ਪੀ.ਸੀ.ਐੱਸ. ਦੇ ‘ਰੰਗਲਾ ਪੰਜਾਬ’ ਦੌਰਾਨ ‘ਗਿੱਧੇ-ਭੰਗੜੇ’ ਦੀਆਂ ਪੇਸ਼ਕਾਰੀਆਂ ਦੇ ਰੰਗ ਖਿੜੇ

ਖਬਰਾਂ ਗੂੰਜਦਾ ਮੈਦਾਨ

ਕੁਲਜੀਤ ਸਿੰਘ
ਸ਼ਿਕਾਗੋ: ਜਿਸ ਤਰ੍ਹਾਂ ਸਿਖਰ ਦੁਪਹਿਰ ਵਿੱਚ ਦੁਪਹਿਰ-ਖਿੜੀ ਯਾਨੀ ਫੁੱਲਬੂਟੀ ਪੂਰੇ ਜੋਬਨ `ਤੇ ਹੁੰਦੀ ਹੈ ਤੇ ਉਸ ਦੇ ਰੰਗ-ਬਰੰਗੇ ਖਿੜੇ ਫੁੱਲ ਮਨਮੋਹਣੇ ਤੇ ਦਿਲਕਸ਼ ਲੱਗਦੇ ਹਨ, ਇਸੇ ਤਰ੍ਹਾਂ ਵੱਖ-ਵੱਖ ਰੰਗਾਂ ਦੇ ਪਹਿਰਾਵਿਆਂ ਵਿੱਚ ਸਜੇ ਬੱਚੇ ਅਤੇ ਹੋਰ ਕਲਾਕਾਰ ਇੱਕ-ਮਿੱਕ ਹੋਏ ਇੰਜ ਲੱਗ ਰਹੇ ਸਨ ਜਿਵੇਂ ਪਿਉਂਦ ਚੜ੍ਹਾਈ ਹੋਵੇ। ਸਬੱਬ ਬਣਿਆ ਹੋਇਆ ਸੀ, ਪੰਜਾਬੀ ਸੱਭਿਆਚਾਰਕ ਸਭਾ (ਪੀ.ਸੀ.ਐੱਸ.) ਸ਼ਿਕਾਗੋ ਦੇ ‘ਰੰਗਲਾ ਪੰਜਾਬ’ ਸਮੇਂ ਕੋਪਰਨਿਕਸ ਥੀਏਟਰ ਵਿੱਚ।

ਪਰਿਵਾਰਕ ਮਾਹੌਲ ਵਿੱਚ ਵੰਨ-ਸੁਵੰਨੀਆਂ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਗਿਆ। ਤਿਆਰ ਹੋਏ ਵਾਰੀ ਦੀ ਉਡੀਕ ਕਰਦੇ ਇੱਧਰ-ਉਧਰ ਭੱਜੇ ਫਿਰਦੇ ਛੋਟੇ-ਛੋਟੇ ਕਲਾਕਾਰ ਅਤੇ ਸ਼ੀਸ਼ੇ ਵਿੱਚੋਂ ਦੀ ਤੇ ਸਾਥੀਆਂ/ਦਰਸ਼ਕਾਂ ਦੀ ਨਜ਼ਰ ਵਿੱਚੋਂ ਦੀ ਖੁਦ ਨੂੰ ਨਿਹਾਰਦੀਆਂ ਮੁਟਿਆਰਾਂ-ਤ੍ਰੀਮਤਾਂ ਉਡੂੰ-ਉਡੂੰ ਕਰ ਰਹੀਆਂ ਸਨ। ਦੂਜੇ ਪਾਸੇ, ਪੀ.ਸੀ.ਐੱਸ. ਦੇ ਸਾਰੇ ਹੀ ਨੁਮਾਇੰਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਪੱਬਾਂ ਭਾਰ ਹੋਏ ਪਏ ਸਨ; ਤੇ ਸਿਕਿਉਰਿਟੀ ਵਾਲੇ ਤਲਾਸ਼ੀ ਲੈ ਕੇ ਲੋਕਾਂ ਨੂੰ ਥੀਏਟਰ `ਚ ਵੜਨ ਦੇ ਰਹੇ ਸਨ।
ਖ਼ੈਰ! ਸਟੇਜ ਉਤੇ ਪੇਸ਼ਕਾਰੀਆਂ ਦੌਰਾਨ ਇੱਕ ਵਾਰ ਨਜ਼ਾਰਾ ਇਹ ਬਣ ਗਿਆ ਸੀ, ਜਿਵੇਂ ਘੁੱਗੀਆਂ ਇੱਕ ਟਾਹਣੀ ਤੋਂ ਉਡ ਦੂਜੀ ਟਾਹਣੀ `ਤੇ ਜਾ ਬੈਠਦੀਆਂ ਹੋਣ! ਇੱਕ ਟੀਮ ਤਾਂ ਸਟੇਜ `ਤੇ ਨੱਚਦੀ ਇਉਂ ਲੱਗ ਰਹੀ ਸੀ, ਜਿਵੇਂ ਇਰਦ-ਗਿਰਦ ਤਿਤਲੀਆਂ ਉਡਦੀਆਂ ਫਿਰ ਰਹੀਆਂ ਹੋਣ। ਜੇ ਕੋਈ ਟੀਮ ਪੱਖੀਆਂ ਦੀ ਝੱਲ ਮਾਰਦੀ ਤੇ ਹੋਰ ਮਨਪ੍ਰਚਾਵੇ ਖੇਖਣ ਕਰ ਰਹੀ ਸੀ ਤਾਂ ਕੋਈ ਟੀਮ ਦੰਦਾਂ ਨਾਲ ਘੜਾ ਚੁੱਕ ਤੇ ਛੱਜ ਕੁੱਟਦੀ ਆਮ ਜੀਵਨ ਨਾਲ ਸਬੰਧਤ ਅਤੇ ਨੋਕ-ਝੋਕ ਵਾਲੀਆਂ ਬੋਲੀਆਂ ਉਤੇ ਤਾੜੀਆਂ ਤੇ ਅੱਡੀਆਂ ਦੀ ਧਮਕ ਨਾਲ ਰੰਗ ਬੰਨ੍ਹ ਰਹੀ ਸੀ। ਦੋ ਟੀਮਾਂ ਨੇ ਤਾਂ ਜਾਗੋ ਵੀ ਕੱਢੀ। ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਇੱਕ ਗੀਤ ਦੇ ਅੰਤਰੇ `ਤੇ ਪੇਸ਼ਕਾਰੀ ਕਰਕੇ ਉਸ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਹਾਲ ਦੇ ਅੰਦਰ ਅਤੇ ਹਾਲ ਦੇ ਬਾਹਰ ਆਪੋ-ਆਪਣੀ ਮੌਜ ਬਣੀ ਹੋਈ ਸੀ। ਕਿਸੇ ਨੂੰ ਗਿੱਧੇ-ਭੰਗੜੇ ਦਾ ਸਰੂਰ ਸੀ ਤੇ ਕੋਈ ਹਵਾ-ਪਿਆਜ਼ੀ ਹੋਇਆ ਆਪਣੀ ਲੋਰ ਵਿੱਚ ਸੀ।
ਮੰਚ ਸੰਭਾਲਦਿਆਂ ਸੰਸਥਾ ਦੇ ਮੀਤ ਪ੍ਰਧਾਨ ਗੁਰਲਾਲ ਸਿੰਘ ਭੱਠਲ ਨੇ ਪੀ.ਸੀ.ਐੱਸ. ਦੇ ਫਾਊਂਡਿੰਗ ਮੈਂਬਰ ਸਵਰਗੀ ਸਨੀ ਸਿੰਘ ਕੁਲਾਰ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਉਤਸ਼ਾਹੀ ਊਰਜਾ ਤੇ ਸਮਰਪਿਤ ਭਾਵਨਾ ਦੇ ਨਾਲ ਅੱਜ ਸੰਸਥਾ ਇੱਥੇ ਤੱਕ ਅੱਪੜ ਸਕੀ ਹੈ। ਉਨ੍ਹਾਂ (ਸਨੀ ਕੁਲਾਰ) ਨੇ ਸੱਭਿਆਚਾਰਕ ਸੰਸਥਾਵਾਂ, ਸਥਾਨਕ ਮੀਡੀਆ, ਗੁਰਦੁਆਰਿਆਂ ਅਤੇ ਸਥਾਨਕ ਭਾਈਚਾਰੇ ਨੂੰ ਹਮੇਸ਼ਾ ਸਹਿਯੋਗ ਦਿੱਤਾ। ਇਸ ਮੌਕੇ ਸਨੀ ਕੁਲਾਰ ਦੀਆਂ ਭਾਈਚਾਰਕ ਸੇਵਾਵਾਂ ਨੂੰ ਯਾਦ ਕਰਦਿਆਂ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਸਨੀ ਕੁਲਾਰ ਪਿੱਛੇ ਜਿਹੇ ਅਕਾਲ ਚਲਾਣਾ ਕਰ ਗਏ ਸਨ, ਪਰ ਭਾਈਚਾਰੇ ਵਿੱਚ ਉਨ੍ਹਾਂ ਦੀ ਸਾਂਝ ਤੇ ਸਹਿਯੋਗ ਲਈ ਹਾਲੇ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
ਇਸ ਉਪਰੰਤ ਗੁਰਲਾਲ ਸਿੰਘ ਭੱਠਲ ਨੇ ਪੀ.ਸੀ.ਐੱਸ. ਵੱਲੋਂ ਹਾਲ ਹੀ ਵਿੱਚ ਖਰੀਦੀ ਗਈ ਕਮਿਊਨਿਟੀ ਬਿਲਡਿੰਗ ਦੀ ਖੁਸ਼ਖਬਰੀ ਹਾਜ਼ਰੀਨ ਨਾਲ ਸਾਂਝੀ ਕੀਤੀ, ਜੋ ਕਿ ਭਾਈਚਾਰੇ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸੰਸਥਾ ਲਈ ਇੱਕ ਮੀਲ ਪੱਥਰ ਹੈ, ਜਿੱਥੇ ਅਸੀਂ ਆਪਣੇ ਮਿਸ਼ਨ ਦੀ ਸਿੱਖਿਆ ਸਾਂਝੀ ਕਰਾਂਗੇ। ਇਸ ਪਿੱਛੋਂ ਮਿੰਨੀ ਸਿੰਘ ਨੇ ਅਮਰੀਕੀ ਕੌਮੀ ਤਰਾਨਾ ਗਾ ਕੇ ‘ਰੰਗਲਾ ਪੰਜਾਬ’ ਦੀ ਰਸਮੀ ਸ਼ੁਰੂਆਤ ਕੀਤੀ। ਬੱਚਿਆਂ ਦੀ ਇੱਕ ਟੀਮ ਨੇ ‘ਦੇਹ ਸਿਵਾ ਬਰੁ ਮੋਹਿ ਇਹੈ’ ਦੇ ਸ਼ਬਦ ਗਾਇਨ ਨਾਲ ਪਰਮਾਤਮਾ ਨੂੰ ਯਾਦ ਕੀਤਾ। ਇਹ ਟੀਮ ਭੰਗੜੇ ਦੀ ਵਰਦੀ ਵਿੱਚ ਸਜੀ ਹੋਈ ਸੀ। ਅਸਲ ਵਿੱਚ ਇਨ੍ਹਾਂ ਬੱਚਿਆਂ ਨੇ ਭੰਗੜੇ ਦੀ ਪੇਸ਼ਕਾਰੀ ਵੀ ਕਰਨੀ ਸੀ। ਇਸ ਮੌਕੇ ਸਟੇਜ ਉੱਤੇ ਪਿੱਛੇ ਵੱਡੀ ਸਕਰੀਨ `ਤੇ ਦਰਬਾਰ ਸਾਹਿਬ ਦੀ ਤਸਵੀਰ ਲਾਈ ਗਈ, ਜਦਕਿ ਹੋਰਨਾਂ ਪੇਸ਼ਕਾਰੀਆਂ ਵਿੱਚ ਕਦੇ ਕਣਕ ਦੇ ਖੇਤਾਂ ਜਾਂ ਹੋਰ ਤਸਵੀਰਾਂ ਬਦਲਦੀਆਂ ਰਹੀਆਂ।
ਮੰਚ ਸੰਭਾਲਦਿਆਂ ਕਿਰਨਦੀਪ ਕੌਰ ਨੇ ਸ਼ੇਅਰ ਸੁਣਾਇਆ:
ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ,
ਵਧੇ ਫੁਲੇ ਹਾਂ ਅਸੀਂ ਕਿਰਪਾਨ ਦੇ ਨਾਲ।
ਜੇਕਰ ਜੀਵਾਂਗੇ, ਜੀਵਾਂਗੇ ਅਣਖ ਦੇ ਨਾਲ;
ਤੇ ਮਰਾਂਗੇ ਵੀ ਸ਼ਾਨ ਦੇ ਨਾਲ।
ਮੰਚ ਸੰਚਾਲਕਾ ਨੇ ਹਾਜ਼ਰੀਨ ਦੀ ਤਾਰੀਫ ਵਿੱਚ ਕਿਹਾ ਕਿ ਹਰ ਬੰਦਾ ਆਪਣੀ ਮਿੱਟੀ, ਆਪਣੀ ਪਹਿਚਾਣ ਤੇ ਆਪਣੀ ਸ਼ਾਨ ਨਾਲ ਸੱਜ ਕੇ ਆਇਆ ਹੈ। ਫਿਰ ਮੰਚ ਸੰਭਾਲਦਿਆਂ ਗੁਰਨਾਜ਼ ਸੋਹੀ ਨੇ ‘ਵੱਖਰੀ ਟੌਹਰ ਪੰਜਾਬੀਆਂ ਦੀ’ ਸ਼ਬਦਾਂ ਨਾਲ ਵੱਖ-ਵੱਖ ਟੀਮਾਂ ਨੂੰ ਪੇਸ਼ਕਾਰੀ ਲਈ ਸਟੇਜ `ਤੇ ਸੱਦਿਆ। ਉਸ ਨੇ ਹੋਰਨਾਂ ਸ਼ੇਅਰਾਂ ਨਾਲ ਸਮਾਗਮ ਨੂੰ ਅੱਗੇ ਤੋਰੀ ਰੱਖਿਆ। ਰੀਤ ਸਿੱਧੂ, ਹਰਨੂਰ ਸਿੱਧੂ, ਕਬੀਰ ਵਿਰਕ, ਜਸਕੀਰਤ ਸਿੰਘ ਤੇ ਨਵਪ੍ਰੀਤ ਸਿੰਘ ਨੇ ਵੀ ਵਾਰੋ-ਵਾਰੀ ਮੰਚ ਸੰਚਾਲਨ ਕੀਤਾ।
ਸਮਾਗਮ ਦੀ ਪਹਿਲੀ ਪੇਸ਼ਕਾਰੀ ‘ਮਿਸ ਕੌਰਜ਼’ ਸੀ, ਜਿਸ ਵਿੱਚ ਛੋਟੀ ਛੋਟੀ ਉਮਰ ਦੇ ਬੱਚਿਆਂ ਨੇ ਵੱਖ-ਵੱਖ ਗੀਤਾਂ ਦੇ ਮੁਖੜਿਆਂ ਉੱਤੇ ਕੋਰਿਓਗ੍ਰਾਫੀ ਕੀਤੀ। ਇਹ ਟੀਮ ਰਸ਼ਮੀਤ ਕੌਰ ਵੱਲੋਂ ਤਿਆਰ ਕੀਤੀ ਗਈ ਸੀ। ਇਸ ਉਪਰੰਤ ਰੁਪਿੰਦਰ ਗਿੱਲ ਤੇ ਪ੍ਰਾਂਜਲੀ ਕੇਸਰਵਾਨੀ ਦੀ ਤਿਆਰ ਟੀਮ ‘ਭੰਗੜਾ ਬਨੀਜ਼’ ਨੇ ਪੇਸ਼ਕਾਰੀ ਕੀਤੀ। ਪੂਨਮ ਭੱਠਲ ਵੱਲੋਂ ਤਿਆਰ ਟੀਮ ‘ਛੋਟੇ ਗੱਭਰੂ ਪੰਜਾਬ ਦੇ’ ਅਤੇ ਖੇਮ ਕੌਰ ਸੋਹੀ ਤੇ ਮੋਹਕਮ ਸਿੰਘ ਸੋਹੀ ਦੀ ਟੀਮ ‘ਰਾਈਜ਼ਿੰਗ ਸਟਾਰਜ਼’ ਨੇ ਵੀ ਸਟੇਜ ਉੱਤੇ ਪੂਰੀ ਰੌਣਕ ਲਾਈ। ਸਹਿਜ ਕੌਰ ਸਿੱਧੂ ਤੇ ਐਸ਼ਵੀਰ ਕੌਰ ਬਾਲਾ ਦੀ ਤਿਆਰ ‘ਰੂਹ ਪੰਜਾਬ ਦੀ’ ਟੀਮ ਦਾ ਵੀ ਆਪਣਾ ਹੀ ਰੰਗ ਸੀ। ਟੀਮ ਦੀਆਂ ਕੁੜੀਆਂ ਦੀ ਮਿਹਨਤ ਪੇਸ਼ਕਾਰੀ ਦੌਰਾਨ ਸਪਸ਼ਟ ਝਲਕ ਰਹੀ ਸੀ। ‘ਫੁਲਵਾੜੀ’ ਟੀਮ ਦੇ ਬੱਚਿਆਂ ਨੇ ਵੀ ਪੇਸ਼ਕਾਰੀ ਦੇ ਫੁੱਲ ਖਿੜਾਏ। ਕੀਰਤੀ ਦੇਵ ਤੇ ਏਕਮ ਕੌਰ ਬੱਲ ਦੀ ‘ਅਸ਼ਕੇ’ ਟੀਮ ਅਤੇ ਗਗਨਦੀਪ ਸੂਈ ਤੇ ਸਿੰਮੀ ਦੁੱਲਤ ਸੂਈ ਦੀ ਤਿਆਰ ‘ਸ਼ਿਕਾਗੋ ਰੰਗਲਾ ਸਕੁਆਡ’ ਟੀਮਾਂ ਦੀ ਪੇਸ਼ਕਾਰੀ ਵੀ ਵਧੀਆ ਸੀ। ਇਸੇ ਦੌਰਾਨ ਅਦਿਤੀ ਤੇ ਅਨੀਕਾ ਵਿਜ ਨੇ ਗੀਤ ‘ਬਾਜਰੇ ਦਾ ਸਿੱਟਾ’ ਗਾ ਕੇ ਅਤੇ ਲਾਜਵਿੰਦਰ ਕੌਰ ਗਿੱਲ ਤੇ ਸੁਰਿੰਦਰ ਸਿੰਘ ਸੇਠੀ ਨੇ ਇੱਕ-ਇਕ ਗੀਤ ਗਾ ਕੇ ਹਾਜ਼ਰੀ ਲਵਾਈ। ਕਵਿਤਰੀ ਰਾਕਿੰਦ ਕੌਰ ਨੇ ਵੀ ਕਵਿਤਾ ਪੇਸ਼ ਕੀਤੀ।
