ਪੈਲਾਟਾਈਨ ਗੁਰੂਘਰ ‘ਚ ਸੰਗਤ ਨੇ ਵਿਸਾਖੀ ਉਤਸ਼ਾਹ ਨਾਲ ਮਨਾਈ

ਖਬਰਾਂ ਗੂੰਜਦਾ ਮੈਦਾਨ

*ਨਵੀਂ ਕਮੇਟੀ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਹੁੰ ਚੁੱਕੀ
*ਟਰੱਕਰ ਭਾਈਚਾਰੇ ਵੱਲੋਂ ਅਖੰਡ ਪਾਠ ਅਤੇ ਲੰਗਰਾਂ ਦੀ ਸੇਵਾ
ਕੁਲਜੀਤ ਸਿੰਘ
ਸ਼ਿਕਾਗੋ: ਖਾਲਸਾ ਪੰਥ ਦਾ ਸਿਰਜਣਾ ਦਿਵਸ ਅਤੇ ਵਿਸਾਖੀ ਦਾ ਚੜ੍ਹਦੀ ਕਲਾ ਭਰਪੂਰ ਪਵਿੱਤਰ ਦਿਹਾੜਾ ਗੁਰਦੁਆਰਾ ਪੈਲਾਟਾਈਨ ਵਿਖੇ ਲੰਘੇ ਦਿਨੀਂ ਸਮੂਹ ਸੰਗਤ ਵੱਲੋਂ ਧਾਰਮਿਕ ਤੇ ਸੱਭਿਆਚਾਰਕ ਭਾਵਨਾ, ਉਤਸ਼ਾਹ ਅਤੇ ਖਾਲਸਾਈ ਸ਼ਰਧਾ ਸਹਿਤ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰੂਘਰ ਨਤਮਸਤਕ ਹੋ ਕੇ ਅਤੇ ਇਲਾਹੀ ਰੰਗ ਵਿੱਚ ਭਿੱਜ ਕੇ ਗੁਰਬਾਣੀ ਕੀਰਤਨ, ਕਥਾ ਤੇ ਪਾਠ ਸੁਣਦਿਆਂ-ਪੜ੍ਹਦਿਆਂ ਤਨ, ਮਨ ਤੇ ਧਨ ਨਾਲ ਸੇਵਾ ਕੀਤੀ। ਸੰਗਤ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਨਾਲ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਇੱਕ-ਦੂਜੇ ਨੂੰ ਵਿਸਾਖੀ ਦੀਆਂ ਵਧਾਈਆਂ ਭੇਟ ਕੀਤੀਆਂ।

ਐਤਵਾਰ ਨੂੰ ਵਿਸ਼ੇਸ਼ ਸਮਾਗਮ ਦੌਰਾਨ ਸੰਗਤ ਦਾ ਠਾਠਾਂ ਮਾਰਦਾ ਇਕੱਠ ਵੇਖ ਕੇ ਮਹਿਸੂਸ ਕੀਤਾ ਜਾ ਸਕਦਾ ਸੀ ਕਿ ਸੰਗਤ ਵਿਸਾਖੀ ਦਿਹਾੜਾ ਮਨਾਉਣ ਲਈ ਉਚੇਚੇ ਤੌਰ `ਤੇ ਪਹੁੰਚੀ ਹੋਈ ਸੀ। ਹਾਲ ਹੀ ਵਿੱਚ ਹੋਈਆਂ ਗੁਰਦੁਆਰਾ ਚੋਣਾਂ ਵਾਲੇ ਦਿਨ ਨਾਲੋਂ ਸੰਗਤ ਵਿਸਾਖੀ ਵਾਲੇ ਦਿਨ ਵੱਧ ਆਈ ਹੋਈ ਸੀ। ਜ਼ਿਕਰਯੋਗ ਹੈ ਕਿ ਗੁਰਦੁਆਰਾ ਮੈਂਬਰਸ਼ਿਪ ਪੰਦਰਾਂ ਸੌ ਦੇ ਕਰੀਬ ਹੈ, ਜਦਕਿ ਸ਼ਿਕਾਗੋਲੈਂਡ ਵਿੱਚ ਸੰਗਤ ਕਿਤੇ ਵਧੇਰੇ ਗਿਣਤੀ ਵਿੱਚ ਰਹਿੰਦੀ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਜੇ ਇੱਥੇ ਰਹਿੰਦੀ ਸਾਰੀ ਸੰਗਤ ਮੈਂਬਰਸ਼ਿਪ ਲੈ ਲਵੇ ਤਾਂ ਇਸ ਨਾਲ ਗੁਰੂਘਰ ਦੀ ਆਮਦਨ ਤਾਂ ਵਧੇਗੀ ਹੀ, ਸਗੋਂ ਇਸ ਨਾਲ ਸਥਾਨਕ ਪ੍ਰਸ਼ਾਸਨ ਜਾਂ ਸਿਆਸਤ ਵਿੱਚ ਵੀ ਸਿੱਖ ਭਾਈਚਾਰੇ ਦੀ ਅਹਿਮੀਅਤ ਨੂੰ ਥਾਂ ਮਿਲੇਗੀ। ਵਿਸਾਖੀ ਵਾਲੇ ਦਿਨ ਸਿੱਖ ਭਾਈਚਾਰੇ ਤੋਂ ਇਲਾਵਾ ਦੂਜੇ ਭਾਈਚਾਰਿਆਂ ਦੇ ਸ਼ਰਧਾਵਾਨ ਲੋਕਾਂ ਦੀ ਸ਼ਮੂਲੀਅਤ ਦਰਸਾਉਂਦੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਦਾ ਦਰ ਸਭਨਾਂ ਲਈ ਸਾਂਝਾ ਤੇ ਮੁਕੱਦਸ ਅਸਥਾਨ ਹੈ। ਗੁਰੂਘਰ ਦੀ ਫਿਜ਼ਾ ਵਿੱਚ ਖ਼ਾਲਸਾਈ ਤੇ ਭਾਈਚਾਰਕ ਸਾਂਝ ਦਾ ਨਜ਼ਾਰਾ ਵੇਖਿਆਂ ਹੀ ਬਣਦਾ ਸੀ।
ਇਸ ਮੌਕੇ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਨੇ ਦਰਬਾਰ ਹਾਲ ਵਿੱਚ ਗੁਰੂ ਮਹਾਰਾਜ ਦੀ ਸਰਪ੍ਰਸਤੀ ਹੇਠ ਗੁਰਮਤਿ ਅਤੇ ਗੁਰਦੁਆਰਾ ਸੰਵਿਧਾਨ ਮੁਤਾਬਕ ਆਪਣੀਆਂ ਸੇਵਾਵਾਂ ਨਿਭਾਉਣ ਦਾ ਪ੍ਰਣ ਕੀਤਾ। ਗੁਰੂਘਰ ਦੇ ਹੈੱਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਨੇ ਨਵੇਂ ਅਹੁਦੇਦਾਰਾਂ- ਪ੍ਰਧਾਨ ਤਰਲੋਚਨ ਸਿੰਘ ਮੁਲਤਾਨੀ, ਧਾਰਮਿਕ ਸਕੱਤਰ ਸਤਿੰਦਰ ਸਿੰਘ ਬ੍ਰਹਮ, ਖਜ਼ਾਨਚੀ ਅਮਨਦੀਪ ਸਿੰਘ, ਗੁਰਮਤਿ ਸਕੂਲ ਦੇ ਇੰਚਾਰਜ ਗੁਰਕੀਰਤ ਸਿੰਘ ਗਿੱਲ ਅਤੇ ਲੰਗਰ ਤੇ ਕਾਰ ਸੇਵਾ ਦੇ ਸੇਵਕ ਸਤਿਨਾਮ ਸਿੰਘ ਗਿੱਲ ਸਮੇਤ ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਦੀ ਨਵ-ਨਿਯੁਕਤ ਚੇਅਰਪਰਸਨ ਬੀਬੀ ਸੁਰਿੰਦਰ ਕੌਰ ਸੰਘਾ ਨੂੰ ਸਹੁੰ ਚੁਕਾਉਣ ਦੀ ਰਸਮ ਨਿਭਾਈ। ਸੀਰਤ ਕੌਰ ਕਲੇਰ ਨੂੰ ਐਗਜ਼ੈਕਟਿਵ ਸੈਕਟਰੀ ਬਣਾਇਆ ਗਿਆ ਹੈ ਤੇ ਗੁਰਿੰਦਰ ਸਿੰਘ ਸੰਧੂ ਕਲਿਨਿਕ ਇੰਚਾਰਜ ਹਨ। ਹਰਜੀਤ ਸਿੰਘ ਗਿੱਲ ਤੇ ਯਾਦਵਿੰਦਰ ਸਿੰਘ ਗਰੇਵਾਲ ਬੋਰਡ ਆਫ ਟਰੱਸਟੀ ਦੇ ਮੈਂਬਰ ਹਨ, ਜਦਕਿ ਸੀ.