ਅਲਟਰਾ-ਪ੍ਰੋਸੈਸਡ ਫੂਡ ਨਾਲ ਘਟ ਸਕਦੀ ਹੈ ਮਾਂ-ਪਿਉ ਬਣਨ ਦੀ ਸੰਭਾਵਨਾ

ਆਮ-ਖਾਸ

ਸਿਹਤ-ਸੰਭਾਲ
*ਭਰੂਣ ਦੇ ਵਿਕਾਸ ’ਤੇ ਵੀ ਅਸਰ ਪੈਂਦਾ…
ਲਲਿਤ ਮੌਰੀਆ
ਨਵੀਂ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਅਲਟਰਾ-ਪ੍ਰੋਸੈਸਡ ਫੂਡ ਦਾ ਵੱਧ ਸੇਵਨ ਸਿਰਫ਼æ ਮੋਟਾਪੇ ਜਾਂ ਲਾਈਫਸਟਾਈਲ ਬਿਮਾਰੀਆਂ ਤੱਕ ਹੀ ਸੀਮਿਤ ਨਹੀਂ ਰਹਿੰਦਾ, ਸਗੋਂ ਇਹ ਮਰਦਾਂ ਤੇ ਔਰਤਾਂ ਦੀ ਪ੍ਰਜਨਨ ਸਮਰੱਥਾ, ਗਰਭ ਧਾਰਨ ਵਿੱਚ ਲੱਗਣ ਵਾਲੇ ਸਮੇਂ ਅਤੇ ਗਰਭ ਵਿੱਚ ਪਲ ਰਹੇ ਭਰੂਣ ਦੇ ਸ਼ੁਰੂਆਤੀ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਖੋਜਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪ੍ਰੋਸੈਸਡ ਫੂਡ ਦਾ ਵਧਦਾ ਰੁਝਾਨ ਜਾਰੀ ਰਿਹਾ, ਤਾਂ ਇਸਦਾ ਅਸਰ ਆਉਣ ਵਾਲੀਆਂ ਪੀੜੀਆਂ ਦੀ ਸਿਹਤ ’ਤੇ ਵੀ ਪੈ ਸਕਦਾ ਹੈ।

ਅੱਜ ਦੀ ਦੌੜ-ਭੱਜ ਭਰੀ ਜ਼ਿੰਦਗੀ ਵਿੱਚ ਜੰਕ ਅਤੇ ਪੈਕਟਬੰਦ ਰੈਡੀ-ਟੂ-ਈਟ ਖਾਣਾ ਸਾਡੀ ਥਾਲੀ ਦਾ ਹਿੱਸਾ ਬਣ ਗਿਆ ਹੈ, ਪਰ ਇੱਕ ਨਵੀਂ ਸਟੱਡੀ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਖਾਣ-ਪੀਣ ਸਿਰਫ਼æ ਮੋਟਾਪਾ ਹੀ ਨਹੀਂ ਵਧਾ ਰਿਹਾ, ਸਗੋਂ ਮਾਂ-ਪਿਉ ਬਣਨ ਦੀ ਸੰਭਾਵਨਾ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਰਿਸਰਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਅਲਟਰਾ-ਪ੍ਰੋਸੈਸਡ ਫੂਡ ਨਾ ਸਿਰਫ਼ ਮਰਦਾਂ ਅਤੇ ਔਰਤਾਂ ਦੀ ਪ੍ਰਜਨਨ ਸਮਰੱਥਾ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਗਰਭ ਅਵਸਥਾ ਦੇ ਸ਼ੁਰੂਆਤੀ ਦੌਰ ਵਿੱਚ ਭਰੂਣ ਦੇ ਵਿਕਾਸ ਨੂੰ ਵੀ ਹੌਲੀ ਕਰ ਸਕਦੇ ਹਨ। ਇਸ ਅਧਿਐਨ ਦੇ ਨਤੀਜੇ ਪ੍ਰਸਿੱਧ ਜਰਨਲ ‘ਹਿਊਮਨ ਰਿਪਰੋਡਕਸ਼ਨ’ ਵਿੱਚ ਪ੍ਰਕਾਸ਼ਿਤ ਹੋਏ ਹਨ। ਖਾਸ ਗੱਲ ਇਹ ਹੈ ਕਿ ਇਹ ਪਹਿਲਾ ਅਧਿਐਨ ਹੈ, ਜਿਸ ਵਿੱਚ ਮਾਂ ਅਤੇ ਪਿਤਾ- ਦੋਹਾਂ ਦੇ ਖਾਣ-ਪੀਣ ਦਾ ਗਰਭ ਧਾਰਨ ਅਤੇ ਭਰੂਣ ਦੇ ਸ਼ੁਰੂਆਤੀ ਵਿਕਾਸ ’ਤੇ ਪੈਣ ਵਾਲੇ ਸਾਂਝੇ ਪ੍ਰਭਾਵ ਨੂੰ ਦੇਖਿਆ ਗਿਆ ਹੈ।
ਦਰਅਸਲ ਅਲਟਰਾ-ਪ੍ਰੋਸੈਸਡ ਫੂਡ ਉਹ ਖੁਰਾਕੀ ਪਦਾਰਥ ਹਨ, ਜੋ ਕਈ ਪੜਾਵਾਂ ਵਾਲੀ ਉਦਯੋਗਿਕ ਪ੍ਰਕਿਰਿਆ ਨਾਲ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਆਮ ਤੌਰ ’ਤੇ ਨਮਕ, ਚੀਨੀ, ਬਨਾਵਟੀ ਮਿੱਠਾਸ, ਸੁਆਦ ਵਧਾਉਣ ਵਾਲੇ ਤੱਤ, ਪ੍ਰਿਜ਼ਰਵੇਟਿਵ, ਕੈਮੀਕਲ ਐਡਿਟਿਵ ਅਤੇ ਨੁਕਸਾਨਦਾਇਕ ਚਰਬੀਆਂ (ਸੈਚੁਰੇਟਡ ਅਤੇ ਟ੍ਰਾਂਸ ਫੈਟ) ਵੱਧ ਮਾਤਰਾ ਵਿੱਚ ਹੁੰਦੀਆਂ ਹਨ।
ਅਜਿਹੇ ਖਾਣ ਪਦਾਰਥ ਸਾਨੂੰ ਊਰਜਾ ਤਾਂ ਦਿੰਦੇ ਹਨ, ਪਰ ਇਨ੍ਹਾਂ ਵਿੱਚ ਕੁਦਰਤੀ ਅਤੇ ਲਾਜ਼ਮੀ ਪੋਸ਼ਕ ਤੱਤ ਬਹੁਤ ਘੱਟ ਹੁੰਦੇ ਹਨ। ਅਰਥਾਤ ਇਹ ਪੇਟ ਤਾਂ ਭਰ ਦਿੰਦੇ ਹਨ, ਪਰ ਸਰੀਰ ਨੂੰ ਲੋੜੀਂਦਾ ਪੋਸ਼ਣ ਨਹੀਂ ਦੇ ਸਕਦੇ। ਪੈਕਟਬੰਦ ਸਨੈਕਸ, ਇੰਸਟੈਂਟ ਨੂਡਲਜ਼, ਸੋਫਟ ਡ੍ਰਿੰਕ, ਪ੍ਰੋਸੈਸਡ ਮੀਟ, ਰੈਡੀ-ਟੂ-ਈਟ ਅਤੇ ਫ਼ਰੋਜ਼ਨ-ਫੂਡ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ।
ਮਾਹਿਰਾਂ ਅਨੁਸਾਰ ਲਗਭਗ 14 ਫ਼ੀਸਦੀ ਬਾਲਗ ਅਤੇ 12 ਫ਼ੀਸਦੀ ਬੱਚੇ ਅਲਟਰਾ-ਪ੍ਰੋਸੈਸਡ ਫੂਡ ਦੀ ਆਦਤ ਦਾ ਸ਼ਿਕਾਰ ਹੋ ਚੁੱਕੇ ਹਨ। ਲੋਕਾਂ ਵਿੱਚ ਇਨ੍ਹਾਂ ਨੁਕਸਾਨਦਾਇਕ ਖਾਣ ਪਦਾਰਥਾਂ ਲਈ ਲਗਾਅ ਸ਼ਰਾਬ ਅਤੇ ਤਮਾਕੂ ਵਰਗਾ ਹੀ ਵੱਧ ਰਿਹਾ ਹੈ।
