ਡਿਜ਼ੀਟਲ ਕਬਰਸਤਾਨ
ਨੀਰਜ ਲਾਕੜਾ
ਜ਼ਰਾ ਸੋਚੋ, ਅੱਜ ਤੋਂ ਕੁਝ ਦਹਾਕਿਆਂ ਬਾਅਦ ਜਦੋਂ ਅਸੀਂ ਇੰਟਰਨੈੱਟ ਦੀ ਦੁਨੀਆ ਵੱਲ ਦੇਖਾਂਗੇ, ਤਾਂ ਉੱਥੇ ਜਿਉਂਦੇ ਲੋਕਾਂ ਨਾਲੋਂ ਵੱਧ ਮਰੇ ਹੋਏ ਲੋਕਾਂ ਦੇ ਅਕਾਊਂਟ ਹੋਣਗੇ। ਇੱਕ ਤਰ੍ਹਾਂ ਦਾ ਪੂਰਾ ‘ਡਿਜ਼ੀਟਲ ਕਬਰਸਤਾਨ!’ ਅਰਬਾਂ ਪ੍ਰੋਫ਼ਾਈਲ ਅਜਿਹੇ ਲੋਕਾਂ ਦੀਆਂ ਹੋਣਗੀਆਂ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਇਹ ਇੱਕ ਅਜਿਹਾ ਵੱਡਾ ‘ਡਿਜ਼ੀਟਲ ਮਲਬਾ’ ਹੋਵੇਗਾ, ਜਿਸ ਬਾਰੇ ਅਸੀਂ ਕਦੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ।
ਇੱਕ ਅਧਿਐਨ ਮੁਤਾਬਕ ਸਾਲ 2100 ਤੱਕ ਸਿਰਫ਼ ਫੇਸਬੁੱਕ ‘ਤੇ ਹੀ ਕਰੀਬ 4.9 ਅਰਬ ਮਰੇ ਹੋਏ ਯੂਜ਼ਰਾਂ ਦੀਆਂ ਪ੍ਰੋਫ਼ਾਈਲਾਂ ਹੋਣਗੀਆਂ। ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਵਿਅਕਤੀ ਮਰ ਜਾਂਦਾ ਸੀ, ਤਾਂ ਉਸ ਦੀਆਂ ਯਾਦਾਂ ਬਹੁਤ ਸੀਮਤ ਹੁੰਦੀਆਂ ਸਨ- ਕੁਝ ਕੱਪੜੇ, ਕੁਝ ਚਿੱਠੀਆਂ, ਕੁਝ ਤਸਵੀਰਾਂ ਜਾਂ ਕੁਝ ਸਾਮਾਨ; ਪਰ ਅੱਜ ਇੱਕ ਇਨਸਾਨ ਦੀ ਇੱਕ ਦਿਨ ਦੀ ਡਿਜ਼ੀਟਲ ਜ਼ਿੰਦਗੀ ਹੀ ਉਸਦੀ ਪੂਰੀ ਪੁਰਾਣੀ ਭੌਤਿਕ ਜ਼ਿੰਦਗੀ ਨਾਲੋਂ ਵੱਧ ਡਾਟਾ ਬਣਾਉਂਦੀ ਹੈ।
ਸਟੈਟਿਸਟਾ ਅਤੇ ਆਈ.ਡੀ.ਸੀ. ਦੇ ਅੰਦਾਜ਼ਿਆਂ ਮੁਤਾਬਕ 2026 ਵਿੱਚ ਦੁਨੀਆ ਭਰ ਵਿੱਚ 221 ਜ਼ੈਟਾ ਬਾਈਟ ਡਾਟਾ ਬਣੇਗਾ। ਇਹ ਪਿਛਲੇ ਸਾਲ ਨਾਲੋਂ ਲਗਭਗ 22 ਫ਼ੀਸਦੀ ਵੱਧ ਹੈ। ਜੇ ਇਸਨੂੰ ਦਿਨਾਂ ਵਿੱਚ ਵੰਡਿਆ ਜਾਵੇ ਤਾਂ ਹਰ ਰੋਜ਼ ਲਗਭਗ 605 ਮਿਲੀਅਨ ਟੈਰਾਬਾਈਟ ਡਾਟਾ ਬਣ ਰਿਹਾ ਹੈ। ਇਸ ਵੱਡੇ ਡਿਜ਼ੀਟਲ ਡਾਟੇ ਅਤੇ ਉਸ ਨਾਲ ਜੁੜੇ ਕਾਨੂੰਨੀ ਸੰਕਟ ਨੂੰ ਸਮਝਣ ਲਈ ਭਾਰਤ ਦੀ ਇੱਕ ਹਾਲੀਆ ਘਟਨਾ ਬਹੁਤ ਮਹੱਤਵਪੂਰਨ ਹੈ।
ਹਾਲ ਹੀ ਵਿੱਚ ਗਾਂਧੀ ਨਗਰ ਦੀ ਇੱਕ ਸਿਵਲ ਕੋਰਟ ਨੇ ਡਿਜ਼ੀਟਲ ਵਿਰਾਸਤ ਬਾਰੇ ਇਤਿਹਾਸਕ ਫ਼ੈਸਲਾ ਸੁਣਾਇਆ। ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਉਸਦਾ ਪਰਿਵਾਰ ਉਸਦੇ ਲਾਕ ਹੋਏ ਆਈਫੋਨ ਅਤੇ ਆਈਕਲਾਉਡ ਅਕਾਊਂਟ ਦਾ ਐਕਸੈੱਸ ਚਾਹੁੰਦਾ ਸੀ, ਜਿਸ ਵਿੱਚ ਪਰਿਵਾਰਕ ਤਸਵੀਰਾਂ, ਦਸਤਾਵੇਜ਼ ਅਤੇ ਯਾਦਾਂ ਸਨ। ਐਪਲ ਕੰਪਨੀ ਨੇ ਆਪਣੀ ਪ੍ਰਾਈਵੇਸੀ ਪਾਲਿਸੀ ਦਾ ਹਵਾਲਾ ਦੇ ਕੇ ਡਾਟਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਅਦਾਲਤ ਨੇ ਹੁਕਮ ਦਿੱਤਾ ਕਿ ਮਰੇ ਹੋਏ ਵਿਅਕਤੀ ਦੇ ਕਾਨੂੰਨੀ ਵਾਰਿਸ ਨੂੰ ਡਾਟਾ ਹਾਸਲ ਕਰਨ ਵਿੱਚ ਪੂਰੀ ਤਕਨੀਕੀ ਮਦਦ ਦਿੱਤੀ ਜਾਵੇ। ਇਹ ਭਾਰਤ ਵਿੱਚ ਡਿਜ਼ੀਟਲ ਵਸੀਅਤ ਅਤੇ ਡਿਜ਼ੀਟਲ ਵਿਰਾਸਤ ਨਾਲ ਜੁੜਿਆ ਇਕ ਵੱਡਾ ਉਦਾਹਰਨ ਬਣ ਗਿਆ।
ਮਰਨ ਤੋਂ ਬਾਅਦ ਛੱਡਿਆ ਗਿਆ ਡਿਜ਼ੀਟਲ ਡਾਟਾ ਮੁੱਖ ਤੌਰ ‘ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ‘ਸਰਗਰਮ ਵਿਰਾਸਤ’ ਅਤੇ ਦੂਜਾ ‘ਗ਼ੈਰ ਸਰਗਰਮ ਡਾਟਾ’। ਸਰਗਰਮ ਵਿਰਾਸਤ ਉਹ ਡਾਟਾ ਹੈ ਜੋ ਅਸੀਂ ਜਾਣ-ਬੁੱਝ ਕੇ ਇੰਟਰਨੈੱਟ ‘ਤੇ ਪਾਉਂਦੇ ਹਾਂ-ਜਿਵੇਂ ਫੋਟੋਆਂ, ਪੋਸਟਾਂ, ਟਵੀਟ, ਈਮੇਲ, ਬਲੌਗ ਅਤੇ ਕੁਮੈਂਟ। ਇਹ ਉਹ ਚਿਹਰਾ ਹੈ, ਜੋ ਅਸੀਂ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਾਂ। ਪਰ ਇਸ ਤੋਂ ਕਿਤੇ ਵੱਡਾ ਹਿੱਸਾ ‘ਗ਼ੈਰ ਸਰਗਰਮ ਡਾਟਾ’ ਦਾ ਹੁੰਦਾ ਹੈ। ਜਦੋਂ ਅਸੀਂ ਇੰਟਰਨੈੱਟ ਵਰਤਦੇ ਹਾਂ ਤਾਂ ਕੁਕੀਜ਼ ਅਤੇ ਟ੍ਰੈਕਰ ਚੁੱਪਚਾਪ ਸਾਡੀ ਹਰ ਗਤੀਵਿਧੀ ਰਿਕਾਰਡ ਕਰਦੇ ਰਹਿੰਦੇ ਹਨ। ਉਹ ਸਿਰਫ਼ ਇਹ ਨਹੀਂ ਵੇਖਦੇ ਕਿ ਅਸੀਂ ਕੀ ਖਰੀਦਿਆ, ਸਗੋਂ ਇਹ ਵੀ ਦਰਜ ਕਰਦੇ ਹਨ ਕਿ ਅਸੀਂ ਕਿਸ ਤਸਵੀਰ ‘ਤੇ ਕਿੰਨਾ ਸਮਾਂ ਰੁਕੇ, ਕੀ ਲਿਖ ਕੇ ਮਿਟਾਇਆ, ਕਿੰਨੀ ਤੇਜ਼ੀ ਨਾਲ ਟਾਈਪ ਕੀਤਾ, ਰਾਤ ਦੇ ਦੋ ਵਜੇ ਅਸੀਂ ਕਿੱਥੇ ਸੀ ਅਤੇ ਸਾਡੀਆਂ ਬੈਂਕ ਲੈਣ-ਦੇਣ ਦੀਆਂ ਆਦਤਾਂ ਕੀ ਹਨ।
ਵੱਡੀਆਂ ਟੈਕ ਕੰਪਨੀਆਂ ਹੁਣ ਸਿਰਫ਼ ਤੁਹਾਡਾ ਨਾਮ ਜਾਂ ਈਮੇਲ ਨਹੀਂ ਚਾਹੁੰਦੀਆਂ। ਉਹ ਐਲਗੋਰਿਦਮ ਰਾਹੀਂ ਤੁਹਾਡੇ ਦਿਮਾਗ ਦਾ ਨਕਸ਼ਾ ਬਣਾਉਣਾ ਚਾਹੁੰਦੀਆਂ ਹਨ, ਤਾਂ ਜੋ ਤੁਹਾਡਾ ਵਿਹਾਰ ਸਮਝ ਕੇ ਤੁਹਾਨੂੰ ਨਿਸ਼ਾਨਾ ਬਣਾਇਆ ਜਾ ਸਕੇ। ਇਹ ਪੂਰੀ ਤਰ੍ਹਾਂ ਕਾਰੋਬਾਰੀ ਲਾਭ ਲਈ ਬਣਾਈ ਗਈ ਡਿਜ਼ੀਟਲ ਤਸਵੀਰ ਹੈ। ਇਹ ਸਾਡੀਆਂ ਆਦਤਾਂ ਦਾ ਖ਼ਾਕਾ ਤਾਂ ਹੈ, ਪਰ ਇਸ ਵਿੱਚ ਮਨੁੱਖੀ ਭਾਵਨਾਵਾਂ ਜਾਂ ਚੇਤਨਾ ਨਹੀਂ।
ਹੁਣ ਸਭ ਤੋਂ ਵੱਡਾ ਸਵਾਲ ਖੜ੍ਹਾ ਹੁੰਦਾ ਹੈ- ਮੌਤ ਤੋਂ ਬਾਅਦ ਇਸ ਡਾਟੇ ਦਾ ਮਾਲਕ ਕੌਣ ਹੋਵੇਗਾ? ਅਸਲ ਦੁਨੀਆ ਵਿੱਚ ਇਹ ਨਿਯਮ ਸਪਸ਼ਟ ਹਨ। ਜੇ ਕਿਸੇ ਕੋਲ ਜਾਇਦਾਦ ਜਾਂ ਹੋਰ ਸੰਪਤੀ ਹੈ ਤਾਂ ਉਹ ਵਸੀਅਤ ਜਾਂ ਕਾਨੂੰਨੀ ਵਾਰਿਸਾਂ ਰਾਹੀਂ ਅੱਗੇ ਚਲੀ ਜਾਂਦੀ ਹੈ; ਪਰ ਡਿਜ਼ੀਟਲ ਦੁਨੀਆ ਵਿੱਚ ਹਾਲੇ ਇਹ ਸਪਸ਼ਟ ਨਹੀਂ।
