ਟਰੰਪ ਦੀ ਚੀਨੀ ਫੇਰੀ: ਦੋਹਾਂ ਮੁਲਕਾਂ ਵਿਚਕਾਰ ਕੁੜੱਤਣ ਘਟੀ

ਖਬਰਾਂ ਵਿਚਾਰ-ਵਟਾਂਦਰਾ

ਕਿਸੇ ਠੋਸ ਸਮਝੌਤੇ ‘ਤੇ ਨਾ ਪੁੱਜ ਸਕੀਆਂ ਮਹਾਂਸ਼ਕਤੀਆਂ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਅਤੇ ਚੀਨ ਦੇ ਰਾਸ਼ਟਰਪਤੀਆਂ ਵੱਲੋਂ ਬੀਜਿੰਗ ਵਿੱਚ ਹੋਈ ਗੱਲਬਾਤ ਦੇ ਭਾਵੇਂ ਹਾਲ ਦੀ ਘੜੀ ਕੋਈ ਠੋਸ ਸਿੱਟੇ ਨਹੀਂ ਨਿਕਲੇ। ਫਿਰ ਵੀ ਇਸ ਗੱਲਬਾਤ ਨੇ ਦੋਹਾਂ ਮੁਲਕਾਂ ਦੇ ਸੰਬੰਧਾਂ ਵਿੱਚ ਲਗਾਤਾਰ ਵਧਦੀ ਤਲਖੀ ਅਤੇ ਇਰਾਨ ਜੰਗ ਦੇ ਮਸਲੇ ‘ਤੇ ਦੋਹਾਂ ਧਿਰਾਂ ਵਿਚਾਲੇ ਵਧਦੇ ਤਣਾਅ ਨੂੰ ਰੋਕਣ ਦੇ ਮਾਮਲੇ ‘ਚ ਇਕ ਆਸ ਦੀ ਕਿਰਨ ਜਗਾਈ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀਅ ਜਿਨਪਿੰਗ ਵਿਚਕਾਰ ਹੋਈ ਇਸ ਗੱਲਬਾਤ ਨੇ ਇਰਾਨ ਤੇ ਅਮਰੀਕਾ-ਇਜ਼ਰਾਇਲ ਵਿਚਕਾਰ ਚੱਲ ਰਹੀ ਜੰਗਬੰਦੀ ਦੇ ਲੰਮੀ ਹੋਣ ਦੇ ਆਸਾਰ ਵੀ ਵਧਾ ਦਿੱਤੇ ਹਨ। ਦੁਨੀਆਂ ਦੀਆਂ ਦੋ ਮਹਾਂਸ਼ਕਤੀਆਂ ਦੇ ਲੀਡਰਾਂ ਨੇ ਤਾਈਵਾਨ ਅਤੇ ਹੌਰਮੂਜ਼ ਲਾਂਘੇ ਦੇ ਮਾਮਲੇ ਵਿੱਚ ਆਪੋ ਆਪਣੇ ਵੱਖਰੇ ਸਟੈਂਡ ਲਏ ਹਨ; ਪਰ ਦੋਹਾਂ ਧਿਰਾਂ ਨੇ ਅਗਲੇ ਗੇੜਾਂ ਦੀ ਆਪਸੀ ਗੱਲਬਾਤ ਦੇ ਰਾਹ ਖੁਲ੍ਹੇ ਰੱਖੇ ਹਨ। ਗੱਲਬਾਤ ਨੂੰ ਜਾਰੀ ਰੱਖਣ ਦੀ ਸੰਸਾਰ ਦੀਆਂ ਦੋ ਵੱਡੀਆਂ ਤਾਕਤਾਂ ਦੀ ਚਾਹਤ ਹੀ ਦਰਸਾਉਂਦੀ ਹੈ ਕਿ ਉਹ ਸੰਸਾਰ ਨੂੰ ਇੱਕ ਨਵੇਂ ਵਿਸ਼ਵ ਯੁੱਧ ਵਿੱਚ ਝੋਕਣ ਦੀ ਥਾਂ ਅਮਨ, ਟਰੇਡ ਅਤੇ ਆਰਥਿਕ ਵਿਕਾਸ ਨੂੰ ਪਹਿਲ ਦੇ ਰਹੇ ਹਨ।