‘ਖਿੜੇ ਫੁੱਲ’, ‘ਸ਼ਿਕਾਗੋ ਗੱਬਰੂ’, ‘ਬੌਲੀ ਭੰਗੜਾ ਯੂ.ਐਸ.ਏ’, ‘ਟਵਿੰਕਲਿੰਗ ਸਟਾਰਜ਼’, ‘ਆਰ.ਵੀ.ਡੀ. ਅਕੈਡਮੀ ਕੋਡ ਕਿਡਜ਼’ ਅਤੇ ‘ਸ਼ਿਕਾਗੋ ਪੌਣ ਪਰਾਈ’ ਟੀਮਾਂ ਨੇ ਆਪੋ ਆਪਣੀ ਸਮਰੱਥਾ ਮੁਤਾਬਕ ਪੇਸ਼ਕਾਰੀ ਕੀਤੀ। ਇਨ੍ਹਾਂ ਟੀਮਾਂ ਦੇ ਕ੍ਰਮਵਾਰ ਕੋਆਰਡੀਨੇਟਰ ਨਵਜੋਧ ਬਾਜਵਾ, ਹਰਮੀਕ ਸਿੰਘ, ਹਰਮਨ ਕੌਰ, ਪ੍ਰੇਰਨਾ ਆਰੀਆ ਤੇ ਕਰਮਵੀਰ ਸਿੰਘ, ਲਕਸ਼ਮੀ ਵਿਜੇ, ਸਨੀ ਅਹੀਰ ਤੇ ਬੰਟੀ ਭੁੱਲਰ ਅਤੇ ਲਕਸ਼ਮੀ ਸਨ। ਆਰ.ਵੀ.ਡੀ. ਅਕੈਡਮੀ ਦੀ ਨੌਜਵਾਨਾਂ ਦੀ ਟੀਮ ਨੇ ਵੀ ਮੰਚ ਉੱਤੇ ਪੇਸ਼ਕਾਰੀ ਕੀਤੀ।
ਇਨ੍ਹਾਂ ਟੀਮਾਂ ਤੋਂ ਪਹਿਲਾਂ ਰਾਜਪ੍ਰੀਤ ਕੌਰ ਤੇ ਕੰਵਲਜੀਤ ਕੌਰ ਵੱਲੋਂ ਤਿਆਰ ਟੀਮ ‘ਸ਼ੌਂਕਣਾਂ ਸ਼ਿਕਾਗੋ ਦੀਆਂ’ ਦੀ ਬਾਕਮਾਲ ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਹਾਲ ਵਿੱਚ ਬੈਠੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਰਵਾਇਤੀ ਪਹਿਰਾਵੇ ਵਿੱਚ ਹਾਰ-ਸ਼ਿੰਗਾਰ ਲਾ ਕੇ ਪੂਰੀ ਤਿਆਰੀ ਨਾਲ ਆਈ ਇਸ ਟੀਮ ਨੇ ਰਿਕਾਰਡ ਕੀਤੀਆਂ ਬੋਲੀਆਂ ਉੱਤੇ ਗਿੱਧੇ ਦਾ ਪੂਰਾ ਭੜਥੂ ਪਾਇਆ। ਇਸੇ ਤਰ੍ਹਾਂ ‘ਮੁਟਿਆਰਾਂ ਸਾਊਥ ਵੈਸਟ ਦੀਆਂ’ ਟੀਮ ਨੇ ਵੀ ਪੂਰੇ ਰੰਗ ਬੰਨ੍ਹੇ। ‘ਸੰਮੀ-ਲੋਕ ਨਾਚ’ ਪੇਸ਼ ਕਰਦੀ ਟੀਮ ਦਾ ਵੀ ਆਪਣਾ ਹੀ ਜਲੌਅ ਸੀ। ਇਨ੍ਹਾਂ ਟੀਮਾਂ ਵਿੱਚ ਨੌਜਵਾਨ ਤੇ ਅਧਰੇੜ ਉਮਰ ਦੀਆਂ ਬੀਬੀਆਂ ਸ਼ਾਮਲ ਸਨ।
ਉਂਝ ਪਾਇਲ ਵਿਰਦੀ ਤੇ ਨਵਨੀਤ ਕੌਰ ਵੱਲੋਂ ਤਿਆਰ ‘ਗਿੱਧਾ ਧੀਆਂ ਦਾ’ ਟੀਮ ਆਪਣੀ ਮਿਸਾਲ ਆਪ ਸੀ। ਟੀਮ ਦੀਆਂ ਕੁੜੀਆਂ ਨੇ ਖੂਬ ਧਮੱਚੜ ਪਾਇਆ। ਟੀਮ ਦੇ ਐਨ ਵਿਚਕਾਰ ਤੇ ਮੂਹਰਲੀ ਕਤਾਰ ਵਿੱਚ ਨੱਚਦੀ ਛੋਟੀ ਬੱਚੀ ਦੀ ਮਿਹਨਤ ਡੁੱਲ੍ਹ ਡੁੱਲ੍ਹ ਪੈ ਰਹੀ ਸੀ; ਜੇ ਇਹ ਕਹਿਣਾ ਹੋਵੇ ਕਿ ਇਸ ਟੀਮ ਦੀ ‘ਰਾਣੀ ਮੱਖੀ’ ਉਹੋ ਹੀ ਸੀ, ਤਾਂ ਰਤਾ ਵੀ ਗਲਤ ਨਹੀਂ; ਉਂਜ ਇਸ ਟੀਮ ਦੀਆਂ ਹੋਰ ਕੁੜੀਆਂ-ਚਿੜੀਆਂ ਵੀ ਗਿੱਧੇ-ਭੰਗੜੇ ਦੇ ਸਟੈੱਪ ਕਰਦੀਆਂ ਉਡੀਆਂ ਫਿਰਦੀਆਂ ਸਨ।