ਇਸਦਾ ਕਾਰਨ ਇਹ ਹੈ ਕਿ ਸਾਡੇ ਕਾਨੂੰਨ ਉਸ ਸਮੇਂ ਬਣੇ ਸਨ, ਜਦੋਂ ਡਿਜ਼ੀਟਲ ਸੰਪਤੀ ਦਾ ਕੋਈ ਅਸਤਿਤਵ ਨਹੀਂ ਸੀ। ਭਾਰਤ ਦਾ ਇੰਡਿਅਨ ਸਕਸੈਸ਼ਨ ਐਕਟ 1925 ਡਿਜ਼ੀਟਲ ਸੰਪਤੀ ਦਾ ਜ਼ਿਕਰ ਤੱਕ ਨਹੀਂ ਕਰਦਾ। ਇਸੇ ਤਰ੍ਹਾਂ ਆਈ.ਟੀ. ਐਕਟ 2000 ਡਿਜ਼ੀਟਲ ਰਿਕਾਰਡਾਂ ਨੂੰ ਕਾਨੂੰਨੀ ਮਾਨਤਾ ਤਾਂ ਦਿੰਦਾ ਹੈ, ਪਰ ਮੌਤ ਤੋਂ ਬਾਅਦ ਡਿਜ਼ੀਟਲ ਡਾਟੇ ਦੇ ਹੱਕ ਬਾਰੇ ਚੁੱਪ ਹੈ। ਇਸ ਕਾਨੂੰਨੀ ਖਾਲੀਪਣ ਦਾ ਫ਼ਾਇਦਾ ਵੱਡੀਆਂ ਟੈਕ ਕੰਪਨੀਆਂ ਲੈਂਦੀਆਂ ਹਨ। ਉਹ ਆਪਣੀਆਂ ਸ਼ਰਤਾਂ ਯੂਜ਼ਰਾਂ ‘ਤੇ ਲਾਗੂ ਕਰ ਦਿੰਦੀਆਂ ਹਨ।
ਹਾਲਾਂਕਿ ਡਿਜ਼ੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਕੁਝ ਉਮੀਦ ਦਿੰਦਾ ਹੈ। ਇਸ ਵਿੱਚ ‘ਨਾਮਜ਼ਦਗੀ’ ਦੀ ਵਿਵਸਥਾ ਹੈ। ਇਸਦਾ ਮਤਲਬ ਹੈ ਕਿ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਦੌਰਾਨ ਇਹ ਨਿਰਧਾਰਤ ਕਰ ਸਕਦਾ ਹੈ ਕਿ ਉਸਦੀ ਮੌਤ ਤੋਂ ਬਾਅਦ ਉਸਦਾ ਡਿਜ਼ੀਟਲ ਡਾਟਾ ਕੌਣ ਸੰਭਾਲੇਗਾ। ਜਦੋਂ ਅਸੀਂ ਕਿਸੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਅਕਾਊਂਟ ਬਣਾਉਂਦੇ ਹਾਂ, ਤਾਂ ਬਿਨਾਂ ਪੜ੍ਹੇ ‘ਆਈ ਐਗਰੀ’ ‘ਤੇ ਕਲਿੱਕ ਕਰ ਦਿੰਦੇ ਹਾਂ। ਪਰ ਕਾਨੂੰਨੀ ਤੌਰ ‘ਤੇ ਉਹ ਅਕਾਊਂਟ ਸਾਡੀ ਨਿੱਜੀ ਸੰਪਤੀ ਨਹੀਂ ਹੁੰਦਾ। ਸਾਨੂੰ ਸਿਰਫ਼ ਉਸ ਸੇਵਾ ਨੂੰ ਵਰਤਣ ਦਾ ਲਾਇਸੈਂਸ ਮਿਲਦਾ ਹੈ।