ਆਪਣੀ ਦੋ ਦਿਨਾ ਦੀ ਚੀਨੀ ਫੇਰੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੀਤੇ ਸ਼ੁੱਕਰਵਾਰ ਚੀਨ ਤੋਂ ਅਮਰੀਕਾ ਪਰਤੇ। ਰਾਸ਼ਟਰਪਤੀ ਟਰੰਪ ਨੇ ਭਾਵੇਂ ਇਸ ਗੱਲਬਾਤ ਨੂੰ ਅਰਥਪੂਰਨ ਅਤੇ ਸ਼ਾਨਦਾਰ (ਫੰਟਾਸਟਿਕ) ਕਿਹਾ, ਪਰ ਦੁਨੀਆਂ ਦੇ ਬਹੁਤੇ ਅਖ਼ਬਾਰਾਂ ਅਤੇ ਵਿਸ਼ਲੇਸ਼ਕਾਂ ਨੇ ਇਸ ਗੱਲਬਾਤ ਨੂੰ ਸਿੱਟਾ ਰਹਿਤ ਅਤੇ ਵਿਖਾਵੇਬਾਜ਼ੀ ਵਾਲੀ (ਪ੍ਰਫੌਰਮੇਟਿਵ) ਕਿਹਾ ਹੈ।
ਇਸ ਦੇ ਬਾਵਜੂਦ ਇਹ ਸੱਚ ਹੈ ਕਿ ਵੈਨੇਜ਼ੂਏਲਾ ਵਿੱਚੋਂ ਚੀਨ ਦਾ ਰੱਸਾ ਲਪੇਟਣ ਤੋਂ ਬਾਅਦ ਇਰਾਨ ਖਿਲਾਫ 40 ਦਿਨ ਲੰਮੀ ਜੰਗ ਦੇ ਰੁਕਣ ਪਿੱਛੋਂ ਦੋਨੋ ਲੀਡਰ ਇੱਕ ਦੂਜੇ ਦੇ ਰਵਈਏ, ਤੜ੍ਹ ਅਤੇ ਆਪਣੀ ਤਾਕਤ ‘ਤੇ ਸਵੈ-ਭਰੋਸੇ ਨੂੰ ਪਰਖਣ ਦਾ ਯਤਨ ਕਰਦੇ ਰਹੇ। ਇਸ ਮਾਮਲੇ ਵਿੱਚ ਟਰੰਪ ਦੇ ਮੁਕਾਬਲੇ ਸ਼ੀਅ ਜਿਨਪਿੰਗ ਵਧੇਰੇ ਸਥਿਰ, ਸਵੈ-ਭਰੋਸੇ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਵਿਖਾਈ ਦਿੱਤੇ। ਚੀਨੀ ਆਗੂ ਨੇ ਇਹ ਸਪਸ਼ਟ ਕੀਤਾ ਕਿ ਤਾਈਵਾਨ ਦੇ ਮਾਮਲੇ ‘ਤੇ ਉਸ ਦੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ ਅਤੇ ਅਮਰੀਕਾ ਨੂੰ ਇਸ ਮਾਮਲੇ ਵਿੱਚ ਨਹੀਂ ਉਲਝਣਾ ਚਾਹੀਦਾ। ਸ਼ੀਅ ਜਿਨਪਿੰਗ ਨੇ ਅਸਿੱਧੇ ਢੰਗ ਨਾਲ ਟਰੰਪ ਨੂੰ ਹੌਰਮੂਜ਼ ਲਾਂਘਾ ਖੋਲ੍ਹਣ ਲਈ ਵੀ ਕਿਹਾ। ਟਰੰਪ ਦੇ ਨਾਲ ‘ਟੈਸਲਾ’ ਦੇ ਮੁਖੀ ਐਲਨ ਮਸਕ ਅਤੇ ‘ਐਪਲ’ ਦੇ ਟਿੰਮ ਕੁੱਕ ਸਮੇਤ ਅੱਧੀ ਦਰਜਨ ਤੋਂ ਵੱਧ ਕਾਰਪੋਰੇਟ ਜਗਤ ਦੇ ਮੁਖੀ ਵੀ ਚੀਨ ਪੁੱਜੇ।
