ਸੋਨਾ ਨਾ ਖਰੀਦਣ ਦੀ ਨੈਤਿਕਤਾ ਕਿਸ ਲਈ, ਤੇ ਦਿਖਾਵੇ ਦੀ ਛੋਟ ਕਿਸ ਨੂੰ?

ਵਿਚਾਰ-ਵਟਾਂਦਰਾ

ਤ੍ਰਿਭਵਨ
(ਸੀਨੀਅਰ ਪੱਤਰਕਾਰ)
ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਇੱਕ ਸਾਲ ਤੱਕ ਸੋਨਾ ਨਾ ਖਰੀਦੋ, ਪੈਟਰੋਲ-ਡੀਜ਼ਲ ਬਚਾਓ, ਕਾਰ-ਪੂਲ ਕਰੋ, ਘਰੋਂ ਕੰਮ ਕਰੋ ਅਤੇ ਗ਼ੈਰ-ਜ਼ਰੂਰੀ ਵਿਦੇਸ਼ ਯਾਤਰਾਵਾਂ ਟਾਲੋ, ਤਾਂ ਇਹ ਸਿਰਫ਼ ਆਰਥਿਕ ਸਲਾਹ ਨਹੀਂ ਸੀ; ਇਹ ਭਾਰਤੀ ਮੱਧਵਰਗ, ਹੇਠਲੇ ਮੱਧਵਰਗ ਅਤੇ ਰੋਜ਼ਮਰ੍ਹਾ ਦੀਆਂ ਛੋਟੀਆਂ ਬੱਚਤਾਂ ’ਤੇ ਨਿਰਭਰ ਪਰਿਵਾਰਾਂ ਲਈ ਇੱਕ ਨੈਤਿਕ ਸੰਦੇਸ਼ ਸੀ। ਜਿਵੇਂ ਸਰਕਾਰ ਨੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾ ਕੇ ਕਿਹਾ ਹੋਵੇ ਕਿ ਆਪਣੇ ਖ਼ਰਚੇ ਘਟਾਓ, ਆਪਣੀਆਂ ਖ਼ਾਹਿਸ਼ਾਂ ਨੂੰ ਕੁਝ ਸਮੇਂ ਲਈ ਰੋਕੋ, ਕਿਉਂਕਿ ਦੇਸ਼ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ।

ਇਸ ਅਪੀਲ ਦੇ ਪਿੱਛੇ ਦੁਨੀਆ ਭਰ ਵਿੱਚ ਤੇਲ ਸੰਕਟ, ਵਿਦੇਸ਼ੀ ਮੁਦਰਾ ’ਤੇ ਦਬਾਅ ਅਤੇ ਸੋਨੇ ਦੀ ਦਰਾਮਦ ਦੀ ਚਿੰਤਾ ਦੱਸੀ ਗਈ। ਭਾਰਤ ਨੇ 2025-26 ਵਿੱਚ ਸੋਨੇ ਦੀ ਦਰਾਮਦ ’ਤੇ ਲਗਭਗ 71.98 ਅਰਬ ਡਾਲਰ ਖਰਚ ਕੀਤੇ। ਇਹ ਸੱਚਮੁੱਚ ਬਹੁਤ ਵੱਡਾ ਖਰਚਾ ਹੈ, ਜੋ ਦੇਸ਼ ਦੀ ਅਰਥਵਿਵਸਥਾ ’ਤੇ ਭਾਰੀ ਬੋਝ ਵਾਂਗ ਹੈ।
ਪਰ ਇੱਥੇ ਇੱਕ ਵੱਡਾ ਸਵਾਲ ਆ ਖੜ੍ਹਦਾ ਹੈ ਕਿ ਇਹ ਸੰਜਮ ਅਤੇ ਤਿਆਗ ਦੀ ਸਿੱਖਿਆ ਹਮੇਸ਼ਾ ਆਮ ਲੋਕਾਂ ਲਈ ਹੀ ਕਿਉਂ ਹੁੰਦੀ ਹੈ? ਇਹ ਨੈਤਿਕ ਅਰਥਸ਼ਾਸਤਰ ਗਰੀਬ ਅਤੇ ਮੱਧਵਰਗ ਦੀ ਧੀ ਦੇ ਵਿਆਹ ਦੇ ਛੋਟੇ ਜਿਹੇ ਸੋਨੇ ਦੇ ਹਾਰ ਤੱਕ ਤਾਂ ਪਹੁੰਚ ਜਾਂਦਾ ਹੈ, ਪਰ ਅਰਬਪਤੀਆਂ ਦੇ ਹੀਰੇ-ਪੰਨਿਆਂ ਨਾਲ ਸਜੇ ਵਿਸ਼ਾਲ ਦਿਖਾਵੇ ਤੱਕ ਕਿਉਂ ਨਹੀਂ?
