ਸਿੱਖ ਆਗੂਆਂ ਵੱਲੋਂ ਬੇਅਦਬੀ ਦੇ ਮਸਲੇ `ਤੇ ਇਨਸਾਫ ਲੈਣ ਦਾ ਅਹਿਦ

ਸਿਆਸੀ ਹਲਚਲ ਖਬਰਾਂ

*2027 ਦੀਆਂ ਚੋਣਾਂ ਤੋਂ ਪਹਿਲਾਂ ਚਲਾਈ ਜਾਵੇਗੀ ਮੁਹਿੰਮ
*ਸਿੱਖ ਵੋਟਰਾਂ ਨੂੰ ਇਨਸਾਫਪਸੰਦ ਆਗੂਆਂ ਨੂੰ ਵੋਟ ਪਾਉਣ ਦੀ ਅਪੀਲ
ਜਸਵੀਰ ਸਿੰਘ ਸ਼ੀਰੀ
ਜੂਨ ਮਹੀਨੇ ਦਾ ਪਹਿਲਾ ਹਫਤਾ ਸਿੱਖ ਮਾਨਸਿਕਤਾ ਵਿੱਚ ਤੀਜੇ ਘੱਲੂਘਾਰੇ ਦੇ ਤੌਰ ‘ਤੇ ਚਿਰੋਕਾ ਦਰਜ ਹੋ ਚੁੱਕਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜ਼ਦੀਕ ਰਹੇ ਪੱਤਰਕਾਰ ਦਲਬੀਰ ਸਿੰਘ ਨੇ ਆਪਣੀ ਕਿਤਾਬ ‘ਅੱਖੀਂ ਡਿੱਠੇ ਸੰਤ ਭਿੰਡਰਾਂਵਾਲੇ’ ਵਿੱਚ ਲਿਖਿਆ ਹੈ ਕਿ ਸੰਤ ਕਿਹਾ ਕਰਦੇ ਸਨ, ਮੈਂ ਅਕਾਲੀਆਂ ਦੀਆਂ ਲੱਤਾਂ ਚੀਲ ਦੇ ਸ਼ਿਕੰਜੇ ਵਿੱਚ ਦੇ ਦਿੱਤੀਆਂ ਹਨ, ਜਿਸ ਤੋਂ ਇਹ ਕਦੀ ਖਹਿੜਾ ਨਹੀਂ ਛੁਡਾ ਸਕਣਗੇ।

ਉਨ੍ਹਾਂ ਦਾ ਮਤਲਬ ਕਹਿਣ ਦਾ ਇਹ ਸੀ ਕਿ ਉਹ ਅਕਾਲੀ ਲੀਡਰਾਂ ਨੂੰ ਉਨ੍ਹਾਂ ਦੇ ਆਪੇ ਮਿੱਥੇ ਨਿਸ਼ਾਨੇ ‘ਸ੍ਰੀ ਅਨੰਦਪੁਰ ਸਾਹਿਬ ਦੇ ਮਤੇ’ ਤੋਂ ਭੱਜਣ ਨਹੀਂ ਦੇਣਗੇ। ਪਰ ਬਲਿਊਸਟਾਰ ਅਪ੍ਰੇਸ਼ਨ ਤੋਂ ਬਾਅਦ ਆਉਣ ਵਾਲੀ ਸਿੱਖ ਲੀਡਰਾਂ ਦੀ ਪੀੜ੍ਹੀ ਦਾ ਵੀ ਚੀਲ ਦੇ ਸ਼ਿਕੰਜੇ ਨੇ ਖਹਿੜਾ ਨਹੀਂ ਛੱਡਿਆ। ਬਾਅਦ ਵਿੱਚ ਨਵੰਬਰ-84 ਵਿੱਚ ਵਾਪਰੇ ਦਿੱਲੀ ਦLੰਗਿਆਂ, ਸਿੱਖ ਨੌਜਵਾਨਾਂ ਦੇ ਹਿਰਾਸਤ ਵਿੱਚ ਕੀਤੇ ਗਏ ਕਤਲਾਂ ਅਤੇ ਵਾਰ-ਵਾਰ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਇਸ ਚੀਲ ਦੇ ਸ਼ਿਕੰਜੇ ਨੂੰ ਹੋਰ ਚੀੜਾ ਕਰ ਦਿੱਤਾ ਹੈ। ਇਸੇ ਲਈ ਸਮਕਾਲੀ ਦੌਰ ਵਿੱਚ ਸਿੱਖ ਲੀਡਰੀ ਦਾ ਤਾਜ ਪਹਿਨਣਾ ਸੌਖਾ ਨਹੀਂ ਰਿਹਾ। ਇਹ 1984 ਤੋਂ ਪਹਿਲਾਂ ਅਤੇ ਬਾਅਦ ਵਿੱਚ ਸਿੱਖ ਲੀਡਰਸ਼ਿਪ ਵੱਲੋਂ ਖੁਦ ਬੀਜੇ ਗਏ ਕੰਡਿਆਂ ਦਾ ਤਾਜ ਹੈ। ਇਹ ਇਸੇ ਦਾ ਸਿੱਟਾ ਹੈ ਕਿ ਸਿੱਖ ਰਾਜਨੀਤੀ ਦਾ ਮੈਦਾਨ ਲਗਪਗ ਖਾਲੀ ਪਿਆ ਹੈ, ਪਰ ਫਿਰ ਵੀ ਕੋਈ ਸਿਆਸੀ ਭਲਵਾਨ ਇਸ ਤਾਜ ਨੂੰ ਪਹਿਨਣ ਦਾ ਜ਼ੇਰਾ ਨਹੀਂ ਵਿਖਾ ਰਿਹਾ।
ਇਹ ਉਂਝ ਇਤਫਾਕ ਹੀ ਹੈ ਕਿ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵੀ 1 ਜੂਨ ਵਾਲੇ ਦਿਨ ਹੀ ਵਾਪਰੀ। ਪੰਜਾਬ ਵਿੱਚ ਮੌਜੂਦ ਕਥਿਤ ਅਕਾਲੀ ਸਰਕਾਰ ਦੇ ਅਧੀਨ ਇਹ ਘਟਨਾ ਵਾਪਰੀ ਅਤੇ ਇਸ ਤੋਂ ਬਾਅਦ ਕੋਟਕਪੂਰਾ ਵਿੱਚ ਰੋਸ ਪ੍ਰਗਟ ਕਰ ਰਹੇ ਦੋ ਸਿੰਘਾਂ ਨੂੰ ਪੁਲਿਸ ਨੇ ਸਿੱਧੀ ਗੋਲੀ ਚਲਾ ਕੇ ਮਾਰ ਦਿੱਤਾ।
ਇਸ ਵਾਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਪੰਜਾਬ ਦੇ ਸਿੱਖ ਆਗੂਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਲਾਨਾ ਬਰਸੀ ਮੌਕੇ ਇੱਕ ਇਕੱਤਰਤਾ ਕੀਤੀ ਗਈ। ਯਾਦ ਰਹੇ, ਇੱਥੇ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਕੇ ਪੰਥ ਦੋਖੀਆਂ ਵੱਲੋਂ ਗਲੀਆਂ ਵਿੱਚ ਖਿਲਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਸਿੱਖ ਸਮਾਜ ਵਿੱਚ ਰੋਸ ਦੀ ਲਹਿਰ ਫੈਲ ਗਈ ਸੀ ਅਤੇ ਅਕਾਲੀ ਸਰਕਾਰ ਵੇਲੇ ਦੀ ਪੁਲਿਸ ਨਾਲ ਟਕਰਾਅ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ, ਜਿਸ ਵਿੱਚ 2 ਸਿੰਘ ਸ਼ਹੀਦ ਹੋ ਗਏ ਸਨ। ਇੱਥੇ ਇੱਕ ਜੂਨ ਨੂੰ ਆਯੋਜਤ ਕੀਤੇ ਗਏ ਸਮਾਗਮ ਵਿੱਚ ਲੁਧਿਆਣਾ ਤੋਂ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ, ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਕੰਵਰ ਵਿਜੈ ਪ੍ਰਤਾਪ ਸਿੰਘ, ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਆਗੂ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਆਗੂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਮੌਕੇ ਹਾਜ਼ਰੀ ਲਵਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਬੀ ਤੋਂ ਬਾਅਦ ਕਪੂਰਥਲਾ ਅਤੇ ਬਹਿਬਲ ਕਲਾਂ ਵਿੱਚ ਵਾਪਰੀਆਂ ਦੁਖਦਾਈ ਘਟਨਾਵਾਂ ਨੂੰ ਯਾਦ ਕੀਤਾ, ਜਿਨ੍ਹਾਂ ਦੌਰਾਨ ਕੋਟਕਪੂਰਾ ਗੋਲੀਕਾਂਡ ਵਾਪਰਿਆ ਸੀ। ਇਸ ਤੋਂ ਬਾਅਦ ਕੋਟਕਪੂਰੇ ਵਿੱਚ ਦੋ ਸਿੰਘਾਂ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ।
ਸਿੱਖ ਆਗੂਆਂ ਨੇ ਇੱਥੇ ਬੋਲਦਿਆਂ ਕਿਹਾ ਕਿ 11 ਸਾਲ ਬਾਅਦ ਵੀ ਇਸ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਹਾਲੇ ਲੋਕ ਇਸ ਮਾਮਲੇ ਵਿੱਚ ਇਨਸਾਫ ਦੀ ਉਡੀਕ ਕਰ ਰਹੇ ਹਨ। ਸਿੱਖ ਆਗੂਆਂ ਨੇ ਨੋਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਵਾਪਰੀ ਬੇਅਦਬੀ ਦੀ ਘਟਨਾ ਨੇ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਨੂੰ ਡੂੰਘੀ ਤਰ੍ਹਾਂ ਪ੍ਰਭਾਵਤ ਕੀਤਾ ਹੈ। 2017 ਅਤੇ 2022 ਦੀਆਂ ਅਸੈਂਬਲੀ ਚੋਣਾਂ ਵਿੱਚ ਇਹ ਮਾਮਲਾ ਇੱਕ ਪ੍ਰਮੁੱਖ ਚੋਣ ਮੁੱਦਾ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਾਰੇ ਆਗੂਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਵੱਖ-ਵੱਖ ਸਰਕਾਰਾਂ ਵੱਲੋਂ ਸਿੱਖ ਕਾਰਕੁੰਨਾਂ ‘ਤੇ ਗੋਲੀ ਚਲਾਉਣ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਵਿੱਚ ਨਾਕਾਮ ਰਹੀਆਂ ਹਨ। ਆਗੂਆਂ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਣ ਵਾਲੀ ਸਾਰੀ ਸੰਗਤ ਨੂੰ ਏਕਾ ਕਰਕੇ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਿਆਪਕ ਸੰਘਰਸ਼ ਜਥੇਬੰਦ ਕਰਨਾ ਚਾਹੀਦਾ ਹੈ। ਸਿੱਖ ਆਗੂਆਂ ਨੇ ਕਿਹਾ ਕਿ ਇਹ ਮਸਲਾ ਸਿੱਖਾਂ ਦੀ ਯਾਦ ਵਿੱਚੋਂ ਗਾਇਬ ਨਹੀਂ ਹੋਣਾ ਚਾਹੀਦਾ ਅਤੇ ਉਦੋਂ ਤੱਕ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ, ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਦਿੱਤੀ ਜਾਂਦੀ।
ਇਕੱਤਰਤਾ ਵਿੱਚ ਬੋਲਦਿਆਂ ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਨ੍ਹਾਂ ਲੀਡਰਾਂ ਨੂੰ ਹੀ ਵੋਟ ਪਾਈ ਜਾਵੇ, ਜਿਹੜੇ ਬੇਅਦਬੀ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪ੍ਰਤੀਬੱਧ ਹੋਣਗੇ। ਆਗੂਆਂ ਨੇ ਕਿਹਾ ਕਿ ਬੇਅਦਬੀ ਦੀ ਘਟਨਾ ਦੀ ਭਵਿੱਖ ਵਿੱਚ ਜ਼ਿੰਮੇਵਾਰੀ ਤੈਅ ਕਰਨ ਦੀ ਦ੍ਰਿਸ਼ਟੀ ਤੋਂ 2027 ਦੀਆਂ ਚੋਣਾਂ ਮਹੱਤਵਪੂਰਨ ਹੋਣਗੀਆਂ। ਇਸ ਮੌਕੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਕੋਟਕਪੂਰਾ ਤੱਕ ਇੱਕ ਰੋਸ ਮਾਰਚ ਜਥੇਬੰਦ ਕੀਤਾ ਗਿਆ। ਇਸ ਮੌਕੇ ਇਹ ਮਤਾ ਪਕਾਇਆ ਗਿਆ ਕਿ ਪੰਜਾਬ ਪੱਧਰ ‘ਤੇ ਇਸ ਮਸਲੇ ਨੂੰ ਲੈ ਕੇ ਆਮ ਲੋਕਾਂ ਤੱਕ ਪਹੁੰਚ ਤੇਜ਼ ਕੀਤੀ ਜਾਵੇਗੀ ਅਤੇ ਬੇਅਦਬੀ ਅਤੇ ਕੋਟਕਪੂਰਾ ਕਾਂਡ ਦੇ ਦੋਸ਼ੀਆਂ ਲਈ ਸਜ਼ਾ ਦੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਬੋਲਦਿਆਂ ਲੁਧਿਆਣਾ ਤੋਂ ਐਮ.ਐਲ.ਏ. ਅਤੇ ਸਿੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਛਤਾਵਾ ਹਮੇਸ਼ਾ ਰਹੇਗਾ ਕਿ ਉਹ ਉਸ ਸਮੇਂ ਅਕਾਲੀ ਦਲ (ਬਾਦਲ) ਨਾਲ ਸੰਬੰਧਤ ਸਨ, ਜਦੋਂ ਇਹ ਬੇਅਦਬੀ ਅਤੇ ਕਤਲਾਂ ਦੀਆਂ ਘਟਨਾਵਾਂ ਵਾਪਰੀਆਂ, ਪਰ ਕਦੀ ਵੀ ਇਨਸਾਫ ਨਾ ਦਿੱਤਾ ਗਿਆ। ਸਾਬਕਾ ਆਈ.ਜੀ.ਪੀ. ਕੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਮੌਕੇ ਬੋਲਦਿਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਰਾਜਨੀਤਿਕ ਆਗੂਆਂ ਨੇ ਇਸ ਸੰਵੇਦਨਸ਼ੀਲ ਮੁੱਦੇ ਦੀ ਆਪਣੇ ਰਾਜਨੀਤਿਕ ਮਕਸਦਾਂ ਲਈ ਵਰਤੋਂ ਤਾਂ ਕੀਤੀ ਹੈ, ਪਰ ਪੀੜਤ ਧਿਰ ਨੂੰ ਇਨਸਾਫ ਦਿਵਾਉਣ ਦਾ ਕੋਈ ਯਤਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੀਡਰਾਂ ਨੇ ਇਨਸਾਫ ਦਿਵਾਉਣ ਦੇ ਵਾਅਦੇ ਕੀਤੇ ਅਤੇ ਪਵਿੱਤਰ ਬਾਣੀ ਦੀਆਂ ਕਸਮਾਂ ਖਾਧੀਆਂ ਉਨ੍ਹਾਂ ਨੂੰ ਅਖੀਰ ਲੋਕਾਂ ਨੇ ਰੱਦ ਕਰ ਦਿੱਤਾ ਹੈ। ਇਹ ਆਗੂ ਭਾਵੇਂ ਕਾਂਗਰਸ ਨਾਲ ਸੰਬੰਧਤ ਹੋਣ ਜਾਂ ‘ਆਪ’ ਅਤੇ ਅਕਾਲੀ ਦਲ ਨਾਲ। ਕੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਦੁਨਿਆਵੀ ਅਦਾਲਤਾਂ ਵਿੱਚ ਭਾਵੇਂ ਇਨਸਾਫ ਵਿੱਚ ਦੇਰੀ ਹੋ ਜਾਵੇ ਜਾਂ ਇਨਸਾਫ ਨਾ ਵੀ ਮਿਲੇ, ਪਰ ਪਰਮਾਤਮਾ ਦੀ ਅਦਾਲਤ ਵਿੱਚ ਇਸ ਦਾ ਇਨਸਾਫ ਜ਼ਰੂਰ ਮਿਲੇਗਾ। ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਵੱਲ ਇਸ਼ਾਰਾ ਕਰਦਿਆਂ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਰਾਜਨੀਤਿਕ ਪਤਨ ਗੁਰੂ ਪਾਤਸ਼ਾਹ ਦੀ ਬੇਅਦਬੀ ਦਾ ਸਿੱਟਾ ਹੈ।

Leave a Reply

Your email address will not be published. Required fields are marked *