ਕੁਝ ਹੋਰ ਟੀਮਾਂ ਦੀ ਪੇਸ਼ਕਾਰੀ ਨੇ ਵੀ ਨਜ਼ਾਰੇ ਨੂੰ ਦਿਲਕਸ਼ ਬਣਾਇਆ ਹੋਇਆ ਸੀ। ਨਵਤੇਜ ਸੋਹੀ ਦੀਆਂ ਤਿਆਰ ਦੋਵੇਂ- ‘ਪੀ.ਸੀ.ਐੱਸ. ਰੰਗਲਾ ਪੰਜਾਬ ਜੀ.ਓ.ਏ.ਟੀ’ ਅਤੇ ‘ਪੀ.ਸੀ.ਐੱਸ. ਯੂਥ ਝੂਮਰ’ ਟੀਮਾਂ ਦੀ ਪੇਸ਼ਕਾਰੀ ਵੀ ਖੂਬ ਸੀ। ਕੁਝ ਬੱਚਿਆਂ ਦੀ ਪ੍ਰਤਿਭਾ ਤਾਂ ਇੰਨੀ ਨਿਖਰ ਕੇ ਸਾਹਮਣੇ ਆਈ ਕਿ ਟੀਮ ਕੋਚ ਵੱਲੋਂ ਚੰਡੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅੰਮ੍ਰਿਤਪਾਲ ਮਾਂਗਟ ਦੀ ਟੀਮ ‘ਮਲਵਈ ਗਿੱਧਾ/ਝੂਮਰ’ ਵੀ ਸਟੇਜ ਉੱਤੇ ਆਪਣਾ ਪ੍ਰਭਾਵ ਛੱਡ ਗਈ। ਇਹ ਟੀਮ ਭੰਗੜੇ ਦੀਆਂ ਪੈੜ ਚਾਲਾਂ ਚਲਦੀ ਹੋਈ ਕਿਤੇ ਕਿਤੇ ਇਉਂ ਲੱਗ ਰਹੀ ਸੀ ਜਿਵੇਂ ਕਬੂਤਰ ਸੁਨਹਿਰੀ ਕਲਗੀ ਲਾਈ ਗੁਟਕਦੇ ਫਿਰ ਰਹੇ ਹੋਣ। ਅਸਲ ਵਿੱਚ ਇਸ ਟੀਮ ਨੇ ਚਿੱਟੇ ਕੁੜਤੇ ਪਾਏ ਹੋਏ ਸਨ ਅਤੇ ਸਿਰ ਉੱਤੇ ਸੁਨਹਿਰੇ ਰੰਗ ਦੀ ਟੌਰੇ ਵਾਲੀ ਪੱਗ ਬੰਨ੍ਹੀ ਹੋਈ ਸੀ। ਦੂਜੇ ਭਾਰਤੀ ਭਾਈਚਾਰਿਆਂ ਦੀਆਂ ਦੋ ਟੀਮਾਂ ਨੇ ਵੀ ਸਟੇਜ `ਤੇ ਆਪਣੀ ਕਲਾਕਾਰੀ ਦਿਖਾਈ।
ਸਮਾਗਮ ਦੇ ਮੱਧ ਦੌਰਾਨ ਸੰਸਥਾ ਦੇ ਪ੍ਰਧਾਨ ਬਿਕਰਮ ਸਿੰਘ ਸੋਹੀ ਨੇ ਸਭ ਦਾ ਧੰਨਵਾਦ ਕਰਦਿਆਂ ਸੰਖੇਪ ਸ਼ਬਦਾਂ ਵਿੱਚ ਪੀ.ਸੀ.ਐੱਸ. ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਇਹ ਪੰਜਾਬੀ ਸੱਭਿਆਚਾਰ, ਭਾਸ਼ਾ, ਖੇਡਾਂ ਅਤੇ ਸਿੱਖਿਆ ਆਦਿ ਨੂੰ ਪ੍ਰੋਮੋਟ ਕਰਦੀ ਹੈ। ਉਨ੍ਹਾਂ ਕਿਹਾ ਕਿ ਕੋਆਰਡੀਨੇਟਰ, ਪੀ.ਸੀ.ਐੱਸ. ਨੁਮਾਇੰਦੇ, ਮਾਪੇ ਤੇ ਬੱਚੇ ਸਖਤ ਮਿਹਨਤ ਕਰਕੇ ਸਾਂਝੇ ਤੌਰ `ਤੇ ‘ਰੰਗਲਾ ਪੰਜਾਬ’ ਦਾ ਹਿੱਸਾ ਬਣਦੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸੰਸਥਾ ਦੇ ਫਾਊਂਡਿੰਗ ਮੈਂਬਰਾਂ ਦੀ ਦੂਰ ਦ੍ਰਿਸ਼ਟੀ ਸਦਕਾ ਸ਼ਿਕਾਗੋਲੈਂਡ ਵਿੱਚ ਕਮਿਊਨਿਟੀ ਪਲੇਸ ਖਰੀਦੀ ਗਈ ਹੈ, ਜੋ ਸਾਡੇ ਸਾਰਿਆਂ ਲਈ ‘ਪੰਜਾਬੀ ਕਮਿਊਨਿਟੀ ਸੈਂਟਰ’ ਵਾਂਗ ਹੋਵੇਗੀ। ਜਲਦ ਭਵਿੱਖ ਵਿੱਚ ਇਸ ਦਾ ਰਸਮੀ ਉਦਘਾਟਨ ਤੇ ਫੰਡ ਰੇਜ਼ ਪ੍ਰੋਗਰਾਮ ਕੀਤਾ ਜਾਵੇਗਾ। ਇਸ ਉਪਰੰਤ ਉਨ੍ਹਾਂ ਪੀ.ਸੀ.ਐੱਸ. ਬੋਰਡ ਦੀ ਜਾਣ-ਪਛਾਣ ਕਰਾਉਂਦਿਆਂ ਸਟੇਜ ਉੱਤੇ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਸਭ ਦੀ ਅਣਥੱਕ ਕੋਸ਼ਿਸ਼ਾਂ ਦੇ ਨਾਲ ਹੀ ‘ਰੰਗਲਾ ਪੰਜਾਬ’ ਕਰਵਾਉਣਾ ਸੰਭਵ ਹੁੰਦਾ ਹੈ। ਪੀ.ਸੀ.ਐੱਸ. ਦੀ ਚੇਅਰਪਰਸਨ ਬਾਰੇ ਉਨ੍ਹਾਂ ਕਿਹਾ ਕਿ ਸੰਸਥਾ ਦੇ ਇਤਿਹਾਸ ਵਿੱਚ ਡਾ. ਪ੍ਰਿਮਲ ਕੌਰ ਪਹਿਲੀ ਔਰਤ ਚੇਅਰਪਰਸਨ ਹਨ। ਪ੍ਰਧਾਨ ਸੋਹੀ ਨੇ ਸਮਾਗਮ ਦੇ ਗੈਸਟ ਆਫ ਆਨਰਜ਼ ਨੂੰ ਸਟੇਜ `ਤੇ ਸੱਦਿਆ ਅਤੇ ਕਿਹਾ ਕਿ ਅਮਰਜੀਤ ਸਿੰਘ ਢੀਂਡਸਾ ਤੇ ਲਖਵੀਰ ਸਿੰਘ ਢੀਂਡਸਾ ਬਾਰੇ ਜਾਣ-ਪਛਾਣ ਦੀ ਲੋੜ ਨਹੀਂ, ਕਿਉਂਕਿ ਮਿਡਵੈਸਟ ਵਿੱਚ ਜਦੋਂ ਵੀ ਕੋਈ ਸੱਭਿਆਚਾਰਕ ਪ੍ਰੋਗਰਾਮ ਜਾਂ ਖੇਡ ਮੇਲਾ ਹੁੰਦਾ ਹੈ ਤਾਂ ਇਹ ਹਮੇਸ਼ਾ ਸੁਪੋਰਟ ਲਈ ਹਾਜ਼ਰ ਹੁੰਦੇ ਹਨ।