ਇਸ ਸਟੱਡੀ ਵਿੱਚ 831 ਔਰਤਾਂ ਅਤੇ 651 ਮਰਦਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਨੇ ਹੈਰਾਨ ਕਰਨ ਵਾਲੀ ਤਸਵੀਰ ਪੇਸ਼ ਕੀਤੀ। ਅਧਿਐਨ ਵਿੱਚ ਖੋਜਕਾਰਾਂ ਨੇ ਗਰਭ ਅਵਸਥਾ ਦੇ ਸ਼ੁਰੂਆਤੀ ਦੌਰ, ਲਗਭਗ 12 ਹਫ਼ਤਿਆਂ ’ਤੇ, ਮਾਪਿਆਂ ਦੇ ਖਾਣ-ਪੀਣ ਦੀ ਜਾਣਕਾਰੀ ਇੱਕ ਪ੍ਰਸ਼ਨਾਵਲੀ ਰਾਹੀਂ ਇਕੱਠੀ ਕੀਤੀ। ਇਸ ਵਿੱਚ ਖਾਣ ਪਦਾਰਥਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ- ਪਹਿਲਾ ਅਲਟਰਾ-ਪ੍ਰੋਸੈਸਡ ਫੂਡ ਅਤੇ ਦੂਜਾ ਆਮ ਭੋਜਨ। ਫਿਰ ਰੋਜ਼ਾਨਾ ਦੇ ਕੁੱਲ ਭੋਜਨ ਵਿੱਚ ਅਲਟਰਾ-ਪ੍ਰੋਸੈਸਡ ਫੂਡ ਦੀ ਪ੍ਰਤੀਸ਼ਤ ਹਿੱਸੇਦਾਰੀ ਕੱਢੀ ਗਈ। ਉਸ ਵੇਲੇ ਸਾਰੀਆਂ ਔਰਤਾਂ ਗਰਭਵਤੀ ਸਨ। ਅਧਿਐਨ ਵਿੱਚ ਪਤਾ ਲੱਗਾ ਕਿ ਔਰਤਾਂ ਦੇ ਕੁੱਲ ਭੋਜਨ ਦਾ ਔਸਤ 22 ਫ਼ੀਸਦੀ ਅਤੇ ਮਰਦਾਂ ਦੇ ਭੋਜਨ ਦਾ 25 ਫ਼ੀਸਦੀ ਹਿੱਸਾ ਅਲਟਰਾ-ਪ੍ਰੋਸੈਸਡ ਫੂਡ ਸੀ।
ਪ੍ਰਸ਼ਨਾਵਲੀ ਰਾਹੀਂ ਇਹ ਵੀ ਜਾਣਕਾਰੀ ਲਈ ਗਈ ਕਿ ਗਰਭ ਧਾਰਨ ਵਿੱਚ ਕਿੰਨਾ ਸਮਾਂ ਲੱਗਾ, ਇੱਕ ਮਹੀਨੇ ਵਿੱਚ ਗਰਭ ਠਹਿਰਨ ਦੀ ਸੰਭਾਵਨਾ ਕੀ ਸੀ ਅਤੇ ਕਿਹੜੇ ਮਾਮਲਿਆਂ ਵਿੱਚ ਇੱਕ ਸਾਲ ਤੋਂ ਵੱਧ ਸਮਾਂ ਜਾਂ ਮੈਡੀਕਲ ਮਦਦ ਦੀ ਲੋੜ ਪਈ। ਅਜਿਹੇ ਮਾਮਲਿਆਂ ਨੂੰ ਘੱਟ ਪ੍ਰਜਨਨ ਸਮਰੱਥਾ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ। ਨਤੀਜੇ ਦੱਸਦੇ ਹਨ ਕਿ ਵੱਧ ਅਲਟਰਾ-ਪ੍ਰੋਸੈਸਡ ਫੂਡ ਖਾਣ ਨਾਲ ਮਰਦਾਂ ਨੂੰ ਪਿਤਾ ਬਣਨ ਲਈ ਲੰਮਾ ਇੰਤਜ਼ਾਰ ਕਰਨਾ ਪਿਆ ਅਤੇ ਉਨ੍ਹਾਂ ਵਿੱਚ ਪ੍ਰਜਨਨ ਸਮਰੱਥਾ ਘਟਣ ਦਾ ਖ਼ਤਰਾ ਵੀ ਵੱਧ ਗਿਆ।
