*ਟਰੰਪ, ਪੂਤਿਨ ਅਤੇ ਜਿਨਪਿੰਗ ਦੇ ਵੱਖੋ-ਵੱਖ ਏਜੰਡੇ
*ਨੀਝ ਨਾਲ ਵੇਖ ਰਹੇ ਇਰਾਨ ਤੇ ਯੂਕਰੇਨ
ਜਸਵੀਰ ਸਿੰਘ ਮਾਂਗਟ
ਅਜੋਕੇ ਸੰਸਾਰ ਦੀਆਂ ਤਿੰਨ ਮਹਾਂਸ਼ਕਤੀਆਂ- ਚੀਨ, ਰੂਸ ਅਤੇ ਅਮਰੀਕਾ ਦੇ ਰਾਸ਼ਟਰਪਤੀਆਂ ਦੀ ਚੀਨੀ ਸ਼ਹਿਰ ਸੈਨਜਿਨ ਵਿੱਚ ਹੋਣ ਵਾਲੀ ਮੀਟਿੰਗ ‘ਤੇ ਸਾਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਦੁਨੀਆਂ ਦੇ ਆਮ ਲੋਕ ਵੀ ਇਸ ਮੀਟਿੰਗ ਦੇ ਨਤੀਜਿਆਂ ਵੱਲ ਵੇਖ ਰਹੇ ਹਨ। ਕਿਉਂਕਿ ਇਰਾਨ-ਅਮਰੀਕਾ, ਇਜ਼ਰਾਇਲ ਅਤੇ ਰੂਸ-ਯੂਕਰੇਨ ਜੰਗ ਕਾਰਨ ਵਧੀਆਂ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਨੇ ਸਾਰੇ ਦੇਸ਼ਾਂ ਦੇ ਆਮ ਲੋਕਾਂ ਦਾ ਜੀਣਾ-ਥੀਣਾ ਮੁਹਾਲ ਕੀਤਾ ਹੋਇਆ ਹੈ।
19 ਨਵੰਬਰ ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ ਮੁੱਖ ਤੌਰ ‘ਤੇ ਪ੍ਰਮਾਣੂ ਹਥਿਆਰਾਂ ਅਤੇ ਸੰਧੀਆਂ, ਦੁਨੀਆਂ ਵਿੱਚ ਅਮਨ ਸ਼ਾਂਤੀ ਅਤੇ ਟਰੇਡ ਵਿੱਚ ਵਾਧੇ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਭਾਵੇਂ ਕਿ ਚੀਨ ਦੇ ਰਾਸ਼ਟਰਪਤੀ ਨੇ ਇਸ ਮੀਟਿੰਗ ਦੇ ਏਜੰਡੇ ਬਾਰੇ ਕੁਝ ਨਹੀਂ ਕਿਹਾ, ਪਰ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੀ ਇੱਕ ਪ੍ਰੈੱਸ ਮਿਲਣੀ ਵਿੱਚ ਉਪਰੋਕਤ ਮੁੱਦੇ ਹੀ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਏਜੰਡੇ ਦੱਸੇ ਹਨ। ਫਿਰ ਵੀ ਚੀਨੀ ਵਿਦੇਸ਼ ਮੰਤਰੀ ਨੇ ਇਸ ਮੀਟਿੰਗ ਦੇ ਮਹੱਤਵ ਬਾਰੇ ਬੋਲਦਿਆਂ ਕਿਹਾ ਕਿ ਇਹ ਮੀਟਿੰਗ ਨਵੇਂ ਲਾਂਘੇ ਭੰਨੇਗੀ ਅਤੇ ਸੰਸਾਰ ਅਮਨ ਵੱਲ ਵਧਣ ਦਾ ਬਾਇਸ ਬਣੇਗੀ। ਇਸ ਮੀਟਿੰਗ ਨੇ ਸੰਸਾਰ ਵਿੱਚ ਉਭਰ ਰਹੇ ਨਵੀਂ ਕਿਸਮ ਦੇ ਸ਼ਕਤੀ ਸੰਤੁਲਨ ਨੂੰ ਵੀ ਬਿਆਨ ਕਰ ਦਿੱਤਾ ਹੈ। ਚਿਰਾਂ ਤੋਂ ਇੱਕ-ਦੂਜੇ ਦੇ ਖਿਲਾਫ ਖੜ੍ਹੇ ਮੁਲਕਾਂ- ਰੂਸ ਅਤੇ ਅਮਰੀਕਾ ਨੂੰ ਗੱਲਬਾਤ ਦੀ ਮੇਜ ‘ਤੇ ਲਿਆ ਕੇ ਚੀਨ ਇੱਕ ਮਹੱਤਵਪੂਰਨ ਕੂਟਨੀਤਿਕ ਅਤੇ ਰਾਜਨੀਤਿਕ ਸ਼ਕਤੀ ਵਜੋਂ ਉਭਰ ਆਇਆ ਹੈ। ਭਾਵੇਂ ਕਿ ਆਰਥਕ ਅਤੇ ਤਕਨੀਕੀ ਰੂਪ ਵਿੱਚ ਚੀਨ ਦੀ ਸਰਦਾਰੀ ਯੂਰਪ ਅਤੇ ਅਮਰੀਕਾ ਸਮੇਤ ਸਾਰੇ ਮੁਲਕ ਮੰਨਣ ਲੱਗੇ ਹਨ। ਇਹ ਮੀਟਿੰਗ ਇਸ ਪੱਖ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਦੁਨੀਆਂ ਦੀਆਂ ਦੋ ਮਹਾਂਸ਼ਕਤੀਆਂ ਹੁਣ ਪੱਛਮ ਵਿੱਚ ਨਹੀਂ, ਪੂਰਬ ਵਿੱਚ ਹਨ।
ਵ੍ਹਾਈਟ ਹਾਊਸ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਸਮੇਤ ਹੋਰ ਖੇਤਰੀ ਜੰਗਾਂ ਤਿੰਨ ਧਿਰੀ ਗੱਲਬਾਤ ਦਾ ਵਿਸ਼ਾ ਹੋਣਗੀਆਂ। ਜਦਕਿ ਚੀਨ ਇਰਾਨ ਜੰਗ ਨੂੰ ਮੁੜ ਭਖਾਏ ਜਾਣ ਦੀ ਵਿਰੋਧਤਾ ਕਰ ਰਿਹਾ ਹੈ। ਗੱਲਬਾਤ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਅਤੇ ਇਨ੍ਹਾਂ ਵਿੱਚ ਕਮੀ ਕਰਨ ਦਾ ਮੁੱਦਾ ਉਠਾਉਣਗੇ। ਜਦਕਿ ਚੀਨ ਨੇ ਤਿੰਨ ਧਿਰੇ ਪ੍ਰਮਾਣੂ ਸਮਝੌਤੇ ਦੇ ਮੁੱਦੇ ‘ਤੇ ਅਗਾਊਂ ਗੱਲਬਾਤ ਕਰਨ ਤੋਂ ਪਾਸਾ ਵੱਟ ਲਿਆ ਹੈ।
ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਯੂਕਰੇਨ ਨਾਲ ਸਮਝੌਤਾ ਉਸ ਦੀਆਂ ਸ਼ਰਤਾਂ ‘ਤੇ ਹੋਵੇਗਾ। ਗੱਲਬਾਤ ਨੂੰ ਕੀਵ ਤੋਂ ਵੇਖ ਰਹੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੰਸਕੀ ਨੇ ਕਿਸੇ ਸਮਝੌਤੇ ‘ਤੇ ਅੱਪੜਨ ਲਈ ਆਪਣੇ ਦੇਸ਼ ਦੇ ਹਿੱਤਾਂ ਦਾ ਧਿਅਨ ਰੱਖਣ ਲਈ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ।