ਆਈ.ਸੀ. ਦੇ ਚੇਅਰਮੈਨ ਰਹਿ ਚੁਕੇ ਗੁਰਦੀਪ ਸਿੰਘ ਸੰਘਾ ਹੁਣ ਇਸ ਦੇ ਸੈਕਟਰੀ ਬਣ ਗਏ ਹਨ ਤੇ ਕਰਮਜੀਤ ਸਿੰਘ ਭਟਨੂਰਾ ਮੈਂਬਰ ਹਨ। ਪਹਿਲਾਂ ਸਾਲ 2022 ਤੋਂ ਬੀਬੀ ਜਸਬੀਰ ਕੌਰ ਮਾਨ ਸੀ.ਆਈ.ਸੀ. ਮੈਂਬਰ ਸਨ।
ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੈਰਾਮ ਸਿੰਘ ਕਾਹਲੋਂ ਦਾ ਗੁਰੂਘਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਲਈ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਆਪਣੀ ਧੰਨਵਾਦੀ ਤਕਰੀਰ ਵਿੱਚ ਜੈਰਾਮ ਸਿੰਘ ਕਾਹਲੋਂ ਨੇ ਆਪਣੇ ਸੇਵਾ ਕਾਲ ਦੌਰਾਨ ਕੀਤੇ ਕੰਮਾਂ ਤੇ ਪ੍ਰਾਪਤੀਆਂ ਦਾ ਵੇਰਵਾ ਇੱਕ ਸਲਾਈਡ ਸ਼ੋਅ ਰਾਹੀਂ ਸੰਗਤ ਨਾਲ ਸਾਂਝਾ ਕੀਤਾ। ਸ. ਕਾਹਲੋਂ ਨੇ ਆਪਣੇ ਸੇਵਾ ਕਾਲ ਦੌਰਾਨ ਗੁਰੂਘਰ ਵਿਖੇ ਇੱਕ ਪਿੱਛੋਂ ਇੱਕ ਕਰਵਾਏ ਗਏ ਕਈ ਕੰਮਾਂ ਦੌਰਾਨ ਸੰਗਤ, ਸੇਵਾਦਾਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰਨਾਂ ਸਬ ਕਮੇਟੀਆਂ ਦੇ ਨੁਮਾਇੰਦਿਆਂ ਦਾ ਉਨ੍ਹਾਂ ਵੱਲੋਂ ਮਿਲੇ ਸਹਿਯੋਗ ਲਈ ਉਚੇਚਾ ਧੰਨਵਾਦ ਕੀਤਾ। ਉਂਝ ਅਖੀਰ ਵਿੱਚ ਆਪਣੇ ਸੇਵਾ ਕਾਲ ਦੌਰਾਨ ਜਾਣੇ-ਅਣਜਾਣੇ ਹੋ ਗਈ ਕਿਸੇ ਭੁੱਲ ਲਈ ਮੁਆਫੀ ਮੰਗਦਿਆਂ ਉਨ੍ਹਾਂ ਦਾ ਗੱਚ ਭਰ ਆਇਆ ਸੀ।