ਅਰਥਿਕ ਜਗਤ ਵਿੱਚ ਸਰਦਾਰੀ ਕਰ ਰਹੀਆਂ ਇਨ੍ਹਾਂ ਅਮਰੀਕੀ ਕਾਰਪੋਰੇਸ਼ਨਾਂ ਦੇ ਮੁਖੀਆਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਮਜਬੂਤ ਚੀਨੀ ਆਰਥਿਕਤਾ ਵਿੱਚ ਆਪਣੀ ਪਕੜ ਪੀਡ੍ਹੀ ਬਣਾਉਣ ਲਈ ਕੁਝ ਮੌਕੇ ਮਿਲ ਸਕਦੇ ਹਨ; ਪਰ ਹਾਲ ਦੀ ਘੜੀ ਅਜਿਹਾ ਵੀ ਹੁੰਦਾ ਨਹੀਂ ਦਿਸ ਰਿਹਾ। ਇਸ ਦਾ ਵੱਡਾ ਕਾਰਨ ਹੈ ਕਿ ਚੀਨ ਅਮਰੀਕਾ ਵੱਲੋਂ ਹੌਰਮੂਜ਼ ਦੀ ਕੀਤੀ ਗਈ ਘੇਰਾਬੰਦੀ ਨੂੰ ਤੁਰੰਤ ਖਤਮ ਹੋਇਆ ਵੇਖਣਾ ਚਾਹੁੰਦਾ ਹੈ। ਕਿਉਂਕਿ ਉਸ ਦੀਆਂ ਪੰਜਾਹ ਫੀਸਦੀ ਤੋਂ ਵੱਧ ਊਰਜਾ ਲੋੜਾਂ ਇਰਾਨ ਹੀ ਪੂਰੀਆਂ ਕਰਦਾ ਹੈ। ਨਿਸ਼ਚਤ ਹੀ ਚੀਨ ਵੈਨੇਜ਼ੂਏਲਾ ਵਿੱਚ ਹੋਏ ਵੱਡੇ ਨੁਕਸਾਨ ਤੋਂ ਬਾਅਦ ਇਰਾਨ ਨੂੰ ਆਪਣੇ ਹੱਥੋਂ ਗੁਆਉਣਾ ਨਹੀਂ ਚਾਹੁੰਦਾ ਹੈ।
ਸਾਰੀ ਦੁਨੀਆਂ ਵਾਂਗ ਹੀ ਚੀਨ ਲਈ ਵੀ ‘ਹੌਰਮੂਜ਼’ ਅੱਜ ਉਸ ਦੀ ਰਾਜਨੀਤਿਕ ਆਰਥਿਕਤਾ ਦਾ ਬੇਹੱਦ ਮਹਿੰਗਾ ਸਵਾਲ ਹੈ। ਭਾਵੇਂ ਬੀਜਿੰਗ ਵਿੱਚ ਦਿੱਤੇ ਗਏ ਆਪਣੇ ਆਖਰੀ ਬਿਆਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਚੀਨ ਅਤੇ ਅਮਰੀਕਾ ਨੇ ਇਸ ਦੌਰਾਨ ਕਈ ਸ਼ਾਨਦਾਰ ਕਾਰੋਬਾਰੀ ਸਮਝੌਤੇ ਕੀਤੇ ਹਨ, ਪਰ ਇਨ੍ਹਾਂ ਕਥਿਤ ਸਮਝੌਤਿਆਂ ਬਾਰੇ ਕੋਈ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਟਰੰਪ ਨੇ ਇਹ ਵੀ ਕਿਹਾ ਕਿ ਉਹਨੇ ਅਤੇ ਚੀਨੀ ਰਾਸ਼ਟਰਪਤੀ ਨੇ ਬਹੁਤ ਸਾਰੀਆਂ ਸਮੱਸਿਆਵਾਂ ‘ਤੇ ਕਾਬੂ ਪਾ ਲਿਆ ਹੈ। ਇਸ ਤੋਂ ਲਗਦਾ ਇਹ ਹੈ ਕਿ ਹੌਰਮੂਜ਼ ਅਤੇ ਤਾਈਵਾਨ ਸਮੇਤ ਕੁਝ ਔਖੇ ਮਸਲਿਆਂ ਦੇ ਹੱਲ ਲਈ ਦੋਨਾ ਆਗੂਆਂ ਵਿੱਚ ਕੋਈ ਜ਼ੁਬਾਨੀ ਸਿਧਾਂਤਕ ਸਹਿਮਤੀ ਬਣੀ ਹੋ ਸਕਦੀ ਹੈ। ਫਿਰ ਵੀ ਅਮਰੀਕਾ ਪਹੁੰਚ ਕੇ ਡੋਨਾਲਡ ਟਰੰਪ ਨੇ ਤਾਈਵਾਨ ਮਸਲੇ ਬਾਰੇ ਆਪਣਾ ਪੁਰਾਣਾ ਪੱਖ ਦੁਬਾਰਾ ਸਪਸ਼ਟ ਕਰ ਦਿੱਤਾ।
ਲੰਘੇ ਸ਼ੁੱਕਰਵਾਰ ਅਮਰੀਕੀ ਸਦਰ ਟਰੰਪ ਨੇ ਕਿਹਾ ਕਿ ਉਹ ਉਨ੍ਹਾਂ ਚੀਨੀ ਕੰਪਨੀਆਂ ‘ਤੇ ਪਾਬੰਦੀ ਹਟਾਉਣ ਬਾਰੇ ਸੋਚ ਰਹੇ ਹਨ, ਜਿਹੜੀਆਂ ਇਰਾਨੀ ਤੇਲ ਖਰੀਦਦੀਆਂ ਹਨ। ਇੱਕ ਸਰਕਾਰ ਪੱਖੀ ਅਮਰੀਕੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ਚੀਨ ਨੇ ਇਹ ਸਵੀਕਾਰ ਕੀਤਾ ਹੈ ਕਿ ਉਹ ਇਰਾਨ ਨੂੰ ਫੌਜੀ ਸਾਜ਼ੋ ਸਮਾਨ (ਹਾਰਡਵੇਅਰ) ਨਹੀਂ ਦੇਵੇਗਾ; ਪਰ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਚੀਨੀ ਆਗੂ ਨੇ ਕਿਹਾ ਹੈ ਕਿ ਉਹ (ਚੀਨ) ਇਰਾਨ ਤੋਂ ਬਹੁਤ ਸਾਰਾ ਤੇਲ ਖਰੀਦਦੇ ਹਨ ਅਤੇ ਉਸ ਨੂੰ ਜਾਰੀ ਰੱਖਣਾ ਚਾਹੁੰਦੇ ਹਨ । ਟਰੰਪ ਨੇ ਕਿਹਾ, “ਉਹ ਹੌਰਮੂਜ਼ ਲਾਂਘੇ ਨੂੰ ਖੁਲਿ੍ਹਆ ਵੇਖਣਾ ਚਾਹੁੰਦੇ ਹਨ ਅਤੇ ਮੈਂ ਕਿਹਾ ਕਿ ਇਹ ਅਸੀਂ ਨਹੀਂ, ਉਨ੍ਹਾਂ (ਇਰਾਨ) ਨੇ ਬੰਦ ਕੀਤਾ ਹੋਇਆ ਹੈ।” ਚੀਨ ਦੇ ਵਿਦੇਸ਼ ਮੰਤਰੀ ਨੇ ਵੀ ਬੀਤੇ ਸ਼ੁੱਕਰਵਾਰ ਇਰਾਨ ਖਿਲਾਫ ਜੰਗਬੰਦੀ ਜਾਰੀ ਰੱਖਣ ਦੀ ਮੰਗ ਕੀਤੀ ਅਤੇ ਕਿਹਾ ਕਿ ਜਿੰਨੀ ਛੇਤੀ ਹੋ ਸਕੇ ‘ਸਟੇਟ ਆਫ ਹੌਰਮੂਜ਼’ ਖੋਲਿ੍ਹਆ ਜਾਣਾ ਚਾਹੀਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਇਰਾਨ ਦਾ ਤਕਰੀਬਨ ਪੰਜਾਹ ਫੀਸਦੀ ਤੇਲ ਹੌਰਮੂਜ਼ ਲਾਂਘੇ ਵਿੱਚੋਂ ਗੁਜ਼ਰਦਾ ਹੈ; ਪਰ ਚੀਨ ਲਈ ਮੁਸੀਬਤ ਉਦੋਂ ਵੱਡੀ ਖੜ੍ਹੀ ਹੋ ਜਾਂਦੀ ਹੈ, ਜਦੋਂ ਤੇਲ ਸੰਕਟ ਕਾਰਨ ਦੁਨੀਆਂ ਵਿੱਚ ਵਸਤਾਂ ਦੀ ਮੰਗ ਘਟਦੀ ਹੈ ਅਤੇ ਇਸ ਨਾਲ ਚੀਨੀ ਨਿਰਯਾਤ ਵੱਡੀ ਪੱਧਰ ‘ਤੇ ਪ੍ਰਭਾਵਤ ਹੁੰਦਾ ਹੈ। ਇਸ ਦੌਰਾਨ ਚੀਨ ਨੇ ਇਹ ਸਾਫ ਕਰ ਦਿੱਤਾ ਕਿ ਸਵੈ-ਸਾਸ਼ਿਤ ਤਾਈਵਾਨ ਉਸ ਦਾ ਆਪਣਾ ਖੇਤਰ ਹੈ। ਚੀਨ ਨੇ ਸਾਫ ਕੀਤਾ ਕਿ ਜੇ ਤਾਈਵਾਨ ਦੇ ਮਸਲੇ ਨੂੰ ਸਹੀ ਢੰਗ ਨਾਲ ਨਾ ਹੱਲ ਕੀਤਾ ਗਿਆ ਤਾਂ ਇਹ ਕਈ ਮੁਲਕਾਂ ਵਿਚਕਾਰ ਕਲੇਸ਼ ਦਾ ਕਾਰਨ ਬਣ ਸਕਦਾ ਹੈ। ਉਧਰ ਅਮਰੀਕੀ ਸਦਰ ਨੇ ‘ਫੌਕਸ ਨਿਊਜ਼’ ਨਾਲ ਇੱਕ ਗੱਲਬਾਤ ਵਿੱਚ ਕਿਹਾ ਕਿ ਦੋ ਦਿਨਾ ਗੱਲਬਾਤ ਦੌਰਾਨ ਉਸ ਨੇ ਤਾਈਵਾਨ ਦੇ ਮਸਲੇ ‘ਤੇ ਕੋਈ ਵਾਅਦਾ ਨਹੀਂ ਕੀਤਾ। ਉਨ੍ਹਾਂ ਕਿਹਾ, “ਮੈਂ ਨਹੀਂ ਸੋਚਦਾ ਕਿ ਤਾਈਵਾਨ ਦੇ ਮਾਮਲੇ ਵਿੱਚ ਕੋਈ ਝਗੜਾ ਚੱਲ ਰਿਹਾ ਹੈ।” ਇਸ ਦੌਰਾਨ ਤਾਈਵਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਹਥਿਆਰਾਂ ਦੀ ਸਪਲਾਈ ਦਾ ਵਾਅਦਾ ਤਾਈਵਾਨ ਰਿਲੇਸ਼ਨ ਐਕਟ ਦਾ ਹਿੱਸਾ ਹੈ। ਇਸ ਮੁੱਦੇ ‘ਤੇ ਚੀਨ ਅਮਰੀਕੀ ਹਥਿਆਰਾਂ ਦੀ ਤਾਈਵਾਨ ਨੂੰ ਸਪਲਾਈ ਰੋਕਣ ਦੀ ਮੰਗ ਕਰਦਾ ਹੈ।