ਜੇ ਕੋਈ ਸਕੂਲ ਅਧਿਆਪਕ ਆਪਣੀ ਧੀ ਦੇ ਵਿਆਹ ਲਈ ਦਸ ਗ੍ਰਾਮ ਸੋਨਾ ਖ਼ਰੀਦਦਾ ਹੈ, ਤਾਂ ਉਸਨੂੰ ਦੇਸ਼ ਦੀ ਵਿਦੇਸ਼ੀ ਮੁਦਰਾ ’ਤੇ ਬੋਝ ਕਿਹਾ ਜਾਂਦਾ ਹੈ; ਪਰ ਜੇ ਕਿਸੇ ਅਰਬਪਤੀ ਘਰ ਦੀ ਵਾਰਿਸ ਮੈਟ ਗਾਲਾ ਵਰਗੇ ਸਮਾਗਮ ਵਿੱਚ ਸੋਨੇ ਦੇ ਧਾਗਿਆਂ, ਹੀਰਿਆਂ, ਪੰਨਿਆਂ ਅਤੇ ਵਿਰਾਸਤੀ ਗਹਿਣਿਆਂ ਨਾਲ ਲਿਪਟੀ ਹੋਈ ਨਜ਼ਰ ਆਵੇ, ਤਾਂ ਉਸਨੂੰ ਭਾਰਤੀ ਕਾਰੀਗਰੀ ਦਾ ਵਿਸ਼ਵ ਪੱਧਰੀ ਜਸ਼ਨ ਕਿਹਾ ਜਾਂਦਾ ਹੈ।
ਇਹ ਉਹ ਥਾਂ ਹੈ, ਜਿੱਥੇ ਅਰਥ-ਸ਼ਾਸਤਰ ਸਿਰਫ਼ ਅੰਕੜਿਆਂ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਸਮਾਜ-ਸ਼ਾਸਤਰ ਬਣ ਜਾਂਦਾ ਹੈ। ਅਤੇ ਸਮਾਜ-ਸ਼ਾਸਤਰ ਮਨੁੱਖ ਦੇ ਅੰਦਰਲੀ ਤੁਲਨਾ, ਕੁੰਠਾ ਅਤੇ ਅਪਮਾਨ ਦੀ ਭਾਵਨਾ ਰਾਹੀਂ ਮਨੋਵਿਗਿਆਨ ਦਾ ਰੂਪ ਲੈ ਲੈਂਦਾ ਹੈ।
ਤਿਆਗ ਦੀ ਨੈਤਿਕਤਾ ਕਿਸ ਲਈ, ਤੇ ਦਿਖਾਵੇ ਦੀ ਛੋਟ ਕਿਸ ਨੂੰ?
ਅਮਰੀਕੀ ਚਿੰਤਕ ਥੌਰਸਟਿਨ ਵੇਬਲਿਨ ਨੇ ਆਪਣੀ ਮਸ਼ਹੂਰ ਕਿਤਾਬ ‘ਦ ਥਿਊਰੀ ਆਫ਼ ਦ ਲੀਜ਼ਰ ਕਲਾਸ’ ਵਿੱਚ ‘ਦਿਖਾਵਟੀ ਖਪਤ’ (ਛੋਨਸਪਚਿੁੋੁਸ ਛੋਨਸੁਮਪਟiੋਨ) ਦੀ ਗੱਲ ਕੀਤੀ ਸੀ। ਉਸਦੇ ਮੁਤਾਬਕ ਮਹਿੰਗੇ ਕੱਪੜੇ, ਹੀਰੇ, ਨਿੱਜੀ ਜਹਾਜ਼, ਵਿਦੇਸ਼ੀ ਵਿਆਹ ਜਾਂ ਸੋਨੇ ਦੀਆਂ ਸਾੜੀਆਂ ਸਿਰਫ਼ ਵਰਤੋਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ; ਇਹ ਤਾਕਤ ਅਤੇ ਹੈਸੀਅਤ ਦੀ ਭਾਸ਼ਾ ਹੁੰਦੀਆਂ ਹਨ। ਇਹ ਚੁੱਪਚਾਪ ਨਹੀਂ ਬੋਲਦੀਆਂ, ਸਗੋਂ ਐਲਾਨ ਕਰਦੀਆਂ ਹਨ ਕਿ ਸਮਾਜ ਵਿੱਚ ਕੌਣ ਕਿੱਥੇ ਖੜ੍ਹਾ ਹੈ।
ਆਮ ਆਦਮੀ ਸੋਨਾ ਇਸ ਲਈ ਖ਼ਰੀਦਦਾ ਹੈ ਕਿ ਉਹ ਆਪਣੀ ਧੀ ਦੀ ਸੁਰੱਖਿਆ, ਸਮਾਜਿਕ ਇੱਜ਼ਤ ਅਤੇ ਮੁਸ਼ਕਲ ਵੇਲੇ ਲਈ ਕੁਝ ਪੂੰਜੀ ਸੰਭਾਲ ਸਕੇ। ਉਸ ਲਈ ਸੋਨਾ ਭਵਿੱਖ ਦੀ ਅਸਥਿਰਤਾ ਵਿੱਚ ਇੱਕ ਛੋਟੀ ਜਿਹੀ ਸੁਰੱਖਿਆ ਹੈ।
ਪਰ ਅਰਬਪਤੀ ਸੋਨਾ ਇਸ ਲਈ ਪਹਿਨਦਾ ਹੈ ਕਿ ਦੁਨੀਆ ਵੇਖੇ ਕਿ ਉਸ ਕੋਲ ਇੰਨੀ ਦੌਲਤ ਹੈ, ਉਹ ਇਸਨੂੰ ਆਪਣੇ ਸਰੀਰ ’ਤੇ ਵੀ ਸਜਾ ਸਕਦਾ ਹੈ। ਇੱਕ ਲਈ ਸੋਨਾ ਡਰ ਅਤੇ ਬਚਤ ਹੈ; ਦੂਜੇ ਲਈ ਦਿਖਾਵਾ ਅਤੇ ਸ਼ਾਨ।
ਈਸ਼ਾ ਅੰਬਾਨੀ ਦਾ ਮੈਟ ਗਾਲਾ ਲੁੱਕ ਇਸ ਵਿਰੋਧ ਦਾ ਵੱਡਾ ਉਦਾਹਰਨ ਹੈ। ਵੋਗ ਇੰਡੀਆ ਮੁਤਾਬਕ ਉਸਦੀ ਸਾੜੀ ਖ਼ਾਲਿਸ ਸੋਨੇ ਦੇ ਧਾਗਿਆਂ ਨਾਲ ਬੁਣੀ ਗਈ ਸੀ। 50 ਤੋਂ ਵੱਧ ਕਾਰੀਗਰਾਂ ਨੇ 1200 ਘੰਟਿਆਂ ਤੋਂ ਵੱਧ ਸਮਾਂ ਲਾ ਕੇ ਇਸਨੂੰ ਤਿਆਰ ਕੀਤਾ। ਇਸ ਵਿੱਚ 200 ਤੋਂ ਵੱਧ ਪੁਰਾਣੇ ਹੀਰੇ, ਵੱਡੇ ਪੰਨੇ ਅਤੇ ਬੇਸ਼ਕੀਮਤੀ ਗਹਿਣੇ ਵਰਤੇ ਗਏ। ਇਹ ਸਿਰਫ਼ ਕੱਪੜਾ ਨਹੀਂ ਸੀ, ਸਗੋਂ ਇੱਕ ਚਲਦਾ-ਫਿਰਦਾ ਖ਼ਜ਼ਾਨਾ ਸੀ, ਜਿਸ ਵਿੱਚ ਕਲਾ, ਪੂੰਜੀ, ਵਿਰਾਸਤ ਅਤੇ ਵਿਸ਼ਵ ਪੱਧਰੀ ਦਿਖਾਵਾ ਸਭ ਕੁਝ ਇਕੱਠੇ ਚਮਕ ਰਹੇ ਸਨ।
