱਖਣਾ ਵੀ ਜ਼ਰੂਰੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੇ ਸਰੋਤਾਂ ਨੂੰ ਬਚਾਇਆ ਜਾ ਸਕੇ।