ਗੈਸਟ ਆਫ ਆਨਰਜ਼ ਅਮਰਜੀਤ ਸਿੰਘ ਢੀਂਡਸਾ ਅਤੇ ਡਾ. ਪ੍ਰਿਮਲ ਕੌਰ ਨੇ ਸਪਾਂਸਰਾਂ ਦਾ ਪਲੇਕ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸਾਰੇ ਪੇਸ਼ਕਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਅਮਿੱਤਪਾਲ ਗਿੱਲ ਅਤੇ ਜਿਗਰਦੀਪ ਸਿੰਘ ਢਿੱਲੋਂ ਨੇ ਸਪਾਂਸਰਾਂ ਨੂੰ ਸਟੇਜ `ਤੇ ਆਉਣ ਦਾ ਸੱਦਾ ਦਿੱਤਾ ਸੀ ਤੇ ਕਿਹਾ ਕਿ ਸਾਰਿਆਂ ਨੇ ਰਲ ਕੇ ‘ਰੰਗਲਾ ਪੰਜਾਬ’ ਮਨਾਇਆ ਹੈ, ਸਾਰੇ ਹੀ ਇਸਦੀ ਸਫਲਤਾ ਲਈ ਸ਼ਲਾਘਾ ਦੇ ਹੱਕਦਾਰ ਹਨ।
ਇਸ ਮੌਕੇ ਆਪਣੀ ਤਕਰੀਰ ਵਿੱਚ ਡਾ. ਪ੍ਰਿਮਲ ਕੌਰ ਨੇ ਕਿਹਾ ਕਿ ਪੀ.ਸੀ.ਐੱਸ. ਸ਼ਿਕਾਗੋ ਦੀ ਚੇਅਰਪਰਸਨ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਬਜ਼ੁਰਗਾਂ ਦੇ ਸਨਮਾਨ ਹਿਤ ਕਿਹਾ ਕਿ ਤੁਸੀਂ ਪਹਿਲਾਂ ਆਏ ਤੇ ਉਹ ਨੀਂਹ ਬਣਾਈ ਜਿਸ `ਤੇ ਅਸੀਂ ਬਾਕੀ ਖੜ੍ਹੇ ਹਾਂ। ਅੱਜ ਅਸੀਂ ਜੋ ਵੀ ਕਰਦੇ ਹਾਂ, ਉਹ ਤੁਹਾਡੇ ਕਾਰਨ ਹੁੰਦਾ ਹੈ। ਡਾ. ਪ੍ਰਿਮਲ ਕੌਰ ਨੇ ਪੀ.ਸੀ.ਐੱਸ. ਦੇ ਸਾਰੇ ਬੋਰਡ ਮੈਂਬਰਾਂ, ਵਾਲੰਟੀਅਰਾਂ ਸਮੇਤ ਸਾਰੇ ਕਲਾਕਾਰਾਂ ਦਾ ਆਪਣੀ ਪ੍ਰਤਿਭਾ ਸਾਂਝੀ ਕਰਨ ਲਈ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਨਾਲ ‘ਰੰਗਲਾ ਪੰਜਾਬ’ ਸੰਭਵ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਮੇਰਾ ਜਨਮ ਅਤੇ ਪਾਲਣ-ਪੋਸ਼ਣ ਜਲੰਧਰ, ਪੰਜਾਬ ਵਿੱਚ ਹੋਇਆ ਸੀ। ਮੈਂ ਆਪਣੇ ਸੱਭਿਆਚਾਰ- ਸੰਗੀਤ, ਭੋਜਨ, ਤਿਉਹਾਰ, ਸਾਡੇ ਬਜ਼ੁਰਗਾਂ ਦੁਆਰਾ ਦੱਸੀਆਂ ਗਈਆਂ ਕਹਾਣੀਆਂ ਅਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਦੇ ਨਿੱਘ ਵਿੱਚ ਵੱਡੀ ਹੋਈ। ਜਦੋਂ ਮੈਂ 1998 ਵਿੱਚ ਭਾਰਤ ਛੱਡਿਆ ਸੀ, ਤਾਂ ਮੈਂ ਇਹ ਸਭ ਆਪਣੇ ਦਿਲ ਵਿੱਚ ਨਾਲ ਲੈ ਆਈ। ਜਿਵੇਂ ਅਸੀਂ ਕਹਿੰਦੇ ਹਾਂ- ਅਸੀਂ ਪੰਜਾਬ ਛੱਡ ਆਏ, ਪਰ ਪੰਜਾਬ ਨੇ ਸਾਨੂੰ ਨਹੀਂ ਛੱਡਿਆ। ਆਪਣੇ ਕਰੀਅਰ ਅਤੇ ਇਸ ਦੇਸ਼ ਵਿੱਚ ਜ਼ਿੰਦਗੀ ਬਣਾਉਣ ਦੇ ਦਹਾਕਿਆਂ ਦੌਰਾਨ ਮੈਂ ਇੱਕ ਚੀਜ਼ ਕਦੇ ਨਹੀਂ ਬਦਲੀ ਕਿ ਮੈਂ ਪੰਜਾਬ ਦੀ ਧੀ ਹਾਂ ਅਤੇ ਹਮੇਸ਼ਾ ਰਹਾਂਗੀ। ਅਸੀਂ ਵੱਖ-ਵੱਖ ਸ਼ਹਿਰਾਂ, ਵੱਖ-ਵੱਖ ਪਿਛੋਕੜਾਂ, ਵੱਖ-ਵੱਖ ਦਹਾਕਿਆਂ ਤੋਂ ਆਏ ਹਾਂ; ਪਰ ਅਸੀਂ ਸਾਰੇ ਜਾਣਦੇ ਹਾਂ ਕਿ ਦੁਬਾਰਾ ਸ਼ੁਰੂਆਤ ਕਰਨ ਦਾ ਕੀ ਅਰਥ ਹੈ!… ਸਾਡੇ ਬੱਚੇ ਜੋ ਇੱਥੇ ਜੰਮੇ-ਪਲੇ, ਜਾਣਦੇ ਹਨ ਕਿ ਉਹ ਕਿੱਥੋਂ ਆਏ ਹਨ ਅਤੇ ਇਸ `ਤੇ ਮਾਣ ਮਹਿਸੂਸ ਕਰਦੇ ਹਨ। ਸਾਡਾ ਸੱਭਿਆਚਾਰ ਇੱਥੇ (ਸ਼ਿਕਾਗੋ ਵਿੱਚ) ਵੀ ਸਾਡੇ ਨਾਲ ਹੈ- ਸਾਡੇ ਭੰਗੜੇ ਅਤੇ ਗਿੱਧੇ ਦੀਆਂ ਤਾਲਾਂ ਵਿੱਚ, ਸਾਡੀ ਫੁਲਕਾਰੀ ਦੇ ਰੰਗਾਂ ਵਿੱਚ, ਦਾਲ-ਮਖਣੀ ਅਤੇ ਸਾਡੀਆਂ ਰਸੋਈਆਂ ਵਿੱਚੋਂ ਨਿਕਲਦੀ ਤਾਜ਼ੀ ਰੋਟੀ ਦੀ ਖੁਸ਼ਬੂ ਵਿੱਚ, ਹਰ ਲੋਰੀ ਵਿੱਚ ਜੋ ਇੱਕ ਮਾਂ ਆਪਣੇ ਬੱਚੇ ਨੂੰ ਪੰਜਾਬੀ ਵਿੱਚ ਸੁਣਾਉਂਦੀ ਹੈ; ਪਰ ਆਪਣੀ ਵਿਰਾਸਤ ਨੂੰ ਸੰਭਾਲਣਾ ਆਪਣੇ ਆਪ ਨਹੀਂ ਹੁੰਦਾ। ਸਾਨੂੰ ਸਾਰਿਆਂ ਨੂੰ ਇਸ ਲਈ ਇਰਾਦਾ ਅਤੇ ਕੋਸ਼ਿਸ਼ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੀ.ਸੀ.ਐੱਸ. ਬੋਰਡ ਇੱਕ ਸਪੱਸ਼ਟ ਦ੍ਰਿਸ਼ਟੀਕੋਣ ਸਾਂਝਾ ਕਰਦਾ ਹੈ, ਜਿਸ ਨਾਲ ਜੁੜ ਕੇ ਸਾਡੇ ਨੌਜਵਾਨ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਮਹਿਸੂਸ ਕਰਦੇ ਹਨ ਅਤੇ ਅਜਿਹਾ ਬੋਰਡ, ਜੋ ਪੰਜਾਬੀ ਸੱਭਿਆਚਾਰ ਬਾਰੇ ਉਤਸੁਕ ਕਿਸੇ ਵੀ ਵਿਅਕਤੀ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰਦਾ ਹੈ।
ਡਾ. ਪ੍ਰਿਮਲ ਕੌਰ ਨੇ ਕਿਹਾ, ਮੇਰਾ ਮੰਨਣਾ ਹੈ ਕਿ ਸੱਭਿਆਚਾਰ ਕਲਾ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ- ਭਾਵੇਂ ਪੇਂਟਿੰਗ ਹੋਵੇ ਜਾਂ ਨਾਚ ਰਾਹੀਂ। ਉਨ੍ਹਾਂ ਪੀ.ਸੀ.ਐੱਸ. ਨਾਲ ਜੁੜ ਕੇ ਆਪਣੇ ਵਿਚਾਰਾਂ, ਆਪਣੀ ਪ੍ਰਤਿਭਾ, ਆਪਣੇ ਪਰਿਵਾਰਾਂ ਨੂੰ ਇਸ ਦਾ ਹਿੱਸਾ ਬਣਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਆਓ, ਇਕੱਠੇ ਕੁਝ ਅਜਿਹਾ ਬਣਾਈਏ, ਜਿਸ ਨਾਲ ਇੱਥੇ ਸ਼ਿਕਾਗੋ ਵਿੱਚ ਪੰਜਾਬ ਨੂੰ ਮਾਣ ਮਿਲੇ।