ਤੁਸੀਂ ਚਾਹੋ ਤਾਂ ਇਸਨੂੰ ਭਾਰਤੀ ਕਲਾ ਦੀ ਜਿੱਤ ਕਹਿ ਸਕਦੇ ਹੋ ਅਤੇ ਇਹ ਸੱਚ ਵੀ ਹੈ ਕਿ ਕੁੰਦਨ, ਪੋਲਕੀ, ਜ਼ਰੀ ਅਤੇ ਜ਼ਰਦੋਜ਼ੀ ਵਰਗੀਆਂ ਕਲਾਵਾਂ ਸਾਡੀ ਵਿਰਾਸਤ ਦਾ ਹਿੱਸਾ ਹਨ। ਇਨ੍ਹਾਂ ਵਿੱਚ ਸਦੀਆਂ ਦੀ ਮਿਹਨਤ, ਬੇਨਾਮ ਕਾਰੀਗਰਾਂ ਦਾ ਸਬਰ ਅਤੇ ਸੁੰਦਰਤਾ ਵੱਸਦੀ ਹੈ।
ਪਰ ਮੁੱਦਾ ਕਲਾ ਨਹੀਂ, ਸਗੋਂ ਵਿਲਾਸਤਾ ਦੇ ਦਿਖਾਵੇ ਦਾ ਹੈ।
ਜਿਸ ਦੇਸ਼ ਵਿੱਚ ਪ੍ਰਧਾਨ ਮੰਤਰੀ ਲੋਕਾਂ ਨੂੰ ਸੋਨਾ ਨਾ ਖ਼ਰੀਦਣ ਲਈ ਕਹਿ ਰਹੇ ਹੋਣ, ਉਸੇ ਵੇਲੇ ਕਿਸੇ ਅਰਬਪਤੀ ਪਰਿਵਾਰ ਦਾ ਵਿਸ਼ਵ ਮੰਚ ’ਤੇ ਸੋਨੇ-ਹੀਰਿਆਂ ਨਾਲ ਭਰਪੂਰ ਦਿਖਾਵਾ ਕਰਨਾ ਸਿਰਫ਼ ਫੈਸ਼ਨ ਦੀ ਖ਼ਬਰ ਨਹੀਂ ਰਹਿੰਦਾ। ਇਹ ਅਸਮਾਨਤਾ ਦੀ ਨੈਤਿਕ ਅਰਥਵਿਵਸਥਾ ਦਾ ਮਾਮਲਾ ਬਣ ਜਾਂਦਾ ਹੈ। ਇਹ ਸਵਾਲ ਆ ਖੜ੍ਹਦਾ ਹੈ ਕਿ ਤਿਆਗ ਦੀ ਨੈਤਿਕਤਾ ਕਿਸ ਲਈ ਹੈ ਅਤੇ ਦਿਖਾਵੇ ਦੀ ਆਜ਼ਾਦੀ ਕਿਸ ਲਈ?
ਪ੍ਰਤੀਕਾਤਮਿਕ ਹਿੰਸਾ
ਜੇ ਇਸਨੂੰ ਭਾਰਤੀ ਜੈਨ ਦਰਸ਼ਨ ਦੇ ਨਜ਼ਰੀਏ ਨਾਲ ਵੇਖੀਏ ਤਾਂ ਇਹ ਇੱਕ ਪ੍ਰਤੀਕਾਤਮਕ ਹਿੰਸਾ ਹੈ। ਐਸੀ ਹਿੰਸਾ ਜਿਸ ਵਿੱਚ ਕਿਸੇ ’ਤੇ ਲਾਠੀ ਨਹੀਂ ਚਲਦੀ, ਪਰ ਸਮਾਜ ਨੂੰ ਇਹ ਯਾਦ ਦਿਵਾਇਆ ਜਾਂਦਾ ਹੈ ਕਿ ਤੁਹਾਡਾ ਤਿਆਗ ਦੇਸ਼ਭਗਤੀ ਹੈ ਅਤੇ ਸਾਡਾ ਵਿਲਾਸਤਾ ਭਰਿਆ ਜੀਵਨ ਸੱਭਿਆਚਾਰਕ ਨੁਮਾਇੰਦਗੀ।
ਆਮ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਸੋਨਾ ਨਾ ਖ਼ਰੀਦੋ। ਅਮੀਰਾਂ ਨੂੰ ਕਿਹਾ ਜਾਂਦਾ ਹੈ ਕਿ ਸੋਨੇ ਨੂੰ ਕਲਾ ਬਣਾ ਦਿਓ। ਲੋਕਾਂ ਨੂੰ ਕਾਰ-ਪੂਲ ਕਰਨ ਲਈ ਕਿਹਾ ਜਾਂਦਾ ਹੈ, ਪਰ ਨਿੱਜੀ ਜਹਾਜ਼ਾਂ ਬਾਰੇ ਕੋਈ ਨੈਤਿਕ ਭਾਸ਼ਣ ਨਹੀਂ ਹੁੰਦਾ। ਲੋਕਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਜਾਂਦਾ ਹੈ, ਪਰ ਜਿਨ੍ਹਾਂ ਦੀ ਜ਼ਿੰਦਗੀ ਡਰਾਈਵਰਾਂ, ਘਰੇਲੂ ਕਰਮਚਾਰੀਆਂ ਅਤੇ ਇਵੈਂਟ ਸਟਾਫ਼ ਦੀ ਮਿਹਨਤ ’ਤੇ ਟਿਕੀ ਹੈ, ਉਨ੍ਹਾਂ ਤੋਂ ਕੋਈ ਤਿਆਗ ਨਹੀਂ ਮੰਗਿਆ ਜਾਂਦਾ।
ਦੇਸ਼ ਦੀ ਨੈਤਿਕਤਾ ਹੇਠਲੇ ਵਰਗ ਦੀਆਂ ਜੇਬਾਂ ਵਿੱਚ ਲੱਭੀ ਜਾਂਦੀ ਹੈ, ਉੱਪਰਲੇ ਝੂਮਰਾਂ ਵਿੱਚ ਨਹੀਂ।
ਇਹ ਉਹ ਹਾਲਤ ਹੈ, ਜਿਸਨੂੰ ਸਮਾਜ-ਸ਼ਾਸਤਰ ਵਿੱਚ ‘ਰਿਲੇਟਿਵ ਡਿਪ੍ਰਾਈਵੇਸ਼ਨ’ ਕਿਹਾ ਜਾਂਦਾ ਹੈ। ਇਸਦਾ ਅਰਥ ਹੈ ਕਿ ਲੋਕ ਉਸ ਵੇਲੇ ਵੱਧ ਅਸੰਤੁਸ਼ਟ ਹੁੰਦੇ ਹਨ, ਜਦੋਂ ਉਹ ਆਪਣੀ ਜ਼ਿੰਦਗੀ ਦੀ ਤੁਲਨਾ ਦੂਜਿਆਂ ਨਾਲ ਕਰਦੇ ਹਨ ਅਤੇ ਵੇਖਦੇ ਹਨ ਕਿ ਉਨ੍ਹਾਂ ਕੋਲ ਉਹ ਨਹੀਂ, ਜੋ ਹੋਣਾ ਚਾਹੀਦਾ ਸੀ।
ਗਰੀਬ ਆਦਮੀ ਸਿਰਫ਼ ਗਰੀਬੀ ਕਰਕੇ ਦੁਖੀ ਨਹੀਂ ਹੁੰਦਾ। ਉਹ ਉਸ ਵੇਲੇ ਹੋਰ ਵੱਧ ਟੁੱਟਦਾ ਹੈ, ਜਦੋਂ ਉਸਦੇ ਛੋਟੇ ਖ਼ਰਚੇ ਨੂੰ ਗਲਤ ਦੱਸਿਆ ਜਾਂਦਾ ਹੈ ਅਤੇ ਵੱਡੇ ਖ਼ਰਚੇ ਨੂੰ ਜਸ਼ਨ ਬਣਾ ਦਿੱਤਾ ਜਾਂਦਾ ਹੈ।
ਇੱਕ ਮੱਧਵਰਗ ਪਿਤਾ ਨੂੰ ਕਹਿਣਾ ਕਿ ਧੀ ਦੇ ਵਿਆਹ ਵਿੱਚ ਸੋਨਾ ਨਾ ਖ਼ਰੀਦੋ, ਜਦਕਿ ਕਰੋੜਾਂ ਦੇ ਹੀਰਿਆਂ ਨੂੰ ‘ਹੈਰੀਟੇਜ ਕਲਚਰ’ ਕਿਹਾ ਜਾਵੇ, ਇਹ ਨੈਤਿਕਤਾ ਦਾ ਦੋਹਰਾ ਮਾਪਦੰਡ ਹੈ। ਇਹ ਉਸ ਮਨੁੱਖ ਨੂੰ ਅੰਦਰੋਂ ਤੋੜਦਾ ਹੈ, ਜੋ ਪਹਿਲਾਂ ਹੀ ਫੀਸਾਂ, ਦਵਾਈਆਂ, ਕਿਰਾਏ ਅਤੇ ਰਾਸ਼ਨ ਵਿੱਚ ਫਸਿਆ ਹੋਇਆ ਹੈ।
ਆਰਥਿਕ ਰਾਸ਼ਟਰਵਾਦ ਹਮੇਸ਼ਾ ਹੇਠਾਂ ਤੋਂ ਹੀ ਕਿਉਂ ਸ਼ੁਰੂ ਹੁੰਦਾ ਹੈ?