ਏਸ਼ੀਆ ਪੈਸੇਫਿਕ ਇਕਨਾਮਿਕ ਕੋਆਪਰੇਸ਼ਨ (ਏਪੈਕ) ਸੰਮੇਲਨ ਦੀ ਵੱਖੀ ‘ਤੇ ਹੋ ਰਹੀ ਇਸ ਮੀਟਿੰਗ ਤੋਂ ਪਹਿਲਾਂ ਚੀਨੀ ਵਿਦੇਸ਼ ਮੰਤਰੀ ਨੇ ਬਹੁਤੇ ਸੁਆਲਾਂ ਦੇ ਜੁਆਬਾਂ ਤੋਂ ਤਾਂ ਪੱਲਾ ਝਾੜ ਲਿਆ, ਪਰ ਇਹ ਜ਼ਰੂਰ ਕਿਹਾ ਕਿ ਦੁਨੀਆਂ ਦੀਆਂ ਪ੍ਰਮੁੱਖ ਤਾਕਤਾਂ ਦੇ ਰਿਸ਼ਤਿਆਂ ਵਿੱਚ ਰਣਨੀਤਿਕ ਸਥਿਰਤਾ ਪ੍ਰਮੁੱਖ ਮੁੱਦਾ ਹੋਏਗਾ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਵੀ ਕਿਹਾ ਹੈ ਕਿ ਯੂਕਰੇਨ ਜੰਗ ਦੇ ਮੁੱਦੇ ‘ਤੇ ਤਿੰਨ ਧਿਰੀ ਮੀਟਿੰਗ ਵਿੱਚ ਗੱਲਬਾਤ ਹੋਵੇਗੀ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਰੂਸ ਵੱਲੋਂ ਯੂਕਰੇਨ ਦੇ ਕਬਜ਼ਾਏ ਗਏ ਇਲਾਕਿਆਂ ਨੂੰ ਗੱਲਬਾਤ ਦਾ ਮੁੱਦਾ ਨਾ ਬਣਾਏ ਜਾਣ ਦੀ ਗੱਲ ਕਹੀ ਹੈ। ਅਸਲ ਵਿੱਚ ਰੂਸ ਆਪਣਾ ਸਮਝੌਤਾ ਆਪਣੇ ਰਾਜਨੀਤਿਕ ਫੌਜੀ ਹਿੱਤਾਂ ਦੀ ਦ੍ਰਿਸ਼ਟੀ ਤੋਂ ਕੀਤੇ ਜਾਣ ‘ਤੇ ਜ਼ੋਰ ਦੇ ਰਿਹਾ ਹੈ। ਇਸੇ ਕਾਰਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੰਸਕੀ ਨੇ ਚਿੰਤਾ ਜ਼ਾਹਰ ਕੀਤੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਪਾਸੇ ਤਾਂ ਆਪਣੇ ਮਰੀਨ ਕਮਾਂਡੋ ਫਾਰਸ ਦੀ ਖਾੜੀ ਵਿੱਚ ਇਰਾਨ ਖਿਲਾਫ ਉਤਾਰ ਦਿੱਤੇ ਹਨ, ਦੂਜੇ ਪਾਸੇ ਸੰਸਾਰ ਅਮਨ ਲਈ ਚੀਨ ਅਤੇ ਰੂਸ ਨਾਲ ਗੱਲਬਾਤ ਦੀ ਮੇਜ ਮੱਲਣ ਜਾ ਰਿਹਾ ਹੈ। ਹਕੀਕਤ ਇਹ ਹੈ ਕਿ ਤਿੰਨੋ ਮੁਲਕਾਂ ਦੇ ਲੀਡਰ ਇਸ ਮੀਟਿੰਗ ਵਿੱਚ ਆਪੋ-ਆਪਣੇ ਵੱਖਰੇ ਏਜੰਡੇ ਲੈ ਕੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਲਈ ਇਰਾਨ ਜੰਗ ਅਤੇ ਪ੍ਰਮਾਣੂ ਹਥਿਆਰਾਂ ਵਿੱਚ ਚੀਨ ਵੱਲੋਂ ਕਥਿੱਤ ਤੌਰ ‘ਤੇ ਕੀਤਾ ਜਾ ਰਿਹਾ ਤੇਜ਼ ਵਾਧਾ ਮਹੱਤਵਪੂਰਣ ਹੈ। ਜਦਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਲਈ ਯੂਕਰੇਨ ਜੰਗ ਦਾ ਉਸ ਦੇ ਪੱਖ ਵਿੱਚ ਨਿਪਟਾਰਾ ਕੇਂਦਰੀ ਮੁੱਦਾ ਹੈ। ਚੀਨ ਗਲੋਬਲ ਮਾਮਲਿਆਂ ਦੇ ਨਿਪਟਾਰੇ ਵਿੱਚ ਕੇਂਦਰੀ ਸਥਾਨ ਹਾਸਲ ਕਰਨ ਅਤੇ ਆਪਣੀ ਜੀਓ-ਇਕਨਾਮਿਕਸ ਨੂੰ ਤੇਜ਼ੀ ਨਾਲ ਵਿਕਸਤ ਕਰਨ ਦੇ ਮੌਕਿਆਂ ਦੀ ਤਾਲਾਸ਼ ਵਿਚ। (33ਵਾਂ ਏਪੈਕਸ ਸੰਮੇਲਨ ਇਸੇ ਮਕਸਦ ਲਈ ਆਯੋਜਤ ਕੀਤਾ ਜਾ ਰਿਹਾ ਹੈ) ਇਸੇ ਲਈ ਸ਼ਾਇਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਇਸ ਮੀਟਿੰਗ ਵਿੱਚੋਂ ਵੱਡੇ ਸਿੱਟੇ ਨਿਕਲਣ ਦੀ ਵਧਵੀਂ ਆਸ ਨਹੀਂ ਕਰਨੀ ਚਾਹੀਦੀ। ਤਿੰਨ ਧਿਰੀ ਮੀਟਿੰਗ ਤੋਂ ਪਹਿਲਾਂ ਟਰੰਪ ਵੱਲੋਂ ਨਿਊਕਲੀਅਰ ਹਥਿਆਰਾਂ ਪ੍ਰਤੀ ਉਸਾਰੇ ਜਾ ਰਹੇ ਪ੍ਰਵਚਨ ਤੋਂ ਇਹ ਵੀ ਸੂਹ ਮਿਲਦੀ ਹੈ ਕਿ ਨੋਬਲ ਇਨਾਮ ਹਾਸਲ ਕਰਨ ਦੀ ਉਨ੍ਹਾਂ ਦੀ ਰੀਝ ਹਾਲਾਂ ਵੀ ਮਰੀ ਨਹੀਂ ਹੈ। ਭਾਵੇਂਕਿ ਉਹ ਇਰਾਨੀ ਸੱਭਿਅਤਾ ਨੂੰ ਧਰਤੀ ਤੋਂ ਮਿਟਾ ਦੇਣ ਦੀ ਧਮਕੀ ਪਹਿਲਾਂ ਹੀ ਦੇ ਚੁੱਕੇ ਹਨ। ਅਮਰੀਕੀ ਮੱਧਵਰਤੀ ਚੋਣਾਂ ਦਰਮਿਆਨ ਅਮਰੀਕਾ ਵੱਲੋਂ ਇਰਾਨ ਖਿਲਾਫ ਪ੍ਰਮਾਣੂ ਹਥਿਆਰ ਵਰਤਣ ਦੀ ਚਰਚਾ ਚਲਦੀ ਰਹੀ ਹੈ।
ਇਰਾਨ ਅਤੇ ਯੂਕਰੇਨ ਦੀ ਲੀਡਰਸ਼ਿੱਪ ਤਿੰਨ ਮਹਾਂਸ਼ਕਤੀਆਂ ਦੀ ਹੋਣ ਵਾਲੀ ਇਸ ਗੱਲਬਾਤ ਵੱਲ ਨੀਝ ਲਾ ਕੇ ਵੇਖ ਰਹੀ ਹੈ। ਇਹ ਵੇਖਣਾ ਵੀ ਦਿਲਚਸਪ ਹੋਵੇਗਾ ਕਿ ਇਹ ਤਿੰਨ ਵੱਡੇ ਮੁਲਕਾਂ ਦੇ ਨੇਤਾ ਆਪੋ-ਆਪਣੇ ਜੀਓ-ਪੁਲਿਟੀਕਲ ਹਿੱਤਾਂ ਨੂੰ ਪਹਿਲ ਦਿੰਦੇ ਹਨ ਜਾਂ ਟਰੇਡ ਅਤੇ ਆਰਥਕ ਸਮਝੌਤਿਆਂ ਨੂੰ; ਇੱਕ ਦੂਜੇ ਨਾਲ ਵਪਾਰ ਸਮਝੌਤੇ ਕਰਦਿਆਂ ਆਪਣੀਆਂ ਰਾਜਨੀਤਿਕ ਅਤੇ ਇਲਾਕਾਈ ਪ੍ਰਾਥਮਿਕਤਾਵਾਂ ਪ੍ਰਤੀ ਵੀ ਜ਼ਿੰਮੇਵਾਰ ਰਹਿੰਦੇ ਹਨ ਜਾਂ ਨਹੀਂ! ਇਰਨ ਚਾਹੇਗਾ ਕਿ ਰੂਸ ਅਤੇ ਚੀਨ ਉਸ ਨਾਲ ਰਾਜਨੀਤਿਕ ਤੇ ਰਣਨੀਤਿਕ ਨੇੜਤਾ ਨੂੰ ਪਹਿਲ ਦੇਣ ਅਤੇ ਟਰੇਡ ਨੂੰ ਦੋਇਮ ਦਰਜੇ ‘ਤੇ ਰੱਖਣ। ਜਦਕਿ ਅਮਰੀਕਾ ਦੀ ਕੋਸ਼ਿਸ਼ ਹੋਏਗੀ ਕਿ ਦੋਨੋ ਮੁਲਕ ਇਰਾਨ ਦੀ ਹਮਾਇਤ ਤੋਂ ਆਪਣਾ ਹੱਥ ਪਿਛਾਂਹ ਖਿੱਚਣ ਅਤੇ ਉਸ ਨਾਲ ਵਪਾਰ ਸਮਝੌਤਿਆਂ ਨੂੰ ਪਹਿਲ ਦੇਣ। ਅਮਰੀਕਾ ਨੇ ਬੀਤੀ ਸਦੀ ਵਿੱਚ ਚੀਨ ਨੂੰ ਸੋਵੀਅਤ ਯੂਨੀਅਨ ਦੇ ਖਿਲਾਫ ਖੜ੍ਹਾ ਕਰਕੇ ਅਜਿਹਾ ਕਰ ਵੀ ਲਿਆ ਸੀ। ਅਮਰੀਕਾ ਦੀ ਏ.ਆਈ. ਅਤੇ ਹੋਰ ਹਾਈਟੈਕ ਸਾਜ਼ੋ ਸਮਾਨ ਲਈ ਚਿੱਪਾਂ ਬਣਾਉਣ ਵਾਲੀ ਕੰਪਨੀ ਨਵੀਡੀਆ ਦੇ ਮੁਖੀ ਦੇ ਇੱਕ ਚੀਨੀ ਮੂਲ ਦੀ ਔਰਤ ਨਾਲ ਨਾਜਾਇਜ਼ ਸੰਬੰਧਾਂ ਅਤੇ ਇਸ ਦੇ ਕਥਿਤ ਤੌਰ ‘ਤੇ ਚੀਨ ਦੀ ਜਾਸੂਸ ਹੋਣ ਦਾ ਰੌਲਾ ਵੀ ਚੀਨ ਵਿੱਚ ਹੋ ਰਹੀ ਤਿੰਨ ਧਿਰੀ ਮੀਟਿੰਗ ‘ਤੇ ਪ੍ਰਛਾਵਾਂ ਪਾ ਰਿਹਾ ਹੈ। ਇਸ ਮਸਲੇ ਬਾਰੇ ਹਾਲੇ ਜਾਂਚ ਸ਼ੁਰੂ ਹੀ ਹੋਈ ਹੈ ਕਿ ਟਰੰਪ ਦਾ ਬਿਆਨ ਆ ਗਿਆ ਕਿ ਨਵੀਡੀਆ ਦਾ ਸਾਬਕਾ ਮੁਖੀ ਬੇਹੱਦ ਵਧੀਆ (ਫਾਈਨ) ਇਨਸਾਨ ਹੈ। ਉਸ ਦੀ ਵਾਪਸੀ ਲਈ ਇੱਕ ਕਰੋੜ ਅੱਸੀ ਲੱਖ ਲੋਕਾਂ ਦੇ ਦਸਤਖਤਾਂ ਵਾਲੀ ਇੱਕ ਪਟੀਸ਼ਨ ਵੀ ਇੰਟਰਨੈਟ ‘ਤੇ ਘੁੰਮ ਰਹੀ ਹੈ। ਯਾਦ ਰਹੇ, ਨਿਵੀਡੀਆ ਦੇ ਸਾਬਕਾ ਮੁਖੀ ਨੇ ਆਪਣੇ ਗੈਰ-ਵਿਵਾਹਤ ਸੰਬੰਧਾਂ ਨੂੰ ਸਵੀਕਾਰ ਕਰ ਲਿਆ ਸੀ ਅਤੇ ਆਪਣੇ ਪਰਿਵਾਰ ਤੋਂ ਮੁਆਫੀ ਵੀ ਮੰਗੀ ਸੀ। ਉਨ੍ਹਾਂ ਲੰਘੀ 12 ਨਵੰਬਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਚੀਨ ਨੇ ਇਸ ਜਾਸੂਸੀ ਕਾਂਡ ਨਾਲ ਜੁੜੇ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਅਮਰੀਕੀ ਅਖ਼ਬਾਰ ਨਿਊ ਯਾਰਕ ਟਾਈਮਜ਼ ਨੇ ਇਸ ਕਾਂਡ ਬਾਰੇ ਪਹਿਲੀ ਰਿਪੋਰਟ ਛਾਪੀ ਸੀ।