ਯਾਦ ਰਹੇ, ਪਿਛਲੇ ਵਰ੍ਹੇ ਅਮਰੀਕਾ ਨੇ ਤਾਈਵਾਨ ਨੂੰ 11 ਬਿਲੀਅਨ ਡਾਲਰ ਦੇ ਹਥਿਆਰਾਂ ਦਾ ਪੈਕੇਜ ਦਿੱਤਾ ਸੀ, ਜਿਸ ‘ਤੇ ਬੀਜਿੰਗ ਨੇ ਵੱਡਾ ਇਤਰਾਜ਼ ਜਤਾਇਆ ਸੀ। ਵੱਖ-ਵੱਖ ਸੋਮਿਆਂ ਤੋਂ ਜਾਰੀ ਹੋਈਆਂ ਜਾਣਕਾਰੀਆਂ ਮੁਤਾਬਕ ਚੀਨ ਨੇ ਅਮਰੀਕਾ ਤੋਂ 700 ਬੋਇੰਗ ਜਹਾਜ਼ ਖਰੀਦਣ ਵਿੱਚ ਦਿਲਚਸਪੀ ਵਿਖਾਈ ਹੈ। ਆਪਣੀ ਦੋ ਦਿਨਾ ਫੇਰੀ ਦੌਰਾਨ ਅਮਰੀਕੀ ਸਦਰ ਡੋਨਾਲਡ ਟਰੰਪ ਨੇ ‘ਟੈਂਪਲ ਆਫ ਹੈਵਨ’ ਅਤੇ ‘ਗਰੇਟ ਹਾਲ ਆਫ ਪੀਪਲ’ ਦਾ ਵੀ ਦੌਰਾ ਕੀਤਾ। ਚੀਨ ਪੁੱਜਣ ‘ਤੇ ਅਮਰੀਕੀ ਸਦਰ ਦਾ ਰੈਡ ਕਾਰਪੈਟ ਵਿਛਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਚੀਨ ਨੇ ਉਨ੍ਹਾਂ ਤੋਂ ਸੋਇਆਬੀਨ, 750 ਬੋਇੰਗ ਜਹਾਜ਼ ਅਤੇ 200 ਬੋਇੰਗ ਜੈਟ ਖਰੀਦਣ ਲਈ ਸਹਿਮਤੀ ਪ੍ਰਗਟ ਕੀਤੀ ਹੈ। ਭਾਵੇਂ ਕਿ ਚੀਨ ਨੇ ਇਸ ਮਾਮਲੇ ਵਿੱਚ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ। ਫਿਰ ਵੀ ਜਾਪਦਾ ਹੈ ਕਿ ਕਈ ਮਸਲਿਆਂ ‘ਤੇ ਦੋਨੋ ਮੁਲਕ ਸਮਝੌਤੇ ਦੇ ਨੇੜੇ ਪੁੱਜ ਗਏ ਹਨ।

Leave a Reply

Your email address will not be published. Required fields are marked *