ਇਸ ਕਰਕੇ ਹੁਣ ‘ਡਿਜ਼ੀਟਲ ਵਸੀਅਤ’ ਦਾ ਵਿਚਾਰ ਤੇਜ਼ੀ ਨਾਲ ਮਹੱਤਵਪੂਰਨ ਬਣ ਰਿਹਾ ਹੈ। ਲੋਕ ਹੁਣ ਇਹ ਨਿਰਧਾਰਤ ਕਰਨ ਲੱਗੇ ਹਨ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਈਮੇਲ, ਸੋਸ਼ਲ ਮੀਡੀਆ ਅਕਾਊਂਟ ਅਤੇ ਵਿੱਤੀ ਡਾਟੇ ਦਾ ਕੀ ਕੀਤਾ ਜਾਵੇ।
‘ਕਲਾਉਡ’ ਸ਼ਬਦ ਸੁਣਨ ਵਿੱਚ ਭਾਵੇਂ ਹਲਕਾ ਲੱਗੇ, ਪਰ ਅਸਲ ਵਿੱਚ ਇਹ ਵੱਡੇ-ਵੱਡੇ ਡਾਟਾ ਸੈਂਟਰ ਹਨ, ਜੋ ਭਾਰੀ ਬਿਜਲੀ ਅਤੇ ਪਾਣੀ ਵਰਤਦੇ ਹਨ। ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਅਤੇ ਉਸਦੇ ਅਕਾਊਂਟ ਡਿਲੀਟ ਨਹੀਂ ਹੁੰਦੇ, ਤਾਂ ਉਸਦੇ ਪੁਰਾਣੇ ਈਮੇਲ, ਤਸਵੀਰਾਂ ਅਤੇ ਡਿਜ਼ੀਟਲ ਫਾਈਲਾਂ ਸਰਵਰਾਂ ‘ਤੇ ਜਗ੍ਹਾ ਘੇਰੀ ਰੱਖਦੀਆਂ ਹਨ। ਇਹ ਡਾਟਾ ਸੈਂਟਰ 24 ਘੰਟੇ ਚੱਲਦੇ ਹਨ। ਉਨ੍ਹਾਂ ਵਿੱਚ ਲੱਖਾਂ ਸਰਵਰ ਗਰਮੀ ਪੈਦਾ ਕਰਦੇ ਹਨ, ਜਿਨ੍ਹਾਂ ਨੂੰ ਠੰਢਾ ਰੱਖਣ ਲਈ ਬਹੁਤ ਵੱਡੀ ਮਾਤਰਾ ਵਿੱਚ ਪਾਣੀ ਦੀ ਲੋੜ ਪੈਂਦੀ ਹੈ। ਇੱਕ ਆਮ ਡਾਟਾ ਸੈਂਟਰ ਹਰ ਰੋਜ਼ ਲੱਖਾਂ ਗੈਲਨ ਪਾਣੀ ਵਰਤਦਾ ਹੈ। ਮਤਲਬ ਇੱਕ ਇਨਸਾਨ ਤਾਂ ਮਰ ਗਿਆ, ਪਰ ਉਸਦੇ ਪੁਰਾਣੇ ਈਮੇਲ ਅੱਜ ਵੀ ਧਰਤੀ ਦੇ ਸਰੋਤ ਖ਼ਰਚ ਕਰ ਰਹੇ ਹਨ। ਇਹੀ ਅਸਲ ‘ਡਿਜ਼ੀਟਲ ਕਚਰਾ’ ਹੈ।
ਨੇਚਰ ਮੈਗਜ਼ੀਨ ਅਤੇ ਬੀ.ਬੀ.ਸੀ. ਦੀਆਂ ਰਿਪੋਰਟਾਂ ਮੁਤਾਬਕ ਡਾਟਾ ਸੈਂਟਰਾਂ ਦਾ ਕਾਰਬਨ ਫੁੱਟਪ੍ਰਿੰਟ ਇੰਨਾ ਵੱਧ ਰਿਹਾ ਹੈ ਕਿ ਇਹ ਜਲਦੀ ਹੀ ਪੂਰੇ ਹਵਾਈ ਉਦਯੋਗ ਤੋਂ ਵੱਧ ਹੋ ਸਕਦਾ ਹੈ। ਅੱਜ ਇੱਕ ਆਮ ਸਮਾਰਟ ਫੋਨ ਵਿੱਚ 2500 ਤੋਂ 10 