ਅਸਲ ਸਵਾਲ ਇਹ ਹੈ ਕਿ ਕੀ ਆਰਥਿਕ ਰਾਸ਼ਟਰਵਾਦ ਦਾ ਭਾਰ ਹਮੇਸ਼ਾ ਆਮ ਲੋਕਾਂ ’ਤੇ ਹੀ ਪਾਇਆ ਜਾਵੇਗਾ? ਕੀ ਵਿਦੇਸ਼ੀ ਮੁਦਰਾ ਬਚਾਉਣ ਦੀ ਜ਼ਿੰਮੇਵਾਰੀ ਸਿਰਫ਼ ਵਿਆਹ ਦੇ ਕਰਜ਼ੇ ਹੇਠ ਦੱਬੇ ਪਰਿਵਾਰਾਂ, ਨੌਕਰੀਪੇਸ਼ਾ ਲੋਕਾਂ ਅਤੇ ਛੋਟੇ ਵਪਾਰੀਆਂ ਦੀ ਹੀ ਹੈ?
ਜੇ ਸੋਨੇ ਦੀ ਦਰਾਮਦ ਦੇਸ਼ ਲਈ ਬੋਝ ਹੈ ਤਾਂ ਵਿਦੇਸ਼ੀ ਵਿਲਾਸਤਾ ਭਰੀ ਜ਼ਿੰਦਗੀ ਵੀ ਤਾਂ ਡਾਲਰਾਂ ਦਾ ਨਿਕਾਸ ਹੈ। ਜੇ ਇੱਕ ਮੱਧਵਰਗ ਲੜਕੀ ਦੀਆਂ ਚੂੜੀਆਂ ਦੇਸ਼ ਦੇ ਹਿਤ ਵਿੱਚ ਰੋਕੀਆਂ ਜਾ ਸਕਦੀਆਂ ਹਨ, ਤਾਂ ਅਮੀਰਾਂ ਦੇ ਅਰਬਾਂ ਦੇ ਦਿਖਾਵੇ ’ਤੇ ਘੱਟੋ-ਘੱਟ ਨੈਤਿਕ ਸਵਾਲ ਤਾਂ ਉੱਠਣਾ ਹੀ ਚਾਹੀਦਾ ਹੈ।
ਇੱਥੇ ਮੁੱਦਾ ਕਿਸੇ ਨੂੰ ਰੋਕਣਾ ਨਹੀਂ। ਇੱਕ ਲੋਕਤੰਤਰਕ ਸਮਾਜ ਵਿੱਚ ਹਰ ਵਿਅਕਤੀ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦਾ ਹੱਕ ਹੈ। ਈਸ਼ਾ ਅੰਬਾਨੀ ਕੀ ਪਹਿਨਦੀ ਹੈ, ਇਹ ਉਸਦਾ ਨਿੱਜੀ ਹੱਕ ਹੈ; ਪਰ ਜਦੋਂ ਸਰਕਾਰ ਲੋਕਾਂ ਨੂੰ ਤਿਆਗ ਦੀ ਅਪੀਲ ਕਰਦੀ ਹੈ, ਤਾਂ ਉਸ ਅਪੀਲ ਦੀ ਨੈਤਿਕ ਭਰੋਸੇਯੋਗਤਾ ਵੀ ਹੋਣੀ ਚਾਹੀਦੀ ਹੈ ਅਤੇ ਭਰੋਸਾ ਉਸ ਵੇਲੇ ਬਣਦਾ ਹੈ, ਜਦੋਂ ਸੰਜਮ ਦਾ ਸੰਦੇਸ਼ ਉੱਪਰੋਂ ਹੇਠਾਂ ਆਵੇ, ਨਾ ਕਿ ਹੇਠਾਂ ਤੋਂ ਉੱਪਰ ਨਿਚੋੜਿਆ ਜਾਵੇ।
