ਬੇਸਿੱਟਾ ਰਹੀ ਨਵੀਂ ਦਿੱਲੀ ਬਰਿਕਸ ਮੀਟਿੰਗ

ਸਿਆਸੀ ਹਲਚਲ ਖਬਰਾਂ

*ਇਰਾਨ ਜੰਗ ਦਾ ਪ੍ਰਛਾਵਾਂ ਪਿਆ
*ਸਾਂਝਾ ਬਿਆਨ ਵੀ ਜਾਰੀ ਨਾ ਕਰ ਸਕੇ ਬਰਿਕਸ ਮੁਲਕ
ਜਸਵੀਰ ਸਿੰਘ ਮਾਂਗਟ
14 ਅਤੇ 15 ਮਈ ਨੂੰ ਨਵੀਂ ਦਿੱਲੀ ਵਿੱਚ ਹੋਈ ਬਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਇੱਕ ਤਰ੍ਹਾਂ ਨਾਲ ਅਸਫਲ ਹੋ ਗਈ ਹੈ। ਇਸ ਮੀਟਿੰਗ ‘ਤੇ ਇਰਾਨ-ਅਮਰੀਕਾ ਵਿਚਕਾਰ ਜੰਗ/ਸੀਜ਼ਫਾਇਰ ਦਾ ਮੁੱਦਾ ਛਾਇਆ ਰਿਹਾ ਅਤੇ ਪੱਛਮੀ ਏਸ਼ੀਆ ਦੇ ਮਸਲਿਆਂ ਉੱਪਰ ਆਪਣੀ ਵੱਖੋ-ਵੱਖਰੀ ਸਮਝ ਹੋਣ ਕਾਰਨ ‘ਬਰਿਕਸ’ ਮੁਲਕਾਂ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ। ਯਾਦ ਰਹੇ, ਇਹ ਮੀਟਿੰਗ ਸਤੰਬਰ ਮਹੀਨੇ ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੇ ਬਰਿਕਸ ਦੇ ਸਾਲਾਨਾ ਸੰਮੇਲਨ ਦੀਆਂ ਤਿਆਰੀਆਂ ਨੂੰ ਦਿਸ਼ਾ ਦੇਣ ਦੇ ਮਕਸਦ ਨਾਲ ਬੁਲਾਈ ਗਈ ਸੀ।

ਮੀਟਿੰਗ ਵਿੱਚ ਹਿੱਸਾ ਲੈਣ ਆਏ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਗਾਚੀ ਨੇ ਭਾਵੇਂ ਭਾਰਤ ਨਾਲ ਆਪਣੀਆਂ ਲੰਮੀਆਂ ਸੱਭਿਆਚਾਰਕ ਸਾਂਝਾਂ ਦੀ ਗੱਲ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਦੇ ਮੁਕਾਬਲੇ ਭਾਰਤ ਵਧੇਰੇ ਪਰਪੱਕ ਵਿਚੋਲੇ ਦੀ ਭੂਮਿਕਾ ਨਿਭਾਅ ਸਕਦਾ ਹੈ। ਤਦ ਵੀ ਮੀਟਿੰਗ ਦੇ ਖਤਮ ਹੁੰਦਿਆਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ.ਏ.ਈ. ਦੇ ਦੌਰੇ ‘ਤੇ ਚਲੇ ਗਏ। ਇਸ ਮੁਲਕ ਨਾਲ ਇਰਾਨ ਦੇ ਖ਼ਤਰਨਾਕ ਢੰਗ ਨਾਲ ਸਿੰਗ ਫਸੇ ਹੋਏ ਹਨ। ਇੱਕ ਮੁਸਲਿਮ ਮੁਲਕ ਹੋਣ ਦੇ ਬਾਵਜੂਦ ਯੂ.ਏ.