ਇਸ ਮੌਕੇ ਗੁਰਦੀਪ ਸਿੰਘ ਸੰਘਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਗਤ ਨੂੰ ਜੇ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹੋਏ ਤਾਂ ਉਹ ਪਹਿਲਾਂ ਬੋਰਡ ਨੂੰ ਦੱਸੇ ਅਤੇ ਜੇ ਬੋਰਡ ਵਾਲੇ ਨਹੀਂ ਸੁਣਦੇ ਤਾਂ ਉਹ ਸੀ.ਆਈ.ਸੀ. ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣ। ਉਨ੍ਹਾਂ ਭਰੋਸਾ ਦਿੱਤਾ ਕਿ ਸੀ.ਆਈ.ਸੀ. ਦੀ ਕੋਸ਼ਿਸ਼ ਹੋਵੇਗੀ ਕਿ ਸ਼ਿਕਾਇਤ ਦੂਰ ਹੋਵੇ।
ਮੌਜੂਦਾ ਪ੍ਰਧਾਨ ਤਰਲੋਚਨ ਸਿੰਘ ਮੁਲਤਾਨੀ ਨੇ ਆਪਣੀ ਤਕਰੀਰ ਗੁਰਬਾਣੀ ਦੀ ਵਿਆਖਿਆ ਨਾਲ ਸ਼ੁਰੂ ਕੀਤੀ ਅਤੇ ਕਿਹਾ ਕਿ ਜਿਹੜੇ ਗੁਰੂ ਅੱਗੇ ਮੱਥਾ ਟੇਕਦੇ ਹਨ, ਗੁਰਬਾਣੀ ਪੜ੍ਹਦੇ ਹਨ ਤੇ ਗੁਰੂ ਦੀ ਕਥਾ ਸੁਣਦੇ ਹਨ- ਉਹੀ ਪੂਰੇ ਪ੍ਰਧਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ (ਦਰਬਾਰ ਹਾਲ ਵਿੱਚ) ਸਾਰੇ ਹੀ ਪ੍ਰਧਾਨ ਹਨ- ਭਾਵ, ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ॥ ਉਨ੍ਹਾਂ ਕਿਹਾ ਕਿ ਪਹਿਲੀ ਪ੍ਰਬੰਧਕੀ ਟੀਮ ਵਿੱਚ ਵੀ ਉਨ੍ਹਾਂ ਨੇ ਸੇਵਾਵਾਂ ਨਿਭਾਈਆਂ ਹਨ, ਉਹ ਇੱਕ ਆਹਲਾ ਟੀਮ ਸੀ। ਉਨ੍ਹਾਂ ਸ. ਕਾਹਲੋਂ ਵੱਲੋਂ ਆਪਣੇ ਸੇਵਾ ਕਾਲ ਦੌਰਾਨ ਗਿਣਾਏ ਕਾਰਜਾਂ ਸਬੰਧੀ ਕਿਹਾ ਕਿ ਤਨ, ਮਨ, ਧਨ ਨਾਲ ਸੇਵਾ ਦੇਣੀ ਪੈਂਦੀ ਹੈ, ਤਾਂ ਇਹ ਕਾਰਜ ਸਿਰੇ ਚੜ੍ਹਦੇ ਹਨ। ਉਨ੍ਹਾਂ ਗੁਰੂਘਰ ਦੇ ਵਿਸਥਾਰ ਲਈ ਸੰਗਤ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਗੁਰਬਾਣੀ ਨਾਲ ਜੁੜਨ ਦਾ ਤਹੱਈਆ ਕੀਤਾ।
ਇਸ ਤੋਂ ਪਹਿਲਾਂ 14 ਅਪਰੈਲ, ਮੰਗਲਵਾਰ ਨੂੰ ਵੀ ਗੁਰੂਘਰ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ, ਪਰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਐਤਵਾਰ, 19 ਅਪਰੈਲ ਨੂੰ ਹੀ ਸਨ। ਐਤਵਾਰ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਗੁਰੂਘਰ ਦੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਅਤੇ ਕਥਾਵਾਚਕ ਵੱਲੋਂ ਗੁਰ-ਇਤਿਹਾਸ ਤੇ ਪੰਥਕ ਵਿਚਾਰਾਂ ਰਾਹੀਂ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਗੁਰੂਘਰ ਵਿਖੇ ਵਿਸਾਖੀ ਸਬੰਧੀ ਸ਼ਿਕਾਗੋ ਟਰੱਕ ਡਰਾਈਵਰਜ਼ ਯੂਨੀਅਨ/ਟਰਾਂਸਪੋਰਟੇਸ਼ਨ ਕਾਰੋਬਾਰ ਨਾਲ ਜੁੜੇ ਪੰਜਾਬੀ ਭਾਈਚਾਰੇ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸੇਵਾ ਲਈ ਗਈ ਸੀ। ਇਸ ਦੌਰਾਨ 17 ਅਪਰੈਲ ਨੂੰ ਅਖੰਡ ਪਾਠ ਆਰੰਭ ਕੀਤਾ ਗਿਆ ਸੀ, ਜਿਸ ਦਾ ਭੋਗ 19 ਅਪਰੈਲ ਨੂੰ ਸਵੇਰੇ ਪਿਆ। ਅਖੰਡ ਪਾਠ ਦੌਰਾਨ ਟਰੱਕਰ ਭਰਾਵਾਂ ਤੇ ਹੋਰਨਾਂ ਸੰਗਤ ਮੈਂਬਰਾਂ ਨੇ ਡਿਊਟੀਆਂ ਨਿਭਾਈਆਂ। ਐਤਵਾਰ ਨੂੰ ਮੌਸਮ ਕੁਝ ਠੰਡਾ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਸੰਗਤ ਨੇ ਬਾਹਰ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਬੜੇ ਉਤਸ਼ਾਹ ਨਾਲ ਕੀਤੀ। ਅਖੰਡ ਪਾਠ ਦੀ ਸੇਵਾ ਪ੍ਰੀਤਮ ਸਿੰਘ ਸਿੱਧੂ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਮਹਿੰਦਰ ਸਿੰਘ ਭੱਠਲ ਤੇ ਸ਼ਿਕਾਗੋ ਟਰੱਕ ਡਰਾਈਵਰਜ਼ ਯੂਨੀਅਨ ਵੱਲੋਂ ਸਾਂਝੇ ਤੌਰ `ਤੇ ਕੀਤੀ ਗਈ।
ਅਖੰਡ ਪਾਠ ਦੌਰਾਨ ਲੰਗਰ ਅਤੇ ਹੋਰ ਸੇਵਾਵਾਂ ਵੀ ਟਰੱਕਰ ਭਾਈਚਾਰੇ ਵੱਲੋਂ ਸੰਗਤ ਦੇ ਸਹਿਯੋਗ ਨਾਲ ਰਲ-ਮਿਲ ਕੇ ਕੀਤੀਆਂ ਗਈਆਂ। ਵਿਸਾਖੀ ਮੌਕੇ ਸੰਗਤਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਹੀ ਉਚੇਚੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ। ਟਰੱਕ ਡਰਾਈਵਰਜ਼ ਯੂਨੀਅਨ ਦੇ ਨੁਮਾਇੰਦਿਆਂ ਨੇ ਪਹਿਲਾਂ ਹੀ ਮੀਟਿੰਗ ਦੌਰਾਨ ਰਸਦ-ਪਾਣੀ ਸਬੰਧੀ ਵਿਚਾਰ ਵਟਾਂਦਰਾ ਕਰਕੇ ਸੂਚੀ ਮੁਤਾਬਕ ਸੇਵਾਵਾਂ ਆਰੰਭ ਦਿੱਤੀਆਂ ਸਨ। ਸੋ, ਸਮਾਗਮ ਵਾਲੇ ਦਿਨ ਸੰਗਤ ਦੀ ਸੇਵਾ ਲਈ ਭਾਂਤ-ਸੁਭਾਂਤੇ ਪਕਵਾਨ ਤਿਆਰ-ਬਰ-ਤਿਆਰ ਤੇ ਤਾਜ਼ਾ-ਤਾਜ਼ਾ ਵਰਤਾਏ ਜਾ ਰਹੇ ਸਨ। ਵਿਸਾਖੀ ਦੀ ਖੁਸ਼ੀ ਦੇ ਮੱਦੇਨਜ਼ਰ ਸੰਗਤ ਨੂੰ ਮਿੱਠਾ ਵਰਤਾਏ ਜਾਣ ਲਈ ਗੁਰੂਘਰ ਦੀ ਰਸੋਈ ਵਿੱਚ ਬੇਸਣ ਬਰਫੀ ਤਿਆਰ ਕੀਤੀ ਗਈ। ਇਸ ਤੋਂ ਇਲਾਵਾ ਵਿਸਾਖੀ ਵਾਲੇ ਦਿਨ ਤਾਜ਼ਾ ਜਲੇਬੀਆਂ, ਨਮਕੀਨ ਸੇਵੀਆਂ-ਬਦਾਨਾ ਬੂੰਦੀ, ਗੁਲਾਬ ਜਾਮਣਾਂ, ਲੱਡੂ ਤੇ ਹੋਰ ਖਾਣ-ਪਦਾਰਥ ਖੁੱਲ੍ਹੇ ਵਰਤੇ। ਪਕੌੜਿਆਂ ਦਾ ਲੰਗਰ ਵੀ ਖੁੱਲ੍ਹਾ ਤੇ ਬਾਅਦ ਦੁਪਹਿਰ ਤੱਕ ਨਿਰੰਤਰ ਚੱਲਦਾ ਰਿਹਾ। ਸਾਰਾ ਦਿਨ ਲੰਗਰ ਹਾਲ ਤੇ ਦੀਵਾਨ ਹਾਲ ਵਿੱਚ ਸੰਗਤਾਂ ਜੁੜੀਆਂ ਰਹੀਆਂ- ਜੀਭ ਤੇ ਪੇਟ ਦੀ ਤ੍ਰਿਪਤੀ ਦੇ ਨਾਲ ਨਾਲ ਮਨ ਦੀ ਸ਼ਾਂਤੀ ਅਤੇ ਅਧਿਆਤਮਕ ਗਿਆਨ ਲਈ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਦੇ ਪ੍ਰਵਾਹ ਦੇ ਸੁਮੇਲ ਦਾ ਆਪਣਾ ਹੀ ਪ੍ਰਭਾਵ ਸੀ। ਇਹੋ ਸਭ ਨਹੀਂ, ਸਗੋਂ ਕੁਝ ਕੁ ਹਮਾਤੜਾਂ ਨੂੰ ਛੱਡ ਕੇ ਬਹੁਤੀ ਸੰਗਤ ਆਪੋ ਆਪਣੀ ਸ਼ਰਧਾ ਮੁਤਾਬਕ ਸੇਵਾ ਵਿੱਚ ਜੁਟੀ ਹੋਈ ਸੀ। ਜੇ ਕੋਈ ਲੰਗਰ ਪਾਣੀ ਦੀ ਸੇਵਾ ਵਿੱਚ ਜੁਟਿਆ ਹੋਇਆ ਦਾਲ-ਸਬਜ਼ੀ ਤੇ ਪ੍ਰਸ਼ਾਦਾ ਵਰਤਾ ਰਿਹਾ ਸੀ ਤਾਂ ਕੋਈ ਜਲ ਤੇ ਲੱਸੀ ਦੀ ਸੇਵਾ ਕਰ ਰਿਹਾ ਸੀ; ਕੋਈ ਜੂਠੇ ਬਰਤਨਾਂ ਦੀ ਸੇਵਾ ਵਿੱਚ ਮਸ਼ਰੂਫ ਸੀ ਤੇ ਕੋਈ ਲੰਗਰ ਹਾਲ ਦੀ ਸਾਫ-ਸਫਾਈ ਕਰਦਾ ਨਜ਼ਰ ਆ ਰਿਹਾ ਸੀ। ਨਿੱਕੇ-ਵੱਡੇ, ਜਵਾਨ ਤੇ ਬਜ਼ੁਰਗ- ਸਭ ਮਾਈ ਤੇ ਭਾਈ ਸੇਵਾ ਵਿੱਚ ਜੁਟੇ ਹੋਏ ਸਨ।