ਅਸਲੀ ਗਾਂਧੀਵਾਦੀ ਅਰਥਸ਼ਾਸਤਰ ਇਹ ਕਹਿੰਦਾ ਕਿ ਪਹਿਲਾਂ ਸੱਤਾ ਆਪਣੇ ਕਾਫ਼ਲੇ ਘਟਾਏ, ਮੰਤਰੀ ਆਪਣੇ ਸਮਾਗਮ ਸਾਦੇ ਕਰਨ, ਸਰਕਾਰੀ ਪ੍ਰਚਾਰ ’ਤੇ ਖ਼ਰਚ ਘਟੇ ਅਤੇ ਅਰਬਪਤੀ ਸੰਕਟ ਦੇ ਸਮੇਂ ਆਪਣੀ ਵਿਲਾਸਤਾ ਘਟਾਉਣ। ਫਿਰ ਲੋਕਾਂ ਨੂੰ ਕਿਹਾ ਜਾਵੇ ਕਿ ਆਓ, ਅਸੀਂ ਸਭ ਮਿਲ ਕੇ ਦੇਸ਼ ਲਈ ਤਿਆਗ ਕਰੀਏ।
ਨਹੀਂ ਤਾਂ ਇਹ ਸਿਰਫ਼ ਇਹੀ ਬਣ ਕੇ ਰਹਿ ਜਾਂਦਾ ਹੈ- ‘ਜਨਤਾ ਲਈ ਤਿਆਗ, ਤੇ ਅਮੀਰਾਂ ਲਈ ਦਿਖਾਵਾ।’
ਦੇਸ਼ ਵਿੱਚ ਅਸਮਾਨਤਾ
ਆਕਸਫੈਮ ਇੰਡੀਆ 2023 ਮੁਤਾਬਕ ਭਾਰਤ ਦੇ ਸਿਖਰਲੇ 1 ਫ਼ੀਸਦੀ ਲੋਕਾਂ ਕੋਲ ਦੇਸ਼ ਦੀ 40 ਫ਼ੀਸਦੀ ਤੋਂ ਵੱਧ ਦੌਲਤ ਸੀ, ਜਦਕਿ ਹੇਠਲੇ 50 ਫ਼ੀਸਦੀ ਲੋਕਾਂ ਕੋਲ ਸਿਰਫ਼ 3 ਫ਼ੀਸਦੀ ਦੌਲਤ ਸੀ।
ਐਸੇ ਸਮਾਜ ਵਿੱਚ ਜਦੋਂ ਤਿਆਗ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੀਦਾ ਹੈ ਕਿ ਤਿਆਗ ਕੌਣ ਕਰੇਗਾ? ਉਹ ਜੋ ਪਹਿਲਾਂ ਹੀ ਰਾਸ਼ਨ, ਕਿਰਾਏ, ਫੀਸਾਂ ਅਤੇ ਪੈਟਰੋਲ ਵਿੱਚ ਫਸਿਆ ਹੋਇਆ ਹੈ ਜਾਂ ਉਹ ਜੋ ਦੌਲਤ ਨੂੰ ਕੱਪੜਿਆਂ ਵਾਂਗ ਪਹਿਨ ਸਕਦਾ ਹੈ? ਇਹ ਸਵਾਲ ਈਰਖਾ ਦਾ ਨਹੀਂ, ਨਿਆਂ ਦਾ ਹੈ।
ਈਸ਼ਾ ਅੰਬਾਨੀ ਦੀ ਸਾੜੀ ਸਿਰਫ਼ ਇੱਕ ਫੈਸ਼ਨ ਇਵੈਂਟ ਦਾ ਕੱਪੜਾ ਨਹੀਂ; ਇਹ ਸਾਡੇ ਸਮੇਂ ਦਾ ਇੱਕ ਚਮਕਦਾ ਹੋਇਆ ਪ੍ਰਤੀਕ ਹੈ। ਉਸਦੇ ਸੋਨੇ ਦੇ ਧਾਗਿਆਂ ਵਿੱਚ ਇੱਕ ਰਾਜਨੀਤਿਕ ਸਵਾਲ ਬੁਣਿਆ ਹੋਇਆ ਹੈ। ਉਸਦੇ ਹੀਰਿਆਂ ਵਿੱਚ ਨਵੇਂ ਭਾਰਤ ਦਾ ਚਿਹਰਾ ਦਿਖਾਈ ਦਿੰਦਾ ਹੈ- ਇੱਕ ਐਸਾ ਭਾਰਤ ਜਿੱਥੇ ਆਮ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਖ਼ਰਚ ਘਟਾਓ ਅਤੇ ਅਮੀਰਾਂ ਨੂੰ ਕਿਹਾ ਜਾਂਦਾ ਹੈ ਕਿ ਆਪਣੀ ਵਿਲਾਸਤਾ ਨੂੰ ਹੋਰ ਚਮਕਦਾਰ ਬਣਾਓ।