ਹਜ਼ਾਰ ਤੱਕ ਫੋਟੋਆਂ ਹੁੰਦੀਆਂ ਹਨ। ਅਸੀਂ ਹਰ ਛੋਟੀ-ਵੱਡੀ ਗੱਲ ਦੀ ਤਸਵੀਰ ਖਿੱਚ ਲੈਂਦੇ ਹਾਂ। ਨਤੀਜਾ ਇਹ ਹੋਇਆ ਕਿ ਯਾਦਾਂ ਦੀ ਅਸਲ ਕੀਮਤ ਘੱਟ ਹੋ ਗਈ ਹੈ। ਜਦੋਂ ਹਰ ਪਲ ਰਿਕਾਰਡ ਹੋਵੇ, ਤਾਂ ਕਿਸੇ ਇੱਕ ਖ਼ਾਸ ਪਲ ਦੀ ਮਹੱਤਤਾ ਆਪਣੇ ਆਪ ਘੱਟ ਹੋ ਜਾਂਦੀ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਡਿਜ਼ੀਟਲ ਦੁਨੀਆ ਨੂੰ ਅਸੀਂ ਸਦੀਵੀ ਸਮਝਦੇ ਹਾਂ, ਉਹ ਖ਼ੁਦ ਵੀ ਸਥਾਈ ਨਹੀਂ। ਕੰਪਨੀਆਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਦਿੰਦੀਆਂ ਕਿ ਉਹ ਸਾਡਾ ਡਾਟਾ ਹਮੇਸ਼ਾਂ ਲਈ ਸੰਭਾਲ ਕੇ ਰੱਖਣਗੀਆਂ। ਓਰਕੁਟ ਅਤੇ ਯਾਹੂ ਵਰਗੀਆਂ ਸੇਵਾਵਾਂ ਇਸਦਾ ਉਦਾਹਰਨ ਹਨ। ਜਦੋਂ ਇਹ ਬੰਦ ਹੋਈਆਂ ਤਾਂ ਕਰੋੜਾਂ ਲੋਕਾਂ ਦੀਆਂ ਯਾਦਾਂ ਹਮੇਸ਼ਾਂ ਲਈ ਖ਼ਤਮ ਹੋ ਗਈਆਂ। ਮਾਇਸਪੇਸ ਦਾ ਮਾਮਲਾ ਹੋਰ ਵੀ ਵੱਡਾ ਸੀ। ਇੱਕ ਤਕਨੀਕੀ ਗ਼ਲਤੀ ਕਾਰਨ 2003 ਤੋਂ 2015 ਤੱਕ ਦਾ ਲਗਭਗ 5 ਕਰੋੜ ਗੀਤਾਂ ਅਤੇ ਤਸਵੀਰਾਂ ਵਾਲਾ ਡਾਟਾ ਹਮੇਸ਼ਾਂ ਲਈ ਮਿਟ ਗਿਆ।
ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਡਿਜ਼ੀਟਲ ਯਾਦਾਂ ਦੀ ਇਹ ਤਿਜੋਰੀ ਅਸਲ ਵਿੱਚ ਕਿੰਨੀ ਕੱਚੀ ਹੈ। ਤਕਨੀਕੀ ਦੁਨੀਆ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ- ‘ਬਿਟ ਰੌਟ’। ਮਤਲਬ ਸਮੇਂ ਦੇ ਨਾਲ ਡਾਟਾ ਆਪਣੇ ਆਪ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।