ਦੂਜੇ ਪਾਸੇ, ਜਿਨ੍ਹਾਂ ਔਰਤਾਂ ਦੀ ਡਾਇਟ ਵਿੱਚ ਇਹ ਖਾਣ ਪਦਾਰਥ ਵੱਧ ਸਨ, ਉਨ੍ਹਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਵਿਕਾਸ ਦਰ ਹੌਲੀ ਪਾਈ ਗਈ। ਭਰੂਣ ਦਾ ਸ਼ੁਰੂਆਤੀ ਵਿਕਾਸ ਕੁਝ ਰੁਕਿਆ ਹੋਇਆ ਦਿੱਸਿਆ ਅਤੇ ਉਸਨੂੰ ਪੋਸ਼ਣ ਦੇਣ ਵਾਲੀ ਬਣਤਰ ‘ਯੋਲਕ ਸੈਕ’ ਦਾ ਆਕਾਰ ਵੀ ਛੋਟਾ ਮਿਲਿਆ। ਭਾਵੇਂ ਇਹ ਫ਼ਰਕ ਛੋਟੇ ਲੱਗਣ, ਪਰ ਵਿਗਿਆਨੀ ਚੇਤਾਵਨੀ ਦੇ ਰਹੇ ਹਨ ਕਿ ਜੇ ਇਹ ਰੁਝਾਨ ਵੱਡੇ ਪੱਧਰ ’ਤੇ ਜਾਰੀ ਰਿਹਾ ਤਾਂ ਆਉਣ ਵਾਲੀਆਂ ਪੀੜੀਆਂ ਦੀ ਸਿਹਤ ’ਤੇ ਡੂੰਘਾ ਅਸਰ ਪੈ ਸਕਦਾ ਹੈ।
ਕੁਝ ਅਮੀਰ ਦੇਸ਼ਾਂ ਵਿੱਚ ਅੱਜ ਹਾਲਤ ਇਹ ਹੈ ਕਿ ਲੋਕਾਂ ਦੇ ਕੁੱਲ ਖਾਣ ਦਾ 50 ਤੋਂ 60 ਫ਼ੀਸਦੀ ਹਿੱਸਾ ਅਲਟਰਾ-ਪ੍ਰੋਸੈਸਡ ਫੂਡ ਬਣ ਚੁੱਕਾ ਹੈ। ਅਧਿਐਨ ਨਾਲ ਜੁੜੀ ਮੁੱਖ ਖੋਜਕਾਰ ਸੇਲੀਨ ਲਿਨ ਨੇ ਕਿਹਾ ਕਿ ਔਰਤਾਂ ਵਿੱਚ ਅਲਟਰਾ-ਪ੍ਰੋਸੈਸਡ ਫੂਡ ਦਾ ਸੇਵਨ ਹਰ ਮਾਮਲੇ ਵਿੱਚ ਸਿੱਧੇ ਤੌਰ ’ਤੇ ਘੱਟ ਪ੍ਰਜਨਨ ਸਮਰੱਥਾ ਨਾਲ ਨਹੀਂ ਜੁੜਿਆ, ਪਰ ਗਰਭ ਅਵਸਥਾ ਦੇ ਸੱਤਵੇਂ ਹਫ਼ਤੇ ਤੱਕ ਭਰੂਣ ਦੀ ਵਾਧਾ ਦਰ ਕੁਝ ਘੱਟ ਅਤੇ ਯੋਲਕ ਸੈਕ ਦਾ ਆਕਾਰ ਕੁਝ ਛੋਟਾ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਫ਼ਰਕ ਭਾਵੇਂ ਛੋਟੇ ਹਨ, ਪਰ ਵਿਗਿਆਨਕ ਤੌਰ ’ਤੇ ਮਹੱਤਵਪੂਰਨ ਹਨ। ਇਹ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਅਲਟਰਾ-ਪ੍ਰੋਸੈਸਡ ਫੂਡ ਦਾ ਅਸਰ ਸਿਰਫ਼ ਮਾਂ ਦੀ ਸਿਹਤ ਤੱਕ ਸੀਮਿਤ ਨਹੀਂ, ਸਗੋਂ ਬੱਚੇ ਦੇ ਸ਼ੁਰੂਆਤੀ ਵਿਕਾਸ ਨਾਲ ਵੀ ਜੁੜਿਆ ਹੋ ਸਕਦਾ ਹੈ।
ਮਰਦਾਂ ਵਿੱਚ ਹਾਲਤ ਕੁਝ ਵੱਖਰੀ ਪਾਈ ਗਈ। ਜਿਨ੍ਹਾਂ ਮਰਦਾਂ ਨੇ ਵੱਧ ਅਲਟਰਾ-ਪ੍ਰੋਸੈਸਡ ਫੂਡ ਖਾਧਾ, ਉਨ੍ਹਾਂ ਵਿੱਚ ਪ੍ਰਜਨਨ ਸਮਰੱਥਾ ਘਟਣ ਦਾ ਖ਼ਤਰਾ ਵੱਧ ਸੀ ਅਤੇ ਗਰਭ ਧਾਰਨ ਵਿੱਚ ਵੀ ਵੱਧ ਸਮਾਂ ਲੱਗਿਆ, ਹਾਲਾਂਕਿ ਇਸ ਦਾ ਭਰੂਣ ਦੇ ਸ਼ੁਰੂਆਤੀ ਵਿਕਾਸ ਨਾਲ ਸਿੱਧਾ ਸੰਬੰਧ ਨਹੀਂ ਮਿਲਿਆ। ਵਿਗਿਆਨੀ ਮੰਨਦੇ ਹਨ ਕਿ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਸਪਰਮ ਖਾਣ-ਪੀਣ ਦੇ ਪ੍ਰਭਾਵ ਲਈ ਵੱਧ ਸੰਵੇਦਨਸ਼ੀਲ ਹੁੰਦੇ ਹਨ, ਜਦਕਿ ਔਰਤਾਂ ਦੇ ਖਾਣ-ਪੀਣ ਦਾ ਅਸਰ ਬੱਚੇਦਾਨੀ ਦੇ ਮਾਹੌਲ ’ਤੇ ਪੈਂਦਾ ਹੈ, ਜਿੱਥੇ ਭਰੂਣ ਦਾ ਵਿਕਾਸ ਹੁੰਦਾ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਸੰਤੁਲਿਤ ਖਾਣਾ ਦੋਹਾਂ ਸਾਥੀਆਂ ਲਈ ਜ਼ਰੂਰੀ ਹੈ, ਕਿਉਂਕਿ ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਸਿਹਤ ਚੰਗੀ ਰਹਿੰਦੀ ਹੈ, ਸਗੋਂ ਗਰਭ ਧਾਰਨ ਦੀ ਸੰਭਾਵਨਾ ਅਤੇ ਬੱਚੇ ਦੀ ਸਿਹਤ ’ਤੇ ਵੀ ਸਕਾਰਾਤਮਕ ਅਸਰ ਪੈਂਦਾ ਹੈ।

ਸਿਹਤਮੰਦ ਜੀਵਨ ਲਈ ਸੰਤੁਲਿਤ ਖਾਣਾ ਜ਼ਰੂਰੀ
ਪਿਛਲੇ ਅਧਿਐਨਾਂ ਵਿੱਚ ਵੀ ਪਤਾ ਲੱਗਿਆ ਹੈ ਕਿ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਵਿੱਚ ਭਰੂਣ ਦਾ ਹੌਲਾ ਵਿਕਾਸ ਅੱਗੇ ਚੱਲ ਕੇ ਸਮੇਂ ਤੋਂ ਪਹਿਲਾਂ ਜਨਮ (ਪ੍ਰੀਮੇਚਿਊਰ ਡਿਲੀਵਰੀ), ਘੱਟ ਵਜ਼ਨ ਵਾਲੇ ਬੱਚੇ ਦਾ ਜਨਮ, ਬਚਪਨ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਅਤੇ ਗਰਭਪਾਤ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਵਿਸ਼ੇ ’ਤੇ ਹੋਰ ਵੱਡੇ ਪੱਧਰ ’ਤੇ ਖੋਜ ਦੀ ਲੋੜ ਹੈ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਅਸਰ ਕਿਸ ਕਾਰਨ ਨਾਲ ਹੋ ਰਿਹਾ ਹੈ-ਕੀ ਇਸ ਦਾ ਕਾਰਨ ਅਲਟਰਾ-ਪ੍ਰੋਸੈਸਡ ਫੂਡ ਵਿੱਚ ਪੋਸ਼ਕ ਤੱਤਾਂ ਦੀ ਘਾਟ ਹੈ ਜਾਂ ਫਿਰ ਇਨ੍ਹਾਂ ਵਿੱਚ ਮੌਜੂਦ ਕੈਮੀਕਲ, ਐਡਿਟਿਵ ਅਤੇ ਮਾਈਕ੍ਰੋਪਲਾਸਟਿਕ ਹਨ!