ਇੱਕ ਐਸਾ ਭਾਰਤ ਜਿੱਥੇ ਆਮ ਕੁੜੀ ਦੀ ਚੂੜੀ ਅਰਥ-ਵਿਵਸਥਾ ਲਈ ਸਮੱਸਿਆ ਬਣ ਜਾਂਦੀ ਹੈ ਅਤੇ ਅਮੀਰਾਂ ਦਾ ਦਿਖਾਵਾ ਸੱਭਿਆਚਾਰਕ ਮਾਣ ਬਣ ਜਾਂਦਾ ਹੈ।
ਅਸਲ ਗੱਲ ਇਹ ਹੈ ਕਿ ਸੰਕਟ ਦੇ ਸਮੇਂ ਦੇਸ਼ਭਗਤੀ ਦੀ ਅਸਲੀ ਕਸੌਟੀ ਆਮ ਮਨੁੱਖ ਦੀ ਦਸ ਗ੍ਰਾਮ ਚੂੜੀ ਨਹੀਂ, ਸਗੋਂ ਅਮੀਰਾਂ ਦੇ ਹਜ਼ਾਰਾਂ ਕੈਰਟ ਵਾਲੇ ਦਿਖਾਵੇ ਹੋਣੇ ਚਾਹੀਦੇ ਹਨ। ਅਰਥ-ਸ਼ਾਸਤਰ ਦੱਸਦਾ ਹੈ ਕਿ ਸੋਨਾ ਵਿਦੇਸ਼ੀ ਮੁਦਰਾ ’ਤੇ ਬੋਝ ਹੈ, ਪਰ ਮਨੋਵਿਗਿਆਨ ਦੱਸਦਾ ਹੈ ਕਿ ਅਸਾਵਾਂ ਬੋਝ ਸਮਾਜ ਦੇ ਮਨ ’ਤੇ ਹੋਰ ਵੀ ਭਾਰੀ ਪੈਂਦਾ ਹੈ।
ਜਦੋਂ ਗਰੀਬ ਦੀ ਬਚਤ ਨੂੰ ਗਲਤੀ ਅਤੇ ਅਮੀਰ ਦੀ ਵਿਲਾਸਤਾ ਨੂੰ ਸੱਭਿਆਚਾਰ ਕਿਹਾ ਜਾਣ ਲੱਗ ਪਏ, ਤਾਂ ਨੀਤੀ ਨੈਤਿਕ ਨਹੀਂ ਰਹਿੰਦੀ, ਸਗੋਂ ਵਰਗਵਾਦੀ ਲੱਗਣ ਲੱਗਦੀ ਹੈ।
ਤਿਆਗ ਦੀ ਭਾਸ਼ਾ ਉਸ ਵੇਲੇ ਹੀ ਭਰੋਸੇਯੋਗ ਬਣਦੀ ਹੈ, ਜਦੋਂ ਉਹ ਸਭ ਤੋਂ ਪਹਿਲਾਂ ਉੱਚੇ ਦਰਵਾਜ਼ਿਆਂ ’ਤੇ ਦਸਤਕ ਦੇਵੇ। ਲੋਕਾਂ ਤੋਂ ਸੰਜਮ ਮੰਗਣ ਤੋਂ ਪਹਿਲਾਂ ਉਨ੍ਹਾਂ ਹੱਥਾਂ ਨੂੰ ਵੀ ਦੇਖਣਾ ਚਾਹੀਦਾ ਹੈ, ਜੋ ਵਿਲਾਸਤਾ ਨੂੰ ਕਲਾ, ਵਿਰਾਸਤ ਅਤੇ ਰਾਸ਼ਟਰੀ ਮਾਣ ਦਾ ਚਮਕਦਾ ਮੁਖੌਟਾ ਬਣਾ ਕੇ ਪਹਿਨਦੇ ਹਨ।

Leave a Reply

Your email address will not be published. Required fields are marked *