ਇੱਕ ਅੰਦਾਜ਼ੇ ਅਨੁਸਾਰ ਚਾਰ ਹਜ਼ਾਰ ਦੇ ਨੇੜੇ-ਤੇੜੇ ਸੰਗਤ ਗੁਰੂਘਰ ਨਤਮਸਤਕ ਹੋਈ, ਜਿਸ ਕਾਰਨ ਸਾਰੇ ਪਾਰਕਿੰਗ ਲਾਟ ਭਰ ਗਏ ਸਨ। ਕੁਝ ਵੀਰ ਪਾਰਕਿੰਗ ਲਾਟਾਂ ਦੇ ਨੇੜੇ ਕਾਰਾਂ ਤਰਤੀਬਬੱਧ ਪਾਰਕ ਕਰਵਾਉਣ ਦੀ ਸੇਵਾ ਕਰ ਰਹੇ ਸਨ, ਤਾਂ ਜੋ ਸੰਗਤਾਂ ਘਾਹ ਉਤੇ ਕਾਰਾਂ ਪਾਰਕ ਨਾ ਕਰ ਦੇਣ। ਜਿੰਨੀਆਂ ਕਾਰਾਂ ਪਾਰਕਿੰਗ ਲਾਟ ਵਿੱਚੋਂ ਨਿਕਲਦੀਆਂ ਤਾਂ ਸੇਵਾਦਾਰਾਂ ਉਸੇ ਹਿਸਾਬ ਨਾਲ ਆ ਰਹੀ ਸੰਗਤ ਨੂੰ ਦੱਸ ਦਿੰਦੇ ਜਾਂ ਨੇੜਲੀਆਂ ਸਟਰੀਟਾਂ ਉਤੇ ਕਾਰਾਂ ਪਾਰਕ ਕਰਵਾ ਆਉਂਦੇ। ਇੰਜ ਸੰਗਤ ਨੂੰ ਕੋਈ ਸਮੱਸਿਆ ਨਹੀਂ ਆਈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਕਰਮਚਾਰੀ ਵੀ ਤਾਇਨਾਤ ਸਨ।
ਇਸ ਮੌਕੇ ਅੰਮ੍ਰਿਤ ਸੰਚਾਰ ਲਈ ਵੈਨਕੂਵਰ, ਸਰੀ ਤੋਂ ਇੱਕ ਜਥਾ ਵਿਸ਼ੇਸ਼ ਤੌਰ `ਤੇ ਆਇਆ ਸੀ, ਜਿਸ ਦੇ ਮੁਖੀ ਭਾਈ ਜਸਵਿੰਦਰ ਸਿੰਘ ਖਾਲਸਾ ਸਨ। ਜਥੇ ਨੇ ਬਾਣੀਆਂ ਦਾ ਪਾਠ ਕਰਦਿਆਂ ਖੰਡੇ ਦੀ ਪਹੁਲ ਤਿਆਰ ਕੀਤੀ ਅਤੇ ਇਸ ਮੌਕੇ ਚਾਹਵਾਨ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਪੰਜ ਕੱਕਾਰ ਗੁਰਦੁਆਰਾ ਸਾਹਿਬ ਵੱਲੋਂ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਕੁਝ ਪ੍ਰਾਣੀਆਂ ਨੇ ਸੁਧਾਈ ਕਰਵਾਈ ਜਾਂ ਭੁੱਲ ਬਖ਼ਸ਼ਾਈ। ਜ਼ਿਕਰਯੋਗ ਹੈ ਕਿ 1699 ਦੀ ਵਿਸਾਖੀ ਵਾਲੇ ਦਿਨ ਦਸਮ ਪਾਤਿਸ਼ਾਹ ਨੇ ਖਾਲਸਾ ਸਾਜ ਕੇ ਇਹਿਤਾਸ ਸਿਰਜਿਆ।

Leave a Reply

Your email address will not be published. Required fields are marked *