ਇਸ ਲਈ ਵਿਗਿਆਨੀ ਕਹਿੰਦੇ ਹਨ ਕਿ ਜੋ ਜੋੜੇ ਗਰਭ ਧਾਰਨ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਅਲਟਰਾ-ਪ੍ਰੋਸੈਸਡ ਫੂਡ ਘੱਟ ਖਾਣਾ ਚਾਹੀਦਾ ਹੈ, ਕਿਉਂਕਿ ਇਸਦਾ ਅਸਰ ਸਿਰਫ਼ ਮਾਂ ਹੀ ਨਹੀਂ, ਪਿਤਾ ਦੀ ਸਿਹਤ ਅਤੇ ਬੱਚੇ ਦੇ ਵਿਕਾਸ ’ਤੇ ਵੀ ਪੈਂਦਾ ਹੈ। ਖੋਜਕਾਰਾਂ ਨੇ ਇਹ ਵੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਗਰਭ ਧਾਰਨ ਨੂੰ ਸਿਰਫ਼ ਮਾਂ ਦੀ ਜ਼ਿੰਮੇਵਾਰੀ ਸਮਝਣ ਵਾਲੀ ਸੋਚ ਬਦਲੀ ਜਾਵੇ, ਕਿਉਂਕਿ ਪਿਤਾ ਦਾ ਖਾਣ-ਪੀਣ ਅਤੇ ਸਿਹਤ ਵੀ ਉਤਨੀ ਹੀ ਮਹੱਤਵਪੂਰਨ ਹੈ।
ਧਿਆਨਯੋਗ ਹੈ ਕਿ ਇੱਕ ਹੋਰ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਅਲਟਰਾ-ਪ੍ਰੋਸੈਸਡ ਫੂਡ ਦਾ ਵੱਧ ਸੇਵਨ ਹੱਡੀਆਂ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਅਧਿਐਨ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਵੱਧ ਮਾਤਰਾ ਵਿੱਚ ਅਲਟਰਾ-ਪ੍ਰੋਸੈਸਡ ਫੂਡ ਖਾਂਦੇ ਹਨ, ਉਨ੍ਹਾਂ ਦੀਆਂ ਹੱਡੀਆਂ ਦੀ ਮਿਨਰਲ ਡੈਂਸਿਟੀ ਘੱਟ ਹੋ ਸਕਦੀ ਹੈ, ਜਿਸ ਕਾਰਨ ਕੂਹਣੀ ਦੀ ਹੱਡੀ ਟੁੱਟਣ (ਹਿਪ ਫ੍ਰੈਕਚਰ) ਦਾ ਖ਼ਤਰਾ ਵੱਧ ਜਾਂਦਾ ਹੈ।
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸੰਤੁਲਿਤ ਅਤੇ ਪੌਸ਼ਟਿਕ ਖਾਣਾ ਨਾ ਸਿਰਫ਼ ਮਾਪਿਆਂ ਦੀ ਸਿਹਤ ਲਈ, ਸਗੋਂ ਸਿਹਤਮੰਦ ਗਰਭ ਧਾਰਨ ਅਤੇ ਬੱਚੇ ਦੇ ਚੰਗੇ ਵਿਕਾਸ ਲਈ ਵੀ ਬਹੁਤ ਜ਼ਰੂਰੀ ਹੈ। ਇਸ ਲਈ ਜੋੜਿਆਂ ਨੂੰ ਜੰਕ ਫੂਡ ਅਤੇ ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਖਾਣ ਤੋਂ ਦੂਰ ਰਹਿ ਕੇ ਤਾਜ਼ੇ, ਪੋਸ਼ਟਿਕ ਅਤੇ ਕੁਦਰਤੀ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *