ਮੁਹੰਮਦ ਹਨੀਫ਼
ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਮਿਲਾ ਕੇ ਕੋਈ ਪੌਣੇ ਦੋ ਅਰਬ ਖ਼ਲਕਤ ਵਸਦੀ ਹੈ। ਸਾਡੇ ਕੋਲ ਸ਼ਾਇਰ ਵੀ ਨੇ, ਸਿਆਸਤਦਾਨ ਵੀ, ਸੇਠ ਵੀ, ਫੌਜੀ ਵੀ ਤੇ ਮੇਰੇ ਵਰਗੇ ਵਿਹਲੇ ਮੌਸਮੀ ਦਫਾਈ ਵਿਸ਼ਲੇਸ਼ਕ ਵੀ। ਹਥਿਆਰ ਭਾਵੇਂ ਅਸੀਂ ਫਰਾਂਸ ਕੋਲੋਂ ਖਰੀਦੀਏ ਜਾਂ ਚੀਨ ਕੋਲੋਂ, ਚਲਾਈਦੇ ਆਪ ਹੀ ਹਨ। ਇਸ ਦਫ਼ਾ ਜਦੋਂ ਮਿਜ਼ਾਈਲ ਤੇ ਡਰੋਨ ਉਡੇ ਤੇ ਉਹ ਜਾ ਕੇ ਵੱਜੇ ਮੁਰੀਦਕੇ, ਊਧਮਪੁਰ, ਬਾਹਵਲਪੁਰ, ਅੰਮ੍ਰਿਤਸਰ, ਅਜਿਹੀਆਂ ਥਾਵਾਂ ਜਿਨ੍ਹਾਂ ਦੇ ਨਾਮ ਜਾਂ ਤਾਂ ਅਸੀਂ ਨਕਸ਼ਿਆਂ ਵਿੱਚ ਵੇਖੇ ਹਨ ਜਾਂ ਜਿਨ੍ਹਾਂ ਨੂੰ ਯਾਦ ਕਰ ਕੇ ਸਾਡੇ ਵੱਡੇ ਰੋਂਦੇ ਹੁੰਦੇ ਸਨ। ਜਦੋਂ ਧਮਕੀਆਂ ਲਾ ਕੇ, ਤਰਾਨੇ ਵਜਾ ਕੇ ਅਸੀਂ ਇਹ ਹਥਿਆਰ ਵਰਤਣੇ ਸ਼ੁਰੂ ਕੀਤੇ ਤੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਅਸੀਂ ਹੁਣ ਰੁਕਣਾ ਕਿੱਥੇ ਹੈ! ਪਰ ਫਿਰ ਅਸੀਂ ਰੁਕ ਗਏ।
ਸੀਜ਼ਫਾਇਰ ਦਾ ਐਲਾਨ ਨਾ ਦਿੱਲੀ ਤੋਂ ਹੋਇਆ, ਨਾ ਇਸਲਾਮਾਬਾਦ ਤੋਂ; ਐਲਾਨ ਹੋਇਆ ਡੀ.ਸੀ. ਵਾਸ਼ਿੰਗਟਨ ਤੋਂ, ਜਿੱਥੇ ਬੈਠੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਮੇਰੀ ਦੋਵਾਂ ਮੁਲਕਾਂ ਦੇ ਲੀਡਰਾਂ ਨਾਲ ਗੱਲ ਹੋ ਗਈ ਹੈ ਤੇ ਉਹ ਫੌਰੀ ਸੀਜ਼ਫਾਇਰ ਲਈ ਤਿਆਰ ਹੋ ਗਏ ਹਨ। ਇਨ੍ਹਾਂ ਨੇ ਸਿਆਣਾਂ ਕੰਮ ਕੀਤਾ ਹੈ, ਇਨ੍ਹਾਂ ਨੂੰ ਮੁਬਾਰਕ ਹੋਵੇ।
ਦੋਵਾਂ ਮੁਲਕਾਂ ਦੀਆਂ ਹਕੂਮਤਾਂ ਨੇ ਵੀ ਟਰੰਪ ਦਾ ਸ਼ੁਕਰੀਆ ਅਦਾ ਕੀਤਾ। ਸਾਡੇ ਵਰਗੇ ਜਿਹੜੇ ਬਾਹਰੋਂ ਨਾਅਰੇ ਮਾਰਦੇ ਸਨ, ਪਰ ਅੰਦਰੋਂ ਜੰਗ ਤੋਂ ਡਰੇ ਸਨ ਅਤੇ ਜਿਨ੍ਹਾਂ ਨੂੰ ਟਰੰਪ ਪਸੰਦ ਵੀ ਨਹੀਂ ਸੀ, ਉਨ੍ਹਾਂ ਨੇ ਵੀ ਕਿਹਾ ਕਿ ਇਸ ਚੰਦਰੇ ਬੰਦੇ ਨੇ ਕੋਈ ਚੰਗਾ ਕੰਮ ਕੀਤਾ ਹੈ।
ਚੰਗੀ ਗੱਲ ਕੋਈ ਓਛਾ ਬੰਦਾ ਵੀ ਕਰੇ ਤਾਂ ਉਸ ਦੀ ਮੰਨ ਲੈਣੀ ਚਾਹੀਦੀ ਹੈ, ਪਰ ਸਾਨੂੰ ਇਹ ਬੇਇਜ਼ਤੀ ਬਿਲਕੁਲ ਮਹਿਸੂਸ ਨਹੀਂ ਹੋਈ ਕਿ ਸਾਡੇ ਪੌਣੇ ਦੋ ਅਰਬ ਬੰਦਿਆਂ ਵਿੱਚ ਕੋਈ ਦੋ ਲੋਕ ਅਜਿਹੇ ਸਿਆਣੇ ਨਹੀਂ ਸਨ, ਜਿਹੜੇ ਆਪਸ ਦਾ ਝਗੜਾ ਆਪਸ ਵਿੱਚ ਮੁਕਾ ਲੈਂਦੇ। ਨਾਲ ਹੀ ਇਹ ਵੀ ਖ਼ਿਆਲ ਆਇਆ ਕਿ ਟਰੰਪ ਕੋਲ ਅਜਿਹੀ ਕਿਹੜੀ ਗਿੱਦੜਸਿੰਘੀ ਹੈ ਕਿ ਦੋਵਾਂ ਮੁਲਕਾਂ ਦੇ ਲੀਡਰ ਤੁਰੰਤ ਮੰਨ ਗਏ!
ਪੁੱਛਣ ਦੀ ਲੋੜ ਨਹੀਂ ਪਈ, ਕਿਉਂਕਿ ਟਰੰਪ ਕੋਲੋਂ ਰਿਹਾ ਨਹੀਂ ਜਾਂਦਾ ਉਸ ਨੇ ਆਪੇ ਹੀ ਦੱਸ ਦਿੱਤਾ ਕਿ ਮੈਂ ਦੋਵਾਂ ਮੁਲਕਾਂ ਦੇ ਲੀਡਰਾਂ ਨੂੰ ਇਹ ਧਮਕੀ ਲਗਾਈ ਸੀ ਕਿ ਜੇ ਤੁਸੀਂ ਇਸ ਲੜਾਈ ਝਗੜੇ ਤੋਂ ਫੌਰੀ ਤੌਰ `ਤੇ ਬਾਜ਼ ਨਾ ਆਏ ਤਾਂ ਅਮਰੀਕਾ ਨੇ ਤੁਹਾਡੇ ਨਾਲ ਕਾਰੋਬਾਰ ਬੰਦ ਕਰ ਦੇਣਾ ਹੈ। ਧੰਦਾ ਬੰਦ ਕਰਨ ਦੀ ਧਮਕੀ ਸੁਣ ਕੇ ਦੋਵਾਂ ਮੁਲਕਾਂ ਦੇ ਲੀਡਰ ਸੀਜ਼ਫਾਇਰ ਕਰਨ ਲਈ ਰਾਜ਼ੀ ਹੋ ਗਏ। ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਡੰਡਾ ਪੀਰ ਵਿਗੜੇ-ਧਿਗੜਿਆਂ ਦਾ, ਪਰ ਹੁਣ ਆ ਕੇ ਪਤਾ ਲੱਗਾ ਕਿ ਧੰਦਾ ਹੀ ਸਭ ਤੋਂ ਵੱਡਾ ਡੰਡਾ ਹੈ।
ਜੇ ਵਾਕਈ ਸੱਤ ਸਮੁੰਦਰ ਪਾਰ ਬੈਠੇ ਅਮਰੀਕਾ ਨਾਲ ਧੰਦਾ ਬੰਦ ਹੋਣ ਦਾ ਐਡਾ ਡਰ ਹੈ, ਫਿਰ ਤੁਹਾਡੇ ਤਾਂ ਬਾਰਡਰ ਜੁੜੇ ਹਨ, ਤੁਸੀਂ ਆਪਸ ਵਿੱਚ ਵੀ ਧੰਦੇ ਬਾਰੇ ਸੋਚ ਲਓ। ਕਰਨਾ ਨਾ, ਪਰ ਸੋਚ ਤਾਂ ਲਓ। ਜੇ ਟਕੇ ਟੋਕਰੀ ਖਰੀਦੇ ਡਰੋਨ ਇੱਕ-ਦੂਜੇ ਵੱਲ ਭੇਜ ਸਕਦੇ ਹੋ ਤਾਂ ਆਲੂ-ਪਿਆਜ ਭੇਜਣ ਨਾਲ ਦੁਸ਼ਮਣੀ ਸਾਡੀ ਕਿੰਨੀ ਕੁ ਵਧ ਜਾਵੇਗੀ! ਪਰ ਸਾਨੂੰ ਵੀ ਪਤਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਨਾ ਇਹ ਵੈਰ ਮੁੱਕਿਆ ਹੈ ਤੇ ਨਾ ਹੀ ਮੁੱਕਦਾ ਦਿਸਦਾ ਹੈ। ਜਦੋਂ ਹੁਣ ਸਾਡੇ ਨਿਆਣੇ ਵੱਡੇ ਹੋ ਜਾਣਗੇ ਤਾਂ ਉਨ੍ਹਾਂ ਨੇ ਵੀ ਇਸੇ ਕੰਮ `ਤੇ ਲੱਗ ਜਾਣਾ ਹੈ। ਉਦੋਂ ਤੱਕ ਸਾਡੀ ਆਬਾਦੀ ਕੋਈ ਢਾਈ ਅਰਬ ਤੱਕ ਤਾਂ ਹੋ ਹੀ ਜਾਣੀ ਹੈ।
ਬੱਸ ਦੁਆ ਕਰੋ ਕਿ ਉਦੋਂ ਤੱਕ ਅਸੀਂ ਕੋਈ ਦੋ-ਚਾਰ ਅਜਿਹੇ ਸਿਆਣੇ ਧੀਆਂ-ਪੁੱਤਰ ਜੰਮ ਲਈਏ, ਜਿਹੜੇ ਆਪਸ ਦੇ ਝਗੜੇ ਆਪਸ ਵਿੱਚ ਹੀ ਤੈਅ ਕਰ ਲੈਣ। ਫਿਰ ਹੱਥੀਂ ਬੰਦੂਕਾਂ ਫੜ੍ਹ ਕੇ ਟਰੰਪ ਦੀ ਫੋਨ ਕਾਲ ਦੀ ਉਡੀਕ ਵਿੱਚ ਨਾ ਬੈਠੇ ਰਹਿਣ ਕਿ ਹੁਣ ਅਸੀਂ ਲੱਗੇ ਰਹੀਏ ਜਾਂ ਸੀਜ਼ਫਾਇਰ ਕਰ ਲਈਏ!