ਡਿਜ਼ੀਟਲ ਮੀਡੀਆ ਦੀ ਔਸਤ ਉਮਰ ਸਿਰਫ਼ 10 ਤੋਂ 20 ਸਾਲ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਸਾਫਟਵੇਅਰ ਵੀ ਪੁਰਾਣੇ ਹੋ ਜਾਂਦੇ ਹਨ। ਅੱਜ ਕਈ ਪੁਰਾਣੇ ਫਾਈਲ ਫਾਰਮੈਟ ਆਧੁਨਿਕ ਕੰਪਿਊਟਰ ਖੋਲ੍ਹ ਹੀ ਨਹੀਂ ਸਕਦੇ। ਇਸ ਕਰਕੇ ਡਿਜ਼ੀਟਲ ਅਮਰਤਾ ਅਸਲ ਵਿੱਚ ਇਕ ਭਰਮ ਹੈ।
ਇਸ ਸਮੱਸਿਆ ਨਾਲ ਨਜਿੱਠਣ ਲਈ ਕੁਝ ਮਹੱਤਵਪੂਰਨ ਕਦਮ ਲਏ ਜਾ ਸਕਦੇ ਹਨ- ਆਪਣੇ ਗੂਗਲ, ਫੇਸਬੁੱਕ ਅਤੇ ਐਪਲ ਅਕਾਊਂਟਾਂ ਵਿੱਚ ‘ਲੇਗੇਸੀ ਕਾਂਟੈਕਟ’ ਜਾਂ ‘ਇਨਐਕਟਿਵਟੀ ਮੈਨੇਜਰ’ ਸੈੱਟ ਕਰੋ। ਆਪਣੇ ਸਾਰੇ ਡਿਜ਼ੀਟਲ ਅਕਾਊਂਟਾਂ ਦੀ ਲਿਸਟ ਬਣਾ?। ਭਰੋਸੇਯੋਗ ਪਾਸਵਰਡ ਮੈਨੇਜਰ ਵਰਤੋ। ਬੇਕਾਰ ਈਮੇਲ ਅਤੇ ਫਾਈਲਾਂ ਸਮੇਂ-ਸਮੇਂ ‘ਤੇ ਡਿਲੀਟ ਕਰਦੇ ਰਹੋ। ਆਪਣੀ ਲਿਖਤੀ ਵਸੀਅਤ ਵਿੱਚ ਇਹ ਵੀ ਲਿਖੋ ਕਿ ਤੁਹਾਡੇ ਡਿਜ਼ੀਟਲ ਡਾਟੇ ਦਾ ਹੱਕ ਕਿਸਨੂੰ ਮਿਲੇਗਾ।
ਅਖੀਰ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਡਿਜ਼ੀਟਲ ਅਸਤਿਤਵ ਸਾਡੀਆਂ ਯਾਦਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ, ਨਾ ਕਿ ਮਸ਼ੀਨਾਂ ਵਿੱਚ ਭਟਕਦਾ ਹੋਇਆ ਬੇਮਕਸਦ ਡਾਟਾ। ਡਿਜ਼ੀਟਲ ਦੁਨੀਆ ਵਿੱਚ ‘ਅਮਰਤਾ’ ਮੁਫ਼ਤ ਨਹੀਂ ਹੈ। ਇਸਨੂੰ ਜਿਉਂਦਾ ਰੱਖਣ ਲਈ ਧਰਤੀ ਦੇ ਅਸਲੀ ਸਰੋਤ ਲਗਾਤਾਰ ਖ਼ਰਚ ਹੋ ਰਹੇ ਹਨ। ਜਿਸ ਦਿਨ ਬਿਜਲੀ ਅਤੇ ਦੇਖਭਾਲ ਰੁਕ ਗਈ, ਸਾਡਾ ਪੂਰਾ ਡਿਜ਼ੀਟਲ ਸੱਭਿਆਚਾਰ ਵੀ ਹੌਲੀ-ਹੌਲੀ ਧੂੜ ਬਣ ਜਾਵੇਗਾ।
(*ਸੁਤੰਤਰ ਲੇਖਕ ਅਤੇ ਵਿਸ਼ਲੇਸ਼ਕ)