ਈ. ਇਰਾਨ ਅਤੇ ਅਮਰੀਕਾ-ਇਜ਼ਰਾਇਲ ਵਿਚਕਾਰ ਚੱਲ ਰਹੀ ਜੰਗ ਵਿੱਚ ਅਮਰੀਕਾ ਅਤੇ ਇਜ਼ਰਾਇਲ ਦਾ ਸਾਥ ਦੇ ਰਿਹਾ ਹੈ। ਕੁਝ ਦਿਨ ਪਹਿਲਾਂ ਇਸ ਕਿਸਮ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ 28 ਫਰਵਰੀ ਤੋਂ ਇਰਾਨ ਖਿਲਾਫ ਸ਼ੁਰੂ ਹੋਈ 40 ਦਿਨਾ ਜੰਗ ਵਿੱਚ ਯੂ.ਏ.ਈ. ਅਤੇ ਸਾਊਦੀ ਅਰਬ ਨੇ ਵੀ ਹਮਲੇ ਕੀਤੇ ਸਨ।
ਨਵੀਂ ਦਿੱਲੀ ਵਿੱਚ ਦੋ ਦਿਨ ਚੱਲੀ ਇਹ ਮੀਟਿੰਗ ਬਿਨਾ ਕਿਸੇ ਸਾਂਝੀ ਸਟੇਟਮੈਂਟ ਦੇ ਉਠਾ ਦਿੱਤੀ ਗਈ। ਭਾਰਤ ਵੱਲੋਂ ਇਸ ਮੀਟਿੰਗ ਬਾਰੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਕਿ ‘ਬਰਿਕਸ’ ਵਿਦੇਸ਼ ਮੰਤਰੀਆਂ ਦੀ ਇਸ ਮੀਟਿੰਗ ਵਿੱਚ ਕੁਝ ਆਗੂਆਂ ਦੇ ਪੱਛਮੀ ਏਸ਼ੀਆ ਦੇ ਮਸਲੇ ‘ਤੇ ਵਿਚਾਰ ਵੱਖਰੇ-ਵੱਖਰੇ ਹੋਣ ਕਾਰਨ ਸਾਂਝੀ ਸਹਿਮਤੀ ਨਹੀਂ ਬਣ ਸਕੀ। ਉਸ ਵਕਤ ਜਦੋਂ ਬਰਿਕਸ ਸੰਸਥਾ ਸੰਸਾਰ ਮਸਲਿਆਂ ਵਿੱਚ ਆਪਣਾ ਪ੍ਰਭਾਵ ਵਧਾਉਣਾ ਚਾਹੁੰਦੀ ਹੈ ਤਾਂ ਇਹ ਮੱਤਭੇਦ ਇਸ ਸੰਸਥਾ ਦੀ ਏਕਤਾ ਬਰਕਰਾਰ ਰੱਖਣ ਦੇ ਮਾਮਲੇ ਵਿੱਚ ਚਣੌਤੀ ਬਣ ਸਕਦੇ ਹਨ। ਭਾਰਤੀ ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਆਪੋ-ਆਪਣੇ ਕੌਮੀ ਹਿੱਤਾਂ ‘ਤੇ ਖਲੋਅ ਕੇ ਪੱਛਮੀ ਏਸ਼ੀਆ ਬਾਰੇ ਸਟੈਂਡ ਲਏ ਹਨ। ਇਨ੍ਹਾਂ ਆਗੂਆਂ ਨੇ ਮੁਲਕਾਂ ਦੀ ਪ੍ਰਭੂਸੱਤਾ, ਸਮੁੰਦਰੀ ਸੁਰੱਖਿਆ ਅਤੇ ਸਿਵਲੀਅਨ ਬੁਨਿਆਦੀ ਢਾਂਚੇ ਅਤੇ ਆਮ ਲੋਕਾਂ ਦੀ ਸੁਰੱਖਿਆ ਬਾਰੇ ਵਿਚਾਰ ਵੱਖੋ-ਵੱਖਰੇ ਸਨ। ਭਾਰਤੀ ਬਿਆਨ ਦੇ ਫੁੱਟ ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਮੈਂਬਰ ਦੇਸ਼ ਦੇ ਪ੍ਰਤੀਨਿਧ ਨੂੰ ਗਾਜ਼ਾ ਅਤੇ ਰੈਡ ਸੀਅ (ਬਾਬ ਅਲ ਮੰਦੇਬ ਸਟਰੇਅਟ) ਦੀ ਸੁਰੱਖਿਆ ਵਾਲੇ ਸੈਕਸ਼ਨ ‘ਤੇ ਵੀ ਇਤਰਾਜ਼ ਸਨ। ਇੱਥੇ ਜ਼ਿਕਰਯੋਗ ਹੈ ਕਿ ਬਰਿਕਸ ਵਿੱਚ ਭਾਰਤ, ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫਰੀਕਾ, ਇਥੋਪੀਆ, ਮਿਸਰ, ਇਰਾਨ, ਇੰਡੋਨੇਸ਼ੀਆ ਅਤੇ ਯੂ.ਏ.ਈ. ਜਿਹੇ ਮੁਲਕ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਦੀਆਂ ਇਰਾਨ ਜੰਗ ਬਾਰੇ ਪੁਜ਼ੀਸ਼ਨਾਂ ਇੱਕ ਦੂਜੇ ਦੇ ਵਿਰੁੱਧ ਹਨ। ਵਿਸ਼ੇਸ਼ ਤੌਰ ‘ਤੇ ਯੂ.ਏ.ਈ. ਅਤੇ ਇਰਾਨ ਵਿਚਕਾਰ ਮੱਤਭੇਦ ਖੁੱਲ੍ਹ ਕੇ ਸਾਹਮਣੇ ਆਏ।
14 ਮਈ ਨੂੰ ਮੀਟਿੰਗ ਵਿੱਚ ਸ਼ਾਮਲ ਹੁੰਦਿਆਂ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਗਾਚੀ ਨੇ ਕਿਹਾ ਕਿ ਬਰਿਕਸ ਮੁਲਕਾਂ ਨੂੰ ਅਮਰੀਕਾ ਤੇ ਇਜ਼ਰਾਇਲ ਵੱਲੋਂ ਇਰਾਨ ‘ਤੇ ਕੀਤੇ ਗਏ ਹਮਲੇ ਦੀ ਨਿੰਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਰਾਨ ‘ਤੇ ਇਹ ਹਮਲਾ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਉਨ੍ਹਾਂ ਬਰਿਕਸ ਮੁਲਕਾਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਦੇ ਕੀਤੇ ਜਾ ਸਿਆਸੀਕਰਨ ਦਾ ਵਿਰੋਧ ਕਰਨ ਦਾ ਵੀ ਸੱਦਾ ਦਿੱਤਾ।
ਇੱਥੇ ਜ਼ਿਕਰਯੋਗ ਹੈ ਕਿ ਬਰਿਕਸ ਮੁਲਕਾਂ ਵੱਲੋਂ ਸਾਂਝੀ ਕਰੰਸੀ ਅਤੇ ਸਾਂਝਾ ਬੈਂਕ ਵਗੈਰਾ ਸ਼ੁਰੂ ਕਰਨ ਦੀਆਂ ਯੋਜਨਾਵਾਂ ਤੋਂ ਅਮਰੀਕਾ ਅਤੇ ਪੱਛਮੀ ਬਲੌਕ ਕਾਫੀ ਤ੍ਰਹਿੰਦਾ ਹੈ। ਰੂਸ, ਚੀਨ, ਦੱਖਣੀ ਅਫਰੀਕਾ ਅਤੇ ਭਾਰਤ ਜਿਹੇ ਮੁਲਕਾਂ ਦੀ ਇਸ ਸਮਾਨੰਤਰ ਜੁਗਾੜ ਵਿੱਚ ਸ਼ਮੂਲੀਅਤ ਅਮਰੀਕੀ ਪੈਟਰੋ ਡਾਲਰ ਨੂੰ ਵੱਡੀ ਚੁਣੌਤੀ ਖੜ੍ਹੀ ਕਰ ਸਕਦੀ ਹੈ, ਪਰ ਗਲੋਬਲ ਸਾਊਥ ਨੂੰ ਇਸ ਦਾ ਵੱਡਾ ਲਾਭ ਹੋ ਸਕਦਾ ਹੈ। ਇਸ ਸੰਸਥਾ ਦੀ ਸ਼ੂਰੂਆਤ 2006 ਵਿੱਚ ਭਾਰਤ, ਬ੍ਰਾਜ਼ੀਲ, ਰੂਸ ਅਤੇ ਚੀਨ ਨੇ ਮਿਲ ਕੇ ਕੀਤੀ ਸੀ। ਇਸ ਲਈ ਸ਼ੁਰੂ ਵਿੱਚ ਇਸ ਦਾ ਨਾਮ ‘ਬਰਿਕ’ ਸੀ। ਪਿੱਛੋਂ 2010 ਵਿਚ ਦੱਖਣੀ ਅਫਰੀਕਾ ਦੇ ਇਸ ਵਿੱਚ ਸ਼ਾਮਲ ਹੋਣ ਨਾਲ ਇਹ ਬਰਿਕਸ ਬਣ ਗਿਆ। 2023 ਵਿੱਚ ਮਿਸਰ, ਸਾਉਦੀ ਅਰਬ, ਯੂ.ਏ.ਈ., ਇਥੋਪੀਆ, ਇੰਡੋਨੇਸ਼ੀਆ ਅਤੇ ਇਰਾਨ ਵੀ ਇਸ ਸੰਗਠਨ ਵਿੱਚ ਸ਼ਾਮਲ ਹੋ ਗਏ। ਅਰਜਨਟੀਨਾ ਨੂੰ ਵੀ ਇਸ ਸੰਗਠਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਸੀ, ਪਰ ਉਸ ਦੀ ਸੱਜੇ ਪੱਖੀ ਸਰਕਾਰ ਨੇ ਅਮਰੀਕਾ ਨਾਲ ਯਾਰੀ ਪੁਗਾਉਣੀ ਬੇਹਤਰ ਸਮਝੀ। ਬਰਿਕਸ ਵੱਲੋਂ ਸਾਂਝੀ ਕਰੰਸੀ ਸ਼ੁਰੂ ਕਰਨ ਦੇ ਯਤਨਾਂ ਦਾ ਅਮਰੀਕਾ ਵੱਲੋਂ ਖੁਲ੍ਹੇਆਮ ਵਿਰੋਧ ਕੀਤਾ ਗਿਆ ਹੈ। ਨਵੀਂ ਦਿੱਲੀ ਵਿੱਚ ਹੋਈ ਹਾਲੀਆ ਮੀਟਿੰਗ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਰੋਨਾਲਡ ਲਾਮੋਲਾ, ਬ੍ਰਾਜ਼ੀਲ ਦੇ ਮਾਯੁਰੋ ਵੇਰਾ, ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸ਼ੋਜੀਓਨੋ ਅਤੇ ਯੂ.ਏ.ਈ. ਦੇ ਵਿਦੇਸ਼ ਮੰਤਰੀ ਨੇ ਸ਼ਮੂਲੀਅਤ ਕੀਤੀ। ਅਮਰੀਕੀ ਰਾਸ਼ਟਰਪਤੀ ਦੀ ਚੀਨੀ ਫੇਰੀ ਕਾਰਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਇਸ ਮੀਟਿੰਗ ਵਿੱਚ ਨਹੀਂ ਪੁੱਜ ਸਕੇ। ਉਨ੍ਹਾਂ ਦੀ ਥਾਂ ਭਾਰਤ ਵਿੱਚ ਮੌਜੂਦ ਚੀਨ ਦੇ ਰਾਜਦੂਤ ਯੀ. ਫਿਹੋਂਗ ਨੇ ਇਸ ਵਿੱਚ ਆਪਣੇ ਮੁਲਕ ਦੀ ਪ੍ਰਤੀਨਿਧਤਾ ਕੀਤੀ।
ਇਸ ਸੰਮੇਲਨ ਦਾ ਥੀਮ ਟਿਕਾਊ ਆਰਥਿਕਤਾ, ਪਹਿਲਕਦਮੀ (ਇਨੋਵੇਸ਼ਨ), ਸਹਿਯੋਗ, ਸਹਿਣਸ਼ੀਲ (ਰੈਜ਼ੀਲੀਐਂਸ) ਰਵੱਈਆ ਵਿਕਸਤ ਕਰਨਾ ਸੀ। ਮੀਟਿੰਗ ਵਿੱਚ ਜਿਹੜੇ ਏਜੰਡਿਆਂ ‘ਤੇ ਚਰਚਾ ਕੀਤੀ ਜਾਣੀ ਸੀ ਉਹ ਹਾਲ ਦੀ ਘੜੀ ਪਾਸੇ ਰਹਿ ਗਏ ਹਨ। ਵਿਗੜ ਰਹੇ ਚੌਗਿਰਦੇ ਦੇ ਸੰਦਰਭ ਵਿੱਚ ਮੁਕੰਮਲ (ਹੋਲਿਸਟਿਕ) ਸਿਹਤਮੰਦੀ ਅੱਜ ਕੱਲ੍ਹ ਵੱਡਾ ਮੁੱਦਾ ਬਣ ਗਿਆ ਹੈ। ਇੱਥੋਂ ਤੱਕ ਕਿ ਵਾਤਾਵਰਣ ਦੇ ਖੇਤਰ ਵਿੱਚ ਕੰਮ ਕਰ ਰਹੇ ਬਹੁਤ ਸਾਰੇ ਗਰੁੱਪ ਸੰਯੁਕਤ ਰਾਸ਼ਟਰ ਕੋਲੋਂ ‘ਵਾਤਾਵਰਣ ਐਮਰਜੈਂਸੀ’ ਐਲਾਨਣ ਲਈ ਦਬਾਅ ਪਾ ਰਹੇ ਹਨ। ਇਨ੍ਹਾਂ ਵਾਤਾਵਰਣ ਕਾਰਕੁੰਨਾਂ ਦਾ ਕਹਿਣ ਹੈ ਕਿ ਯੂਰਪ ਜਿਹੇ ਵਿਕਸਤ ਮੁਲਕਾਂ ਵਿੱਚ ਵੀ ਵਾਤਾਵਰਣ ਵਿਗਾੜਾਂ ਕਾਰਨ ਵੱਡੀ ਪੱਧਰ ‘ਤੇ ਮੌਤਾਂ ਹੋ ਰਹੀਆਂ ਹਨ। ਇੱਥੋਂ ਤੱਕ ਕਿ ਬਹੁਤ ਸਾਰੀਆਂ ਛੂਤ ਵਾਲੀਆਂ ਅਤੇ ਛੂਤ ਰਹਿਤ ਬਿਮਾਰੀਆਂ ਵਾਤਾਵਰਣ ਵਿਗਾੜਾਂ ਕਾਰਨ ਪੈਦਾ ਹੋ ਰਹੀਆਂ ਹਨ। ਇਸ ਦੇ ਨਾਲ ਹੀ ਹੱਦੋਂ ਵੱਧ ਪੈਣ ਵਾਲੀ ਗਰਮੀ, ਠੰਡ ਅਤੇ ਬਾਰਿਸ਼ (ਐਕਸਟਰੀਮ ਵੈਦਰ ਕੰਡੀਸ਼ਨਸ) ਮਾਨਸਕ ਰੋਗਾਂ ਵਿੱਚ ਵਾਧਾ ਕਰ ਰਹੇ ਹਨ। ਇਸ ਸੰਬੰਧ ਵਿੱਚ ਖੋਜ ਵਿੱਚ ਲੱਗੇ ਵਿਗਿਆਨੀਆਂ ਨੇ ਬਾਕਾਇਦਾ ਡੈਟਾ ਇਕੱਤਰ ਕਰਕੇ ਵਡਮੁੱਲੀਆਂ ਰਿਪੋਰਟਾਂ ਛਾਪੀਆਂ ਹਨ। ਇਸ ਰੋਸ਼ਨੀ ਦੀ ਦਿਸ਼ਾ ਵਿੱਚ ਤੁਰਨ ਦੀ ਥਾਂ ਸੰਸਾਰ ਸਿਆਸਤ ਯੂਕਰੇਨ-ਰੂਸ ਅਤੇ ਅਮਰੀਕਾ-ਇਸਰਾਇਲ, ਇਰਾਨ ਖਿਲਾਫ ਜੰਗੀ ਜਨੂੰਨ ਭੜਕਾਉਣ ਵਿੱਚ ਲੱਗੇ ਹੋਏ ਹਨ। ਇਨ੍ਹਾਂ ਜੰਗਾਂ ਵੱਲੋਂ ਪੈਦਾ ਕੀਤਾ ਗਿਆ ਪ੍ਰਦੂਸ਼ਣ ਕੁਦਰਤੀ ਚੌਗਿਰਦੇ ਦਾ ਸਰਵਨਾਸ਼ ਕਰਨ ਵੱਲ ਵਧ ਰਿਹਾ ਹੈ।

Leave a Reply

Your email address will not be published. Required fields are marked *