ਸਮਾਗਮ ਦੇ ਮੁੱਖ ਮਹਿਮਾਨ ਬਿਜਨਸਮੈਨ ਅਤੇ ਮਿਡਵੈਸਟ ਦੇ ਵਿੱਚ ਇੱਕੋ ਇੱਕ ਪਰਵਾਸੀ ਭਾਰਤੀ ਐਵਾਰਡ ਪ੍ਰਾਪਤ ਕਰਤਾ ਦਰਸ਼ਨ ਸਿੰਘ ਧਾਲੀਵਾਲ ਕਿਸੇ ਕਾਰਨ ਪਹੁੰਚ ਨਹੀਂ ਸਕੇ, ਪਰ ਉਨ੍ਹਾਂ ਦੀ ਥਾਂ ਸਨਮਾਨ ਚਿੰਨ੍ਹ ਡਾ. ਹਰਜਿੰਦਰ ਸਿੰਘ ਖਹਿਰਾ ਨੇ ਪ੍ਰਾਪਤ ਕੀਤਾ ਅਤੇ ਸ. ਧਾਲੀਵਾਲ ਦੀਆਂ ਸ਼ੁਭ ਇੱਛਾਵਾਂ ਸਭ ਨਾਲ ਸਾਂਝੀਆਂ ਕੀਤੀਆਂ। ਡਾ. ਖਹਿਰਾ ਨੇ ਕਿਹਾ ਕਿ ਸ. ਧਾਲੀਵਾਲ ਨੇ ਹਮੇਸ਼ਾ ਹੀ ਪੀ.ਸੀ.ਐੱਸ. ਦੀ ਸੁਪੋਰਟ ਕੀਤੀ ਹੈ ਅਤੇ ਕਿਹਾ ਕਿ ਪੀ.ਸੀ.ਐੱਸ. ਇੱਕ ਸੰਸਥਾ ਨਹੀਂ ਸਗੋਂ ਇੱਕ ਯੂਨੀਵਰਸਿਟੀ ਹੈ। ਇਸ ਮੌਕੇ ਉਨ੍ਹਾਂ ਇੱਕ ਸ਼ੇਅਰ ਵੀ ਸੁਣਾਇਆ:
ਜਿਸ ਪੰਜਾਬ ਨੂੰ ਭਾਰਤ ਦਾ ਸਵਰਗ ਕਹਿੰਦੇ
ਤੇ ਚਰਚਾ ਜੱਗ `ਤੇ ਜਿਹਦੀਆਂ ਕਹਾਣੀਆਂ ਦੀ,
ਰਹਿਬਰ ਸੁੱਖਾਂ ਦੇ ਨਾਲ ਉਹ ਵਸਦਾ ਰਹੇ
ਰੱਬ ਖ਼ੈਰ ਰੱਖੇ ਪੰਜਾਂ ਪਾਣੀਆਂ ਦੀ।
ਪ੍ਰੋਗਰਾਮ ਪਾਣੀ ਦੇ ਵਹਾਅ ਵਾਂਗ ਦੇਰ ਰਾਤ ਤੱਕ ਚੱਲਦਾ ਰਿਹਾ- ਕਦੇ ਛੱਲਾਂ ਵਾਂਗ ਉਪਰ ਉੱਠਦਾ ਤੇ ਕਦੇ ਪੱਧਰੀ ਰਵਾਨਗੀ ਵਾਂਗ ਕਲ ਕਲ ਕਰਦਾ। ਤਿੰਨ ਸੌ ਤੋਂ ਵੱਧ ਕਲਾਕਾਰਾਂ ਤੇ ਤੀਹ ਤੋਂ ਵੱਧ ਕੋਆਰਡੀਨੇਟਰਾਂ ਦੀ ਮਿਹਨਤ ਨਾਲ ਅਤੇ ਪੀ.ਸੀ.ਐੱਸ. ਦੇ ਬੋਰਡ ਦੇ ਸੁਚੱਜੇ ਪ੍ਰਬੰਧਾਂ ਨਾਲ ‘ਰੰਗਲਾ ਪੰਜਾਬ’ ਵੱਖ-ਵੱਖ ਰੰਗਾਂ ਦੀ ਪੀਂਘ ਛੱਡ ਗਿਆ। ਉਤੋਂ ‘ਟੇਸਟ ਆਫ ਇੰਡੀਆ’ ਦੇ ਮਨਜੀਤ ਸਿੰਘ ਤੇ ਟੀਮ ਵੱਲੋਂ ਪਰੋਸਿਆ ਸਵਾਦੀ ਖਾਣਾ ਵੀ ਕਈਆਂ ਨੂੰ ਯਾਦ ਰਹੇਗਾ।
ਸੰਚਾਲਨ ਪਹਿਲੂਆਂ ਦਾ ਪ੍ਰਬੰਧਨ ਗੁਰਪ੍ਰੀਤ ਸਿੰਘ ਸਿੱਧੂ ਅਤੇ ਮਹਿੰਦਰਜੀਤ ਸਿੰਘ ਸੈਣੀ (ਟਿਕਟਿੰਗ); ਬਲਵਿੰਦਰ ਗਿਰਨ ਅਤੇ ਪਰਮਜੋਤ ਸਿੰਘ ਪਰਮਾਰ (ਭਾਗੀਦਾਰ ਐਂਟਰੀ ਤੇ ਸੁਰੱਖਿਆ); ਨਵਤੇਜ ਸਿੰਘ ਸੋਹੀ, ਪਰਵਿੰਦਰ ਸਿੰਘ ਨਨੂਆ, ਤੇਜਵੀਰ ਸਿੰਘ ਸੂਦਨ (ਸਟੇਜ ਤਿਆਰੀ) ਅਤੇ ਜਿਗਰਦੀਪ ਸਿੰਘ ਢਿੱਲੋਂ ਤੇ ਅਮਿੱਤਪਾਲ ਸਿੰਘ ਗਿੱਲ (ਆਵਾਜ਼ ਤੇ ਡਿਜੀਟਲ ਪੇਸ਼ਕਾਰੀਆਂ) ਦੁਆਰਾ ਕੀਤਾ ਗਿਆ। ਇਨਾਮ ਵੰਡ ਵਿੱਚ ਭਿੰਦਰ ਸਿੰਘ ਪੰਮਾ ਅਤੇ ਸੁਰਿੰਦਰ ਸਿੰਘ ਪਾਲੀਆ ਵੱਲੋਂ ਸਹਾਇਤਾ ਕੀਤੀ ਗਈ। ਮਹਿਮਾਨਾਂ ਅਤੇ ਵੀ.ਆਈ.ਪੀਜ਼ ਲਈ ਪ੍ਰਾਹੁਣਚਾਰੀ ਦਾ ਤਾਲਮੇਲ ਭੁਪਿੰਦਰ ਸਿੰਘ ਧਾਲੀਵਾਲ, ਵਿਕ ਸਿੰਘ, ਕੇਵਿਨ ਅਟਵਾਲ, ਅਮਰਜੀਤ ਕੌਰ ਅਟਵਾਲ, ਗੁਰਮੀਤ ਸਿੰਘ ਢਿੱਲੋਂ ਅਤੇ ਜਸਬੀਰ ਸਿੰਘ ਪਾਲੀਆ ਦੁਆਰਾ ਕੀਤਾ ਗਿਆ। ਸਟੇਜ ਲੌਜਿਸਟਿਕਸ ਦੀ ਨਿਗਰਾਨੀ ਰਾਜਿੰਦਰ ਸਿੰਘ ਮਾਗੋ ਦੁਆਰਾ ਕੀਤੀ ਗਈ।

Leave a Reply

Your email address will not be published. Required fields are marked *